Tuesday, March 22, 2011

ਪਾਸ਼ ਨੂੰ ਯਾਦ ਕਰਦਿਆਂ


ਸ਼ਸ਼ੀ ਸਮੁੰਦਰਾ ਨੇ ਇੱਕ ਵਾਰ ਫੇਰ ਕਿਸੇ ਅਣਦਿਸਦੇ ਅਸਮਾਨ ਦੀ ਉਡਾਰੀ ਲਾਈ ਹੈ. ਉਸ ਨੇ ਫੇਰ ਸੱਤਾਂ ਸਮੁੰਦਰਾਂ ਵਿੱਚ ਡੁਬਕੀ ਲਾ ਕੇ ਕੁਝ ਲਭ ਕੇ ਲਿਆਂਦਾ ਹੈ. ਦਿਲਚਸਪ ਗੱਲ ਹੈ ਕਿ ਸ਼ਸ਼ੀ ਜੋ ਵੀ ਲਭ ਕੇ ਲਿਆਉਂਦੀ ਹੈ ਉਸਨੂੰ ਸਾਰਿਆਂ ਦੇ ਸਾਹਮਣੇ ਰੱਖ ਦੇਂਦੀ ਹੈ. ਇਸ ਵਾਰ ਵੀ ਉਸਨੇ ਆਪਣੀ ਇਹ ਲਭਤ ਸਭ ਦੇ ਸਾਹਮਣੇ ਲਿਆ ਰੱਖੀ ਹੈ. ਇਸ ਨਜ਼ਮ ਦਾ ਨਾਮ ਹੈ : ਮੈਂ ਆਖਿਆ, ਪਾਸ਼, ਜੇ ਮੈਂ...
ਮੈਂ ਆਖਿਆ, ਪਾਸ਼, ਜੇ ਮੈਂ ਤੇਰੇ ਹਾਸਿਆਂ ਨੂੰ, ਕਪਾਹ ਦਾ ਖਿੜਿਆ ਖੇਤ ਆਖਾਂ, ਤਾਂ ?
ਸੁਣ, ਖੇਤੋ ਖੇਤ ਖਿੜ ਪਈਆਂ ਕਪਾਹ ਦੀਆਂ ਫੁੱਟੀਆਂ |
ਮੈਂ ਆਖਿਆ, ਪਾਸ਼, ਜੇ ਮੈਂ ਤੈਨੂੰ ਸੱਤ ਰੰਗਾਂ ਵਿੱਚ ਚਿਤਵ ਲਵਾਂ, ਤਾਂ ?
ਸੁਣ, ਅਸਮਾਨੋਂ ਉੱਤਰ ਸੱਤਰੰਗੀ ਪੂਰੀ ਧਰਤੀ 'ਤੇ ਵਿਛ ਗਈ |
ਮੈਂ ਆਖਿਆ, ਪਾਸ਼, ਜੇ ਮੈਂ ਤੈਨੂੰ ਮਾਰੂਥਲ ਵਿਚ ਪੈਂਦਾ ਮੀਂਹ ਆਖਾਂ, ਤਾਂ ?
ਸੁਣ, ਬੱਦਲ ਘਿਰ ਘਿਰ ਆ ਗਏ ,ਤੇ ਵੱਸਣ ਲੱਗੇ
ਸੁੱਕੀ ਧਰਤੀ ਸਿੰਜੀ ਗਈ / ਕੁਮਲਾਏ ਬੂਟਿਆਂ ਸਿਰ ਚੁੱਕਿਆ / ਲਗਰਾਂ ਕਢੀਆਂ ਤੇ ਝੂਮਣ ਲੱਗੇ |
ਮੈਂ ਆਖਿਆ, ਪਾਸ਼, ਜੇ ਮੈਂ ਤੈਨੂੰ ਕੋਈ ਗੀਤ ਆਖਾਂ, ਤਾਂ ?
ਸੁਣ, ਲਖਾਂ ਗੀਤ ਸੁਰ ਤੇ ਤਾਲ 'ਚ ਵੱਜਣ ਲੱਗੇ |
ਮੈਂ ਆਖਿਆ, ਪਾਸ਼, ਜੇ ਮੈਂ ਤੈਨੂੰ ਕੋਈ ਸੁਪਨਾ ਆਖਾਂ, ਤਾਂ ?
ਸੁਣ, ਚਾਰ ਚੁਫ਼ੇਰੇ, ਸੁਪਨੇ ਹੀ ਸੁਪਨੇ ਫੈਲ ਗਏ / ਰਾਹਾਂ 'ਤੇ, ਸੜਕਾਂ 'ਤੇ,ਖੇਤਾਂ ਵਿਚ, ਅਸਮਾਨ 'ਤੇ |
ਮੈਂ ਆਖਿਆ, ਪਾਸ਼, ਜੇ ਮੈਂ ਤੈਨੂੰ ਰੱਬ ਆਖਾਂ, ਤਾਂ ?
ਨਹੀਂ, ਤੂੰ ਆਖਿਆ,ਮੈਂ ਇਨਸਾਨ ਹਾਂ / ਤੇ ਇਨਸਾਨ ਹੀ ਰਹਿਣਾ ਚਾਹੁੰਦਾ ਹਾਂ !
ਸੁਣ, ਇਨਸਾਨਾਂ ਦਾ ਹਜ਼ੂਮ ਇੱਕਠਾ ਹੋ ਗਿਆ / ਸੈੰਕਡਿਆਂ ਤੋਂ ਲਖਾਂ ਹੁੰਦੇ  
ਚੇਹਰਿਆਂ 'ਤੇ ਤੇਰੀ ਰੌਣਕ / ਨਜ਼ਰਾਂ ਵਿਚ ਤੇਰੇ ਸੁਪਨੇ / ਬੋਲਾਂ ਵਿਚ ਤੇਰੇ ਹਾਸੇ | 
ਹੁਣ ਮੈਂ ਤੈਨੂੰ ਹੋਰ ਨਹੀਂ ਕੁਝ ਕਹਿਣਾ ਹੈ, ਕਿਓਂਕਿ,
ਇਹ ਸਭ ਬੇ-ਲੋੜਾ ਹੋ ਗਿਆ ਹੈ | ਤੂੰ ਸਾਡੇ ਸੁਪਨੇ / ਸਾਡੀਆਂ ਉਮੀਦਾਂ / ਤੇ ਸਾਡੀਆਂ ਖੁਸ਼ੀਆਂ ਵਿਚ 
 ਇੱਕ-ਮਿੱਕ ਹੁੰਦਾ ਲਖਾਂ ਵਿਚ ਵਟ ਗਿਆ ਹੈਂ / ਤੇ ਓਹ ਲਖਾਂ ਤੇਰੇ ਵਿਚ |   
                                                            - ਸ਼ਸ਼ੀ ਸਮੁੰਦਰਾ | 3/21/11
ਸ਼ਸ਼ੀ ਸਮੁੰਦਰਾ 'ਚ ਇਹ ਖੂਬੀ ਹੈ ਕਿ ਉਹ ਸਖ਼ਤ ਤੋਂ ਸਖ਼ਤ ਗੱਲ ਬੜੇ ਸਲੀਕੇ ਨਾਲ ਕਹਿ ਸਕਦੀ ਹੈ.ਉਹ ਬੇਹੱਦ ਉਦਾਸੀ ਵਿੱਚ  ਵਿਚ ਵੀ ਮੁਸਕਰਾ ਕੇ ਗੱਲ ਕਰਨ ਵਿੱਚ ਮਾਹਿਰ ਹੈ. ਸ਼ਸ਼ੀ ਆਪਣੇ ਖਿਆਲਾਂ ਵਿੱਚ ਇੱਕਲੀ ਨਹੀਂ ਗੁੰਮਦੀ ਉਹ ਨਾਲ ਦਿਆਂ ਨੂੰ ਵੀ ਨਾਲ ਲੈ ਤੁਰਦੀ ਹੈ ਆਪਣੇ ਨਾਲ ਨਾਲ ਉਸ ਸਫ਼ਰ ਤੇ ਜੋ ਖੁਦ ਉਸ ਲਈ ਵੀ ਅਨਜਾਣ ਹੁੰਦਾ ਹੈ. ਇਸ ਨਜ਼ਮ ਬਾਰੇ ਟਿੱਪਣੀ ਕਰਦਿਆਂ ਜਗਦੀਸ਼ ਕੌਰ  ਨੇ ਬੜੀ ਹਿੰਮਤ ਨਾਲ ਮਨ ਦੀ ਗੱਲ ਕੀਤੀ ਹੈ. ਉਸਨੇ ਕਿਹਾ  ਪਤਾ ਨਹੀਂ ਕਿਉਂ..ਤੁਹਾਡੀ ਇਹ ਖੂਬਸੂਰਤ ਨਜ਼ਮ ਪੜ੍ਹ ਕੇ ਮੈਨੂੰ ਨਾਨਕ ਦੀ 'ਆਰਤੀ'--' ਗਗਨ ਮਹਿ ਥਾਲ ਰਵਿ ਚੰਦ ਦੀਪਕ ਬਨੇ ਤਾਰਿਕਾ ਮੰਡਲ....' ਯਾਦ ਆ ਰਹੀ ਹੈ। -ਸਤਿਕਾਰ। 
ਇਹ ਤਾਂ ਨਹੀਂ ਹੋ ਸਕਦਾ ਕਿ ਤੁਹਾਡੇ ਮਨਾਂ ਏ ਸਾਗਰਾਂ ਵਿੱਚ ਵੀ ਇਸ ਰਚਨਾ ਨੇ ਕੋਈ ਹਲਚਲ ਨਾ ਮਚਾਈ ਹੋਵੇ. ਕੋਈ ਸੁਰ ਨਾ ਛੇੜੀ ਹੋਵੇ ਜਾਂ ਫੇਰ ਕਿਸੇ ਦੁਖਦੀ ਨਬਜ਼ ਤੇ ਹਥ ਨਾ ਰਖਿਆ ਹੋਵੇ. ਤੁਸੀਂ ਜੋ ਵੀ ਮਹਿਸੂਸ ਕੀਤਾ ਜ਼ਰੂਰ ਦੱਸੋ. ਤੁਹਾਡੇ ਵਿਚਾਰਾਂ ਦੀ ਉਡੀਕ ਤੀਬਰਤਾ ਨਾਲ ਰਹੇਗੀ. --ਰੈਕਟਰ ਕਥੂਰੀਆ  

2 comments:

Anonymous said...

bahut hi khoobsurat shabad ate andaaz...

baljit saini.blogspot.com said...

bahut hi khoobsurat shabad te andaaz...