Showing posts with label Prof. Shamsul Islam. Show all posts
Showing posts with label Prof. Shamsul Islam. Show all posts

Sunday, July 28, 2019

ਫਾਸ਼ੀਵਾਦ ਖ਼ਿਲਾਫ਼ ਕਲਾਕਾਰਾਂ ਤੇ ਲੋਕਾਂ ਦੀ ਜੋਟੀ ਜ਼ਰੂਰੀ: ਡਾ: ਸ਼ਮਸੁਲ ਇਸਲਾਮ

ਸੁਰਿੰਦਰ ਹੇਮ ਜਯੋਤੀ ਦੀ ਯਾਦ ਵਿੱਚ ਸੂਬਾਈ ਸਾਹਿਤਿਕ ਸਮਾਗਮ ਵੀ ਹੋਇਆ 
ਲੁਧਿਆਣਾ: 28 ਜੁਲਾਈ 2019: (ਪੰਜਾਬ ਸਕਰੀਨ ਬਿਊਰੋ):: 
ਸੱਤਰਿਵਆਂ ਦੇ ਦੌਰ ਅੰਦਰ ਫਾਸ਼ੀ ਹੱਲੇ ਖ਼ਿਲਾਫ਼ ਸਾਹਿਤਿਕ ਪਿੜ ਅੰਦਰ ਬੁਲੰਦੀਆਂ ਛੋਹਣ ਵਾਲੇ ' ਹੇਮ ਜਯੋਤੀ ' ਮਾਸਿਕ ਪੱਤਰ ਦੇ ਸੰਪਾਦਕ ਸੁਰਿੰਦਰ ਹੇਮ ਜਯੋਤੀ ਦੀ ਯਾਦ ਵਿੱਚ ਪੰਜਾਬੀ ਭਵਨ ਲੁਧਿਆਣਾ ਵਿਖੇ  ਹੋਏ ਸੂਬਾਈ ਸਾਲਾਨਾ ਸਾਹਿੱਤਕ ਸਮਾਗਮ ਵਿੱਚ ਜੁੜੇ ਬੁਂਧੀਜੀਵੀਆਂ ਤੇ ਲੇਖਕਾਂ ਨੇ ਮੁਲਕ ਅੰਦਰ ਫੈਲਦੇ ਫਾਸ਼ੀਵਾਦ ਦੇ ਖੂੰਖਾਰ ਪੰਜਿਆਂ ਖਿਲਾਫ਼ ਵਿਸ਼ਾਲ ਲੋਕ ਲਹਿਰ ਉਸਾਰਨ ਦਾ ਅਹਿਦ ਲਿਆ। 
ਪੰਜਾਬ ਲੋਕ ਸਭਿਆਚਾਰ ਮੰਚ (ਪਲਸ ਮੰਚ )ਵੱਲੋਂ ਹੋਏ ਇਸ ਸਮਾਗਮ ਦਾ ਆਗਾਜ਼ ਸੁਰਿੰਦਰ ਹੇਮ ਜਯੋਤੀ ਦੇ ਸੰਗਰਾਮੀ ਜੀਵਨ ਸਫਰ ਬਾਰੇ ਉੱਘੇ ਕਹਾਣੀਕਾਰ ਅਤਰਜੀਤ ਵੱਲੋਂ ਕਹੇ ਸ਼ਬਦਾਂ ਨਾਲ ਹੋਇਆ।
ਪ੍ਰੋ: ਜਗਮੋਹਣ ਸਿੰਘ ,ਪ੍ਰੋ: ਰਵਿੰਦਰ ਭੱਠਲ, ਨਾਮਵਰ ਰੰਗ ਕਰਮੀ ਮਨਜੀਤ ਕੌਰ ਔਲਖ, ਨਾਮਵਰ ਸੰਗਰਾਮਣ ਸੁਰਿੰਦਰ  ਕੁਮਾਰੀ ਕੋਛੜ, ਅਤਰਜੀਤ ਅਤੇ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦੀ ਪ੍ਰਧਾਨਗੀ ਹੇਠ, ਜਨਰਲ ਸਕੱਤਰ ਕੰਵਲਜੀਤ ਖੰਨਾ ਦੀ ਮੰਚ ਸੰਚਾਲਨਾ ਹੇਠ ਪ੍ਰਭਾਵਸ਼ਾਲੀ ਸਮਾਗਮ 'ਚ ਜੁੜੇ ਲੋਕਾਂ ਨੇ ਸੁਰਿੰਦਰ ਹੇਮ ਜਯੋਤੀ, ਪਿਰਥੀਪਾਲ ਸਿੰਘ ਰੰਧਾਵਾ, ਮਹਿੰਦਰ ਕੌਰ, ਸ਼ਹੀਦ ਊਧਮ ਸਿੰਘ , ਅਵਤਾਰ ਢੁੱਡੀਕੇ  ਨੂੰ ਖੜ੍ਹੇ ਹੋ ਕੇ ਭਾਵ ਭਿੰਨੀ ਸ਼ਰਧਾਂਜਲੀ ਭੇਂਟ ਕੀਤੀ ਗਈ।
ਸਮਾਗਮ ਦੇ ਮੁੱਖ ਬੁਲਾਰੇ ਦਿੱਲੀ ਯੂਨੀਵਰਿਸਟੀ ਦੇ ਪ੍ਰੋਫੈਸਰ ਜਾਣੇ ਪਛਾਣੇ ਰਾਜਨੀਤੀ ਸ਼ਾਸਤਰੀ ਤੇ ਰੰਗ ਕਰਮੀ ਸ਼ਮਸੁਲ ਇਸਲਾਮ ਨੇ "ਫਾਸ਼ੀਵਾਦ ਦੀਆਂ ਚੁਣੌਤੀਆਂ ਅਤੇ ਸਾਹਿਤਕਾਰਾਂ ਕਲਾਕਾਰਾਂ ਦੀ ਵਿਸ਼ੇਸ਼ ਭੂਮਿਕਾ"ਬਾਰੇ  ਵਿਸ਼ੇਸ਼ ਤੌਰ 'ਤੇ ਬੋਲਦਿਆਂ ਕਿਹਾ ਕਿ ਮੁਲਕ ਭਰ ਦੇ ਲੇਖਕਾਂ ਅਤੇ ਰੰਗ ਕਰਮੀਆਂ ਸਾਹਮਣੇ ਇੱਕੋ  ਰਾਹ ਹੈ ਕਿ ਉਹ ਫਾਸ਼ੀਵਾਦ ਨੂੰ ਲੱਕ ਤੋੜਵੀਂ ਹਾਰ ਦੇਣ ਲਈ ਸੰਘਰਸ਼ਸ਼ੀਲ ਲੋਕਾਂ ਨਾਲ ਜੋਟੀ ਪਾ ਕੇ ਜਨਤਕ ਟਾਕਰਾ ਕਰਨ ਲਈ ਲੋਕ ਲਹਿਰ ਦਾ ਮਜਬੂਤ ਕਿਲ੍ਹਾ ਉਸਾਿਰਆ ਜਾਏ।
ਸ਼ਮਸੁਲ ਇਸਲਾਮ ਨੇ ਕਿਹਾ  ਕਿ ਜੋ ਸਮਾਜਿਕ ਤਬਦੀਲੀ ਨੂੰ ਪਰਨਾਈਆਂ ਇਨਕਲਾਬੀ ਸ਼ਕਤੀਆਂ ਹਨ, ਉਹਨਾਂ ਦਾ ਪ੍ਰਮੁੱਖ ਏਜੰਡਾ ਨਵਾਂ ਸਮਾਜ ਸਿਰਜਣਾ  ਹੈ, ਉਹਨਾਂ ਤਾਕਤਾਂ ਨੂੰ ਜਾਣਬੁੱਝ ਕੇ ਅਸਲ  ਨਿਸ਼ਾਨੇ ਤੋਂ ਭਟਕਾ  ਫਿਰਕੂ ਫਾਸ਼ੀਵਾਦ ਦੇ ਪਹਾੜਾਂ ਨਾਲ ਟਕਰਾਉਣ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ।
ਡਾਕਟਰ ਸ਼ਮਸੁਲ ਇਸਲਾਮ ਨੇਿਕ ਪ੍ਰਤੀਬੱਧ ਸਾਹਿਤਕਾਰ ਸਿਰਫ  ਸ਼ੀਸ਼ਾ ਦਿਖਾਉਣ ਦਾ ਹੀ ਕੰਮ ਨਹੀਂ ਕਰਦਾ, ਸਗੋਂ ਉਸਦੀਆਂ ਕਲਾ, ਕਿਰਤਾਂ, ਸਮਾਜ  ਨਵਾਲੋਕ ਪੱਖੀ ਮੁਹਾਂਦਰਾ ਦੇਣ ਦਾ ਵੀ ਕੰਮ ਕਰਦਾ ਹੈ। ਉਨਾਂ  ਕਿਹਾ  ਕਿ ਫਾਸ਼ੀਵਾਦ ਖਿਲਾਫ਼ ਜੂਝਦੇ ਕਾਫਲਿਆਂ ਨੂੰ ਆਪਣੀ ਮੰਜਿਲ  ਪਾਉਣ ਲਈ ਲੋਕਾਂ ਦੇ ਹਕੀਕੀ ਰਾਜਨੀਤਕ, ਆਰਿਥਕ, ਸਮਾਿਜਕ, ਸਭਿਆਚਾਰਕ ਮੁੱਦਿਆਂ  ਉੱਪਰ ਲੰਮੀ ਜੱਦੋਜਹਿਦ  ਕਰਨੀ ਪਵੇਗੀ। 
ਪ੍ਰੋ: ਸ਼ਮਸੁਲ ਇਸਲਾਮ ਨੇ ਕਿਹਾ  ਕਿ ਸ਼ਹੀਦ ਊਧਮ ਸਿੰਘ ਦਾ ਆਪਣੇ ਆਪ ਮੁਹੰਮਦ ਸਿੰਘ ਆਜ਼ਾਦ ਲਿਖਣਾ ਸਾਡੇ ਲਈ ਰੌਸ਼ਨੀ ਦਿੰਦਾ ਹੈ, ਕਿ ਅਸੀਂ ਕੇਹੋ ਜਿਹਾ ਭਵਿੱਖ ਸਿਰਜਣਾ ਹੈ। ਅਖੀਰ 'ਚ ਸ਼ਮਸੁਲ ਇਸਲਾਮ ਨੇ ਕਿਹਾ ਕਿ ਚਲੇ ਚੱਲੋ  ਦਿਲ ਮੇਂ ਘਾਵ ਲੇ ਕੇ ਭੀ ਚਲੇ ਅਜਿਹੇ ਅੰਦਾਜ਼ 'ਚ ਪੇਸ਼ ਕੀਤੀ  ਕਿ ਖਚਾਖਚ ਭਰੇ ਹਾਲ 'ਚ ਬੈਠੇ ਸਰੋਤੇ ਉਹਨਾਂ ਦੇ ਨਾਲ ਗਾਉਣ ਲੱਗ ਪਏ। ਪ੍ਰੋਫੈਸਰ ਜਗਮੋਹਣ  ਸਿੰਘ ਨੇ ਪ੍ਰਧਾਨਗੀ ਮੰਡਲ ਦੀ ਤਰਫੋਂ ਬੋਲਦਿਆਂ ਕਿਹਾ ਕਿ ਸਾਨੂੰ ਲੋਕਾਂ ਤੀਕ ਆਪਣੀ ਗੱਲ ਪਹੁੰਚਾਉਣ ਲਈ ਹਰਮਨ ਪਿਆਰਾ ਲੋਕ ਪ੍ਰਵਾਨਤ ਮੁਹਾਵਰਾ ਅਪਣਾਉਣ ਦੀ ਲੋੜ ਹੈ।
ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ  ਕਿ ਭਾਵੇਂ ਮੁਲਕ ਅੰਦਰ ਫਾਸ਼ੀਵਾਦ ਦੀ ਹਨੇਰੀ ਵਗਾਉਣ ਦਾ ਹਰ ਹੀਲਾ ਵਰਤਿਆ ਜਾ ਰਿਹਾ ਹੈ, ਪਰ ਇਸ ਦੌਰ ਅੰਦਰ ਚੇਤਨਾ ਦੇ ਚਿਰਾਗ ਵੀ ਤਾਂ ਜਗਦੇ ਨੇ । ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਇਸ ਕਾਲੇ ਦੌਰ ਤੇ ਲੋਕ ਅਵੱਸ਼ ਹੀ ਫਤਹਿ ਪਾਉਣਗੇ।
ਉੱਘੇ ਕਵੀ ਹਰਮੀਤ ਵਿਦਿਆਰਥੀ ਨੇ ਸਮਾਗਮ ਚ ਕਵੀ ਦਰਬਾਰ ਦਾ ਮੰਚ ਸੰਚਾਲਨ ਕਰਿਦਆਂ ਪ੍ਰੋ: ਰਵਿੰਦਰ ਭੱਠਲ, ਪ੍ਰੋ: ਗੁਰਭਜਨ ਗਿੱਲ , ਪ੍ਰੋ: ਸੁਰਜੀਤ ਜੱਜ, ਮਹਿੰਦਰ ਸਾਥੀ ਨੂੰ ਪ੍ਰਧਾਨਗੀ ਮੰਡਲ 'ਚ ਸੁਸ਼ੋਭਤ ਹੋਣ ਦਾ ਸੱਦਾ ਦਿੱਤਾ। 
ਕਵੀ ਦਰਬਾਰ ਚ ਤ੍ਰੈਲੋਚਨ ਲੋਚੀ, ਕਾਰਿਤਕਾ ਸਿੰਘ, ਹਾਕਮ ਰੂੜੇਕੇ, ਸ਼ਰਧਾ ਸ਼ੁਕਲਾ, ਹਰਬੰਸ ਮਾਲਵਾ, ਗੁਰਦਿਆਲ ਰੌਸ਼ਨ, ਅਨਿਲ ਆਦਮ, ਪਾਲੀ ਖ਼ਾਦਿਮ, ਸੁਰਜੀਤ ਜੱਜ, ਪ੍ਰੋ: ਗੁਰਭਜਨ ਗਿੱਲ ਪ੍ਰੋ:ਰਵਿੰਦਰ ਭੱਠਲ, ਮਹਿੰਦਰ ਸਾਥੀ, ਸ਼ਮਸੁਲ ਇਸਲਾਮ ਅਤੇ ਹਰਮੀਤ ਵਿਦਿਆਰਥੀ ਨੇ ਅਜੇਹੀਆਂ ਕਵਿਤਾਵਾਂ , ਗੀਤਾਂ ਅਤੇ ਗ਼ਜ਼ਲਾਂ ਦਾ ਅਜਿਹਾ ਰੰਗ ਛੇੜਿਆ ਜੋ ਲੋਕ ਮਨਾਂ ਤੇ ਅਮਿੱਟ ਛਾਪ ਛੱਡ ਗਿਆ। ਹਰ ਕਵਿਤਾ ਅੱਜ ਦੇ ਸਾਜ਼ਿਸ਼ੀ ਮਾਹੌਲ ਦੀਆਂ ਪਰਤਾਂ ਉਤਾਰਦੀ ਸੀ। ਲੋਕਾਂ ਨੂੰ ਦਰਪੇਸ਼ ਚੁਣੌਤੀਆਂ  ਦੀ ਗੱਲ ਕਰਦੀ ਸੀ। ਸਿਰਫ ਗੱਲ ਹੀ ਨਹੀਂ ਕਰਦੀ ਬਲਕਿ ਇਹਨਾਂ ਚੁਣੌਤੀਆਂ ਨੂੰ ਕਬੂਲ ਕਰਨ ਦੀ ਹਿੰਮਤ ਵੀ ਦੇਂਦੀ ਸੀ। 
ਡਾਕਟਰ ਬੀਨਆਰ ਅੰਬੇਦਕਰ ਅਤੇ ਮਹਾਤਮਾ ਗਾਂਧੀ ਦੇ ਫਲਸਫੇ ਬਾਰੇ ਖੂਬਸੂਰਤ ਅੰਦਾਜ਼ ਚ ਲਿਖੇ ਅਰੁੰਧਤੀ ਰਾਏ ਸੰਵਾਦ ਕੱਟ ਮਰਨ,ਮੁਲਕ ਦੇ ਬੁੱਧੀਜੀਵੀਆਂ ਨੂੰ  ਸੀਖਾਂ ਪਿੱਛੇ  ਡੱਕਣ , ਜੱਲਿਆਂ ਵਾਲਾ ਬਾਗ ਦੀ ਇਿਤਹਾਸਕ ਦਿੱਖ ਮਿਟਾ ਕੇ ਸੈਰ ਗਾਹ ਬਣਾਉਣ, ਫਿਰਕੂ ਜ਼ਹਿਰ ਘੋਲਦੇ ਗੀਤਾਂ ਨੂੰ ਪ੍ਰਫੁੱਲਤ  ਕਰਨ, ਭੀੜਤੰਤਰ  ਨੂੰ ਥਾਪੜਾ ਦੇ ਕੇ ਮੁਲਕ 'ਚ ਮਾਰਧਾੜ ਕਰਨ ਦੇ ