Monday, June 28, 2021

ਰੋਡਵੇਜ਼ ਕਾਮਿਆਂ ਦੀ ਹੜਤਾਲ ਨਾਲ ਸਰਕਾਰ ਨੂੰ ਕਰੋੜਾਂ ਦਾ ਘਾਟਾ-ਸਤਨਾਮ ਸਿੰਘ

29 ਜੂਨ ਨੂੰ ਪਟਿਆਲਾ ਵਾਲੇ ਧਰਨੇ ਅਤੇ ਮਾਰਚ ਦਾ ਰੰਗ ਖਾਸ ਹੋਵੇਗਾ


ਲੁਧਿਆਣਾ: 28 ਜੂਨ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਪਹਿਲਾਂ ਤੋਂ ਹੀ ਐਲਾਨੇ ਹੋਏ ਆਪਣੇ ਐਕਸ਼ਨ ਪ੍ਰੋਗਰਾਮ ਮੁਤਾਬਿਕ ਅੱਜ ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਦੀ ਤਿੰਨ ਰੋਜ਼ਾ ਹੜਤਾਲ ਸ਼ੁਰੂ ਹੋ ਗਈ। ਇਸ ਦਾ ਰਸਮੀ ਆਰੰਭ ਐਤਵਾਰ ਦੀ ਅੱਧੀ ਰਾਤ ਨੂੰ 12 ਵਜੇ ਹੀ ਕਰ ਦਿੱਤਾ ਗਿਆ ਸੀ ਅਤੇ ਇਹ ਬੁਧਵਾਰ 30 ਜੂਨ ਦੀ ਅੱਧੀ ਰਾਤ ਤੱਕ ਰਹਿਣਾ ਹੈ। ਨੋਟਿਸ ਅਨੁਸਾਰ ਮੁਲਤਵੀ ਕੀਤੇ ਬੱਸ ਸਟੈਂਡ ਬੰਦ ਦੇ ਫੈਸਲੇ ਨੂੰ ਅੱਜ ਵੀ ਸੰਕੇਤਕ ਤੌਰ ਤੇ ਲਾਗੂ ਕੀਤਾ ਗਿਆ। ਅੱਜ ਸਾਰੇ ਸ਼ਹਿਰਾਂ ਦੇ ਬੱਸ ਸਟੈਂਡ 4 ਘੰਟੇ ਲਈ ਬੰਦ ਕਰਕੇ ਜਿੱਥੇ ਸਰਕਾਰ ਖ਼ਿਲਾਫ਼ ਆਪਣੀ ਭੜਾਸ ਕੱਢੀ ਉੱਥੇ ਹੀ ਆਮ ਲੋਕਾਂ ਨੂੰ ਸਰਕਾਰੀ ਮਹਿਕਮਿਆਂ ਨੂੰ ਬਚਾਉਣ ਦੀ ਲੜਾਈ ਵਿੱਚ ਸਾਥ ਦੇਣ ਦੀ ਅਪੀਲ ਵੀ ਕੀਤੀ। ਸਿਰਫ ਚਾਰ ਘੰਟਿਆਂ ਦੇ ਬੰਦ ਨਾਲ ਹੀ ਆਮ ਜਨਤਾ ਨੂੰ ਬਹੁਤ ਤਕਲੀਫ ਹੋਈ ਅਤੇ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਇਸਦਾ ਖੂਬ ਫਾਇਦਾ ਲਿਆ। ਕੁਝ ਲੀਡਰਾਂ ਨੇ ਦੱਸਿਆ ਕਿ ਸਰਕਾਰ ਨੂੰ ਹਰ ਰੋਜ਼ ਇਸ ਹੜਤਾਲ ਕਾਰਨ ਤਕਰੀਬਨ ਸਾਢੇ ਚਾਰ ਕਰੋੜ ਰੁਪਏ ਦਾ ਘਾਟਾ ਪੈਣਾ ਹੈ। ਸਰਕਾਰ ਦੀ ਪਿੱਠ ਪੂਰਨ ਵਾਲੇ ਰੋਡਵੇਜ਼ ਕਾਮੇ ਜਿਹਨਾਂ ਨੇ ਗੱਦਾਰੀ ਕਰਕੇ ਬਸਾਂ ਚਲਾਈਆਂ ਹਨ ਉਹਨਾਂ ਨਾਲ ਵੀ ਮਸਾਂ 50 ਕੁ ਲੱਖ ਰੁਪਏ ਦੀ ਹੀ ਕੁਲੈਕਸ਼ਨ ਸਰਕਾਰ ਦੇ ਘਰ ਪਹੁੰਚਣੀ ਹੈ। 

ਇਸ ਮੌਕੇ ਲੁਧਿਆਣਾ ਡਿਪੂ ਦੇ ਗੇਟ ਤੇ ਬੋਲਦਿਆਂ ਸੁਬਾ ਮੀਤ ਪ੍ਰਧਾਨ ਸਤਨਾਮ ਸਿੰਘ,ਡਿਪੂ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਬੜੈਚ ਚੇਅਰਮੈਨ ਗੁਰਵਿੰਦਰ ਸਿੰਘ, ਜਤਿੰਦਰ ਕੁਮਾਰ, ਪਰਮਿੰਦਰ ਸਿੰਘ ਭੁੱਟਾ, ਵਰਕਸ਼ਾਪ ਤੋਂ ਅਮਰਜੀਤ ਸਿੰਘ,ਇੰਪਲਾਈਜ ਯੂਨੀਅਨ ਵੱਲੋਂ ਸੁਬਾ ਪ੍ਰਧਾਨ ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਭੇਜ ਰਹੇ ਹਾਂ ਅਤੇ ਹੁਣ ਵੀ ਮਿਤੀ 10 ਮਈ ਨੂੰ ਮੰਗਾਂ ਸਬੰਧੀ ਹੜਤਾਲ ਦਾ ਨੋਟਿਸ ਮੁੱਖ ਮੰਤਰੀ ਪੰਜਾਬ, ਟਰਾਂਸਪੋਰਟ ਮੰਤਰੀ ਪੰਜਾਬ, ਸੈਕਟਰੀ ਟਰਾਂਸਪੋਰਟ,ਐਮ ਡੀ PRTC, ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ, ਨੂੰ ਭੇਜਣ ਦੇ ਬਾਵਜੂਦ ਕੋਈ ਮੀਟਿੰਗ ਨਹੀਂ ਬੁਲਾਈ ਗਈ ਅਤੇ ਨਾ ਹੀ ਮਸਲੇ ਦਾ ਹੱਲ ਕੱਢਿਆ ਗਿਆ ਹੈ ਅੱਜ 28 ਜੂਨ ਨੂੰ ਡਾਇਰੈਕਟਰ ਸਟੇਟ ਟਰਾਂਸਪੋਰਟ ਨੇ ਖਾਨਾਂ ਪੂਰਤੀ ਲਈ ਮੀਟਿੰਗ ਬੁਲਾਈ ਹੈ ਜਿਸ ਕਾਰਨ ਮਜਬੂਰਨ ਮੁਲਾਜ਼ਮਾਂ ਨੂੰ ਹੜਤਾਲ ਤੇ ਜਾਣਾ ਪਿਆ।

ਇਸ ਮੌਕੇ ਪੀ ਆਰ ਟੀ ਸੀ ਡਿਪੂ ਲੁਧਿਆਣਾ ਤੋਂ ਸੁਬਾ ਆਗੂ ਜਸਪਾਲ ਸ਼ਰਮਾ,ਪ੍ਰਧਾਨ ਗੁਰਬਾਜ ਸਿੰਘ,ਮੀਤ ਪ੍ਰਧਾਨ ਪਰਮਿੰਦਰ ਸਿੰਘ ਅੰਮ੍ਰਿਤਪਾਲ ਸਿੰਘ ਸੈਕਟਰੀ, ਸਨਦੀਪ ਸਿੰਘ, ਜਗਤਾਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੀ ਸੱਤਾ ਹਾਸਿਲ ਕਰਨ ਤੋਂ ਪਹਿਲਾਂ ਘਰ-ਘਰ ਨੌਕਰੀ ਦੇਣ, ਟਰਾਂਸਪੋਰਟ ਮਾਫੀਆ ਖਤਮ ਕਰਨ ਅਤੇ ਸਮੂਹ ਵਿਭਾਗਾਂ ਦੇ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਦੀ ਮੰਗ ਦਾ ਪਹਿਲੀ ਹੀ ਕੈਬਨਿਟ ਮੀਟਿੰਗ ਵਿੱਚ ਹੱਲ ਕਰਨ ਦਾ ਵਾਅਦਾ ਕੀਤਾ ਸੀ ਪਰ ਤ੍ਰਾਸਦੀ ਇਹ ਹੈ ਕਿ ਕੈਪਟਨ ਸਰਕਾਰ ਨੇ ਆਪਣੀ ਸਰਕਾਰ ਦੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਕੋਈ ਮਸਲਾ ਹੱਲ ਨਹੀਂ ਕੀਤਾ। ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਬਣੀ ਸਬ-ਕਮੇਟੀ ਅਤੇ ਕੈਬਨਿਟ ਦੀ 18 ਜੂਨ ਨੂੰ ਹੋਈ ਮੀਟਿੰਗ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਬਜਾਏ ਮੰਤਰੀਆਂ,ਵਿਧਾਇਕਾਂ ਦੇ ਕੁੱਝ ਬੱਚਿਆਂ ਨੂੰ ਤਾਂ ਪੱਕੀ ਨੌਕਰੀ ਦੇ ਦਿੱਤੀ ਪਰ ਸਮੂਹ ਵਿਭਾਗਾਂ ਖਾਸ ਤੌਰ ਤੇ ਟਰਾਂਸਪੋਰਟ ਵਿਭਾਗ ਵਿੱਚ ਪਿਛਲੇ 14-15 ਸਾਲਾਂ ਤੋਂ ਲਗਾਤਾਰ ਠੇਕਾ ਪ੍ਰਣਾਲੀ ਦੀ ਚੱਕੀ ਵਿੱਚ ਪਿਸ ਰਹੇ ਠੇਕਾ ਮੁਲਾਜਮਾਂ ਨੂੰ ਪੱਕਾ ਨਹੀਂ ਕੀਤਾ ਖਜ਼ਾਨਾ ਖਾਲੀ ਹੋਣ ਅਤੇ ਕਾਨੂੰਨੀ ਅੜਚਨਾਂ ਦਾ ਬਹਾਨਾ ਬਣਾਕੇ ਠੇਕਾ ਮੁਲਾਜਮਾਂ ਨੂੰ ਪੱਕਾ ਕਰਨ ਦੇ ਵਾਅਦੇ ਤੋਂ ਸਰਕਾਰ ਲਗਾਤਾਰ ਭੱਜ ਰਹੀ ਹੈ ਜਦੋਂ ਸੰਘਰਸ਼ ਕਰਕੇ ਮੁਲਾਜ਼ਮਾਂ ਨੂੰ ਸਰਕਾਰ ਮੀਟਿੰਗਾਂ ਦਾ ਸਮਾਂ ਦਿੰਦੀ ਹੈ ਤਾਂ ਮੀਟਿੰਗ ਵਾਲੇ ਦਿਨ ਮੁਲਾਜ਼ਮਾਂ ਨੂੰ ਮਿਲਣ ਤੋਂ ਭੱਜ ਜਾਂਦੀ ਹੈ। 

ਜਦੋਂ ਕੋਈ ਹੱਕ ਮੰਗਦਾ ਹੈ ਲਾਠੀਚਾਰਜ,ਪਾਣੀ ਦੀਆਂ ਬੁਛਾੜਾਂ,ਅੱਥਰੂ ਗੈਸ ਪਲਾਸਟਿਕ ਦੀਆਂ ਗੋਲੀਆਂ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਲਈ ਯੂਨੀਅਨ ਵਲੋਂ ਨੋਟਿਸ ਅਨੁਸਾਰ ਮਿਤੀ 28-29-30 ਦੀ ਹੜਤਾਲ ਕਰਨ ਲਈ ਪਨਬੱਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮ ਮਜਬੂਰ ਹੋ ਗਏ ਹਨ ਅਤੇ ਇਸ ਵਾਰ ਅਸੀ ਸਰਕਾਰ ਪਾਸੋਂ ਮੀਟਿੰਗ ਦਾ ਸਮਾਂ ਨਹੀਂ ਨੋਟੀਫਿਕੇਸ਼ਨ ਜਾ ਸਰਕਾਰ ਵਲੋਂ ਤਿਆਰ ਕੀਤੀ ਪ੍ਰਪੋਜ਼ਲ ਦੀ ਮੰਗ ਕਰਦੇ ਹਾਂ ਕਿਉਂਕਿ ਮੀਟਿੰਗ  ਦਾ ਸਮਾਂ ਦੇਕੇ ਸਰਕਾਰ ਹਰ ਵਾਰ ਭੱਜ ਜਾਂਦੀ ਹੈ ਅਤੇ ਸੰਘਰਸ਼ ਕਰਦੇ ਮੁਲਾਜ਼ਮਾਂ ਨੂੰ ਟਾਇਮ ਟਪਾਉ ਨੀਤੀ ਤਹਿਤ ਮੀਟਿੰਗ ਦੀ ਪ੍ਰਕਿਰਿਆ ਰਾਹੀਂ ਟਾਲਵੱਟੂ ਨੀਤੀ ਸਰਕਾਰ ਪਿਛਲੇ ਸਾਢ਼ੇ ਚਾਰ ਸਾਲ ਅਪਣਾਉਂਦੀ ਆ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 4 ਸਾਲਾਂ ਵਿੱਚ ਟਰਾਂਸਪੋਰਟ ਵਿਭਾਗ ਦਾ ਕੋਈ ਵੀ ਹੱਲ ਨਾ ਕਰਨਾ, ਨਵੀਆਂ ਬੱਸਾਂ ਨਾ ਪਾਉਣਾ, ਰੋਡਵੇਜ਼ ਅਤੇ ਪੀ ਆਰ ਟੀ ਸੀ ਦਾ ਫਲੀਟ ਪੂਰਾ ਨਾ ਕਰਨਾ, ਕਿਸੇ ਵੀ ਕੱਚੇ ਮੁਲਾਜ਼ਮ ਨੁੰ ਪੱਕਾ ਨਾਂ ਕਰਨਾ, ਲੋਕਾਂ ਦੀਆਂ ਮੁਸ਼ਕਿਲਾਂ ਵੱਲ ਧਿਆਨ ਨਾ ਦੇਣ ਤੋਂ ਸਾਬਿਤ ਹੁੰਦਾ ਹੈ ਕਿ ਸਰਕਾਰ ਟਰਾਂਸਪੋਰਟ ਮਾਫੀਆ ਨਾਲ ਮਿਲੀ ਹੈ ਅਤੇ ਸਰਕਾਰੀ ਟਰਾਂਸਪੋਰਟ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰਨਾ ਚਾਹੁੰਦੀ ਹੈ।

ਮੰਗਾਂ ਦਾ ਵੇਰਵਾ  
*ਆਗੂਆਂ ਮੰਗ ਕੀਤੀ ਕਿ ਸਰਕਾਰੀ ਬੱਸਾਂ ਦੀ ਗਿਣਤੀ ਘੱਟੋ-ਘੱਟ 10 ਹਜ਼ਾਰ ਕੀਤੀ ਜਾਵੇ*
 *ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਨੂੰ ਤਰੁੰਤ ਪੱਕਾ ਕੀਤਾ ਜਾਵੇ*
*ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ*
*ਰਿਪੋਰਟਾਂ ਦੀਆਂ ਕੰਡੀਸ਼ਨਾ ਰੱਦ ਕੀਤੀਆਂ ਜਾਣ
*ਕਰੋਨਾ ਮਹਾਂਮਾਰੀ ਕਾਰਨ ਮੋਤ ਹੋਣ ਤੇ 50 ਲੱਖ ਰੁਪਏ ਦੀ ਰਾਸ਼ੀ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ
*ਇਸ ਮੌਕੇ ਸੈਕਟਰੀ ਪ੍ਰਵੀਨ ਕੁਮਾਰ ਨੇ ਕਿਹਾ ਕਿ ਜਿੰਨਾ ਚਿਰ ਟਰਾਂਸਪੋਰਟ ਦਾ ਸਮੁੱਚਾ ਕਾਮਾ ਪੱਕਾ ਨਹੀਂ ਹੁੰਦਾ ਸੰਘਰਸ਼ ਜਾਰੀ ਰਹੇਗਾ। ਕੱਲ 29 ਜੂਨ ਨੂੰ ਸ਼ਾਹੀ ਸ਼ਹਿਰ ਪਟਿਆਲੇ ਵਿਖੇ ਰੋਸ ਰੈਲੀ ਕਰਕੇ ਮੋਤੀ ਮਹਿਲ ਵੱਲ ਕੂਚ ਕੀਤਾ ਜਾਵੇਗਾ ਅਤੇ ਸੰਘਰਸ਼ ਤਿੱਖਾ ਕੀਤਾ ਜਾਵੇਗਾ।

ਇਸ ਸਮੇਂ ਹਾਜ਼ਿਰ ਸਮੂਹ ਆਗੂਆਂ ਨੇ ਸਮੂਹ ਵਿਭਾਗਾਂ ਦੀਆਂ ਜੱਥੇਬੰਦੀਆਂ ਅਤੇ ਆਮ ਲੋਕਾਂ ਨੂੰ ਸਰਕਾਰੀ ਟਰਾਂਸਪੋਰਟ ਬਚਾਉਣ ਅਤੇ ਰੋਜ਼ਗਾਰ ਪੱਕਾ ਕਰਨ ਲਈ ਰੱਖੇ ਸੰਘਰਸ਼ਾਂ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।

No comments: