29th September 2021 at 6:40 PM
ਹਰ ਤਰਾਂ ਦਾ ਨਜਾਇਜ਼ ਕਬਜ਼ਾ ਆਉਂਦੇ ਦੋ ਦਿਨਾਂ ਵਿੱਚ ਹਟਾਉਣ ਦੇ ਹੁਕਮ
ਰਾਜਾ ਵੜਿੰਗ ਵੱਲੋਂ ਟੈਕਸ ਡਿਫਾਲਟਰ ਟਰਾਂਸਪੋਰਟਰਾਂ ਤੇ ਵੀ ਤਿੱਖੀ ਨਜ਼ਰ
*ਟੈਕਸ ਡਿਫਾਲਟਰਾਂ ਖਿਲਾਫ਼ ਬਣਦੀ ਕਾਰਵਾਈ ਅਮਲ ‘ਚ ਲਿਆਉਣ ਦੇ ਹੁਕਮ
*ਬੱਸ ਸਟੈਡਾਂ ਅਤੇ ਬੱਸਾਂ ਦੀ ਸਾਫ਼ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਜੀ.ਐਮ. ਦੀ ਜ਼ਿੰਮੇਵਾਰੀ ਤੈਅ
ਪੰਜਾਬ ਸਰਕਾਰ ਦੀ ਤ੍ਰਿਛੀ ਨਜ਼ਰ ਹੁਣ ਟਰਾਂਸਪੋਰਟ ਵੱਲ ਹੋ ਗਈ ਹੈ। ਚੁਣ ਚੁਣ ਕੇ ਡਿਫਾਲਟਰਾਂ ਨੂੰ ਕਟਹਿਰੇ ਵਿੱਚ ਲਿਆਉਣ ਦੀ ਤਿਆਰੀ ਹੈ। ਚਿਰਾਂ ਤੋਂ ਸਰਕਾਰ ਨੂੰ ਚੂਨਾ ਲਾਉਣ ਵਾਲਿਆਂ ਦੀ ਹੁਣ ਸ਼ਾਮਤ ਆਈ ਸਮਝੋ। ਦੋ ਚਾਰ ਰੂਟ ਪਰਮਿਟ ਲੈ ਕੇ ਕਿੰਨੇ ਕਿੰਨੇ ਰੂਟਾਂ ਤੇ ਬੱਸਾਂ ਚਲਾਉਣ ਵਾਲੇ ਹੁਣ ਬਖਸ਼ੇ ਨਹੀਂ ਜਾਣਗੇ। ਸਰਕਾਰੀ ਟਰਾਂਸਪੋਰਟ ਨੂੰ ਘਾਟੇ ਵਿੱਚ ਪਹੁੰਚਾ ਕੇ ਖੁਦ ਆਪਣੀ ਆਮਦਨ ਦਾ ਗ੍ਰਾਫ ਵਧਾਉਣ ਵਾਲੀ ਟਰਾਂਸਪੋਰਟ ਲਾਬੀ ਨੂੰ ਜਾਂ ਤਾਂ ਸਿਧੇ ਰਾਹ ਆਉਣਾ ਪਵੇਗਾ ਜਾਂ ਫਿਰ ਸਰਕਾਰ ਦੀ ਸਖਤੀ ਵਾਲੇ ਡੰਡੇ ਦਾ ਸਾਹਮਣਾ ਕਰਨਾ ਪਵੇਗਾ। ਇਸ ਸਖਤੀ ਦੀ ਸ਼ੁਰੂਆਤ ਹੋਈ ਹੈ ਬਸ ਸਟੈਂਡਾਂ ਵਿੱਚੋਂ ਦੋ ਦਿਨਾਂ ਦੇ ਅੰਦਰ ਅੰਦਰ ਨਜਾਇਜ਼ ਕਬਜ਼ੇ ਹਟਾਉਣ ਦੇ ਹੁਕਮਾਂ ਨਾਲ। ਇਸਦੇ ਨਾਲ ਹੀ ਟੈਕਸ ਚੋਰੀ ਕਰਨ ਵਾਲੇ ਟਰਾਂਸਪੋਰਟਰਾਂ ਦੀ ਵੀ ਹੁਣ ਖੈਰ ਨਹੀਂ। ਆਉਂਦੇ ਦੋ ਦਿਨਾਂ ਵਿਹਚਕ ਕਾਫੀ ਨਤੀਜੇ ਸਾਹਮਣੇ ਆਉਣ ਦੀ ਸੰਭਾਵਨਾ ਹੈ। ਦੋ ਦੋ ਬਸਾਂ ਤੋਂ ਕੰਮਕਾਜ ਸ਼ੁਰੂ ਕਰਕੇ ਬਸਨਾ ਦੇ ਝੁੰਡ ਖੜੇ ਕਰਨ ਵਾਲਿਆਂ ਵੱਲ ਹੈ ਹਜੂੰ ਸਰਕਾਰ ਦੀ ਤ੍ਰਿਛੀ ਨਜ਼ਰ ਜਿਸਦੀ ਉਡੀਕ ਖੁਦ ਸਟੇਟ ਟਰਾਂਸਪੋਰਟ ਦੇ ਮੁਲਾਜ਼ਮ ਵੀ ਕਰ ਰਹੇ ਸਨ, ਨਿਜੀਕਰਨ ਖਿਲਾਫ ਸੰਘਰਸ਼ ਕਰ ਰਹੀਆਂ ਯੂਨੀਅਨਾਂ ਵੀ ਅਤੇ ਆਮ ਲੋਕ ਵੀ।
ਪੰਜਾਬ ਰਾਜ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਆਗਾਮੀ ਦੋ ਦਿਨਾਂ ਵਿੱਚ ਸੂਬੇ ਦੇ ਬੱਸ ਸਟੈਂਡਾਂ ਵਿੱਚੋਂ ਹਰ ਤਰਾਂ ਦਾ ਨਜਾਇਜ਼ ਕਬਜ਼ੇ ਨੂੰ ਹਟਾ ਦੇਣ।
ਅੱਜ ਇੱਥੇ ਪੰਜਾਬ ਭਵਨ ਵਿਖੇ ਸੂਬਾ ਪੱਧਰੀ ਰੀਵਿਊ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਟਰਾਂਸਪਰੋਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬੱਸ ਸਟੈਂਡਾਂ ਵਿੱਚ ਲੋਕਾਂ ਵਿੱਚੋਂ ਕੀਤੇ ਗਏ ਨਜਾਇਜ਼ ਕਬਜ਼ਾ ਕਰਨ ਵਾਲੇ ਨਾ ਸਿਰਫ਼ ਬੱਸਾਂ ਨੂੰ ਚੱਲਣ ਵਿੱਚ ਅੜਿਕਾ ਬਣ ਰਹੇ ਹਨ, ਨਾਲ ਹੀ ਨਜਾਇਜ਼ ਤੌਰ ‘ਤੇ ਕਾਰੋਬਾਰੀ ਗਤੀਵਿਧੀਆਂ ਕਰਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲੱਗਾ ਰਹੇ ਹਨ।
ਪੰਜਾਬ ਰਾਜ ਦੇ ਸਾਰੇ ਡਿੱਪੂਆਂ ਦੇ ਜਨਰਲ ਮੈਨੇਜਰਾਂ (ਜੀ.ਐਮ.) ਅਤੇ ਆਰ.ਟੀ.ਏ. ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਰੱਲ ਕੇ ਵਿਭਾਗ ਦੀ ਆਮਦਨ ਨੂੰ ਵਧਾਉਣ ਲਈ ਕੰਮ ਕਰਨਾ ਚਾਹੀਦਾ ਹੈ। ਉਹਨਾਂ ਇਹ ਵੀ ਸਪਸ਼ਟ ਕੀਤਾ ਕਿ ਵਿਭਾਗ ਨਾਲ ਧੋਖਾ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ।
ਉਹਨਾਂ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੀਤੇ ਲੰਬੇ ਸਮੇਂ ਤੋਂ ਜਿਹਨਾਂ ਟਰਾਂਸਪੋਟਰਾਂ ਵੱਲੋਂ ਬਕਾਇਆ ਟੈਕਸਾਂ ਦੀ ਅਦਾਇਗੀ ਨਹੀਂ ਕੀਤੀ ਗਈ, ਉਹਨਾਂ ਤੋਂ ਟੈਕਸ ਉਗਰਾਹੀ ਨੂੰ ਤੇਜ਼ ਕੀਤਾ ਜਾਵੇ ਅਤੇ ਟੈਕਸ ਦੇਣ ਤੋਂ ਆਨਾ-ਕਾਨੀ ਕਰਨ ਵਾਲੇ ਟਰਾਂਸਪੋਟਰਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਸ੍ਰੀ ਵੜਿੰਗ ਨੇ ਇਹ ਵੀ ਕਿਹਾ ਕਿ ਟਰਾਂਸਪੋਰਟ ਵਿਭਾਗ ਦੇ ਕੰਡਕਟਰ ਤੋਂ ਲੈ ਕੇ ਉੱਚ ਅਧਿਕਾਰੀ ਤੱਕ ਆਪਣੀ ਡਿਊਟੀ ਬਿਨਾਂ ਕਿਸੇ ਡਰ ਭੈਅ ਤੋਂ ਕਰਨ ਕਿਉਂਕਿ ਸੂਬੇ ਵਿੱਚ ਬੱਸ ਸੇਵਾ ਸਥਾਪਤ ਨਿਯਮਾਂ ਅਨੁਸਾਰ ਹੀ ਚਲਾਈ ਜਾਵੇਗੀ। ਇਸ ਮੌਕੇ ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਬੇ ਵਿੱਚ ਚਲ ਰਹੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੀ ਚੈਕਿੰਗ ਵਿੱਚ ਵੀ ਤੇਜ਼ੀ ਲਿਆਂਦੀ ਜਾਵੇ।
ਉਹਨਾਂ ਸੂਬੇ ਦੇ ਬੱਸ ਅੱਡਿਆਂ ਅਤੇ ਬੱਸਾਂ ਦੀ ਸਾਫ਼- ਸਫ਼ਾਈ ਨੂੰ ਯਕੀਨੀ ਬਣਾਉਣ ਲਈ ਹਰੇਕ ਡਿੱਪੂ ਦੇ ਜੀ.ਐਮ. ਦੀ ਜਿੰਮੇਵਾਰੀ ਤੈਅ ਕਰਦਿਆਂ ਕਿਹਾ ਕਿ ਬੱਸਾਂ ਅਤੇ ਬੱਸ ਅੱਡਿਆਂ ਦੀ ਸਾਫ਼- ਸਫ਼ਾਈ ਵਿਭਾਗ ਦਾ ਸਥਾਈ ਫੀਚਰ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਜ਼ਿਲਾ ਡਿੱਪੂਆਂ ਵਿੱਚ ਪਏ ਕਬਾੜ ਨੂੰ ਵੀ ਅਗਲੇ ਪੰਦਰਾਂ ਦਿਨਾਂ ਵਿੱਚ ਨੀਲਾਮ ਕਰਨ ਦੇ ਹੁਕਮ ਦਿੱਤੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਭਾਗ ਦੇ ਸ੍ਰੀ ਕੇ. ਸਿਵਾ ਪ੍ਰਸਾਦ, ਆਈ.ਏ.ਐਸ, ਪ੍ਰਮੁੱਖ ਸਕੱਤਰ ਟਰਾਂਸਪੋਰਟ ਵਿਭਾਗ, ਡਾ. ਅਮਰਪਾਲ ਸਿੰਘ, ਆਈ.ਏ.ਐਸ., ਸਟੇਟ ਟਰਾਂਸਪੋਰਟ ਕਮਿਸ਼ਨਰ, ਭੁਪਿੰਦਰ ਸਿੰਘ ਰਾਏ, ਆਈ.ਏ.ਐਸ. ਡਾਇਰੈਕਟਰ ਸਟੇਟ ਟਰਾਂਸਪੋਰਟ, ਡਾ. ਭੁਪਿੰਦਰ ਪਾਲ ਸਿੰਘ, ਆਈ.ਏ.ਐਸ., ਐਮ.ਡੀ. ਪੀ.ਆਰ.ਟੀ.ਸੀ. ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

No comments:
Post a Comment