Sunday, January 23, 2011

ਲੁਧਿਆਣਾ ਵਿੱਚ ਕਾਰ ਚੋਰਾਂ ਦਾ ਗਿਰੋਹ ਕਾਬੂ

ਕਾਰਾਂ ਮੋਟਰਾਂ ਬਿਨਾ ਅੱਜ ਕੱਲ ਸਰਦਾ ਵੀ ਨਹੀਂ ਅਤੇ ਮਹਿੰਗੇ ਭਾਅ ਇਹ ਲੈ ਵੀ ਨਹੀਂ ਹੁੰਦੀਆਂ.ਏਹੋ ਜਿਹੀ ਹਾਲਤ ਵਿੱਚ ਸੈਕੰਡ ਹੈਂਡ ਸਸਤੀਆਂ ਕਾਰਾਂ ਖਰੀਦਣ ਦੇ ਲਾਲਚ ਵਿਚ ਕਈ ਵਾਰ ਬੰਦਾ ਬੁਰੀ ਤਰਾਂ ਫਸ ਜਾਂਦਾ ਹੈ ਕਿਓਂਕਿ ਖਰੀਦੀ ਗਈ  ਮੋਟਰ ਕਾਰ ਚੋਰੀ ਦੀ ਨਿਕਲ ਆਉਂਦੀ ਹੈ. ਲੁਧਿਆਣਾ ਵਿੱਚ ਜ਼ਿਲਾ ਪੁਲਸ ਨੇ ਦੋ ਅਜਿਹੇ ਵਾਹਨ ਚੋਰ ਗਿਰੋਹਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੇ ਤਾਰ ਅੰਤਰਰਾਜੀ ਪੱਧਰ ‘ਤੇ ਜੁੜੇ ਹੋਏ ਹਨ। ਪੁਲਸ ਨੇ ਇਸ ਸੰਬੰਧ ਵਿੱਚ ਦੋ ਗਿਰੋਹਾਂ ਦੇ 5 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚੋਰੀ ਦੀਆਂ 11 ਕਾਰਾਂ ਵੀ ਬਰਾਮਦ ਕੀਤੀਆਂ ਹਨ। 
ਪ੍ਰੈਸ ਕਾਨਫਰੰਸ ਦੌਰਾਨ ਡੀ ਸੀ ਪੀ ਸੁਰਿੰਦਰ ਸਿੰਘ ਹੇਅਰ
ਇਸ ਸ਼ਾਤਿਰ ਗਿਰੋਹ ਵਲੋਂ ਯੂ.ਪੀ. ਤੋਂ ਚੋਰੀ ਕੀਤੀਆਂ ਕਾਰਾਂ ਨੂੰ ਜਾਅਲੀ ਕਾਗਜ਼ਾਤ ਤਿਆਰ ਕਰਕੇ ਇਥੇ ਪੰਜਾਬ ਵਿਚ ਵੇਚਿਆ ਜਾਂਦਾ ਸੀ ਜਦਕਿ ਪੰਜਾਬ ਤੋਂ ਚੋਰੀ ਕੀਤੀਆਂ ਕਾਰਾਂ ਨੂੰ ਇਸੇ ਤਰ੍ਹਾਂ ਯੂ.ਪੀ. ਵਿਚ ਲਿਜਾ ਕੇ ਵਿੱਚ ਦਿੱਤਾ ਜਾਂਦਾ ਸੀ। ਪੁਲਸ ਨੇ ਸ਼ਨੀਵਾਰ 22 ਜਨਵਰੀ ਨੂੰ ਬਾਕਾਇਦਾ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਦਾਅਵਾ ਵੀ ਕੀਤਾ ਕਿ ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਇਹਨਾਂ ਦੋਹਾਂ ਗਿਰੋਹਾਂ ਦੇ ਕਾਬੂ ਆਉਣ ਤੋਂ ਬਾਅਦ  ਵਾਹਨ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਠੱਲ ਵੀ ਪੈ ਗਈ ਹੈ.ਇਸ ਪੱਤਰਕਾਰ ਸੰਮੇਲਨ ਵਿਚ ਪੂਰੇ ਵਿਸਥਾਰ ਨਾਲ ਇਹ ਜਾਣਕਾਰੀ ਦੇਂਦਿਆਂ  ਡੀ.ਸੀ.ਪੀ. ਸੁਰਿੰਦਰ ਸਿੰਘ ਹੇਅਰ ਨੇ ਦੱਸਿਆ ਕਿ ਪਹਿਲੇ ਮਾਮਲੇ ਵਿਚ ਥਾਣਾ ਡੇਹਲੋਂ ਦੀ ਪੁਲਸ ਨੇ 7 ਜਨਵਰੀ ਨੂੰ ਮਾਮਲਾ ਦਰਜ ਕੀਤਾ ਸੀ, ਜਿਸਦੇ ਬਾਅਦ ਪੁਲਸ ਨੇ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਚੋਰੀ ਦੀਆਂ 5 ਕਾਰਾਂ ਬਰਾਮਦ ਕੀਤੀਆਂ ਹਨ। ਇਹਨਾਂ ਦੋਸ਼ੀਆਂ ਦੀ ਪਛਾਣ ਪਿੰਡ ਲਸੋਈ ਦੇ ਜਗਦੀਸ਼ ਸਿੰਘ ਉਰਫ ਨੀਟੂ ਅਤੇ ਅਮਨਦੀਪ ਸਿੰਘ ਦੇ ਰੂਪ ਵਿਚ ਹੋਈ ਹੈ, ਜਦੋਂਕਿ ਇਸ ਗਿਰੋਹ ਦੇ ਖਾਸੀ ਕਲਾਂ ਦੇ ਰਹਿਣ ਵਾਲੇ ਰਾਜਵਿੰਦਰ ਸਿੰਘ ਉਰਫ ਨੋਨਾ, ਸਹਾਰਨਪੁਰ ਯੂ.ਪੀ. ਵਾਸੀ ਅਨੂਪ ਸਿੰਘ ਗੰਡੂ ਅਤੇ ਸਦਰ ਖੰਨਾ ਦੇ ਸਤਵਿੰਦਰ ਸਿੰਘ ਉਰਫ ਰਾਜੂ ਦੇ ਰੂਪ ਵਿਚ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਦੋਸ਼ੀਆਂ ਨੂੰ ਏ.ਸੀ.ਪੀ. ਗਿੱਲ ਨਰਿੰਦਰਪਾਲ ਸਿੰਘ ਰੂਬੀ ਅਤੇ ਥਾਣਾ ਡੇਹਲੋਂ ਮੁਖੀ ਹਰਵਿੰਦਰ ਸਿੰਘ ਦੀ ਅਗਵਾਈ ਵਿਚ ਪੁਲਸ ਪਾਰਟੀ ਨੇ ਉਸ ਸਮੇਂ ਕਾਬੂ ਕੀਤਾ ਜਦੋਂ ਨਾਕੇਬੰਦੀ ਦੇ ਦੌਰਾਨ ਇਨ੍ਹਾਂ ਲੋਕਾਂ ਨੇ ਆਪਣੀ ਕਾਰ ਭਜਾ ਲਈ। ਜਦੋਂ ਪੁਲਸ ਨੇ ਪਿੱਛਾ ਕਰਦੇ ਹੋਏ ਦੋਵਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਸਨਸਨੀਖੇਜ਼ ਖੁਲਾਸਾ ਇਹ ਹੋਇਆ ਕਿ ਇਹ ਲੋਕ ਅੰਤਰਰਾਜੀ ਵਾਹਨ ਚੋਰ ਗਿਰੋਹ ਦੇ ਮੈਂਬਰ ਹਨ। ਪੁਲਸ ਨੂੰ ਇਨ੍ਹਾਂ ਦੀ ਨਿਸ਼ਾਨਦੇਹੀ ‘ਤੇ ਕੁੱਲ 5 ਕਾਰਾਂ ਵੀ ਬਰਾਮਦ ਹੋਈਆਂ ਹਨ, ਜੋ ਇਨ੍ਹਾਂ ਲੋਕਾਂ ਨੇ ਵੱਖ ਵੱਖ ਇਲਾਕਿਆਂ ਤੋਂ ਚੋਰੀ ਕੀਤੀਆਂ ਸਨ।  ਡੀ.ਸੀ.ਪੀ. ਨੇ ਦੱਸਿਆ ਕਿ ਇਨ੍ਹਾਂ ਵਿਚ ਜਗਦੀਸ਼ ਇਥੋਂ ਦਾ ਮੁਖੀ ਸੀ ਅਤੇ ਕਾਰਾਂ ਚੋਰੀ ਕਰਕੇ ਉਹ ਯੂ.ਪੀ. ਤੋਂ ਅਨੂਪ ਦੇ ਜ਼ਰੀਏ ਜਾਅਲੀ ਕਾਗਜ਼ਾਤ ਤਿਆਰ ਕਰਵਾਉਂਦਾ ਸੀ ਅਤੇ ਉਸਨੂੰ ਉਥੇ ਹੀ ਵੇਚ ਦਿੰਦਾ ਸੀ। ਉਹ ਅੱਗੇ ਉਥੇ ਸਸਤੇ ਰੇਟਾਂ ‘ਤੇ ਵੇਚਦਾ ਸੀ। ਇਸੇ ਤਰ੍ਹਾਂ ਯੂ.ਪੀ. ਦੀਆਂ ਕਾਰਾਂ ਨੂੰ ਇਥੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਵੇਚ ਦਿੰਦੇ ਸਨ। ਪਤਾ ਲੱਗਾ ਹੈ ਕਿ ਗਿਰੋਹ ਦੇ ਖਿਲਾਫ ਯੂ.ਪੀ. ਅਤੇ ਪੰਜਾਬ ਦੇ ਕਈ ਜ਼ਿਲਿਆਂ ਵਿਚ ਵਾਹਨ ਚੋਰੀ ਦੇ ਮਾਮਲੇ ਦਰਜ ਹਨ। ਫੜੇ ਗਏ ਦੋਸ਼ੀਆਂ ਨੂੰ ਅਦਾਲਤ ਵਿਚ 24 ਜਨਵਰੀ ਤਕ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।  ਦੂਜੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਸੀ.ਪੀ. ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਬਾਘਾ ਪੁਰਾਣਾ ਦੇ ਪਿੰਡ ਭੇਖਾ ਦੇ ਜਗਸੀਰ ਸਿੰਘ ਸੀਰਾ, ਮੁਕਤਸਰ ਦੇ ਹਰਕੀਰਤ ਸਿੰਘ ਉਰਫ ਲਵਲੀ, ਚੰਚਲ ਸਿੰਘ ਵਾਸੀ ਫਾਜ਼ਿਲਕਾ ਦੇ ਰੂਪ ਵਿਚ ਹੋਈ ਹੈ। ਇਨ੍ਹਾਂ ਨੂੰ ਸੀ.ਆਈ.ਏ. ਹੈੱਡ ਕੁਆਰਟਰ ਦੇ ਮੁਖੀ ਹਰਪਾਲ ਸਿੰਘ ਦੀ ਪੁਲਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਕਾਬੂ ਕੀਤਾ ਹੈ। ਪੁੱਛਗਿੱਛ ਦੇ ਬਾਅਦ ਪਤਾ ਲੱਗਾ ਕਿ ਇਨ੍ਹਾਂ ਲੋਕਾਂ ਨੇ ਦਰਜਨਾਂ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਡੀ.ਸੀ.ਪੀ. ਸੁਰਿੰਦਰ ਸਿੰਘ ਹੇਅਰ ਨੇ ਦੱਸਿਆ ਕਿ ਇਹ ਲੋਕ ਕਾਰ ਚੋਰੀ ਕਰਨ ਦੇ ਬਾਅਦ ਇਨ੍ਹਾਂ ਦੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਨੰਬਰ ਲਗਾ ਕੇ ਅੱਗੇ ਵੇਚ ਦਿੰਦੇ ਸਨ। ਇਸ ਗਿਰੋਹ ਦੇ ਹੋਰਨਾਂ ਮੈਂਬਰਾਂ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ। ਪੁਲਸ ਨੂੰ ਉਮੀਦ ਹੈ ਕਿ ਭਾਰੀ ਮਾਤਰਾ ਵਿਚ ਚੋਰੀ ਦੀਆਂ ਕਾਰਾਂ ਬਰਾਮਦ ਹੋਣਗੀਆਂ। ਇਸ ਲਈ ਜੇ ਹੁਣ ਕਾਰ ਮੋਟਰ ਖਰੀਦਣੀ ਹੋਵੇ ਤਾਂ ਜ਼ਰਾ ਧਿਆਨ ਨਾਲ.--ਰੈਕਟਰ ਕਥੂਰੀਆ 

No comments: