ਲੁਧਿਆਣਾ ਵਿਖੇ 40 ਨਿਜੀ ਬਸਾਂ ਜ਼ਬਤ ਕੀਤੀਆਂ
ਗੈਰਕਨੂੰਨੀ ਟੂਰਿਸਟ ਬਸਾਂ ਦੇ ਕਾਰੋਬਾਰਾਂ' ਤੇ ਅਚਾਨਕ ਸਰਕਾਰ ਦੀ ਸਖਤੀ
ਅੱਜ ਤੋਂ ਟ੍ਰਾਂਸਪੋਰਟ ਮਾਫੀਆ ਦੇ ਖਾਤਮੇ ਦੀ ਸ਼ੁਰੂਆਤ ਹੈ- ਅਮਰਿੰਦਰ ਸਿੰਘ ਰਾਜਾ ਵੜਿੰਗ
ਪੰਜਾਬ ਸਰਕਾਰ ਨੂੰ ਚੂਨਾ ਲਗਾ ਕੇ ਲਗਾਤਾਰ ਸਰਕਾਰੀ ਟਰਾਂਸਪੋਰਟ ਨੂੰ ਖੋਖਲਾ ਕਰਦੇ ਆ ਰਹੇ ਪ੍ਰਾਈਵੇਟ ਟਰਾਂਸਪੋਰਟ ਵਾਲੇ ਮਾਫੀਆ ਦੀ ਅੱਜ ਤੋਂ ਸ਼ਾਮਤ ਆਉਣੀ ਸ਼ੁਰੂ ਹੋ ਗਈ ਹੈ। ਅੱਜ ਲੁਧਿਆਣਾ ਦੇ ਬਸ ਸਟੈਂਡ ਤੋਂ ਇਸ ਸਖਤੀ ਦੀ ਸ਼ੁਰੂਆਤ ਦਿਨ ਦਿਹਾੜੇ ਐਲਾਨੀਆ ਸ਼ੁਰੂ ਕੀਤੀ ਗਈ। ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਦੀ ਕਾਰਵਾਈ ਨੂੰ ਸਿਰਫ ਇੱਕ ਟਰੇਲਰ ਦੱਸਦਿਆਂ ਕਿਹਾ ਕਿ ਫਿਲਮ ਤਾਂ ਅਜੇ ਬਾਕੀ ਹੈ।
ਜ਼ਿਕਰਯੋਗ ਹੈ ਕਿ ਇਹ ਉਹ ਮਾਫੀਆ ਹੈ ਜਿਹੜਾ ਨਿਰਧਾਰਿਤ ਰੂਟਾਂ, ਨਿਰਧਾਰਿਤ ਬਸਾਂ ਅਤੇ ਨਿਰਧਾਰਿਤ ਸਮਿਆਂ ਦੇ ਟਾਈਮ ਟੇਬਲ ਦੀ ਉਲੰਘਣਾਂ ਕਰਦਾ ਹੋਇਆ ਸ਼ਰੇਆਮ ਕਈ ਕਈ ਬੱਸਾਂ ਚਲਾਉਦਾ ਹੈ। ਸਰਕਾਰੀ ਬਸਬ ਦੇ ਹਿੱਸੇ ਆਉਂਦੀਆਂ ਸਵਾਰੀਆਂ ਨੂੰ ਇਹ ਨਿਜੀ ਸੈਕਟਰ ਹੋਰ ਰੋਜ਼ ਲੁੱਟ ਲੈਂਦਾ ਹੈ।
ਅਤੀਤ ਵਿੱਚ ਇਹਨਾਂ ਟ੍ਰਾਂਸਪੋਰਟਾਂ ਦੇ ਮਾਲਕਾਂ ਦਾ ਸਰਕਾਰ ਵਿੱਚ ਸਰਗਰਮ ਹੱਥ ਹੁੰਦਾ ਰਿਹਾ ਹੈ ਇਸ ਲਈ ਇਹਨਾਂ ਨੂੰ ਪੁੱਛਣ ਵਾਲਾ ਕਦੇ ਵੀ ਕੋਈ ਨਹੀਂ ਸੀ। ਪ੍ਰਾਈਵੇਟ ਸੈਕਟਰ ਦੀਆਂ ਪ੍ਰਸਿੱਧ ਟੂਰਿਸਟ ਬਸਾਂ ਵੀ ਪੰਜਾਬ ਦੇ ਵੱਡੇ ਸਿਆਸਤਦਾਨਾਂ ਦੀਆਂ ਬਸਾਂ ਹਨ। ਸਰਕਾਰੀ ਬਸ ਅੱਡਿਆਂ ਦੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦਿਆਂ ਇਹਨਾਂ ਦੇ ਕਰਿੰਦੇ ਬਸ ਅੱਡਿਆਂ ਦੇ ਗੇਟਾਂ ਤੇ ਬਸਾਂ ਖੜੀਆਂ ਕਰਦੇ, ਆਟੋ ਰਿਕਸ਼ਾ ਵਾਲਿਆਂ ਨੂੰ ਰੋਕ ਰੋਕ ਕੇ ਉਹਨਾਂ ਵਿੱਚੋਂ ਸਵਾਰੀਆਂ ਲਾਹੁੰਦੇ ਅਤੇ ਸਰਕਾਰੀ ਬਸਾਂ ਨੂੰ ਖਾਲੀ ਤੁਰਨ ਲਈ ਮਜਬੂਰ ਕਰਦੇ। ਇਹ ਗੁੰਡਾਗਰਦੀ ਚਿਰਾਂ ਤੋਂ ਜਾਰੀ ਸੀ। ਜੇ ਸਰਕਾਰੀ ਬਸਾਂ ਦਾ ਸਟਾਫ ਕੋਈ ਇਤਰਾਜ਼ ਵੀ ਕਰੇ ਤਾਂ ਉਸ ਨਾਲ ਬਦਮਾਸ਼ੀ ਕਰਨ ਲਈ ਵੀ ਇਹ ਲੋਕ ਤਿਆਰ ਰਹਿੰਦੇ। ਇਹਨਾਂ ਨੂੰ ਇਹਨਾਂ ਦੀਆਂ ਗੁਸਤਾਖੀਆਂ ਅਤੇ ਬਦਮਾਸ਼ੀਆਂ ਬਦਲੇ ਸਬਕ ਸਿਖਾਉਣ ਦਾ ਇਸ਼ਾਰਾ ਸੂਬੇ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ 29 ਸਤੰਬਰ ਨੂੰ ਹੀ ਦੇ ਦਿੱਤਾ ਸੀ। ਇਸ ਤੋਂ ਬਾਅਦ ਵੀ ਇਹ ਲੋਕ ਬੇਖੌਫ ਆਪਣੀਆਂ ਮਨਮਰਜ਼ੀਆਂ ਕਰਕੇ ਚੰਮ ਦੀਆਂ ਚਲਾਉਂਦੇ ਰਹੇ। ਸ਼ਾਇਦ ਇਹਨਾਂ ਨੂੰ ਲੱਗਦਾ ਸੀ ਕਿ ਗੱਲ ਸਿਰਫ ਅਖਬਾਰੀ ਬਿਆਨਾਂ ਤੱਕ ਰਹੀ ਜਾਣੀ ਹੈ ਸਾਨੂੰ ਕਿਸਨੇ ਰੋਕਣਾ ਹੈ?
ਆਖਿਰ ਅੱਜ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸਥਾਨਕ ਖੇਤਰੀ ਟਰਾਂਸਪੋਰਟ ਅਥਾਰਟੀਆਂ ਨੇ ਸਥਾਨਕ ਪੁਲਿਸ ਦੇ ਨਾਲ ਮਿਲ ਕੇ ਬੱਸਾਂ ਦੇ ਗੈਰਕਨੂੰਨੀ ਸੰਚਾਲਨ ਦੇ ਵਿਰੁੱਧ ਇਤਿਹਾਸਿਕ ਕਾਰਵਾਈ ਕੀਤੀ ਅਤੇ ਅਮਰ ਸ਼ਹੀਦ ਸੁਖਦੇਵ ਅੰਤਰਰਾਜੀ ਬੱਸ ਅੱਡੇ ਦੇ ਨੇੜੇ 40 ਯਾਤਰੀ ਬਸਾਂ ਨੂੰ ਗੈਰਕਨੂੰਨੀ ਹੋਣ ਕਾਰਨ ਜ਼ਬਤ ਕਰ ਲਿਆ।
ਆਪਣੇ ਐਲਾਨ ਅਤੇ ਵਾਅਦੇ ਮੁਤਾਬਿਕ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਸਵੇਰੇ ਬੱਸ ਟਰਮੀਨਲ 'ਤੇ ਆਪਣੇ ਇਸ ਐਕਸ਼ਨ ਦਾ ਸ਼ੁਭ ਆਰੰਭ ਗਾਂਧੀਗਿਰੀ ਦਾ ਸੰਕੇਤ ਦੇਂਦਿਆਂ ਸਫਾਈ ਮੁਹਿੰਮ ਨਾਲ ਸ਼ੁਰੂ ਕੀਤਾ। ਉਹ ਮੌਕੇ' ਤੇ ਪਹੁੰਚੇ ਅਤੇ ਕਿਹਾ ਕਿ ਇਸ ਨੂੰ ਕਿਸੇ ਵੀ ਕੀਮਤ 'ਤੇ ਇਹ ਸਭ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਰਕਾਰ ਦੀ ਸਖਤੀ ਵਾਲੀ ਸੁਰ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਦੇ ਨਾਲ ਪੀਐਮਆਈਡੀਬੀ ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ, ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਮਨ ਬਾਲਸੂਬਰਾਮਨੀਅਮ, ਸਕੱਤਰ ਆਰਟੀਏ ਨਰਿੰਦਰ ਸਿੰਘ ਧਾਲੀਵਾਲ ਤੋਂ ਇਲਾਵਾ ਕਈ ਹੋਰ ਵੀ ਸਨ।
ਵੜਿੰਗ ਨੇ ਕਿਹਾ ਕਿ ਇਹ ਰਾਜ ਤੋਂ ਟਰਾਂਸਪੋਰਟ ਮਾਫੀਆ ਦੇ ਅੰਤ ਦੀ ਸ਼ੁਰੂਆਤ ਹੈ ਅਤੇ ਅੱਗੇ ਕਿਹਾ ਕਿ ਰਾਜ ਵਿੱਚ ਬਿਨਾਂ ਪਰਮਿਟ ਅਤੇ ਟੈਕਸ ਚੋਰੀ ਕਰਨ ਵਾਲੀ ਹਰ ਬੱਸ ਨੂੰ ਜ਼ਬਤ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਟਰਾਂਸਪੋਰਟ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਰਾਜ ਵਿੱਚ ਬੱਸਾਂ ਦੇ ਗੈਰਕਨੂੰਨੀ ਸੰਚਾਲਨ ਵਿਰੁੱਧ ਕਾਰਵਾਈ ਸ਼ੁਰੂ ਕਰਨ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜਿਹੜੇ ਅਧਿਕਾਰੀ ਗੈਰ -ਕਾਨੂੰਨੀ ਟਰਾਂਸਪੋਰਟਰਾਂ ਦੀ ਮਦਦ ਕਰਦੇ ਪਾਏ ਜਾਣਗੇ, ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਸਾਰੇ ਅਧਿਕਾਰੀਆਂ ਨੂੰ ਕਿਸੇ ਤੋਂ ਪ੍ਰਭਾਵਿਤ ਹੋਏ ਬਗੈਰ ਆਪਣੀਆਂ ਡਿਊਟੀਆਂ ਨਿਭਾਉਣੀਆਂ ਚਾਹੀਦੀਆਂ ਹਨ ਅਤੇ ਟਰਾਂਸਪੋਰਟ ਖੇਤਰ ਵਿੱਚ ਡਿਫਾਲਟਰਾਂ 'ਤੇ ਲਗਾਮ ਲਗਾਉਣੀ ਚਾਹੀਦੀ ਹੈ। ਇਸ ਰਿਪੋਰਟ ਦੇ ਭਰਨ ਤੱਕ ਅਧਿਕਾਰੀ ਅਜੇ ਵੀ ਮੌਕੇ 'ਤੇ ਮੌਜੂਦ ਸਨ ਅਤੇ ਹੋਰ ਬੱਸਾਂ ਨੂੰ ਜ਼ਬਤ ਕੀਤੇ ਜਾਣ ਦੀ ਵੀ ਉਮੀਦ ਸੀ।




No comments:
Post a Comment