Sunday, January 23, 2011

ਖਲੀ ਦੇ ਆਉਣ ਦੀ ਪੁਲਸ ਨੂੰ ਕੋਈ ਅਗਾਊਂ ਜਾਣਕਾਰੀ ਨਹੀਂ ਸੀ

21 ਜਨਵਰੀ ਦੀ ਰਾਤ ਨੂੰ ਜਦੋਂ ਅਚਾਨਕ ਹੀ ਗ੍ਰੇਟ ਖਲੀ ਦੇ ਲੁਧਿਆਣਾ ਵਿੱਚ ਹੋਣ ਦਾ ਪਤਾ ਲੱਗਿਆ ਤਾਂ ਉਸਦੇ ਚਾਹਵਾਨਾਂ ਦੀ ਭੀੜ ਉਸਦੀ ਇੱਕ ਝਲਕ ਦੇਖਣ ਲਈ ਉਤਾਵਲੀ ਹੋ ਗਈ. ਗ੍ਰੇਟ ਖਲੀ ਆਪਣੇ ਨਿਜੀ ਦੌਰੇ ਦੌਰਾਨ ਆਇਆ ਸੀ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸਤਪਾਲ ਗੁਸਾਈਂ ਦੇ ਘਰ. ਜਦੋਂ ਖਲੀ ਦੀ ਵਾਪਿਸੀ ਹੋਣ ਲੱਗੀ ਤਾਂ ਉਸ ਵੇਲੇ ਤੱਕ ਭੀੜ ਵਧ ਚੁੱਕੀ ਸੀ. ਉਸ ਮਾਹੌਲ ਵਿੱਚ ਚਲੀ ਗੋਲੀ ਦੀ ਘਟਨਾ ਬਾਰੇ ਡੀ ਸੀ ਪੀ ਸੁਰਿੰਦਰ ਸਿੰਘ ਹੇਅਰ ਦੀ ਪ੍ਰੈਸ ਕਾਨਫਰੰਸ ਵਿੱਚ ਵੀ ਚਰਚਾ ਹੋਈ. ਖਲੀ ਦੀ ਆਮਦ ਵੇਲੇ ਚੱਲੀ ਗੋਲੀ ਵਾਲੀ ਘਟਨਾ ਬਾਰੇ ਡੀ.ਸੀ.ਪੀ. ਸੁਰਿੰਦਰ ਸਿੰਘ ਹੇਅਰ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ  ਕਿਹਾ ਕਿ ਵਿਸ਼ਵ ਪ੍ਰਸਿੱਧ ਹਸਤੀ ਦੀ ਗ੍ਰੇਟ ਖਲੀ ਦੇ ਆਉਣ ਦੀ ਪੁਲਸ ਨੂੰ ਕੋਈ ਅਗਾਊਂ ਜਾਣਕਾਰੀ ਨਹੀਂ ਸੀ ਦਿੱਤੀ ਗਈ।  
ਦੂਜੇ ਪਾਸੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸਤਪਾਲ ਗੁਸਾਈਂ ਨੇ ਸਪੱਸ਼ਟ ਕੀਤਾ ਕਿ ਖਲੀ ਦਾ ਉਨ੍ਹਾਂ ਦੇ ਘਰ ‘ਤੇ ਕੋਈ ਨਿੱਜੀ ਦੌਰਾ ਸੀ, ਨਾ ਕਿ ਪਬਲਿਕ ਸ਼ੋਅ। ਉਥੇ ਘਟਨਾ ਉਨ੍ਹਾਂ ਦੇ ਘਰ ਨਹੀਂ, ਗਲੀ ਦੇ ਬਾਹਰ ਹੋਈ ਸੀ। ਰਹੀ ਗੱਲ ਪੁਲਸ ਨੂੰ ਉਨ੍ਹਾਂ ਦੇ ਆਉਣ ਦੀ ਇਤਲਾਹ ਦੇਣ ਦੀ ਤਾਂ ਤਾਂ ਪ੍ਰਸ਼ਾਸਨ ਨੇ ਉਨ੍ਹਾਂ ਦੀ ਸੁਰੱਖਿਆ ‘ਤੇ ਦਰਜਨ ਦੇ ਕਰੀਬ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਹੋਏ ਹਨ। ਕੀ ਉਨ੍ਹਾਂ ਦਾ ਫਰਜ਼ ਨਹੀਂ ਸੀ ਬਣਦਾ ਕਿ ਲੋਕਾਂ ਦੀ ਭਾਰੀ ਭੀੜ ਦੇ ਇਕੱਠ ਹੋਣ ਸਬੰਧੀ ਤੁਰੰਤ ਜਾਣਕਾਰੀ ਕੰਟਰੋਲ ਰੂਮ ਨੂੰ ਦੇਣ। ਓਧਰ ਸ਼੍ਰੀ ਹੇਅਰ ਨੇ ਪੂਰੇ ਮਾਮਲੇ ਦੀ ਇਨਕੁਆਰੀ ਏ.