Wednesday, December 15, 2021

ਸਮਾਜਕ ਤਬਦੀਲੀ ਦੀ ਰੰਗਮੰਚੀ ਰੌਸ਼ਨੀ ਦਾ ਅਹਿਦ ਦੁਹਰਾਇਆ

ਇਸ ਅਹਿਦ ਦੇ ਨਾਲ ਹੀ ਸਪੰਨ ਹੋਇਆ ‘ਗੁਰਸ਼ਰਨ ਸਿੰਘ ਨਾਟ ਉਤਸਵ’


ਚੰਡੀਗੜ੍ਹ, 15 ਦਸੰਬਰ  2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਪੰਜਾਬ ਕਲਾ ਭਵਨ ਵਿੱਚ ਚੱਲ ਰਹੇ 18ਵੇਂ ‘ਗੁਰਸ਼ਰਨ ਸਿੰਘ ਨਾਟ ਉਤਸਵ’ ਦਾ ਪੰਜਵਾਂ ਦਿਨ ਗੁਰਸ਼ਰਨ ਸਿੰਘ ਦੀ ਥੜ੍ਹਾ ਥੀਏਟਰ ਸ਼ੈਲੀ ਨੂੰ ਸਮਰਪਤ ਰਿਹਾ। ਇਸ ਸਿਖਰਲੇ ਦਿਨ ਉਨ੍ਹਾਂ ਦੇ ਦੋ ਪ੍ਰਸਿੱਧ ਨਾਟਕ ‘ਨਾਇਕ’ ਤੇ ‘ਜਦੋਂ ਰੌਸ਼ਨੀ ਹੁੰਦੀ ਹੈ’ ਸੁਚੇਤਕ ਸਕੂਲ ਆਫ ਐਕਟਿੰਗ ਦੇ ਕਲਾਕਾਰਾਂ ਵੱਲੋਂ ਪੇਸ਼ ਕੀਤੇ ਗਏ। ਯਾਦ ਰਹੇ ਕਿ 2004 ਤੋਂ ਹਰ ਸਾਲ ਹੋ ਰਹੇ ਇਸ  ਨਾਟ ਉਤਸਵ ਦਾ ਇੱਕ ਦਿਨ ਗੁਰਸ਼ਰਨ ਸਿੰਘ ਦੀਆਂ ਰਚਨਾਵਾਂ ਨੂੰ ਸਮਰਪਤ ਹੁੰਦਾ ਹੈ, ਜਿਸਨੂੰ ਵੱਖ-ਵੱਖ ਟੀਮਾਂ ਵੱਲੋਂ ਪੇਸ਼ ਕੀਤਾ ਜਾਂਦਾ ਰਿਹਾ ਹੈ। ਇਹ ਸਾਰੇ ਸਮਾਜ ਪ੍ਰਤੀ ਇੱਕ ਵਿਸ਼ੇਸ਼ ਸੁਨੇਹੇ ਅਤੇ ਮਿਸ਼ਨ ਨੂੰ ਲੈ ਕੇ ਪ੍ਰਤਿਬੱਧ ਹੁੰਦੇ ਹਨ। 

ਗੁਰਸ਼ਰਨ ਸਿੰਘ ਦਾ ਨਾਟਕ ‘ਨਾਇਕ’ ਸਮਾਂ-ਸੀਮਾ ਪੱਖੋਂ ਬਹੁਤ ਹੀ ਸੰਖੇਪ ਹੈ, ਪਰ ਇਹ ਸਮਾਜੀ ਜੀਵਨ ਵਿੱਚ ਪੀੜ੍ਹੀਆਂ ਦੇ ਪਾੜੇ ਨੂੰ ਬੀਤੇ ਤੇ ਭਵਿੱਖ ਦੀ ਸੋਚ ਦੇ ਵਿਸ਼ਾਲ ਦਾਇਰੇ ਵਿੱਚ ਦਰਸਾਉਂਦਾ ਹੈ, ਜਿਸ ਵਿੱਚ ਕੁਰਸੀ ਵੀ ਇੱਕ ਕਿਰਦਾਰ ਹੈ। ਇਸ ਨਾਟਕ ਵਿਚਲਾ ਬਾਪ (ਅਰਸ਼ ਸੰਧੂ) ਕਲਰਕ ਹੈ, ਜੋ ਆਪਣੇ ਉੱਚ ਵਿਦਿਆ ਪ੍ਰਾਪਤ ਕਰ ਚੁੱਕੇ ਪੁੱਤਰ (ਭਰਤ ਸ਼ਰਮਾ) ਨੂੰ ਹਰ ਪੱਖ ਤੋਂ ਆਪਣੇ ਬਰਾਬਰ ਰੱਖ ਕੇ ਵੇਖਦਾ ਹੈ, ਜਦਕਿ ਨੌਜਵਾਨ ਬੀਤੇ ਸਮੇਂ ਦੀ ਥਾਂ ਨਵੇਂ ਯੁੱਗ ਦਾ ਹਾਣੀ ਹੋਣਾ ਲੋਚਦਾ ਹੈ, ਹਾਲਾਂਕਿ ਉਸ ਕੋਲ ਕੋਈ ਸਪੱਸ਼ਟ ਭਵਿੱਖ ਨਕਸ਼ਾ ਨਹੀਂ ਹੈ। 

ਸੱਚ ਤਾਂ ਇਹ ਹੈ ਕਿ ਦੋਵੇਂ ਪਿਓ-ਪੁੱਤ ਪੂੰਜੀਵਾਦੀ ਨਿਜ਼ਾਮ ਤੇ ਇਸਦੇ ਦੇ ਲੋਕਤੰਤਰ ਦੀਆਂ ਸੀਮਾਵਾਂ ਪ੍ਰਤੀ ਸੁਚੇਤ ਨਹੀਂ ਹਨ। ਪੁੱਤਰ ਨੂੰ ਹਰ ਕੁਰਸੀ ’ਤੇ ਬੈਠਾ ਬੰਦਾ ਨਵੀਂ ਪੀੜ੍ਹੀ ਨਾਲ ਧੱਕਾ ਕਰਨ ਵਾਲਾ ਖਲਨਾਇਕ ਲੱਗਦਾ ਹੈ। ਗੁਰਸ਼ਰਨ ਸਿੰਘ ਨੇ ਆਪਣੀ ਨਾਟ-ਸ਼ੈਲੀ ਤਹਿਤ ਬਾਪ ਨੂੰ ਕਦੇ ਨੌਕਰੀ ਲਈ ਇੰਟਰਵਿਊ ਲੈਣ ਵਾਲਾ ਤੇ ਕਦੇ ਬਾਗੀ ਨੌਜਵਾਨ ਨੂੰ ਸਰਕਾਰੀ ਅਫ਼ਸਰ ਦੀ ਤੌਹੀਨ ਦੇ ਦੋਸ਼ ਵਿੱਚ ਸਜ਼ਾ ਦੇਣ ਵਾਲੇ ਜੱਜ ਦੀ ਭੂਮਿਕਾ ਵਿੱਚ ਪੇਸ਼ ਕੀਤਾ ਹੈ। ਇੱਕ ਸਾਲ ਦੀ ਸਜ਼ਾ ਦੌਰਾਨ ਬਾਪ ਸੇਵਾ-ਮੁਕਤ ਹੋ ਜਾਂਦਾ ਹੈ ਤੇ ਪੁੱਤਰ ਜੇਲ੍ਹ ਦੇ ਅਨੁਭਵ ਸਦਕਾ ਅਨਿਆਂ ਦੇ ਨਿਜ਼ਾਮ ਦੀ ਸਚਾਈ ਨੂੰ ਸਮਝ ਜਾਂਦਾ ਹੈ ਤੇ ਨਾਟਕ ਦਾ ਸਿਖਰ ਦੋਵਾਂ ਪੀੜ੍ਹੀਆਂ ਵੱਲੋਂ ਰਲਕੇ ਸੰਘਰਸ਼ ਕਰਨ ਦੇ ਸੰਦੇਸ਼ ਨਾਲ ਖ਼ਤਮ ਹੁੰਦਾ ਹੈ। ਇਹੀ ਹੈ ਉਹ ਸੁਨੇਹਾ ਜਿਹੜਾ ਗੁਰਸ਼ਰਨ ਭਾਅ ਜੀ ਮੰਨ ਸਿੰਘ ਬਣ ਕੇ ਵੀ ਦੇਂਦੇ ਰਹੇ ਅਤੇ ਸਰਦਲ ਦੇ ਸੰਪਾਦਕ ਬਣ ਕੇ ਵੀ। ਇਸ ਨਾਟਕ ਵਿਚ ਗੁਰਸ਼ਰਨ ਭਾਅ ਜੀ ਦੀ ਭਾਵਨਾ ਹੋਰ ਤਿਖੇਰੀ ਹੋ ਕੇ ਸਾਹਮਣੇ ਆਈ ਹੈ। ਇਸ ਨਾਟਕ ਦਾ ਨਿਰਦੇਸ਼ਨ ਅਨੀਤਾ ਸ਼ਬਦੀਸ਼ ਨੇ ਸੂਤਰਧਾਰ (ਅਰਮਾਨ ਸੰਧੂ) ਵੱਲੋਂ ਕੁਰਸੀ ਦੀ ਬਦਲਦੀ ਭੂਮਿਕਾ ਉਭਾਰਦੇ ਕਿਰਦਾਰ ਵਜੋਂ ਦਰਸ਼ਕ ਦੇ ਸਨਮੁੱਖ ਪੇਸ਼ ਕੀਤਾ ਹੈ.

ਪੰਜਾਬ ਸੰਗੀਤ ਨਾਟਕ ਅਕਾਦਮੀ ਤੇ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਨਾਟ ਉਤਸਵ ਦੇ ਪੰਜਵੇਂ ਦਿਨ ਦਾ ਦੂਸਰਾ ਨਾਟਕ ‘ਜਦੋਂ ਰੌਸ਼ਨੀ ਹੁੰਦੀ ਹੈ’ ਯਾਂ ਪਾਲ ਸਾਰਤਰ ਦੇ ਨਾਟਕ The Flies ਤੋਂ ਪ੍ਰੇਰਤ ਸੀ ਤੇ ਅਵਾਮ ਦੇ ਖ਼ਿਲਾਫ਼ ਭੁਗਤਦੇ ਸੱਤਾ ਤੇ ਧਰਮ ਦੇ ਗਠਜੋੜ ਦਾ ਪਰਦਾਫਾਸ਼ ਕਰ ਰਿਹਾ ਸੀ. ਇਸ ਨਾਟਕ ਦੀ ਕਹਾਣੀ ਧਾਰਮਕ ਮੁਖੀ ਤੇ ਸਲਤਨਤ ਦੇ ਬਾਦਸ਼ਾਹ ਵੱਲੋਂ ਗੁਨਾਹਗਾਰ ਲੋਕਾਈ ਲਈ ਤੈਅ ਕੀਤੇ ਪਸ਼ਚਾਤਾਪ ਦੇ ਦਿਨ ਵਾਪਰਦੀ ਹੈ, ਜਦੋਂ ਪੂਰੀ ਤਰ੍ਹਾਂ ਡਰੇ ਹੋਏ ਗੁਨਾਹਗਾਰ ਦੇਸ਼ਵਾਸੀ ਕਾਲੇ ਕੱਪੜੇ ਪਾ ਕੇ ਘੁੰਮ ਰਹੇ ਹਨ, ਕਿਓਂਕਿ ਇਸ ਦਿਨ ਸਿਰਫ਼ ਧਰਮ ਗੁਰੂ ਤੇ ਬਾਦਸ਼ਾਹ ਹੀ ਸਫ਼ੇਦ ਵਸਤਰ ਪਹਿਨ ਸਕਦੇ ਹਨ. 

ਨਾਟਕ ਦੇ ਸ਼ੁਰੂ ਵਿੱਚ ਹੀ ਸਮੁੰਦਰ ਪਾਰ ਤੋਂ ਚਿੱਟੇ ਵਸਤਰਾਂ ਵਾਲਾ ਨੌਜਵਾਨ (ਅਰਮਾਨ ਸੰਧੂ) ਆ ਜਾਂਦਾ ਹੈ ਤੇ ਇੱਕ ਮੁਟਿਆਰ (ਸਹਰ) ਦੀ ਮੱਦਦ ਕਰਦਾ ਹੈ, ਜੋ ਕਾਲੇ ਕੱਪੜੇ ਪਾਏ ਜਾਣ ਤੋਂ ਇਨਕਾਰ ਕਰ ਰਹੀ ਹੈ. ਇਸ ਨੌਜਵਾਨ ਤੇ ਮੁਟਿਆਰ ਨੂੰ ਹਕੂਮਤ ਖਿਲਾਫ਼ ਅਪਰਾਧ ਤੇ ਧਰਮ ਦੇ ਵਿਰੁਧ ਗੁਨਾਹ ਲਈ ਕਟਿਹਰੇ ਵਿੱਚ ਖੜਾ ਕੀਤਾ ਜਾਂਦਾ ਹੈ. ਇਸ ਕਾਰਵਾਈ ਦੌਰਾਨ ਇੱਕ ਨੰਗਾ ਆਦਮੀ (ਪ੍ਰਦੀਪ) ਆਉਂਦਾ ਹੈ, ਜੋ ਬਾਦਸ਼ਾਹ ਤੇ ਔਲੀਆ ਦੇ ਧੁਰ ਅੰਦਰਲੇ ਨੰਗੇਜ਼ ਤੋਂ ਵਾਕਿਫ਼ ਹੈ. ਉਹ ਤਾਂ ਉਸ ਚਬੂਤਰੇ ’ਤੇ ਵੀ ਚੜ੍ਹਨ ਤੋਂ ਨਹੀਂ ਡਰਦਾ, ਜਿਸ ’ਤੇ ਜਾਣ ਵਾਲੇ ਹਰ ਗੁਨਾਹਗਾਰ ਦੀ ਮੌਤ ਲਾਜ਼ਮੀ ਹੋਣ ਦਾ ਡਰ ਦੇਸ਼ਵਾਸੀਆਂ ਦੇ ਦਿਲਾਂ ਵਿੱਚ ਭਰ ਦਿੱਤਾ ਗਿਆ ਹੈ. ਨਾਟਕ ਦਾ ਸਿਖਰ ਸਾਰੇ ਲੋਕਾਂ ਵੱਲੋਂ ਚਬੂਤਰੇ ’ਤੇ ਚੜ੍ਹਨ ਨਾਲ ਹੁੰਦਾ ਹੈ. ਇਸ ਵਿੱਚ ਬੁੱਢੀ ਔਰਤ (ਰਿਸ਼ਮ ਗਿੱਲ) ਵੀ ਸ਼ਾਮਲ ਹੈ, ਜਿਸਨੇ ਉਮਰ ਦੇ ਅੰਤਿਮ ਪੜਾਅ ’ਤੇ ਆਕੇ ਨਵੀਂ ਰੌਸ਼ਨੀ ਹਾਸਿਲ ਕੀਤੀ ਹੈ.

ਇਸ ਤਰ੍ਹਾਂ ਸਿਖਰਲੇ ਦਿਨ ਹੋਏ ਦੋਵੇਂ ਨਾਟਕ ਰੰਗਮੰਚੀ ਪ੍ਰਤੀਬੱਧਤਾ ਦਾ ਰਾਹ ਰੌਸ਼ਨ ਕਰਦੇ ਹਨ, ਜਿਸ ਮਕ਼ਸਦ ਲਈ ਗੁਰਸ਼ਰਨ ਸਿੰਘ ਅੰਤਿਮ ਸਾਹ ਤੱਕ ਸੁਚੇਤ ਰਹੇ ਸਨ ਤੇ ਇਹ ਨਾਟ ਉਤਸਵ ਹਰ ਸਾਲ ਸਿਆਸੀ-ਸਮਾਜੀ ਤਬਦੀਲੀ ਦੇ ਰੰਗਮੰਚ ਦਾ ਅਹਿਦ ਕਰਦੇ ਹਨ.

No comments: