Showing posts with label Shabdeesh. Show all posts
Showing posts with label Shabdeesh. Show all posts

Wednesday, July 10, 2024

ਕਲਾਕਾਰ ਬਣਨ ਲਈ ਸਬਰ ਜ਼ਰੂਰੀ ਹੈ-ਗੁਰਪ੍ਰੀਤ ਸਿੰਘ ਘੁੱਗੀ

 Wednesday 10th July 2024 at 18:52

ਗੁਰਸ਼ਰਨ ਸਿੰਘ ਮੈਮੋਰੀਅਲ ਗੈਲਰੀ ਵੇਖ ਕੇ ਗੁਰਪ੍ਰੀਤ ਘੁੱਗੀ ਬਹੁਤ ਖ਼ੁਸ਼ ਹੋਏ 


ਮੋਹਾਲੀ: 10 ਜੁਲਾਈ 2024: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਡੈਸਕ)::

ਸ਼ਬਦੀਸ਼, ਅਨੀਤਾ ਸ਼ਬਦੀਸ਼ ਅਤੇ ਉਹਨਾਂ ਦੀ ਸੰਚਾਲਨ ਹੇਠ ਚੱਲਦੀ ਸੁਚੇਤਕ ਸਕੂਲ ਆਫ ਐਕਟਿੰਗ ਵਾਲੀ ਟੀਮ ਦੇ ਨਿਰੰਤਰ ਚੱਲਦੇ ਉਪਰਾਲਿਆਂ ਸਦਕਾ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਇੱਕ ਥਿਏਟਰ ਵਾਲਾ ਰਚਣਾਤਮਕ ਮਾਹੌਲ ਅਕਸਰ ਹੀ ਸਿਰਜਿਆ ਰਹਿੰਦਾ ਹੈ। ਹੁਣ ਇਹਨਾਂ ਉਪਰਾਲਿਆਂ ਅਧੀਨ ਹੀ ਇੱਕ ਨਹੀਂ ਖੁਸ਼ੀ ਭਰੀ ਖਬਰ ਆਈ ਹੈ ਕਿ ਮੰਨੇ ਪ੍ਰਮੰਨੇ ਕਲਾਕਾਰ ਗੁਰਪ੍ਰੀਤ ਘੁੱਗੀ ਵੀ ਇਹਨਾਂ ਦੀਆਂ ਸਰਗਰਮੀਆਂ ਨੂੰ ਇੱਕ ਵਾਰ ਫੇਰ ਦੇਖਣ ਆਏ। ਉਹਨਾਂ ਨੂੰ ਗੁਰਸ਼ਰਨ ਸਿੰਘ ਮੈਮੋਰੀਅਲ ਗੈਲਰੀ ਨੇ ਬਹੁਤ ਪ੍ਰਭਾਵਿਤ ਕੀਤਾ।

ਪੰਜਾਬੀ ਫ਼ਿਲਮ ਜਗਤ ਦੇ ਪ੍ਰਤਿਭਾਸ਼ਾਲੀ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਸੁਚੇਤਕ ਸਕੂਲ ਆਫ਼ ਐਕਟਿੰਗ ਵਿੱਚ ਅਦਾਕਾਰੀ ਸਿੱਖ ਰਹੇ ਭਵਿੱਖ ਦੇ ਕਲਾਕਾਰਾਂ ਦੇ ਰੂ-ਬ-ਰੂ ਹੋਏ ਤੇ ਆਪਣੇ ਜੀਵਨ ਦੇ ਅਦਾਕਾਰੀ ਦੇ ਸਫ਼ਰ ਸਬੰਧੀ ਗੱਲਬਾਤ ਕੀਤੀ. ਸੁਚੇਤਕ ਸਕੂਲ ਆਫ਼ ਐਕਟਿੰਗ ਅਨੀਤਾ ਸ਼ਬਦੀਸ਼ ਦੀ ਅਗਵਾਈ ਹੇਠ ਚੱਲ ਰਿਹਾ ਹੈ, ਜਿਸ ਤੋਂ ਸਿੱਖ ਕੇ ਬਹੁਤ ਸਾਰੇ ਕਲਾਕਾਰ ਫ਼ਿਲਮ ਜਗਤ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਆਪਣੀ ਆਮਦ ’ਤੇ ਕਲਾਕਾਰਾਂ ਵੱਲੋਂ ਅਦਾ ਕੀਤੇ ਮੋਨੋਲਾਗ ਤੇ ਨਾਟਕ ‘ਘਰ ਵਾਪਸੀ’ ਵੇਖ ਕੇ ਹੈਰਾਨੀ ਭਰੀ ਖ਼ੁਸ਼ੀ ਨਾਲ ਕਿਹਾ ਕਿ ਜੇ ਇਸੇ ਤਰ੍ਹਾਂ ਮਿਹਨਤ ਕਰਦੇ ਰਹੇ ਤਾਂ ਤੁਹਾਡਾ ਰਸਤਾ ਕੋਈ ਨਹੀਂ ਰੋਕ ਸਕਦਾ।  

ਗੁਰਪ੍ਰੀਤ ਸਿੰਘ ਘੁੱਗੀ ਨੇ ਅਦਾਕਾਰੀ ਸਿੱਖ ਰਹੇ ਸਿਖਿਆਰਥੀਆਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਗੁਰਸ਼ਰਨ ਸਿੰਘ ਮੈਮੋਰੀਅਲ ਗੈਲਰੀ ਨੂੰ ਨੀਝ ਨਾਲ ਵੇਖਿਆ ਤੇ ਉਨ੍ਹਾਂ ਦਿਨਾਂ ਨੂੰ ਯਾਦ ਕੀਤਾ, ਜਦੋਂ ਉਹ ਗੁਰਸ਼ਰਨ ਸਿੰਘ ਦੀ ਟੀਮ ਵਿੱਚ ਸ਼ਾਮਲ ਹੋਕੇ ਦੂਰਦਰਸ਼ਨ ਲਈ ‘ਦਾਸਤਾਨ-ਏ-ਪੰਜਾਬ ਸੀਰਿਅਲ ਵਿੱਚ ਨਵੇਂ ਕਲਾਕਾਰ ਵਜੋਂ ਛੋਟੀ ਜਿਹੀ ਭੂਮਿਕਾ ਅਦਾ ਕਰ ਰਹੇ ਸਨ,

ਉਨ੍ਹਾਂ ਆਪਣੇ ਜੀਵਨ ਦੇ ਉਸ ਲੰਮੇ ਸੰਘਰਸ਼ ਬਾਰੇ ਖੁੱਲ੍ਹ ਕੇ ਚਰਚਾ ਕੀਤੀ, ਜੋ ਉਸ ਦੌਰ ਦੌਰਾਨ ਬਹੁਤ ਹੀ ਤੰਗੀਆਂ-ਤੁਰਸ਼ੀਆਂ ਵਿੱਚ ਗੁਜ਼ਰ ਰਿਹਾ ਸੀ, ਜਦੋਂ ਉਹ ਕਲਾ ਦੀ ਦੁਨੀਆਂ ਵਿੱਚ ਸ਼ਾਮਲ ਹੋਣ ਜਾ ਰਹੇ ਸਨ. ਉਨ੍ਹਾਂ ਦੱਸਿਆ ਕਿ ਉਹ ਕਿਵੇਂ ਇੱਕ ਨਿੱਕੀ ਜਿਹੀ ਨੌਕਰੀ ਕਰਦਾ ਸੀ, ਰੰਗਮੰਚ ਦੇ ਗੁਰ ਸਿੱਖਣ ਲਈ ਮਾਹਰਾਂ ਤੋਂ ਗੁਰ ਸਿੱਖਦਾ ਸੀ ਤੇ ਫ਼ਿਰ ਪੈਦਲ ਹੀ ਘਰ ਜਾਂਦਾ ਸੀ. ਫ਼ਿਰ ਗਈ ਰਾਤ ਤੱਕ ਨਾਟਕ ਟੀਮ ਨਾਲ ਰਿਹਰਸਲ ਕਰਦਾ ਸੀ ਤੇ ਸਵੇਰ ਸਾਰ ਕੰਮ ’ਤੇ ਚਲਾ ਜਾਂਦਾ ਸੀ. 

ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਉਹ ਜਲੰਧਰ ਦੂਰਦਰਸ਼ਨ ਦਾ ਸਟਾਰ ਹੋਣ ਦਾ ਮਾਣ ਹਾਸਿਲ ਕਰ ਰਿਹਾ ਸੀ, ਉੱਸੇ ਸਮੇਂ ਹੀ ਬੈਂਕ ਤੋਂ ਲੋਨ ਲੈ ਕੇ ਹਾਰਡਵੇਅਰ ਦੀ ਦੁਕਾਨ ਵੀ ਖੋਲ੍ਹ ਰਿਹਾ ਸੀ। ਇਹ ਜੀਵਨ ਦਾ ਸੰਘਰਸ਼ ਹੀ ਸੀ, ਜਿਸ ਸਦਕਾ ਉਸਨੂੰ ਇਹ  ਮੁਕਾਮ ਮਿਲ ਸਕਿਆ ਹੈ।  ਉਨ੍ਹਾਂ ਜ਼ੋਰ ਦੇ ਕਿਹਾ ਕਿ ਬਿਹਤਰ ਕਲਾਕਾਰ ਤੇ ਇਨਸਾਨ ਬਣਨ ਲਈ ਲਗਾਤਾਰ ਸਬਰ ਤੋਂ ਕੰਮ ਲੈਣਾ ਪੈਂਦਾ ਹੈ। 

ਜੇ ਕੋਈ ਕਾਹਲ ਕਰਨ ਦਾ ਯਤਨ ਕਰਦਾ ਹੈ ਤਾਂ ਉਸਦੇ ਰਾਹ ਵਿੱਚ ਹੀ ਦਮ ਤੋੜ ਜਾਣ ਦਾ ਖਤਰਾ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਕਲਾ ਸਮਾਜ ’ਚੋਂ ਪੈਦਾ ਹੁੰਦੀ ਹੈ, ਕਿਰਦਾਰ ਵੀ ਸਮਾਜ ਵਿਚੋਂ ਹੀ ਆਉਂਦੇ ਹਨ. ਜਿਸ ਕਲਾਕਾਰ ਕੋਲ ਸਮਾਜ ਦੀ ਅਬਜ਼ਰਵੇਸ਼ਨ ਕਰਨ ਤੇ ਉਸ ਵਿੱਚ ਕਲਪਨਾ ਸ਼ਾਮਲ ਕਰਨ ਦੀ ਜ਼ਿਆਦਾ ਯੋਗਤਾ ਹੈ, ਉਹ ਹੀ ਬਿਹਤਰੀਨ ਕਲਾਕਾਰ ਬਣ ਸਕਦਾ ਹੈ। ਇਸ ਸਬੰਧੀ ਉਨ੍ਹਾਂ ਆਪਣੇ ਨਿੱਜੀ ਅਨੁਭਵ ਵੀ ਸਾਂਝੇ ਕੀਤੇ ਤੇ ਨਵੇਂ ਕਲਾਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ਼ੰਕੇ ਵੀ ਨਵਿਰਤ ਕੀਤੇ। 

ਇਸ ਤਰ੍ਹਾਂ ਚੰਡੀਗੜ੍ਹ ਅਤੇ ਮੋਹਾਲੀ ਦੇ ਕਲਾਤਮਕ ਜਗਤ ਵਿੱਚ ਇੱਕ ਹੋਰ ਯਾਦਗਾਰੀ ਪੇਸ਼ਕਾਰੀ ਲੋਕਾਂ ਦੇ ਦਿਲਾਂ ਵਿੱਚ ਉਕਰੀ ਗਈ। ਕਲਾ ਦੇ ਖੇਤਰ ਵਿੱਚ ਅਜਿਹੀਆਂ ਸਰਗਰਮੀਆਂ ਨੇ ਕਿੰਨਿਆਂ ਮੁੰਡਿਆਂ ਕੁੜੀਆਂ ਨਸ਼ਿਆਂ ਅਤੇ ਹੋਰ ਭੈੜੇ ਰਸਤੇ ਪੈਣ ਤੋਂ ਬਚਾ ਕੇ ਸਿਰਜਣਾਤਮਕ ਪਾਸੇ ਲਾਇਆ ਹੈ ਇਸ ਬਾਰੇ ਗੱਲ ਕਰਾਂਗੇ ਕਿਸੇ ਵੱਖਰੀ ਪੋਸਟ ਵਿੱਚ। 


Sunday, December 04, 2022

ਗੁਰਸ਼ਰਨ ਸਿੰਘ ਨਾਟ ਉਤਸਵ ਦਾ ਦੂਜਾ ਦਿਨ

Sunday 4th December 2022 at 06:20 PM

ਮੰਚ ’ਤੇ ਸਾਕਾਰ ਹੋਈ ‘ਨਟੀ ਬਿਨੋਦਨੀ’ ਦੀ ਸੱਚੀ ਕਹਾਣੀ
ਨਟੀ  ਬਿਨੋਦਿਨੀ 1994 ਦੀ ਇੱਕ ਬੰਗਾਲੀ ਫ਼ਿਲਮ vi ਸੀ ਜਿਸ ਵਿੱਚ ਪ੍ਰਸੋਨਜੀਤ ਚੈਟਰਜੀ ਅਤੇ ਦੇਬਾਸ਼੍ਰੀ ਰਾਏ ਸਨ। ਇਹ ਫਿਲਮ ਉਸ 'ਤੇ hi ਬਣੀ ਸੀ। 19ਵੀਂ ਸਦੀ ਦੇ ਬੰਗਾਲ ਦੇ ਮਹਾਨ ਸੰਤ ਰਾਮਕ੍ਰਿਸ਼ਨ ਪਰਮਹੰਸ 1884 ਵਿੱਚ ਨਟੀ ਬਿਨੋਦਿਨੀ ਦਾ ਨਾਟਕ ਦੇਖਣ ਆਏ ਸਨ।--ਸੰਪਾਦਕ 


ਚੰਡੀਗੜ੍ਹ: 4 ਦਸੰਬਰ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਫੋਟੋ-ਵਿਕੀਮੀਡੀਆ ਕਾਮਨ 

ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਹਰ ਸਾਲ ਹੋਣ ਵਾਲੇ ‘ਗੁਰਸ਼ਰਨ ਸਿੰਘ ਨਾਟ ਉਤਸਵ’ ਦੇ ਦੂਜੇ ਦਿਨ ਬੰਗਾਲੀ ਰੰਗਮੰਚ ਦੀ ਜ਼ਿੰਦਾ ਸ਼ਹੀਦ ਨਟੀ ਬਿਨੋਦਨੀ ਦੀ ਕਹਾਣੀ ਪੇਸ਼ ਹੋਈ। ਇਹ ਨਾਟਕ ਦੱਸ ਰਿਹਾ ਸੀ ਕਿ ਕਲਾ ਦੀ ਦੁਨੀਆਂ ਵੀ ਡੇਢ ਸਦੀ ਵਿੱਚ ਬਹੁਤੀ ਬਦਲ ਨਹੀਂ ਸਕੀ। ‘ਨਟੀ ਬਿਨੋਦਨੀ’ ਨਾਟਕ ਬੰਗਾਲੀ ਰੰਗਮੰਚ ਦੀ ਅਦਾਕਾਰਾ ਬਿਨੋਦਨੀ ਦਾਸੀ ਦੀ ਸਵੈ-ਜੀਵਨੀ `ਤੇ ਆਧਾਰਤ ਹੈ, ਜਿਸਨੂੰ ਪੇਸ਼ ਕਰਨ ਲਈ ਪੰਜਾਬ ਕਲਾ ਪਰਿਸ਼ਦ ਤੇ ਮਨਿਸਟਰੀ ਆਫ਼ ਕਲਚਰ ਦਾ ਸਹਿਯੋਗ ਸੀ।

ਬਹੁਤ ਹੀ ਡੂੰਘੀਆਂ ਗੱਲਾਂ ਕਰਨ ਵਾਲਾ ਇਹ ਨਾਟਕ ਨਟੀ ਬਿਨੋਦਨੀ ਦੀ ਆਤਮਕਥਾ ਅਤੇ ਉਸਦੇ ਜੀਵਨੀਕਾਰਾਂ ਦੀਆਂ ਰਚਨਾਵਾਂ ’ਤੇ ਆਧਾਰਤ ਸੀ, ਜਿਸਦੀ ਸਕ੍ਰਿਪਟ ਸ਼ਬਦੀਸ ਵੱਲੋਂ ਤਿਆਰ ਕੀਤੀ ਗਈ। ਉਹ ਰੰਗਮੰਚ `ਤੇ ਕਿਵੇਂ ਆਈ ਅਤੇ ਕਿਨ੍ਹਾਂ ਹਾਲਾਤ ਵਿਚ ਹਨੇਰੀਆਂ ਗਲੀਆਂ ਦੀ ਗੁੰਮਨਾਮੀ ਵਿੱਚ ਗਵਾਚ ਗਈ; ਇਹ ਕਥਾ ਹੀ ਨਾਟਕ ਬਿਆਨ ਕਰਦਾ ਹੈ। ਉਂਝ ਹਾਲਤ ਅੱਜ ਵੀ ਗੰਭੀਰ ਹੈ। 

ਅਨੀਤਾ ਸ਼ਬਦੀਸ਼, ਜੋ ਇਸ ਨਾਟਕ ਦੀ ਨਿਰਦੇਸ਼ਕ ਵੀ ਹੈ, ਨੇ ਨਟੀ ਬਿਨੋਦਨੀ ਦੀ ਮੁੱਖ ਭੂਮਿਕਾ ਨਿਭਾਈ। ਉਹ ਰੰਗਮੰਚ ਨੂੰ ਪੂਜਾ ਮੰਨਦੀ ਹੈ; ਇਸ ਲਈ ਪਿਆਰ ਤੱਕ ਠੁਕਰਾ ਦਿੰਦੀ ਹੈ ਅਤੇ ਥੀਏਟਰ ਕੰਪਨੀ ਨੂੰ ਬਚਾਉਣ ਲਈ ਹਵਸੀ ਕਿਸਮ ਦੇ ਅਮੀਰਜਾਦੇ ਕੋਲ਼ ਵਿਕ ਜਾਦੀ ਹੈ। ਇਸ ਤਨ-ਮਨ ਨਿਛਾਵਰ ਕਰਨ ਵਾਲੀ ਦੇ ਦਰਦ ਨੇ ਸੰਵੇਦਨਸ਼ੀਲ ਦਰਸ਼ਕਾਂ ਨੂੰ ਵਾਰ-ਵਾਰ ਭਾਵੁਕ ਕੀਤਾ, ਜਦੋਂ ਉਹ ਵੇਖਦੇ ਹਨ ਕਿ ਉਸਦੇ ਸਹਿਯੋਗੀ ਕਲਾਕਾਰ ਥੀਏਟਰ ਕੰਪਨੀ ਉਤੇ ਕਬਜ਼ੇ ਲਈ ਹਰ ਤਰ੍ਹਾਂ ਦੀਆਂ ਸਾਜ਼ਿਸਾਂ ਰਚਦੇ ਹਨ। ਉਨ੍ਹਾਂ ਸਾਹਮਣੇ ਸਰਵੋਤਮ ਅਦਾਕਾਰਾ ਨਹੀਂ ਹੈ, ਬਲਕਿ ਇੱਕ ਵੇਸਵਾ ਦੀ ਦੋਹਤੀ ਤੇ ਧੀ ਹੈ, ਹਾਲਾਂਕਿ ਉਹ ਦਰਸ਼ਕਾਂ ਲਈ ਸਤੀ ਸਵਿੱਤਰੀ, ਸੀਤਾ ਤੇ ਦਰੋਪਤੀ ਸੀ, ਜਿਨ੍ਹਾਂ ਦੀਆਂ ਉਸਨੇ ਭੂਮਿਕਾਵਾਂ ਅਦਾ ਕੀਤੀਆਂ ਸਨ। ਨਟੀ ਬਿਨੋਦਨੀ ਆਪਣੇ ਮਰਦ ਸਾਥੀਆਂ ਦੀਆਂ ਸਾਜ਼ਿਸਾਂ ਤੇ ਮਰਦ ਪ੍ਰਧਾਨ ਰੁਖ਼ ਤੋਂ ਦੁਖੀ ਹੋ ਕੇ ਹਮੇਸ਼ਾ ਲਈ ਰੰਗਮੰਚ ਤੋਂ ਵਿਦਾ ਹੋ ਜਾਂਦੀ ਹੈ ਅਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੋਈ ਦਰਸ਼ਕਾਂ ਦੀ ਭੀੜ ਵਿੱਚ ਗਵਾਚ ਜਾਂਦੀ ਹੈ। ਇਨ੍ਹਾਂ ਹਾਲਾਤਾਂ  ਨੂੰ ਨਿਰਦੇਸ਼ਕ ਅਨੀਤਾ ਸ਼ਬਦੀਸ਼ ਨੇ ਅਦਾਕਾਰਾ ਵਜੋਂ ਜੀਵੰਤ ਕੀਤਾ ਸੀ। ਜਸਵੀਰ ਸਿੰਘ ਨੇ ਉਸ ਵੇਲੇ ਦੀ ਟੀਮ ਦੇ ਨਿਰਦੇਸ਼ਕ ਗਰੀਸ਼ ਘੋਸ਼ ਦਾ ਕਿਰਦਾਰ ਅਦਾ ਕੀਤਾ। ਉਹ ਟੀਮ ਬਚਾਏ ਜਾਣ ਲਈ ਸਹਿਯੋਗੀ ਕਲਾਕਾਰਾਂ ਦਾ ਸਾਥ ਦਿੰਦਾ ਹੈ; ਨਟੀ ਬਿਨੋਦਨੀ ਨੂੰ ਧੁਰ ਅੰਦਰੋਂ ਤੋੜਨ ਵਾਲੇ ਮਾਨਸਕ ਤਸ਼ੱਦਦ ਦੀਆਂ ਸਾਜ਼ਿਸਾਂ ਦਾ ਭਾਈਵਾਲ ਬਣਦਾ ਹੈ, ਹਾਲਾਂਕਿ ਉਹ ਬਿਨੋਦਨੀ ਪ੍ਰਤੀ ਹਮਦਰਦੀ ਵੀ ਰੱਖਦਾ ਹੈ। ਹਰਮਨਪਾਲ ਸਿੰਘ ਨੇ ਰਾਜਾ ਬਾਬੂ ਦੀ ਭੂਮਿਕਾ ਅਦਾ ਕੀਤੀ, ਜੋ ਪਿਆਰ ਤਾਂ ਕਰਦਾ ਹੈ, ਪਰ ਪਤਨੀ ਦੀ ਥਾਂ ਰਖੇਲ ਦਾ ਹੀ ਸਮਝਦਾ ਹੈ। ਉਸਦੇ ਬੁੱਢੇ ਤੇ ਹਵਸੀ ਆਸ਼ਕ ਗੁਰਮੁੱਖ ਬਾਬੂ ਦੀ ਭੂਮਿਕਾ ਤੇਜਭਾਨ ਗਾਂਧੀ ਨੇ ਅਦਾ ਕੀਤੀ। ਨਟੀ ਬਿਨੋਦਨੀ ਦੀ ਨਾਨੀ ਤੇ ਮਾਂ ਦੀਆਂ ਭੂਮਿਕਾਵਾਂ ਰਮਨ ਢਿੱਲੋਂ ਨੇ ਅਦਾ ਕੀਤੀਆਂ, ਬਿਨੋਦਨੀ ਦੇ ਬਚਪਨ ਦਾ ਰੋਲ ਮਿਸ਼ਟੀ ਨੇ ਅਦਾ ਕੀਤਾ, ਜਿਸਦਾ ਗੁਰਜੀਤ ਦਿਓਲ ਨਾਲ ਛੋਟਾ ਜਿਹਾ ਰੋਲ ਸੀ।   

