Showing posts with label ਪਾਸ਼. Show all posts
Showing posts with label ਪਾਸ਼. Show all posts

Sunday, July 28, 2013

ਪਾਸ਼....! ਤੇਰੇ ਬਾਝੋਂ ਸੀਨੇ 'ਚ ਖੋਹ ਪੈ ਰਹੀ ਹੈ !

ਕਲੇਜੇ 'ਚੋਂ ਉੱਠਦੇ;ਵਿਗੋਚੇ ਦੇ ਗੋਲ਼ੇ! ਤੇ ਅਣਛੋਹੀ ਅਗਨੀ; ਜ਼ਿਬ੍ਹਾ ਹੋ ਰਹੀ ਹੈ!
ਤੇਰੇ ਬਾਝੋਂ ਸੀਨੇ 'ਚ ਖੋਹ ਪੈ ਰਹੀ ਹੈ।

ਸੁਰਖ ਰੇਖਾ ਦੇ ਸੰਪਾਦਕ ਜਸਪਾਲ ਜੱਸੀ ਦੀ ਇਹ ਰਚਨਾ ਪੰਜਾਬ ਸਕਰੀਨ ਵਿੱਚ 18 ਜੂਨ 2011 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ। ਹੁਣ ਜਦੋਂ ਪਾਸ਼ ਦੇ ਪਿਤਾ ਮੇਜਰ ਸੋਹਣ ਸਿੰਘ ਸੰਧੂ ਸਦੀਵੀ ਵਿਛੋੜਾ ਦੇ ਗਏ ਹਨ ਤਾਂ ਇਹ ਰਚਨਾ ਇੱਕ ਵਾਰ ਫੇਰ ਬੜੀ ਸ਼ਿਦੱਤ ਨਾਲ ਸਾਰਥਕ ਹੋ ਗਈ ਹੈ। ਜਿਸ ਖੋਹ ਨੂੰ ਪਾਸ਼ ਦੇ ਮਿੱਤਰ ਅਤੇ ਚਾਹੁਣ ਵਾਲੇ ਇਸ ਤੀਬਰਤਾ ਨਾਲ ਮਹਿਸੂਸ ਕਰਦੇ ਹਨ ਉਸ ਖੋਹ ਨੂੰ ਪਾਸ਼ ਦੇ ਉਸ  ਬਹਾਦਰ ਪਿਤਾ ਨੇ  ਲਗਾਤਾਰ ਏਨੇ ਸਾਲ ਕਿਵੇਂ ਸਹਿਣ ਕੀਤਾ ਹੋਵੇਗਾ? ਬਸ ਇਸ ਅਹਿਸਾਸ ਨਾਲ ਇਸ ਰਚਨਾ ਨੂੰ ਇਥੇ ਇੱਕ ਵਾਰ ਫੇਰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। -ਰੈਕਟਰ ਕਥੂਰੀਆ 
 ਖੋਹ //ਜਸਪਾਲ ਜੱਸੀ 
ਰਿਹਾ ਵਕਤ ਤੁਰਦਾ
ਬੜੇ ਰੰਗ ਬਿਖਰੇ
ਰਿਹਾ ਅਦਬ ਖਿੜਦਾ
ਕਈ ਰੂਪ ਨਿੱਖਰੇ
ਅਜੇ ਵੀ ਨਜ਼ਮ
ਪਾਸ਼ ਨੂੰ ਕਹਿ ਰਹੀ ਹੈ
ਤੇਰੇ ਬਾਝੋਂ ਸੀਨੇ 'ਚ
ਖੋਹ ਪੈ ਰਹੀ ਹੈ।


ਇਹ ਪਾਤਰ ਨੂੰ, ਦੱਸੀਂ
ਕਿਵੇਂ ਇਲਮ ਹੋਇਆ?
ਤੂੰ ਹਾਣੀ ਹੋ ਮਿਲਿਆ
ਖੁਦਾ ਹੋ ਕੇ ਮੋਇਆ!
ਅਜੇ ਜਲਵਿਆਂ ਨੇ
ਸਿਖਰ ਨਹੀਂ ਸੀ ਛੋਹਿਆ 
ਨਵੇਂ ਜੋਬਨੇ ਦਾ
ਸਵੇਰਾ ਸੀ ਹਾਲੇ
ਅੰਗਾਂ 'ਚ ਖਿੜਨਾ
ਦੁਪਹਿਰਾ ਸੀ ਹਾਲੇ
ਤੂੰ ਅਣਪੁੰਗਰੇ ਬੀਜਾਂ
ਸਣੇ ਅਸਤ ਹੋਇਆ
ਕੋਈ ਸ਼ਾਇਰ ਖੰਜਰਾਂ ਤੋਂ
ਛੁਪ ਛੁਪ ਕੇ ਰੋਇਆ।  


ਨਾ ਪਲਕਾਂ 'ਤੇ ਲਿਆ
ਵੈਰੀਆਂ ਨੂੰ ਦਿਖਾਲ਼ੇ
ਸਨ ਅੱਥਰੂ ਲਹੂ ਦੇ
ਮੈਂ ਅੰਦਰ ਸੰਭਾਲੇ
ਖੰਜਰ ਥਿਵੇ ਤਾਂ
ਜ਼ਰਾ ਚੈਨ ਆਇਆ
ਮੈਂ ਤਰਕਸ਼ ਟਿਕਾਇਆ
ਤੇ ਦੁੱਖ ਨੂੰ ਜਗਾਇਆ
ਭੰਬੂਕਾ ਹੋ ਉਠੀ
ਕੋਈ ਛੱਲ ਸੁੱਤੀ
ਛਲਕ ਪੈਣ ਲਈ
ਕਰਵਟਾਂ ਲੈ ਰਹੀ ਹੈ।


ਸੀ ਪੱਲੂ ਜਦੋਂ, ਤੇਰੀ
ਕਾਨੀ ਨੂੰ ਛੋਹਿਆ
ਮੇਰਾ ਰੱਬ ਜਾਣੇ
ਕਿ ਮੈਨੂੰ ਕੀ ਹੋਇਆ
ਤਲਖ਼ੀਆਂ ਟਹਿਕ ਪਈਆਂ
ਮੇਰਾ ਹੁਸਨ ਹੋ ਕੇ
ਮਹਾਂ-ਪਾਰਖੂ
ਦੇਖਦੇ ਦੰਗ ਹੋ ਕੇ
ਹੁਸਨ ਦੇ ਰਵਾਇਤੀ
ਪੈਮਾਨੇ ਤ੍ਰਭਕੇ
ਨਾਜ਼ਕ ਅਦਾ ਦੇ
ਦੀਵਾਨੇ ਤ੍ਰਭਕੇ
ਉਹਨਾਂ ਨੂੰ ਦਿਸੇ ਜੋ
ਮੇਰੇ ਦਾਗ ਹੋ ਕੇ
ਉਹ ਅਲਫ਼ਾਜ਼ ਲਿਸ਼ਕੇ
ਮੇਰਾ ਭਾਗ ਹੋ ਕੇ
ਉਦੋਂ ਮੇਰੇ ਅੰਦਰ
ਗਰਜ ਲਰਜ਼ਦੀ ਸੀ
ਤੇ ਬੀਬੀ ਨਫ਼ਾਸਤ
ਬਹੁਤ ਵਰਜਦੀ ਸੀ
ਉਹ ਝਰਨਾਟ ਮੁੜ ਮੁੜ
ਇਹੋ ਕਹਿ ਰਹੀ ਹੈ
ਤੇਰੇ ਬਾਝੋਂ ਸੀਨੇ 'ਚ
ਖੋਹ ਪੈ ਰਹੀ ਹੈ


ਧੂੜਾਂ 'ਚ ਲਥ-ਪਥ
ਤਿਕਾਲਾਂ ਨੂੰ ਛੋਹ ਕੇ
ਉਹ ਮੱਥੇ 'ਚ ਮੇਰੇ
ਖਿੜੇ ਚੰਨ ਹੋ ਕੇ
ਪੱਥੇ ਹੋਏ ਗੋਹੇ 'ਤੇ
ਉਂਗਲਾਂ ਉੱਕਰੀਆਂ
ਅਮਰ ਹੋਈਆਂ ਮੇਰੇ
ਸ਼ਿਲਾਲੇਖ ਹੋ ਕੇ
ਕੱਚੇ ਘਰਾਂ ਕੋਲ
ਜੋ ਰੂੜੀਆਂ ਸਨ
ਮੈਂ ਵੀਣੀਂ ਨੂੰ ਤੱਕਿਆ
ਤਾਂ ਉਹ ਚੂੜੀਆਂ ਸਨ
ਇਹ ਛਣਕਾਰ ਕਿਸ ਕਿਸ ਦਾ
ਦਿਲ ਲੈ ਰਹੀ ਹੈ

ਤੂੰ ਸੁੱਤੀ ਨੂੰ ਆ ਕੇ
ਉਵੇਂ ਹੀ ਜਗਾ ਦੇ
ਉਹ ਅੱਕਾਂ ਦਾ ਦੁੱਧ ਕੌੜਾ
ਬੁੱਲਾਂ ਨੂੰ ਲਾ ਦੇ
ਕਾਇਆ 'ਚ ਮਿੱਟੀ ਦੀ
ਖੁਸ਼ਬੂ ਰਚਾ ਦੇ
ਪਿਘਲੇ ਹੋਏ ਲੋਹੇ 'ਚ
ਡੁਬਕੀ ਲੁਆ ਦੇ
ਤੇ ਅਣ-ਪੁੰਗਰੇ ਬੀਜਾਂ ਦਾ
ਝੋਰਾ ਮਿਟਾ ਦੇ।

ਕਲੇਜੇ 'ਚੋਂ ਉੱਠਦੇ
ਵਿਗੋਚੇ ਦੇ ਗੋਲ਼ੇ
ਤੇ ਅਣਛੋਹੀ ਅਗਨੀ
ਜ਼ਿਬ੍ਹਾ ਹੋ ਰਹੀ ਹੈ
ਤੇਰੇ ਬਾਝੋਂ ਸੀਨੇ 'ਚ
ਖੋਹ ਪੈ ਰਹੀ ਹੈ।
(15-06-09) 

ਜਸਪਾਲ ਜੱਸੀ,

ਸੰਪਾਦਕ: ਸੁਰਖ ਰੇਖਾ
ਮੋਬਾਇਲ ਸੰਪਰਕ:94631 67923 

ਜਸਪਾਲ ਜੱਸੀ ਦੀ ਇਸ ਕਾਵਿ ਰਚਨਾ ਬਾਰੇ ਆਪਣੇ ਵਿਚਾਰ ਜ਼ਰੂਰ ਭੇਜੋ। ਜੇ ਤੁਸੀਂ ਵੀ ਅਜਿਹੀ ਕੋਈ ਰਚਨਾ ਲਿਖੀ ਹੈ ਤਾਂ ਉਸਨੂੰ ਅੱਜ ਹੀ ਮੇਲ ਕਰੋ। ਤੁਹਾਡੇ ਵਿਚਾਰਾਂ ਦੀ ਉਡੀਕ ਵੀ ਰਹੇਗੀ ਅਤੇ ਤੁਹਾਡੀਆਂ ਰਚਨਾਵਾਂ ਦੀ ਵੀ। ਮੇਲ ਆਈ ਡੀ ਦਾ ਤੁਹਾਨੂੰ ਪਤਾ ਹੀ ਹੈ....:punjabscreen@gmail.com .....: ਰੈਕਟਰ ਕਥੂਰੀਆ  (rectorkathuria@gmail.com )

Friday, September 09, 2011

ਪਾਸ਼ ਨੂੰ ਦੇਸ ਦੇ ਰਿਕਸ਼ੇ ਵਾਲੇ ਤੱਕ ਪਹੁੰਚਾਉਣ ਦੀ ਲੋਡ਼ ਹੈ।-ਵਿਭੂ ਪੁਰੀ


9 ਸਤੰਬਰ ਜਨਮ ਦਿਨ 'ਤੇ ਵਿਸ਼ੇਸ਼ ਮਸ਼ਹੂਰ ਨਿਰਦੇਸ਼ਕ ਅਨੁਰਾਗ ਕਸ਼ਯਪ ਵਲੋਂ ਪੰਜਾਬੀ ਦੇ ਉਘੇ ਸ਼ਾਇਰ ਅਵਤਾਰ ਸਿੰਘ ਪਾਸ਼ ‘ਤੇ ਫਿਲਮ ਬਣਾਏ ਜਾਣ ਕਾਰਨ ਪਾਸ਼ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਫਿਲਮ ਮੇਲੇ ‘ਚ ਪਾਸ਼ ਦੀ ਜ਼ਿੰਦਗੀ ਨਾਲ ਜੁਡ਼ੀਆਂ ਦੋ ਦਸਤਾਵੇਜ਼ੀ ਫਿਲਮਾਂ ਦਿਖਾਈਆਂ ਗਈਆਂ।ਨਿਰਦੇਸ਼ਕ “ਰਾਜੀਵ” ਵਲੋਂ 1994 ‘ਚ ‘ਚ ਬਣਾਈ “ਆਪਣਾ ਪਾਸ਼” ਤੇ 2004 ‘ਚ ਆਪਣੇ ਵਿਦਿਆਰਥੀ ਜੀਵਨ ਦੌਰਾਨ ਵਿਭੂ ਪੁਰੀ ਵਲੋਂ ਬਣਾਈ ਗਈ ਫਿਲਮ “ਚੌਰਸ ਚਾਂਦ” ਦਿਖਾਈ ਗਈ।ਸਭਤੋਂ ਤੋਂ ਮਹੱਤਵਪੂਰਨ ਗੱਲ ਇਹ ਰਹੀ ਦੋਵਾਂ ਨਿਰਦੇਸ਼ਕਾਂ ਵਲੋਂ ਆਪਣੇ ਵੱਖੋ ਵੱਖੋ ਨਜ਼ਰੀਏ ਤੋਂ ਬਣਾਈਆਂ ਗਈਆਂ ਫਿਲਮਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ।ਮੈਂ ਵੀ ਵਿਚਾਰ ਚਰਚਾ ‘ਚ ਹਿੱਸਾ ਲਿਆ ਤੇ ਦੋਵਾਂ ਹੀ ਨਿਰਦੇਸ਼ਕਾਂ ਨਾਲ ਇੰਟਰਵਿਊ ਕੀਤੀ।-ਯਾਦਵਿੰਦਰ ਕਰਫਿਊ।

ਯਾਦਵਿੰਦਰ-ਪਾਸ਼ ‘ਤੇ ਫਿਲਮ ਬਣਾਉਣ ਦਾ ਵਿਚਾਰ ਕਿਵੇਂ ਆਇਆ..?

ਵਿਭੂ-ਮੈਂ ਪਾਸ਼ ਨੂੰ ਕਾਲਜ ਦੇ ਦਿਨਾਂ ‘ਚ ਪਡ਼੍ਹਨਾ ਸ਼ੁਰੂ ਕੀਤਾ।ਇਕ ਕਵੀ ਦੇ ਤੌਰ ‘ਤੇ ਪਾਸ਼ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ।ਪਾਸ਼ ਦੀ ਕਵਿਤਾ ਸਿਰਫ ਕਵਿਤਾ ਨਹੀਂ ਸਗੋਂ ਜੀਵਨ ਜਾਚ ਹੈ।ਜ਼ਿੰਦਗੀ ਦੇ ਇਸੇ ਸਫਰ ‘ਚ ਮੈਂ ਫਿਲਮ ਇੰਸਟੀਚਿਊਟ ਪੂਨੇ ਚਲਾ ਗਿਆ।ਜਿੱਥੇ 4 ਸਾਲਾਂ ਦੇ ਕੋਰਸ ‘ਚ ਦੂਜੇ ਸਾਲ ‘ਚ ਡਾਕੂਮੈਂਟਰੀ ਫਿਲਮ ਦੀ ਅਸਾਈਨਮੈਂਟ ਸੀ।ਮੈਂ ਫਿਕਸ਼ਨ ਦਾ ਬੰਦਾ ਹੋਣ ਕਰਕੇ,ਪਾਸ਼ ਨੂੰ ਡਾਕਿਊ ਡਰਾਮੇ ‘ਚ ਢਾਲਣ ਦੀ ਸੋਚੀ।ਪਰ ਜਦੋਂ ਮੈਂ ਫਿਲਮ ਬਣਾ ਰਿਹਾ ਸੀ ਤੇ ਹੁਣ ਵੀ ਪਾਸ਼ ਨੂੰ ਨਕਸਲੀ ਘੱਟ ਤੇ ਸਿਰਫ ਮਨੁੱਖਤਾ ਨਾਲ ਪਿਆਰ ਕਰਨ ਵਾਲੇ ਬੰਦੇ ਵਜੋਂ ਦੇਖਦਾ ਹਾਂ।ਮੈਂ ਇਸ ਫਿਲਮ ਨੂੰ ਵਿਅਕਤੀਗਤ ਫਿਲਮ ਮੰਨਦਾ ਹਾਂ,ਕਿਉਂਕਿ ਪਾਸ਼ ਜਿਵੇਂ ਮੈਨੂੰ ਦਿਖਦਾ ਹੈ ,ਮੈਂ ਉਸ ਨੁੰ ਉਵੇਂ ਹੀ ਵਿਖਾਇਆ।ਮੈਂ ਪਾਸ਼ ਨੂੰ ਰੁਮਾਂਸਵਾਦੀ ਤੇ ਹਰ ਨਿੱਕੀ ਨਿੱਕੀ ਚੀਜ਼ ‘ਚੋਂ ਪਿਆਰ ਲੱਭਣ ਵਾਲੇ ਕਵੀ ਦੇ ਤੌਰ ‘ਤੇ ਵੇਖਦਾ ਹਾਂ।

ਯਾਦਵਿੰਦਰ- ਪਾਸ਼,ਕਲਾ ਤੇ ਇਨਕਲਾਬ ਨੂੰ ਕਿਵੇਂ ਵੇਖਦੇ ਹੋ ?

ਵਿਭੂ-ਪਾਸ਼ ਨੂੰ ਮੈਂ ਆਪਣੀ ਫਿਲਮ ਦੀ ਤਰ੍ਹਾਂ ਵੇਖਦਾ ਹਾਂ।ਹਾਂ ਜਿਥੋਂ ਤੱਕ ਕਲਾ ਤੇ ਰੈਵੋਲੂਸ਼ਨ ਦਾ ਸਬੰਧ ਹੈ।ਮੈਂ ਮੰਨਦਾ ਹਾਂ ਕਿ ਜਦੋਂ ਤੱਕ ਕੋਈ ਸਮਾਜਿਕ ਬਦਲਾਅ ਨਹੀਂ ਆਉਂਦੇ,ਕਲਾ ਅੱਗੇ ਨਹੀਂ ਵਧ ਸਕਦੀ।ਜਦੋਂ ਬਦਲਾਅ ਆਵੇਗਾ ,ਤਦੇ ਹੀ ਆਰਟ ਲਈ ਨਵੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ।ਬਦਲਾਅ ਤੇ ਕਲਾ ਦਾ ਆਪਸ ‘ਚ ਗਹਿਰਾ ਰਿਸ਼ਤਾ ਹੈ।ਪਰ ਦੁਨੀਆਂ ਨੂੰ ਬਦਲਣਾ ਬਹੁਤ ਮੁਸ਼ਕਿਲ ਹੈ,ਇਸ ਲਈ ਮੈਂ ਸਮਝਦਾ ਹਾਂ ਕਿ ਕਲਾਕਾਰ ਦਾ ਕੰਮ ਝੰਡਾ ਚੁੱਕੇ ਨਾਅਰਾ ਲਾਉਣਾ ਨਹੀਂ ਹੁੰਦਾ ਬਲਕਿ ਕਲਾ ਦੇ ਜ਼ਰੀਏ ਹੀ ਲੋਕਾਂ ਨੂੰ ਚੇਤਨ ਕਰਨਾ ਕਰਨਾ ਹੁੰਦਾ ਹੈ।

ਯਾਦਵਿੰਦਰ-ਰਾਜੀਵ ਦੀ “ਆਪਣਾ ਪਾਸ਼” ਬਾਰੇ ਤੁਹਾਡਾ ਕੀ ਵਿਚਾਰ ਹੈ?
ਵਿਭੂ-ਜਦੋਂ ਰਾਜੀਵ ਨੇ ਫਿਲਮ ਬਣਾਈ ਸੀ,ਉਦੋਂ ਘਟਨਾ ਨਵੀਂ ਨਵੀਂ ਸੀ।ਬਡ਼ਾ ਭਾਵੁਕ ਤੇ ਸੰਵੇਦਨਸ਼ੀਲ ਮਸਲਾ ਸੀ।ਇਸ ਲਈ ਨਿਰਦੇਸ਼ਕ ਪਾਸ਼ ਨੂੰ ਇਕੋ ਪਹਿਲੂ ਤੋਂ ਵੇਖ ਰਿਹਾ ਸੀ।ਪਰ ਜਦੋਂ ਮੈਂ ਉਸੇ ਪਾਸ਼ ਨੂੰ ਲਗਭਗ 16-17 ਸਾਲਾਂ ਬਾਅਦ ਤਲਵੰਡੀ ਸਲੇਮ ਤੇ ਪੰਜਾਬ ਦੀ ਧਰਤੀ ਤੋਂ ਏਨੀ ਦੂਰ ਪੂਨੇ ਬੈਠਾ ਵੇਖ ਰਿਹਾ ਸਾਂ,ਤਾਂ ਮੇਰੇ ਲਈ ਉਸੇ ਪਾਸ਼ ਦੇ ਹੋਰ ਅਰਥ ਹਨ।

ਯਾਦਵਿੰਦਰ-ਇਕ ਫਿਲਮ ਨਿਰਦੇਸ਼ਕ ਦੇ ਤੌਰ ‘ਤੇ ਅੱਗੇ ਤੋਂ ਕਿਹੋ ਜਿਹੀਆਂ ਫਿਲਮਾਂ ਬਣਾਉਣੀਆਂ ਪਸੰਦ ਕਰੋਗੇ ?
ਵਿਭੂ-ਮੇਰੀ ਅਗਲੀ ਫਿਲਮ “ਚਿਨਾਬ ਗਾਂਧੀ” ਆ ਰਹੀ ਹੈ।ਇਸਦੇ ਪਰਡਿਊਸਰ ਸੰਜੇ ਲੀਲਾ ਭੰਸਾਲੀ ਹਨ ਤੇ ਸਕਰਿਪਟ ਤੇ ਨਿਰਦੇਸ਼ਨ ਮੈਂ ਕਰ ਰਿਹਾ ਹਾਂ।ਅਮਿਤਾਬ ਬਚਨ ਇਸ ਫਿਲਮ ‘ਚ ਮੁੱਖ ਕਿਰਦਾਰ ਵਜੋਂ ਭੂਮਿਕਾ ਨਿਭਾਉਣਗੇ।ਚਿਨਾਬ ਗਾਂਧੀ ਵੀ ਰੈਵੋਲੂਸ਼ਨ ਦੀ ਗੱਲ ਕਰਦੀ ਹੈ।ਚਿਨਾਬ ਗਾਂਧੀ ਦੇ ਰਾਹੀਂ ਮੈਂ ਦੇਸ਼ ਦੀ ਅਜ਼ਾਦੀ ਨੂੰ ਵੱਖਰੇ ਨਜ਼ਰੀਏ ਤੋਂ ਵਿਖਾਉਣਾ ਚਾਹੁੰਦਾ ਹਾਂ।ਮੈਨੂੰ ਲੱਗਦੇ ਹੈ ਕਿ ਬਟਵਾਰੇ ਦੇ ਨਾਲ ਨਾਲ 200 ਦੀ ਗੁਲਾਮੀ ਤੋਂ ਮਿਲੀ ਅਜ਼ਾਦੀ ਨੂੰ ਯਾਦ ਕਰਨਾ ਚਾਹੀਦਾ ਹੈ।ਬਟਵਾਰੇ ਦੀ ਥਾਂ ਅਜ਼ਾਦੀ ਨੂੰ ਤਰਜ਼ੀਹ।ਇਸ ਫਿਲਮ ‘ਚ ਸਾਰਿਆਂ ਦਾ ਸ਼ੰਘਰਸ਼ ਹੋਵੇ।ਮੈਨੂੰ ਲਗਦਾ ਕਿ ਧਰਮ ਦੇ ਅਧਾਰ ‘ਤੇ ਵੰਡ ਦੀ ਰਾਜਨੀਤੀ ਖਤਮ ਹੋਣੀ ਚਾਹੀਦੀ ਹੈ।

ਯਾਦਵਿੰਦਰ-ਪਾਸ਼ ਬਾਰੇ ਵੀ ਕਦੇ ਵੱਡੇ ਬਜਟ ਦੀ ਫਿਲਮ ਬਾਰੇ ਸੋਚਿਆ ਹੈ ..?

ਵਿਭੂ-ਪਾਸ਼ ਬਾਰੇ ਵੱਡੇ ਬਜਟ ਦੀ ਫਿਲਮ ਅਨੁਰਾਗ ਕਸ਼ਯਪ ਨੇ ਅਨਾਉਂਸ ਕੀਤੀ ਹੈ।ਬਹੁਤ ਚੰਗੀ ਗੱਲ ਹੈ।ਕਦੇ ਮੌਕਾ ਮਿਲਿਆ ਤਾਂ ਜ਼ਰੂਰ ਹੀ,ਪਾਸ਼ ‘ਤੇ ਫਿਲਮ ਬਣਾਵਾਂਗਾ। ਪਾਸ਼ ਨੂੰ ਇਸ ਦੇਸ ਦੇ ਰਿਕਸ਼ੇ ਵਾਲੇ ਤੱਕ ਪਹੁੰਚਾਉਣ ਦੀ ਲੋਡ਼ ਹੈ।

ਯਾਦਵਿੰਦਰ-ਕੀ ਕਾਰਨ ਹੈ ਕਿ ਸ਼ਿਆਮ ਬੈਨੇਗਲ ਵਰਗੇ ਨਿਰਦੇਸ਼ਕ,ਜੋ ਇਕ ਦੌਰ ‘ਚ ਚੰਗੀਆਂ ਫਿਲਮਾਂ ਬਣਾਉਦੇ ਰਹੇ ਉਹ ਅੱਜ ਬਿਲਕੁਲ ਕਮਰਸ਼ੀਅਲ ਫਿਲਮਾਂ ਬਣਾਉਣ ਲੱਗ ਪਏ..?

ਵਿਭੂ-ਹਾਲਾਂਕਿ ਇੰਸਡਰੀ ਨੇ ਇਹਨਾਂ ਸਨਮਾਨਯੋਗ ਲੋਕਾਂ ‘ਤੇ ਮੇਰਾ ਕੋਈ ਕੁਮੈਂਟ ਕਰਨਾ ਨਹੀਂ ਬਣਦਾ,ਪਰ ਮੈਂ ਏਨਾ ਜ਼ਰੂਰ ਕਹਾਂਗਾ ਕਿ ਜਿਹਡ਼ੇ ਦਰਸ਼ਕ ਸਿਨੇਮਾ ਨੂੰ ਇੰਟਰਟੇਨਮੈਂਟ ਦੇ ਰੂਪ ਦੇ ਮਾਣਦੇ ਹਨ,ਉਹ ਪ੍ਰਵਚਨ ਸੁਣਨਾ ਪਸੰਦ ਨਹੀਂ ਕਰਦੇ।ਤੇ ਇਹਨਾਂ ਦੀ ਇਹੀ ਤਰਾਸ਼ਦੀ ਰਹੀ ਹੈ ਕਿ ਇਹਨਾਂ ਨੇ ਪ੍ਰਵਚਨ ਵਾਲੀ ਲੀਹ ਫਡ਼੍ਹੀ ਰੱਖੀ ।ਅੰਤ ਉਸਦਾ ਨਤੀਜਾ ਤੁਹਾਡੇ ਸਾਹਮਣੇ ਹੈ।ਮੈਨੂੰ ਲਗਦਾ ਹੈ ਕਿ ਸਾਨੂੰ ਆਪਣੀ ਗੱਲ ਇੰਟਰਟੇਨਮੈਂਟ ਦੇ ਜ਼ਰੀਏ ਕਹਿਣੀ ਚਾਹੀਦੀ ਹੈ।
MOB:09899436972

Sunday, August 14, 2011

ਤੂੰ ਵਾਪਿਸ ਆ ਯਾਰਾ.....!

ਪਿਆਰੇ ਪਾਸ਼ ਨੂੰ ਸਮਰਪਿਤ
ਨਹੀਂ ਦੋਸਤ 
ਤੂੰ  ਹਾਲੀ ਵਿਦਾ ਨਹੀਂ ਹੋਣਾ ਸੀ 
ਹਾਲੀ ਤਾਂ ਤੂੰ ਬਹਤ ਕੁਝ ਹੋਰ ਕਰਨਾ ਸੀ 

ਤੂੰ ਭਾਰਤ ਮਾਂ ਦੀ ਬਾਂਹ ਤੇ ਬੰਨੀ ਕੋਈ ਰਖ ਬਣਨਾ ਸੀ
ਜੋ ਸਾਨੂੰ ਨਹੀਂ ਦਿਸਦਾ ਦਿਖਾਉਣ ਲਈ ਅਖ ਬਣਨਾ ਸੀ

ਸਾਨੂੰ  ਨਾਸਮਝਾਂ ਨੂੰ ਹਾਲੀ ਤੂੰ ਹੋਰ ਸਮਝਾਉਣਾ ਸੀ
ਸਾਨੂੰ  ਬੇਅਣਖਾਂ ਨੂੰ  ਅਣਖ ਨਾਲ ਜਿਊਣਾ ਸਿਖਾਉਣਾ ਸੀ

ਸਾਡੇ ਬੋਲੇ ਕੰਨਾ 
ਨੂੰ ਜੋ ਸੁਨ ਸਕੇ ਓਹ ਰਾਗ ਬਣਨਾ ਸੀ
ਅੱਜ ਦੇ ਸਿਆਸੀ ਦੁਧ 
ਨੂੰ ਫਾੜਨ ਦੇ ਲਈ ਜਾਗ ਬਣਨਾ ਸੀ

ਮੈਂ ਮੰਨਦਾ ਇਹ ਸਭ ਤੂ ਆਪਣੇ ਸਮਿਆ ਵਿਚ ਕਰ ਗਿਆ ਸੀ
ਨਾਸਾਜ਼ ਹਾਲਾਤ ਬਦਲਦੇ ਕਿਵੇਂ ਨਜਮਾ'ਚ ਲਿਖ ਕੇ ਧਰ ਗਿਆ ਸੀ 

ਪਰ ਜਦੋਂ ਵੀ ਯਾਰਾ ਕਿਧਰੇ ਮੇਰੀ ਖੱਬੀ ਅਖ ਫਰਕਦੀ ਏ
ਇਓਂ ਲਗਦਾ ਏ ਮੈਨੂ ਕੇ ਤੇਰੀ ਰੂਹ ਤੜਫਦੀ ਏ

ਇਹ ਦੇਖ ਕੇ ਅਸੀਂ ਜਿਹਨਾ ਨੇ...

ਸਮੇ ਦੇ ਬੇਕਾਬੂ ਘੋੜੇ ਦੀ ਲਗਾਮ 
ਨੂੰ ਫੜਨਾ ਸੀ
ਜਿਹਨਾ ਤੇਰਾ ਦਸਿਆ ਤੀਸਰਾ ਮਹਾ-ਯੁਧ ਲੜਨਾ ਸੀ 
ਆਪੋ ਵਿਚ ਹੀ ਲੜ-ਲੜ, ਕਟ-ਕਟ ਮਾਰੀ ਜਾ ਰਹੇ ਹਾਂ 
ਨਿਤ ਜ਼ੁਲਮ ਦੀ ਸਰਹੱਦ ਤੇ ਸਿਰ ਧਰੀ ਜਾ ਰਹੇ ਹਾਂ 

ਕੇ ਤੇਰੀਆਂ ਨਜ਼ਮਾਂ ਚ ਹੀ ਰਹਿ ਗਿਆ
ਤੇਰੇ ਦਸੇ ਜੀਣ ਦੇ ਢੰਗ ਦਾ ਨਾਂ 
ਕੇ ਅਸੀਂ ਅੱਜ ਵੀ ਲੋਟੂ ਹੀ ਰਹੇਂ ਹਾਂ ਬਦਲ 
ਜਿੰਦਗੀ ਤੇ ਮੌਤ ਦੇ ਅਰਥ ਬਦਲਣ ਦੀ ਥਾਂ
 

ਤੂੰ ਵਾਪਿਸ ਆ ਯਾਰਾ 
ਜ਼ੁਲਮ ਦੇ ਖਿਲਾਫ਼ ਕਢੀ ਕੋਈ ਸੂਹ ਬਣਕੇ ਆ 
ਇਨਕਲਾਬ ਦੇ ਪਿੰਡ ਨੂ ਜਾਂਦੀ ਕੋਈ ਜੂਹ ਬਣਕੇ ਆ 
ਲੋਕਾਂ ਦੇ ਇਸ਼ਕ ਦਿਆ ਵਾਰਿਸਾ ਤੂੰ 
ਵਿਚ ਸਰੀਰਾਂ ਸਾਡਿਆਂ ਰੂਹ ਬਣਕੇ ਆ

ਨਹੀਂ ਯਾਰਾ ਤੂ ਹਾਲੀ ਨਹੀਓ ਵਿਦਾ ਹੋਣਾ ਸੀ
ਹਾਲੇ ਤਾ ਯਾਰਾ ਮੈਂ ਵੀ ਤੇਰੇ ਗਲ ਲੱਗ ਰੋਣਾ ਸੀ 
ਹਾਲੇ ਤਾ ਯਾਰਾ ਮੈਂ ਤੈ
ਨੂੰ ਛੂਹ ਕੇ ਵੇਖਣਾ ਸੀ 
ਤੇਰੇ ਹਥਾਂ 
ਨੂੰ ਚੁਮਣਾ ਸੀ ਤੇਰੇ ਪੈਰਾਂ ਨੂ ਧੋਣਾ ਸੀ.                       -ਸੁਖਵੀਰ ਸਰਵਰ 

Saturday, June 18, 2011

ਖੋਹ (ਪਾਸ਼ ਦੀ ਅਣਹੋਂਦ ਦੇ ਨਾਂ)//-ਜਸਪਾਲ ਜੱਸੀ

ਰਿਹਾ ਵਕਤ ਤੁਰਦਾ
ਬੜੇ ਰੰਗ ਬਿਖਰੇ
ਰਿਹਾ ਅਦਬ ਖਿੜਦਾ
ਕਈ ਰੂਪ ਨਿੱਖਰੇ
ਅਜੇ ਵੀ ਨਜ਼ਮ
ਪਾਸ਼ ਨੂੰ ਕਹਿ ਰਹੀ ਹੈ
ਤੇਰੇ ਬਾਝੋਂ ਸੀਨੇ 'ਚ
ਖੋਹ ਪੈ ਰਹੀ ਹੈ।


ਇਹ ਪਾਤਰ ਨੂੰ, ਦੱਸੀਂ
ਕਿਵੇਂ ਇਲਮ ਹੋਇਆ?
ਤੂੰ ਹਾਣੀ ਹੋ ਮਿਲਿਆ
ਖੁਦਾ ਹੋ ਕੇ ਮੋਇਆ!
ਅਜੇ ਜਲਵਿਆਂ ਨੇ
ਸਿਖਰ ਨਹੀਂ ਸੀ ਛੋਹਿਆ 
ਨਵੇਂ ਜੋਬਨੇ ਦਾ
ਸਵੇਰਾ ਸੀ ਹਾਲੇ
ਅੰਗਾਂ 'ਚ ਖਿੜਨਾ
ਦੁਪਹਿਰਾ ਸੀ ਹਾਲੇ
ਤੂੰ ਅਣਪੁੰਗਰੇ ਬੀਜਾਂ
ਸਣੇ ਅਸਤ ਹੋਇਆ
ਕੋਈ ਸ਼ਾਇਰ ਖੰਜਰਾਂ ਤੋਂ
ਛੁਪ ਛੁਪ ਕੇ ਰੋਇਆ।  


ਨਾ ਪਲਕਾਂ 'ਤੇ ਲਿਆ
ਵੈਰੀਆਂ ਨੂੰ ਦਿਖਾਲ਼ੇ
ਸਨ ਅੱਥਰੂ ਲਹੂ ਦੇ
ਮੈਂ ਅੰਦਰ ਸੰਭਾਲੇ
ਖੰਜਰ ਥਿਵੇ ਤਾਂ
ਜ਼ਰਾ ਚੈਨ ਆਇਆ
ਮੈਂ ਤਰਕਸ਼ ਟਿਕਾਇਆ
ਤੇ ਦੁੱਖ ਨੂੰ ਜਗਾਇਆ
ਭੰਬੂਕਾ ਹੋ ਉਠੀ
ਕੋਈ ਛੱਲ ਸੁੱਤੀ
ਛਲਕ ਪੈਣ ਲਈ
ਕਰਵਟਾਂ ਲੈ ਰਹੀ ਹੈ।


ਸੀ ਪੱਲੂ ਜਦੋਂ, ਤੇਰੀ
ਕਾਨੀ ਨੂੰ ਛੋਹਿਆ
ਮੇਰਾ ਰੱਬ ਜਾਣੇ
ਕਿ ਮੈਨੂੰ ਕੀ ਹੋਇਆ
ਤਲਖ਼ੀਆਂ ਟਹਿਕ ਪਈਆਂ
ਮੇਰਾ ਹੁਸਨ ਹੋ ਕੇ
ਮਹਾਂ-ਪਾਰਖੂ
ਦੇਖਦੇ ਦੰਗ ਹੋ ਕੇ
ਹੁਸਨ ਦੇ ਰਵਾਇਤੀ
ਪੈਮਾਨੇ ਤ੍ਰਭਕੇ
ਨਾਜ਼ਕ ਅਦਾ ਦੇ
ਦੀਵਾਨੇ ਤ੍ਰਭਕੇ
ਉਹਨਾਂ ਨੂੰ ਦਿਸੇ ਜੋ
ਮੇਰੇ ਦਾਗ ਹੋ ਕੇ
ਉਹ ਅਲਫ਼ਾਜ਼ ਲਿਸ਼ਕੇ
ਮੇਰਾ ਭਾਗ ਹੋ ਕੇ
ਉਦੋਂ ਮੇਰੇ ਅੰਦਰ
ਗਰਜ ਲਰਜ਼ਦੀ ਸੀ
ਤੇ ਬੀਬੀ ਨਫ਼ਾਸਤ
ਬਹੁਤ ਵਰਜਦੀ ਸੀ
ਉਹ ਝਰਨਾਟ ਮੁੜ ਮੁੜ
ਇਹੋ ਕਹਿ ਰਹੀ ਹੈ
ਤੇਰੇ ਬਾਝੋਂ ਸੀਨੇ 'ਚ
ਖੋਹ ਪੈ ਰਹੀ ਹੈ


ਧੂੜਾਂ 'ਚ ਲਥ-ਪਥ
ਤਿਕਾਲਾਂ ਨੂੰ ਛੋਹ ਕੇ
ਉਹ ਮੱਥੇ 'ਚ ਮੇਰੇ
ਖਿੜੇ ਚੰਨ ਹੋ ਕੇ
ਪੱਥੇ ਹੋਏ ਗੋਹੇ 'ਤੇ
ਉਂਗਲਾਂ ਉੱਕਰੀਆਂ
ਅਮਰ ਹੋਈਆਂ ਮੇਰੇ
ਸ਼ਿਲਾਲੇਖ ਹੋ ਕੇ
ਕੱਚੇ ਘਰਾਂ ਕੋਲ
ਜੋ ਰੂੜੀਆਂ ਸਨ
ਮੈਂ ਵੀਣੀਂ ਨੂੰ ਤੱਕਿਆ
ਤਾਂ ਉਹ ਚੂੜੀਆਂ ਸਨ
ਇਹ ਛਣਕਾਰ ਕਿਸ ਕਿਸ ਦਾ
ਦਿਲ ਲੈ ਰਹੀ ਹੈ

ਤੂੰ ਸੁੱਤੀ ਨੂੰ ਆ ਕੇ
ਉਵੇਂ ਹੀ ਜਗਾ ਦੇ
ਉਹ ਅੱਕਾਂ ਦਾ ਦੁੱਧ ਕੌੜਾ
ਬੁੱਲਾਂ ਨੂੰ ਲਾ ਦੇ
ਕਾਇਆ 'ਚ ਮਿੱਟੀ ਦੀ
ਖੁਸ਼ਬੂ ਰਚਾ ਦੇ
ਪਿਘਲੇ ਹੋਏ ਲੋਹੇ 'ਚ
ਡੁਬਕੀ ਲੁਆ ਦੇ
ਤੇ ਅਣ-ਪੁੰਗਰੇ ਬੀਜਾਂ ਦਾ
ਝੋਰਾ ਮਿਟਾ ਦੇ।

ਕਲੇਜੇ 'ਚੋਂ ਉੱਠਦੇ
ਵਿਗੋਚੇ ਦੇ ਗੋਲ਼ੇ
ਤੇ ਅਣਛੋਹੀ ਅਗਨੀ
ਜ਼ਿਬ੍ਹਾ ਹੋ ਰਹੀ ਹੈ
ਤੇਰੇ ਬਾਝੋਂ ਸੀਨੇ 'ਚ
ਖੋਹ ਪੈ ਰਹੀ ਹੈ।
(15-06-09) 

ਜਸਪਾਲ ਜੱਸੀ,

ਸੰਪਾਦਕ: ਸੁਰਖ ਰੇਖਾ
ਮੋਬਾਇਲ ਸੰਪਰਕ:94631 67923 

ਜਸਪਾਲ ਜੱਸੀ ਦੀ ਇਸ ਕਾਵਿ ਰਚਨਾ ਬਾਰੇ ਆਪਣੇ ਵਿਚਾਰ ਜ਼ਰੂਰ ਭੇਜੋ. ਜੇ ਤੁਸੀਂ ਵੀ ਅਜਿਹੀ ਕੋਈ ਰਚਨਾ ਲਿਖੀ ਹੈ ਤਾਂ ਉਸਨੂੰ ਅੱਜ ਹੀ ਮੇਲ ਕਰੋ. ਤੁਹਾਡੇ ਵਿਚਾਰਾਂ ਦੀ ਉਡੀਕ ਵੀ ਰਹੇਗੀ ਅਤੇ ਤੁਹਾਡੀਆਂ ਰਚਨਾਵਾਂ ਦੀ ਵੀ. ਮੇਲ ਆਈ ਦਾ ਤੁਹਾਨੂੰ ਪਤਾ ਹੀ ਹੈ....:punjabscreen@gmail.com .....: ਰੈਕਟਰ ਕਥੂਰੀਆ  (rectorkathuria@gmail.com )

Wednesday, May 11, 2011

ਆਨ ਲਾਈਨ ਮੀਡੀਆਂ ਦਾ ਤੇਜ਼ ਤਰਾਰ ਲੇਖਕ ਇੰਦਰਜੀਤ ਕਾਲਾਸੰਘਿਆਂ

ਜਦੋਂ ਵੀ ਮੈਂ ਕਿਤੇ ਪਿੰਡ ਕਾਲਾਸੰਘਿਆਂ ਦਾ ਨਾਂ ਪੜ੍ਹਦਾ ਜਾਂ ਸੁਣਦਾ ਹਾਂ ਤਾਂ ਉਸੇ ਵਕਤ ਮੇਰੇ ਮਨ 'ਚ ਮਹਾਨ ਗਦਰੀ ਬਾਬਾ ਹਰਨਾਮ ਸਿੰਘ ਜੀ,ਜਿਨ੍ਹਾਂ ਨੇ ਸਹੀਦ ਕਰਤਾਰ ਸਿੰਘ ਸਰਾਭਾ ਜੀ ਨਾਲ ਮਿਲ ਕੇ ਦੇਸ਼ ਦੀ ਆਜ਼ਾਦੀ ਵਿਚ ਵਿਸ਼ੇਸ ਯੋਗਦਾਨ ਪਾਇਆ ਅਤੇ ਲਾਹੋਰ ਜਾ ਕੇ ਗੁਲਾਮੀ ਦੇ ਪ੍ਰਤੀਕ ਲਾਰੰਸ ਦਾ ਬੁੱਤ ਤੋੜਨ ਵਾਲੇ ਦੇਸ਼ ਭਗਤਾਂ ਦਾ ਖਿਆਲ ਆ ਜਾਂਦਾ ਹੈ | ਸ਼ਾਇਦ ਕਾਲਾ ਸੰਘਿਆ ਦੀ ਮਿੱਟੀ ਨੂੰ ਬਖਸ਼ ਹੈ ਜੋ ਗੁੜਤੀ ਦੇ ਨਾਲ ਦਿਲ ਵਿਚ ਦੇਸ਼ ਪਿਆਰ ਚਿਣਗ ਜਗਾ ਦਿੰਦੀ ਹੈ | ਮੈਨੂੰ ਇਸੇ ਪਿੰਡ ਵਿਚ ਢਾਈ ਕੁ ਦਹਾਕੇ ਪਹਿਲਾ 11 ਮਈ 1986 ਨੂੰ ਜਨਮੇ ਇੰਦਰਜੀਤ ਕਾਲਾਸੰਘਿਆ ਦੀਆਂ ਲਿਖਤਾਂ 'ਚ ਲੋਕ ਪੱਖੀ ਰੰਗ ਪੜ੍ਹਣ ਨੂੰ ਮਿਲਿਆ ਹੈ | ਮੈਨੂੰ ਇੰਦਰਜੀਤ ਦੀਆਂ ਲਿਖਤਾਂ ਵਿਚੋਂ ਸਮਾਜਿਕ ਚੇਤਨਾ,ਦੇਸ਼ ਪਿਆਰ ,ਸਮਾਜਿਕ ਤਬਦੀਲੀ ਅਤੇ ਆਰਥਿਕਤਾ ਬਰਾਬਰੀ ਦੀ ਮਹਿਕ ਆਉਂਦੀ ਹੈ, ਚਾਹੇ ਕਿ ਉਸ ਦਾ ਪਰਵਾਰਿਕ ਪਿਛੋਕੜ ਸਾਹਿਤਕ ਨਾ ਹੋ ਕੇ ਰਾਜਨੀਤਕ ਹੈ । ਉਹ ਆਪਣੀਆਂ ਲਿਖਤਾਂ ਬਾਰੇ ਗੱਲ ਕਰਦਿਆਂ ਬੜੇ ਮਾਣ ਨਾਲ ਦੱਸਦਾ ਹੈ ਮੇਰਾ ਮਕਸਦ ਦੱਬੇ-ਕੁਚਲੇ ਲੋਕਾਂ ਵਿਚ ਸਮਾਜਿਕ ਚੇਤਨਾ ਪੈਦਾ ਕਰ ਸਭਿਆਚਾਰਕ ਤਬਦੀਲੀ ਲਿਆਉਣੀ ਹੈ | ਪਾਸ਼,ਲਾਲ ਸਿੰਘ ਦਿਲ,ਸ਼ਿਵ ਦੀਆਂ ਰਚਨਾਵਾਂ ਤੋਂ ਪ੍ਰਭਾਵਤ ਇੰਦਰਜੀਤ ਸਮਕਾਲੀ ਕਵਿਤਾ ਬਾਰੇ ਕਹਿੰਦਾ ਹੈ ਅੱਜ ਦੇ ਦੌਰ ਦੀ ਬਹੁਤ ਸਾਰੀ ਕਵਿਤਾ ਲੋਕ ਹਿੱਤਾਂ ਦੀ ਬਜਾਏ ਸਿਰਫ ਕਿਤਾਬਾਂ ਲਿਖ ਮਾਣ ਸਾਨ੍ਹਮਾਣ ਲੈਣ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ |ਜੋ ਚਿੰਤਾ ਦਾ ਵਿਸ਼ਾ ਹੈ | ਨੋਜਵਾਨ ਸ਼ਾਇਰ ਹੋਣ ਦੇ ਨਾਤੇ ਜਦ ਮੈਂ ਉਸ ਨੂੰ ਪੁਛਿਆ ਕਿ ਦੇਸ਼ ਵਿਚ ਗਰੀਬੀ ਅਤੇ ਰਿਸ਼ਵਤ ਕਿਵੇਂ ਖਤਮ ਹੋ ਸਕਦੀ ਹੈ ਤਾਂ ਉਨ੍ਹਾਂ ਬੇਝਿਜਕ ਕਿਹਾ ਲੋਕਤੰਤਰਿਕ ਰਾਜਨੀਤਕ ਢਾਂਚਾ ਵਿਚ ਸੁਧਾਰ ਨਾਲ ਹੀ ਇਹ ਸੰਭਵ ਹੈ ਅਤੇ ਇਸ ਲਈ ਲੋਕਾਂ ਨੂੰ ਜਾਗਰੂਕ ਹੋਣਾ ਪਵੇਗਾ | ਪੰਜਾਬੀ ਭਾਸ਼ਾ ਨੂੰ ਖਤਰੇ ਬਾਰੇ ਇੰਦਰਜੀਤ ਨੇ ਕਿਹਾ ਪੰਜਾਬੀ ਭਾਸ਼ਾ ਨੂੰ ਕੋਈ ਖਤਰਾ ਨਹੀ ਹੈ,ਸਗੋਂ ਪੂਰੇ ਵਿਸ਼ਵ ਵਿਚ ਪੰਜਾਬੀ ਬੋਲੀ ਅਤੇ ਭਾਸ਼ਾ ਨੂੰ ਲੋਕਾਂ ਬਹੁਤ ਪਿਆਰ ਦਿੱਤਾ ਅਤੇ ਅਪਣਾਇਆ ਹੈ | ਜੇ ਖਤਰਾ ਹੈ ਅਖੌਤੀ ਵਿਦਵਾਨਾਂ ਤੋਂ ਹੈ ਜੋ ਪੰਜ਼ਾਬੀ ਦੇ ਮੂਲ ਸਰੂਪ ਨੂੰ ਕਾਇਮ ਰੱਖਣ ਦੀ ਬੇਤੁੱਕੀ ਜ਼ਿਦ ਕਰ ਰਿਹੇ ਹਨ, ਸਹੂਲਤ ਤੇ ਬੋਲਣ ਸਮਝਣ ਵਿਚ ਆਸਾਨੀ ਵਾਲੇ ਹੋਰ ਭਾਸ਼ਾਵਾਂ ਦੇ ਸ਼ਬਦ ਵਰਤਣ ਨੂੰ ਪੰਜਾਬੀ ਭਾਸ਼ਾ ਦੇ ਮੂਲ ਨੂੰ ਖਰਾਬ ਕਰਨਾ ਕਹਿ ਰਹੇ ਹਨ | ਪੰਜਾਬੀ ਨਾਟਕ ਗੱਲ ਕਰਦਿਆਂ ਉਨ੍ਹਾਂ ਕਿਹਾ ਪਹਿਲਾਂ ਦੇ ਮੁਕਾਬਲੇ ਨਾਟਕ ਵਿਚ ਕਾਫੀ ਬਦਲਾਵ ਆਏ ਹਨ । ਨਾਟਕਕਾਰ ਭਾਈ ਮੰਨਾ ਸਿੰਘ ਜੀ ਦੇ ਲੋਕ ਪੱਖੀ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ | ਜੇ ਰੰਗਕਰਮੀਆਂ ਨੂੰ ਆਰਥਿਕ ਸਹਾਇਤਾ ਮਿਲੇ ਤਾਂ ਨਾਟਕ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇ ਤਾਂ ਨਾਟਕ ਐਸੀ ਵਿਧਾ ਹੈ ਜਿਸ ਨਾਲ ਲੋਕਾਂ ਦੀ ਮਾਨਸਿਕਤਾ ਨੂੰ ਬਦਲਿਆ ਅਤੇ ਜਾਗਰੂਕ ਕੀਤਾ ਜਾ ਸਕਦਾ ਹੈ | ਮਹਾਨ ਕਥਾਵਾਚਕ ਸਵਰਗੀ ਭਾਈ ਲਖਵਿੰਦਰ ਸਿੰਘ ਖਾਲਸਾ,ਸਵਰਗੀ ਸ਼ਾਇਰ ਕੰਵਰ ਇਮਤਿਆਜ਼ ਅਤੇ ਪੱਤਰਕਾਰ ਬਲਜੀਤ ਸੰਘਾ ਜੀ ਦਾ ਉਹ ਬਹੁਤ ਰਿਣੀ ਹੈ ਜਿਨ੍ਹਾਂ ਨੇ ਉਸ ਨੂੰ ਸਾਹਿਤ ਨਾਲ ਜੋੜਿਆ | ਉਹ ਮਾਣ ਨਾਲ ਆਖਦਾ ਹੈ ਜੇ ਇਹ ਮਹਾਨ ਸਖਸੀਅਤਾਂ ਸਾਹਿਤ ਨਾਲ ਨਾ ਜੋੜਦੀਆਂ ਤਾਂ ਅੱਜ ਭਟਕਦਾ ਹੁੰਦਾ | ਗਾਇਕ ਰਾਜ ਬਰਾੜ,ਦੇਬੀ ਮਖਸੂਸਪੂਰੀ ਅਤੇ ਸ਼ੀਰਾ ਜਸਵੀਰ ਦੀ ਗਾਇਕੀ ਅਤੇ ਲੇਖਣੀ ਤੋਂ ਪ੍ਰਭਾਵਤ ਇੰਦਰਜੀਤ ਨੇ ਭਰੇ ਮਨ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਅੱਜ ਦੀ ਜਿਆਦਾਤਰ ਗਾਇਕੀ ਵਿਚ ਹਥਿਆਰ-ਅਸਲਾ ਅਤੇ ਕਾਲਜੀ ਆਸ਼ਕੀ ਜਿਹੇ ਵਿਸ਼ੇ ਭਾਰੁ ਹੋ ਗਏ ਹਨ ਜੋ ਲੋਕਾਂ ਨੂੰ ਨਿਗਾਰ ਵੱਲ ਲਿਜਾਣ ਵਾਲਾ ਸੰਕੇਤ ਹੈ ,ਜੋ ਮਾੜੀ ਗੱਲ ਹੈ | ਦੇਸ਼ ਵਿਚਲੇ ਵੱਖਵਾਦ ਅਤੇ ਅੱਤਵਾਦ 'ਤੇ ਉਸਦੀ ਡੂੰਘੀ ਚਿੰਤਾਂ ਹੈ,ਇਸ ਬਾਰੇ ਉਹ ਸ਼ੱਪਸ਼ਟ ਕਹਿੰਦਾਂ ਹੈ ਭਾਰਤ ਨੂੰ ਇਕ ਮਜਬੂਤ ਰਸ਼ਾਟਰ ਬਣਾਉਣ ਲਈ ਜ਼ਰੂਰੀ ਹੈ ਕਿ ਇਸਦੇ ਸੈਕੂਲਰ ਬਿੰਬ ਨੂੰ ਹੋਰ ਨਿਖਾਰਨ ਅਤੇ ਪਾਰਦਰਸ਼ੀ ਬਣਾੳਣ ਦੀ ਲੋੜ ਹੈ । ਉਹ ਹਰ ਤਰ੍ਹਾਂ ਦੇ ਵੱਖਵਾਦ ਜੋ ਧਾਰਮਿਕ ਹੈ,ਜਾਂ ਜਾਤ ਜਾਂ ਵਰਗ ਦੇ ਨਾਮ ਤੇ,ਨਕਸਲਵਾਦ ਹੈ ਜਾਂ ਮਾੳਵਾਦ ਦਾ ਕੱਟੜ ਵਿਰੋਧੀ ਹੈ । ਭਗਤ ਸਿੰਘ ਉਸ ਲਈ ਰੋਲ ਮਾਡਲ ਹੈ,ਜਦ ਕਿਤੇ ਵੀ ਉਸਦੀ ਗੱਲ ਕਰਦਾ ਹੈ ਤਾਂ ਮਹਿਸੂਸ ਹੁੰਦਾਂ ਹੈ ਜਿਵੇ ਉਹ ਖੁਦ ਭਗਤ ਸਿੰਘ ਦੇ ਨਾਲ ਪਲ ਪਲ ਰਿਹਾ ਹੋਵੇ,ਜਿਵੇ ਬੰਦੂਖਾਂ ਬੀਜਣ ਤੋ ਫਾਸੀ ਤੱਕ ਉਸ ਦੇ ਨਾਲ ਕਦਮ ਦਰ ਕਦਮ ਚਲਦਾ ਰਿਹਾ ਹੋਵੇ । ਉਸ ਵਿਚਲੀ ਰਾਸ਼ਟਰਵਾਦ ਦੀ ਭਾਵਨਾ ਉਸ ਦੇ ਕਿਰਦਾਰ ਦਾ ਅਹਿਮ ਹਿੱਸਾ ਹੈ,ਉਹ ਭਾਰਤ ਨੂੰ ਇਕ ਮਜਬੂਤ ਰਾਸ਼ਟਰ ਦੇ ਰੂਪ ਵਿਚ ਉੱਭਰਦਾ ਦੇਖਣਾ ਚਾਹੁੰਦਾ ਹੈ । ਪੰਜ਼ਾਬ ਵਿਚ ਬੇ ਫਜ਼ੂਲ ਵਧ ਰਿਹੇ ਵਿਆਹਵਾਂ ਦੇ ਖਰਚਿਆਂ ਉਪਰ ਵੀ ਉਸ ਦੀ ਚਿੰਤਾਂ ਵੀ ਗੰਭੀਰ ਹੈ,ਉਹ ਅਜਿਹੇ ਵਿਆਹ ਦੀਆਂ ਰਸਮਾਂ ਦੇ ਹੱਕ ਵਿਚ ਹੈ ਜੋ ਬਿਨਾਂ ਕਿਸੇ ਖਰਚ ਦੇ ਹੋ ਸਕੇ | ਉਸਦੀ ਕਾਵਿਤਾ ਬਾਰੇ ਹੇਠ ਲਿਖੇ ਲੇਖਕਾਂ/ਵਿਧਵਾਨਾਂ ਵਿਚਾਰ ਪ੍ਰਗਟ ਕੀਤੇ ਹਨ:-  
ਪਰਮਜੀਤ ਦੋਸਾਂਝ, ਇੰਦਰਜੀਤ ਦੀ ਕਵਿਤਾ ਬਾਰੇ ਆਖਦਾ ਹੈ "ਮੈਨੂੰ ਲੱਗਦਾ ਹੈ ਕਿ ਇਕ ਇਨਕਲਾਬੀਆਂ ਕਵਿਤਾ ਰਚਣ ਦੇ ਨਾਲ ਨਾਲ ਤੁਸੀ ਲੋਕ ਚੇਨਤਾ ਨੂੰ ਵੀ ਤਿੱਖਿਆ ਕਰ ਰਹੇ ਹੋ , ਜੋ ਕਿ ਤੁਹਾਡੀ ਪ੍ਰਾਪਤੀ ਹੀ ਕਹੀ ਜਾ ਸਕਦੀ ਹੈ ।
ਸਾਨੂੰ ਸਾਰਿਆ ਨੂੰ ਤੁਹਾਡੇ ਤੇ ਮਾਣ ਹੈ ਜੀ ਅਤੇ ਜਨਵਾਦੀ ਲੇਖਕ ਲੋਕ ਰਾਜ ਜੀ ਦਾ ਕਹਿਣਾ ਹੈ "ਸੰਘਿਆਂ ਤੇ ਤਲਵੰਡੀ ਸਲੇਮ ਦਾ ਕਾਫੀ ਅਸਰ ਨਜ਼ਰ ਆਉਂਦਾ ਹੈ.. ਗਵਾਂਢ ਜੁ ਹੋਇਆ....ਅਛਾ ਹੈ, Pash would have been proud of you! Being a neighbourer, I am proud too!!" ਅਤੇ ਪਰਵਾਸੀ ਸਾਹਿਤਕਾਰ ਜਤਿੰਦਰ ਲਸਾੜਾ ਜੀ ਨੇ ਇੰਦਰਜੀਤ ਦੀ ਕਾਵਿਤਾ ਬਾਰੇ ਟਿਪਣੀ ਕਰਦਿਆਂ ਕਿਹਾ "ਇੰਦਰਜੀਤ ਭਾਜੀ...!!! ਕੋਈ ਸ਼ੱਕ ਨਹੀਂ ਕਿ ਤੁਹਾਡੇ 'ਚ ਮਹਾਨ ਫ਼ਨਕਾਰ ਛੁਪਿਆ ਹੈ, ਬੱਸ ਲੋੜ ਹੈ ਸਹੀ ਦਿਸ਼ਾ ਦੀ ।.............
ਦੁਆ ਹੈ.....ਤੁਹਾਡੀ ਕਵਿਤਾ ਇਸੇ ਤਰਾਂ "ਕਿਰਤੀਆਂ,  ਕਾਮਿਆਂ, ਕਿਸਾਨਾਂ ਅਤੇ ਮਨੁਖਤਾ ਦੇ ਦਰਦ ਵਿੱਚ "ਵਿ"ਅਸਤ ਰਹੇ,"ਵਿ"ਖਾਵੇ ਰਾਹ ਸੱਚ ਅਤੇ ਹੱਕ ਦਾ ਅਤੇ ਸਮੇਂ ਦੇ ਪੰਨਿਆਂ 'ਤੇ ਉੱਭਰੇ "ਤਾ"ਰੀਕ ਬਣਕੇ...ਬਹੁੱਤ ਖੁਸ਼ੀ ਹੋਈ ਕਿ ਕਾਲੀ ਹਨੇਰੀ ਰਾਤ ਤੋਂ ਬਾਹਦ ਚਾਨਣ ਹੋਇਆ ਹੈ, ਸਵੇਰ ਨਿਖ਼ਰੀ ਹੈ, 'ਤੇ "ਕਵਿਤਾ" ਜਨਮੀ ਹੈ ...........ਜਤਿੰਦਰ ਲਸਾੜਾ " 
ਲੇਖਕਾ  ਗੁਰਮੀਤ ਸੰਧਾ  ਦੇ ਇੰਦਰ ਬਾਰੇ ਵਿਚਾਰ ਕੁਝ ਇਸ ਤਰ੍ਹਾਂ ਦੇ ਹਨ:-
"ਤੁਹਾਡੇ ਸਾਰੇ ਲੇਖ ਪੜ੍ਹਦੀ ਹਾਂ ,ਬੜੇ ਵਧੀਆ ਹੁੰਦੇ ਨੇ |ਨਿੱਕੀ ਜਿਹੀ ਉਮਰੇ ਵੱਡੀਆਂ ਪੁਲਾਂਘਾਂ ਪੁੱਟ ਰਹੇ ਹੋ ,ਬਹੁਤ ਬਹੁਤ ਮੁਬਾਰਕ | ਤੁਹਾਡੇ ਅੰਦਰ ਜੋ ਕੁਝ ਉਬਲ ਰਿਹਾ ਹੈ ਉਸ ਦਾ ਸੇਕ ਕਈਆਂ ਨੂੰ ਝੁਲਸਾ ਵੀ ਦਿੰਦਾ ਏ ,ਇਹ ਮੈਂ ਤੁਹਾਡੇ ਲਿਖੇ ਮੁਆਫੀਨਾਮੇ ਤੋਂ ਜਾਣਿਆਂ | ਵਿਚਾਰਾਂ ਦੀ ਭਿੰਨਤਾ ਹਰ ਥਾਂ ਤੇ ਹੁੰਦੀ ਏ ,ਪਰ ਕਾਫਲਾ ਤਦ ਹੀ ਬਣੇਗਾ ਜੇ ਲੋਕ ਨਾਲ ਤੁਰਨ | ਇਸ ਲਈ ਖਿਆਲ ਰਖਣਾ ਕਿ ਜਿਸ ਸਮਾਜ ਵਿਚ ਰਹਿੰਦੇ ਹਾਂ ਉਸ ਚੋ ਦੋਵੇਂ ਪੈਰ ਕਦੇ ਬਾਹਰ ਨਾ ਕਢਣੇ,ਨਹੀਂ ਤਾਂ ਇਹ ਸਾਨੂੰ ਨਕਾਰ ਦੇਵੇਗਾ ਮੇਰੇ ਬੱਚੇ !ਤੁਸੀਂ ਮੇਰੇ ਪੁੱਤਰ ਦੀ ਉਮਰ ਦੇ ਹੋ ਇਸ ਲਈ ਮੇਰੇ ਪੁੱਤਰ ਹੀ ਹੋ ,ਇੱਕ ਲਾਇਕ ਪੁੱਤਰ ਜੋ ਸੂਰਜ ਨੂੰ ਫੜਨ ਲਈ ਉਤਾਵਲਾ ਏ |ਹਮੇਸ਼ਾ ਕਾਮਯਾਬ ਹੋਵੋ ਇਹ ਮੇਰੀ ਦੁਆ ਹੈ |  ਪਰ ਰੈਕਟਰ ਕਥੂਰੀਆ ਅਨੁਸਾਰ ਉਸ ਦੀ ਵਾਰਤਿਕ ਵਿਚ ਵੀ ਕਵਿਤਾ ਵਰਗਾ ਸਵਾਦ ਹੈ....ਉਸ ਦਾ ਕਿਸੇ ਵੀ ਲਿਖਤ ਜਾਂ ਵਿਸ਼ੇ 'ਤੇ ਅਲੋਚਨਾ ਦਾ ਆਪਣਾ ਹੀ ਇਕ ਵੱਖਰਾ ਤਰੀਕਾ ਹੈ,ਜੋ ਵਿਅੰਗਆਤਿਮਕ ਹੋਣ ਦੇ ਨਾਲ ਨਾਲ ਬੇਕਿਰਕ ਅਤੇ ਬੇਲਿਹਾਜ਼ ਵੀ ਹੈ।
ਅੰਤ ਵਿਚ ਮੈਂ ਇੰਦਰਜੀਤ ਨੂੰ ਸਲਾਹ ਦਿੰਦਾ ਹਾਂ ਉਹ ਕਵਿਤਾ ਦੀ ਰੂਹ ਨੂੰ ਹੋਰ ਡੁੰਘਾਆਈ ਤਕ ਜਾਨਣ ਕੋਸ਼ਿਸ ਕਰੇ ਅਤੇ ਕਵਿਤਾ ਵਿਧਾਨ ਦੀਆਂ ਬਰੀਕੀਆਂ ਨੂੰ ਨੂੰ ਸਮਝੇ | ਇਸ ਨਾਲ ਯਕੀਨਨ ਉਸ ਦੀ ਰਚਨਾ ਵਿਚ ਨਿਖਾਰ ਆਵੇਗਾ | -ਰੂਪ ਦਬੁਰਜੀ

Wednesday, May 04, 2011

ਪਾਸ਼ ਦੇ ਕਤਲ 'ਤੇ ਵਾਰ ਵਾਰ ਚਰਚਾ ਦਾ ਮਕਸਦ?


ਪਿਛਲੇ ਕੁਝ ਮਹੀਨਿਆਂ ਵਿੱਚ ਕਮਿਊਨਿਸਟ ਲੇਖਕਾਂ ਅਤੇ ਖਾਲਸਤਾਨੀ ਧਿਰ ਵਿਚਕਾਰ ਇਨਕਲਾਬੀ ਕਵੀ ਪਾਸ਼ ਦੇ ਕਤਲ ਨੂੰ ਲੈ ਕੇ ਕਾਫੀ ਤਿੱਖੀ ਬਹਿਸ ਹੋ ਚੁੱਕੀ ਹੈ.ਜਿਸ ਵਿਚ ਪਾਸ਼ ਦੇ ਕਤਲ ਦੇ ਮਸਲੇ ਤੇ ਹੋਈ ਚਰਚਾ ਵਿਚ ਜਸਵੀਰ ਸਮਰ ਨੇ ਮੰਡੀ ਕਲਾਂ ਵਾਲੀ ਜੁੰਡਲੀ ਦੀਆਂ "ਦਲੀਲਾਂ" ਦੇ ਪਰਖੱਚੇ ਉਡਉਦੇ ਹੋਏ ਦੋ ਆਰਟੀਕਲ ਲਿਖੇ "ਖਾਲਿਸਤਾਨੀ ਹੋਣ ਦਾ ਮਕਸਦ" ਅਤੇ "ਪਾਸ਼ ਹੋਣ ਦਾ ਮਤਲਬ".ਅਤੇ ਮੰਡੀ ਕਲਾਂ ਵਾਲੀ ਜੁੰਡਲੀ ਦੀ "ਤਾਲੋ ਖੁੰਝੀ ਡੂੰਮਣੀ" ਦੀ ਬੋਧਿਕਤਾ ਦਾ ਜਲੂਸ ਕੱਢਦੇ ਹੋਏ ਬਾਰੂ ਸਤਵਰਗ ਉਸ ਨੂੰ ਦੱਸ ਚੁੱਕੇ ਹਨ ਕਿ "ਪਾਸ਼ ਕਿਥੇ ਰਹਿੰਦਾਂ ਹੈ".ਇਥੇ ਫੇਸਬੁੱਕ ਤੇ ਵੀ ਇਸ ਵਿਸ਼ੇ 'ਤੇ ਮੇਰੇ ਨਾਲ ਖਾਲਿਸਤਾਨੀ ਧਿਰ ਦੋ ਤਿੰਨ ਥਾਂ "ਝਗੜਾ" ਕਰ ਚੁੱਕੀ ਹੈ. ਇਸ ਵਿਸ਼ੇ ਤੇ ਵਾਰ ਵਾਰ ਚਰਚਾ ਨੂੰ ਤੂਲ ਕਿਉ ਦਿੱਤੀ ਜਾਂਦੀ ਹੈ ਇਸ ਬਾਰੇ ਅੱਗੇ ਚਲ ਕੇ ਚਰਚਾ ਕਰਦੇ ਹਾ.ਪਹਿਲਾਂ ਗੱਲ ਕਰਦੇ ਹਾਂ ਇਸ ਵਿਸ਼ੇ ਤੇ ਤਾਜ਼ਾ ਘਟਨਾਕ੍ਰਮ ਚੜਦੀ ਕਲਾਂ ਵਿਚ ਛਪੇ ਇੱਕ ਆਰਟੀਕਲ ਦੀ..
ਪਾਸ਼ ਦੇ ਵਿਚਾਰਧਾਰਿਕ ਤਰਕ ਦਾ ਕੋਈ ਜਵਾਬ ਖਾਲਿਸਤਾਨੀ ਧਿਰ ਕੋਲ ਨਾ ਤਾਂ ਕੱਲ ਸੀ ਤੇ ਨਾ ਹੀ ਅੱਜ ਹੈ. ਓਸ ਦੇ ਕਤਲ ਨੂੰ ਪਹਿਲਾਂ ਸਟੇਟ ਦੇ ਸਿਰ ਮੜ੍ਹਨ ਦੀ ਅਸਫਲ ਕੋਸ਼ਿਸ਼ ਕੀਤੀ ਜਾ ਚੁੱਕੀ ਹੈ ਅਤੇ ਹੁਣ ਇਸ ਦੀ ਜ਼ਿੰਮੇਵਾਰੀ ਬੜੇ ਨਾਟਕੀ ਤਰੀਕੇ ਨਾਲ ਉਸ ਦੇ ਖੁਦ ਦੇ ਕਿਰਦਾਰ ਤੇ ਮੜ੍ਹਨ ਦੀ ਕੋਝੀ ਸਾਜਿਸ਼ ਰਚੀ ਜਾ ਰਹੀ ਹੈ..ਚੜਦੀ ਕਲਾਂ ਨੇ  ਪਾਸ਼ ਬਾਰੇ ਇੱਕ "ਕਹਾਣੀ" ਲਿਖੀ ਹੈ.ਕਿ ਉਸ ਦੇ ਕਿਸੇ ਕੁੜੀ ਨਾਲ ਨਜਾਇਜ਼ ਸੰਬੰਧ ਸਨ.ਪਰ ਓਹ ਕੁੜੀ ਕੌਣ ਸੀ ਉਸ ਦਾ ਕੀ ਨਾਮ ਸੀ,ਉਸ ਦੇ ਮਾਂ ਪਿਉ ਕੌਣ ਸਨ,ਓਹ ਸਾਬਕਾ ਨਕਸਲਵਾਦੀ ਕੌਣ ਸੀ ਜਿਸ ਕੋਲੋ ਕੁੜੀ ਦੇ ਘਰਵਾਲਿਆ ਨੇ ਪਾਸ਼ ਦਾ ਕਤਲ ਕਰਵਾਇਆ, ਉਸ ਦਾ ਨਾਮ ਕੀ ਸੀ ਇਸ ਬਾਰੇ ਚੜ੍ਹਦੀ ਕਲ੍ਹਾਂ ਵਾਲੇ ਵਿਦਵਾਨ ਜੀ ਨੇ ਕੁਝ ਨਹੀ ਦੱਸਿਆਂ,ਧੀਦੋ ਗਿੱਲ ਜੀ ਨੇ ਜਿਸ ਕੁੜੀ ਬਾਰੇ ਚਰਚਾਂ ਕੀਤੀ ਹੈ,ਉਸ ਦਾ ਵੀ ਪਾਸ਼ ਦੇ ਕਤਲ ਨਾਲ ਕੋਈ ਸਬੰਧ ਨਹੀ ਜੁੜਦਾ. ਬਾਕੀ ਕਹਾਣੀ ਬਾ-ਕਮਾਲ ਲਿਖੀ ਹੈ.ਇੱਕ ਕਮੀ ਰਹਿ ਗਈ ਨਾਲ ਵੀ ਲਿਖ ਦੇਂਦੇ ਕੀ ਓਸ ਨਕਸਲਵਾਦੀ ਨੂੰ ਹਥਿਆਰ ਕਿਸੇ ਡੀ.ਐਸ.ਪੀ ਨੇ ਦਿੱਤੇ ਸਨ ਤਾਂ ਕਹਾਣੀ ਹੋਰ ਵੀ ਰੋਚਕ ਹੋ ਜਾਂਦੀ.ਅੱਗੇ ਚਲ ਕੇ ਇਹ ਵੀ ਲਿਖ ਮਾਰਿਆ ਜੀ ਪਾਸ਼ ਦੇ ਕਤਲ ਵੇਲੇ ਓਹ ਕੁੜੀ ਵੀ ਉਸ ਕਮਰੇ ਵਿਚ ਮੌਜੂਦ ਸੀ.ਹੁਣ ਕਿਸ ਕਮਰੇ ਦੀ ਗੱਲ ਕਰ ਰਹੇ ਹਨ ਪਤਾ ਨਹੀ ਸ਼ਾਇਦ ਜਿਸ ਕਮਰੇ ਵਿਚ ਬੈਠੇ ਹੋਣੇ ਨੇ ਲੇਖਕ ਸਾਬ ਉਸ ਦਾ ਜ਼ਿਕਰ ਕਰ ਗਏ ਕਿਉ ਕਿ ਪਾਸ਼ ਦਾ ਕਤਲ ਤਾਂ ਮੋਟਰ ਤੇ ਹੋਇਆ ਸੀ.ਚਲੋ ਖੈਰ ਇਹ ਗਲਤੀ "ਕਾਬਲੇ ਮੁਆਫ" ਹੈ.ਕਿਉ ਕਿ "ਨੀਦ" ਵਿੱਚ ਇਨ੍ਹੀ ਕੁ ਗਲਤੀ ਹੋ ਹੀ ਜਾਂਦੀ ਹੈ.
ਹੁਣ ਪ੍ਰਤੀਮ ਸਿੰਘ ਕੌਣ ਹੈ ਜਿਸ ਨੇ ਆਰਟੀਕਲ ਲਿਖਿਆ ਹੈ ਇਹ ਤਾਂ ਪਤਾ ਨਹੀ ਹੈ ,ਪਰ ਡਾ. ਜਗਤਾਰ ਜੀ ਨੇ ਇਹ ਗੱਲ ਕਹੀ ਜਾਂ ਨਹੀ ਇਸ ਬਾਰੇ ਹੁਣ ਕੁਝ ਪਤਾ ਲੱਗ ਸਕਣਾਂ ਮੁਸ਼ਕਿਲ ਹੈ ਕਿਉਕਿ ਇਹ ਗੱਲ ਉਨ੍ਹਾਂ ਦੀ ਮੋਤ ਤੋ ਮਗਰੋ ਉਭਾਰੀ ਜਾ ਰਹੀ .ਵੈਸੇ ਮੈ ਇਹ ਮੰਨਦਾ ਕਿ ਡਾ.ਜਗਤਾਰ ਨੇ ਇਹ ਗੱਲ ਜ਼ਰੂਰ ਕਹੀ ਹੋਵੇਗੀ ਕਿਉਕਿ ਡਾ ਜਗਤਾਰ ਦੇ ਇੱਕ ਕਰੀਬੀ{ਜੋ ਮੇਰੇ ਪਿੰਡ ਦੇ ਨਜਦੀਕ ਦੇ ਹੀ ਪਿੰਡ ਦਾ ਰਹਿਣ ਵਾਲਾ ਸਾਹਿਤਕਾਰ ਹੈ} ਨੂੰ ਪਾਸ਼ ਜ਼ਰੂਰ ਸੱਤਿਆ ਨਰਾਣੀਏ ਨਿੰਹਗ ਕਹਿੰਦਾ ਹੁੰਦਾ ਸੀ,ਡਾ.ਜਗਤਾਰ ਇਸ ਦੀ ਬਣਾਈ ਇੱਕ ਸੰਸਥਾਂ ਦੇ ਜਰਨਲ ਸੱਕਤਰ ਵੀ ਸਨ,ਡਾ.ਜਗਤਾਰ ਦੇ ਇਸ ਕਰੀਬੀ ਨੂੰ ਪਾਸ਼ ਨੇ ਇੱਕ ਖ਼ਤ ਵੀ ਲਿਖਿਆ ਸੀ ਜਿਸ ਵਿਚ ਉਨ੍ਹਾਂ ਦੇ ਗੁਰੁੱਪ ਦੀਆਂ ਨੀਤੀਆਂ ਦੀ ਪਾਸ਼ ਨੇ ਚੰਗੀ ਛਿੱਲ ਲਾਹੀ ਸੀ,ਇਹ "ਮਹਾਂਪੁਰਖ " ਅੱਜਕਲ ਕੇਂਦਰੀ ਲੇਖਕ ਸਭਾ ਵਿਚ ਇੱਕ ਉੱਚ ਅਹੁਦੇ 'ਤੇ ਹਨ,ਇਨ੍ਹਾਂ ਦਾ ਪੂਰਾ ਗੁਰੁੱਪ ਅਤੇ ਇਹ ਵਿਦਵਾਨ ਜੀ ਅੱਜ ਵੀ ਪਾਸ਼ ਨੂੰ ਪਾਣੀ ਪੀ ਪੀ ਕੇ ਗਾਲਾਂ ਕੱਢਦੇ ਹਨ,ਜੇ ਡਾ.ਜਗਤਾਰ ਜੀ ਦੀ ਗੱਲ ਮੰਨ ਵੀ ਲਈ ਜਾਵੇ ਤਾਂ ਕੀ ਉਹ ਪੰਜਾਬੀ ਦੇ ੫੨ ਨਾਮਵਰ ਸਾਹਿਤਕਾਰ{ਸਮੇਤ ਸੁਰਜੀਤ ਪਾਤਰ} ਜਿਨ੍ਹਾਂ ਨੇ "ਪਾਸ਼ ਤਾਂ ਸੂਰਜ ਸੀ"ਵਿਚ ਪਾਸ਼ ਦੇ ਪੰਜਾਬੀ ਸਾਹਿਤ ਦਾ ਸੂਰਜ ਹੋਣ ਦੀ ਗਵਾਹੀ ਭਰੀ ਹੈ ਜਾਂ ਤਾਂ ਇਸ ਗੱਲ ਤੋ ਅਣਜਾਣ ਸਨ ਜਾਂ ਝੂਠ ਬੋਲ ਰਹੇ ਹਨ? ਸ਼ਿਵ ਜਿਸ ਨੂੰ ਪਾਸ਼ ਨੇ ਇਸ ਕੁੜੀਆਂ ਦੇ ਚੱਕਰ ਵਿਚ ਬੇਤਿਹਾਸ਼ਾਂ ਭੰਡਿਆਂ ਸੀ,ਉਸ ਦੀ ਇੱਕ ਕਰਤੂਤ ਦੀ ਤੁਲਣਾ ਤਾਂ ਮੱਝਾਂ ਦੇ ਵਾੜੇ ਨਾਲ ਵੀ ਕੀਤੀ ਸੀ,ਜਵਾਬ ਵਿਚ ਪਾਸ਼ ਤੇ ਇਹੋ ਜਿਹੇ ਇਲ੍ਜ਼ਾਮ ਲਾਉਣ ਤੋ ਕਿਵੇ ਖੁੰਝ ਗਿਆ.ਇਹ ਤਾਂ ਮੰਨਿਆਂ ਨਹੀ ਜਾ ਸਕਦਾ ਕਿ ਉਸ ਨੂੰ ਇਸ ਗੱਲ ਦੀ ਜਾਣਕਾਰੀ ਨਾ ਹੋਵੇ ਕਿਉਕਿ ਡਾ.ਜਗਤਾਰ ਨਾਲੋ ਤਾਂ ਸ਼ਿਵ,ਪਾਸ਼ ਦੇ ਬਹੁਤ ਕਰੀਬ ਸੀ,ਜੇ ਕਪੂਰਥਲੇ ਸ਼ਿਵ ਰਣਧੀਰ ਕਾਲਜ ਇੱਕ ਪ੍ਰੋਗਰਾਮ ਵਿਚ ਪਾਸ਼ ਨੂੰ ਸਟੇਜ ਤੋ ਇਹ ਗੱਲ ਕਹਿ ਸਕਦਾ ਹੈ ਕਿ"ਕੁੱਤਿਉ ਓਏ ਤੁਸੀਂ ਰਲ ਕੇ ਭੌਕੋ,ਮੈਨੂੰ ਨੀਦ ਨਾ ਆਵੇ" ਤਾਂ ਕੀ ਉਹ ਇਸ ਗੱਲ 'ਤੇ ਚੁੱਪ ਰਹਿ ਜਾਦਾਂ?
ਪਾਸ਼ ਬਾਰੇ ਇਹ ਗੱਲ ਛਾਪਣ ਵਾਲੇ " ਪਾਸ਼ ਨੂੰ ਸਿੱਖ ਖਾੜਕੂਆਂ ਨੇ ਨਹੀਂ ਮਾਰਿਆ.. ਸੱਚ ਤਾਂ ਇਹ ਹੈ ਕਿ ਉਸਦੇ ਕਈ ਕੁੜੀਆਂ ਨਾਲ ਨਜਾਇਜ਼ ਸਬੰਧ ਸਨ ਅਤੇ ਇਸੇ ਚੱਕਰ ਵਿਚ ਉਸਨੇ ਆਪਣੀ ਜਾਨ ਗਵਾ ਲਈ" I ਵੀਰ ਜੇ ਕਿਤੇ ਇਹ ਗੱਲ ਵੀ ਡਾ.ਜਗਤਾਰ ਜੀ ਦੇ ਮੂੰਹ ਵਿਚ ਪਾ ਦਿੰਦੇ ਕਿ ਬਲਦੇਵ ਸਿੰਘ ਮਾਨ,ਗਿਆਨ ਸਿੰਘ ਸੰਘਾ ਅਤੇ ਜੈਮਲ ਪੱਡਾ{ਤਿੰਨੋ ਸੰਪਾਦਕ ਹਰਿਆਵਲ ਦਸਤਾ} ਦਾ ਵਾਰੀ ਵਾਰੀ ਕਤਲ ਇਸ ਕਰਕੇ ਨਹੀ ਹੋਇਆ ਕਿ ਉਹ ਖਾਲਿਸਤਾਨੀ ਲਹਿਰ ਦੀ ਆਲੋਚਨਾ ਵਿਚ ਲਿਖ ਰਹੇ ਸਨ ਜਾਂ ਪਾਸ਼ ਦੀ ਖਾਲਿਸਤਾਨੀ ਲਹਿਰ ਦੀ ਆਲੋਚਨਾ ਬਾਰੇ ਛਾਪ ਰਿਹੇ ਸਨ ਬਲਕਿ ਉਨ੍ਹਾਂ ਦੇ ਵੀ ਕਈ ਕੁੜੀਆਂ ਨਾਲ ਨਜਾਇਜ਼ ਸਬੰਧ ਸਨ ਤਾਂ ਕਹਾਣੀ "ਮੰਨਣਯੋਗ" ਬਣ ਜਾਣੀ ਸੀ. ਅਸਲ ਵਿਚ ਗੱਲ ਸਿਰਫ ਬਾਰੂ ਸਤਵਰਗ ਦੇ ਕਹਿਣ ਵਾਂਗ ਇਹੀ ਹੈ ਕਿ "ਤਾਲੋ ਖੁੰਝੀ ਡੂੰਮਣੀ................ "
ਹੁਣ ਇਸ ਗੱਲ ਤੇ ਆਉਂਦੇ ਹਾ ਕਿ ਇਹ ਰੋਲਾ ਵਾਰ ਵਾਰ ਕਿਉ ਪਾਇਆ ਜਾਂਦਾ ਹੈ ਤੇ ਕਿਉ ਇਸ ਮਸਲੇ ਨੂੰ ਤੂਲ ਕਿਉ ਦਿੱਤੀ ਜਾਂਦੀ ਹੈ. ਮਕਸਦ ਬਿਲਕੁਲ ਸਾਫ਼ ਹੈ.ਮਾਰ੍ਕ੍ਸਵਾਦ ਦੀ ਵਿਗਆਨਿਕ ਵਿਚਾਰਧਾਰਾਂ 'ਤੇ ਬੋਲਣ ਨੂੰ ਕੁਝ ਹੈ ਨਹੀ,ਪਾਸ਼ ਦੀਆਂ ਗੱਲਾਂ ਦਲੀਲਾਂ ਨਾਲ ਨਹੀ ਕੱਟ ਸਕਦੇ ਸੀ ਤਾਂ ਉਸ  ਦਾ ਕਤਲ ਕਰ ਦਿੱਤਾ.ਪਰ ਪਾਸ਼ ਦਾ ਭੂਤ{ਵਿਚਾਰ } ਹੁਣ ਵੀ ਇਨ੍ਹਾ ਦੇ ਸਿਰ ਤੇ ਮੰਡਰਾਂ ਰਿਹਾ ਹੈ. ਇਨ੍ਹਾਂ ਲਈ ਆਪਣੇ ਫਾਸੀਵਾਦੀ "ਸਿਧਾਂਤਾਂ" ਪ੍ਰਚਾਰਨ ਲਈ ਇਹ ਜ਼ਰੂਰੀ ਹੈ ਕਿ ਕਿਸੇ ਤਰ੍ਹਾ ਇਸ ਤੋ ਛੁਟਕਾਰਾ ਪਾਇਆ ਜਾਵੇ. ਵਾਰ ਵਾਰ ਪਾਸ਼ ਦੇ ਕਤਲ 'ਤੇ ਹੋ ਰਹੀ "ਇੱਜ਼ਤ" ਤੋ ਬਚਣ ਲਈ ਇਸ ਕਤਲ ਤੋ ਖੁਦ ਨੂੰ ਅੱਲਗ ਕੀਤਾ ਜਾਵੇ, ਉਸ ਦੀ ਵਿਚਾਰਧਾਰਾ ਦੀ ਥਾਂ ਘਟੀਆਂ ਦਰਜੇ ਦੀ ਤੋਮਤਬਾਜੀ ਉਸਦੇ ਕਿਰਦਾਰ ਤੇ ਕੀਤੀ ਜਾਵੇ,ਕਿਉਕਿ ਜੇ ਗੱਲ ਵਿਚਾਰਧਾਰਾ ਤੇ ਆਂ ਗਈ ਜਾਂ ਕਿਸੇ ਨੇ ਕਾਮਰੇਡਾਂ ਦੇ ਆਖੇ ਲੱਗ ਇਨ੍ਹਾਂ ਨੂੰ ਇਹ ਪੁੱਛ ਲਿਆ,ਜਿਸ ਰਾਜ{ਖਾਲਸਤਾਨ} ਦੀ ਤੁਸੀਂ ਗੱਲ ਕਰਦੇ ਹੋ,ਓਸ ਵਿਚ ਰਾਜ ਪ੍ਰਬੰਧ ਕਹੋ ਜਿਹਾ ਹੋਵੇਗਾ,ਆਮ ਲੋਕਾਂ ਤੇ ਵਪਾਰੀ ਵਰਗ ਲਈ ਕੀ ਕੀ ਨੀਤੀਆਂ ਹੋਣਗੀਆਂ, ਸਾਮਜਿਕ ,ਆਰਥਿਕ ਤੇ ਰਾਜਨੀਤਿਕ ਬਰਾਬਰਤਾਂ ਲਈ ਕੀ ਕੀ ਨੀਤੀਆਂ ਹੋਣਗੀਆਂ,ਇਕੋਨਮੀਕਲ ਸਟਰਕਚਰ ਕਹੋ ਜਿਹਾ ਹੋਵੇਗਾ,ਸਾਮਜਿਕ ਬੁਰਾਈਆਂ ਕਿਵੇ ਖਤਮ ਕੀਤੀਆਂ ਜਾਣਗੀਆਂ ,ਘੱਟ ਗਿਣਤੀਆਂ ਦੀ ਸੁੱਰਖਿਆ ਤੇ ਬਰਾਬਰਤਾ ਲਈ ਕੀ ਨੀਤੀ ਹੋਵੇਗੀ,ਵਿਦੇਸ਼ ਨੀਤੀ ਕੀ ਹੋਵੇਗੀ .ਅਤੇ ਇਹੋ ਜਿਹੇ ਹੋਰ ਪਤਾ ਨਹੀ ਕਿਨੇਂ ਸਵਾਲਾਂ ਦੀਆਂ ਝੜ੍ਹੀਆਂ ਲੱਗ ਜਾਣਗੀਆਂ.ਜਿਨ੍ਹਾਂ ਦੇ ਜਵਾਬ ਲੱਭਣ ਲਈ ਇਨ੍ਹਾਂ ਵਿਦਵਾਨਾ ਦਾ "ਕੀਮਤੀ" ਸਮੇ ਖਰਾਬ ਹੋਵੇਗਾ. ਇਸ ਲਈ ਉਨ੍ਹਾਂ ਦੀ ਸੋਚ ਹੈ ਉਨ੍ਹਾਂ ਲੋਕਾਂ ਨੂੰ ਹੀ ਖਤਮ ਕੀਤਾ ਜਾਵੇ ਜੋ ਇਸ ਤਰ੍ਹਾ ਦੀਆਂ "ਪੁੱਠੀਆਂ" ਗੱਲਾਂ ਲੋਕਾਂ ਦੇ ਦਿਮਾਗ ਵਿਚ ਪਾਉਦੇ ਹਨ. ਵੈਸੇ ਵੀ ਲੈਲਿਨ ਦੇ ਸ਼ਬਦਾ ਅਨੁਸਾਰ" ਬੁਰਜੂਆ ਇਨਕਲਾਬ ਆਮ ਤੋਰ ਉੱਤੇ ਸੱਤਾ ਉਪਰ ਕਬਜ਼ੇ ਦੇ ਨਾਲ ਹੀ ਖਤਮ ਹੋ ਜਾਂਦਾ ਹੈ..........."
ਮੁੱਕਦੀ ਗੱਲ ਸਿਰਫ ਇਨ੍ਹੀ ਹੈ ਕਿ ਪਾਸ਼ ਜਿਉਂਦਾਂ ਵੀ ਫ਼ਾਸ਼ੀਵਾਦ ਨੂੰ ਸਤਾ ਰਿਹਾ ਸੀ ਤੇ ਮਰ ਕੇ ਵੀ ਸਤਾ ਰਿਹਾ ਹੈ

ਨਾ ਕਤਲ ਹੋਏ ਨਾ ਹੋਣਗੇ ਕਦੇ ਇਸ਼ਕ ਦੇ ਇਹ ਗੀਤ
ਮੌਤ ਦੀ ਸਰਦਲ 'ਤੇ ਬਹਿ ਕੇ ਗਉਂਦੇ ਰਹੇ ਨੇ ਲੋਕ
ਕੁਝ ਇਸ ਤਰ੍ਹਾਂ ਵੀ ਰਾਤ ਨੂੰ ਰਸ਼ਨਾਉਦੇ ਰਹੇ ਨੇ ਲੋਕ.............

ਇੰਦਰਜੀਤ,ਕਾਲਾ ਸੰਘਿਆਂ


Tuesday, March 22, 2011

ਪਾਸ਼ ਨੂੰ ਯਾਦ ਕਰਦਿਆਂ


ਸ਼ਸ਼ੀ ਸਮੁੰਦਰਾ ਨੇ ਇੱਕ ਵਾਰ ਫੇਰ ਕਿਸੇ ਅਣਦਿਸਦੇ ਅਸਮਾਨ ਦੀ ਉਡਾਰੀ ਲਾਈ ਹੈ. ਉਸ ਨੇ ਫੇਰ ਸੱਤਾਂ ਸਮੁੰਦਰਾਂ ਵਿੱਚ ਡੁਬਕੀ ਲਾ ਕੇ ਕੁਝ ਲਭ ਕੇ ਲਿਆਂਦਾ ਹੈ. ਦਿਲਚਸਪ ਗੱਲ ਹੈ ਕਿ ਸ਼ਸ਼ੀ ਜੋ ਵੀ ਲਭ ਕੇ ਲਿਆਉਂਦੀ ਹੈ ਉਸਨੂੰ ਸਾਰਿਆਂ ਦੇ ਸਾਹਮਣੇ ਰੱਖ ਦੇਂਦੀ ਹੈ. ਇਸ ਵਾਰ ਵੀ ਉਸਨੇ ਆਪਣੀ ਇਹ ਲਭਤ ਸਭ ਦੇ ਸਾਹਮਣੇ ਲਿਆ ਰੱਖੀ ਹੈ. ਇਸ ਨਜ਼ਮ ਦਾ ਨਾਮ ਹੈ : ਮੈਂ ਆਖਿਆ, ਪਾਸ਼, ਜੇ ਮੈਂ...
ਮੈਂ ਆਖਿਆ, ਪਾਸ਼, ਜੇ ਮੈਂ ਤੇਰੇ ਹਾਸਿਆਂ ਨੂੰ, ਕਪਾਹ ਦਾ ਖਿੜਿਆ ਖੇਤ ਆਖਾਂ, ਤਾਂ ?
ਸੁਣ, ਖੇਤੋ ਖੇਤ ਖਿੜ ਪਈਆਂ ਕਪਾਹ ਦੀਆਂ ਫੁੱਟੀਆਂ |
ਮੈਂ ਆਖਿਆ, ਪਾਸ਼, ਜੇ ਮੈਂ ਤੈਨੂੰ ਸੱਤ ਰੰਗਾਂ ਵਿੱਚ ਚਿਤਵ ਲਵਾਂ, ਤਾਂ ?
ਸੁਣ, ਅਸਮਾਨੋਂ ਉੱਤਰ ਸੱਤਰੰਗੀ ਪੂਰੀ ਧਰਤੀ 'ਤੇ ਵਿਛ ਗਈ |
ਮੈਂ ਆਖਿਆ, ਪਾਸ਼, ਜੇ ਮੈਂ ਤੈਨੂੰ ਮਾਰੂਥਲ ਵਿਚ ਪੈਂਦਾ ਮੀਂਹ ਆਖਾਂ, ਤਾਂ ?
ਸੁਣ, ਬੱਦਲ ਘਿਰ ਘਿਰ ਆ ਗਏ ,ਤੇ ਵੱਸਣ ਲੱਗੇ
ਸੁੱਕੀ ਧਰਤੀ ਸਿੰਜੀ ਗਈ / ਕੁਮਲਾਏ ਬੂਟਿਆਂ ਸਿਰ ਚੁੱਕਿਆ / ਲਗਰਾਂ ਕਢੀਆਂ ਤੇ ਝੂਮਣ ਲੱਗੇ |
ਮੈਂ ਆਖਿਆ, ਪਾਸ਼, ਜੇ ਮੈਂ ਤੈਨੂੰ ਕੋਈ ਗੀਤ ਆਖਾਂ, ਤਾਂ ?
ਸੁਣ, ਲਖਾਂ ਗੀਤ ਸੁਰ ਤੇ ਤਾਲ 'ਚ ਵੱਜਣ ਲੱਗੇ |
ਮੈਂ ਆਖਿਆ, ਪਾਸ਼, ਜੇ ਮੈਂ ਤੈਨੂੰ ਕੋਈ ਸੁਪਨਾ ਆਖਾਂ, ਤਾਂ ?
ਸੁਣ, ਚਾਰ ਚੁਫ਼ੇਰੇ, ਸੁਪਨੇ ਹੀ ਸੁਪਨੇ ਫੈਲ ਗਏ / ਰਾਹਾਂ 'ਤੇ, ਸੜਕਾਂ 'ਤੇ,ਖੇਤਾਂ ਵਿਚ, ਅਸਮਾਨ 'ਤੇ |
ਮੈਂ ਆਖਿਆ, ਪਾਸ਼, ਜੇ ਮੈਂ ਤੈਨੂੰ ਰੱਬ ਆਖਾਂ, ਤਾਂ ?
ਨਹੀਂ, ਤੂੰ ਆਖਿਆ,ਮੈਂ ਇਨਸਾਨ ਹਾਂ / ਤੇ ਇਨਸਾਨ ਹੀ ਰਹਿਣਾ ਚਾਹੁੰਦਾ ਹਾਂ !
ਸੁਣ, ਇਨਸਾਨਾਂ ਦਾ ਹਜ਼ੂਮ ਇੱਕਠਾ ਹੋ ਗਿਆ / ਸੈੰਕਡਿਆਂ ਤੋਂ ਲਖਾਂ ਹੁੰਦੇ  
ਚੇਹਰਿਆਂ 'ਤੇ ਤੇਰੀ ਰੌਣਕ / ਨਜ਼ਰਾਂ ਵਿਚ ਤੇਰੇ ਸੁਪਨੇ / ਬੋਲਾਂ ਵਿਚ ਤੇਰੇ ਹਾਸੇ | 
ਹੁਣ ਮੈਂ ਤੈਨੂੰ ਹੋਰ ਨਹੀਂ ਕੁਝ ਕਹਿਣਾ ਹੈ, ਕਿਓਂਕਿ,
ਇਹ ਸਭ ਬੇ-ਲੋੜਾ ਹੋ ਗਿਆ ਹੈ | ਤੂੰ ਸਾਡੇ ਸੁਪਨੇ / ਸਾਡੀਆਂ ਉਮੀਦਾਂ / ਤੇ ਸਾਡੀਆਂ ਖੁਸ਼ੀਆਂ ਵਿਚ 
 ਇੱਕ-ਮਿੱਕ ਹੁੰਦਾ ਲਖਾਂ ਵਿਚ ਵਟ ਗਿਆ ਹੈਂ / ਤੇ ਓਹ ਲਖਾਂ ਤੇਰੇ ਵਿਚ |   
                                                            - ਸ਼ਸ਼ੀ ਸਮੁੰਦਰਾ | 3/21/11
ਸ਼ਸ਼ੀ ਸਮੁੰਦਰਾ 'ਚ ਇਹ ਖੂਬੀ ਹੈ ਕਿ ਉਹ ਸਖ਼ਤ ਤੋਂ ਸਖ਼ਤ ਗੱਲ ਬੜੇ ਸਲੀਕੇ ਨਾਲ ਕਹਿ ਸਕਦੀ ਹੈ.ਉਹ ਬੇਹੱਦ ਉਦਾਸੀ ਵਿੱਚ  ਵਿਚ ਵੀ ਮੁਸਕਰਾ ਕੇ ਗੱਲ ਕਰਨ ਵਿੱਚ ਮਾਹਿਰ ਹੈ. ਸ਼ਸ਼ੀ ਆਪਣੇ ਖਿਆਲਾਂ ਵਿੱਚ ਇੱਕਲੀ ਨਹੀਂ ਗੁੰਮਦੀ ਉਹ ਨਾਲ ਦਿਆਂ ਨੂੰ ਵੀ ਨਾਲ ਲੈ ਤੁਰਦੀ ਹੈ ਆਪਣੇ ਨਾਲ ਨਾਲ ਉਸ ਸਫ਼ਰ ਤੇ ਜੋ ਖੁਦ ਉਸ ਲਈ ਵੀ ਅਨਜਾਣ ਹੁੰਦਾ ਹੈ. ਇਸ ਨਜ਼ਮ ਬਾਰੇ ਟਿੱਪਣੀ ਕਰਦਿਆਂ ਜਗਦੀਸ਼ ਕੌਰ  ਨੇ ਬੜੀ ਹਿੰਮਤ ਨਾਲ ਮਨ ਦੀ ਗੱਲ ਕੀਤੀ ਹੈ. ਉਸਨੇ ਕਿਹਾ  ਪਤਾ ਨਹੀਂ ਕਿਉਂ..ਤੁਹਾਡੀ ਇਹ ਖੂਬਸੂਰਤ ਨਜ਼ਮ ਪੜ੍ਹ ਕੇ ਮੈਨੂੰ ਨਾਨਕ ਦੀ 'ਆਰਤੀ'--' ਗਗਨ ਮਹਿ ਥਾਲ ਰਵਿ ਚੰਦ ਦੀਪਕ ਬਨੇ ਤਾਰਿਕਾ ਮੰਡਲ....' ਯਾਦ ਆ ਰਹੀ ਹੈ। -ਸਤਿਕਾਰ। 
ਇਹ ਤਾਂ ਨਹੀਂ ਹੋ ਸਕਦਾ ਕਿ ਤੁਹਾਡੇ ਮਨਾਂ ਏ ਸਾਗਰਾਂ ਵਿੱਚ ਵੀ ਇਸ ਰਚਨਾ ਨੇ ਕੋਈ ਹਲਚਲ ਨਾ ਮਚਾਈ ਹੋਵੇ. ਕੋਈ ਸੁਰ ਨਾ ਛੇੜੀ ਹੋਵੇ ਜਾਂ ਫੇਰ ਕਿਸੇ ਦੁਖਦੀ ਨਬਜ਼ ਤੇ ਹਥ ਨਾ ਰਖਿਆ ਹੋਵੇ. ਤੁਸੀਂ ਜੋ ਵੀ ਮਹਿਸੂਸ ਕੀਤਾ ਜ਼ਰੂਰ ਦੱਸੋ. ਤੁਹਾਡੇ ਵਿਚਾਰਾਂ ਦੀ ਉਡੀਕ ਤੀਬਰਤਾ ਨਾਲ ਰਹੇਗੀ. --ਰੈਕਟਰ ਕਥੂਰੀਆ