Showing posts with label PPP. Show all posts
Showing posts with label PPP. Show all posts

Wednesday, March 12, 2014

PPP ਅਤੇ ਕਾਂਗਰਸ ਗਠਜੋੜ: "ਮੈਂ ਜ਼ੁਲਮ ਨਾਲ ਟੱਕਰ ਲੈਣ ਜਾ ਰਿਹਾਂ...."

ਪਤਾ ਨਹੀਂ ਜਿਊਂਦਾ ਪਰਤ ਸਕਾਂਗਾ ਜਾਂ ਨਹੀਂ-ਮਨਪ੍ਰੀਤ ਬਾਦਲ
ਚੰਡੀਗੜ੍ਹ: 11 ਮਾਰਚ 2014: (ਪੰਜਾਬ ਸਕਰੀਨ ਬਿਊਰੋ):
ਚਿਰਾਂ ਤੋਂ ਲੱਗ ਰਹੀਆਂ ਕਿਆਸਰਾਈਆਂ ਸਚ੍ਚ ਸਾਬਿਤ ਹੋਈਆਂ। ਪੀਪੀਪੀ ਅਤੇ ਕਾਂਗਰਸ ਦਰਮਿਆਨ ਗਠਜੋੜ ਹੋ ਹੀ ਗਿਆ। ਇਸ ਬਾਰੇ ਟਿੱਪਣੀ ਕਰਦਿਆਂ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਨਾਲ ਉਨ੍ਹਾਂ ਦੀ ਪਾਰਟੀ ਦਾ ਗਠਜੋੜ ਪੰਜਾਬ ਨੂੰ ਬਾਦਲ ਸਰਕਾਰ ਦੇ ਜ਼ੁਲਮਾਂ ਅਤੇ ਮਾਫੀਆ ਰਾਜ ਤੋਂ ਮੁਕਤ ਕਰਵਾਉਣ ਲਈ ਬਹੁਤ ਹੀ ਜ਼ਰੂਰੀ ਹੋ ਗਿਆ ਸੀ। ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਉਹਨਾਂ ਕਿਹਾ ਕਿ ਉਨ੍ਹਾਂ ਮੀਰ ਨਿਆਜ਼ੀ ਦੀ ਸ਼ਾਇਰੀ ਰਾਹੀਂ ਇਹ ਜਤਾਉਣ ਦੀ ਕਾਮਯਾਬ ਕੋਸ਼ਿਸ਼ ਵੀ ਕੀਤੀ ਕਿ ਕਾਂਗਰਸ ਨਾਲ ਪੀ.ਪੀ.ਪੀ. ਦਾ ਗਠਜੋੜ ਅਸਲ ਵਿੱਚ ਬਹੁਤ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ। ਕਾਬਿਲੇ ਜ਼ਿਕਰ ਹੈ ਕਿ ਇਸ ਗਠਜੋੜ ਦੀ ਚਰਚਾ ਵਿਧਾਨ ਸਭਾ ਚੋਣਾਂ ਦੌਰਾਨ ਵੀ ਚੱਲੀ ਸੀ ਪਰ ਸਿਰੇ ਨਹੀਂ ਸੀ ਚੜ੍ਹੀ। 
ਹੁਣ ਇਸ ਇਤਿਹਾਸਿਕ ਗਠਜੋੜ ਦੇ ਐਲਾਨ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨਾਲ ਸਾਂਝੇ ਤੌਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਮਨਪ੍ਰੀਤ ਬਾਦਲ ਨੇ ਬਹੁਤ ਸਾਰੇ ਹੋਰ ਮੁੱਦਿਆਂ ਬਾਰੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੀ ਬਾਦਲ ਸਰਕਾਰ ਨੇ ਸੂਬੇ ਦਾ ਨੱਕ ਮਿੱਟੀ ਵਿਚ ਮਿਲਾ ਕੇ ਰੱਖ ਦਿੱਤਾ ਹੈ। ਉਹਨਾਂ ਇਸ ਗੱਲ ਤੇ ਜੋਰ ਦਿੱਤਾ ਕਿ ਇਸ ਸੂਬੇ ਨੂੰ ਖੁਸ਼ਹਾਲੀ ਦੇ ਰਸਤੇ 'ਤੇ ਮੁੜ ਤੋਰਨ ਲਈ ਸਾਰੀਆਂ ਗੈਰ-ਫਿਰਕੂ ਸ਼ਕਤੀਆਂ ਦਾ ਇਕ ਹੋਣਾ ਅੱਜ ਦੇ ਸਮੇਂ ਦੀ ਲੋੜ ਹੈ। ਇਹੀ ਕਾਰਨ ਹੈ ਕਿ ਸੂਬੇ ਵਿਚ ਸੀ.ਪੀ.ਆਈ.  ਨਾਲ ਚੋਣ ਗਠਜੋੜ ਨੂੰ ਅੰਤਿਮ ਰੂਪ ਦੇਣ ਲਈ ਉਸ ਪਾਰਟੀ ਦੀ ਸੈਂਟਰਲ ਲੀਡਰਸ਼ਿਪ ਦੇ ਫੈਸਲੇ ਦਾ ਅਜੇ 2 ਦਿਨ ਹੋਰ ਇੰਤਜ਼ਾਰ ਕੀਤਾ ਜਾਵੇਗਾ। ਉਹਨਾਂ ਉਮੀਦ ਪ੍ਰਗਟ ਕੀਤੀ ਕਿ ਸਾਰੇ ਸੈਕੁਲਰ ਸੋਚ ਵਾਲੇ ਲੋਕ ਇੱਕ ਜੁੱਟ ਹੋ ਜਾਣਗੇ। 
ਇਸ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਮੀਡੀਆ ਦੇ ਸਾਰੇ ਸੁਆਲਾਂ ਦੇ ਜੁਆਬ ਦਿੱਤੇ। ਆਮ ਆਦਮੀ ਪਾਰਟੀ (ਆਪ) ਨਾਲ ਚੋਣ ਗਠਜੋੜ ਸਿਰੇ ਨਾ ਚੜ੍ਹਨ ਦੇ ਕਾਰਨਾਂ ਬਾਰੇ ਮਨਪ੍ਰੀਤ ਨੇ ਕਿਹਾ ਕਿ 'ਆਪ' ਦੇ ਨੇਤਾ ਯੋਗੇਂਦਰ ਯਾਦਵ ਤੇ ਸੰਜੇ ਸਿੰਘ ਨੇ ਪਾਰਟੀ ਦੇ 'ਆਪ' ਵਿਚ ਮਰਜ ਹੋਣ ਦੀ ਸ਼ਰਤ ਰੱਖਦਿਆਂ ਉਨ੍ਹਾਂ ਨੂੰ ਪੰਜਾਬ ਦੀ ਕਮਾਨ ਸੌਂਪਣ ਦੀ ਪੇਸ਼ਕਸ਼ ਕੀਤੀ ਸੀ ਕਿਉਂਕਿ ਉਨ੍ਹਾਂ ਦੀ ਪਾਰਟੀ ਦੇ ਸੰਵਿਧਾਨ ਵਿਚ ਚੋਣ ਤੋਂ ਪਹਿਲਾਂ ਗਠਜੋੜ ਦੀ ਕੋਈ ਵਿਵਸਥਾ ਨਹੀਂ ਹੈ। ਮਨਪ੍ਰੀਤ ਨੇ ਕਿਹਾ ਕਿ ਪੀ.ਪੀ.ਪੀ. ਦੀ ਸੈਂਟਰਲ ਕਮੇਟੀ ਨੂੰ ਇਹ ਪ੍ਰਸਤਾਵ ਮਨਜ਼ੂਰ ਨਹੀਂ ਸੀ, ਜਿਸ ਕਾਰਨ ਇਹ ਗਠਜੋੜ ਸਿਰੇ ਨਹੀਂ ਚੜ੍ਹ ਸਕਿਆ। ਹਾਲਾਂਕਿ ਮਨਪ੍ਰੀਤ ਬਾਦਲ ਨੇ ਇਸ ਮੌਕੇ ਤੇ 'ਆਪ' ਅਤੇ  ਪੀ.ਪੀ.ਪੀ. ਦੀਆਂ ਨੀਤੀਆਂ ਅਤੇ ਉਦੇਸ਼ ਵਿਚ ਸਮਾਨਤਾ ਦੀ ਗੱਲ ਤਾਂ ਇੱਕ ਵਾਰ ਫੇਰ ਕਹੀ ਪਰ ਨਾਲ ਹੀ ਕਿਹਾ ਕਿ ਸੂਬੇ ਵਿਚ ਨਸ਼ਾਖੋਰੀ, ਲੰਗੜੀ ਹੋ ਚੁੱਕੀ ਸਿੱਖਿਆ ਪ੍ਰਣਾਲੀ ਅਤੇ ਵਿੱਤੀ ਸਥਿਤੀ ਵਿਚ ਸੁਧਾਰ ਲਈ 'ਆਪ' ਨੇ ਅਜੇ ਤਕ ਕੋਈ ਰੋਡ-ਮੈਪ ਤਿਆਰ ਨਹੀਂ ਕੀਤਾ ਹੈ। ਇਸ ਮੁੱਦੇ ਤੇ ਅਜੇ ਕਾਫੀ ਕੁਝ ਕੀਤਾ ਜਾਣਾ ਜਰੂਰੀ ਹੈ। 
ਕਾਬਿਲੇ ਜ਼ਿਕਰ ਹੈ ਕਿ ਪੀ.ਪੀ.ਪੀ. ਕੱਲ ਤਕ ਜਿਸ ਕਾਂਗਰਸ ਪਾਰਟੀ ਦਾ ਵਿਰੋਧ ਕਰ ਰਹੀ ਸੀ, ਉਸੇ ਨਾਲ ਗਠਜੋੜ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਮਨਪ੍ਰੀਤ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਇਸ ਦੇਸ਼ ਨੂੰ ਮਹਾਤਮਾ ਗਾਂਧੀ ਜਿਹੇ ਮਹਾਨ ਨੇਤਾ ਦਿੱਤੇ ਹਨ। ਹਰੀ ਕ੍ਰਾਂਤੀ, ਭਾਖੜਾ ਬੰਨ੍ਹ ਅਤੇ ਚੰਡੀਗੜ੍ਹ ਜਿਹੇ ਸੁੰਦਰ ਸ਼ਹਿਰ ਦੀ ਸਥਾਪਨਾ ਵੀ ਕਾਂਗਰਸ ਦੀ ਹੀ ਦੇਣ ਹੈ। ਉਹਨਾਂ ਸਪਸ਼ਟ ਕੀਤਾ ਕਿ ਕਾਂਗਰਸ ਦੀ ਦੇਣ ਨੂੰ ਨਕਾਰਿਆ ਨਹੀਂ ਜਾ ਸਕਦਾ। 
ਆਪਣੇ ਅਤੇ ਪੀ.ਪੀ.ਪੀ. ਦੇ ਅਸੂਲਾਂ ਨਾਲ ਸਮਝੌਤਾ ਨਾ ਕਰਨ ਦਾ ਦਾਅਵਾ ਕਰਦਿਆਂ ਮਨਪ੍ਰੀਤ ਨੇ ਐਲਾਨ ਕੀਤਾ ਕਿ ਚੋਣਾਂ ਤੋਂ ਬਾਅਦ ਪਾਰਟੀ ਯੂ.ਪੀ.ਏ. ਗਠਜੋੜ ਦਾ ਹਿੱਸਾ ਹੋਵੇਗੀ। ਬਠਿੰਡਾ ਤੋਂ ਉਮੀਦਵਾਰੀ 'ਤੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਉਹ ਜ਼ੁਲਮ-ਸਿਤਮ ਕਰਨ 'ਤੇ ਉਤਾਰੂ ਬਾਦਲ ਨਾਲ ਟੱਕਰ ਲੈਣ ਜਾ ਰਹੇ ਹਨ। ਉਨ੍ਹਾਂ ਨੂੰ ਨਹੀਂ ਪਤਾ ਕਿ ਇਸ ਟੱਕਰ ਵਿਚ ਉਹ ਜਿਊਂਦੇ ਵਾਪਸ ਆਉਣਗੇ ਜਾਂ ਨਹੀਂ ਪਰ ਸੂਬੇ ਦੀ ਖੁਸ਼ਹਾਲੀ ਲਈ ਇਹ ਜ਼ਰੂਰੀ ਹੈ। ਕਾਂਗਰਸ ਦੀ ਗੁੱਟਬਾਜ਼ੀ ਕਾਰਨ ਚੋਣਾਂ 'ਤੇ ਪੈਣ ਵਾਲੇ ਅਸਰ ਦੇ ਸਬੰਧ ਵਿਚ ਮਨਪ੍ਰੀਤ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾ ਸਿਰਫ਼ ਉਨ੍ਹਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ ਹੈ, ਸਗੋਂ ਇਹ ਵੀ ਭਰੋਸਾ ਦਿਵਾਇਆ ਹੈ ਕਿ ਚੋਣ ਪ੍ਰਚਾਰ ਲਈ ਜਿੰਨੇ ਦਿਨ ਵੀ ਉਨ੍ਹਾਂ ਨੂੰ ਉਨ੍ਹਾਂ ਦੀ ਲੋੜ ਪਵੇਗੀ, ਉਹ ਬਠਿੰਡਾ ਚੋਣ ਖੇਤਰ ਵਿਚ ਪ੍ਰਚਾਰ ਕਰਨਗੇ।

Thursday, October 10, 2013

ਰੈਗੁਲੇਰਾਈਜ਼ੇਸ਼ਨ ਫ਼ੀਸ ਅਤੇ ਪ੍ਰਾਪਰਟੀ ਟੈਕਸ ਦੇ ਵਿਰੁੱਧ ਲੋਕ ਰੋਹ ਗਰਮਾਇਆ

Thu, Oct 10, 2013 at 3:34 PM
ਸੀਪੀਆਈ, ਸੀਪੀਐਮ ਤੇ ਪੀਪੀਪੀ ਦੇ ਸਾਂਝੇ ਮੋਰਚੇ ਵਲੋਂ ਵਿਸ਼ਾਲ ਧਰਨਾ
ਟੈਕਸਾਂ ਨੂੰ ਵਾਪਸ ਕਰਵਾਉਣ ਤੱਕ ਜਾਰੀ ਰਹੇਗਾ ਸੰਘਰਸ਼
*ਕਾਫ਼ੀ ਲੰਮੇਂ ਸਮੇਂ ਤੋਂ ਆਮ ਲੋਕਾਂ ਦੇ ਲਈ ਕੋਈ ਰਿਹਾਇਸ਼ੀ ਸਕੀਮਾਂ ਨਹੀਂ ਬਣਾਈਆਂ 
*ਸਰਕਾਰ ਆਪਣੀਆਂ ਗਲਤੀਆਂ ਛੁਪਾਉਣ ਦੇ ਲਈ ਇਹ ਟੈਕਸ ਲਗਾ ਰਹੀ ਹੈ 
*ਗਲਾਡਾ ਵੀ ਲੋਕਾਂ ਦੀ ਸੇਵਾ ਕਰਨ ਦੀ ਥਾਂ ਪਲਾਟਾਂ ਦੀ ਬੋਲੀ ਲਾਉਂਦੀ ਹੈ
*ਮਹਿੰਗੇ ਭਾਅਵਾਂ ਕਰਕੇ ਪਲਾਟ ਮਕਾਨ ਆਮ ਆਦਮੀ ਦੀ ਪਹੁੰਚ ਤੋਂ ਬਾਹਰ
*ਸਰਕਾਰੀ ਖਜਾਨੇ ਭਰਨ ਦੀ ਥਾਂ ਆਪਣੀਆਂ ਅਤੇ ਆਪਣੇ ਰਿਸ਼ਤੇਦਾਰਾਂ ਦੀਆਂ ਜੇਬਾਂ ਭਰਨ ਤੇ ਜੋਰ
ਲੁਧਿਆਣਾ 10 ਅਕਤੂਬਰ 2013: (ਰੈਕਟਰ ਕਥੂਰੀਆ//ਪੰਜਾਬ ਸਕਰੀਨ): ਅੱਜ ਸੀ ਪੀ ਆਈ, ਸੀ ਪੀ ਆਈ (ਐਮ) ਤੇ ਪੀ ਪੀ ਪੀ ਨੇ ਸਾਂਝੇ ਤੌਰ ਤੇ ਪੰਜਾਬ ਸਰਕਾਰ ਵਲੋਂ ਅਣਅਧਿਕਾਰਿਤ ਕਲੋਨੀਆਂ ਤੇ ਟੈਕਸ ਅਤੇ ਪ੍ਰਾਪਰਟੀ ਟੈਕਸ ਦੇ ਨਾਮ ਤੇ ਆਮ ਲੋਕਾਂ ਤੇ ਭਾਰੀ ਆਰਥਿਕ ਬੋਝ ਪਾਓਣ ਦੇ ਵਿਰੋਧ ਵਿੱਚ  ਮਿੰਨੀ ਸਕੱਤਰੇਤ ਵਿਖੇ ਇੱਕ ਵਿਸ਼ਾਲ ਧਰਨਾ ਆਯੋਜਿਤ ਕੀਤਾ। 

ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ  ਕਿ ਸਰਕਾਰਾਂ ਨੇ ਪਿਛਲੇ ਕਾਫ਼ੀ ਲੰਮੇਂ ਸਮੇਂ ਤੋਂ ਆਮ ਲੋਕਾਂ ਦੇ ਲਈ ਕੋਈ ਰਿਹਾਇਸ਼ੀ ਸਕੀਮਾਂ ਨਹੀਂ ਬਣਾਈਆਂ ਜਿਸਦੇ ਕਾਰਨ ਇਸ ਕਿਸਮ ਦੀਆਂ ਅਣਅਧਿਕਾਰਿਤ ਕਲੋਨੀਆਂ ਵਿਕਸਿਤ ਹੋਈਆਂ ਤੇ ਲੋਕਾਂ ਨੂੰ ਮਹਿੰਗੇ ਭਾਅਵਾਂ ਤੇ ਜਗਾਂ ਖਰੀਦਣੀਆਂ ਪਈਆਂ। ਹੁਣ ਸਰਕਾਰ ਆਪਣੀਆਂ ਗਲਤੀਆਂ ਛੁਪਾਉਣ ਦੇ ਲਈ ਇਹ ਟੈਕਸ ਲਗਾ ਰਹੀ ਹੈ ਜਿਸਦਾ ਫ਼ੈਸਲੇ ਮੁਤਾਬਿਕ ਡੱਟ ਕੇ ਵਿਰੋਧ ਕੀਤਾ ਜਾਏਗਾ। ਇਥੋਂ ਤੱਕ ਕਿ ਗਲਾਡਾ ਵੀ ਲੋਕਾਂ ਦੀ ਸੇਵਾ ਕਰਨ ਦੀ ਥਾਂ ਪਲਾਟਾਂ ਦੀ ਬੋਲੀ ਲਾਉਂਦੀ ਹੈ ਅਤੇ ਇਸ ਤਰ੍ਹਾਂ ਮਹਿੰਗੇ ਭਾਅਵਾਂ ਕਰਕੇ ਪਲਾਟਾਂ ਮਕਾਨਾਂ ਨੂੰ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ। ਸਰਕਾਰ ਨੇ ਆਰਥਿਕ ਤੌਰ ਤੇ ਗਰੀਬ ਲੋਕਾਂ ਲਈ ਕੁੱਝ ਨਹੀਂ ਕੀਤਾ ਸਗੋਂ ਸਰਕਾਰੀ ਖਜਾਨੇ ਭਰਨ ਦੀ ਥਾਂ ਆਪਣੀਆਂ ਅਤੇ ਆਪਣੇ ਰਿਸ਼ਤੇਦਾਰਾਂ ਦੀਆਂ ਜੇਬਾਂ ਭਰਨ ਤੇ ਲੱਗੇ ਹਏ ਹਨ। ਰੋਡਵੇਜ਼ ਇਸ ਦੀ ਜਿਉਂਦੀ ਜਾਗਦੀ ਮਿਸਾਲ ਹੈ। ਮੁੱਖ ਮੰਤਰੀ ਅਤੇ ਉਸਦੇ ਪਰਵਾਰਿਕ ਮੈਬਰਾਂ ਦੀਆਂ ਬੱਸਾਂ ਦਾ ਕਾਫ਼ਲਾ ਦਿਨ ਬ ਦਿਨ ਵਧ ਰਿਹਾ ਹੈ ਜਦੋਂ ਕਿ ਰੋਡਵੇਜ਼ ਨੂੰ ਘਾਟੇ ਵੱਲ ਧੱਕਿਆ ਜਾ ਰਿਹਾ ਹੈ। ਰੈਗੁਲੇਰਾਈਜ਼ੇਸ਼ਨ ਦੇ ਨਾਮ ਦੇ ਥੱਲੇ ਨਵੇਂ ਮਕਾਨਾਂ ਤੇ ਬਿਜਲੀ ਦੇ ਮੀਟਰ ਨਹੀਂ ਲਗਾਏ ਜਾ ਰਹੇ। ਤੇ ਹੁਣ 1995 ਤੋਂ ਪਹਿਲਾਂ ਦੀਆਂ ਕਲੋਨੀਆਂ ਬਾਰੇ ਬਿਆਨ ਦੇ ਕੇ ਸਰਕਾਰ ਦੀ ਧੋਖਾਧੜੀ ਦੀ ਨੀਤੀ ਸ੍ਹਾਮਣੇ ਆ ਗਈ ਹੈ। ਬੁਲਾਰਿਆਂ ਨੇ ਕਿਹਾ ਕਿ ਟੈਕਸਾਂ ਨੂੰ ਵਾਪਸ ਕਰਵਾਉਣ ਤੱਕ ਸੰਘਰਸ਼  ਜਾਰੀ ਰਹੇਗਾ।

ਇਸ ਮੌਕੇ ਤੇ ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਲ ਸਨ ਕਾ: ਕਰਤਾਰ ਸਿੰਘ ਬੁਆਣੀ ਜ਼ਿਲ੍ਹਾ ਸਕੱਤਰ ਸੀ ਪੀ ਆਈ, ਕਾ: ਸੁਖਵਿੰਦਰ ਸੇਖੋਂ - ਸੂਬਾ ਕਮੇਟੀ ਮੈਂਬਰ ਸੀ ਪੀ ਆਈ ਐਮ, ਕਾ ਅਮਰਜੀਤ ਮੱਟੂ-ਜ਼ਿਲ੍ਹਾ ਸਕੱਤਰ ਸੀ ਪੀ ਆਈ ਐਮ, ਡਾ: ਅਰੁਣ ਮਿੱਤਰਾ, ਸ਼੍ਰੀ ਰਾਜੇਸ਼ ਗਾਂਧੀ ਅਤੇ ਸ: ਜਸਕੀਰਤ ਸਿੰਘ ਸਰਗੋਧਾ - ਪੀ ਪੀ ਪੀ ਵਲੋਂ, ਕਾ ਡੀ ਪੀ ਮੌੜ, ਕਾ: ਓ ਪੀ ਮਹਿਤਾ, ਕਾ: ਜਤਿੰਦਰ, ਕਾ: ਜਗਦੀਸ਼, ਕਾ: ਰਮੇਸ਼ ਰਤਨ, ਕਾ: ਵਿਜੈ ਕੁਮਾਰ, ਕਾ: ਮਨਜੀਤ ਸਿੰਘ ਬੂਟਾ,
ਕਾ: ਗੁਰਨਾਮ ਗਿੱਲ,  ਕਾ: ਗੁਰਨਾਮ ਸਿੱਧੂ, ਕਾ: ਰਘਬੀਰ ਸਿੰਘ, ਕਾ ਦੇਵ ਰਾਜ, ਕਾ ਸੁਰਿੰਦਰ, ਕਾ ਰਾਮ ਸਿੰਘ, ਕਾ ਰਣਧੀਰ ਸਿੰਘ

Friday, September 14, 2012

ਪੀਪੀਪੀ ਦੇ ਈ-ਅਖਬਾਰ ਜਾਰੀ-ਅਮਨਪ੍ਰੀਤ ਛੀਨਾ

ਸਮਾਗਮ 'ਚ ਮੁੱਖ ਮਹਿਮਾਨ ਬਾਬਾ ਫੋਜਾ ਸਿੰਘ ਦਾ ਨਿੱਘਾ ਸਵਾਗਤ
ਸਿਆਸੀ ਮੈਰਾਥਨ ਪੀਪੀਪੀ ਅਸੂਲਾਂ ਤੇ ਜਿੱਤੇਗੀ-ਛੀਨਾ 
ਲੰਡਨ 13 ਸਤੰਬਰ 2012:ਮੁੱਖ ਮਹਿਮਾਨ ਬਾਬਾ ਫੋਜਾ ਸਿੰਘ ਦਾ ਪੀਪੀਪੀ ਐਨ.ਆਰ.ਆਈ. ਵਿੰਗ ਦੇ ਈ-ਅਖਬਾਰ ਜ਼ਾਰੀ ਕਰਨ ਸਮੇਂ ਪੀ ਪੀ ਪੀ (ਇੰਗਲੈਂਡ) ਨੇ ਨਿਘਾ ਸਵਾਗਤ ਕੀਤਾ | ਬਾਬਾ ਫੋਜਾ ਸਿੰਘ ਨੇ ਇਸ ਮੋਕੇ ਤੇ ਬੋਲਦਿਆਂ ਕਿਹਾ ਕਿ ਅੱਜ ਸਮੁਚੇ ਭਾਰਤ ਦੀ ਰਾਜਨੀਤੀ ਭ੍ਰਿਸਟ ਨੇਤਾਵਾਂ ਕਾਰਨ ਗੰਦਲੀ ਹੋ ਚੁੱਕੀ ਹੈ ਅਤੇ ਸਤਾ ਤੇ ਕਾਬਜ ਲੋਕ ਨੋਟਾਂ ਦੇ ਮਹਿਲ ਉਸਾਰਨ ‘ਚ ਲਗੇ ਹਨ ਅਤੇ ਇਸ ਤੋਂ ਉਲਟ ਆਮ ਆਦਮੀ ਰੋਟੀ ਕੱਪਡ਼ੇ ਅਤੇ ਮਕਾਨ ਦੀ ਲਡ਼ਾਈ ‘ਚ ਅਪਣਾ ਜੀਵਨ ਬਰਬਾਦ ਕਰ ਲੈਂਦਾ ਹੈ | ਉਹਨਾ ਕਿਹਾ ਕਿ ਮੈ ਕਿਸੇ ਪਾਰਟੀ ਦੇ ਹੱਕ ਜਾਂ ਵਿਰੋਧ ‘ਚ ਨਹੀ ਪਰ ਦੇਸ਼-ਵਿਦੇਸ਼ ‘ਚ ਵਸੇ ਪੰਜਾਬੀਆਂ ਨੂੰ ਅਪੀਲ ਕਰਦਾਂ ਹਾਂ ਕਿ ਉਹ ਇਸ ਨਾਜੁਕ ਘਡ਼ੀ ਵਿਚ ਸਾਫ਼-ਸੁਥਰੇ ਅਕਸ਼ ਵਾਲੇ ਇਮਾਨਦਾਰ ਸਿਆਸੀ ਲੋਕਾਂ ਦਾ ਸਾਥ ਦੇਣ ਤਾਂ ਜੋ ਸੂਬੇ ਵਿਚੋਂ ਰਿਸ਼ਵਤਖੋਰੀ, ਬੇਰੁਜ਼ਗਾਰੀ, ਨਸ਼ਾਖੋਰੀ ਅਤੇ ਅਨਪਡ਼ਤਾ ਆਦਿ ਦਾ ਖਾਤਮਾ ਕਰ ਕੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ | 
ਅਮਨਪ੍ਰੀਤ ਸਿੰਘ ਛੀਨਾ, ਪ੍ਰਧਾਨ, ਪੀਪੀਪੀ (ਐਨ.ਆਰ.ਆਈ. ਵਿੰਗ) ਬਾਬਾ ਫੋਜਾ ਸਿੰਘ ਜੀ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਵਾਇਆ ਕਿ ਪਾਰਟੀ ਦਾ ਹਰ ਵਰਕਰ ਪੰਜਾਬ ਦੀ ਸਿਆਸੀ ਮੈਰਾਥਨ ਦੋਡ਼ ਨੂੰ ਅਸੂਲਾਂ ਤੇ ਜਿਤਣ ਲਈ ਦਿਨ ਰਾਤ ਇਕ ਕਰ ਪੰਜਾਬ ਨੂੰ ਫਿਰ ਤੋਂ ਹਿੰਦੁਸਤਾਨ ‘ਚ ਨੰਬਰ ਇਕ ਸੂਬਾ ਬਣਾਉਣ ਲਈ ਹਰ ਸੰਭਵ ਕੋਸ਼ਿਸ ਕਰੇਗਾ ਤਾਂ ਜੋ ਪੰਜਾਬ ਦੇ ਪੰਜਾਬੀ ਨੂੰ ਆਪਣਾ ਪਰਿਵਾਰ ਪਾਲਨ ਖਾਤਿਰ ਦਿਹਾਡ਼ੀਆਂ ਕਰਨ ਦੂਸਰੇ ਸੂਬਿਆਂ ਜਾਂ ਵਿਦੇਸ਼ਾਂ ‘ਚ ਨਾ ਜਾਣਾ ਪਵੇ | ਉਹਨਾ ਦਸਿਆ ਕਿ ਪੀਪੀਪੀ ਦੇਸ਼-ਵਿਦੇਸ਼ ‘ਚ ਵਸੇ ਪੰਜਾਬੀਆਂ ਨੂੰ ਈ-ਮੇਲ ਰਾਹੀਂ ਅਪਣਾ ਈ-ਅਖਬਾਰ ਮੁਫਤ ਭੇਜੇਗੀ ਤਾਂ ਜੋ ਦੁਨੀਆਂ ਭਰ ‘ਚ ਪੀਪੀਪੀ ਦੇ ਸਮਰਥਕ ਪਾਰਟੀ ਦੀਆਂ ਗਤੀਵਿਧੀਆਂ ਤੋਂ ਜਾਣੁ ਰਹਿ ਸਕਣ|

ਸ. ਛੀਨਾ ਨੇ ਪਾਰਟੀ ਨੂੰ ਮਜਬੂਤ ਕਰਨ ਲਈ ਸ. ਦਿਲਬਾਗ ਸਿੰਘ ਚਾਹਲ ਨੂੰ ਇੰਗਲੈਂਡ ਦੀ ਕੇਂਦਰੀ ਕਮੇਟੀ ਦਾ ਜੁਆਇੰਟ ਸਕੱਤਰ ਘੋਸ਼ਿਤ ਕਿਤਾ ਅਤੇ ਦਸਿਆ ਕਿ ਪੀਪੀਪੀ 30 ਸਤੰਬਰ 2012 ਨੂੰ ਸ. ਭਗਤ ਸਿੰਘ ਜੀ ਦੇ 106 ਸਾਲਾ ਜਨਮ-ਦਿਨ ਤੇ ਸਕਲਤਵਾਲਾ ਹਾਲ, ਸਾਮਣੇ ਦੋਮਿਨਿਅਨ ਕਾਰ ਪਾਰਕ, ਸਾਉਥ-ਹਾਲ, ਲੰਡਨ ਵਿੱਖੇ ਸਮੂਹ ਪਾਰਟੀ ਮੈਂਬਰਾਂ ਦਾ ਇਜਲਾਸ ਕਰਕੇ ਮਨਾਵੇਗੀ| ਇਸ ਮੋਕੇ ਤੇ ਪੀਪੀਪੀ ਦੀ ਈਸਟ ਲੰਡਨ ਸ਼ਾਖਾ ਤੋਂ ਅਮਰੀਕ ਸਿੰਘ ਗਿੱਲ ਪ੍ਰਧਾਨ, ਪ੍ਰੀਤਮ ਸਿੰਘ ਸੀ. ਮੀਤ ਪ੍ਰਧਾਨ, ਬਲਵੀਰ ਸਿੰਘ ਮਾਹਲ ਅਤੇ ਟੁਟ ਸਾਹਿਬ  ਮੀਤ ਪ੍ਰਧਾਨ, ਤਰਲੋਚਨ ਸਿੰਘ ਜੌਹਲ ਜਨਰਲ ਸਕੱਤਰ, ਪਰਮਜੀਤ ਰਤਨਪਾਲ ਆਫਿਸ ਸੈਕਟਰੀ, ਜਗਦੇਵ ਸਿੰਘ ਪੁਰੇਵਾਲ ਅਤੇ ਅਮਰੀਕ ਸਿੰਘ ਬੋਪਾਰਾਏ ਜੁਆਇੰਟ ਸਕੱਤਰ, ਮਹਿੰਦਰ ਸਿੰਘ ਸੰਘਾ ਅਤੇ ਰਸਬੀਰ ਸਿੰਘ ਬਡ਼ਿੰਗ ਖਜਾਨਚੀ ਅਤੇ ਕਰਨਵੀਰ ਸਿੰਘ ਬੈਣੀਵਾਲ ਨੌਜਵਾਨ ਆਗੂ ਆਦਿ ਹਾਜਰ ਸਨ । 

Monday, August 13, 2012

ਪੀਪੀਪੀ ਨੇ ਕੀਤੀ ਸਿੱਖ ਜਾਣਕਾਰੀ ਨੂੰ ਅਮਰੀਕੀ ਸਿਲੇਬਸ 'ਚ ਸ਼ਾਮਿਲ ਕਰਨ ਦੀ ਮੰਗ

ਪੀਪੀਪੀ ਦੇ ਐਨ.ਆਰ.ਆਈ.ਵਿੰਗ ਨੇ ਕੀਤੀ ਰਾਸ਼ਟਰਪਤੀ ਓਬਾਮਾ ਤੋਂ ਮੰਗ   
ਲੰਡਨ : ਅਮਰੀਕਾ ਵਿੱਖੇ ਗੁਰਦੁਵਾਰਾ ਮਿਲਵਾਕੀ ‘ਚ ਬੀਤੇ ਦਿਨ ਵਾਪਰੇ  ਗੋਲੀ-ਕਾਂਡ ਦੀ ਦੁਰਘਟਨਾ ਤੇ ਪੀਪਲਜ਼ ਪਾਰਟੀ ਆਫ਼ ਪੰਜਾਬ ਪੀਡ਼ਤਾਂ ਦੇ ਪਰਿਵਾਰਾਂ ਅਤੇ ਸਾਰੇ ਸਿੱਖ ਭਾਈਚਾਰੇ ਨਾਲ ਗਹਿਰਾ ਦੁੱਖ ਪ੍ਰਗਟ ਕਰਦੀ ਹੈ | ਅਮਨਪ੍ਰੀਤ ਸਿੰਘ ਛੀਨਾ, ਪ੍ਰਧਾਨ ਐਨ.ਆਰ.ਆਈ. ਵਿੰਗ (ਪੀਪੀਪੀ) ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਤੋਂ ਮੰਗ ਕੀਤੀ ਕਿ ਅਮਰੀਕਾ ਆਪਣੇ ਸਾਰੇ ਸਕੂਲਾਂ ‘ਚ ਸਿੱਖ ਧਰਮ ਦੇ ਇਤਿਹਾਸ ਅਤੇ ਸਿੱਖ ਦੀ ਪਹਿਚਾਣ ਤੇ ਲਾਜਮੀ ਵਿਸ਼ਾ ਲਾਗੂ ਕਰੇ ਤਾਂ ਜੋ ਇਸ ਤਰਾਂ ਦੀ ਮੰਦਭਾਗੀ ਦੁਰਘਟਨਾ ਫਿਰ ਤੋਂ ਨਾ ਵਾਪਰੇ |
ਪੀਪੀਪੀ ਨੇ ਸ਼੍ਰੋਮਣੀ ਗੁਰਦੁਵਾਰਾ ਪ੍ਬੰਧਕ ਕਮੇਟੀ ਤੋਂ ਵੀ ਮੰਗ ਕਰਦੀ ਹੈ ਕਿ ਉਹ ‘ਸਿੱਖ ਧਰਮ ਦੇ ਇਤਿਹਾਸ ਅਤੇ ਸਿੱਖ ਦੀ ਪਹਿਚਾਣ’ ਦੇ ਵਿਸ਼ੇ ਤੇ ਵਿਦੇਸ਼ਾਂ ਦੇ ਸਕੂਲਾਂ ਦੇ ਬੱਚਿਆਂ ਲਈ ਅੰਤਰਰਾਸ਼ਟਰੀ ਪੱਧਰ ਦੀ ਕਿਤਾਬ ਛਪਾਵੇ ਅਤੇ ਇਸ ਕਿਤਾਬ ਨੂੰ ਦੁਨੀਆਂ ਭਰ ਦੇ ਸਾਰੇ ਸਕੂਲਾਂ ‘ਚ ਲਾਗੂ ਕਰਵਾਉਣ ਲਈ ਯਤਨ ਕਰੇ ਅਤੇ ਇਹ ਕਿਤਾਬ ਦੁਨੀਆਂ ਭਰ ਦੇ ਸਾਰੇ ਸਕੂਲਾਂ, ਕਾਲਜਾਂ, ਲਾਇਬੇ੍ਰੀਆਂ ਅਤੇ ਯੁਨੀਵਰਸਿਟੀਆਂ ‘ਚ ਮੁਫ਼ਤ ਭੇਜੀ ਜਾਵੇ |

Friday, April 13, 2012

ਵਿਸਾਖੀ ਮੌਕੇ ਮਨਪ੍ਰੀਤ ਸਿੰਘ ਬਾਦਲ ਨੇ ਫ਼ੋਰ ਕੀਤਾ ਚੜ੍ਹਦੀ ਕਲਾ ਦਾ ਪ੍ਰਗਟਾਵਾ

ਸ਼ਹੀਦਾਂ ਦੀ ਧਰਤੀ 'ਤੇ ਖਾਧੀ ਸਹੁੰ ਦੀ ਅਣਦੇਖੀ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ 
ਪੀ.ਪੀ.ਪੀ. ਨੇ ਕੀਤਾ ਕਿਸੇ ਵੀ ਪਾਰਟੀ ਨਾਲ ਸਮਝੌਤਾ ਨਾ ਕਰਨ ਦਾ ਐਲਾਨ
ਫਾਈਲ ਫੋਟੋ 
ਅੰਮ੍ਰਿਤਸਰ: ਖਾਲਸਾ ਸਾਜਨਾ  ਦੇ ਇਤਿਹਾਸਿਕ ਮੌਕੇ 'ਤੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਇੱਕ ਵਾਰ ਫੇਰ ਇਹ ਗੱਲ ਦੁਹਰਾਈ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਆਪਣੇ ਸੰਕਲਪ ਤੋਂ ਪਿਛੇ ਨਹੀਂ ਹਟਣਗੇ i ਅੰਮ੍ਰਿਤਸਰ ਦੀ ਪਾਵਨ ਧਰਤੀ 'ਤੇ ਮੀਡੀਆ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਹ ਇਸ ਵਕ਼ਤੀ ਹਾਰ ਦੇ ਬਾਵਜੂਦ ਆਪਣੇ ਮਿਸ਼ਨ ਤੇ ਡਟੇ ਰਹਿਣਗੇ ਕਿਓਂਕਿ ਜਿੱਤ ਇੱਕ ਦਿਨ ਹੱਕ ਅਤੇ ਸਚ ਦੀ ਹੀ ਹੋਣੀ ਹੈ i ਸਮਝੌਤੇ ਦੀਆਂ ਲਗਾਤਾਰ ਉਡ ਰਹੀਆਂ ਅਫਵਾਹਾਂ ਨੂੰ ਪੂਰੀ ਤਰਾਂ ਰੱਦ ਕਰਦਿਆਂ ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਹ ਕਿਸੇ ਵੀ ਪਾਰਟੀ ਨਾਲ ਸਮਝੌਤਾ ਨਹੀਂ ਕਰਨਗੇ ਤੇ ਨਾ ਹੀ ਕਾਂਗਰਸ ਅਤੇ ਨਾ ਹੀ ਅਕਾਲੀ-ਭਾਜਪਾ ਵਿਚ ਜਾਣਗੇ ਕਿਉਂਕਿ ਉਨ੍ਹਾਂ ਨੇ ਜੋ ਸਹੁੰ ਸ਼ਹੀਦਾਂ ਦੀ ਧਰਤੀ 'ਤੇ ਖਾਧੀ ਸੀ ਉਹ ਉਸਦੀ ਅਣਦੇਖੀ ਕਿਸੇ ਸੀ ਹਾਲਤ ਵਿੱਚ ਨਹੀਂ ਕਰ ਸਕਦੇ। ਕਾਬਿਲੇ ਜ਼ਿਕਰ ਹੈ ਕਿ ਸ. ਮਨਪ੍ਰੀਤ ਸਿੰਘ ਬਾਦਲ ਵਿਧਾਨ ਸਭਾ ਚੋਣਾਂ 'ਚ ਹੋਈ ਹਾਰ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਪਹੁੰਚੇ ਸਨ ਤੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਪਾਰਟੀ ਵਰਕਰਾਂ ਨਾਲ ਬੈਠਕ ਵੀ ਕੀਤੀ।  ਪ੍ਰੈੱਸ ਨੂੰ ਸੰਬੋਧਨ ਕਰਦਿਆਂ ਸ. ਮਨਪ੍ਰੀਤ ਨੇ ਦੱਸਿਆ ਕਿ ਹਾਰ ਦਾ ਕਾਰਨ ਦੂਜੀਆਂ ਪਾਰਟੀਆਂ ਵਲੋਂ ਚੋਣਾਂ ਦੌਰਾਨ ਅੰਨ੍ਹੇ ਵਾਹ ਖਰਚ ਕੀਤਾ ਨਾਜਾਇਜ਼ ਪੈਸਾ ਤੇ ਨਸ਼ਾ ਹੈ।  ਇਸਦੇ ਨਾਲ ਹੀ ਉਹਨਾਂ ਇਹ ਵੀ ਸਵੀਕਾਰ ਕੀਤਾ ਕਿ ਕੁੱਝ ਹੱਦ ਤਕ ਉਨ੍ਹਾਂ ਦੀ ਪਾਰਟੀ ਦਾ ਜਥੇਬੰਦਕ ਢਾਂਚਾ ਨਾ ਹੋਣਾ ਵੀ ਇਸ ਹਾਰ ਲਈ ਜ਼ਿੰਮੇਵਾਰ ਹੈ ਪਰ ਹਾਰ ਦੇ ਬਾਵਜੂਦ ਸਮਝੌਤੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਨਤੀਜਿਆਂ ਵਿੱਚ ਹਾਰ ਦੀ ਮਾਯੂਸੀ ਬਾਰੇ ਦੱਸਦੇ ਹੋਏ ਸ. ਮਨਪ੍ਰੀਤ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਬਿਲਕੁਲ ਹੀ ਨਵੀਂ ਸੀ ਤੇ ਹਰ ਪਾਰਟੀ ਨੂੰ ਖਡ਼੍ਹੇ ਹੋਣ ਲਈ ਸਮਾਂ ਲੱਗਦਾ ਹੈ। ਕਾਂਗਰਸ ਤੇ ਅਕਾਲੀ ਦਲ ਵਰਗੀਆਂ ਪਾਰਟੀਆਂ ਨੂੰ ਵੀ ਸਥਾਪਿਤ ਹੁੰਦਿਆਂ ਹੁੰਦਿਆਂ ਸਮਾਂ ਲੱਗਾ ਸੀ ਪਰ ਫਿਰ ਵੀ ਉਨ੍ਹਾਂ ਨੂੰ ਖੁਸ਼ੀ ਹੈ ਕਿ 5  ਫੀਸਦੀ ਤੋਂ ਵਧੇਰੇ ਲੋਕ ਉਨ੍ਹਾਂ ਦੇ ਨਾਲ ਹਨ। ਸ. ਮਨਪ੍ਰੀਤ ਨੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਈ. ਵੀ. ਐੱਮ. ਮਸ਼ੀਨਾਂ ਦੀ ਵਰਤੋਂ 'ਤੇ ਸ਼ੱਕ ਕਰਦੇ ਹੋਏ ਕਿਹਾ ਕਿ ਮਸ਼ੀਨਾਂ 'ਚ ਟੈਂਪਰਿੰਗ ਹੋਣਾ ਕੋਈ ਵੱਡੀ ਗੱਲ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਚੋਣ ਕਮਿਸ਼ਨਰ ਨੂੰ ਅਪੀਲ ਕਰਨਗੇ ਕਿ ਈ. ਵੀ. ਐੱਮਜ਼ ਨਾਲ ਇੱਕ ਪ੍ਰਿੰਟਰ ਦਾ ਪ੍ਰਬੰਧ ਵੀ ਜਰੂਰ ਕੀਤਾ ਜਾਵੇ ਤਾਂਕਿ ਜਦੋਂ ਕੋਈ ਵਿਅਕਤੀ ਵੋਟ ਲਈ ਬਟਨ ਦਬਾਏ ਤਾਂ ਉਸਨੂੰ ਰਸੀਦ ਮਿਲੇ ਤੇ ਉਸਨੂੰ ਯਕੀਨ ਹੋ ਜਾਵੇ ਕਿ ਉਸਦੀ ਵੋਟ ਸਹੀ ਹੈ। ਸ. ਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਕੋਲ ਪੈਸਾ, ਸਮਾਂ ਤੇ ਜਥੇਬੰਦਕ ਢਾਂਚੇ ਦੀ ਕਮੀ ਸੀ ਇਸ ਲਈ ਹੁਣ ਪਾਰਟੀ ਦਾ ਜਥੇਬੰਦਕ ਢਾਂਚਾ ਨਵੇਂ ਸਿਰੇ ਤੋਂ ਜਲਦ ਹੀ ਬਣਾਇਆ ਜਾ ਰਿਹਾ ਹੈ ਜਿਸ ਵਿਚ ਹਰ ਬੂਥ ਲੈਵਲ 'ਤੇ ਦੋ ਨਵੇਂ ਮੈਂਬਰ ਬਣਾਏ ਜਾ ਰਹੇ ਹਨ। ਮਨਪ੍ਰੀਤ ਨੇ ਕਿਹਾ ਕਿ ਉਹ ਆਉਣ ਵਾਲੀ ਹਰ ਚੋਣ ਵਿਚ ਖੁੱਲ੍ਹ ਕੇ ਹਿੱਸਾ ਲੈਣਗੇ ਤੇ ਕਿਸੇ ਵੀ ਤਰਾਂ ਪਿੱਛੇ ਨਹੀਂ ਹਟਣਗੇ। ਇਸ ਮੌਕੇ ਮਨਮੋਹਨ ਸਿੰਘ ਗੁਮਟਾਲਾ, ਰਾਮਸ਼ਰਣ ਪਾਲ, ਅਮਨਪ੍ਰੀਤ ਸਿੰਘ ਛੀਨਾ, ਸੈਂਡੀ ਰੰਧਾਵਾ, ਜਸਵਿੰਦਰ ਸਿੰਘ ਤੇ ਕਈ ਹੋਰ ਪਾਰਟੀ ਮੈਂਬਰ ਅਤੇ ਲੀਡਰ ਵੀ ਮੌਜੂਦ ਸਨ। ਇਸੇ ਦੌਰਾਨ ਇੱਕ ਵੱਖਰੇ ਪ੍ਰੈਸ ਬਿਆਨ ਰਾਹੀਂ ਪਾਰਟੀ ਨੇ ਅਨੰਦੁ ਮੈਰਿਜ ਐਕਟ ਨੂੰ ਮਾਨਤਾ ਦਿੱਤੇ ਜਾਂ ਦਾ ਵੀ ਸਵਾਗਤ ਕੀਤਾ ਹੈ.

Monday, March 05, 2012

ਪੀਪੀਪੀ ਪੰਜਾਬ 'ਚ ਮਜ਼ਬੂਤ ਸਿਆਸੀ ਧਿਰ ਬਣੇਗੀ–ਸੋਢੀ

ਮਨਪ੍ਰੀਤ ਚੋਣ ਨਤੀਜਿਆਂ ਵਾਲੇ ਦਿਨ ਪਿੰਡ ਬਾਦਲ 'ਚ ਹੋਣਗੇ ਪ੍ਰੈਸ ਨਾਲ ਰੂ-ਬ-ਰੂ
ਚੰਡੀਗੜ੍ਹ : ਵੱਖ-ਵੱਖ ਤਰਾਂ ਦੇ ਵਿਖਾਏ ਚੋਣ ਸਰਵੇਖਣ ਇਸ ਵਾਰ ਸੱਚ ਸਾਬਿਤ ਹੁੰਦੇ ਨਜ਼ਰ ਨਹੀਂ ਆਉਂਦੇ ਕਿਉਂਕਿ ਪੰਜਾਬ ਦੇ ਲੋਕਾਂ 'ਚ ਨਿਜ਼ਾਮ ਬਦਲਣ ਲਈ ਬਦਲਾਅ ਦੀ ਲਹਿਰ ਸੀ ਤੇ ਇਹੀ ਕਾਰਨ ਹੈ ਕਿ ਇਸ ਵਾਰ ਇੰਨੀ ਵੱਡੀ ਮਾਤਰਾ 'ਚ ਵੋਟਾਂ ਪੋਲ ਹੋਈਆਂ ਹਨ। ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਬੁਲਾਰੇ ਅਰੁਨਜੋਤ ਸਿੰਘ ਸੋਢੀ ਨੇ ਜਾਰੀ ਪ੍ਰੈਸ ਨੋਟ 'ਚ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸ. ਮਨਪ੍ਰੀਤ ਸਿੰਘ ਬਾਦਲ ਦੀ ਉੱਚੀ ਸੋਚ ਨੂੰ ਪਸੰਦ ਕੀਤਾ ਹੈ ਜਿਸ ਕਰਕੇ ਇੰਨ੍ਹਾਂ ਵਿਧਾਨ ਸਭਾ ਚੋਣਾਂ 'ਚ ਪੀਪੀਪੀ ਇੱਕ ਮਜ਼ਬੂਤ ਸਿਆਸੀ ਧਿਰ ਬਣਕੇ ਸਾਹਮਣੇ ਆਵੇਗੀ।
       ਉਨ੍ਹਾਂ ਦੱਸਿਆਂ ਕਿ ਸ਼ਾਇਦ ਪੰਜਾਬ 'ਚ ਪਹਿਲੀ ਵਾਰ ਹੋਵੇਗਾ ਕਿ ਇੱਕ ਸਾਲ ਪਹਿਲਾਂ ਹੋਂਦ 'ਚ ਆਈ ਪਾਰਟੀ ਪਹਿਲੀ ਵਾਰ 'ਚ ਹੀ 20 ਪ੍ਰਤੀਸ਼ਤ ਦੇ ਕਰੀਬ ਵੋਟਾਂ ਲੈਕੇ ਜਾਵੇਗੀ। ਇਸ ਵਾਰ ਜਿਥੇ ਪੜ੍ਹੇ ਲਿਖੇ ਜਾਗਰੂਕ ਵਰਗ ਨੇ ਸ. ਮਨਪ੍ਰੀਤ ਦੀ ਸੋਚ ਨੂੰ ਪਸੰਦ ਕੀਤਾ ਹੈ ਉਥੇ ਹੀ ਨੌਜਵਾਨ ਵਰਗ ਦਾ ਬਹੁਮਤ ਪੀਪੀਪੀ ਵੱਲ ਜਾਵੇਗਾ। ਸ੍ਰੀ ਸੋਢੀ ਨੇ ਕਿਹਾ ਕਿ ਇਸ ਵਾਰ ਨੌਜਵਾਨ ਵੋਟ ਪਾਉਣ ਲਈ ਉਤਾਵਲੇ ਸਨ ਤੇ ਉਹ ਕਾਲਜ ਯੂਨੀਵਰਸਿਟੀਆਂ ਤੋਂ ਛੁੱਟੀਆਂ ਲੈਕੇ ਪਤੰਗ ਨੂੰ ਵੋਟ ਪਾਉਣ ਗਏ। ਉਨ੍ਹਾਂ ਦੱਸਿਆ ਕਿ ਜਿੱਥੇ ਜਾਗਰੂਕ ਪੰਜਾਬੀ ਨਾਲ ਸਨ ਉਥੇ ਹੀ ਪਹਿਲੀ ਵਾਰ ਪ੍ਰਵਾਸੀ ਪੰਜਾਬੀਆਂ ਨੇ ਆਪਣੀ ਮਾਤ ਭੂਮੀ ਪ੍ਰਤੀ ਉਤਸ਼ਾਹ ਵਿਖਾਇਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਕੋਲ ਰਿਪੋਰਟ ਪਹੁੰਚੀ ਸੀ ਕਿ ਇਸ ਵਾਰ ਚੋਣਾਂ ਲਈ ਵਿਦੇਸ਼ਾਂ ਚੌਂ ਪੰਜਾਬ 'ਚ ਇੰਨੇ ਫੋਨ ਆਏ ਜਿੰਨੇ ਕਦੇ ਦਿਵਾਲੀ ਜਾਂ ਤਿਓਹਾਰਾਂ ਤੇ ਵਧਾਈ ਦੇਣ ਵਾਲਿਆਂ ਦੇ ਨਹੀਂ ਸਨ ਆਏ।
       ਸ੍ਰੀ ਸੋਢੀ ਨੇ ਦੱਸਿਆਂ ਕਿ ਸ. ਮਨਪ੍ਰੀਤ ਸਿੰਘ ਬਾਦਲ 6 ਮਾਰਚ ਨੂੰ ਦੁਪਿਹਰ 12 ਵਜੇ ਪਿੰਡ ਬਾਦਲ ਵਿਖੇ ਪ੍ਰੈਸ ਦੇ ਰੂ-ਬ-ਰੂ ਹੋਣਗੇ ਜਿਸ ਉਪਰੰਤ ਸ਼ਾਮ ਨੂੰ ਉਹ ਚੰਡੀਗੜ੍ਹ ਮੁੱਖ ਦਫ਼ਤਰ ਵਿਖੇ ਪਹੁੰਚ ਜਾਣਗੇ। ਗਠਜੋੜ ਸਰਕਾਰ ਬਣਨ ਦੀ ਸਥਿਤੀ 'ਚ ਪੀਪੀਪੀ ਦੇ ਸਮਰਥਨ ਸੰਬਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਦਾ ਐਲਾਨ ਭਾਵੇਂ ਸ. ਮਨਪ੍ਰੀਤ ਸਿੰਘ ਬਾਦਲ ਕਰਨਗੇ ਪ੍ਰੰਤੂ ਇਹ ਗੱਲ ਤੈਅ ਹੈ ਕਿ ਜੋ ਵੀ ਫੈਸਲਾ ਹੋਵੇਗਾ ਉਹ ਪਾਰਟੀ ਦੇ ਹਿੱਤ ਨੂੰ ਧਿਆਨ 'ਚ ਰੱਖ ਕੇ ਨਹੀਂ ਲਿਆ ਜਾਵੇਗਾ ਬਲਕਿ ਪੰਜਾਬ ਦੇ ਲੋਕਾਂ ਦੇ ਹਿੱਤ ਨੂੰ ਧਿਆਨ 'ਚ ਰੱਖ ਕੇ ਲਿਆ ਜਾਵੇਗਾ।  

ਚੋਣ ਨਤੀਜਿਆਂ ਵਾਲੇ ਦਿਨ ਪਿੰਡ ਬਾਦਲ ਵਿੱਚ ਮੀਡੀਆ ਦੇ ਰੂਬਰੂ ਹੋਣ ਦਾ ਐਲਾਨ ਕਰਕੇ ਪਾਰਟੀ ਨੇ ਇੱਕ ਵਾਰ ਫੇਰ ਸਾਬਿਤ ਕੀਤਾ ਹੈ ਕਿ ਉਹ ਚੋਣ ਨਤੀਜਿਆਂ ਦੇ ਨਾਜ਼ੁਕ ਮੌਕੇ 'ਤੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਨਾਲ ਮੌਜੂਦ ਰਹੇਗੀ; ਨਤੀਜੇ ਭਾਵੇਂ ਕੁਝ ਵੀ ਕਿਓਂ ਨਾ ਹੋਣ।  ਜੇ ਪਰੇਤੀ ਵੀਹ ਫੀਸਦੀ ਤੱਕ ਵੋਟਾਂ ਲੈ ਜਾਂਦੀ ਹੈ ਤਾਂ ਨਿਸਚੇ ਹੀ  ਪੀਪੀਪੀ ਆਪਣੇ ਰਾਜਸੀ ਵਿਰੋਧੀਆਂ ਲੈ ਬਹੁਤ ਵੱਡੀ ਪਰੇਸ਼ਾਨੀ ਪੈਦਾ ਕਰਨ ਵਾਲਾ ਰਾਜਸੀ ਬਦਲ ਬਣ ਕੇ ਸਾਹਮਣੇ ਆਏਗੀ।   *******

Thursday, February 23, 2012

ਪੰਜਾਬ 'ਚੌਂ ਖ਼ਤਮ ਹੋ ਜਾਵੇਗਾ ਲਾਲ ਬੱਤੀਆਂ ਤੇ ਗੰਨਮੈਨਾਂ ਦਾ ਰਿਵਾਜ਼

ਸਾਂਝਾ ਮੋਰਚਾ 35 ਤੋਂ 40 ਸੀਟਾਂ ਤੇ ਜਿੱਤ ਦਰਜ ਕਰੇਗਾ-ਪੀਪੀਪੀ ਵੱਲੋਂ ਦਾਅਵਾ
ਚੰਡੀਗੜ੍ਹ : 6 ਮਾਰਚ ਤੋਂ ਬਾਅਦ ਪੰਜਾਬ 'ਚ ਲਾਲ-ਬੱਤੀਆਂ ਲਾਉਣ ਤੇ ਸੁੱਰਖਿਆ ਮੁਲਾਜ਼ਮ ਰੱਖਣ ਦਾ ਰਿਵਾਜ਼ ਖ਼ਤਮ ਹੋ ਜਾਵੇਗਾ। ਖਾਸਕਰ ਪੰਜਾਬ ਦਾ ਪੜ੍ਹਿਆ ਲਿਖਿਆ ਵਰਗ ਤੇ ਨੌਜਵਾਨ ਵਰਗ ਸੂਬੇ 'ਚ ਵਿਗੜ ਚੁੱਕਿਆ ਨਿਜ਼ਾਮ ਬਦਲਣ ਦੀ ਸੋਚ ਰੱਖਦਾ ਹੈ ਤੇ ਇਹੀ ਕਾਰਣ ਹੈ ਕਿ ਪੀਪਲਜ਼ ਪਾਰਟੀ ਆਫ਼ ਪੰਜਾਬ ਦੀ ਨੀਤੀਆਂ ਤੋਂ ਪ੍ਰਭਾਵਿਤ ਹੋਕੇ ਇਸ ਵਾਰ ਵੋਟਾਂ ਵੱਧ ਪੋਲ ਹੋਈਆਂ ਹਨ। ਪੀਪੀਪੀ ਦੇ ਬੁਲਾਰੇ ਸ. ਅਰੁਨਜੋਤ ਸਿੰਘ ਸੋਢੀ ਨੇ ਜਾਰੀ ਪ੍ਰੈਸ ਨੋਟ 'ਚ ਕਿਹਾ ਕਿ ਸ. ਮਨਪ੍ਰੀਤ ਸਿੰਘ ਬਾਦਲ ਦੀ ਸਾਫ਼ – ਸੁਥਰੀ ਸ਼ਖਸੀਅਤ ਤੇ ਉੱਚੀ ਸੋਚ ਨੇ ਪੰਜਾਬ 'ਚ ਬਦਲਾਅ ਦਾ ਮਾਹੌਲ ਸਿਰਜ ਦਿੱਤਾ ਹੈ ਤੇ ਸਾਂਝਾ ਮੋਰਚਾ ਵਿਧਾਨ ਸਭਾ ਚੋਣਾਂ 'ਚ 35 ਤੋਂ 40 ਸੀਟਾਂ ਦਰਮਿਆਣ ਜਿੱਤ ਦਰਜ਼ ਕਰੇਗਾ। 
              ਉਨ੍ਹਾਂ ਦੱਸਿਆ ਕਿ ਚੋਣ ਨਤੀਜਿਆਂ ਤੋਂ ਬਾਅਦ ਸੂਬੇ 'ਚੌਂ ਭੈੜੀਆਂ ਅਲਾਮਤਾਂ ਜਿਵੇਂ ਨਸ਼ਾਖੋਰੀ, ਅਨਪੜ੍ਹਤਾ, ਰਿਸ਼ਵਤਖੋਰੀ ਆਦਿ ਦੇ ਖਾਤਮੇ ਲਈ ਵਿਸ਼ੇਸ ਜਾਗਰੂਕਤਾ ਮੁਹਿੰਮ ਅਰੰਭੀ ਜਾਵੇਗੀ ਤਾਂ ਜੋ ਲੋਕਾਂ ਮਾਤ-ਭੂਮੀ ਨੂੰ ਬਚਾਉਣ ਲਈ ਜ਼ਜਬਾ ਪੈਦਾ ਹੁੰਦਾ ਰਹੇ। ਉਨ੍ਹਾਂ ਕਿਹਾ ਕਿ ਇੰਨ੍ਹਾਂ ਚੋਣਾਂ ਦੌਰਾਨ ਜਿਸ ਤਰਾਂ ਪੰਜਾਬੀਆਂ ਨੇ ਬਦਲਾਅ ਲਿਆਉਣ ਲਈ ਵੋਟਾਂ ਪਈਆਂ ਹਨ ਉਹ ਹਿੰਦੁਸਤਾਨ ਲਈ ਮੀਲ ਪੱਥਰ ਸਾਬਿਤ ਹੋਣਗੀਆਂ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਪੂਰੇ ਭਾਰਤ 'ਚ ਵੱਡਾ ਸਿਆਸੀ ਬਦਲਾਵ ਆਵੇਗਾ ਤੇ ਲੋਕ ਗੰਧਲ ਚੁੱਕੇ ਨਿਜ਼ਾਮ ਨੂੰ ਬਦਲਣ ਲਈ ਰਵਾਇਤੀ ਪਾਰਟੀਆਂ ਨੂੰ ਨਕਾਰ ਕੇ ਪੜ੍ਹੇ ਲਿਖੇ ਤੇ ਇਮਾਨਦਾਰ ਆਗੂਆਂ ਨੂੰ ਵੋਟ ਪਾਕੇ ਲੋਕ ਸਭਾ 'ਚ ਭੇਜਣਗੇ।
               ਉਨ੍ਹਾਂ ਦੱਸਿਆਂ ਕਿ ਸ. ਮਨਪ੍ਰੀਤ ਸਿੰਘ ਬਾਦਲ ਦੀ ਸਿਹਤ 'ਚ ਪੂਰੀ ਤਰਾਂ ਨਾਲ ਸੁਧਾਰ ਹੋਇਆ ਹੈ ਅਤੇ ਡਾਕਟਰਾਂ ਦੀ ਤਾਜ਼ਾ ਜਾਣਕਾਰੀ ਅਨੁਸਾਰ ਹੁਣ ਗਲ ਦੇ ਅਪ੍ਰੇਸ਼ਨ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਦੱਸਿਆ ਕਿ ਇੰਨ੍ਹਾ ਦਿਨਾਂ 'ਚ ਮੋੜ ਅਤੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਦਾ ਧੰਨਵਾਦੀ ਦੋਰਾ ਚੱਲ ਰਿਹਾ ਹੈ ਅਤੇ 6 ਮਾਰਚ ਤੋਂ ਬਾਅਦ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਦਾ ਦੌਰਾ ਉਲੀਕਿਆ ਜਾਵੇਗਾ।  ਉਨ੍ਹਾਂ ਦੱਸਿਆ ਕਿ 6 ਮਾਰਚ ਤੋਂ ਬਾਅਦ ਪਾਰਟੀ ਦੇ ਜੱਥੇਬੰਧਕ ਢਾਂਚੇ ਦਾ ਬਦਲਾਅ ਹੋਵੇਗਾ ਕਿਉਂਕਿ ਕਈ ਜਨਰਲ ਕੌਂਸਲ ਮੈਂਬਰਾਂ ਤੇ ਅਹੁਦੇਦਾਰਾਂ ਨੇ ਪੀਪੀਪੀ ਦੀਆਂ ਨੀਤੀਆਂ ਅਨੁਸਾਰ ਕੰਮ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੋ ਲੋਕ ਮੌਕਾਪ੍ਰਸਤੀ ਤੇ ਨਿੱਜੀ ਲਾਲਚ ਲਈ ਰਾਜਨੀਤੀ ਕਰਦੇ ਹਨ ਉਨ੍ਹਾਂ ਲੋਕਾਂ ਲਈ ਪੀਪੀਪੀ 'ਚ ਕੋਈ ਜਗ੍ਹਾਂ ਨਹੀਂ। ਸ੍ਰੀ ਸੋਢੀ ਨੇ ਦੱਸਿਆਂ ਕਿ ਪੰਜਾਬ ਭਰ ਤੋਂ ਅਹੁਦੇਦਾਰਾਂ ਤੇ ਵਰਕਰਾਂ ਦੀ ਕਾਰਗੁਜ਼ਾਰੀ ਸੰਬੰਧੀ ਗੁਪਤ ਰਿਪੋਰਟਾਂ ਪਾਰਟੀ ਦਫ਼ਤਰ ਪਹੁੰਚ ਰਹੀਆਂ ਹਨ ਜਿੰਨ੍ਹਾਂ ਸਬੰਧੀ ਫੈਸਲਾ ਸ. ਮਨਪ੍ਰੀਤ ਸਿੰਘ ਬਾਦਲ ਦੀ ਸੈਂਟਰਲ ਕਮੇਟੀ ਨਾਲ ਰਾਇ ਉਪਰੰਤ ਕਰਨਗੇ।     ********

Monday, February 13, 2012

ਪੰਜਾਬੀਆਂ ਨੇ ਨੀਤੀਆਂ ਨਾਲ ਸਹਿਮਤ ਹੋਕੇ ਦਿੱਤਾ ਪੀਪੀਪੀ ਨੂੰ ਸਹਿਯੋਗ

ਕੇਵਲ ਇੱਕ ਸਾਲ ਪਹਿਲਾਂ ਬਣੀ ਪੀਪੀਪੀ ਵੱਲੋਂ ਸਰਗਰਮੀਆ  ਜਾਰੀ
ਚੰਡੀਗੜ੍ਹ : ਪੀਪਲਜ਼ ਪਾਰਟੀ ਆਫ਼ ਪੰਜਾਬ ਨੂੰ ਜਿਸ ਤਰਾਂ ਨਾਲ ਸੂਬੇ ਦੇ ਲੋਕਾਂ ਤੋਂ ਹੁੰਗਾਰਾ ਮਿਲਿਆ ਹੈ ਉਹ ਦਰਸਾਉਂਦਾ ਹੈ ਕਿ ਪੰਜਾਬ ਦੇ ਲੋਕ ਮੌਜੂਦਾ ਨਿਜ਼ਾਮ ਤੋਂ ਅੱਕ ਥੱਕ ਚੁੱਕੇ ਹਨ ਉਹ ਸੂਬੇ ਨੂੰ ਬੇਹਤਰ ਵੇਖਣ ਲਈ ਉਤਾਵਲੇ ਹਨ। ਅੱਜ ਮੁੱਖ ਦਫ਼ਤਰ ਵਿਖੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਹਿਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੀਪੀਪੀ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਦੀਆਂ ਨੀਤੀਆਂ ਨਾਲ ਸਹਿਮਤ ਹੋਕੇ ਸਹਿਯੋਗ ਦਿੱਤਾ ਹੈ ਉਸ ਤੋਂ ਸਪਸ਼ੱਟ ਹੈ ਕਿ ਉਨ੍ਹਾਂ ਦੀ ਪਾਰਟੀ ਲਈ 6 ਮਾਰਚ ਨੂੰ ਸੁੱਭ ਨਤੀਜੇ ਸਾਹਮਣੇ ਆਉਣਗੇ।
        ਸ. ਮਨਪ੍ਰੀਤ ਨੇ ਕਿਹਾ ਕਿ ਪੀਪੀਪੀ ਕੇਵਲ ਇੱਕ ਸਾਲ ਪਹਿਲਾ ਬਣੀ ਲੋਕਾਂ ਦੀ ਪਾਰਟੀ ਸੀ ਜਿਸ ਨੇ 50-50 ਸਾਲ ਪਹਿਲਾਂ ਬਣੀਆਂ ਪਾਰਟੀਆਂ ਨੂੰ ਮੁਕਾਬਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਪਾਰਟੀ ਦੀ ਨੀਂਹ ਸਿਆਸਤ ਕਰਨ ਲਈ ਨਹੀਂ ਸੀ ਰੱਖੀ ਬਲਕਿ ਇਸ ਲਈ ਰੱਖੀ ਸੀ ਕਿ ਪੰਜਾਬ ਨੂੰ ਨਰਕ ਚੌ ਬਾਹਰ ਕੱਢਣਾ ਹੈ। ਪੀਪੀਪੀ ਨਾਲ ਵੀ ਉਹੀ ਲੋਕ ਜੁੜੇ ਜੋ ਆਪਣੀ ਮਾਤ ਭੂਮੀ ਨੂੰ ਬਚਾਉਣਾ ਚਾਹੁੰਦੇ ਹਨ ਤੇ ਆਪਣੇ ਬੱਚਿਆਂ ਦਾ ਭਵਿੱਖ ਸੁਰਖਿਅਤ ਰੱਖਣਾ ਚਾਹੁੰਦੇ ਹਨ। ਉਨ੍ਹਾਂ ਪੀਪੀਪੀ ਦੇ ਸਮੂਹ ਉਮੀਦਵਾਰਾਂ ਤੇ ਪਾਰਟੀ ਦੇ ਅਹੁਦੇਦਾਰਾ ਦਾ ਵਿਧਾਨ ਸਭਾ ਚੋਣਾਂ 'ਚ ਨਿਭਾਈ ਭੂਮਿਕਾ ਤੇ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਅਜਿਹੀ ਵਫਾਦਾਰ ਸਿਪਾਹੀਆਂ ਦੀ ਟੀਮ ਦੀ ਮਹਿਨਤ ਸਦਕਾ ਹੀ ਅੱਜ ਪਾਰਟੀ ਮਜ਼ਬੂਤ ਧਿਰ ਬਣੀ ਹੈ ਇਥੇ ਜ਼ਿਕਰਯੋਗ ਹੈ ਕਿ ਅੱਜ ਪਾਰਟੀ ਦੇ ਦਫ਼ਤਰ 'ਚ ਪੀਪੀਪੀ ਦੇ ਉਮੀਦਵਾਰਾਂ ਤੇ ਜਨਰਲ ਕੌਂਸਲ ਮੈਂਬਰਾਂ ਦੀ ਮੀਟਿੰਗ ਸੱਦੀ ਗਈ ਸੀ ਜਿਸ 'ਚ ਉਨ੍ਹਾਂ ਨੂੰ ਇੱਕ 12 ਸਵਾਲਾਂ ਦੀ ਕਿਤਾਬ ਵੰਡੀ ਗਈ ਜਿਸ 'ਚ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੀਆਂ ਕਮੀਆਂ ਤੇ ਪ੍ਰਾਪਤੀਆਂ ਸੰਬਧੀ ਰਾਇ ਮੰਗੀ ਗਈ। ਵਿਧਾਨ ਸਭਾ ਹਲਕਿਆਂ 'ਚ ਜਿਹੜੇ ਪਾਰਟੀ ਅਹੁਦੇਦਾਰਾਂ ਜਾਂ ਜਨਰਲ ਕੌਂਸਲ ਮੈਂਬਰਾਂ ਨੇ ਪਾਰਟੀ ਉਮੀਦਵਾਰਾਂ ਨੂੰ ਸਹਿਯੋਗ ਨਹੀਂ ਦਿੱਤਾ ਉਨ੍ਹਾਂ ਦੇ ਨਾਵਾਂ ਦੀ ਗੁਪਤ ਸੂਚੀ ਵੀ ਪ੍ਰਾਪਤ ਕੀਤੀ ਗਈ। ਇਸ ਸੰਬਧੀ ਸ. ਮਨਪ੍ਰੀਤ ਨੇ ਕਿਹਾ ਕਿ ਜਿਨ੍ਹਾਂ ਨੇ ਪਾਰਟੀ ਲਈ ਕੰਮ ਨਹੀਂ ਕੀਤਾ ਜਾ ਅਨੁਸਾਸ਼ਨ 'ਚ ਰਹਿ ਕੇ ਬਹਿਤਰੀ ਲਈ ਕੰਮ ਨਹੀਂ ਕੀਤਾ ਉਨ੍ਹਾਂ ਵਿਰੁੱਧ 6 ਮਾਰਚ ਤੋਂ ਬਾਅਦ ਅਨੁਸਾਸ਼ਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸ. ਮਨਪ੍ਰੀਤ ਬਾਦਲ ਦੇ ਨਾਲ ਪਾਰਟੀ ਦੇ ਸ੍ਰਪਰਸਤ ਸਰਦਾਰਾ ਸਿੰਘ ਜੌਹਲ ਤੋਂ ਇਲਾਵਾ ਅਭੈ ਸਿੰਘ ਸੰਧੂ, ਭਾਰਤ ਭੂਸ਼ਨ ਥਾਪਰ, ਗੁਰਪ੍ਰੀਤ ਸਿੰਘ ਭੱਟੀ, ਭਗਵੰਤ ਮਾਨ, ਦਰਸ਼ਨ ਸਿੰਘ ਮਧੀਰ, ਕੁਲਦੀਪ ਸਿੰਘ ਢੋਂਸ, ਸਰਬਜੀਤ ਸਿੰਘ ਮੱਖਣ, ਦੀਦਾਰ ਸਿੰਘ ਭੱਟੀ, ਰਾਮਸ਼ਰਨ ਪਾਲ ਸ਼ਰਮਾ, ਵੀਰ ਦਵਿੰਦਰ ਸਿੰਘ, ਹਰਨੇਕ ਸਿੰਘ ਘੜੂੰਆਂ, ਅਮਰਦੀਪ ਸਿੰਘ ਬਰਾੜ ਆਦਿ ਵੀ ਸ਼ਾਮਲ ਸਨ।  
       ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅੱਜ ਸ. ਮਨਪ੍ਰੀਤ ਨੇ ਪਾਰਟੀ ਅਹੁਦੇਦਾਰਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਆਏ ਪਰਵਾਸੀ ਪੰਜਾਬੀਆਂ ਨਾਲ ਵੀ ਵਿਸ਼ੇਸ ਮੁਲਾਕਾਤ ਕੀਤੀ ਅਤੇ ਚੋਣਾਂ ਦੌਰਾਨ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ।

**********