Wednesday, July 10, 2024

ਕਲਾਕਾਰ ਬਣਨ ਲਈ ਸਬਰ ਜ਼ਰੂਰੀ ਹੈ-ਗੁਰਪ੍ਰੀਤ ਸਿੰਘ ਘੁੱਗੀ

 Wednesday 10th July 2024 at 18:52

ਗੁਰਸ਼ਰਨ ਸਿੰਘ ਮੈਮੋਰੀਅਲ ਗੈਲਰੀ ਵੇਖ ਕੇ ਗੁਰਪ੍ਰੀਤ ਘੁੱਗੀ ਬਹੁਤ ਖ਼ੁਸ਼ ਹੋਏ 


ਮੋਹਾਲੀ: 10 ਜੁਲਾਈ 2024: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਡੈਸਕ)::

ਸ਼ਬਦੀਸ਼, ਅਨੀਤਾ ਸ਼ਬਦੀਸ਼ ਅਤੇ ਉਹਨਾਂ ਦੀ ਸੰਚਾਲਨ ਹੇਠ ਚੱਲਦੀ ਸੁਚੇਤਕ ਸਕੂਲ ਆਫ ਐਕਟਿੰਗ ਵਾਲੀ ਟੀਮ ਦੇ ਨਿਰੰਤਰ ਚੱਲਦੇ ਉਪਰਾਲਿਆਂ ਸਦਕਾ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਇੱਕ ਥਿਏਟਰ ਵਾਲਾ ਰਚਣਾਤਮਕ ਮਾਹੌਲ ਅਕਸਰ ਹੀ ਸਿਰਜਿਆ ਰਹਿੰਦਾ ਹੈ। ਹੁਣ ਇਹਨਾਂ ਉਪਰਾਲਿਆਂ ਅਧੀਨ ਹੀ ਇੱਕ ਨਹੀਂ ਖੁਸ਼ੀ ਭਰੀ ਖਬਰ ਆਈ ਹੈ ਕਿ ਮੰਨੇ ਪ੍ਰਮੰਨੇ ਕਲਾਕਾਰ ਗੁਰਪ੍ਰੀਤ ਘੁੱਗੀ ਵੀ ਇਹਨਾਂ ਦੀਆਂ ਸਰਗਰਮੀਆਂ ਨੂੰ ਇੱਕ ਵਾਰ ਫੇਰ ਦੇਖਣ ਆਏ। ਉਹਨਾਂ ਨੂੰ ਗੁਰਸ਼ਰਨ ਸਿੰਘ ਮੈਮੋਰੀਅਲ ਗੈਲਰੀ ਨੇ ਬਹੁਤ ਪ੍ਰਭਾਵਿਤ ਕੀਤਾ।

ਪੰਜਾਬੀ ਫ਼ਿਲਮ ਜਗਤ ਦੇ ਪ੍ਰਤਿਭਾਸ਼ਾਲੀ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਸੁਚੇਤਕ ਸਕੂਲ ਆਫ਼ ਐਕਟਿੰਗ ਵਿੱਚ ਅਦਾਕਾਰੀ ਸਿੱਖ ਰਹੇ ਭਵਿੱਖ ਦੇ ਕਲਾਕਾਰਾਂ ਦੇ ਰੂ-ਬ-ਰੂ ਹੋਏ ਤੇ ਆਪਣੇ ਜੀਵਨ ਦੇ ਅਦਾਕਾਰੀ ਦੇ ਸਫ਼ਰ ਸਬੰਧੀ ਗੱਲਬਾਤ ਕੀਤੀ. ਸੁਚੇਤਕ ਸਕੂਲ ਆਫ਼ ਐਕਟਿੰਗ ਅਨੀਤਾ ਸ਼ਬਦੀਸ਼ ਦੀ ਅਗਵਾਈ ਹੇਠ ਚੱਲ ਰਿਹਾ ਹੈ, ਜਿਸ ਤੋਂ ਸਿੱਖ ਕੇ ਬਹੁਤ ਸਾਰੇ ਕਲਾਕਾਰ ਫ਼ਿਲਮ ਜਗਤ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਆਪਣੀ ਆਮਦ ’ਤੇ ਕਲਾਕਾਰਾਂ ਵੱਲੋਂ ਅਦਾ ਕੀਤੇ ਮੋਨੋਲਾਗ ਤੇ ਨਾਟਕ ‘ਘਰ ਵਾਪਸੀ’ ਵੇਖ ਕੇ ਹੈਰਾਨੀ ਭਰੀ ਖ਼ੁਸ਼ੀ ਨਾਲ ਕਿਹਾ ਕਿ ਜੇ ਇਸੇ ਤਰ੍ਹਾਂ ਮਿਹਨਤ ਕਰਦੇ ਰਹੇ ਤਾਂ ਤੁਹਾਡਾ ਰਸਤਾ ਕੋਈ ਨਹੀਂ ਰੋਕ ਸਕਦਾ।  

ਗੁਰਪ੍ਰੀਤ ਸਿੰਘ ਘੁੱਗੀ ਨੇ ਅਦਾਕਾਰੀ ਸਿੱਖ ਰਹੇ ਸਿਖਿਆਰਥੀਆਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਗੁਰਸ਼ਰਨ ਸਿੰਘ ਮੈਮੋਰੀਅਲ ਗੈਲਰੀ ਨੂੰ ਨੀਝ ਨਾਲ ਵੇਖਿਆ ਤੇ ਉਨ੍ਹਾਂ ਦਿਨਾਂ ਨੂੰ ਯਾਦ ਕੀਤਾ, ਜਦੋਂ ਉਹ ਗੁਰਸ਼ਰਨ ਸਿੰਘ ਦੀ ਟੀਮ ਵਿੱਚ ਸ਼ਾਮਲ ਹੋਕੇ ਦੂਰਦਰਸ਼ਨ ਲਈ ‘ਦਾਸਤਾਨ-ਏ-ਪੰਜਾਬ ਸੀਰਿਅਲ ਵਿੱਚ ਨਵੇਂ ਕਲਾਕਾਰ ਵਜੋਂ ਛੋਟੀ ਜਿਹੀ ਭੂਮਿਕਾ ਅਦਾ ਕਰ ਰਹੇ ਸਨ,

ਉਨ੍ਹਾਂ ਆਪਣੇ ਜੀਵਨ ਦੇ ਉਸ ਲੰਮੇ ਸੰਘਰਸ਼ ਬਾਰੇ ਖੁੱਲ੍ਹ ਕੇ ਚਰਚਾ ਕੀਤੀ, ਜੋ ਉਸ ਦੌਰ ਦੌਰਾਨ ਬਹੁਤ ਹੀ ਤੰਗੀਆਂ-ਤੁਰਸ਼ੀਆਂ ਵਿੱਚ ਗੁਜ਼ਰ ਰਿਹਾ ਸੀ, ਜਦੋਂ ਉਹ ਕਲਾ ਦੀ ਦੁਨੀਆਂ ਵਿੱਚ ਸ਼ਾਮਲ ਹੋਣ ਜਾ ਰਹੇ ਸਨ. ਉਨ੍ਹਾਂ ਦੱਸਿਆ ਕਿ ਉਹ ਕਿਵੇਂ ਇੱਕ ਨਿੱਕੀ ਜਿਹੀ ਨੌਕਰੀ ਕਰਦਾ ਸੀ, ਰੰਗਮੰਚ ਦੇ ਗੁਰ ਸਿੱਖਣ ਲਈ ਮਾਹਰਾਂ ਤੋਂ ਗੁਰ ਸਿੱਖਦਾ ਸੀ ਤੇ ਫ਼ਿਰ ਪੈਦਲ ਹੀ ਘਰ ਜਾਂਦਾ ਸੀ. ਫ਼ਿਰ ਗਈ ਰਾਤ ਤੱਕ ਨਾਟਕ ਟੀਮ ਨਾਲ ਰਿਹਰਸਲ ਕਰਦਾ ਸੀ ਤੇ ਸਵੇਰ ਸਾਰ ਕੰਮ ’ਤੇ ਚਲਾ ਜਾਂਦਾ ਸੀ. 

ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਉਹ ਜਲੰਧਰ ਦੂਰਦਰਸ਼ਨ ਦਾ ਸਟਾਰ ਹੋਣ ਦਾ ਮਾਣ ਹਾਸਿਲ ਕਰ ਰਿਹਾ ਸੀ, ਉੱਸੇ ਸਮੇਂ ਹੀ ਬੈਂਕ ਤੋਂ ਲੋਨ ਲੈ ਕੇ ਹਾਰਡਵੇਅਰ ਦੀ ਦੁਕਾਨ ਵੀ ਖੋਲ੍ਹ ਰਿਹਾ ਸੀ। ਇਹ ਜੀਵਨ ਦਾ ਸੰਘਰਸ਼ ਹੀ ਸੀ, ਜਿਸ ਸਦਕਾ ਉਸਨੂੰ ਇਹ  ਮੁਕਾਮ ਮਿਲ ਸਕਿਆ ਹੈ।  ਉਨ੍ਹਾਂ ਜ਼ੋਰ ਦੇ ਕਿਹਾ ਕਿ ਬਿਹਤਰ ਕਲਾਕਾਰ ਤੇ ਇਨਸਾਨ ਬਣਨ ਲਈ ਲਗਾਤਾਰ ਸਬਰ ਤੋਂ ਕੰਮ ਲੈਣਾ ਪੈਂਦਾ ਹੈ। 

ਜੇ ਕੋਈ ਕਾਹਲ ਕਰਨ ਦਾ ਯਤਨ ਕਰਦਾ ਹੈ ਤਾਂ ਉਸਦੇ ਰਾਹ ਵਿੱਚ ਹੀ ਦਮ ਤੋੜ ਜਾਣ ਦਾ ਖਤਰਾ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਕਲਾ ਸਮਾਜ ’ਚੋਂ ਪੈਦਾ ਹੁੰਦੀ ਹੈ, ਕਿਰਦਾਰ ਵੀ ਸਮਾਜ ਵਿਚੋਂ ਹੀ ਆਉਂਦੇ ਹਨ. ਜਿਸ ਕਲਾਕਾਰ ਕੋਲ ਸਮਾਜ ਦੀ ਅਬਜ਼ਰਵੇਸ਼ਨ ਕਰਨ ਤੇ ਉਸ ਵਿੱਚ ਕਲਪਨਾ ਸ਼ਾਮਲ ਕਰਨ ਦੀ ਜ਼ਿਆਦਾ ਯੋਗਤਾ ਹੈ, ਉਹ ਹੀ ਬਿਹਤਰੀਨ ਕਲਾਕਾਰ ਬਣ ਸਕਦਾ ਹੈ। ਇਸ ਸਬੰਧੀ ਉਨ੍ਹਾਂ ਆਪਣੇ ਨਿੱਜੀ ਅਨੁਭਵ ਵੀ ਸਾਂਝੇ ਕੀਤੇ ਤੇ ਨਵੇਂ ਕਲਾਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ਼ੰਕੇ ਵੀ ਨਵਿਰਤ ਕੀਤੇ। 

ਇਸ ਤਰ੍ਹਾਂ ਚੰਡੀਗੜ੍ਹ ਅਤੇ ਮੋਹਾਲੀ ਦੇ ਕਲਾਤਮਕ ਜਗਤ ਵਿੱਚ ਇੱਕ ਹੋਰ ਯਾਦਗਾਰੀ ਪੇਸ਼ਕਾਰੀ ਲੋਕਾਂ ਦੇ ਦਿਲਾਂ ਵਿੱਚ ਉਕਰੀ ਗਈ। ਕਲਾ ਦੇ ਖੇਤਰ ਵਿੱਚ ਅਜਿਹੀਆਂ ਸਰਗਰਮੀਆਂ ਨੇ ਕਿੰਨਿਆਂ ਮੁੰਡਿਆਂ ਕੁੜੀਆਂ ਨਸ਼ਿਆਂ ਅਤੇ ਹੋਰ ਭੈੜੇ ਰਸਤੇ ਪੈਣ ਤੋਂ ਬਚਾ ਕੇ ਸਿਰਜਣਾਤਮਕ ਪਾਸੇ ਲਾਇਆ ਹੈ ਇਸ ਬਾਰੇ ਗੱਲ ਕਰਾਂਗੇ ਕਿਸੇ ਵੱਖਰੀ ਪੋਸਟ ਵਿੱਚ। 


No comments: