Friday, May 21, 2021

ਮੋਦੀ ਸਾਹਿਬ ਕਿਸਾਨ-ਅੰਦੋਲਨ ਪ੍ਰਤੀ ਧਾਰੀ ਬੇਰੁਖੀ ਤੁਰੰਤ ਤੋੜੋ

 21st May 2021 at  6:06 PM

ਸੰਯੁਕਤ ਕਿਸਾਨ ਮੋਰਚੇ ਨੇ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ 


ਨਵੀਂ ਦਿੱਲੀ
: 21 ਮਈ 2021: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ):

ਅੱਜ ਸੰਯੁਕਤ ਕਿਸਾਨ ਮੋਰਚਾ ਨੇ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਕਿਸਾਨਾਂ ਨਾਲ ਮੁੜ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ। ਇਸ ਚਿੱਠੀ ਵਿੱਚ ਮੁੱਖ ਤੌਰ 'ਤੇ ਕਿਸਾਨੀ-ਅੰਦੋਲਨ 'ਤੇ ਸਰਕਾਰ ਦੇ ਰਵੱਈਏ ਦਾ ਜ਼ਿਕਰ ਹੈ।  ਇਸਦੇ ਨਾਲ ਹੀ ਸਰਕਾਰ ਨੂੰ ਪੇਂਡੂ ਖੇਤਰ ਦੇ ਲੋਕਾਂ ਅਤੇ ਆਮ ਨਾਗਰਿਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਠੋਸ ਕਦਮ ਚੁੱਕਣ ਦੀ ਵੀ ਮੰਗ ਕੀਤੀ ਹੈ।

ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ, ਡਾ: ਦਰਸ਼ਨ ਪਾਲ, ਗੁਰਨਾਮ ਸਿੰਘ ਚਢੂਨੀ, ਹਨਨ ਮੌਲਾ, ਜਗਜੀਤ ਸਿੰਘ ਡੱਲੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਯੁੱਧਵੀਰ ਸਿੰਘ, ਯੋਗੇਂਦਰ ਯਾਦਵ, ਅਭਿਮਨਿਉ ਕੋਹਾੜ ਨੇ ਕਿਹਾ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਕਰਕੇ ਸਰਕਾਰ ਨੂੰ ਸੰਜੀਦਗੀ ਦਿਖਾਉਣੀ ਚਾਹੀਦੀ ਹੈ ਅਤੇ ਕਿਸਾਨਾਂ ਦੀਆਂ ਮੰਗਾਂ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਕਿਸਾਨਾਂ ਦੁਆਰਾ ਸਿਰੇ ਤੋਂ ਨਕਾਰ ਦਿੱਤੇ ਗਏ ਕਾਨੂੰਨਾਂ ਨੂੰ ਲਾਗੂ ਕਰਨਾ ਦੇਸ਼ ਦੇ ਲੋਕਤੰਤਰੀ ਅਤੇ ਮਨੁੱਖੀ ਕਦਰਾਂ ਕੀਮਤਾਂ ਦੇ ਖ਼ਿਲਾਫ਼ ਹੈ। ਸੰਯੁਕਤ ਕਿਸਾਨ ਮੋਰਚਾ ਸ਼ਾਂਤਮਈ ਅੰਦੋਲਨ ਵਿਚ ਵਿਸ਼ਵਾਸ ਰੱਖਦਾ ਹੈ ਅਤੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਜਾਰੀ ਰੱਖੇਗਾ।

ਅੱਜ ਮਹਾਨ ਵਾਤਾਵਰਣ ਪ੍ਰੇਮੀ ਅਤੇ ਅੰਦੋਲਨਕਾਰੀ ਸ਼੍ਰੀ ਸੁੰਦਰ ਲਾਲ ਬਹੁਗੁਣਾ ਦਾ ਦਿਹਾਂਤ ਹੋ ਗਿਆ।  ਸੰਯੁਕਤ ਕਿਸਾਨ ਮੋਰਚਾ ਉਨ੍ਹਾਂ ਦੀ ਮੌਤ 'ਤੇ ਅਫਸੋਸ ਕਰਦਾ ਹੈ। ਕਈ ਅੰਦੋਲਨਾਂ ਦੇ ਆਗੂ ਸ਼੍ਰੀ ਬਹੁਗੁਣਾ ਨੇ ਦੇਸ਼ ਅਤੇ ਵਿਸ਼ਵ ਦੇ ਲੋਕਾਂ ਦੀ ਵਾਤਾਵਰਣ ਬਾਰੇ ਸਮਝ ਵਧਾਈ ਅਤੇ ਲੋਕਾਂ ਨੂੰ ਵਾਤਾਵਰਣ ਨਾਲ ਜੋੜਿਆ। ਕਿਸਾਨ ਮੋਰਚੇ ਨੇ ਕਰਨਾਟਕ ਦੇ ਕਿਸਾਨ ਆਗੂ ਅਤੇ  ਸਾਬਕਾ ਕੇਂਦਰੀ- ਮੰਤਰੀ ਸ਼੍ਰੀ ਬਾਬਾ ਗੌੜਾ ਪਾਟਿਲ ਦੀ ਮੌਤ ‘ਤੇ ਦੁੱਖ ਪ੍ਰਗਟਾਇਆ।  ਕਰਨਾਟਕ ਦੇ ਕਿਸਾਨਾਂ ਦੀ ਆਵਾਜ਼ ਸ਼੍ਰੀ ਗੌੜਾ ਦੇ ਕਿਸਾਨ ਭਲਾਈ ਲਈ ਪਾਏ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।

No comments: