ਮੁੱਢ ਤੋਂ ਹੀ ਦਿੱਲੀ ਕਿਸਾਨ ਮੋਰਚੇ ਉਤੇ ਡੱਟੇ ਹੋਏ ਸਨ
ਟਿਕਰੀ ਮੋਰਚਾ: 17 ਨਵੰਬਰ 2021: (ਸੁਖਦਰਸ਼ਨ ਨੱਤ//ਪੰਜਾਬ ਸਕਰੀਨ)::
ਜਿਹਨਾਂ ਨੇ ਆਖ਼ਿਰੀ ਸਾਹਾਂ ਤੱਕ ਇਸ ਕਿਸਾਨ ਮੋਰਚੇ ਨਾਲ ਆਪਣੀ ਇੱਕਜੁੱਟਤਾ ਰੱਖੀ ਉਹਨਾਂ ਦੀਆਂ ਦੁਆਵਾਂ ਅਤੇ ਉਹਨਾਂ ਦੇ ਜਜ਼ਬਾਤਾਂ ਦੀ ਸ਼ਕਤੀ ਕਿਸਾਨਾਂ ਨੂੰ ਹਰ ਚੁਣੌਤੀ ਵਿੱਚ ਜੇਤੂ ਰੱਖੇਗੀ। ਜਿਸਮਾਨੀ ਤੌਰ ਤੇ ਵਿੱਛੜੇ ਸਾਥੀਆਂ ਨੇ ਆਪਣੀਆਂ ਕੁਰਬਾਨੀਆਂ ਨਾਲ ਨਵੀਆਂ ਗਾਥਾਵਾਂ ਰਚੀਆਂ ਹਨ ਜਿਹਨਾਂ ਨੇ ਭਵਿੱਖ ਦਾ ਇਤਿਹਾਸ ਸਿਰਜਣਾ ਹੈ। ਆਉਣ ਵਾਲਾ ਇਤਿਹਾਸ ਇਹਨਾਂ ਲੋਕਾਂ ਨੇ ਆਪਣੇ ਲਹੂ ਨਾਲ ਲਿਖਿਆ ਹੈ। ਸੱਤਾ ਦੇ ਦੋਗਲੇਪਣ ਨੂੰ ਆਪਣੀ ਸ਼ਾਂਤੀ ਅਤੇ ਸਬਰ ਨਾਲ ਬੇਨਕਾਬ ਕੀਤਾ ਹੈ। ਸਿਦਕ ਨੂੰ ਆਖ਼ਿਰੀ ਸਾਹਾਂ ਤੀਕ ਸਾਬਿਤ ਰੱਖਣ ਵਾਲੇ ਇੱਕ ਹੋਰ ਯੋਧਾ ਸਾਥੀ ਤੁਰ ਗਿਆ ਹੈ। ਅਸੀਂ ਸਾਰੇ ਉਦਾਸ ਹਾਂ। ਪੂਰਾ ਕੈਂਪ ਆਫਿਸ ਉਦਾਸ ਹੈ।
ਬੜੇ ਦੁੱਖ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਅੱਜ (17 ਨਵੰਬਰ 2021 ਨੂੰ) ਸਵੇਰੇ ਸਾਢੇ ਨੌਂ ਵਜੇ ਦੇ ਕਰੀਬ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ, ਮੈਟਰੋ ਪਿਲਰ ਨੰਬਰ 783, ਟਿਕਰੀ ਮੋਰਚਾ ਉਤੇ ਸਥਿਤ ਪੰਜਾਬ ਕਿਸਾਨ ਯੂਨੀਅਨ ਦੇ ਕੈਂਪ ਆਫਿਸ ਵਿਚ ਸਾਥੀ ਹਰਚਰਨ ਸਿੰਘ ਖਾਲਸਾ ਪੁੱਤਰ ਜੰਗੀਰ ਸਿੰਘ (ਉਮਰ 65 ਸਾਲ) ਪਿੰਡ ਹਾਕਮ ਵਾਲਾ, ਥਾਣਾ ਬੋਹਾ, ਤਹਿਸੀਲ ਬੁਢਲਾਡਾ ਜ਼ਿਲਾ ਮਾਨਸਾ ਦੀ ਮੌਤ ਹੋ ਗਈ ਹੈ। ਨਿਹੰਗ ਬਾਣੇ ਵਿਚ ਸਾਜਿਆ ਹੋਇਆ ਇਹ ਯੋਧਾ ਦਲਿਤ ਮਜ਼ਦੂਰ ਸਾਥੀ ਹਰਚਰਨ ਸਿੰਘ ਖ਼ਾਲਸਾ ਨਾਮ ਦਾ ਸੀ। ਇਹ ਕਿਸਾਨ ਮੋਰਚੇ ਦੇ ਆਰੰਭ ਤੋਂ ਟਿਕਰੀ ਬਾਰਡਰ ਮੋਰਚੇ ਉਤੇ ਡੱਟਿਆ ਹੋਇਆ ਸੀ ਅਤੇ ਇਕ ਵਾਰ ਵੀ ਵਾਪਸ ਅਪਣੇ ਘਰ ਨਹੀਂ ਸੀ ਗਿਆ।
ਪਹਿਲੀ ਅਕਤੂਬਰ 2021 ਨੂੰ ਟਿਕਰੀ ਸਟੇਜ ਤੋਂ ਸਾਇਕਲ ਉਤੇ ਵਾਪਸ ਜਾਂਦੇ ਵਕਤ ਹਰਚਰਨ ਸਿੰਘ ਨੂੰ ਇਕ ਕੈਂਟਰ ਫੇਟ ਮਾਰ ਗਿਆ ਸੀ। ਕਾਮਰੇਡ ਜਸਬੀਰ ਕੌਰ ਨੱਤ ਅਤੇ ਹੋਰ ਕਿਸਾਨ ਸਾਥੀਆਂ ਵਲੋਂ ਉਹ ਕੈਂਟਰ ਵੀ ਘੇਰ ਕੇ ਪੁਲਸ ਦੇ ਹਵਾਲੇ ਕੀਤਾ ਗਿਆ ਅਤੇ ਹਰਚਰਨ ਸਿੰਘ ਨੂੰ ਵੀ ਤੁਰੰਤ ਸਿਵਲ ਹਸਪਤਾਲ ਬਹਾਦਰਗੜ੍ਹ ਲਿਜਾਇਆ ਗਿਆ ਸੀ। ਜਿਥੋਂ ਮੁੱਢਲੀ ਸਹਾਇਤਾ ਬਾਦ ਉਨ੍ਹਾਂ ਨੂੰ ਪੀਜੀਆਈ ਰੋਹਤਕ ਨੂੰ ਰੈਫਰ ਕਰ ਦਿੱਤਾ ਗਿਆ। ਉਥੇ ਕੀਤੇ ਗਏ ਟੈਸਟਾਂ ਤੋਂ ਪਤਾ ਲੱਗਾ ਕਿ ਕੁਝ ਹੋਰ ਸੱਟਾਂ ਤੋਂ ਇਲਾਵਾ ਐਕਸੀਡੈਂਟ ਵਿਚ ਹਰਚਰਨ ਸਿੰਘ ਦੀ ਗਰਦਨ ਦਾ ਇਕ ਮਣਕਾ ਵੀ ਫ੍ਰੈਕਚਰ ਹੋ ਗਿਆ ਹੈ। ਇਸ ਲਈ ਉਨਾਂ ਨੂੰ ਇਲਾਜ ਲਈ ਉਥੇ ਦਾਖਲ ਕਰ ਲਿਆ ਗਿਆ। ਜਿਥੇ ਇਕ ਮਹੀਨੇ ਬਾਦ 30 ਅਕਤੂਬਰ ਨੂੰ ਉਨਾਂ ਦਾ ਅੱਠ ਘੰਟੇ ਲੰਬਾ ਇਕ ਮੇਜਰ ਅਪਰੇਸ਼ਨ ਮਾਹਿਰ ਡਾਕਟਰਾਂ ਵਲੋਂ ਸਫਲਤਾ ਨਾਲ ਕੀਤਾ ਗਿਆ। ਅਪਰੇਸ਼ਨ ਤੋਂ ਇਕ ਹਫਤੇ ਬਾਦ ਛੁੱਟੀ ਦੇਣ ਵਕਤ ਡਾਕਟਰਾਂ ਵਲੋਂ ਉਨਾਂ ਨੂੰ ਤਿੰਨ ਮਹੀਨੇ ਤੱਕ ਬਿਸਤਰੇ ਤੋਂ ਸਿਰ ਨਾ ਚੁੱਕਣ ਅਤੇ ਲੰਮੇ ਪਏ ਰਹਿਣ ਦੀ ਹਿਦਾਇਤ ਕੀਤੀ ਸੀ। ਰੰਗਰੇਟਾ ਗੁਰੂ ਕਾ ਬੇਟਾ ਹਰਚਰਨ ਸਿੰਘ ਅਪਣੇ ਇਰਾਦੇ ਦਾ ਐਨਾ ਪੱਕਾ ਸੀ ਕਿ ਜਦੋਂ ਮੈਂ ਰੋਹਤਕ ਹਸਪਤਾਲ ਵਿਚ ਉਸ ਨੂੰ ਮਿਲਣ ਲਈ ਗਿਆ, ਤਾਂ ਉਸ ਨੇ ਅਪਣੇ ਬੇਟੇ ਮੱਖਣ ਸਿੰਘ ਦੇ ਸਾਹਮਣੇ ਮੈਨੂੰ ਕਿਹਾ : 'ਜਦੋਂ ਮੈਨੂੰ ਹਸਪਤਾਲੋਂ ਛੁੱਟੀ ਮਿਲੇਗੀ, ਤਾਂ ਮੈਂ ਪਿੰਡ ਨਹੀਂ ਜਾਣਾ, ਵਾਪਸ ਮੋਰਚੇ ਉਤੇ ਹੀ ਜਾਵਾਂਗਾ!'
ਉਸ ਦੇ ਇਸ ਦ੍ਰਿੜ ਇਰਾਦੇ ਦਾ ਸਤਿਕਾਰ ਕਰਦੇ ਹੋਏ 8 ਨਵੰਬਰ ਨੂੰ ਪੀਜੀਆਈ ਰੋਹਤਕ ਤੋਂ ਛੁੱਟੀ ਮਿਲਣ 'ਤੇ ਹਰਚਰਨ ਸਿੰਘ ਖ਼ਾਲਸਾ ਦਾ ਬੇਟਾ ਉਸ ਨੂੰ ਟਿਕਰੀ ਬਾਰਡਰ ਉਤੇ ਸਾਡੇ ਕੈਂਪ ਵਿਚ ਲੈ ਆਇਆ ਸੀ। ਪਰਿਵਾਰ ਤੇ ਰਿਸ਼ਤੇਦਾਰ ਵੀ ਪਤਾ ਲੈਣ ਲਈ ਮੋਰਚੇ ਉਤੇ ਹੀ ਆਉਂਦੇ ਸਨ।
ਅੱਜ ਉਸ ਨੂੰ ਚੈੱਕਅਪ ਲਈ ਮੁੜ ਰੋਹਤਕ ਲੈ ਕੇ ਜਾਣਾ ਸੀ, ਇਸ ਲਈ ਸਵੇਰੇ ਅੱਠ ਵਜੇ ਦੇ ਕਰੀਬ ਬੇਟੇ ਵਲੋਂ ਆਮ ਵਾਂਗ ਉਸ ਨੂੰ ਕੋਸਾ ਪਾਣੀ ਅਤੇ ਚਾਹ ਆਦਿ ਪਿਆਈ ਗਈ। ਅਸੀਂ ਉਨਾਂ ਦੇ ਨੇੜੇ ਬੈਠੇ ਰੋਹਤਕ ਜਾਣ ਵਾਸਤੇ ਐਂਬੂਲੈਂਸ ਦਾ ਪ੍ਰਬੰਧ ਕਰਨ ਲਈ ਆਪਸ ਵਿਚ ਸਲਾਹ ਮਸ਼ਵਰਾ ਕਰਦੇ ਰਹੇ, ਜਦ ਦਸ ਕੁ ਵਜੇ ਜਾਣ ਲਈ ਤਿਆਰੀ ਹਿੱਤ ਹਰਚਰਨ ਸਿੰਘ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਗਈ, ਤਦ ਪਤਾ ਲੱਗਾ ਕਿ ਉਹ ਸਾਡੇ ਤੋਂ ਸਦਾ ਲਈ ਦੂਰ ਜਾ ਚੁੱਕੇ ਹਨ। ਅਸੀਂ ਫੋਨ ਕਰਕੇ ਡਾਕਟਰ ਸਵੈਮਾਣ ਸਿੰਘ ਨੂੰ ਵੀ ਬੁਲਾਇਆ। ਜਾਂਚ ਕਰਨ ਤੋਂ ਬਾਦ ਡਾਕਟਰ ਸਾਹਿਬ ਨੇ ਵੀ ਉਨਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ।
ਮੋਰਚੇ ਦੀ ਟਿਕਰੀ ਬਾਰਡਰ ਸੰਚਾਲਨ ਕਮੇਟੀ ਦੇ ਆਗੂਆਂ ਦੀ ਸਲਾਹ ਨਾਲ ਸਿਵਲ ਹਸਪਤਾਲ ਬਹਾਦਰਗੜ੍ਹ ਤੋਂ ਉਨਾਂ ਦਾ ਪੋਸਟ ਮਾਰਟਮ ਕਰਵਾਕੇ ਉਨਾਂ ਦੀ ਦੇਹ ਅੱਜ ਸ਼ਾਮ ਚਾਰ ਕੁ ਵਜੇ ਸਤਿਕਾਰ ਸਹਿਤ ਉਨਾਂ ਦੇ ਜੱਦੀ ਪਿੰਡ ਹਾਕਮਵਾਲਾ ਲਈ ਰਵਾਨਾ ਕਰ ਦਿੱਤੀ ਗਈ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਭੀਖੀ ਵੀ ਐਂਬੂਲੈਂਸ ਦੇ ਨਾਲ ਗਏ ਹਨ। ਜ਼ਿਕਰਯੋਗ ਹੈ ਕਿ ਹਰਚਰਨ ਸਿੰਘ ਖ਼ਾਲਸਾ ਜੀ ਅਤੇ ਉਨਾਂ ਦਾ ਪਰਿਵਾਰ ਅਤੇ ਭਾਈ ਭਤੀਜੇ ਲੰਬੇ ਸਮੇਂ ਤੋਂ ਜੁਝਾਰੂ ਮਜ਼ਦੂਰ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨਾਲ ਸਰਗਰਮ ਤੌਰ 'ਤੇ ਜੁੜੇ ਹੋਏ ਹਨ। -ਸੁਖਦਰਸ਼ਨ ਸਿੰਘ ਨੱਤ