ਇਸ ਨਾਟਕ ਦਾ ਸੈੱਟ ਲੱਖਾ ਲਹਿਰੀ ਨੇ ਡਿਜ਼ਾਇਨ ਕੀਤਾ ਸੀ, ਜਦਕਿ ਸੰਗੀਤ ਦਿਲਖ਼ੁਸ਼ ਥਿੰਦ ਨੇ ਤਿਆਰ ਕੀਤਾ ਹੈ। ਇਸਦੇ ਗੀਤ ਸਲੀਮ ਸਿਕੰਦਰ ਤੇ ਮਿੰਨੀ ਦਿਲਖੁਸ਼ ਦੇ ਗਾਏ ਹੋਏ ਸਨ।

5 ਦਸੰਬਰ ਨੂੰ ਹੋਵੇਗਾ ‘ਲੱਛੂ ਕਬਾੜੀਆ’ : ਅਦਾਕਾਰ ਮੰਚ ਮੋਹਾਲੀ ਵੱਲੋਂ ਡਾ. ਸਾਹਿਬ ਸਿੰਘ ‘ਲੱਛੂ ਕਬਾੜੀਆ’ ਨਾਟਕ ਪੇਸ਼ ਕਰਨਗੇ, ਜੋ ਦਲਿਤ ਸਮਾਜ ਦੇ ਜੀਵਨ ਨੂੰ ਪੇਸ਼ ਕਰੇਗਾ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Saturday, December 03, 2022

ਚੰਡੀਗੜ੍ਹ ਵਿੱਚ ਗੁਰਸ਼ਰਨ ਸਿੰਘ ਨਾਟ ਉਤਸਵ ਦਾ ਸ਼ਾਨਾਮੱਤਾ ਆਗਾਜ਼

3rd December 2022 at 06:17 PM

ਪਹਿਲੇ ਦਿਨ ਸਾਰਤਰ ਦੇ ਨਾਟਕ ਦਾ ਪੰਜਾਬੀ ਰੂਪਾਂਤਰ ‘ਕੌਣ ਜਾਣੇ ਸਾਡੀ ਪੀੜ’

ਸਾਰਤਰ ਉਨ੍ਹਾਂ ਵਿਦਰੋਹੀਆਂ ਵਿੱਚੋਂ ਸਨ ਜਿਨ੍ਹਾਂ ਨੇ ਕਦੇ ਵੀ ਕਿਸੇ ਪਾਰਟੀ ਦੀ ਮੈਂਬਰਸ਼ਿਪ ਸਵੀਕਾਰ ਨਹੀਂ ਕੀਤੀ ਸੀ। ਉਹਨਾਂ ਦੇ ਦਾਰਸ਼ਨਿਕ ਵਿਚਾਰ ਉਹਨਾਂ ਨਾਟਕਾਂ ਅਤੇ ਨਾਵਲਾਂ ਵਿੱਚ ਸਪਸ਼ਟ ਝਲਕਦੇ ਹਨ। ਉਹਨਾਂ ਦੀਆਂ ਲਿਖਤਾਂ ਤੁਹਾਨੂੰ ਤੁਹਾਡੇ ਉਸ ਰੂਪ ਨਾਲ  ਮਿਲਾਉਂਦਿਆਂ ਹਨ ਜਿਸਦਾ ਸਾਹਮਣਾ ਤੁਅਸੀਂ ਪਹਿਲਾਂ ਕਦੇ ਨਹੀਂ ਕੀਤਾ ਹੋਣਾ। ਨਾਟਕ ਉਤਸਵ ਦਾ ਪਹਿਲਾ ਦਿਨ ਸਾਰਤਰ ਦੇ ਨਾਟਕ ਨਾਲ ਹੋਇਆ। ਇਸ ਨਾਟਕ ਦੀ ਕਹਾਣੀ ਤੁਹਾਨੂੰ ਸੋਚਣ ਲਈ ਮਜਬੂਰ ਕਰੇਗੀ। --ਸੰਪਾਦਕ 


ਚੰਡੀਗੜ੍ਹ
: 3 ਦਸੰਬਰ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਪੰਜਾਬ ਕਲਾ ਭਵਨ ਦੇ ਰੰਧਾਵਾ ਆਡੀਟੋਰੀਅਮ ਵਿੱਚ 19ਵੇਂ ਗੁਰਸ਼ਰਨ ਸਿੰਘ ਨਾਟ ਉਤਸਵ ਦਾ ਆਗਾਜ਼ ਯਾਂ ਪਾਲ ਸਾਰਤਰ ਦੇ ਫਰੈਂਚ ਨਾਟਕ ਨਾਲ ਹੋਇਆ, ਜਿਸਦਾ ਪੰਜਾਬੀ ਰੂਪਾਂਤਰ ਸ਼ਬਦੀਸ਼ ਨੇ ‘ਕੌਣ ਜਾਣੇ ਸਾਡੀ ਪੀੜ’ ਵਜੋਂ ਕੀਤਾ ਹੈ। ਇਹ ਨਾਟਕ ਪੰਜਾਬ ਕਲਾ ਪਰਿਸ਼ਦ ਤੇ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਨਾਟਕ ਦੀ ਮੂਲ ਸਕ੍ਰਿਪਟ ਦਾ ਸਰੋਕਾਰ ਨਸਲਵਾਦ ਨਾਲ ਹੈ, ਜਿਸਨੂੰ ਰੂਪਾਂਤਰਕਾਰ ਨੇ ਭਾਰਤੀ ਪ੍ਰਸੰਗ ਵਿੱਚ ਜਾਤੀਵਾਦ ਦੇ ਮਸਲੇ ਨਾਲ ਜੋੜ ਕੇ ਪੇਸ਼ ਕੀਤਾ ਹੈ। ਇਹ ਨਾਟਕ ਰੇਲ ਗੱਡੀ ਵਿੱਚ ਉੱਚ ਜਾਤੀ ਮਰਦਾਂ ਵੱਲੋਂ ਆਪਣੀ ਹੀ ਜਾਤੀ ਦੀ ਵੇਸਵਾ ਕੁੜੀ ਨਾਲ ਕੀਤੀ ਗੁੰਡਾਗਰਦੀ ਦੇ ਪਿਛੋਕੜ ਵਿੱਚ ਘਰ ਅੰਦਰ ਵੇਸਵਾ ਦੇ ਕੋਠੇ ’ਤੇ ਵਾਪਰਦਾ ਹੈ। ਨਾਟਕ ਦੀ ਕਹਾਣੀ ਮੁਤਾਬਕ ਰੇਲ ਦੇ ਉਸ ਡੱਬੇ ਵਿੱਚ ਦੋ ਦਲਿਤ ਵੀ ਬੈਠੇ ਹੋਏ ਸਨ, ਜਿਨ੍ਹਾਂ ਨੂੰ ਮਰਦਾਂ ਦਾ ਇਹ ਵਿਹਾਰ ਪਸੰਦ ਨਹੀਂ। ਉਨ੍ਹਾਂ ’ਚੋਂ ਇੱਕ ਜਣਾ ਗੁੰਡਿਆਂ ਦਾ ਵਿਰੋਧ ਕਰਦਾ ਹੈ ਤੇ ਉਨ੍ਹਾਂ ਦੀ ਗੋਲੀ ਦਾ ਸ਼ਿਕਾਰ ਹੋ ਜਾਂਦਾ ਹੈ, ਜਦਕਿ ਦੂਜਾ ਰੇਲ ਗੱਡੀ ’ਚੋਂ ਛਾਲ ਮਾਰ ਕੇ ਬਚ ਜਾਂਦਾ ਹੈ। ਉਹ ਹੀ ਕਤਲ ਕਾਂਡ ਦਾ ਇਕਲੌਤਾ ਗਵਾਹ ਹੈ, ਪਰ ਕਾਤਲ ਉਸ ’ਤੇ ਹੀ ਝੂਠਾ ਇਲਜ਼ਾਮ ਲਗਾ ਕੇ ਪੂਰੇ ਸ਼ਹਿਰ ਨੂੰ ਭੜਕਾ ਦਿੰਦੇ ਹਨ ਅਤੇ ਉਸਦਾ ਭੀੜ ਹੱਥੋਂ ਕਤਲ ਕਰਵਾ ਕੇ ਹੀ ਦਮ ਲੈਂਦੇ ਹਨ। 

ਇਹ ਨਾਟਕ ਦਿਲਚਸਪ ਹਾਲਾਤ ਵਿੱਚ ਵਾਪਰਦਾ ਹੈ। ਇੱਕ ਪਾਸੇ ਦਲਿਤ ਜਾਨ ਬਚਾਉਣ ਲਈ ਵੇਸਵਾ ਸਾਹਮਣੇ ਬੇਨਤੀ ਲਈ ਆ ਰਿਹਾ ਹੈ, ਦੂਜੇ ਪਾਸੇ ਕਾਤਲ ਦਾ ਕਜ਼ਨ ਰਣਜੀਤ ਆਪਣੇ ਭਰਾ ਦਾ ਥਾਂ ਗਰੀਬ ਬੰਦੇ ਨੂੰ ਹੀ ਅਦਾਲਤ ਵਿੱਚ ਦੋਸ਼ੀ ਠਹਿਰਾ ਦੇਣ ਲਈ ਝੂਠੇ ਬਿਆਨ ’ਤੇ ਦਸਤਖ਼ਤ ਕਰਵਾਏ ਜਾਣ ਦਾ ਸੌਦਾ ਕਰਨਾ ਚਾਹੁੰਦਾ ਹੈ। ਜਦੋਂ ਲਵਲੀਨ ਦਬਾਅ ਅਧੀਨ ਝੂਠੇ ਬਿਆਨ ’ਤੇ ਦਸਤਖ਼ਤ ਕਰਨ ਦੀ ਅਨੈਤਿਕਤਾ ਸਵੀਕਾਰ ਨਹੀਂ ਕਰਦੀ ਤਾਂ ਰਣਜੀਤ ਦਾ ਮੇਅਰ ਬਾਪ ਦੇਸ਼ ਦੇ ਵਿਕਾਸ ਅਤੇ ਇਸਦੇ ਸਭ ਤੋਂ ਵੱਡੇ ਨੇਤਾ ਦਾ ਰੂਪ ਧਾਰ ਕੇ ਆਪਣੇ ਚਮਤਕਾਰੀ ਪ੍ਰਭਾਵ ਹੇਠ ਦਸਤਖ਼ਤ ਕਰਵਾ ਹੀ ਲੈਂਦਾ ਹੈ। ਉਹ ਦੱਸਦਾ ਹੈ ਕਿ ਕਤਲ ਦਾ ਦੋਸ਼ੀ ਹਰਮੀਤ ਦੁਨੀਆਂ ਦੇ ਕਾਰਪੋਰੇਟੀ ਸਰਦਾਰਾਂ ਨੂੰ ਟੱਕਰ ਦੇ ਕੇ ਸਕਦਾ ਹੈ, ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਮਿਲ ਸਕਦੇ ਹਨ। ਇਹ ਇੱਕ ਨੀਚ ਦੇ ਬਦਲੇ ਦੇਸ਼ ਦੇ ਭਲੇ ਦਾ ਕਦਮ ਹੈ। ਲਵਲੀਨ ਨੂੰ ਗਲਤੀ ਦਾ ਅਹਿਸਾਸ ਤਾਂ ਹੋ ਜਾਂਦਾ ਹੈ, ਪਰ ਖੇਡ ਹੱਥੋਂ ਨਿਕਲ ਜਾਂਦੀ ਹੈ।  

ਇਸ ਨਾਟਕ ਦੀ ਸਭ ਤੋਂ ਵੱਡੀ ਖ਼ੂਬੀ ਇਹ ਰਹੀ ਕਿ ਪ੍ਰਮੁੱਖ ਭੂਮਿਕਾਵਾਂ ਨਿਭਾ ਰਹੇ ਸਾਰੇ ਕਲਾਕਾਰਾਂ ਨੇ ਬੰਦੇ ਦੇ ਅੰਦਰਲੇ ਬੰਦੇ ਦਾ ਚਿਹਰਾ ਜ਼ਾਹਰ ਕਰਨ ਕਰਨ ਦਾ ਬਖ਼ੂਬੀ ਯਤਨ ਕੀਤਾ। ਇਸ ਨਾਟਕ ਦੀ ਨਾਇਕਾ ਲਵਲੀਨ, ਜਿਸਦੀ ਭੂਮਿਕਾ ਪੂਜਾ ਕੈਥਵਾਲ ਨੇ ਅਦਾ ਕੀਤੀ, ਇੱਕੋ ਵੇਲੇ ਵੇਸਵਾ ਹੈ, ਨਿਆਂ ਪ੍ਰਤੀ ਸੰਵੇਦਨਸ਼ੀਲ ਹੈ ਤੇ ਅੰਦਰ ਜਾਤੀਵਾਦੀ ਭਾਵਨਾਵਾਂ ਵੀ ਵਸਾਈ ਬੈਠੀ ਹੈ। ਇਸੇ ਤਰ੍ਹਾਂ ਰਣਜੀਤ, ਜਿਸਦਾ ਰੋਲ ਆਂਸ਼ੁਲ ਨੇ ਅਦਾ ਕੀਤਾ, ਉਹ ਜਿਸਮ ਦਾ ਭੁੱਖਾ ਹੈ, ਆਪਣੇ ਕਜ਼ਨ ਦੇ ਬਚਾਅ ਲਈ ਭਾਰੀ ਰਕਮ ਵੀ ਅਦਾ ਕਰ ਸਕਦਾ ਹੈ; ਨਾ ਮੰਨਣ ਦੀ ਹਾਲਤ ਵਿੱਚ ਜਿਸਮਾਨੀ ਧੱਕਾ ਵੀ ਕਰ ਸਕਦਾ ਹੈ। ਇਸੇ ਤਰ੍ਹਾਂ ਹਰਜਾਪ ਵੱਲੋਂ ਅਦਾ ਕੀਤਾ ਮੇਅਰ ਦਾ ਕਿਰਦਾਰ ਹੈ, ਜਿਸ ਕੋਲ ਭੋਲੀ-ਭਾਲੀ ਲਵਲੀਨ ਦੇ ਮਨ ਨੂੰ ਮੋੜਾ ਦੇਣ ਵਾਲੀ ਚਮਤਕਾਰੀ ਭਾਸ਼ਾ ਹੈ। ਇਸ ਨਾਟਕ ਦੇ ਕੇਂਦਰ ’ਚ ਦਲਿਤ ਦੀ ਸੰਖੇਪ, ਪਰ ਸਸ਼ਕਤ ਭੂਮਿਕਾ ਹੈ। ਉਹ ਜਾਨ ਬਚਾ ਲੈਣ ਲਈ ਭੱਜ-ਦੌੜ ਰਿਹਾ ਹੈ, ਪਰ ਵੱਡੇ ਲੋਕਾਂ ਖ਼ਿਲਾਫ਼ ਗੋਲੀ ਨਹੀਂ ਦਾਗ ਸਕਦਾ, ਕਿਉਂਕਿ ਉਸਨੂੰ ਲਗਦਾ ਹੈ ਕਿ ਅਗਲੀ ਦੁਨੀਆਂ ਵਿੱਚ ਵੀ ਪਵਿੱਤਰ ਗ੍ਰੰਥ ਸਹਾਰਾ ਨਹੀਂ ਬਣ ਸਕਣਗੇ। ਇਹ ਭੂਮਿਕਾ ਭਰਤ ਸ਼ਰਮਾ ਨੇ ਅਦਾ ਕੀਤੀ। 

ਨਾਟਕ ਦਾ ਸਿਖ਼ਰ ਪਛਤਾਵੇ ਦੀ ਅੱਗ ਵਿੱਚ ਸੜਦੀ ਲਵਲੀਨ ਦਾ ਬਦਲਾ ਹੈ, ਜੋ ਉਹ ਉਸ ਸਮੇਂ ਲੈਂਦੀ ਹੈ, ਜਦੋਂ ਭੜਕੀ ਭੀੜ ਗਰੀਬ ਬੰਦੇ ਦਾ ਕਤਲ ਕਰ ਦਿੰਦੀ ਹੈ। ਇਸ ਨਾਟਕ ਦਾ ਨਿਰਦੇਸ਼ਨ ਅਨੀਤਾ ਸ਼ਬਦੀਸ਼ ਦਾ ਸੀ।

ਹੁਣ 4 ਦਸੰਬਰ ਨੂੰ ਹੋਵੇਗਾ ‘ਨਟੀ ਬਿਨੋਦਨੀ’: ਗੁਰਸ਼ਰਨ ਸਿੰਘ ਨਾਟ ਉਤਸਵ ਦੇ ਦੂਜੇ ਦਿਨ ਦੀ ਪੇਸ਼ਕਾਰੀ ‘ਨਟੀ ਬਿਨੋਦਨੀ’ ਵੀ ਸੁਚੇਤਕ ਰੰਗਮੰਚ ਵੱਲੋਂ ਹੀ ਹੋਵੇਗੀ। ਇਹ ਨਾਟਕ ਬੰਗਾਲੀ ਰੰਗਮੰਚ ਦੀ ਜ਼ਿੰਦਾ ਸ਼ਹੀਦ ‘ਨਟੀ ਬਿਨੋਦਨੀ’ ਦੀ ਸਵੈ-ਜੀਵਨੀ ’ਤੇ ਆਧਾਰਤ ਹੋਵੇਗਾ। ਉਹ ਨਾਟਕ ਦੀ ਦੁਨੀਆਂ ਨਾਲ ਕਿਵੇਂ ਜੁੜੀ ਤੇ ਕਿਨ੍ਹਾਂ ਹਾਲਾਤ ਵਿੱਚ ਸਦਾ ਲਈ ਰੰਗਮੰਚ ਤੋਂ ਵਿਦਾ ਹੋ ਗਈ; ਇਹ ਹੀ ਨਾਟਕ ਦੀ ਕਹਾਣੀ ਹੋਵੇਗੀ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।