Sunday, January 09, 2011

ਪਾਸ਼ ਤੇ ਪਾਤਰ ਸੱਕੇ ਭਰਾ

ਜ਼ਿੰਦਗੀ ਨੂੰ ਬਹੁਤ ਹੀ ਨੇੜਿਓਂ ਹੋ ਕੇ ਦੇਖਣ ਵਾਲੇ ਭਵਿੱਖ ਨੂੰ ਵੀ ਵੇਖ ਲੈਂਦੇ ਨੇ. ਜੇ ਉਹਨਾਂ ਨੂੰ ਠੀਕ ਲੱਗੇ ਤਾਂ ਫਿਰ ਜ਼ਰੂਰੀ ਜ਼ਰੂਰੀ ਗੱਲ ਦੀ ਕੁਝ ਕੁਝ ਭਵਿੱਖਬਾਣੀ ਵੀ  ਕਰ ਦੇਂਦੇ ਨੇ...ਹੁਣ ਇਹ ਗੱਲ ਵੱਖਰੀ ਹੈ ਕਿ ਲੋਕ ਉਹਨਾਂ ਦੀ ਗੱਲ ਵੱਲ ਪੂਰਾ ਧਿਆਨ ਦੇਣ ਦੀ ਬਜਾਏ ਜੋਤਸ਼ੀਆਂ ਦੇ ਗੇੜੇ ਕਢਣਾ ਜਿਆਦਾ ਠੀਕ ਸਮਝ ਲੈਂਦੇ ਨੇ. ਸਮਾਂ ਚਲਦਾ ਜਾਂਦਾ ਹੈ. ਕਦੇ ਹਨੇਰੀ ਬਣ ਕੇ, ਕਦੇ ਤੂਫ਼ਾਨ ਬਣ ਕੇ.  ਇਹਨਾਂ ਹਨੇਰੀਆਂ 'ਚ ਬੜਾ ਕੁਝ ਗੁਆਚ ਜਾਂਦਾ ਹੈ. ਜੋ ਸਾਡੇ ਤੱਕ ਪਹੁੰਚਦਾ ਹੈ ਉਸ ਵਿੱਚ ਕਈ ਤਰਾਂ ਦੇ ਵਾਧੇ ਘਾਟੇ ਕਰ ਦਿੱਤੇ ਜਾਂਦੇ ਨੇ. ਵਾਧੇ ਘਾਟਿਆਂ ਦੀਆਂ ਸਾਜ਼ਿਸ਼ਾਂ ਅਕਸਰ ਹੀ ਜਾਣਬੁਝ ਕੇ ਹੁੰਦੀਆਂ ਹਨ ਪਰ ਇਹਨਾਂ ਦੇ ਨਾਲ ਨਾਲ ਇਮਾਨਦਾਰੀ ਵਾਲੀਆ ਕੋਸ਼ਿਸ਼ਾਂ ਵੀ ਜਾਰੀ ਰਹਿੰਦੀਆਂ ਹਾਂ. ਅਜਿਹੀ ਹੀ ਇੱਕ ਇਮਾਨਦਾਰ ਕੋਸ਼ਿਸ਼ ਨਜ਼ਰ ਆਈ ਹੈ ਇਸ ਪੇਸ਼ਕਾਰੀ ਵਿੱਚ. ਇਸਨੂੰ ਤਿਆਰ ਕੀਤਾ ਹੈ ਇੰਦਰਜੀਤ ਸਿੰਘ  ਕਾਲਾਸੰਘਿਆਂ ਨੇ. ਲਓ ਪਹਿਲਾਂ ਪੜ੍ਹੋ ਪਾਸ਼ ਦੀ ਕਵਿਤਾ ਪਾਤਰ ਬਾਰੇ  ਜਿਸ ਬਾਰੇ ਇੰਦਰਜੀਤ ਦਾ ਕਹਿਣਾ ਹੈ ਕਿ ਸੁਣਿਆ ਹੈ ਕੀ ਇਹ ਕਵਿਤਾ ਪਾਸ਼ ਨੇ ਪਾਤਰ ਬਾਰੇ ਲਿਖੀ ਸੀ. ਲਓ ਜ਼ਰਾ ਦੇਖੋ ਇੱਕ ਨਜ਼ਰ:
ਪਾਸ਼ ਤੇ ਪਾਤਰ ਸੱਕੇ ਭਰਾ  

ਰੇਤ ਦੇ ਟਿਬਿੱਆ ਵਿੱਚ
ਸਾਡਾ ਜਨਮ ਦੋਹਾ ਦਾ
ਹੋਇਆ ਸੀ
ਸਾਨੂੰ ਦੇਖ ਮਾ ਦਾ ਚੇਹਰਾ
ਹੱਸਿਆ ਫੇਰ ਰੋਇਆ ਸੀ
ਹੱਸਿਆ ਇਸ ਲਈ
ਜੱਗ ਵਿੱਚ ਰਹਿਜੂ
ਚਲਦਾ ਵੰਸ਼ ਸਾਡਾ ਇਹ
ਰੋਇਆ ਇਸ ਲਈ
ਕਿੰਜ ਕੱਟਣਗੇ
ਜੀਵਨ ਪੰਧ ਦੁਰਾਡਾ ਇਹ
ਨਾ ਤਾ ਉਸ ਦਿਨ ਸਾਡੇ ਚਾਚੇ
ਪੈਰ ਵਤਨ ਵਿਚ
ਪਾਇਆ ਸੀ
ਨਾ ਹੀ ਸਾਡਾ ਬਾਪੂ
ਜੇਲੋ ਛੁੱਟ ਕੇ ਆਇਆ ਸੀ
ਉਸ ਨੂੰ ਰਹੀ ਉਡੀਕ ਖਤਾ ਦੀ
ਮੈਨੂੰ ਰਹੀ ਜਵਾਬਾ ਦੀ
ਉਸ ਚਿੜੀਆ ਦੇ ਜਖਮ ਪੋਲਸੇ
ਮੈ ਰਿਹਾ
ਟੋਹ ਵਿੱਚ ਬਾਜਾ ਦੀ
ਮੈ ਗਾਲਾ ਦੀ ਡਿਗਰੀ ਕੀਤੀ
ਤੇ ਉਸਦੀ ਕੀਤੀ ਰਾਗਾ ਦੀ
ਉਹ ਰਾਗਾ ਦੇ ਨਾਲ ਹੈ ਸੋਦਾ
ਮੈਨੂੰ ਲੋੜ ਨਾ ਸਾਜਾ ਦੀ
ਮੇਰੀ ਹਿਕੜੀ ਵਿਚ
ਪੱਥਰ ਉੱਗਦੇ
ਉਸਦੀ ਹਿਕੜੀ ਬਾਗਾ ਦੀ
ਉਹ ਫੁੱਲਾ ਦੀ
ਛਾਵੇ ਬਹਿੰਦਾ
ਤੇ ਮੈ ਫਨੀਅਰ ਨਾਗਾ ਦੀ
ਚੱਲਦੇ ਚੱਲਦੇ
ਰਾਹਾ ਦੇ ਵਿਚ
ਆਇਆ ਇਕ ਪੜਾਅ
ਰੁਲਦੇ ਰੁਲਦੇ
ਰੁਲ ਗਏ ਯਾਰੋ
 ਮੈ ਤੇ ਪਾਤਰ ਸਕੇ ਭਰਾ—— 
ਹੁਣ ਗੱਲ ਕਰਦੇ ਹਾਂ ਦੂਜੀ ਕਵਿਤਾ ਦੀ. ਇਸ ਕਵਿਤਾ ਬਾਰੇ ਇੰਦਰਜੀਤ ਦਾ ਕਹਿਣਾ ਹੈ :ਤੇ ਸੁਣਿਆ ਹੈ ਇਹ ਨਜ਼ਮ ਪਾਤਰ ਹੋਰਾਂ ਪਾਸ਼ ਦੀ ਹੱਤਿਆ ਤੇ ਲਿਖੀ ਸੀ :
   ਪਾਸ਼ ਬਾਰੇ ਪਾਤਰ 
ਇਕ ਲਰਜ਼ਦਾ ਨੀਰ ਸੀ
ਉਹ ਮਰ ਕੇ ਪੱਥਰ ਹੋ ਗਿਆ
ਦੂਸਰਾ ਇਸ ਹਾਦਸੇ ਤੋਂ
ਡਰ ਕੇ ਪੱਥਰ ਹੋ ਗਿਆ

ਤੀਸਰਾ ਇਸ ਹਾਦਸੇ ਨੂੰ
ਕਰਨ ਲੱਗਾ ਸੀ ਬਿਆਨ
ਉਹ ਕਿਸੇ ਪੱਥਰ ਦੇ ਘੂਰਨ ਕਰ ਕੇ ਪੱਥਰ ਹੋ ਗਿਆ

ਇਕ ਸ਼ਾਇਰ ਬਚ ਰਿਹਾ
ਅਹਿਸਾਸ ਦੇ ਸੰਗ ਲਰਜ਼ਦਾ
ਏਨੇ ਪੱਥਰ
ਉਹ ਤਾਂ ਗਿਣਦਾ ਗਿਣਦਾ ਪੱਥਰ ਹੋ ਗਿਆ

ਅਖੀਰ ਵਿੱਚ ਇੱਕ ਗੱਲ ਹੋਰ...ਪਾਸ਼ ਦੀ ਕਵਿਤਾ ਬੁਲੰਦ ਆਵਾਜ਼ ਨਾਲ ਕਹਿੰਦੀ ਹਾਂ: ਅਸੀਂ ਲੜਾਂਗੇ ਸਾਥੀ....! ਦੂਜੇ ਪਾਸੇ ਪਾਤਰ ਦੀ ਇੱਕ ਪ੍ਰਸਿਧ ਰਚਨਾ ਹੈ...ਬੋਲਿਆ ਤਾਂ ਹਨੇਰਾ ਜਰੇਗਾ ਕਿਵੇਂ, ਚੁਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ...! ਵਿਚਾਰਾਂ ਦੇ ਵਖਰੇਵਿਆਂ ਦੇ ਬਾਵਜੂਦ ਇਹ ਸੁਣ ਕੇ ਕਿੰਨਾ ਚੰਗਾ ਚੰਗਾ ਲੱਗਦਾ ਹੈ ਮੈਂ ਤੇ ਪਾਤਰ ਸੱਕੇ ਭਰਾ....! ਤੁਹਾਨੂੰ ਇਹ ਪੇਸ਼ਕਾਰੀ ਕਿਹੋ ਜਿਹੀ ਲੱਗੀ ਜ਼ਰੂਰ ਦੱਸਣਾ ਅਤੇ ਜੇ ਤੁਹਾਡੇ ਕੋਲ ਵੀ ਅਜਿਹੀ ਕੋਈ ਲਿਖਤ ਹੈ ਤਾਂ ਜ਼ਰੂਰ ਭੇਜੋ. ਤੁਹਾਡੀਆਂ ਰਚਨਾਵਾਂ ਦੀ ਵੀ ਉਡੀਕ ਰਹੇਗੀ ਅਤੇ ਤੁਹਾਡੇ ਵਿਚਾਰਾਂ ਦੀ ਵੀ.--ਰੈਕਟਰ ਕਥੂਰੀਆ   

No comments: