Showing posts with label Transport. Show all posts
Showing posts with label Transport. Show all posts

Sunday, October 10, 2021

ਬਿਨਾਂ ਟੈਕਸ ਚਲ ਰਹੀਆਂ ਨਿੱਜੀ ਕੰਪਨੀਆਂ ਦੀਆਂ 25 ਬੱਸਾਂ ਜ਼ਬਤ

 10th October 2021 at 8:04 PM

ਵੱਡੇ ਘਰਾਂ ਦੀਆਂ ਨਾਜਾਇਜ਼ ਚੱਲਦੀਆਂ ਬੱਸਾਂ ਸਰਕਾਰ ਦੇ ਨਿਸ਼ਾਨੇ ’ਤੇ


ਚੰਡੀਗੜ੍ਹ
/ਗੁਰਦਾਸਪੁਰ: 10 ਅਕਤੂਬਰ 2021: (ਪੰਜਾਬ ਸਕਰੀਨ ਬਿਊਰੋ)::

ਚੰਨੀ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਆਪਣਾ ਐਲਾਨ ਅਤੇ ਵਾਅਦਾ ਪੂਰਾ ਕਰਦਿਆਂ ਨਿਜੀ ਟਰਾਂਸਪੋਰਟ ਕੰਪਨੀਆਂ ਦੇ ਖਿਲਾਫ ਆਪਣਾ ਐਕਸ਼ਨ ਤੇਜ਼ ਕਰ ਦਿੱਤਾ ਹੈ। ਇਸ ਵਾਰੇ ਨਵੇਂ ਐਕਸ਼ਨ ਅਧੀਨ 25 ਨਿਜੀ ਬਸਾਂ ਨੂੰ ਜ਼ਬਤ ਕੀਤਾ ਗਿਆ ਹੈ ਜਿਹੜੀਆਂ ਨਜਾਇਜ਼ ਤੌਰ ਤੇ ਚੱਲ ਰਹੀਆਂ ਸਨ। ਇਹ ਐਕਸ਼ਨ ਅਜੇ ਜਾਰੀ ਰਹਿਣ ਦੀ ਸੰਭਾਵਨਾ ਹੈ ਕਿਓਂਕਿ ਪ੍ਰਾਈਵੇਟ ਸੈਕਟਰ ਅਜੇ ਵੀ ਆਪਣੀਆਂ ਪੁਰਾਣੀਆਂ ਆਦਤਾਂ ਮੁਤਾਬਿਕ ਸਰਗਰਮ ਹੈ।  

ਟਰਾਂਸਪੋਰਟ ਵਿਭਾਗ ਗੁਰਦਾਸਪੁਰ ਨੇ ਅੱਜ ਜ਼ਿਲ੍ਹੇ ਵਿੱਚ ਵੱਡੀ ਕਾਰਵਾਈ ਕਰਦਿਆਂ ਬਿਨਾਂ ਟੈਕਸ, ਬਿਨਾਂ ਟਾਈਮ ਤੋਂ ਚਲ ਰਹੀਆਂ ਵੱਡੇ ਘਰਾਂ ਦੀਆਂ ਨਿੱਜੀ ਕੰਪਨੀਆਂ ਦੀਆਂ 25 ਬੱਸਾਂ ਨੂੰ ਜ਼ਬਤ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਬਲਦੇਵ ਸਿੰਘ ਰੰਧਾਵਾ, ਰਿਜਨਲ ਟਰਾਂਸਪਰੋਟ ਅਥਾਰਟੀ ਗੁਰਦਾਸਪੁਰ ਨੇ ਦੱਸਿਆ ਕਿ ਟਰਾਂਸਪੋਰਟ ਮੰਤਰੀ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਾਰਵਾਈ ਕਰਦਿਆਂ ਨਿੱਜੀ ਕੰਪਨੀਆਂ ਦੀਆਂ ਬੱਸਾਂ ਜੋ ਬਿਨਾਂ ਟੈਕਸ, ਡਿਫਾਲਟਰ ਅਤੇ ਬਿਨਾਂ ਟਾਈਮ ਤੋੋਂ ਚੱਲ ਰਹੀਆਂ ਸਨ, ਸਬੰਧੀ ਕਾਰਵਾਈ ਕੀਤੀ ਗਈ ਹੈ ਜਿਸ ਵਿਚ ਵੱਡੇ ਘਰਾਂ ਦੀ ਬੱਸਾਂ ਦੀਆਂ ਨਿੱਜੀ ਕੰਪਨੀਆਂ ਜਿਵੇਂ ਰਾਜਧਾਨੀ, ਡੱਬਵਾਲੀ ਤੇ ਲਿਬੜਾ ਆਦਿ ਕੰਪਨੀਆਂ ਦੀਆਂ ਬੱਸਾਂ ਸ਼ਾਮਲ ਹਨ, ਨੂੰ ਜ਼ਬਤ ਕੀਤਾ ਗਿਆ ਹੈ।

ਸ੍ਰੀ ਰੰਧਾਵਾ ਨੇ ਗੱਲਬਾਤ ਦੌਰਾਨ ਕਿਹਾ ਕਿ ਵਿਭਾਗ ਦੇ ਨਿਯਮਾਂ ਤੇ ਸ਼ਰਤਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਟਰਾਂਸਪੋਰਟ ਵਿਭਾਗ ਵਿੱਚ ਪਾਰਦਰਸੀ ਅਤੇ ਪ੍ਰਭਾਵਸ਼ਾਲੀ ਕੰਮਕਾਜ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਟੈਕਸ ਨਾ ਭਰਨ ਵਾਲਿਆਂ ਜਾਂ ਨਿਯਮਾਂ ਵਿੱਚ ਕਿਸੇ ਵੀ ਕਿਸਮ ਦੀ ਊਣਤਾਈ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਸਾਰੇ ਡਿਫ਼ਾਲਟਰਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਇਹ ਕਾਰਵਾਈ ਪਿਛਲੇ ਦੋ ਦਿਨਾਂ ਤੋਂ ਚੱਲ ਰਹੀ ਹੈ ਤੇ ਅਗਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ।

Sunday, October 03, 2021

ਟਰਾਂਸਪੋਰਟ ਮਾਫੀਆ ਦੇ ਖਿਲਾਫ ਫੈਸਲਾਕੁੰਨ ਸਖਤੀ ਸ਼ੁਰੂ

  ਲੁਧਿਆਣਾ ਵਿਖੇ 40 ਨਿਜੀ ਬਸਾਂ ਜ਼ਬਤ ਕੀਤੀਆਂ

ਗੈਰਕਨੂੰਨੀ ਟੂਰਿਸਟ ਬਸਾਂ ਦੇ  ਕਾਰੋਬਾਰਾਂ' ਤੇ ਅਚਾਨਕ ਸਰਕਾਰ ਦੀ ਸਖਤੀ  

ਅੱਜ ਤੋਂ ਟ੍ਰਾਂਸਪੋਰਟ ਮਾਫੀਆ ਦੇ ਖਾਤਮੇ ਦੀ ਸ਼ੁਰੂਆਤ ਹੈ- ਅਮਰਿੰਦਰ ਸਿੰਘ ਰਾਜਾ ਵੜਿੰਗ


ਲੁਧਿਆਣਾ
: 3 ਅਕਤੂਬਰ 2021: (ਪੰਜਾਬ ਸਕਰੀਨ ਬਿਊਰੋ)::

ਪੰਜਾਬ ਸਰਕਾਰ ਨੂੰ ਚੂਨਾ ਲਗਾ ਕੇ ਲਗਾਤਾਰ  ਸਰਕਾਰੀ ਟਰਾਂਸਪੋਰਟ ਨੂੰ ਖੋਖਲਾ ਕਰਦੇ ਆ ਰਹੇ ਪ੍ਰਾਈਵੇਟ ਟਰਾਂਸਪੋਰਟ ਵਾਲੇ  ਮਾਫੀਆ ਦੀ ਅੱਜ ਤੋਂ ਸ਼ਾਮਤ ਆਉਣੀ ਸ਼ੁਰੂ ਹੋ ਗਈ ਹੈ। ਅੱਜ ਲੁਧਿਆਣਾ ਦੇ ਬਸ ਸਟੈਂਡ ਤੋਂ ਇਸ ਸਖਤੀ ਦੀ ਸ਼ੁਰੂਆਤ ਦਿਨ ਦਿਹਾੜੇ ਐਲਾਨੀਆ ਸ਼ੁਰੂ ਕੀਤੀ ਗਈ। ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਦੀ ਕਾਰਵਾਈ ਨੂੰ ਸਿਰਫ ਇੱਕ ਟਰੇਲਰ ਦੱਸਦਿਆਂ ਕਿਹਾ ਕਿ ਫਿਲਮ ਤਾਂ ਅਜੇ ਬਾਕੀ ਹੈ। 

ਜ਼ਿਕਰਯੋਗ ਹੈ ਕਿ ਇਹ ਉਹ ਮਾਫੀਆ ਹੈ ਜਿਹੜਾ
ਨਿਰਧਾਰਿਤ ਰੂਟਾਂ, ਨਿਰਧਾਰਿਤ ਬਸਾਂ ਅਤੇ ਨਿਰਧਾਰਿਤ ਸਮਿਆਂ ਦੇ ਟਾਈਮ ਟੇਬਲ ਦੀ ਉਲੰਘਣਾਂ ਕਰਦਾ ਹੋਇਆ ਸ਼ਰੇਆਮ ਕਈ ਕਈ ਬੱਸਾਂ ਚਲਾਉਦਾ ਹੈ। ਸਰਕਾਰੀ ਬਸਬ ਦੇ ਹਿੱਸੇ ਆਉਂਦੀਆਂ ਸਵਾਰੀਆਂ ਨੂੰ ਇਹ ਨਿਜੀ ਸੈਕਟਰ ਹੋਰ ਰੋਜ਼ ਲੁੱਟ ਲੈਂਦਾ ਹੈ। 

ਅਤੀਤ ਵਿੱਚ ਇਹਨਾਂ ਟ੍ਰਾਂਸਪੋਰਟਾਂ ਦੇ ਮਾਲਕਾਂ ਦਾ ਸਰਕਾਰ ਵਿੱਚ ਸਰਗਰਮ ਹੱਥ ਹੁੰਦਾ ਰਿਹਾ ਹੈ ਇਸ ਲਈ ਇਹਨਾਂ ਨੂੰ ਪੁੱਛਣ ਵਾਲਾ ਕਦੇ ਵੀ ਕੋਈ ਨਹੀਂ ਸੀ। ਪ੍ਰਾਈਵੇਟ ਸੈਕਟਰ ਦੀਆਂ ਪ੍ਰਸਿੱਧ ਟੂਰਿਸਟ ਬਸਾਂ ਵੀ ਪੰਜਾਬ ਦੇ ਵੱਡੇ ਸਿਆਸਤਦਾਨਾਂ ਦੀਆਂ ਬਸਾਂ ਹਨ। ਸਰਕਾਰੀ ਬਸ ਅੱਡਿਆਂ ਦੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦਿਆਂ ਇਹਨਾਂ ਦੇ ਕਰਿੰਦੇ ਬਸ ਅੱਡਿਆਂ ਦੇ ਗੇਟਾਂ ਤੇ ਬਸਾਂ ਖੜੀਆਂ ਕਰਦੇ, ਆਟੋ ਰਿਕਸ਼ਾ ਵਾਲਿਆਂ ਨੂੰ ਰੋਕ ਰੋਕ ਕੇ ਉਹਨਾਂ ਵਿੱਚੋਂ ਸਵਾਰੀਆਂ ਲਾਹੁੰਦੇ ਅਤੇ ਸਰਕਾਰੀ ਬਸਾਂ ਨੂੰ ਖਾਲੀ ਤੁਰਨ ਲਈ ਮਜਬੂਰ ਕਰਦੇ। ਇਹ ਗੁੰਡਾਗਰਦੀ ਚਿਰਾਂ ਤੋਂ ਜਾਰੀ ਸੀ। ਜੇ ਸਰਕਾਰੀ ਬਸਾਂ ਦਾ ਸਟਾਫ ਕੋਈ ਇਤਰਾਜ਼ ਵੀ ਕਰੇ ਤਾਂ ਉਸ ਨਾਲ ਬਦਮਾਸ਼ੀ ਕਰਨ ਲਈ ਵੀ ਇਹ ਲੋਕ ਤਿਆਰ ਰਹਿੰਦੇ। ਇਹਨਾਂ ਨੂੰ ਇਹਨਾਂ ਦੀਆਂ ਗੁਸਤਾਖੀਆਂ ਅਤੇ ਬਦਮਾਸ਼ੀਆਂ ਬਦਲੇ ਸਬਕ ਸਿਖਾਉਣ ਦਾ ਇਸ਼ਾਰਾ ਸੂਬੇ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ 29 ਸਤੰਬਰ ਨੂੰ ਹੀ ਦੇ ਦਿੱਤਾ ਸੀ। ਇਸ ਤੋਂ ਬਾਅਦ ਵੀ ਇਹ ਲੋਕ ਬੇਖੌਫ ਆਪਣੀਆਂ ਮਨਮਰਜ਼ੀਆਂ ਕਰਕੇ ਚੰਮ ਦੀਆਂ ਚਲਾਉਂਦੇ ਰਹੇ। ਸ਼ਾਇਦ ਇਹਨਾਂ ਨੂੰ ਲੱਗਦਾ ਸੀ ਕਿ ਗੱਲ ਸਿਰਫ ਅਖਬਾਰੀ ਬਿਆਨਾਂ ਤੱਕ ਰਹੀ ਜਾਣੀ ਹੈ ਸਾਨੂੰ ਕਿਸਨੇ ਰੋਕਣਾ ਹੈ?

ਆਖਿਰ ਅੱਜ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ
ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਥਾਨਕ ਖੇਤਰੀ ਟਰਾਂਸਪੋਰਟ ਅਥਾਰਟੀਆਂ ਨੇ ਸਥਾਨਕ ਪੁਲਿਸ ਦੇ ਨਾਲ ਮਿਲ ਕੇ ਬੱਸਾਂ ਦੇ ਗੈਰਕਨੂੰਨੀ ਸੰਚਾਲਨ ਦੇ ਵਿਰੁੱਧ ਇਤਿਹਾਸਿਕ ਕਾਰਵਾਈ ਕੀਤੀ ਅਤੇ ਅਮਰ ਸ਼ਹੀਦ ਸੁਖਦੇਵ ਅੰਤਰਰਾਜੀ ਬੱਸ ਅੱਡੇ ਦੇ ਨੇੜੇ  40 ਯਾਤਰੀ ਬਸਾਂ ਨੂੰ ਗੈਰਕਨੂੰਨੀ ਹੋਣ ਕਾਰਨ ਜ਼ਬਤ ਕਰ ਲਿਆ।

ਆਪਣੇ ਐਲਾਨ ਅਤੇ ਵਾਅਦੇ ਮੁਤਾਬਿਕ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਸਵੇਰੇ ਬੱਸ ਟਰਮੀਨਲ 'ਤੇ ਆਪਣੇ ਇਸ ਐਕਸ਼ਨ ਦਾ ਸ਼ੁਭ ਆਰੰਭ ਗਾਂਧੀਗਿਰੀ ਦਾ ਸੰਕੇਤ ਦੇਂਦਿਆਂ ਸਫਾਈ ਮੁਹਿੰਮ ਨਾਲ ਸ਼ੁਰੂ ਕੀਤਾ। ਉਹ ਮੌਕੇ' ਤੇ ਪਹੁੰਚੇ ਅਤੇ ਕਿਹਾ ਕਿ ਇਸ ਨੂੰ ਕਿਸੇ ਵੀ ਕੀਮਤ 'ਤੇ ਇਹ ਸਭ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਰਕਾਰ ਦੀ ਸਖਤੀ ਵਾਲੀ ਸੁਰ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਦੇ ਨਾਲ ਪੀਐਮਆਈਡੀਬੀ ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ, ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਮਨ ਬਾਲਸੂਬਰਾਮਨੀਅਮ, ਸਕੱਤਰ ਆਰਟੀਏ ਨਰਿੰਦਰ ਸਿੰਘ ਧਾਲੀਵਾਲ ਤੋਂ ਇਲਾਵਾ ਕਈ ਹੋਰ ਵੀ ਸਨ।

ਵੜਿੰਗ ਨੇ ਕਿਹਾ ਕਿ ਇਹ ਰਾਜ ਤੋਂ ਟਰਾਂਸਪੋਰਟ ਮਾਫੀਆ ਦੇ ਅੰਤ ਦੀ ਸ਼ੁਰੂਆਤ ਹੈ ਅਤੇ ਅੱਗੇ ਕਿਹਾ ਕਿ ਰਾਜ ਵਿੱਚ ਬਿਨਾਂ ਪਰਮਿਟ ਅਤੇ ਟੈਕਸ ਚੋਰੀ ਕਰਨ ਵਾਲੀ ਹਰ ਬੱਸ ਨੂੰ ਜ਼ਬਤ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਟਰਾਂਸਪੋਰਟ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਰਾਜ ਵਿੱਚ ਬੱਸਾਂ ਦੇ ਗੈਰਕਨੂੰਨੀ ਸੰਚਾਲਨ ਵਿਰੁੱਧ ਕਾਰਵਾਈ ਸ਼ੁਰੂ ਕਰਨ।


ਉਨ੍ਹਾਂ ਕਿਹਾ ਕਿ
ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜਿਹੜੇ ਅਧਿਕਾਰੀ ਗੈਰ -ਕਾਨੂੰਨੀ ਟਰਾਂਸਪੋਰਟਰਾਂ ਦੀ ਮਦਦ ਕਰਦੇ ਪਾਏ ਜਾਣਗੇ, ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਸਾਰੇ ਅਧਿਕਾਰੀਆਂ ਨੂੰ ਕਿਸੇ ਤੋਂ ਪ੍ਰਭਾਵਿਤ ਹੋਏ ਬਗੈਰ ਆਪਣੀਆਂ ਡਿਊਟੀਆਂ ਨਿਭਾਉਣੀਆਂ ਚਾਹੀਦੀਆਂ ਹਨ ਅਤੇ ਟਰਾਂਸਪੋਰਟ ਖੇਤਰ ਵਿੱਚ ਡਿਫਾਲਟਰਾਂ 'ਤੇ ਲਗਾਮ ਲਗਾਉਣੀ ਚਾਹੀਦੀ ਹੈ। ਇਸ ਰਿਪੋਰਟ ਦੇ ਭਰਨ ਤੱਕ ਅਧਿਕਾਰੀ ਅਜੇ ਵੀ ਮੌਕੇ 'ਤੇ ਮੌਜੂਦ ਸਨ ਅਤੇ ਹੋਰ ਬੱਸਾਂ ਨੂੰ ਜ਼ਬਤ ਕੀਤੇ ਜਾਣ ਦੀ ਵੀ ਉਮੀਦ ਸੀ। 

Saturday, October 02, 2021

ਟਰਾਂਸਪੋਰਟ ਵਿਭਾਗ ਵਲੋਂ ਬੇਰੁਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ ਦੀ ਝੜੀ

2nd October 2021 at 03:58 PM

ਕਲੇਰ ਵੱਲੋਂ 864 ਰੂਟ ਪਰਮਿਟ ਅਤੇ 7500 ਮਿੰਨੀ ਬੱਸਾਂ ਦੇ ਰੂਟ ਦੇਣ ਦਾ ਐਲਾਨ


ਮੋਹਾਲੀ: 2 ਅਕਤੂਬਰ 2021: (ਗੁਰਜੀਤ ਬਿੱਲਾ//ਮੋਹਾਲੀ ਸਕਰੀਨ)::

ਪੰਜਾਬ ਟਰਾਂਸਪੋਰਟ ਵਿਭਾਗ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਹਿੱਤ ਕੌਮੀ, ਪ੍ਰਾਂਤਕ ਤੇ ਜ਼ਿਲਾ ਸੜਕਾਂ ਉਪਰ 864 ਪਰਮਿਟ ਪੇਂਡੂ ਸੜਕਾਂ ’ਤੇ ਅਤੇ 7520 ਮਿੰਨੀ ਬੱਸ ਰੂਟ ਦੇਵੇਗੀ। 

ਇਸ ਸਕੀਮ ਦਾ ਐਲਾਨ ਅੱਜ ਇਥੈ ਪੰਜਾਬ ਰੋਡਵੇਜ਼ ਦੇ ਚੰਡੀਗੜ ਡਿੱਪੂ ਦੇ ਜਨਰਲ ਮੈਨੇਜਰ ਕਰਨ ਸਿੰਘ ਕਲੇਰ, ਪਠਾਨਕੋਟ ਡਿੱਪੂ ਦੇ ਜੀ.ਐਮ. ਦਰਸ਼ਨ ਸਿੰਘ ਗਿੱਲ, ਨਵਾਂ ਸ਼ਹਿਰ ਦੇ ਗੁਰਸੇਵਕ ਸਿੰਘ ਰਾਜਪਾਲ, ਨੰਗਲ ਡਿੱਪੂ ਦੇ ਜਸਬੀਰ ਸਿੰਘ, ਨਵਾਂ ਸ਼ਹਿਰ ਦੇ ਜੀ.ਐਮ. ਰਾਜੀਵ ਦੱਤਾ ਨੇ ਅੱਜ ਇੱਥੇ ਇਕ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਸੜਕਾਂ ਦੇ 864 ਪਰਮਿਟ ਦਿੱਤੇ ਜਾ ਰਹੇ ਹਨ ਜਿਨਾਂ ਦੇ ਕੌਮੀਸ਼ਾਹ ਰਾਹ ’ਤੇ 502, ਸਟੇਟ ਰੋਡ ’ਤੇ 140, ਮੁੱਖ ਜ਼ਿਲਾ ਸੜਕਾਂ ’ਤੇ 151 ਤੇ ਬਾਕੀ ਜ਼ਿਲਾ ਸੜਕਾਂ ਉਪਰ 71 ਰੂਟ ਪਰਮਿਟ ਦਿੱਤੇ ਜਾ ਰਹੇ ਹਨ।

ਉਨਾਂ ਅੱਗੇ ਦਸਿਆ ਕਿ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਲਈ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਮਿੰਨੀ ਬੱਸਾਂ ਦੇ 7500 ਪਰਮਿਟ ਦੇਵੇਗੀ। ਉਨਾਂ ਦਸਿਆ ਕਿ ਉਪਰਲੇ ਸਾਰੇ ਰੂਟ ਪਰਮਿਟਾਂ ਬਾਰੇ ਸਾਰੇ ਮੁੱਖ ਅਖ਼ਬਾਰਾਂ ਵਿਚ 6 ਸਤੰਬਰ ਨੂੰ ਇਸ਼ਤਿਹਾਰ ਦਿੱਤੇ ਗਏ ਸਨ, ਜਿਸ ਵਿਚ 7 ਅਕਤੂਬਰ ਤੱਕ ਅਰਜ਼ੀਆਂ ਮੰਗੀਆਂ ਹਨ।

ਉਨਾਂ ਕਿਹਾ ਕਿ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸਾਰੇ ਜਨਰਲ ਮੈਨੇਜਰਾਂ ਦੀ ਡਿਊਟੀ ਪੰਜਾਬ ਭਰ ਵਿਚ ਲਾਈ ਗਈ ਹੈ ਤਾਂ ਕਿ ਸਾਰੇ ਨੌਜਵਾਨਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ।

ਸ. ਕਲੇਰ ਨੇ ਦਸਿਆ ਕਿ 3 ਅਕਤੂਬਰ 2021 ਤੋਂ ਪੰਜਾਬ ਭਰ ਦੇ ਸਾਰੇ ਬੱਸ ਸਟੈਂਡਾਂ ’ਤੇ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਜਾਵੇਗੀ, ਜਿਸਦੀ ਸ਼ੁਰੂਆਤ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਵਲੋਂ ਲੁਧਿਆਣਾ ਦੇ ਬੱਸ ਸਟੈਂਡ ਦੀ ਚੈਕਿੰਗ ਕਰਕੇ ਕੀਤੀ ਜਾਵੇਗੀ। ਉਨਾਂ ਕਿਹਾ ਕਿ ਸਾਰੀਆਂ ਬੱਸਾਂ ਦੀ ਅੰਦਰੋਂ ਅਤ ਬਾਹਰੋਂ ਸਫ਼ਾਈ, ਬੱਸ ਅੱਡਿਆਂ ਦੀ ਸਫ਼ਾਈ ਅਤੇ ਹੋਰ ਲੋਕ ਸਹੂਲਤਾਂ ਦਾ ਨਿਰੀਖਣ ਕਰਨ ਹਿੱਤ ਸਾਰੇ ਅਫਸਰਾਂ ਦੀ ਡਿਊਟੀ ਲਾਈ ਗਈ ਹੈ।

ਇਸ ਮੌਕੇ ਉਪਰੋਕਤ ਤੋਂ ਇਲਾਵਾ ਸਰਬਜੀਤ ਸਿੰਘ ਖੋਖਰ ਏਡੀਐਮ, ਨਿਰੰਕਾਰ ਸਿੰਘ ਸੰਧੂ ਟੀ.ਐਮ. ਚੰਡੀਗੜ, ਧੀਰਜ ਕੁਮਾਰ ਟੀ.ਐਮ. ਰੋਪੜ, ਅਨੁਪਮ ਕੌਸਲ ਚੰਡੀਗੜ, ਕੁਲਦੀਪ ਰਾਜ ਅਤੇ ਮੁਨੀਸ਼ ਠਾਕੁਰ (ਸਾਰੇ ਇੰਸਪੈਕਟਰ, ਚੰਡੀਗੜ) ਆਦਿ ਹਾਜ਼ਰ ਸਨ।

Wednesday, September 29, 2021

ਸੂਬੇ ਦੇ ਬਸ ਸਟੈਂਡਾਂ ਤੇ ਸਰਕਾਰ ਦੀ ਸਖਤੀ ਸ਼ੁਰੂ-ਰਾਜਾ ਵੜਿੰਗ ਵੱਲੋਂ ਵਿਸ਼ੇਸ਼ ਹੁਕਮ

29th September 2021 at 6:40 PM

ਹਰ ਤਰਾਂ ਦਾ ਨਜਾਇਜ਼ ਕਬਜ਼ਾ ਆਉਂਦੇ ਦੋ ਦਿਨਾਂ ਵਿੱਚ ਹਟਾਉਣ ਦੇ ਹੁਕਮ

ਰਾਜਾ ਵੜਿੰਗ ਵੱਲੋਂ ਟੈਕਸ ਡਿਫਾਲਟਰ ਟਰਾਂਸਪੋਰਟਰਾਂ ਤੇ ਵੀ ਤਿੱਖੀ ਨਜ਼ਰ 

*ਟੈਕਸ ਡਿਫਾਲਟਰਾਂ ਖਿਲਾਫ਼ ਬਣਦੀ ਕਾਰਵਾਈ ਅਮਲ ‘ਚ ਲਿਆਉਣ ਦੇ ਹੁਕਮ
*ਬੱਸ ਸਟੈਡਾਂ ਅਤੇ ਬੱਸਾਂ ਦੀ ਸਾਫ਼ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਜੀ.ਐਮ. ਦੀ ਜ਼ਿੰਮੇਵਾਰੀ ਤੈਅ

ਚੰਡੀਗੜ
: 29 ਸਤੰਬਰ 2021: (ਪੰਜਾਬ ਸਕਰੀਨ ਬਿਊਰੋ):: 
ਪੰਜਾਬ ਸਰਕਾਰ ਦੀ ਤ੍ਰਿਛੀ ਨਜ਼ਰ ਹੁਣ ਟਰਾਂਸਪੋਰਟ ਵੱਲ ਹੋ ਗਈ ਹੈ। ਚੁਣ ਚੁਣ ਕੇ ਡਿਫਾਲਟਰਾਂ ਨੂੰ ਕਟਹਿਰੇ ਵਿੱਚ ਲਿਆਉਣ ਦੀ ਤਿਆਰੀ ਹੈ। ਚਿਰਾਂ ਤੋਂ ਸਰਕਾਰ ਨੂੰ ਚੂਨਾ ਲਾਉਣ ਵਾਲਿਆਂ ਦੀ ਹੁਣ ਸ਼ਾਮਤ ਆਈ ਸਮਝੋ। ਦੋ ਚਾਰ ਰੂਟ ਪਰਮਿਟ ਲੈ ਕੇ ਕਿੰਨੇ ਕਿੰਨੇ ਰੂਟਾਂ ਤੇ ਬੱਸਾਂ ਚਲਾਉਣ ਵਾਲੇ ਹੁਣ ਬਖਸ਼ੇ ਨਹੀਂ ਜਾਣਗੇ। ਸਰਕਾਰੀ ਟਰਾਂਸਪੋਰਟ ਨੂੰ ਘਾਟੇ ਵਿੱਚ ਪਹੁੰਚਾ ਕੇ ਖੁਦ ਆਪਣੀ ਆਮਦਨ ਦਾ ਗ੍ਰਾਫ ਵਧਾਉਣ ਵਾਲੀ ਟਰਾਂਸਪੋਰਟ ਲਾਬੀ ਨੂੰ ਜਾਂ ਤਾਂ ਸਿਧੇ ਰਾਹ ਆਉਣਾ ਪਵੇਗਾ ਜਾਂ ਫਿਰ ਸਰਕਾਰ ਦੀ ਸਖਤੀ ਵਾਲੇ ਡੰਡੇ ਦਾ ਸਾਹਮਣਾ ਕਰਨਾ ਪਵੇਗਾ। ਇਸ ਸਖਤੀ ਦੀ ਸ਼ੁਰੂਆਤ ਹੋਈ ਹੈ ਬਸ ਸਟੈਂਡਾਂ ਵਿੱਚੋਂ ਦੋ ਦਿਨਾਂ ਦੇ ਅੰਦਰ ਅੰਦਰ ਨਜਾਇਜ਼ ਕਬਜ਼ੇ ਹਟਾਉਣ ਦੇ ਹੁਕਮਾਂ ਨਾਲ। ਇਸਦੇ ਨਾਲ ਹੀ ਟੈਕਸ ਚੋਰੀ ਕਰਨ ਵਾਲੇ ਟਰਾਂਸਪੋਰਟਰਾਂ ਦੀ ਵੀ ਹੁਣ ਖੈਰ ਨਹੀਂ। ਆਉਂਦੇ ਦੋ ਦਿਨਾਂ ਵਿਹਚਕ ਕਾਫੀ ਨਤੀਜੇ ਸਾਹਮਣੇ ਆਉਣ ਦੀ ਸੰਭਾਵਨਾ ਹੈ। ਦੋ ਦੋ ਬਸਾਂ ਤੋਂ ਕੰਮਕਾਜ ਸ਼ੁਰੂ ਕਰਕੇ ਬਸਨਾ ਦੇ ਝੁੰਡ ਖੜੇ ਕਰਨ ਵਾਲਿਆਂ ਵੱਲ ਹੈ ਹਜੂੰ ਸਰਕਾਰ ਦੀ ਤ੍ਰਿਛੀ ਨਜ਼ਰ ਜਿਸਦੀ ਉਡੀਕ ਖੁਦ ਸਟੇਟ ਟਰਾਂਸਪੋਰਟ ਦੇ ਮੁਲਾਜ਼ਮ ਵੀ ਕਰ ਰਹੇ ਸਨ, ਨਿਜੀਕਰਨ ਖਿਲਾਫ ਸੰਘਰਸ਼ ਕਰ ਰਹੀਆਂ ਯੂਨੀਅਨਾਂ ਵੀ ਅਤੇ ਆਮ ਲੋਕ ਵੀ। 
ਪੰਜਾਬ ਰਾਜ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਆਗਾਮੀ ਦੋ ਦਿਨਾਂ ਵਿੱਚ ਸੂਬੇ ਦੇ ਬੱਸ ਸਟੈਂਡਾਂ ਵਿੱਚੋਂ ਹਰ ਤਰਾਂ ਦਾ ਨਜਾਇਜ਼ ਕਬਜ਼ੇ ਨੂੰ ਹਟਾ ਦੇਣ। 
ਅੱਜ ਇੱਥੇ ਪੰਜਾਬ ਭਵਨ ਵਿਖੇ ਸੂਬਾ ਪੱਧਰੀ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਟਰਾਂਸਪਰੋਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬੱਸ ਸਟੈਂਡਾਂ ਵਿੱਚ ਲੋਕਾਂ ਵਿੱਚੋਂ ਕੀਤੇ ਗਏ ਨਜਾਇਜ਼ ਕਬਜ਼ਾ ਕਰਨ ਵਾਲੇ ਨਾ ਸਿਰਫ਼ ਬੱਸਾਂ ਨੂੰ ਚੱਲਣ ਵਿੱਚ ਅੜਿਕਾ ਬਣ ਰਹੇ ਹਨ, ਨਾਲ ਹੀ ਨਜਾਇਜ਼ ਤੌਰ ‘ਤੇ ਕਾਰੋਬਾਰੀ ਗਤੀਵਿਧੀਆਂ ਕਰਕੇ  ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲੱਗਾ ਰਹੇ ਹਨ।
ਪੰਜਾਬ ਰਾਜ ਦੇ ਸਾਰੇ ਡਿੱਪੂਆਂ ਦੇ ਜਨਰਲ ਮੈਨੇਜਰਾਂ (ਜੀ.ਐਮ.) ਅਤੇ ਆਰ.ਟੀ.ਏ. ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਰੱਲ ਕੇ ਵਿਭਾਗ ਦੀ ਆਮਦਨ ਨੂੰ ਵਧਾਉਣ ਲਈ ਕੰਮ ਕਰਨਾ ਚਾਹੀਦਾ ਹੈ। ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਵਿਭਾਗ ਨਾਲ ਧੋਖਾ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਉਹਨਾਂ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੀਤੇ ਲੰਬੇ ਸਮੇਂ ਤੋਂ ਜਿਹਨਾਂ ਟਰਾਂਸਪੋਟਰਾਂ ਵੱਲੋਂ ਬਕਾਇਆ ਟੈਕਸਾਂ ਦੀ ਅਦਾਇਗੀ ਨਹੀਂ ਕੀਤੀ ਗਈ, ਉਹਨਾਂ ਤੋਂ ਟੈਕਸ ਉਗਰਾਹੀ ਨੂੰ ਤੇਜ਼ ਕੀਤਾ ਜਾਵੇ ਅਤੇ ਟੈਕਸ ਦੇਣ ਤੋਂ ਆਨਾ-ਕਾਨੀ ਕਰਨ ਵਾਲੇ ਟਰਾਂਸਪੋਟਰਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 
ਇਸ ਮੌਕੇ ਸ੍ਰੀ ਵੜਿੰਗ ਨੇ ਇਹ ਵੀ ਕਿਹਾ ਕਿ ਟਰਾਂਸਪੋਰਟ ਵਿਭਾਗ ਦੇ ਕੰਡਕਟਰ ਤੋਂ ਲੈ ਕੇ ਉੱਚ ਅਧਿਕਾਰੀ ਤੱਕ ਆਪਣੀ ਡਿਊਟੀ ਬਿਨਾਂ ਕਿਸੇ ਡਰ ਭੈਅ ਤੋਂ ਕਰਨ ਕਿਉਂਕਿ ਸੂਬੇ ਵਿੱਚ ਬੱਸ ਸੇਵਾ ਸਥਾਪਤ ਨਿਯਮਾਂ ਅਨੁਸਾਰ ਹੀ ਚਲਾਈ ਜਾਵੇਗੀ। ਇਸ ਮੌਕੇ ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਬੇ ਵਿੱਚ ਚਲ ਰਹੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੀ ਚੈਕਿੰਗ ਵਿੱਚ ਵੀ ਤੇਜ਼ੀ ਲਿਆਂਦੀ ਜਾਵੇ।
ਉਹਨਾਂ ਸੂਬੇ ਦੇ ਬੱਸ ਅੱਡਿਆਂ ਅਤੇ ਬੱਸਾਂ ਦੀ ਸਾਫ਼- ਸਫ਼ਾਈ ਨੂੰ ਯਕੀਨੀ ਬਣਾਉਣ ਲਈ ਹਰੇਕ ਡਿੱਪੂ ਦੇ ਜੀ.ਐਮ. ਦੀ ਜਿੰਮੇਵਾਰੀ ਤੈਅ ਕਰਦਿਆਂ ਕਿਹਾ ਕਿ ਬੱਸਾਂ ਅਤੇ ਬੱਸ ਅੱਡਿਆਂ ਦੀ ਸਾਫ਼- ਸਫ਼ਾਈ ਵਿਭਾਗ ਦਾ ਸਥਾਈ ਫੀਚਰ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਜ਼ਿਲਾ ਡਿੱਪੂਆਂ ਵਿੱਚ ਪਏ ਕਬਾੜ ਨੂੰ ਵੀ ਅਗਲੇ ਪੰਦਰਾਂ ਦਿਨਾਂ ਵਿੱਚ ਨੀਲਾਮ ਕਰਨ ਦੇ ਹੁਕਮ ਦਿੱਤੇ ਹਨ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਭਾਗ ਦੇ ਸ੍ਰੀ ਕੇ. ਸਿਵਾ ਪ੍ਰਸਾਦ, ਆਈ.ਏ.ਐਸ, ਪ੍ਰਮੁੱਖ ਸਕੱਤਰ ਟਰਾਂਸਪੋਰਟ ਵਿਭਾਗ, ਡਾ. ਅਮਰਪਾਲ ਸਿੰਘ, ਆਈ.ਏ.ਐਸ., ਸਟੇਟ ਟਰਾਂਸਪੋਰਟ ਕਮਿਸ਼ਨਰ, ਭੁਪਿੰਦਰ ਸਿੰਘ ਰਾਏ, ਆਈ.ਏ.ਐਸ. ਡਾਇਰੈਕਟਰ ਸਟੇਟ ਟਰਾਂਸਪੋਰਟ, ਡਾ. ਭੁਪਿੰਦਰ ਪਾਲ ਸਿੰਘ, ਆਈ.ਏ.ਐਸ., ਐਮ.ਡੀ. ਪੀ.ਆਰ.ਟੀ.ਸੀ. ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।   

Monday, June 28, 2021

ਰੋਡਵੇਜ਼ ਕਾਮਿਆਂ ਦੀ ਹੜਤਾਲ ਨਾਲ ਸਰਕਾਰ ਨੂੰ ਕਰੋੜਾਂ ਦਾ ਘਾਟਾ-ਸਤਨਾਮ ਸਿੰਘ

29 ਜੂਨ ਨੂੰ ਪਟਿਆਲਾ ਵਾਲੇ ਧਰਨੇ ਅਤੇ ਮਾਰਚ ਦਾ ਰੰਗ ਖਾਸ ਹੋਵੇਗਾ


ਲੁਧਿਆਣਾ: 28 ਜੂਨ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਪਹਿਲਾਂ ਤੋਂ ਹੀ ਐਲਾਨੇ ਹੋਏ ਆਪਣੇ ਐਕਸ਼ਨ ਪ੍ਰੋਗਰਾਮ ਮੁਤਾਬਿਕ ਅੱਜ ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹੜਤਾਲ ਸ਼ੁਰੂ ਹੋ ਗਈ। ਇਸ ਦਾ ਰਸਮੀ ਆਰੰਭ ਐਤਵਾਰ ਦੀ ਅੱਧੀ ਰਾਤ ਨੂੰ 12 ਵਜੇ ਹੀ ਕਰ ਦਿੱਤਾ ਗਿਆ ਸੀ ਅਤੇ ਇਹ ਬੁਧਵਾਰ 30 ਜੂਨ ਦੀ ਅੱਧੀ ਰਾਤ ਤੱਕ ਰਹਿਣਾ ਹੈ। ਨੋਟਿਸ ਅਨੁਸਾਰ ਮੁਲਤਵੀ ਕੀਤੇ ਬੱਸ ਸਟੈਂਡ ਬੰਦ ਦੇ ਫੈਸਲੇ ਨੂੰ ਅੱਜ ਵੀ ਸੰਕੇਤਕ ਤੌਰ ਤੇ ਲਾਗੂ ਕੀਤਾ ਗਿਆ। ਅੱਜ ਸਾਰੇ ਸ਼ਹਿਰਾਂ ਦੇ ਬੱਸ ਸਟੈਂਡ 4 ਘੰਟੇ ਲਈ ਬੰਦ ਕਰਕੇ ਜਿੱਥੇ ਸਰਕਾਰ ਖ਼ਿਲਾਫ਼ ਆਪਣੀ ਭੜਾਸ ਕੱਢੀ ਉੱਥੇ ਹੀ ਆਮ ਲੋਕਾਂ ਨੂੰ ਸਰਕਾਰੀ ਮਹਿਕਮਿਆਂ ਨੂੰ ਬਚਾਉਣ ਦੀ ਲੜਾਈ ਵਿੱਚ ਸਾਥ ਦੇਣ ਦੀ ਅਪੀਲ ਵੀ ਕੀਤੀ। ਸਿਰਫ ਚਾਰ ਘੰਟਿਆਂ ਦੇ ਬੰਦ ਨਾਲ ਹੀ ਆਮ ਜਨਤਾ ਨੂੰ ਬਹੁਤ ਤਕਲੀਫ ਹੋਈ ਅਤੇ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਇਸਦਾ ਖੂਬ ਫਾਇਦਾ ਲਿਆ। ਕੁਝ ਲੀਡਰਾਂ ਨੇ ਦੱਸਿਆ ਕਿ ਸਰਕਾਰ ਨੂੰ ਹਰ ਰੋਜ਼ ਇਸ ਹੜਤਾਲ ਕਾਰਨ ਤਕਰੀਬਨ ਸਾਢੇ ਚਾਰ ਕਰੋੜ ਰੁਪਏ ਦਾ ਘਾਟਾ ਪੈਣਾ ਹੈ। ਸਰਕਾਰ ਦੀ ਪਿੱਠ ਪੂਰਨ ਵਾਲੇ ਰੋਡਵੇਜ਼ ਕਾਮੇ ਜਿਹਨਾਂ ਨੇ ਗੱਦਾਰੀ ਕਰਕੇ ਬਸਾਂ ਚਲਾਈਆਂ ਹਨ ਉਹਨਾਂ ਨਾਲ ਵੀ ਮਸਾਂ 50 ਕੁ ਲੱਖ ਰੁਪਏ ਦੀ ਹੀ ਕੁਲੈਕਸ਼ਨ ਸਰਕਾਰ ਦੇ ਘਰ ਪਹੁੰਚਣੀ ਹੈ। 

ਇਸ ਮੌਕੇ ਲੁਧਿਆਣਾ ਡਿਪੂ ਦੇ ਗੇਟ ਤੇ ਬੋਲਦਿਆਂ ਸੁਬਾ ਮੀਤ ਪ੍ਰਧਾਨ ਸਤਨਾਮ ਸਿੰਘ,ਡਿਪੂ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਬੜੈਚ ਚੇਅਰਮੈਨ ਗੁਰਵਿੰਦਰ ਸਿੰਘ, ਜਤਿੰਦਰ ਕੁਮਾਰ, ਪਰਮਿੰਦਰ ਸਿੰਘ ਭੁੱਟਾ, ਵਰਕਸ਼ਾਪ ਤੋਂ ਅਮਰਜੀਤ ਸਿੰਘ,ਇੰਪਲਾਈਜ ਯੂਨੀਅਨ ਵੱਲੋਂ ਸੁਬਾ ਪ੍ਰਧਾਨ ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਭੇਜ ਰਹੇ ਹਾਂ ਅਤੇ ਹੁਣ ਵੀ ਮਿਤੀ 10 ਮਈ ਨੂੰ ਮੰਗਾਂ ਸਬੰਧੀ ਹੜਤਾਲ ਦਾ ਨੋਟਿਸ ਮੁੱਖ ਮੰਤਰੀ ਪੰਜਾਬ, ਟਰਾਂਸਪੋਰਟ ਮੰਤਰੀ ਪੰਜਾਬ, ਸੈਕਟਰੀ ਟਰਾਂਸਪੋਰਟ,ਐਮ ਡੀ PRTC, ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ, ਨੂੰ ਭੇਜਣ ਦੇ ਬਾਵਜੂਦ ਕੋਈ ਮੀਟਿੰਗ ਨਹੀਂ ਬੁਲਾਈ ਗਈ ਅਤੇ ਨਾ ਹੀ ਮਸਲੇ ਦਾ ਹੱਲ ਕੱਢਿਆ ਗਿਆ ਹੈ ਅੱਜ 28 ਜੂਨ ਨੂੰ ਡਾਇਰੈਕਟਰ ਸਟੇਟ ਟਰਾਂਸਪੋਰਟ ਨੇ ਖਾਨਾਂ ਪੂਰਤੀ ਲਈ ਮੀਟਿੰਗ ਬੁਲਾਈ ਹੈ ਜਿਸ ਕਾਰਨ ਮਜਬੂਰਨ ਮੁਲਾਜ਼ਮਾਂ ਨੂੰ ਹੜਤਾਲ ਤੇ ਜਾਣਾ ਪਿਆ।

ਇਸ ਮੌਕੇ ਪੀ ਆਰ ਟੀ ਸੀ ਡਿਪੂ ਲੁਧਿਆਣਾ ਤੋਂ ਸੁਬਾ ਆਗੂ ਜਸਪਾਲ ਸ਼ਰਮਾ,ਪ੍ਰਧਾਨ ਗੁਰਬਾਜ ਸਿੰਘ,ਮੀਤ ਪ੍ਰਧਾਨ ਪਰਮਿੰਦਰ ਸਿੰਘ ਅੰਮ੍ਰਿਤਪਾਲ ਸਿੰਘ ਸੈਕਟਰੀ, ਸਨਦੀਪ ਸਿੰਘ, ਜਗਤਾਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੀ ਸੱਤਾ ਹਾਸਿਲ ਕਰਨ ਤੋਂ ਪਹਿਲਾਂ ਘਰ-ਘਰ ਨੌਕਰੀ ਦੇਣ, ਟਰਾਂਸਪੋਰਟ ਮਾਫੀਆ ਖਤਮ ਕਰਨ ਅਤੇ ਸਮੂਹ ਵਿਭਾਗਾਂ ਦੇ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਦੀ ਮੰਗ ਦਾ ਪਹਿਲੀ ਹੀ ਕੈਬਨਿਟ ਮੀਟਿੰਗ ਵਿੱਚ ਹੱਲ ਕਰਨ ਦਾ ਵਾਅਦਾ ਕੀਤਾ ਸੀ ਪਰ ਤ੍ਰਾਸਦੀ ਇਹ ਹੈ ਕਿ ਕੈਪਟਨ ਸਰਕਾਰ ਨੇ ਆਪਣੀ ਸਰਕਾਰ ਦੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਕੋਈ ਮਸਲਾ ਹੱਲ ਨਹੀਂ ਕੀਤਾ। ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਬਣੀ ਸਬ-ਕਮੇਟੀ ਅਤੇ ਕੈਬਨਿਟ ਦੀ 18 ਜੂਨ ਨੂੰ ਹੋਈ ਮੀਟਿੰਗ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਬਜਾਏ ਮੰਤਰੀਆਂ,ਵਿਧਾਇਕਾਂ ਦੇ ਕੁੱਝ ਬੱਚਿਆਂ ਨੂੰ ਤਾਂ ਪੱਕੀ ਨੌਕਰੀ ਦੇ ਦਿੱਤੀ ਪਰ ਸਮੂਹ ਵਿਭਾਗਾਂ ਖਾਸ ਤੌਰ ਤੇ ਟਰਾਂਸਪੋਰਟ ਵਿਭਾਗ ਵਿੱਚ ਪਿਛਲੇ 14-15 ਸਾਲਾਂ ਤੋਂ ਲਗਾਤਾਰ ਠੇਕਾ ਪ੍ਰਣਾਲੀ ਦੀ ਚੱਕੀ ਵਿੱਚ ਪਿਸ ਰਹੇ ਠੇਕਾ ਮੁਲਾਜਮਾਂ ਨੂੰ ਪੱਕਾ ਨਹੀਂ ਕੀਤਾ ਖਜ਼ਾਨਾ ਖਾਲੀ ਹੋਣ ਅਤੇ ਕਾਨੂੰਨੀ ਅੜਚਨਾਂ ਦਾ ਬਹਾਨਾ ਬਣਾਕੇ ਠੇਕਾ ਮੁਲਾਜਮਾਂ ਨੂੰ ਪੱਕਾ ਕਰਨ ਦੇ ਵਾਅਦੇ ਤੋਂ ਸਰਕਾਰ ਲਗਾਤਾਰ ਭੱਜ ਰਹੀ ਹੈ ਜਦੋਂ ਸੰਘਰਸ਼ ਕਰਕੇ ਮੁਲਾਜ਼ਮਾਂ ਨੂੰ ਸਰਕਾਰ ਮੀਟਿੰਗਾਂ ਦਾ ਸਮਾਂ ਦਿੰਦੀ ਹੈ ਤਾਂ ਮੀਟਿੰਗ ਵਾਲੇ ਦਿਨ ਮੁਲਾਜ਼ਮਾਂ ਨੂੰ ਮਿਲਣ ਤੋਂ ਭੱਜ ਜਾਂਦੀ ਹੈ। 

ਜਦੋਂ ਕੋਈ ਹੱਕ ਮੰਗਦਾ ਹੈ ਲਾਠੀਚਾਰਜ,ਪਾਣੀ ਦੀਆਂ ਬੁਛਾੜਾਂ,ਅੱਥਰੂ ਗੈਸ ਪਲਾਸਟਿਕ ਦੀਆਂ ਗੋਲੀਆਂ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਲਈ ਯੂਨੀਅਨ ਵਲੋਂ ਨੋਟਿਸ ਅਨੁਸਾਰ ਮਿਤੀ 28-29-30 ਦੀ ਹੜਤਾਲ ਕਰਨ ਲਈ ਪਨਬੱਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮ ਮਜਬੂਰ ਹੋ ਗਏ ਹਨ ਅਤੇ ਇਸ ਵਾਰ ਅਸੀ ਸਰਕਾਰ ਪਾਸੋਂ ਮੀਟਿੰਗ ਦਾ ਸਮਾਂ ਨਹੀਂ ਨੋਟੀਫਿਕੇਸ਼ਨ ਜਾ ਸਰਕਾਰ ਵਲੋਂ ਤਿਆਰ ਕੀਤੀ ਪ੍ਰਪੋਜ਼ਲ ਦੀ ਮੰਗ ਕਰਦੇ ਹਾਂ ਕਿਉਂਕਿ ਮੀਟਿੰਗ  ਦਾ ਸਮਾਂ ਦੇਕੇ ਸਰਕਾਰ ਹਰ ਵਾਰ ਭੱਜ ਜਾਂਦੀ ਹੈ ਅਤੇ ਸੰਘਰਸ਼ ਕਰਦੇ ਮੁਲਾਜ਼ਮਾਂ ਨੂੰ ਟਾਇਮ ਟਪਾਉ ਨੀਤੀ ਤਹਿਤ ਮੀਟਿੰਗ ਦੀ ਪ੍ਰਕਿਰਿਆ ਰਾਹੀਂ ਟਾਲਵੱਟੂ ਨੀਤੀ ਸਰਕਾਰ ਪਿਛਲੇ ਸਾਢ਼ੇ ਚਾਰ ਸਾਲ ਅਪਣਾਉਂਦੀ ਆ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 4 ਸਾਲਾਂ ਵਿੱਚ ਟਰਾਂਸਪੋਰਟ ਵਿਭਾਗ ਦਾ ਕੋਈ ਵੀ ਹੱਲ ਨਾ ਕਰਨਾ, ਨਵੀਆਂ ਬੱਸਾਂ ਨਾ ਪਾਉਣਾ, ਰੋਡਵੇਜ਼ ਅਤੇ ਪੀ ਆਰ ਟੀ ਸੀ ਦਾ ਫਲੀਟ ਪੂਰਾ ਨਾ ਕਰਨਾ, ਕਿਸੇ ਵੀ ਕੱਚੇ ਮੁਲਾਜ਼ਮ ਨੁੰ ਪੱਕਾ ਨਾਂ ਕਰਨਾ, ਲੋਕਾਂ ਦੀਆਂ ਮੁਸ਼ਕਿਲਾਂ ਵੱਲ ਧਿਆਨ ਨਾ ਦੇਣ ਤੋਂ ਸਾਬਿਤ ਹੁੰਦਾ ਹੈ ਕਿ ਸਰਕਾਰ ਟਰਾਂਸਪੋਰਟ ਮਾਫੀਆ ਨਾਲ ਮਿਲੀ ਹੈ ਅਤੇ ਸਰਕਾਰੀ ਟਰਾਂਸਪੋਰਟ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨਾ ਚਾਹੁੰਦੀ ਹੈ।

ਮੰਗਾਂ ਦਾ ਵੇਰਵਾ  
*ਆਗੂਆਂ ਮੰਗ ਕੀਤੀ ਕਿ ਸਰਕਾਰੀ ਬੱਸਾਂ ਦੀ ਗਿਣਤੀ ਘੱਟੋ-ਘੱਟ 10 ਹਜ਼ਾਰ ਕੀਤੀ ਜਾਵੇ*
 *ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਨੂੰ ਤਰੁੰਤ ਪੱਕਾ ਕੀਤਾ ਜਾਵੇ*
*ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ*
*ਰਿਪੋਰਟਾਂ ਦੀਆਂ ਕੰਡੀਸ਼ਨਾ ਰੱਦ ਕੀਤੀਆਂ ਜਾਣ
*ਕਰੋਨਾ ਮਹਾਂਮਾਰੀ ਕਾਰਨ ਮੋਤ ਹੋਣ ਤੇ 50 ਲੱਖ ਰੁਪਏ ਦੀ ਰਾਸ਼ੀ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ
*ਇਸ ਮੌਕੇ ਸੈਕਟਰੀ ਪ੍ਰਵੀਨ ਕੁਮਾਰ ਨੇ ਕਿਹਾ ਕਿ ਜਿੰਨਾ ਚਿਰ ਟਰਾਂਸਪੋਰਟ ਦਾ ਸਮੁੱਚਾ ਕਾਮਾ ਪੱਕਾ ਨਹੀਂ ਹੁੰਦਾ ਸੰਘਰਸ਼ ਜਾਰੀ ਰਹੇਗਾ। ਕੱਲ 29 ਜੂਨ ਨੂੰ ਸ਼ਾਹੀ ਸ਼ਹਿਰ ਪਟਿਆਲੇ ਵਿਖੇ ਰੋਸ ਰੈਲੀ ਕਰਕੇ ਮੋਤੀ ਮਹਿਲ ਵੱਲ ਕੂਚ ਕੀਤਾ ਜਾਵੇਗਾ ਅਤੇ ਸੰਘਰਸ਼ ਤਿੱਖਾ ਕੀਤਾ ਜਾਵੇਗਾ।

ਇਸ ਸਮੇਂ ਹਾਜ਼ਿਰ ਸਮੂਹ ਆਗੂਆਂ ਨੇ ਸਮੂਹ ਵਿਭਾਗਾਂ ਦੀਆਂ ਜੱਥੇਬੰਦੀਆਂ ਅਤੇ ਆਮ ਲੋਕਾਂ ਨੂੰ ਸਰਕਾਰੀ ਟਰਾਂਸਪੋਰਟ ਬਚਾਉਣ ਅਤੇ ਰੋਜ਼ਗਾਰ ਪੱਕਾ ਕਰਨ ਲਈ ਰੱਖੇ ਸੰਘਰਸ਼ਾਂ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।

Monday, March 11, 2013

ਕਾਮਰੇਡ ਜਸਵੰਤ ਸਿੰਘ ਸਮਰਾ ਨੂੰ ਯਾਦ ਕਰਦਿਆਂ

ਟਰਾਂਸਪੋਰਟ ਕਿਰਤੀਆਂ ਦੇ ਲੇਖੇ ਲਾਏ ਉਮਰ ਦੇ ਚਾਲ੍ਹੀ ਸਾਲ
ਕਾਮਰੇਡ ਜਸਵੰਤ ਸਿੰਘ ਸਮਰਾ ਟ੍ਰੇਡ ਯੂਨੀਅਨ ਅੰਦੋਲਨਾਂ ਦੀ ਜਿੰਦਜਾਨ ਹੋਇਆ ਕਰਦੇ ਸਨ। ਹਰ ਵੇਲੇ ਹੰਸੂ ਹੰਸੂ ਕਰਦਾ ਚਿਹਰਾ ਪਰ ਨਾਲ ਹੀ ਪ੍ਰਤਿਬਧਤਾ ਅਤੇ ਗੰਭੀਰਤਾ ਵਾਲਾ ਪ੍ਰਭਾਵ। ਇੰਝ ਲੱਗਦਾ ਸੀ ਕੀ ਟਰਾਂਸਪੋਰਟ ਚਲਦੀ ਵੀ ਕਾਮਰੇਡ ਸਮਰਾ ਕਰਕੇ ਹੈ ਅਤੇ ਹੜਤਾਲ ਵਿੱਚ ਟਰਾਂਸਪੋਰਟ ਰੁਕਦੀ ਵੀ ਕਾਮਰੇਡ ਸਮਰਾ ਦੇ ਸੱਦੇ ਤੇ। ਜਦੋਂ ਵੀ ਮਿਲਣਾ ਇੱਕ ਨਾਵੇੰ ਉਤਸ਼ਾਹ ਨਾਲ, ਇੱਕ ਨਵੀਂ ਊਰਜਾ ਨਾਲ। ਨਾ ਚਿਹਰੇ ਤੇ ਕਦੇ ਥਕਾਵਟ ਤੇ ਨਾ   ਹੀ ਕੋਈ ਨਿਰਾਸ਼ਾ। ਉਹਨਾਂ ਦੀ ਯਾਦ ਵਿੱਚ ਰੋਜ਼ਾਨਾ ਨਵਾਂ ਜਮਾਨਾ ਨੇ ਇਕ ਵਿਸ਼ੇਸ਼ ਲੇਖ ਪ੍ਰਕਾਸ਼ਿਤ ਕੀਤਾ ਹੈ ਜਿਸਦੀ ਤਸਵੀਰ ਇਥੇ ਵੀ ਪ੍ਰਕਾਸ਼ਿਤ ਕੀਤੀ ਜਾਂਦੀ ਹੈ। --ਰੈਕਟਰ ਕਥੂਰੀਆ