ਡੀ.ਸੀ.ਪੀ. ਹਰਸ਼ ਬਾਂਸਲ ਨੂੰ ਕਰਨ ਦੇ ਹੁਕਮ ਦਿੱਤੇ ਹਨ ਜਦੋਂਕਿ ਡਵੀਜ਼ਨ ਨੰ. 2 ਦੀ ਪੁਲਸ ਨੇ ਦੇਰ ਰਾਤ ਖਲੀ ਦੇ ਗਾਰਡਾਂ ਦੇ ਖਿਲਾਫ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ।   ਉਧਰ ਫਾਇਰ ਲੱਗਣ ਦੇ ਨਾਲ ਜ਼ਖਮੀ ਹੋਏ ਗੁਰਪ੍ਰੀਤ ਸਿੰਘ ਸ਼ੰਟੀ ਤੇ ਅਸ਼ੋਕ ਕੁਮਾਰ ਦੇ ਦੋਸਤ ਗੌਰਵਜੀਤ ਸਿੰਘ ਨੇ ਪੁਲਸ ਦੇ ਕੋਲ ਲਿਖਵਾਈ ਆਪਣੀ ਸ਼ਿਕਾਇਤ ‘ਚ ਦੋਸ਼ ਲਗਾਇਆ ਕਿ ਖਲੀ ਦੇ ਪ੍ਰਸ਼ੰਸਕਾਂ ਨੂੰ ਹਟਾਉਣ ਦੇ ਲਈ ਉਸਦੇ ਗਾਰਡਾਂ ਨੇ ਸਿੱਧੇ ਫਾਇਰ ਕੀਤੇ, ਜਿਸਦੇ ਕਾਰਨ ਉਸਦੇ ਦੋਸਤ ਜ਼ਖਮੀ ਹੋ ਗਏ। ਉਸਦਾ ਦੋਸ਼ ਸੀ ਕਿ ਪਹਿਲਾਂ ਤਾਂ ਪੁਲਸ ਸਿਆਸੀ ਦਬਾਅ ਵਿਚ ਮਾਮਲਾ ਦਰਜ ਕਰਨ ਵਿਚ ਹੀ ਆਨਾਕਾਨੀ ਕਰਦੀ ਰਹੀ। ਬਾਅਦ ਵਿਚ ਮਾਮਲਾ ਤਾਂ ਦਰਜ ਕਰ ਲਿਆ ਪਰ ਖਲੀ ਦੇ ਗਾਰਡਾਂ ਦੇ ਨਾਂ ਦਰਜ ਨਹੀਂ ਕੀਤੇ। ਓਧਰ ਭਾਜਪਾ ਨੇਤਾ ਰਮੇਸ਼ ਬੰਗੜ ਨੇ ਸਪੱਸ਼ਟ ਕੀਤਾ ਕਿ ਗੋਲੀ ਲੱਗਣ ਨਾਲ ਜ਼ਖਮੀ ਹੋਇਆ ਸ਼ੰਟੀ ਡਵੀਜ਼ਨ ਨੰ. 6 ਦੀ ਪੁਲਸ ਨੂੰ ਇਕ ਮਾਮਲੇ ਵਿਚ ਲੋੜੀਂਦਾ ਹੈ। ਉਨ੍ਹਾਂ ਦਾ ਦੋਸ਼ ਸੀ ਕਿ ਇਨ੍ਹਾਂ ਕੁਝ ਲੋਕਾਂ ਨੇ ਗਲੀ ਦੇ ਬਾਹਰ ਖਲੀ ਦੀ ਗੱਡੀ ਨੂੰ ਘੇਰ ਕੇ ਗਲਤ ਵਿਵਹਾਰ ਸ਼ੁਰੂ ਕਰ ਦਿੱਤਾ, ਜਿਸ ‘ਤੇ ਮਜਬੂਰਨ ਉਨ੍ਹਾਂ ਦੇ ਸਕਿਓਰਿਟੀ ਗਾਰਡਾਂ ਨੂੰ ਫਾਇਰ ਕਰਨਾ ਪਿਆ। ਉਧਰ ਪੁਲਸ ਨੇ ਉਨ੍ਹਾਂ ਸ਼ਰਾਰਤੀ ਅਨਸਰਾਂ ਦੀ ਵੀ ਪਹਿਚਾਣ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੇ ਖਲੀ ਦੇ ਨਾਲ ਕਥਿਤ ਤੌਰ ‘ਤੇ ਗਲਤ ਵਿਵਹਾਰ ਕੀਤਾ ਅਤੇ ਉਸਦੀ ਗੱਡੀ ਨੂੰ ਨੁਕਸਾਨ ਪਹੁੰਚਾਇਆ ਸੀ। ਜੇ ਤੁਹਾਡੇ ਕੋਲ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਸਦੀ ਸੂਚਨਾ ਪੁਲਿਸ ਨੂੰ ਵੀ ਜ਼ਰੂਰ ਦਿਓ.--ਰੈਕਟਰ ਕਥੂਰੀਆ 

No comments: