Showing posts with label Suchetak. Show all posts
Showing posts with label Suchetak. Show all posts

Wednesday, July 10, 2024

ਕਲਾਕਾਰ ਬਣਨ ਲਈ ਸਬਰ ਜ਼ਰੂਰੀ ਹੈ-ਗੁਰਪ੍ਰੀਤ ਸਿੰਘ ਘੁੱਗੀ

 Wednesday 10th July 2024 at 18:52

ਗੁਰਸ਼ਰਨ ਸਿੰਘ ਮੈਮੋਰੀਅਲ ਗੈਲਰੀ ਵੇਖ ਕੇ ਗੁਰਪ੍ਰੀਤ ਘੁੱਗੀ ਬਹੁਤ ਖ਼ੁਸ਼ ਹੋਏ 


ਮੋਹਾਲੀ: 10 ਜੁਲਾਈ 2024: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਡੈਸਕ)::

ਸ਼ਬਦੀਸ਼, ਅਨੀਤਾ ਸ਼ਬਦੀਸ਼ ਅਤੇ ਉਹਨਾਂ ਦੀ ਸੰਚਾਲਨ ਹੇਠ ਚੱਲਦੀ ਸੁਚੇਤਕ ਸਕੂਲ ਆਫ ਐਕਟਿੰਗ ਵਾਲੀ ਟੀਮ ਦੇ ਨਿਰੰਤਰ ਚੱਲਦੇ ਉਪਰਾਲਿਆਂ ਸਦਕਾ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਇੱਕ ਥਿਏਟਰ ਵਾਲਾ ਰਚਣਾਤਮਕ ਮਾਹੌਲ ਅਕਸਰ ਹੀ ਸਿਰਜਿਆ ਰਹਿੰਦਾ ਹੈ। ਹੁਣ ਇਹਨਾਂ ਉਪਰਾਲਿਆਂ ਅਧੀਨ ਹੀ ਇੱਕ ਨਹੀਂ ਖੁਸ਼ੀ ਭਰੀ ਖਬਰ ਆਈ ਹੈ ਕਿ ਮੰਨੇ ਪ੍ਰਮੰਨੇ ਕਲਾਕਾਰ ਗੁਰਪ੍ਰੀਤ ਘੁੱਗੀ ਵੀ ਇਹਨਾਂ ਦੀਆਂ ਸਰਗਰਮੀਆਂ ਨੂੰ ਇੱਕ ਵਾਰ ਫੇਰ ਦੇਖਣ ਆਏ। ਉਹਨਾਂ ਨੂੰ ਗੁਰਸ਼ਰਨ ਸਿੰਘ ਮੈਮੋਰੀਅਲ ਗੈਲਰੀ ਨੇ ਬਹੁਤ ਪ੍ਰਭਾਵਿਤ ਕੀਤਾ।

ਪੰਜਾਬੀ ਫ਼ਿਲਮ ਜਗਤ ਦੇ ਪ੍ਰਤਿਭਾਸ਼ਾਲੀ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਸੁਚੇਤਕ ਸਕੂਲ ਆਫ਼ ਐਕਟਿੰਗ ਵਿੱਚ ਅਦਾਕਾਰੀ ਸਿੱਖ ਰਹੇ ਭਵਿੱਖ ਦੇ ਕਲਾਕਾਰਾਂ ਦੇ ਰੂ-ਬ-ਰੂ ਹੋਏ ਤੇ ਆਪਣੇ ਜੀਵਨ ਦੇ ਅਦਾਕਾਰੀ ਦੇ ਸਫ਼ਰ ਸਬੰਧੀ ਗੱਲਬਾਤ ਕੀਤੀ. ਸੁਚੇਤਕ ਸਕੂਲ ਆਫ਼ ਐਕਟਿੰਗ ਅਨੀਤਾ ਸ਼ਬਦੀਸ਼ ਦੀ ਅਗਵਾਈ ਹੇਠ ਚੱਲ ਰਿਹਾ ਹੈ, ਜਿਸ ਤੋਂ ਸਿੱਖ ਕੇ ਬਹੁਤ ਸਾਰੇ ਕਲਾਕਾਰ ਫ਼ਿਲਮ ਜਗਤ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਆਪਣੀ ਆਮਦ ’ਤੇ ਕਲਾਕਾਰਾਂ ਵੱਲੋਂ ਅਦਾ ਕੀਤੇ ਮੋਨੋਲਾਗ ਤੇ ਨਾਟਕ ‘ਘਰ ਵਾਪਸੀ’ ਵੇਖ ਕੇ ਹੈਰਾਨੀ ਭਰੀ ਖ਼ੁਸ਼ੀ ਨਾਲ ਕਿਹਾ ਕਿ ਜੇ ਇਸੇ ਤਰ੍ਹਾਂ ਮਿਹਨਤ ਕਰਦੇ ਰਹੇ ਤਾਂ ਤੁਹਾਡਾ ਰਸਤਾ ਕੋਈ ਨਹੀਂ ਰੋਕ ਸਕਦਾ।  

ਗੁਰਪ੍ਰੀਤ ਸਿੰਘ ਘੁੱਗੀ ਨੇ ਅਦਾਕਾਰੀ ਸਿੱਖ ਰਹੇ ਸਿਖਿਆਰਥੀਆਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਗੁਰਸ਼ਰਨ ਸਿੰਘ ਮੈਮੋਰੀਅਲ ਗੈਲਰੀ ਨੂੰ ਨੀਝ ਨਾਲ ਵੇਖਿਆ ਤੇ ਉਨ੍ਹਾਂ ਦਿਨਾਂ ਨੂੰ ਯਾਦ ਕੀਤਾ, ਜਦੋਂ ਉਹ ਗੁਰਸ਼ਰਨ ਸਿੰਘ ਦੀ ਟੀਮ ਵਿੱਚ ਸ਼ਾਮਲ ਹੋਕੇ ਦੂਰਦਰਸ਼ਨ ਲਈ ‘ਦਾਸਤਾਨ-ਏ-ਪੰਜਾਬ ਸੀਰਿਅਲ ਵਿੱਚ ਨਵੇਂ ਕਲਾਕਾਰ ਵਜੋਂ ਛੋਟੀ ਜਿਹੀ ਭੂਮਿਕਾ ਅਦਾ ਕਰ ਰਹੇ ਸਨ,

ਉਨ੍ਹਾਂ ਆਪਣੇ ਜੀਵਨ ਦੇ ਉਸ ਲੰਮੇ ਸੰਘਰਸ਼ ਬਾਰੇ ਖੁੱਲ੍ਹ ਕੇ ਚਰਚਾ ਕੀਤੀ, ਜੋ ਉਸ ਦੌਰ ਦੌਰਾਨ ਬਹੁਤ ਹੀ ਤੰਗੀਆਂ-ਤੁਰਸ਼ੀਆਂ ਵਿੱਚ ਗੁਜ਼ਰ ਰਿਹਾ ਸੀ, ਜਦੋਂ ਉਹ ਕਲਾ ਦੀ ਦੁਨੀਆਂ ਵਿੱਚ ਸ਼ਾਮਲ ਹੋਣ ਜਾ ਰਹੇ ਸਨ. ਉਨ੍ਹਾਂ ਦੱਸਿਆ ਕਿ ਉਹ ਕਿਵੇਂ ਇੱਕ ਨਿੱਕੀ ਜਿਹੀ ਨੌਕਰੀ ਕਰਦਾ ਸੀ, ਰੰਗਮੰਚ ਦੇ ਗੁਰ ਸਿੱਖਣ ਲਈ ਮਾਹਰਾਂ ਤੋਂ ਗੁਰ ਸਿੱਖਦਾ ਸੀ ਤੇ ਫ਼ਿਰ ਪੈਦਲ ਹੀ ਘਰ ਜਾਂਦਾ ਸੀ. ਫ਼ਿਰ ਗਈ ਰਾਤ ਤੱਕ ਨਾਟਕ ਟੀਮ ਨਾਲ ਰਿਹਰਸਲ ਕਰਦਾ ਸੀ ਤੇ ਸਵੇਰ ਸਾਰ ਕੰਮ ’ਤੇ ਚਲਾ ਜਾਂਦਾ ਸੀ. 

ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਉਹ ਜਲੰਧਰ ਦੂਰਦਰਸ਼ਨ ਦਾ ਸਟਾਰ ਹੋਣ ਦਾ ਮਾਣ ਹਾਸਿਲ ਕਰ ਰਿਹਾ ਸੀ, ਉੱਸੇ ਸਮੇਂ ਹੀ ਬੈਂਕ ਤੋਂ ਲੋਨ ਲੈ ਕੇ ਹਾਰਡਵੇਅਰ ਦੀ ਦੁਕਾਨ ਵੀ ਖੋਲ੍ਹ ਰਿਹਾ ਸੀ। ਇਹ ਜੀਵਨ ਦਾ ਸੰਘਰਸ਼ ਹੀ ਸੀ, ਜਿਸ ਸਦਕਾ ਉਸਨੂੰ ਇਹ  ਮੁਕਾਮ ਮਿਲ ਸਕਿਆ ਹੈ।  ਉਨ੍ਹਾਂ ਜ਼ੋਰ ਦੇ ਕਿਹਾ ਕਿ ਬਿਹਤਰ ਕਲਾਕਾਰ ਤੇ ਇਨਸਾਨ ਬਣਨ ਲਈ ਲਗਾਤਾਰ ਸਬਰ ਤੋਂ ਕੰਮ ਲੈਣਾ ਪੈਂਦਾ ਹੈ। 

ਜੇ ਕੋਈ ਕਾਹਲ ਕਰਨ ਦਾ ਯਤਨ ਕਰਦਾ ਹੈ ਤਾਂ ਉਸਦੇ ਰਾਹ ਵਿੱਚ ਹੀ ਦਮ ਤੋੜ ਜਾਣ ਦਾ ਖਤਰਾ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਕਲਾ ਸਮਾਜ ’ਚੋਂ ਪੈਦਾ ਹੁੰਦੀ ਹੈ, ਕਿਰਦਾਰ ਵੀ ਸਮਾਜ ਵਿਚੋਂ ਹੀ ਆਉਂਦੇ ਹਨ. ਜਿਸ ਕਲਾਕਾਰ ਕੋਲ ਸਮਾਜ ਦੀ ਅਬਜ਼ਰਵੇਸ਼ਨ ਕਰਨ ਤੇ ਉਸ ਵਿੱਚ ਕਲਪਨਾ ਸ਼ਾਮਲ ਕਰਨ ਦੀ ਜ਼ਿਆਦਾ ਯੋਗਤਾ ਹੈ, ਉਹ ਹੀ ਬਿਹਤਰੀਨ ਕਲਾਕਾਰ ਬਣ ਸਕਦਾ ਹੈ। ਇਸ ਸਬੰਧੀ ਉਨ੍ਹਾਂ ਆਪਣੇ ਨਿੱਜੀ ਅਨੁਭਵ ਵੀ ਸਾਂਝੇ ਕੀਤੇ ਤੇ ਨਵੇਂ ਕਲਾਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ਼ੰਕੇ ਵੀ ਨਵਿਰਤ ਕੀਤੇ। 

ਇਸ ਤਰ੍ਹਾਂ ਚੰਡੀਗੜ੍ਹ ਅਤੇ ਮੋਹਾਲੀ ਦੇ ਕਲਾਤਮਕ ਜਗਤ ਵਿੱਚ ਇੱਕ ਹੋਰ ਯਾਦਗਾਰੀ ਪੇਸ਼ਕਾਰੀ ਲੋਕਾਂ ਦੇ ਦਿਲਾਂ ਵਿੱਚ ਉਕਰੀ ਗਈ। ਕਲਾ ਦੇ ਖੇਤਰ ਵਿੱਚ ਅਜਿਹੀਆਂ ਸਰਗਰਮੀਆਂ ਨੇ ਕਿੰਨਿਆਂ ਮੁੰਡਿਆਂ ਕੁੜੀਆਂ ਨਸ਼ਿਆਂ ਅਤੇ ਹੋਰ ਭੈੜੇ ਰਸਤੇ ਪੈਣ ਤੋਂ ਬਚਾ ਕੇ ਸਿਰਜਣਾਤਮਕ ਪਾਸੇ ਲਾਇਆ ਹੈ ਇਸ ਬਾਰੇ ਗੱਲ ਕਰਾਂਗੇ ਕਿਸੇ ਵੱਖਰੀ ਪੋਸਟ ਵਿੱਚ। 


Wednesday, April 13, 2022

ਵਿਸਾਖੀ ਦੇ ਦਿਹਾੜੇ ’ਤੇ ਹੋਵੇਗਾ ‘ਚੱਲ ਅੰਮ੍ਰਿਤਸਰ ਲੰਡਨ ਚੱਲੀਏ' ਨਾਟਕ ਦਾ ਮੰਚਨ

ਅਨੀਤਾ ਸ਼ਬਦੀਸ਼  ਦੇ ਨਿਰਦੇਸ਼ਨ ਹੇਠ ਪਹਿਲੀ ਵਾਰ ਅਸਲੀ ਤੱਥ 

ਚੰਡੀਗੜ੍ਹ: 11 ਅਪ੍ਰੈਲ 2022: (ਪੰਜਾਬ ਸਕਰੀਨ ਬਿਊਰੋ)::

ਸੁਚੇਤਕ ਰੰਗਮੰਚ ਮੋਹਾਲੀ 13 ਅਪ੍ਰੈਲ ਨੂੰ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਸੈਕਟਰ 16, ਚੰਡੀਗੜ੍ਹ ਵਿੱਚ ਜੱਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ ਸਮਰਪਿਤ ਨੂੰ ਸਮਰਪਤ ਨਾਟਕ ‘ਚੱਲ ਅੰਮ੍ਰਿਤਸਰ ਲੰਡਨ ਚੱਲੀਏ' ਕਰਨ ਜਾ ਰਿਹਾ ਹੈ। ਇਸਦੀ ਸਕ੍ਰਿਪਟ ਸ਼ਬਦੀਸ਼ ਨੇ ਤਿਆਰ ਕੀਤੀ ਹੈ ਤੇ ਇਸਦਾ ਨਿਰਦੇਸ਼ਨ ਅਨੀਤਾ ਸ਼ਬਦੀਸ਼ ਨੇ ਕੀਤਾ ਹੈ। ਇਹ ਨਾਟਕ ਉਨ੍ਹਾਂ ਦਸਤਾਵੇਜ਼ੀ ਤੱਥਾਂ ਨੂੰ ਨਾਟਕੀਅਤਾ ਸਹਿਤ ਪੇਸ਼ ਕਰਦਾ ਹੈ, ਜਿਨ੍ਹਾਂ ਨੂੰ ਭਾਰਤੀ ਕ੍ਰਾਂਤੀਕਾਰੀ ਊਧਮ ਸਿੰਘ ਨੂੰ ਫਾਂਸੀ ਦਾ ਹੁਕਮ ਸੁਣਾਏ ਜਾਣ ਵੇਲ਼ੇ ਸੌ ਸਾਲਾਂ ਤੱਕ ਜਨਤਕ ਨਾ ਕਰਨ ਦਾ ਹੁਕਮ ਵੀ ਸੁਣਾਇਆ ਸੀ। ਸਾਡੇ ਕੋਲ ਉਸ ਵੇਲ਼ੇ ਦੇ  ਅਖ਼ਬਾਰਾਂ ਵਿੱਚ ਅਦਾਲਤੀ ਹੁਕਮਾਂ ਮੁਤਾਬਕ ਜਾਰੀ ਸੂਚਨਾਵਾਂ ਜਾਂ ਸ਼ਹੀਦ ਊਧਮ ਸਿੰਘ ਦੇ ਜੀਵਨ ਸਬੰਧੀ ਸੁਣੀਆਂ-ਸੁਣਾਈਆਂ ਜਾਣਕਾਰੀਆਂ ਹੀ ਆ ਸਨ, ਜਿਨ੍ਹਾਂ ਨੂੰ ਨਾਟਕਕਾਰ ਕਲਪਨਾ ਦੀ ਪੁੱਠ ਚਾੜ੍ਹ ਕੇ ਪੇਸ਼ ਕਰਦੇ ਆ ਰਹੇ ਹਨ। 

ਭਾਰਤ ਦੀ ਆਜ਼ਾਦੀ ਤੋਂ ਕੁਝ ਸਾਲਾਂ ਬਾਅਦ ਨਾਟਕ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਗ੍ਰੇਟ ਬ੍ਰਿਟੇਨ) ਅਤੇ ਸ਼ਹੀਦ ਊਧਮ ਸਿੰਘ ਵੈਲਫੇਅਰ ਟਰੱਸਟ ਨੇ ਸਾਲਾਂ ਲੰਮੇ ਸੰਘਰਸ਼ ਸਦਕਾ ਹੀ ਦਬਾਏ ਗਏ ਦਸਤਾਵੇਜ਼ ਜਾਰੀ ਹੋ ਸਕੇ ਸਨ, ਜਿਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰਕਾਸ਼ਿਤ ਕਰ ਦਿੱਤਾ ਸੀ। ਇਹ ਨਾਟਕ ਉਨ੍ਹਾਂ ਤਾਜ਼ਾ ਤੱਥਾਂ ਦੀ ਰੌਸ਼ਨੀ ਵਿੱਚ ਤਿਆਰ ਕੀਤਾ ਗਿਆ ਹੈ ਅਤੇ ਸ਼ਹੀਦ ਊਧਮ ਸਿੰਘ ਦੇ ਜੀਵਨ ਸੰਘਰਸ਼ ਨਾਲ਼ ਜੋੜੀਆਂ ਮਿੱਥਕ ਘਠਨਾਵਾਂ ਤੋਂ ਪਾਰ ਜਾ ਕੇ ਇਤਿਹਾਸਕ ਸਚਾਈਆਂ ਪੇਸ਼ ਕਰਦਾ ਹੈ। 

ਨਾਟਕ ਦੀ ਨਿਰਦੇਸ਼ਕ ਅਨੀਤਾ ਸ਼ਬਦੀਸ਼ ਨੇ ਦੱਸਿਆ ਕਿ ਇਸ ਨਾਟਕ ਦੀ ਪੇਸ਼ਕਾਰੀ ਮੌਕੇ ਹੋਰਨਾਂ ਅਹਿਮ ਹਸਤੀਆਂ ਤੋਂ ਇਲਾਵਾ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਵੀ ਹਾਜ਼ਰ ਰਹਿਣਗੇ।

Saturday, March 05, 2022

ਤਿੰਨ ਦਿਨਾਂ ਵਿਸ਼ਵ ਨਾਰੀ ਦਿਵਸ ਨਾਟ-ਉਤਸਵ

4th March 2022 at 06:29 PM

ਤਿੰਨੋਂ ਦਿਨ ਵੱਖ ਲੋਕੇਸ਼ਨਾਂ ’ਤੇ ਹੋਣਗੇ ਚਾਰ ਨਾਟਕ


ਚੰਡੀਗੜ੍ਹ
: 4 ਮਾਰਚ 2022: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::  

ਸੁਚੇਤਕ ਰੰਗਮੰਚ ਮੋਹਾਲੀ ਵੱਲੋਂ 6 ਤੋਂ 8 ਮਾਰਚ ਤੱਕ ਵਿਸ਼ਵ ਨਾਰੀ ਦਿਵਸ ਨਾਟ-ਉਤਸਵ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਤਿੰਨੋਂ ਦਿਨ ਵੱਖ-ਵੱਖ ਲੋਕੇਸ਼ਨਾਂ ’ਤੇ ਹੋਵੇਗਾ। ਇਹ ਜਾਣਕਾਰੀ ਸੁਚੇਤਕ  ਰੰਗਮੰਚ ਦੀ ਪ੍ਰਧਾਨ ਅਨੀਤਾ ਸ਼ਬਦੀਸ਼ ਵੱਲੋਂ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਨਾਟ-ਉਤਸਵ ਟੈਗੋਰ ਥੀਏਟਰ ਸੈਕਟਰ 18 ਅਤੇ ਪੰਜਾਬ ਕਲਾ ਭਵਨ ਸੈਕਟਰ 16 ਵਿੱਚ ਹੋਣ ਜਾ ਰਿਹਾ ਹੈ। ਇਸਦੇ ਪਹਿਲੇ ਦੋ ਦਿਨਾਂ ਦੀਆਂ ਪੇਸ਼ਕਾਰੀਆਂ ਰੰਗਕਰਮੀ ਆਪਣੇ ਸੀਮਤ ਸਾਧਨਾਂ ਨਾਲ ਕਰ ਰਹੇ ਹਨ। ਜਦਿਕ ਪੰਜਾਬ ਕਲਾ ਭਵਨ ਵਿੱਚ ਹੋ ਰਿਹਾ ਨਾਟਕ ‘ਮਨ ਮਿੱਟੀ ਦਾ ਬੋਲਿਆ’ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਰੰਗ ਕਰਮੀਆਂ ਵੱਲੋਂ ਏਨੀਆਂ ਔਖਿਆਈਆਂ ਦੇ ਬਾਵਜੂਰ ਰੰਗਮੰਚ ਨੂੰ ਜਾਰੀ ਰੱਖਣਾ ਆਪਣੇ ਆਪ ਵਿੱਚ ਹੀ ਇੱਕ ਬਹੁਤ ਪ੍ਰਸੰਸਾਯੋਗ ਉੱਦਮ ਉਪਰਾਲਾ ਹੈ। ਸਾਨੂੰ ਸਭਨਾਂ ਨੂੰ ਇਸ ਮੁਹਿੰਮ ਨਾਲ ਜੁੜਨਾ ਚਾਹੀਦਾ ਹੈ।   

ਇਸਦੇ ਪਹਿਲੇ ਦਿਨ ਸਾਰਥਕ ਰੰਗਮੰਚ ਪਟਿਆਲਾ ਵੱਲੋਂ ਲੱਖਾ ਲਹਿਰੀ ਦੀ ਨਿਰਦੇਸ਼ਨਾ ਹੇਠ ਟੈਗੋਰ ਥੀਏਟਰ ਸੈਕਟਰ 18 ਵਿੱਚ ‘ਲਾਕ ਡਾਉਨ-ਇੱਕ ਪ੍ਰੇਮ ਕਥਾ’ ਨਾਟਕ ਖੇਡਿਆ ਜਾਵੇਗਾ। ਇਹ ਨਾਟਕ ਬਲਜੀਤ ਸਿੰਘ ਦੇ ਕਰੋਨਾ ਕਾਲ ਦੌਰਾਨ ਲਿਖੇ ਨਾਵਲ ’ਤੇ ਆਧਾਰਤ ਹੈ। ਇਹ ਨਾਟਕ ਅਚਨਚੇਤ ਲਗਾਏ ਗਏ ਲਾਕ ਡਾਉਨ ਦੌਰਾਨ ਦਿੱਲੀ ਵਿੱਚ ਘਿਰੇ ਸਿੱਖ ਨੌਜਵਾਨ ਤੇ ਹੈਦਰਾਬਾਦ ਦੀ ਮੁਸਲਿਮ ਕੁੜੀ ਦੇ ਇੱਕੋ ਘਰ ਵਿੱਚ ਰਹਿਣ ਤੇ ਵਿਛੜਨ ਤੱਕ ਦੀ ਕਹਾਣੀ ਬਿਆਨ ਕਰਦਾ ਹੈ।  

ਇਸ ਨਾਟ-ਉਤਸਵ ਦੇ ਦੂਜੇ ਦਿਨ ਮਿੰਨੀ ਟੈਗੋਰ ਥਿਏਟਰ ਵਿੱਚ ਦੋ ਨਾਟਕ ਖੇਡੇ ਜਾਣਗੇ। ਇਹ ਦੋਵੇਂ ਨਾਟਕ ਪੰਜਾਬੀ ਰੰਗਮੰਚ ਦੀ ਮਹਾਨ ਹਸਤੀ ਮਰਹੂਮ ਗੁਰਸ਼ਰਨ ਸਿੰਘ ਦੇ ਲਿਖੇ ਹੋਏ ਹਨ ਅਤੇ ਸੁਚੇਤਕ ਸਕੂਲ ਆਫ਼ ਐਕਟਿੰਗ ਦੇ ਵਿਦਿਆਰਥੀਆਂ ਵੱਲੋਂ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤੇ ਹੋਣਗੇ। ਇਸ ਵਿੱਚ ਪਹਿਲਾ ਨਾਟਕ ‘ਨਾਇਕ’ ਹੋਵੇਗਾ, ਜੋ ਅਨਿਆਂ ਆਧਾਰਤ ਨਿਜ਼ਾਮ ਦੇ ਸ਼ਿਕਾਰ ਪਿਉ-ਪੁੱਤ ਦੇ ਆਪਸੀ ਝਗੜੇ ਨੂੰ ਪੇਸ਼ ਕਰਦਾ ਹੈ। ਇਹ ਝਗੜਾ ਖ਼ਤਮ ਕਿਵੇਂ ਹੁੰਦਾ ਹੈ; ਇਹ ਹੀ ਨਾਟਕ ਦੀ ਕਹਾਣੀ ਹੈ। ਇਸ ਦਿਨ ਦਾ ਦੂਜਾ ਨਾਟਕ ਵਿਸ਼ਵ ਪੱਧਰ ਦੇ ਮਹਾਨ ਲੇਖਕ ਯਾਂ ਪਾਲ ਸਾਰਤਰ ਦੇ ਨਾਟਕ ‘ਮੱਖੀਆਂ’ ਤੋਂ ਪ੍ਰੇਰਤ ਹੈ, ਜਿਸਨੂੰ ਸ੍ਰ. ਗੁਰਸ਼ਰਨ ਸਿੰਘ ਨੇ ‘ਜਦੋਂ ਰੌਸ਼ਨੀ ਹੁੰਦੀ ਹੈ’ ਦੇ ਸਿਰਲੇਖ ਤਹਿਤ ਪੇਸ਼ ਕੀਤਾ ਹੈ। ਇਹ ਨਾਟਕ ਦੁਧ ਚਿੱਟੇ ਕੱਪੜਿਆਂ ਵਾਲੇ ਹਾਕਮਾਂ ਤੇ ਉਨ੍ਹਾਂ ਦੇ ਸੇਵਾਦਰ ਬਣੇ ਧਾਰਮਕ ਨੇਤਾਵਾਂ ਦੇ ਅੰਦਰਲੀ ਕਾਲਖ਼ ਦੇ ਦਰਸ਼ਨ ਕਰਾਉਂਦਾ ਹੈ। 

ਇਸ ਨਾਟ-ਉਤਸਵ ਦੇ ਤੀਜੇ ਤੇ ਆਖਰੀ ਦਿਨ ਦੀ ਪੇਸ਼ਕਾਰੀ ‘ਮਨ ਮਿੱਟੀ ਦਾ ਬੋਲਿਆ’ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਸੈਕਟਰ 16 ਵਿੱਚ ਹੋਵੇਗੀ. ਇਹ ਸੋਲੋ ਨਾਟਕ ਸ਼ਬਦੀਸ਼ ਦੀ ਰਚਨਾ ਹੈ, ਜਿਸ ਵਿੱਚ ਘਰ-ਪਰਿਵਾਰ ਤੇ ਸਮਾਜ ਵਿੱਚ ਹਵਸ ਦੀਆਂ ਸ਼ਿਕਾਰ ਔਰਤਾਂ ਦਾ ਦਰਦ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਵੱਖ-ਵੱਖ ਔਰਤਾਂ ਦੀ ਭੂਮਿਕਾ ਨਾਟਕ ਦੀ ਨਿਰਦੇਸ਼ਕ ਅਨੀਤਾ ਸ਼ਬਦੀਸ਼ ਵੱਲੋਂ ਨਿਭਾਈ ਜਾਵੇਗੀ। 

Wednesday, December 15, 2021

ਸਮਾਜਕ ਤਬਦੀਲੀ ਦੀ ਰੰਗਮੰਚੀ ਰੌਸ਼ਨੀ ਦਾ ਅਹਿਦ ਦੁਹਰਾਇਆ

ਇਸ ਅਹਿਦ ਦੇ ਨਾਲ ਹੀ ਸਪੰਨ ਹੋਇਆ ‘ਗੁਰਸ਼ਰਨ ਸਿੰਘ ਨਾਟ ਉਤਸਵ’


ਚੰਡੀਗੜ੍ਹ, 15 ਦਸੰਬਰ  2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਪੰਜਾਬ ਕਲਾ ਭਵਨ ਵਿੱਚ ਚੱਲ ਰਹੇ 18ਵੇਂ ‘ਗੁਰਸ਼ਰਨ ਸਿੰਘ ਨਾਟ ਉਤਸਵ’ ਦਾ ਪੰਜਵਾਂ ਦਿਨ ਗੁਰਸ਼ਰਨ ਸਿੰਘ ਦੀ ਥੜ੍ਹਾ ਥੀਏਟਰ ਸ਼ੈਲੀ ਨੂੰ ਸਮਰਪਤ ਰਿਹਾ। ਇਸ ਸਿਖਰਲੇ ਦਿਨ ਉਨ੍ਹਾਂ ਦੇ ਦੋ ਪ੍ਰਸਿੱਧ ਨਾਟਕ ‘ਨਾਇਕ’ ਤੇ ‘ਜਦੋਂ ਰੌਸ਼ਨੀ ਹੁੰਦੀ ਹੈ’ ਸੁਚੇਤਕ ਸਕੂਲ ਆਫ ਐਕਟਿੰਗ ਦੇ ਕਲਾਕਾਰਾਂ ਵੱਲੋਂ ਪੇਸ਼ ਕੀਤੇ ਗਏ। ਯਾਦ ਰਹੇ ਕਿ 2004 ਤੋਂ ਹਰ ਸਾਲ ਹੋ ਰਹੇ ਇਸ  ਨਾਟ ਉਤਸਵ ਦਾ ਇੱਕ ਦਿਨ ਗੁਰਸ਼ਰਨ ਸਿੰਘ ਦੀਆਂ ਰਚਨਾਵਾਂ ਨੂੰ ਸਮਰਪਤ ਹੁੰਦਾ ਹੈ, ਜਿਸਨੂੰ ਵੱਖ-ਵੱਖ ਟੀਮਾਂ ਵੱਲੋਂ ਪੇਸ਼ ਕੀਤਾ ਜਾਂਦਾ ਰਿਹਾ ਹੈ। ਇਹ ਸਾਰੇ ਸਮਾਜ ਪ੍ਰਤੀ ਇੱਕ ਵਿਸ਼ੇਸ਼ ਸੁਨੇਹੇ ਅਤੇ ਮਿਸ਼ਨ ਨੂੰ ਲੈ ਕੇ ਪ੍ਰਤਿਬੱਧ ਹੁੰਦੇ ਹਨ। 

ਗੁਰਸ਼ਰਨ ਸਿੰਘ ਦਾ ਨਾਟਕ ‘ਨਾਇਕ’ ਸਮਾਂ-ਸੀਮਾ ਪੱਖੋਂ ਬਹੁਤ ਹੀ ਸੰਖੇਪ ਹੈ, ਪਰ ਇਹ ਸਮਾਜੀ ਜੀਵਨ ਵਿੱਚ ਪੀੜ੍ਹੀਆਂ ਦੇ ਪਾੜੇ ਨੂੰ ਬੀਤੇ ਤੇ ਭਵਿੱਖ ਦੀ ਸੋਚ ਦੇ ਵਿਸ਼ਾਲ ਦਾਇਰੇ ਵਿੱਚ ਦਰਸਾਉਂਦਾ ਹੈ, ਜਿਸ ਵਿੱਚ ਕੁਰਸੀ ਵੀ ਇੱਕ ਕਿਰਦਾਰ ਹੈ। ਇਸ ਨਾਟਕ ਵਿਚਲਾ ਬਾਪ (ਅਰਸ਼ ਸੰਧੂ) ਕਲਰਕ ਹੈ, ਜੋ ਆਪਣੇ ਉੱਚ ਵਿਦਿਆ ਪ੍ਰਾਪਤ ਕਰ ਚੁੱਕੇ ਪੁੱਤਰ (ਭਰਤ ਸ਼ਰਮਾ) ਨੂੰ ਹਰ ਪੱਖ ਤੋਂ ਆਪਣੇ ਬਰਾਬਰ ਰੱਖ ਕੇ ਵੇਖਦਾ ਹੈ, ਜਦਕਿ ਨੌਜਵਾਨ ਬੀਤੇ ਸਮੇਂ ਦੀ ਥਾਂ ਨਵੇਂ ਯੁੱਗ ਦਾ ਹਾਣੀ ਹੋਣਾ ਲੋਚਦਾ ਹੈ, ਹਾਲਾਂਕਿ ਉਸ ਕੋਲ ਕੋਈ ਸਪੱਸ਼ਟ ਭਵਿੱਖ ਨਕਸ਼ਾ ਨਹੀਂ ਹੈ। 

ਸੱਚ ਤਾਂ ਇਹ ਹੈ ਕਿ ਦੋਵੇਂ ਪਿਓ-ਪੁੱਤ ਪੂੰਜੀਵਾਦੀ ਨਿਜ਼ਾਮ ਤੇ ਇਸਦੇ ਦੇ ਲੋਕਤੰਤਰ ਦੀਆਂ ਸੀਮਾਵਾਂ ਪ੍ਰਤੀ ਸੁਚੇਤ ਨਹੀਂ ਹਨ। ਪੁੱਤਰ ਨੂੰ ਹਰ ਕੁਰਸੀ ’ਤੇ ਬੈਠਾ ਬੰਦਾ ਨਵੀਂ ਪੀੜ੍ਹੀ ਨਾਲ ਧੱਕਾ ਕਰਨ ਵਾਲਾ ਖਲਨਾਇਕ ਲੱਗਦਾ ਹੈ। ਗੁਰਸ਼ਰਨ ਸਿੰਘ ਨੇ ਆਪਣੀ ਨਾਟ-ਸ਼ੈਲੀ ਤਹਿਤ ਬਾਪ ਨੂੰ ਕਦੇ ਨੌਕਰੀ ਲਈ ਇੰਟਰਵਿਊ ਲੈਣ ਵਾਲਾ ਤੇ ਕਦੇ ਬਾਗੀ ਨੌਜਵਾਨ ਨੂੰ ਸਰਕਾਰੀ ਅਫ਼ਸਰ ਦੀ ਤੌਹੀਨ ਦੇ ਦੋਸ਼ ਵਿੱਚ ਸਜ਼ਾ ਦੇਣ ਵਾਲੇ ਜੱਜ ਦੀ ਭੂਮਿਕਾ ਵਿੱਚ ਪੇਸ਼ ਕੀਤਾ ਹੈ। ਇੱਕ ਸਾਲ ਦੀ ਸਜ਼ਾ ਦੌਰਾਨ ਬਾਪ ਸੇਵਾ-ਮੁਕਤ ਹੋ ਜਾਂਦਾ ਹੈ ਤੇ ਪੁੱਤਰ ਜੇਲ੍ਹ ਦੇ ਅਨੁਭਵ ਸਦਕਾ ਅਨਿਆਂ ਦੇ ਨਿਜ਼ਾਮ ਦੀ ਸਚਾਈ ਨੂੰ ਸਮਝ ਜਾਂਦਾ ਹੈ ਤੇ ਨਾਟਕ ਦਾ ਸਿਖਰ ਦੋਵਾਂ ਪੀੜ੍ਹੀਆਂ ਵੱਲੋਂ ਰਲਕੇ ਸੰਘਰਸ਼ ਕਰਨ ਦੇ ਸੰਦੇਸ਼ ਨਾਲ ਖ਼ਤਮ ਹੁੰਦਾ ਹੈ। ਇਹੀ ਹੈ ਉਹ ਸੁਨੇਹਾ ਜਿਹੜਾ ਗੁਰਸ਼ਰਨ ਭਾਅ ਜੀ ਮੰਨ ਸਿੰਘ ਬਣ ਕੇ ਵੀ ਦੇਂਦੇ ਰਹੇ ਅਤੇ ਸਰਦਲ ਦੇ ਸੰਪਾਦਕ ਬਣ ਕੇ ਵੀ। ਇਸ ਨਾਟਕ ਵਿਚ ਗੁਰਸ਼ਰਨ ਭਾਅ ਜੀ ਦੀ ਭਾਵਨਾ ਹੋਰ ਤਿਖੇਰੀ ਹੋ ਕੇ ਸਾਹਮਣੇ ਆਈ ਹੈ। ਇਸ ਨਾਟਕ ਦਾ ਨਿਰਦੇਸ਼ਨ ਅਨੀਤਾ ਸ਼ਬਦੀਸ਼ ਨੇ ਸੂਤਰਧਾਰ (ਅਰਮਾਨ ਸੰਧੂ) ਵੱਲੋਂ ਕੁਰਸੀ ਦੀ ਬਦਲਦੀ ਭੂਮਿਕਾ ਉਭਾਰਦੇ ਕਿਰਦਾਰ ਵਜੋਂ ਦਰਸ਼ਕ ਦੇ ਸਨਮੁੱਖ ਪੇਸ਼ ਕੀਤਾ ਹੈ.

ਪੰਜਾਬ ਸੰਗੀਤ ਨਾਟਕ ਅਕਾਦਮੀ ਤੇ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਨਾਟ ਉਤਸਵ ਦੇ ਪੰਜਵੇਂ ਦਿਨ ਦਾ ਦੂਸਰਾ ਨਾਟਕ ‘ਜਦੋਂ ਰੌਸ਼ਨੀ ਹੁੰਦੀ ਹੈ’ ਯਾਂ ਪਾਲ ਸਾਰਤਰ ਦੇ ਨਾਟਕ The Flies ਤੋਂ ਪ੍ਰੇਰਤ ਸੀ ਤੇ ਅਵਾਮ ਦੇ ਖ਼ਿਲਾਫ਼ ਭੁਗਤਦੇ ਸੱਤਾ ਤੇ ਧਰਮ ਦੇ ਗਠਜੋੜ ਦਾ ਪਰਦਾਫਾਸ਼ ਕਰ ਰਿਹਾ ਸੀ. ਇਸ ਨਾਟਕ ਦੀ ਕਹਾਣੀ ਧਾਰਮਕ ਮੁਖੀ ਤੇ ਸਲਤਨਤ ਦੇ ਬਾਦਸ਼ਾਹ ਵੱਲੋਂ ਗੁਨਾਹਗਾਰ ਲੋਕਾਈ ਲਈ ਤੈਅ ਕੀਤੇ ਪਸ਼ਚਾਤਾਪ ਦੇ ਦਿਨ ਵਾਪਰਦੀ ਹੈ, ਜਦੋਂ ਪੂਰੀ ਤਰ੍ਹਾਂ ਡਰੇ ਹੋਏ ਗੁਨਾਹਗਾਰ ਦੇਸ਼ਵਾਸੀ ਕਾਲੇ ਕੱਪੜੇ ਪਾ ਕੇ ਘੁੰਮ ਰਹੇ ਹਨ, ਕਿਓਂਕਿ ਇਸ ਦਿਨ ਸਿਰਫ਼ ਧਰਮ ਗੁਰੂ ਤੇ ਬਾਦਸ਼ਾਹ ਹੀ ਸਫ਼ੇਦ ਵਸਤਰ ਪਹਿਨ ਸਕਦੇ ਹਨ. 

ਨਾਟਕ ਦੇ ਸ਼ੁਰੂ ਵਿੱਚ ਹੀ ਸਮੁੰਦਰ ਪਾਰ ਤੋਂ ਚਿੱਟੇ ਵਸਤਰਾਂ ਵਾਲਾ ਨੌਜਵਾਨ (ਅਰਮਾਨ ਸੰਧੂ) ਆ ਜਾਂਦਾ ਹੈ ਤੇ ਇੱਕ ਮੁਟਿਆਰ (ਸਹਰ) ਦੀ ਮੱਦਦ ਕਰਦਾ ਹੈ, ਜੋ ਕਾਲੇ ਕੱਪੜੇ ਪਾਏ ਜਾਣ ਤੋਂ ਇਨਕਾਰ ਕਰ ਰਹੀ ਹੈ. ਇਸ ਨੌਜਵਾਨ ਤੇ ਮੁਟਿਆਰ ਨੂੰ ਹਕੂਮਤ ਖਿਲਾਫ਼ ਅਪਰਾਧ ਤੇ ਧਰਮ ਦੇ ਵਿਰੁਧ ਗੁਨਾਹ ਲਈ ਕਟਿਹਰੇ ਵਿੱਚ ਖੜਾ ਕੀਤਾ ਜਾਂਦਾ ਹੈ. ਇਸ ਕਾਰਵਾਈ ਦੌਰਾਨ ਇੱਕ ਨੰਗਾ ਆਦਮੀ (ਪ੍ਰਦੀਪ) ਆਉਂਦਾ ਹੈ, ਜੋ ਬਾਦਸ਼ਾਹ ਤੇ ਔਲੀਆ ਦੇ ਧੁਰ ਅੰਦਰਲੇ ਨੰਗੇਜ਼ ਤੋਂ ਵਾਕਿਫ਼ ਹੈ. ਉਹ ਤਾਂ ਉਸ ਚਬੂਤਰੇ ’ਤੇ ਵੀ ਚੜ੍ਹਨ ਤੋਂ ਨਹੀਂ ਡਰਦਾ, ਜਿਸ ’ਤੇ ਜਾਣ ਵਾਲੇ ਹਰ ਗੁਨਾਹਗਾਰ ਦੀ ਮੌਤ ਲਾਜ਼ਮੀ ਹੋਣ ਦਾ ਡਰ ਦੇਸ਼ਵਾਸੀਆਂ ਦੇ ਦਿਲਾਂ ਵਿੱਚ ਭਰ ਦਿੱਤਾ ਗਿਆ ਹੈ. ਨਾਟਕ ਦਾ ਸਿਖਰ ਸਾਰੇ ਲੋਕਾਂ ਵੱਲੋਂ ਚਬੂਤਰੇ ’ਤੇ ਚੜ੍ਹਨ ਨਾਲ ਹੁੰਦਾ ਹੈ. ਇਸ ਵਿੱਚ ਬੁੱਢੀ ਔਰਤ (ਰਿਸ਼ਮ ਗਿੱਲ) ਵੀ ਸ਼ਾਮਲ ਹੈ, ਜਿਸਨੇ ਉਮਰ ਦੇ ਅੰਤਿਮ ਪੜਾਅ ’ਤੇ ਆਕੇ ਨਵੀਂ ਰੌਸ਼ਨੀ ਹਾਸਿਲ ਕੀਤੀ ਹੈ.

ਇਸ ਤਰ੍ਹਾਂ ਸਿਖਰਲੇ ਦਿਨ ਹੋਏ ਦੋਵੇਂ ਨਾਟਕ ਰੰਗਮੰਚੀ ਪ੍ਰਤੀਬੱਧਤਾ ਦਾ ਰਾਹ ਰੌਸ਼ਨ ਕਰਦੇ ਹਨ, ਜਿਸ ਮਕ਼ਸਦ ਲਈ ਗੁਰਸ਼ਰਨ ਸਿੰਘ ਅੰਤਿਮ ਸਾਹ ਤੱਕ ਸੁਚੇਤ ਰਹੇ ਸਨ ਤੇ ਇਹ ਨਾਟ ਉਤਸਵ ਹਰ ਸਾਲ ਸਿਆਸੀ-ਸਮਾਜੀ ਤਬਦੀਲੀ ਦੇ ਰੰਗਮੰਚ ਦਾ ਅਹਿਦ ਕਰਦੇ ਹਨ.