Showing posts with label Tikri Border. Show all posts
Showing posts with label Tikri Border. Show all posts

Wednesday, November 17, 2021

ਮਜ਼ਦੂਰ ਸਾਥੀ ਹਰਚਰਨ ਸਿੰਘ ਖ਼ਾਲਸਾ ਨਹੀਂ ਰਹੇ !

ਮੁੱਢ ਤੋਂ ਹੀ ਦਿੱਲੀ ਕਿਸਾਨ ਮੋਰਚੇ ਉਤੇ ਡੱਟੇ ਹੋਏ ਸਨ 


ਟਿਕਰੀ ਮੋਰਚਾ
: 17 ਨਵੰਬਰ 2021: (ਸੁਖਦਰਸ਼ਨ ਨੱਤ//ਪੰਜਾਬ ਸਕਰੀਨ)::

ਜਿਹਨਾਂ ਨੇ ਆਖ਼ਿਰੀ ਸਾਹਾਂ ਤੱਕ ਇਸ ਕਿਸਾਨ ਮੋਰਚੇ ਨਾਲ ਆਪਣੀ ਇੱਕਜੁੱਟਤਾ ਰੱਖੀ ਉਹਨਾਂ ਦੀਆਂ ਦੁਆਵਾਂ ਅਤੇ ਉਹਨਾਂ ਦੇ ਜਜ਼ਬਾਤਾਂ ਦੀ ਸ਼ਕਤੀ ਕਿਸਾਨਾਂ ਨੂੰ ਹਰ ਚੁਣੌਤੀ ਵਿੱਚ ਜੇਤੂ ਰੱਖੇਗੀ। ਜਿਸਮਾਨੀ ਤੌਰ ਤੇ ਵਿੱਛੜੇ ਸਾਥੀਆਂ ਨੇ ਆਪਣੀਆਂ ਕੁਰਬਾਨੀਆਂ ਨਾਲ ਨਵੀਆਂ ਗਾਥਾਵਾਂ ਰਚੀਆਂ ਹਨ ਜਿਹਨਾਂ ਨੇ ਭਵਿੱਖ ਦਾ ਇਤਿਹਾਸ ਸਿਰਜਣਾ ਹੈ। ਆਉਣ ਵਾਲਾ ਇਤਿਹਾਸ ਇਹਨਾਂ ਲੋਕਾਂ ਨੇ ਆਪਣੇ ਲਹੂ ਨਾਲ ਲਿਖਿਆ ਹੈ। ਸੱਤਾ ਦੇ ਦੋਗਲੇਪਣ ਨੂੰ ਆਪਣੀ ਸ਼ਾਂਤੀ ਅਤੇ ਸਬਰ ਨਾਲ ਬੇਨਕਾਬ ਕੀਤਾ ਹੈ। ਸਿਦਕ ਨੂੰ ਆਖ਼ਿਰੀ ਸਾਹਾਂ ਤੀਕ ਸਾਬਿਤ ਰੱਖਣ ਵਾਲੇ ਇੱਕ ਹੋਰ ਯੋਧਾ ਸਾਥੀ ਤੁਰ ਗਿਆ ਹੈ। ਅਸੀਂ ਸਾਰੇ ਉਦਾਸ ਹਾਂ। ਪੂਰਾ ਕੈਂਪ ਆਫਿਸ ਉਦਾਸ ਹੈ। 

ਬੜੇ ਦੁੱਖ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਅੱਜ (17 ਨਵੰਬਰ 2021 ਨੂੰ) ਸਵੇਰੇ ਸਾਢੇ ਨੌਂ ਵਜੇ ਦੇ ਕਰੀਬ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ, ਮੈਟਰੋ ਪਿਲਰ ਨੰਬਰ 783, ਟਿਕਰੀ ਮੋਰਚਾ ਉਤੇ ਸਥਿਤ ਪੰਜਾਬ ਕਿਸਾਨ ਯੂਨੀਅਨ ਦੇ ਕੈਂਪ ਆਫਿਸ ਵਿਚ ਸਾਥੀ ਹਰਚਰਨ ਸਿੰਘ ਖਾਲਸਾ ਪੁੱਤਰ ਜੰਗੀਰ ਸਿੰਘ (ਉਮਰ 65 ਸਾਲ) ਪਿੰਡ ਹਾਕਮ ਵਾਲਾ, ਥਾਣਾ ਬੋਹਾ, ਤਹਿਸੀਲ ਬੁਢਲਾਡਾ ਜ਼ਿਲਾ ਮਾਨਸਾ ਦੀ ਮੌਤ ਹੋ ਗਈ ਹੈ। ਨਿਹੰਗ ਬਾਣੇ ਵਿਚ ਸਾਜਿਆ ਹੋਇਆ ਇਹ ਯੋਧਾ ਦਲਿਤ ਮਜ਼ਦੂਰ ਸਾਥੀ ਹਰਚਰਨ ਸਿੰਘ ਖ਼ਾਲਸਾ ਨਾਮ ਦਾ ਸੀ। ਇਹ ਕਿਸਾਨ ਮੋਰਚੇ ਦੇ ਆਰੰਭ ਤੋਂ ਟਿਕਰੀ ਬਾਰਡਰ ਮੋਰਚੇ ਉਤੇ ਡੱਟਿਆ ਹੋਇਆ ਸੀ ਅਤੇ ਇਕ ਵਾਰ ਵੀ ਵਾਪਸ ਅਪਣੇ ਘਰ ਨਹੀਂ ਸੀ ਗਿਆ।

ਪਹਿਲੀ ਅਕਤੂਬਰ 2021 ਨੂੰ ਟਿਕਰੀ ਸਟੇਜ ਤੋਂ ਸਾਇਕਲ ਉਤੇ ਵਾਪਸ ਜਾਂਦੇ ਵਕਤ ਹਰਚਰਨ ਸਿੰਘ ਨੂੰ ਇਕ ਕੈਂਟਰ ਫੇਟ ਮਾਰ ਗਿਆ ਸੀ। ਕਾਮਰੇਡ ਜਸਬੀਰ ਕੌਰ ਨੱਤ ਅਤੇ ਹੋਰ ਕਿਸਾਨ ਸਾਥੀਆਂ ਵਲੋਂ ਉਹ ਕੈਂਟਰ ਵੀ ਘੇਰ ਕੇ ਪੁਲਸ ਦੇ ਹਵਾਲੇ ਕੀਤਾ ਗਿਆ ਅਤੇ ਹਰਚਰਨ ਸਿੰਘ ਨੂੰ ਵੀ ਤੁਰੰਤ ਸਿਵਲ ਹਸਪਤਾਲ ਬਹਾਦਰਗੜ੍ਹ ਲਿਜਾਇਆ ਗਿਆ ਸੀ। ਜਿਥੋਂ ਮੁੱਢਲੀ ਸਹਾਇਤਾ ਬਾਦ ਉਨ੍ਹਾਂ ਨੂੰ ਪੀਜੀਆਈ ਰੋਹਤਕ ਨੂੰ ਰੈਫਰ ਕਰ ਦਿੱਤਾ ਗਿਆ। ਉਥੇ ਕੀਤੇ ਗਏ ਟੈਸਟਾਂ ਤੋਂ ਪਤਾ ਲੱਗਾ ਕਿ ਕੁਝ ਹੋਰ ਸੱਟਾਂ ਤੋਂ ਇਲਾਵਾ ਐਕਸੀਡੈਂਟ ਵਿਚ ਹਰਚਰਨ ਸਿੰਘ ਦੀ ਗਰਦਨ ਦਾ ਇਕ ਮਣਕਾ ਵੀ ਫ੍ਰੈਕਚਰ ਹੋ ਗਿਆ ਹੈ। ਇਸ ਲਈ ਉਨਾਂ ਨੂੰ ਇਲਾਜ ਲਈ ਉਥੇ ਦਾਖਲ ਕਰ ਲਿਆ ਗਿਆ। ਜਿਥੇ ਇਕ ਮਹੀਨੇ ਬਾਦ 30 ਅਕਤੂਬਰ ਨੂੰ ਉਨਾਂ ਦਾ ਅੱਠ ਘੰਟੇ ਲੰਬਾ ਇਕ  ਮੇਜਰ ਅਪਰੇਸ਼ਨ ਮਾਹਿਰ ਡਾਕਟਰਾਂ ਵਲੋਂ ਸਫਲਤਾ ਨਾਲ ਕੀਤਾ ਗਿਆ। ਅਪਰੇਸ਼ਨ ਤੋਂ ਇਕ ਹਫਤੇ ਬਾਦ ਛੁੱਟੀ ਦੇਣ ਵਕਤ ਡਾਕਟਰਾਂ ਵਲੋਂ ਉਨਾਂ ਨੂੰ ਤਿੰਨ ਮਹੀਨੇ ਤੱਕ ਬਿਸਤਰੇ ਤੋਂ ਸਿਰ ਨਾ ਚੁੱਕਣ ਅਤੇ ਲੰਮੇ ਪਏ ਰਹਿਣ ਦੀ ਹਿਦਾਇਤ ਕੀਤੀ ਸੀ। ਰੰਗਰੇਟਾ ਗੁਰੂ ਕਾ ਬੇਟਾ ਹਰਚਰਨ ਸਿੰਘ ਅਪਣੇ ਇਰਾਦੇ ਦਾ ਐਨਾ ਪੱਕਾ ਸੀ ਕਿ ਜਦੋਂ ਮੈਂ ਰੋਹਤਕ ਹਸਪਤਾਲ ਵਿਚ ਉਸ ਨੂੰ ਮਿਲਣ ਲਈ ਗਿਆ, ਤਾਂ ਉਸ ਨੇ ਅਪਣੇ ਬੇਟੇ ਮੱਖਣ ਸਿੰਘ ਦੇ ਸਾਹਮਣੇ ਮੈਨੂੰ ਕਿਹਾ : 'ਜਦੋਂ ਮੈਨੂੰ ਹਸਪਤਾਲੋਂ ਛੁੱਟੀ ਮਿਲੇਗੀ, ਤਾਂ ਮੈਂ ਪਿੰਡ ਨਹੀਂ ਜਾਣਾ, ਵਾਪਸ ਮੋਰਚੇ ਉਤੇ ਹੀ ਜਾਵਾਂਗਾ!'

ਉਸ ਦੇ ਇਸ ਦ੍ਰਿੜ ਇਰਾਦੇ ਦਾ ਸਤਿਕਾਰ ਕਰਦੇ ਹੋਏ  8 ਨਵੰਬਰ ਨੂੰ ਪੀਜੀਆਈ ਰੋਹਤਕ ਤੋਂ ਛੁੱਟੀ ਮਿਲਣ 'ਤੇ ਹਰਚਰਨ ਸਿੰਘ ਖ਼ਾਲਸਾ ਦਾ ਬੇਟਾ ਉਸ ਨੂੰ ਟਿਕਰੀ ਬਾਰਡਰ ਉਤੇ ਸਾਡੇ ਕੈਂਪ ਵਿਚ ਲੈ ਆਇਆ ਸੀ। ਪਰਿਵਾਰ ਤੇ ਰਿਸ਼ਤੇਦਾਰ ਵੀ ਪਤਾ ਲੈਣ ਲਈ ਮੋਰਚੇ ਉਤੇ ਹੀ ਆਉਂਦੇ ਸਨ। 

ਅੱਜ ਉਸ ਨੂੰ ਚੈੱਕਅਪ ਲਈ ਮੁੜ ਰੋਹਤਕ ਲੈ ਕੇ ਜਾਣਾ ਸੀ, ਇਸ ਲਈ ਸਵੇਰੇ ਅੱਠ ਵਜੇ ਦੇ ਕਰੀਬ ਬੇਟੇ ਵਲੋਂ ਆਮ ਵਾਂਗ ਉਸ ਨੂੰ ਕੋਸਾ ਪਾਣੀ ਅਤੇ ਚਾਹ ਆਦਿ ਪਿਆਈ ਗਈ। ਅਸੀਂ ਉਨਾਂ ਦੇ ਨੇੜੇ ਬੈਠੇ ਰੋਹਤਕ ਜਾਣ ਵਾਸਤੇ  ਐਂਬੂਲੈਂਸ ਦਾ ਪ੍ਰਬੰਧ ਕਰਨ  ਲਈ ਆਪਸ ਵਿਚ ਸਲਾਹ ਮਸ਼ਵਰਾ ਕਰਦੇ ਰਹੇ, ਜਦ ਦਸ ਕੁ ਵਜੇ ਜਾਣ ਲਈ ਤਿਆਰੀ ਹਿੱਤ ਹਰਚਰਨ ਸਿੰਘ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਗਈ, ਤਦ ਪਤਾ ਲੱਗਾ ਕਿ ਉਹ ਸਾਡੇ ਤੋਂ ਸਦਾ ਲਈ ਦੂਰ ਜਾ ਚੁੱਕੇ ਹਨ। ਅਸੀਂ ਫੋਨ ਕਰਕੇ ਡਾਕਟਰ ਸਵੈਮਾਣ ਸਿੰਘ ਨੂੰ ਵੀ ਬੁਲਾਇਆ। ਜਾਂਚ ਕਰਨ ਤੋਂ ਬਾਦ ਡਾਕਟਰ ਸਾਹਿਬ ਨੇ ਵੀ ਉਨਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ। 

ਮੋਰਚੇ ਦੀ ਟਿਕਰੀ ਬਾਰਡਰ ਸੰਚਾਲਨ ਕਮੇਟੀ ਦੇ ਆਗੂਆਂ ਦੀ ਸਲਾਹ ਨਾਲ ਸਿਵਲ ਹਸਪਤਾਲ ਬਹਾਦਰਗੜ੍ਹ ਤੋਂ ਉਨਾਂ ਦਾ ਪੋਸਟ ਮਾਰਟਮ ਕਰਵਾਕੇ ਉਨਾਂ ਦੀ ਦੇਹ ਅੱਜ ਸ਼ਾਮ ਚਾਰ ਕੁ ਵਜੇ ਸਤਿਕਾਰ ਸਹਿਤ ਉਨਾਂ ਦੇ ਜੱਦੀ ਪਿੰਡ ਹਾਕਮਵਾਲਾ ਲਈ ਰਵਾਨਾ ਕਰ ਦਿੱਤੀ ਗਈ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਭੀਖੀ ਵੀ ਐਂਬੂਲੈਂਸ ਦੇ ਨਾਲ ਗਏ ਹਨ। ਜ਼ਿਕਰਯੋਗ ਹੈ ਕਿ ਹਰਚਰਨ ਸਿੰਘ ਖ਼ਾਲਸਾ ਜੀ ਅਤੇ ਉਨਾਂ ਦਾ ਪਰਿਵਾਰ ਅਤੇ ਭਾਈ ਭਤੀਜੇ ਲੰਬੇ ਸਮੇਂ ਤੋਂ ਜੁਝਾਰੂ ਮਜ਼ਦੂਰ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨਾਲ ਸਰਗਰਮ ਤੌਰ 'ਤੇ ਜੁੜੇ ਹੋਏ ਹਨ।  -ਸੁਖਦਰਸ਼ਨ ਸਿੰਘ ਨੱਤ

Friday, May 21, 2021

ਮੋਦੀ ਸਾਹਿਬ ਕਿਸਾਨ-ਅੰਦੋਲਨ ਪ੍ਰਤੀ ਧਾਰੀ ਬੇਰੁਖੀ ਤੁਰੰਤ ਤੋੜੋ

 21st May 2021 at  6:06 PM

ਸੰਯੁਕਤ ਕਿਸਾਨ ਮੋਰਚੇ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ 


ਨਵੀਂ ਦਿੱਲੀ
: 21 ਮਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):

ਅੱਜ ਸੰਯੁਕਤ ਕਿਸਾਨ ਮੋਰਚਾ ਨੇ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਕਿਸਾਨਾਂ ਨਾਲ ਮੁੜ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ। ਇਸ ਚਿੱਠੀ ਵਿੱਚ ਮੁੱਖ ਤੌਰ 'ਤੇ ਕਿਸਾਨੀ-ਅੰਦੋਲਨ 'ਤੇ ਸਰਕਾਰ ਦੇ ਰਵੱਈਏ ਦਾ ਜ਼ਿਕਰ ਹੈ।  ਇਸਦੇ ਨਾਲ ਹੀ ਸਰਕਾਰ ਨੂੰ ਪੇਂਡੂ ਖੇਤਰ ਦੇ ਲੋਕਾਂ ਅਤੇ ਆਮ ਨਾਗਰਿਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਠੋਸ ਕਦਮ ਚੁੱਕਣ ਦੀ ਵੀ ਮੰਗ ਕੀਤੀ ਹੈ।

ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ, ਡਾ: ਦਰਸ਼ਨ ਪਾਲ, ਗੁਰਨਾਮ ਸਿੰਘ ਚਢੂਨੀ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਯੁੱਧਵੀਰ ਸਿੰਘ, ਯੋਗੇਂਦਰ ਯਾਦਵ, ਅਭਿਮਨਿਉ ਕੋਹਾੜ ਨੇ ਕਿਹਾ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਕਰਕੇ ਸਰਕਾਰ ਨੂੰ ਸੰਜੀਦਗੀ ਦਿਖਾਉਣੀ ਚਾਹੀਦੀ ਹੈ ਅਤੇ ਕਿਸਾਨਾਂ ਦੀਆਂ ਮੰਗਾਂ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਕਿਸਾਨਾਂ ਦੁਆਰਾ ਸਿਰੇ ਤੋਂ ਨਕਾਰ ਦਿੱਤੇ ਗਏ ਕਾਨੂੰਨਾਂ ਨੂੰ ਲਾਗੂ ਕਰਨਾ ਦੇਸ਼ ਦੇ ਲੋਕਤੰਤਰੀ ਅਤੇ ਮਨੁੱਖੀ ਕਦਰਾਂ ਕੀਮਤਾਂ ਦੇ ਖ਼ਿਲਾਫ਼ ਹੈ। ਸੰਯੁਕਤ ਕਿਸਾਨ ਮੋਰਚਾ ਸ਼ਾਂਤਮਈ ਅੰਦੋਲਨ ਵਿਚ ਵਿਸ਼ਵਾਸ ਰੱਖਦਾ ਹੈ ਅਤੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਜਾਰੀ ਰੱਖੇਗਾ।

ਅੱਜ ਮਹਾਨ ਵਾਤਾਵਰਣ ਪ੍ਰੇਮੀ ਅਤੇ ਅੰਦੋਲਨਕਾਰੀ ਸ਼੍ਰੀ ਸੁੰਦਰ ਲਾਲ ਬਹੁਗੁਣਾ ਦਾ ਦਿਹਾਂਤ ਹੋ ਗਿਆ।  ਸੰਯੁਕਤ ਕਿਸਾਨ ਮੋਰਚਾ ਉਨ੍ਹਾਂ ਦੀ ਮੌਤ 'ਤੇ ਅਫਸੋਸ ਕਰਦਾ ਹੈ। ਕਈ ਅੰਦੋਲਨਾਂ ਦੇ ਆਗੂ ਸ਼੍ਰੀ ਬਹੁਗੁਣਾ ਨੇ ਦੇਸ਼ ਅਤੇ ਵਿਸ਼ਵ ਦੇ ਲੋਕਾਂ ਦੀ ਵਾਤਾਵਰਣ ਬਾਰੇ ਸਮਝ ਵਧਾਈ ਅਤੇ ਲੋਕਾਂ ਨੂੰ ਵਾਤਾਵਰਣ ਨਾਲ ਜੋੜਿਆ। ਕਿਸਾਨ ਮੋਰਚੇ ਨੇ ਕਰਨਾਟਕ ਦੇ ਕਿਸਾਨ ਆਗੂ ਅਤੇ  ਸਾਬਕਾ ਕੇਂਦਰੀ- ਮੰਤਰੀ ਸ਼੍ਰੀ ਬਾਬਾ ਗੌੜਾ ਪਾਟਿਲ ਦੀ ਮੌਤ ‘ਤੇ ਦੁੱਖ ਪ੍ਰਗਟਾਇਆ।  ਕਰਨਾਟਕ ਦੇ ਕਿਸਾਨਾਂ ਦੀ ਆਵਾਜ਼ ਸ਼੍ਰੀ ਗੌੜਾ ਦੇ ਕਿਸਾਨ ਭਲਾਈ ਲਈ ਪਾਏ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।

Tuesday, May 11, 2021

ਨੌਜਵਾਨ ਕੁੜੀ ਨਾਲ ਜ਼ਬਰ ਜਿਨਾਹ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੀ ਮੰਗ

11th May 2021 at 09:07 PM Via WhatsApp 

 ਇਹ ਘਟਨਾ ਬੇਹੱਦ ਮੰਦਭਾਗੀ ਹੈ, ਤੇ ਬਰਦਾਸ਼ਤ ਕਰਨ ਯੋਗ ਨਹੀਂ 

ਨਵੀਂ ਦਿੱਲੀ//ਲੁਧਿਆਣਾ: 11 ਮਈ 2021: (ਜਸਪ੍ਰੀਤ ਕੌਰ ਸਮਤਾ//ਪੰਜਾਬ ਸਕਰੀਨ)::

ਪ੍ਰਤੀਕਾਤਮਕ ਫੋਟੋ Pexels by Rodnae Production
ਦਿੱਲੀ ਕਿਸਾਨ ਮੋਰਚੇ ਵਿੱਚ ਪੱਛਮੀ ਬੰਗਾਲ ਤੋਂ ਆਈ ਨੌਜਵਾਨ ਕੁੜੀ ਦੀ ਮੌਤ ਤੇ ਬਲਾਤਕਾਰ ਘਟਨਾ ਮਾਮਲੇ ਬਾਰੇ ਬੀਕੇਯੂ ਏਕਤਾ (ਉਗਰਾਹਾਂ) ਨੇ ਕਿਹਾ ਹੈ ਕਿਸਾਨ ਮੋਰਚੇ ਅੰਦਰ ਵਾਪਰੀ ਇਹ ਘਟਨਾ ਬੇਹੱਦ ਮੰਦਭਾਗੀ ਹੈ, ਤੇ ਬਰਦਾਸ਼ਤ ਕਰਨ ਯੋਗ ਨਹੀਂ ਹੈ। 

ਉਨ੍ਹਾਂ ਦੀ ਜਥੇਬੰਦੀ ਪੀੜਤ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹੈ ਤੇ ਪਰਿਵਾਰ ਦੇ ਨਾਲ ਖੜ੍ਹੀ ਹੈ। ਜਥੇਬੰਦੀ ਦੀ ਤਰਫੋਂ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਮੁਕੱਦਮਾ ਚਲਾ ਕੇ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

 ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਦੇ ਧਿਆਨ 'ਚ ਇਹ ਮਾਮਲਾ ਕੁੜੀ ਦੀ ਮੌਤ ਹੋ ਜਾਣ ਮਗਰੋਂ ਆਇਆ ਸੀ ਤੇ ਉਸ ਮਗਰੋਂ ਜਥੇਬੰਦੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ  ਬਾਕੀ ਦੀ ਲੀਡਰਸ਼ਿਪ ਨਾਲ ਰਲ ਕੇ ਪਰਿਵਾਰ ਨੂੰ ਇਸ ਕੇਸ ਵਿਚ ਨਾਲ ਖੜ੍ਹਨ ਤੇ ਇਨਸਾਫ਼ ਲਈ ਡਟਣ ਦਾ ਭਰੋਸਾ ਦਿੱਤਾ ਗਿਆ ਤੇ ਕੇਸ ਦਰਜ ਕਰਵਾਉਣ ਲਈ ਸਰਗਰਮ ਪੈਰਵਾਈ ਕੀਤੀ ਗਈ।

 ਸੰਘਰਸ਼ ਦੀ ਲੀਡਰਸ਼ਿਪ ਦੀ ਸਰਗਰਮ ਪੈਰਵਾਈ ਮਗਰੋਂ ਹੀ ਇਹ ਕੇਸ ਦਰਜ ਕੀਤਾ ਗਿਆ ਹੈ। ਨਾਲ ਹੀ ਉਨ੍ਹਾਂ ਪੁਲੀਸ ਦੇ ਮਨਸੂਬਿਆਂ 'ਤੇ ਸ਼ੱਕ ਜ਼ਾਹਰ ਕਰਦਿਆਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਬਾਰੇ ਪਰਿਵਾਰ ਨੇ ਸ਼ਿਕਾਇਤ ਵਿੱਚ ਜ਼ਿਕਰ ਨਹੀਂ ਕੀਤਾ ਸੀ ਉਨ੍ਹਾਂ ਨੂੰ ਵੀ ਕੇਸ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਕੇਸ ਦੀ ਜਾਂਚ ਦੇ ਨਾਂ ਥੱਲੇ ਸੰਘਰਸ਼ ਦੀ ਲੀਡਰਸ਼ਿਪ ਨੂੰ ਉਲਝਾਉਣ ਦੇ ਮਨਸੂਬੇ ਵੀ ਪ੍ਰਗਟ ਹੋ ਰਹੇ ਹਨ।  ਗੋਦੀ ਮੀਡੀਆ ਵੱਲੋਂ ਵੀ ਇਸ ਕੇਸ ਨੂੰ ਕਿਸਾਨ ਸੰਘਰਸ਼ ਦੀ ਲੀਡਰਸ਼ਿਪ ਖ਼ਿਲਾਫ਼ ਭੰਡੀ ਪ੍ਰਚਾਰ ਦੇ ਸਾਧਨ ਵਜੋਂ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

  ਉਨ੍ਹਾਂ ਲੋਕਾਂ ਨੂੰ ਸੁਚੇਤ ਕੀਤਾ ਕਿ ਕਿਸਾਨ ਸੰਘਰਸ਼ ਖ਼ਿਲਾਫ਼ ਸਾਜ਼ਿਸ਼ਾਂ ਰਚਣ ਵਿੱਚ ਜੁਟੀ ਆ ਰਹੀ ਮੋਦੀ ਹਕੂਮਤ ਹੁਣ ਇਸ ਘਟਨਾ ਨੂੰ  ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਖ਼ਿਲਾਫ਼ ਭੰਡੀ ਪ੍ਰਚਾਰ ਲਈ ਵਰਤਣ ਦੇ ਯਤਨਾਂ ਚ ਹੈ, ਇਸ ਲਈ ਸੰਘਰਸ਼ ਦੇ ਸਾਰੇ ਹਮਾਇਤੀ ਹਿੱਸੇ ਸੁਚੇਤ ਰਹਿਣ ਤੇ ਇਸ ਦਾ ਡਟਵਾਂ ਜਵਾਬ ਦੇਣ। ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀ ਦਾ ਬੁਰਕਾ ਪਾ ਕੇ ਆਏ ਇਹ ਜ਼ਾਲਮ ਵਿਅਕਤੀ ਕਿਸਾਨ ਸੰਘਰਸ਼ ਦੇ ਨਾਲ ਸਮੁੱਚੇ ਸਮਾਜ ਦੇ ਦੋਸ਼ੀ ਹਨ।  

ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਔਰਤਾਂ ਨਾਲ ਹੁੰਦੀਆਂ ਬੇਇਨਸਾਫ਼ੀਆਂ ਤੇ ਜਬਰ ਦੇ ਖ਼ਿਲਾਫ਼ ਹਮੇਸ਼ਾਂ ਡਟ ਕੇ ਖੜ੍ਹੀ ਹੈ, ਵੱਖ ਵੱਖ ਘਟਨਾਵਾਂ ਮੌਕੇ ਜਥੇਬੰਦੀ ਨੇ ਇਨਸਾਫ਼ ਲਈ ਜ਼ੋਰਦਾਰ ਸੰਘਰਸ਼ ਲੜੇ ਹਨ,ਆਪਣੀ ਇਸੇ ਸਮਝ ਤੇ ਰਵਾਇਤ 'ਤੇ ਪਹਿਰਾ ਦਿੰਦਿਆਂ ਹੁਣ ਵੀ ਜਥੇਬੰਦੀ ਪਰਿਵਾਰ ਨਾਲ ਡਟ ਕੇ ਖੜ੍ਹੀ ਰਹੇਗੀ ਤੇ ਇਨਸਾਫ਼ ਲਿਆ ਜਾਵੇਗਾ। 

ਸੰਘਰਸ਼ ਅੰਦਰ ਔਰਤਾਂ ਦੀ ਸ਼ਮੂਲੀਅਤ ਵਧਾਉਣ ਲਈ ਹੁਣ ਤੱਕ ਜਥੇਬੰਦੀ ਨੇ ਜਨਤਕ ਇਕੱਠਾਂ ਅੰਦਰ ਔਰਤਾਂ ਪ੍ਰਤੀ ਸੁਰੱਖਿਆ ਦਾ ਮਾਹੌਲ ਸਿਰਜਣ ਵਾਸਤੇ ਜ਼ੋਰਦਾਰ ਯਤਨ ਕੀਤੇ ਹਨ ਤੇ ਇਨ੍ਹਾਂ ਯਤਨਾਂ ਦਾ ਸਿੱਟਾ ਹੈ ਕਿ ਔਰਤਾਂ ਹਜ਼ਾਰਾਂ ਦੀ ਗਿਣਤੀ 'ਚ ਸੰਘਰਸ਼ ਅੰਦਰ ਬੇਖ਼ੌਫ਼ ਹੋ ਕੇ ਸ਼ਾਮਿਲ ਹੁੰਦੀਆਂ ਹਨ। ਉਨ੍ਹਾਂ ਨਾਲ ਹੀ ਸੁਚੇਤ ਕੀਤਾ ਕਿ ਸੰਘਰਸ਼ਾਂ ਅੰਦਰ ਅਜਿਹੇ ਅਨਸਰਾਂ ਦੀ ਘੁਸਪੈਠ ਤੋਂ ਸਭਨਾਂ ਲੋਕਾਂ ਨੂੰ ਚੌਕਸੀ ਰੱਖਣ ਦੀ ਜ਼ਰੂਰਤ ਹੈ। ਦਿੱਲੀ ਮੋਰਚਿਆਂ ਅੰਦਰ ਔਰਤਾਂ ਦੇ ਸੁਰੱਖਿਅਤ ਵਿਚਰਨ ਲਈ ਮਾਹੌਲ ਸਿਰਜਣ ਖ਼ਾਤਰ ਹੋਰ ਯਤਨ ਜੁਟਾਉਣ ਦੀ ਲੋੜ ਹੈ।ਵੱਡੇ ਲੋਕ ਉਭਾਰ ਵਾਲੇ ਇਸ ਸੰਘਰਸ਼ ਅੰਦਰ ਵੱਖ ਵੱਖ ਤਰ੍ਹਾਂ ਦੇ ਮਨਸ਼ਿਆਂ ਵਾਲੇ ਅਨਸਰ  ਕਿਸਾਨ ਜਥੇਬੰਦੀਆਂ ਦੇ ਬਾਣੇ ਰਾਹੀਂ ਘੁਸਪੈਠ ਦੇ ਯਤਨਾਂ ਚ ਹਨ, ਇਨ੍ਹਾਂ ਅਨਸਰਾਂ ਦੀ ਪਛਾਣ ਕਰਕੇ ਇਨ੍ਹਾਂ ਨੂੰ ਮੋਰਚੇ ਚੋਂ ਖਦੇੜਨ ਲਈ ਚੇਤਨ ਪਹਿਰੇਦਾਰੀ ਕਰਨੀ ਚਾਹੀਦੀ ਹੈ।     

ਜਾਰੀ ਕਰਤਾ: ਸ਼ਿੰਗਾਰਾ ਸਿੰਘ ਮਾਨ, ਸੂਬਾ ਸਕੱਤਰ 

ਬੀ. ਕੇ .ਯੂ. ਏਕਤਾ (ਉਗਰਾਹਾਂ)

9417539714

ਦਿੱਲੀ ਵਾਲੇ ਕਿਸਾਨ ਮੋਰਚੇ ਦੀ ਮਜ਼ਬੂਤੀ ਲਈ ਪਿੰਡ ਪਿੰਡ ਮੀਟਿੰਗਾਂ

 ਪਿੰਡ ਘਲੋਟੀ ਦੇ ਵਸਨੀਕਾਂ ਨੇ ਵੀ ਜਤਾਈ ਕਿਸਾਨਾਂ ਨਾਲ ਇੱਕਜੁੱਟਤਾ 


ਲੁਧਿਆਣਾ
: 11 ਮਈ 2021: (ਜਸਪ੍ਰੀਤ ਕੌਰ ਸਮਤਾ//ਪੰਜਾਬ ਸਕਰੀਨ)::

ਕਿਸਾਨਾਂ ਦੇ ਦਿੱਲੀ ਮੋਰਚੇ ਨੂੰ ਮਜ਼ਬੂਤ ਕਰਨ ਲਈ ਪੰਜਾਬ ਦੇ ਪਿੰਡ ਪਿੰਡ ਵਿੱਚ ਸਰਗਰਮੀਆਂ ਤੇਜ਼ੀ ਨਾਲ ਫਿਰ ਸ਼ੁਰੂ ਹੋ ਗਈਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਦੀ ਇਕਾਈ ਪਿੰਡ ਘਲੋਟੀ ਵਿੱਚ ਵੀ ਇਸੇ ਮਕਸਦ ਦੀ ਇੱਕ ਮੀਟਿੰਗ ਹੋਈ। ਮੋਰਚੇ ਦੇ ਮਕਸਦ ਅਤੇ ਸੁਨੇਹੇ ਨੂੰ ਤਾਜ਼ਾ ਕਰਦਿਆਂ ਇਹ ਗੱਲ ਯਾਦ ਕਰਾਈ ਗਈ ਕਿ ਕਿਸਾਨਾਂ ਦਾ ਦਿੱਲੀ ਮੋਰਚਾ ਹੋਰ  ਮਜ਼ਬੂਤ ਕਰਨਾ ਬੇਹੱਦ ਜ਼ਰੂਰੀ ਕਾਰਜਾਂ ਵਿੱਚੋਂ ਇੱਕ ਹੈ। ਇਸ ਸੰਬੰਧੀ ਹੋਈ ਭਰਵੀਂ ਸਿੱਖਿਆ ਮੀਟਿੰਗ ਵਿੱਚ ਇਲਾਕੇ ਦੇ ਲੋਕ ਵੱਧ ਚੜ੍ਹ ਕੇ ਸ਼ਾਮਲ ਹੋਏ। ਸੈਂਕੜੇ ਪਿੰਡ ਵਾਸੀ ਵਿਸ਼ੇਸ਼ ਤੌਰ ਤੇ ਸੱਦੀ ਇਸ ਕਿਸਾਨ-ਮਜ਼ਦੂਰ ਮੀਟਿੰਗ ਵਿੱਚ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਹਰ ਘਰ ਦੇ ਮੈਂਬਰ ਨੂੰ ਦਿੱਲੀ ਮੋਰਚੇ ਵਿੱਚ ਉਚੇਚੇ ਪੁੱਜਣ ਦਾ ਹੋਕਾ ਦਿੱਤਾ ਗਿਆ। ਇਸ ਮੀਟਿੰਗ ਦੌਰਾਨ ਵੱਡੀ ਗਿਣਤੀ ਚ ਪਿੰਡ ਵਾਸੀਆਂ  ਨੇ ਅਹਿਦ ਲਿਆ ਕਿ ਉਹ ਵੱਧ ਚੜ੍ਹ ਕੇ ਇਸ ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਹੋਣਗੇ।

Wednesday, February 03, 2021

ਦਿੱਲੀ ਦੀ ਬਰੂਹਾਂ ਤੇ ਕੰਡਿਆਲੀ ਤਾਰ ਅਤੇ ਲੀਡਰਾਂ ਖਿਲਾਫ ਸਾਜ਼ਿਸ਼ੀ ਪਰਚੇ

ਰਸਤਿਆਂ 'ਤੇ ਕਿੱਲ ਬੀਜਣ ਵਾਲਿਆਂ ਦੇ ਖਿਲਾਫ ਅੰਦੋਲਨ ਹੋਰ ਤੇਜ਼ 

 ਦਿੱਲੀ ਬਾਰਡਰ: 3 ਫਰਵਰੀ 2021: (ਜਸਪ੍ਰੀਤ ਕੌਰ ਸਮਤਾ//ਪੰਜਾਬ ਸਕਰੀਨ)::
ਦਿੱਲੀ ਦੀਆਂ ਬਰੂਹਾਂ ਉੱਤੇ ਨਵੰਬਰ ਮਹੀਨੇ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਇਕੱਲਾ ਪੰਜਾਬ ਦਾ ਨਾਂ ਰਹਿ ਕੇ, ਇਕੱਲਾ ਪੰਜਾਬ, ਹਰਿਆਣਾ ਜਾਂ ਰਾਜਸਥਾਨ ਦਾ ਨਾਂ ਹੋ ਕੇ ਪੂਰੇ ਦੇਸ਼ ਦਾ ਅੰਦੋਲਨ ਬਣ ਚੁੱਕਿਆ ਹੈ। ਇਹ ਅੰਦੋਲਨ ਹੁਣ ਇਕੱਲਾ ਕਿਸਾਨਾਂ ਦਾ ਹੀ ਨਹੀਂ ਰਿਹਾ ਇਸ ਨਾਲ ਹੁਣ ਹਰ ਇੱਕ ਮਿਹਨਤਕਸ਼ ਵਰਗ ਜੁੜ ਚੁੱਕਾ ਹੈ ਚਾਹੇ ਉਹ ਮਜ਼ਦੂਰ ਕਿਉਂ ਨਾ ਹੋਵੇ, ਚਾਹੇ ਬੇਜ਼ਮੀਨਾ ਕਿਉਂ ਨਾ ਹੋਵੇ, ਚਾਹੇ ਮੁਲਾਜਮ ਕਿਉਂ ਨਾ ਹੋਵੇ, ਚਾਹੇ ਵਿਦਿਆਰਥੀ ਕਿਉਂ ਨਾ ਹੋਵੇ, ਚਾਹੇ ਘਰੇਲੂ ਔਰਤਾਂ ਕਿਉਂ ਨਾ ਹੋਣ, ਸਭ ਇਸ ਨੂੰ ਆਪਣਾ ਅੰਦੋਲਨ ਸਮਝ ਕੇ ਇਸ ਵਿੱਚ ਯੋਗਦਾਨ ਪਾ ਰਹੇ ਹਨ। ਜਦੋਂ ਦੀ ਮੋਦੀ ਸਰਕਾਰ ਇਨ੍ਹਾਂ 3 ਖੇਤੀ ਆਰਡੀਨੈਂਸਾਂ (ਕਾਨੂੰਨ ਬਨਣ ਤੋਂ ਪਹਿਲਾਂ) ਨੂੰ ਲੈ ਕੇ ਆਈ ਹੈ, ਉਦੋਂ ਤੋਂ ਹੀ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਜ਼ਿਲ੍ਹਾ ਲੈਵਲ ਤੇ ਇਸ ਦਾ ਵਿਰੋਧ ਕਰ ਰਹੀਆਂ ਹਨ ਅਤੇ ਜਦੋਂ ਹੀ ਮੋਦੀ ਸਰਕਾਰ ਨੇ ਇਹ 3 ਖੇਤੀ ਆਰਡੀਨੈਸਾਂ ਨੂੰ ਲੋਕ ਸਭਾ ਵਿੱਚ ਬਹੁਮਤ ਹੋਣ ਕਰਕੇ ਅਤੇ ਰਾਜ ਸਭਾ ਵਿੱਚ ਧੱਕੇਸ਼ਾਹੀ ਨਾਲ ਵੋਟਿੰਗ ਕਰਵਾ ਕੇ ਕਾਨੂੰਨ ਬਣਾ ਦਿੱਤੇ, ਉਦੋਂ ਤੋਂ ਹੀ ਪੰਜਾਬ ਦੀਆਂ ਇਹਨਾਂ 32 ਜਥੇਬੰਦੀਆਂ ਨੇ ਸੰਘਰਸ਼ ਦੀ ਅਗਵਾਈ ਕਰਦੇ ਹੋਏ ਪੂਰੇ ਦੇਸ਼ ਦੀਆਂ 500 ਦੇ ਕਰੀਬ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਦਿੱਲੀ ਵਿੱਚ ਇਹਨਾਂ ਕਾਲੇ ਕਾਨੂੰਨਾਂ ਖਿਲਾਫ ਝੰਡਾ ਗੱਡ ਦਿੱਤਾ।

ਜਦੋਂ ਤੋਂ ਇਹ ਧਰਨਾ ਸ਼ੁਰੂ ਹੋਇਆ ਹੈ ਕਿਸਾਨਾਂ ਦੇ ਨਾਲ ਹਰ ਇੱਕ ਵਰਗ ਜੁੜਦਾ ਗਿਆ ਅਤੇ ਇਹ ਕਾਰਵਾਂ ਵਿਸ਼ਾਲ ਹੁੰਦਾ ਗਿਆ ਹੈ। ਦਿੱਲੀ ਕੂਚ ਕਰਨ ਵੇਲੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਜਦੋਂ ਪੰਜਾਬ ਦਾ ਕਿਸਾਨ ਤੁਰਿਆ ਤਾਂ ਰਾਸਤੇ ਹਰਿਆਣਾ ਸਰਕਾਰ ਨੇ ਵੱਡੇ ਵੱਡੇ ਰੇਤੇ ਦੇ ਢੇਰ ਲਗਾਏ, ਬੈਰੀਕੇਡ ਲਗਾਏ , ਵੱਡੇ-ਵੱਡੇ ਪੱਥਰ ਰੱਖੇ, ਪਰ ਪੰਜਾਬ ਦਾ ਭਾਈ ਹਰਿਆਣਾ ਨਾਲ ਆਣ ਰਲਿਆ ਅਤੇ ਇਸ ਵਿਸ਼ਾਲ ਏਕੇ ਨੇ ਇਹ ਵੱਡੇ-ਵੱਡੇ ਅੜਿੱਕੇ ਰੇਤੇ ਵਾਗੂੰ ਖਿਲਾਰ ਦਿੱਤੇ ਅਤੇ ਜਾ ਕੇ ਦਿੱਲੀ ਵਿੱਚ ਦਾਖਲ ਹੋ ਗਏ। ਧਰਨਾ ਚੱਲਦਾ ਗਿਆ ਅਤੇ ਲੋਕ ਜੁੜਦੇ ਗਏ। ਇਹ ਧਰਨਾ ਨੇ ਹਰ ਇੱਕ ਵਰਗ ਨੂੰ ਆਪਣੇ ਵੱਲ ਖਿੱਚਿਆ। ਦਰਅਸਲ ਹੁਣ ਇਹ ਇੱਕ ਮਾਤਰ ਧਰਨਾ ਨਹੀਂ ਰਿਹਾ ਇਹ ਜਨ ਅੰਦੋਲਨ ਬਣ ਚੁੱਕਿਆ ਹੈ। ਇਹ ਹਰ ਵਰਗ ਦਾ ਹਰਮਨ ਪਿਆਰਾ ਅੰਦੋਲਨ ਬਣ ਚੁੱਕਿਆ ਹੈ। ਕਿਉਂਕਿ ਇਹ ਸਿੱਧਾ ਸਿੱਧਾ ਰੋਟੀ ਨਾਲ ਜੁੜਿਆ ਮਸਲਾ ਹੈ।
ਪੂਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਨੇ ਮਿਲ ਕੇ ਇਸ ਮੋਰਚੇ ਨੂੰ ਸੰਯੁਕਤ ਕਿਸਾਨ ਮੋਰਚਾ ਬਣਾਇਆ ਜੋ ਕਿ ਪੂਰੇ ਅੰਦੋਲਨ ਦੀ ਅਗਵਾਈ ਕਰ ਰਿਹਾ ਹੈ ਜਿਸ ਵਿੱਚ ਸੈਕੜੇਂ ਕਿਸਾਨ ਸੰਗਠਨ ਸ਼ਾਮਿਲ ਹਨ। ਇਸ ਘੋਲ ਨੂੰ ਜਾਬਤੇ ਬੱਧ ਚਲਾਉਣ ਲਈ ਸੰਯੁਕਤ ਕਿਸਾਨ ਮੋਰਚਾ ਸਰਕਾਰ ਨਾਲ ਇਸ ਬਿੱਲ ਤੇ ਗੱਲ ਕਰਨ ਇੱਕ ਕੋਰਾਅਡੀਨੇਟਿੰਗ ਕਮੇਟੀ ਵੀ ਬਣਾਈ ਗਈ, ਜਿਸਨੇ ਸਰਕਾਰ ਕਈ ਮੀਟਿੰਗ ਕੀਤੀਆਂ, ਪਰ ਕਈ ਗੇੜਾਂ ਦੀ ਗੱਲਬਾਤ ਤੋਂ ਬਾਅਦ ਵੀ ਕੋਈ ਸਾਰਥਿਕ ਸਿੱਟਾ ਨਹੀਂ ਨਿੱਕਲਿਆ, ਜਿਸਦੇ ਇਵਜ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਜਨਵਰੀ ਨੂੰ ਟਰੈਕਟਰ ਪਰੇਡ ਕੱਢਣ ਦਾ ਫੈਸਲਾ ਕੀਤਾ ਗਿਆ। ਇਸ ਟਰੈਕਟਰ ਪਰੇਡ ਦਾ ਦਿੱਲੀ ਦੇ ਵਸ਼ਿੰਦਿਆਂ ਨੇ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ। ਸਰਕਾਰ ਵੱਲੋਂ ਘੋਲ ਵਿੱਚ ਘੁਸਪੈਠ ਕਰਨ ਲਈ ਦੋਗਲੇ ਬੰਦਿਆਂ ਨੂੰ ਫਿੱਟ ਕੀਤਾ ਗਿਆ, ਜਿਨ੍ਹਾਂ ਨੇ ਕੁਛ ਨੌਜਵਾਨਾਂ ਨੂੰ ਗੁਮਰਾਹ ਕਰਕੇ ਲਾਲ ਕਿਲ੍ਹੇ ਤੇ ਝੰਡਾ ਚੜਾਉਣ ਦੀ ਕੋਸ਼ਿਸ ਕੀਤੀ ਅਤੇ ਘੋਲ ਨੂੰ ਦੋਫਾੜ ਕਰਨ ਦੀ ਕੋਸ਼ਿਸ਼ ਕੀਤੀ। ਪਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਘਟਨਾ ਦੀ ਨਿਖੇਧੀ ਕਰਦੇ ਹੋਏ ਇਸ ਘਟਨਾ ਨਾਲੋਂ ਆਪਣੇ ਆਪ ਨੂੰ ਵੱਖ ਕਰ ਲਿਆ ਗਿਆ, ਕਿਉਂ ਸੰਯੁਕਤ ਕਿਸਾਨ ਮੋਰਚੇ ਦਾ ਮਕਸਦ ਲਾਲ ਕਿਲ੍ਹੇ ਤੇ ਝੰਡਾ ਝੁਲਾਉਣ ਦਾ ਨਹੀਂ ਸੀ, ਉਨ੍ਹਾਂ ਦਾ ਮਕਸਦ 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦਾ ਹੈ। ਲਾਲ ਕਿਲੇ ਤੇ ਅਖੌਤੀ ਕਿਸਾਨ ਪੱਖੀਆਂ ਨੂੰ ਝੰਡਾ ਚੜਾਉਣ ਦਾ ਰਾਸਤਾ ਦੇ ਕੇ, ਹਿੰਸਾ ਕਰਨ ਦੀ ਖੁੱਲ ਦੇ ਕੇ ਦਿੱਲੀ ਪੁਲਿਸ ਨੇ ਹਿੰਸਾ ਕਰਨ ਵਾਲੇ ਅਸਲ ਦੋਸ਼ੀਆਂ ਨੂੰ ਛੱਡ ਕੇ ਕਿਸਾਨ ਲੀਡਰਾਂ ਤੇ ਪਰਚੇ ਦਰਜ ਕਰ ਦਿੱਤੇ। ਅਤੇ ਇਸਤੋਂ ਅੱਗੇ ਵੱਧਦੇ ਹੋਏ 26 ਜਨਵਰੀ ਨੂੰ ਟਰੈਕਟਰ ਪਰੇਡ ਮੌਕੇ ਧੱਕੇ ਨਾਲ 122 ਦੇ ਕਰੀਬ ਵਿਅਕਤੀਆਂ ਨੂੰ ਦਿੱਲੀ ਪੁਲਿਸ ਵੱਲੋਂ ਕਿਡਨੈਪ ਕੀਤਾ ਗਿਆ  ਜਿਨ੍ਹਾਂ ਵਿੱਚ ਬਜੁਰਗ ਅਤੇ ਨਾਬਾਲਗ ਵੀ ਸ਼ਾਮਿਲ ਹਨ, ਉਨ੍ਹਾਂ ਦਾ ਥੌਹ ਪਤਾ ਅਜੇ ਤੱਕ ਨਹੀਂ ਲੱਗ ਰਿਹਾ। ਉਨ੍ਹਾਂ 'ਚ ਇੱਕ ਮਾਨਸਾ ਦੇ ਬੋਹੇ ਦਾ 63 ਸਾਲ ਦਾ ਜੋਗਿੰਦਰ ਸਿੰਘ, ਫਤਿਹਗੜ੍ਹ ਸਾਹਿਬ ਦਾ 80 ਸਾਲ ਦਾ ਜੋਗਿੰਦਰ ਸਿੰਘ, ਜਦਕਿ ਜੋ ਹਰਿਆਣੇ ਦੇ ਬਜ਼ੁਰਗ ਉਹਨਾਂ 'ਚ ਬਹਾਦਰਗੜ੍ਹ ਦੇ ਅਸ਼ੋਧਾ ਤੋਂ 62 ਸਾਲ ਦਾ ਦਿਆ ਕ੍ਰਿਸ਼ਨ, ਰੋਹਤਕ ਦੇ ਰਿਥਲ ਦਾ 60 ਸਾਲ ਦਾ ਜਗਬੀਰ, ਦਿੱਲੀ ਧਨਸਾ ਪਿੰਡ ਚੋਂ 63 ਸਾਲ ਦਾ ਜਗਬੀਰ, ਦਿੱਲੀ ਧਨਸਾ ਪਿੰਡ ਚੋਂ 63 ਸਾਲ ਦਾ ਧਰਮਪਾਲ ਅਤੇ ਬਹੁਤਿਆਂ ਦੀ ਅਜੇ ਸ਼ਨਾਖਤ ਨਹੀਂ ਹੋਈ। ਨਾਬਾਲਗਾਂ ਦੇ ਆਰੇ ਪੁਲਸ ਨੇ ਜਨਤਕ ਨਹੀਂ ਕੀਤਾ ਜਾ ਰਿਹਾ ਜਦਕਿ ਅਜੇ ਵੀ ਪੰਜਾਬ ਅਤੇ ਹਰਿਆਣੇ ਦੇ ਲੋਕਾਂ ਦੀ ਭਾਲ ਜਾਰੀ ਆ। 
ਪਰਸੋਂ ਰਾਤ ਸੰਯੁਕਤ ਕਿਸਾਨ ਮੋਰਚੇ ਨੇ ਆਪਣੀ ਮੀਟਿੰਗ ਕਰਨ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਿਸ ਵਿੱਚ ਕਿਸਾਨ ਆਗੂਆਂ ਵੱਲੋਂ ਸਰਕਾਰ ਨੂੰ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਜਦੋਂ ਤੱਕ ਸਰਕਾਰ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨੋਂ ਨਹੀਂ ਹਟਦੀ ਉਦੋਂ ਤੱਕ ਉਹ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਕਰਨਗੇ। ਇੱਕ ਪਾਸੇ ਸਰਕਾਰ ਗੱਲਬਾਤ ਕਰਨ ਨੂੰ ਕਹਿ ਰਹੀ ਹੈ ਦੂਸਰੇ ਪਾਸੇ ਇੰਟਰਨੈਟ ਬੰਦ ਕਰਕੇ ਧਰਨੇ ਨੂੰ ਜਾਣ ਵਾਲੇ ਰਸਤਿਆਂ ਤੇ ਨੁਕੀਲੀਆਂ ਕਿੱਲਾਂ ਠੋਕ ਕੇ, ਕਿਸਾਨਾਂ ਦਾ ਰਾਸ਼ਨਪਾਣੀ ਬੰਦ ਕਰਕੇ, 12 ਲੇਅਰਾਂ ਵਾਲੀ ਬੈਰੀਕੇਟਿੰਗ ਕਰਕੇ, ਕੰਡਿਆਲੀਆਂ ਤਾਰਾਂ ਲਗਾ ਖੁਦ ਹੀ ਗੱਲਬਾਤ ਦੇ ਮਾਹੌਲ ਨੂੰਖਰਾਬ ਕਰ ਰਹੀ ਹੈ। ਸਰਕਾਰ ਵੱਲੋਂ ਇਹਨਾਂ ਬਿੱਲਾਂ ਨੂੰ ਪਿਛੇ ਪਾਉਣ ਅਤੇ ਸੋਧਾਂ ਕਰਨ ਵਾਲੀ ਗੱਲ ਨੂੰ ਕਿਸਾਨ ਪਹਿਲਾਂ ਹੀ ਮੁਢੋਂ ਰੱਦ ਕਰ ਚੁੱਕੇ ਹਨ। ਜੇਲ੍ਹਾਂ ਵਿੱਚ ਬੰਦ ਕਿਸਾਨ ਆਗੂਆਂ ਦੀ ਰਿਹਾਈ ਬਿਨਾ ਤਾਂ ਗੱਲਬਾਤ ਦਾ ਮਾਹੌਲ ਕਿਸੇ ਵੀ ਹਾਲਤ ਵਿਛਕ ਨਹੀਂ ਬਣ ਸਕਣਾ। ਇਹਨਾਂ ਬਿੱਲਾਂ ਨੂੰ ਰੱਦ ਕਰਵਾਉਣਾ ਹੀ ਸਾਡੇ ਅੰਦੋਲਨ ਦਾ ਮੁੱਖ ਮਕਸਦ ਹੈ। ਅਸੀਂ ਆਪਣੇ ਮੁੱਖ ਮਕਸਦ ਤੋਂ ਬਿਨਾ ਹੋਰ ਕੋਈ ਗੱਲ ਨਹੀਂ ਸੁਣਨੀ। 
ਲੱਕੜ ਦੀ ਥਾਂ ਸਟੀਲ ਦੇ ਡੰਡੇ ਕਿਸ ਨੇ ਤਿਆਰ ਕਰਵਾਏ?
ਪੁਲਿਸ ਪ੍ਰਸ਼ਾਸਨ ਵਲੋਂ ਲੱਕੜ ਦੇ ਡੰਡਿਆਂ ਦੀ ਥਾਂ ਤੇ ਤਲਵਾਰ ਨੁਮਾ ਸਟੀਲ ਦੇ ਡੰਡੇ ਕਿਸ ਸਾਜ਼ਿਸ਼ ਅਧੀਨ ਤਿਆਰ ਕਰਵਾਏ ਜਾ ਰਹੇ ਹਨ? ਜਦੋਂ ਇਸ ਬਾਰੇ ਪੁੱਛਗਿੱਛ ਕੀਤੀ ਗਈ ਤਾਂ ਜੁਆਬ ਮਿਲਿਆ ਕਿ ਕਿ ਇਹ ਡੰਡੇ ਕਿਸੇ ਪੁਲਿਸ ਵਾਲੇ ਨਿਜੀ ਤੌਰ ਤੇ ਤਿਆਰ ਕਰਵਾਏ ਹਨ। ਕੀ ਹੁਣ ਪੁਲਿਸ ਦਾ ਵੀ ਨਿਜੀਕਰਨ ਹੋਣ ਲੱਗ ਪਿਆ ਹੈ ਜਾਂ ਪੁਲਿਸ ਦੇ ਭੇਸ ਵਿੱਚ ਇਹ ਕਿਸੇ ਹੋਰ ਫੋਰਸ ਜਾਂ ਸੰਗਠਨ ਦੇ ਬੰਦੇ ਹਨ? ਕਿਸਾਨ ਆਗੂਆਂ ਨੇ ਸਪਸ਼ਟ ਕੀਤਾ ਕਿ ਅਜਿਹੀਆਂ ਸਾਜ਼ਿਸ਼ਾਂ ਤੋਂ ਕਿਸਾਨ ਡਰਨ ਵਾਲੇ ਨਹੀਂ ਹਨ। ਸੱਪਾਂ ਨੂੰ ਪੈਰਾਂ ਹੇਹਾਂ ਮਿੱਧ ਕੇ ਖੇਤੀਆਂ ਕਰਨ ਵਾਲੇ ਕਿਸਾਨ ਅਜਿਹੀਆਂ ਸਾਜ਼ਿਸ਼ਾਂ ਦੇ ਸੱਪਾਂ ਦੇ ਸਰ ਕੁਚਲਣਾ ਵੀ ਜਾਣਦੇ ਹਨ। ਅਸੀਂ ਆਪਣੇ ਏਕੇ ਅਤੇ ਸ਼ੰਨਤਮਾਈ ਸੰਘਰਸ਼ ਦੇ ਨਾਲ ਇਹਨਾਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟਵਾ ਕੇ ਹੀ ਸਾਹ ਲਵਾਂਗੇ।  --ਜਸਪ੍ਰੀਤ ਕੌਰ ਸਮਤਾ

Friday, January 29, 2021

ਪੁਲਿਸ ਨੇ ਸਿੰਘੁ ਅਤੇ ਟਿਕਰੀ ਬਾਰਡਰ ਤੇ ਮੈਡੀਕਲ ਟੀਮਾਂ ਨੂੰ ਵੀ ਨਹੀਂ ਬਖਸ਼ਿਆ

 Friday: 29th January 2021 at 3:21 PM

 26 ਜਨਵਰੀ ਨੂੰ ਕੀਤੇ ਗਏ ਹਮਲੇ ਦਾ ਡਾਕਟਰਾਂ  ਨੇ ਲਿਆ ਗੰਭੀਰ ਨੋਟਿਸ 


ਸਿੰਘੂ ਅਤੇ ਟਿਕਰੀ ਬਾਰਡਰ ਤੋਂ ਪਰਤ ਕੇ IDPD ਟੀਮ
: 29 ਜਨਵਰੀ 2021: (ਪੰਜਾਬ ਸਕਰੀਨ ਬਿਊਰੋ)::

ਅਸੀਂ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ, ਇੰਡੀਅਨ ਡਾਕਟਰ ਫਾਰ ਪੀਸ ਐਂਡ ਡਿਵੈਲਪਮੈਂਟ (ਆਈਡੀਪੀਡੀ) ਦੀ ਤਰਫੋਂ ਟਿਕਰੀ ਅਤੇ ਸਿੰਘੂ ਬਾਰਡਰ 'ਤੇ ਮੈਡੀਕਲ ਕੈਂਪ ਲਗਾ ਰਹੇ ਸੀ। ਸਾਡੀਆਂ ਮੈਡੀਕਲ ਟੀਮਾਂ ਨੇ ਟਰੈਕਟਰਾਂ ਨਾਲ ਮਾਰਚ ਕੀਤਾ। ਅਸੀਂ 26 ਜਨਵਰੀ ਨੂੰ ਵਾਪਰੀਆਂ ਘਟਨਾਵਾਂ ਤੋਂ ਦੁਖੀ ਹਾਂ , ਜਦੋਂ ਕੁਝ ਬੇਈਮਾਨ ਤੱਤਾਂ ਨੇ ਲਾਲ ਕਿਲ੍ਹੇ  ਵਿਖੇ ਝੰਡਾ ਲਹਿਰਾਇਆ। ਇਹ ਸਥਿਤੀ ਉਦੋਂ ਪੈਦਾ ਹੋਈ ਜਦੋਂ ਪੁਲਿਸ ਨੇ ਸਹਿਮਤੀ ਵਾਲੇ ਰਸਤੇ 'ਤੇ ਅੜਿੱਕੇ ਪੈਦਾ ਕੀਤੇ ਅਤੇ ਪਾਬੰਦੀਸ਼ੁਦਾ ਰਸਤੇ ਦੀ ਸਹੂਲਤ ਲਈ ਹੋਰ ਰਸਤੇ ਖੋਲ੍ਹ  ਦਿੱਤੇ ।.ਕਿਉਂਕਿ ਅਸੀਂ ਉਥੇ ਮੌਜੂਦ ਸੀ ਅਤੇ ਅਸੀਂ ਇਸ ਗੱਲ ਦੀ ਪੁਸ਼ਟੀ ਕਰਨ ਦੇ ਚਸ਼ਮਦੀਦ ਗਵਾਹ ਹਾਂ ਕਿ ਅਜਿਹੀ ਗੁੰਡਾਗਰਦੀ ਮੁੱਠੀ ਭਰ ਲੋਕਾਂ ਦੁਆਰਾ ਕੀਤੀ ਗਈ ਸੀ ਅਤੇ ਜੇਕਰ ਪੁਲਿਸ ਥੋੜ੍ਹਾ ਸਾਵਧਾਨ ਹੁੰਦੀ ਤਾਂ ਇਸ ਨੂੰ ਬਹੁਤ ਰੋਕਿਆ ਜਾ ਸਕਦਾ ਸੀ। ਇਸ ਤੋਂ ਇਲਾਵਾ ਗਣਤੰਤਰ ਦਿਵਸ ਤੇ ਪੁਲਿਸ ਦੀ ਤਾਇਨਾਤੀ ਗੁੰਡਾਗਰਦ ਅਨਸਰ ਤੋਂ ਵੀ ਕਿਤੇ ਵੱਧ ਹੁੰਦੀ  ਹੈ।ਇਸ ਦਾ   ਅੰਦਾਜ਼ਾ ਕਿਵੇਂ ਲਗਾਇਆ ਜਾਵੇ ਕਿ ਪੁਲਿਸ ਨੇ ਸ਼ਰਾਰਤੀ ਅਨਸਰਾਂ ਨੂੰ ਨਜ਼ਰ ਅੰਦਾਜ ਕਿਉਂ ਕੀਤਾ। ਹਜ਼ਾਰਾਂ ਟਰੈਕਟਰਾਂ ਨੇ ਨਿਰਧਾਰਤ ਰਸਤੇ ਤੇ ਸ਼ਾਂਤੀਪੂਰਵਕ ਮਾਰਚ ਕੀਤਾ। ਮਾਰਚ ਇੰਨਾ ਸ਼ਾਂਤਮਈ ਸੀ ਕਿ ਨਾ ਤਾਂ ਇਕ ਵੀ ਸ਼ੀਸ਼ੇਾ ਟੁੱਟਿਆ, ਨਾ ਹੀ ਕੋਈ ਕਾਰ ਪਲਟੀ ਗਈ ਅਤੇ ਨਾ ਹੀ ਕੋਈ ਬੱਸ ਸਾੜੀ ਗਈ ਅਤੇ ਨਾ ਹੀ ਕਿਸੇ ਜਨਤਕ ਜਾਇਦਾਦ ਨੂੰ ਕੋਈ ਨੁਕਸਾਨ ਪਹੁੰਚਿਆ। ਸਥਾਨਕ ਲੋਕਾਂ ਨੇ ਰਸਤੇ ਵਿਚ ਫੁੱਲਾਂ ਦੀ  ਵਰਖਾ ਕੀਤੀ ਅਤੇ ਲੰਗਰ ਵਰਤਾਏ। ਇਹ ਸਮਝਣਾ ਮੁਸ਼ਕਲ ਹੈ ਕਿ ਇਹ ਬੇਈਮਾਨ ਤੱਤ ਲਾਲ ਕਿਲ੍ਹੇ  ਤੱਕ ਕਿਵੇਂ ਪਹੁੰਚ ਸਕਦੇ ਸਨ, ਜੋ ਸਿੰਘੂ ਬਾਰਡਰ ਤੋਂ ਲਗਭਗ 20 ਕਿਲੋ ਮੀਟਰ ਦੀ ਦੂਰੀ 'ਤੇ ਹੈ। ਇਸਦੇ ਪਿੱਛੇ ਕੁਝ ਡੂੰਘੀ ਸਾਜਿਸ਼ ਹੈ। ਹਾਲਾਂਕਿ ਟਰੈਕਟਰ ਮਾਰਚ ਦੌਰਾਨ ਅਸੀਂ ਕਈ ਕਿਸਾਨਾਂ ਦਾ ਇਲਾਜ ਕੀਤਾ ਜੋ ਲਾਠੀਚਾਰਜ ਜਾਂ ਅੱਥਰੂ ਗੈਸ ਦੇ ਗੋਲੇ  ਦੁਆਰਾ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ। ਦੋ ਵਿਅਕਤੀਆਂ ਦੇ ਹੱਥ ਬੁਰੀ ਤਰਾਂ ਨਾਲ ਨੁਕਸਾਨੇ ਗਏ ਸਨ ਤੇ ਉਹ ਕਦੇ ਵੀ ਪੂਰੀ ਤਰਾਂ ਸਧਾਰਣ ਸਥਿਤੀ ਵਿੱਚ ਵਾਪਸ ਨਹੀਂ ਆ ਸਕਦੇ। ਇਕ ਮਰੀਜ਼ ਉੱਤੇ ਵਾਹਨ ਨਾਲ ਚੜਾ ਦਿੱਤਾ ਗਿਆ। ਤਿੰਨ ਮਰੀਜਾਂ ਦੀਆਂ ਹੱਡੀਆਂ ਟੁੱਟ ਗਈਆਂ ।. ਕਈਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ।ਇਹ  ਬੜੇ ਦੁੱਖ ਦੀ ਗੱਲ ਹੈ ਕਿ ਡਾਕਟਰ ਸਵੈਮਾਨ ਦੀ ਅਗਵਾਈ ਵਾਲੀ ਇੱਕ ਮੈਡੀਕਲ ਟੀਮ ਉੱਤੇ ਪੁਲਿਸ ਨੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਪੁਲਿਸ ਵਾਲਿਆਂ ਸਮੇਤ ਜ਼ਖਮੀਆਂ ਨੂੰ ਡਾਕਟਰੀ ਸਹਾਇਤਾ ਦੇ ਰਹੇ ਸਨ। ਇਸੇ ਤਰ੍ਹਾਂ ਸਿੰਘੂ ਬਾਰਡਰ ਤੇ ਐਂਬੂਲੈਂਸ 'ਤੇ ਭੰਨਤੋੜ ਕੀਤੀ ਗਈ ਅਤੇ ਡਾ ਬਲਬੀਰ ਸਿੰਘ ਜਦੋਂ ਇਕ ਜ਼ਖਮੀ ਹੋਏ ਕਿਸਾਨ ਨੂੰ ਮਿਲਣ ਜਾ ਰਿਹਾ ਸੀ ਤਾਂ ਉਸਨੂੰ ਧੱਕਾ ਦੇ ਦਿੱਤਾ ਗਿਆ। ਡਾਕਟਰੀ ਅਮਲਾ ਹੋਣ ਦੇ ਨਾਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਲੋਕ ਹੁਣ ਦੋ ਮਹੀਨਿਆਂ ਤੋਂ ਪਹਿਲਾਂ ਹੀ ਉਥੇ ਬੈਠੇ ਹਨ ਅਤੇ ਉਨ੍ਹਾਂ ਨੇ ਕਈ ਮੈਡੀਕਲ ਸਮੱਸਿਆਵਾਂ ਦਾ ਸਾਹਮਣਾ ਕੀਤਾ ਹੈ ਜੋ ਆਉਣ ਵਾਲੇ ਸਮੇਂ ਵਿਚ ਵਧਣ ਦੀਆਂ ਸੰਭਾਵਨਾਵਾਂ ਹਨ। ਇਸ ਲਈ ਜਦੋਂ ਕਿ ਅਸੀਂ ਮੁਜ਼ਾਹਰਾਕਾਰੀਆਂਨੂੰ ਸ਼ਾਂਤ ਅਤੇ ਸੁਚੇਤ ਰਹਿਣ ਦੀ ਅਪੀਲ ਕਰਦੇ ਹਾਂ, ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਚੱਲ ਰਹੇ ਬਜਟ ਸੈਸ਼ਨ ਦੌਰਾਨ ਇਨ੍ਹਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ, ਗੱਲਬਾਤ ਅਤੇ ਵਿਚਾਰ ਵਟਾਂਦਰੇ ਲਈ ਸਾਂਝੇ ਮਾਹੌਲ ਪੈਦਾ ਕਰਨ ਲਈ  ਸ਼ਾਂਤੀ ਬਹਾਲ ਕੀਤੀ ਜਾਵੇ। ਡੈਮੋਕ੍ਰੇਟਿਕ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਕਾਨੂੰਨ ਬਣਾਉਣ ਤੋਂ ਪਹਿਲਾਂ ਕਿਸਾਨਾਂ, ਰਾਜ ਸਰਕਾਰਾਂ ਅਤੇ ਖਪਤਕਾਰਾਂ ਨਾਲ ਸਲਾਹ ਮਸ਼ਵਰਾ ਕਰੇ। ਅਸੀਂ ਚੰਗੇ ਦੀ ਆਸ ਕਰਦੇ ਹਾਂ। ਸਾਡੀ ਟੀਮ ਦੇ ਮੈਂਬਰਾਂ ਵਿੱਚ ਡਾ: ਅਰੁਣ ਮਿੱਤਰਾ, ਡਾ: ਗਗਨਦੀਪ ਸਿੰਘ, ਡਾ: ਬਲਬੀਰ ਸਿੰਘ, ਡਾ: ਮੋਨਿਕਾ ਧਵਨ, ਡਾ: ਪਰਮ ਸੈਣੀ, ਡਾ ਐਸ ਐਸ ਸਿੱਧੂ, ਡਾ ਸੂਰਜ ਢਿੱਲੋਂ , ਡਾ ਗੁਰਵੀਰ ਸਿੰਘ, ਡਾ ਰਾਜਨ ਸਿੱਧੂ, ਕੁਲਦੀਪ ਸਿੰਘ, ਅਨੋਦ ਕੁਮਾਰ, ਸਵਰੂਪ ਸਿੰਘ, ਅਮਨਿੰਦਰ ਸਿੰਘ, ਸ਼ਹੀਦ ਕਰਤਾਰ ਸਿੰਘ ਸਰਭਾ ਡੈਂਟਲ ਕਾਲੇਜ ਅਤੇ ਹਸਪਤਾਲ ਦੇ ਸਟਾਫ ਨੇ ਜ਼ਖਮੀਆਂ ਦੀ ਸੇਵਾ ਲਈ ਟਰੈਕਟਰ ਮਾਰਚ ਦੌਰਾਨ ਸਖਤ ਮਿਹਨਤ ਕੀਤੀ।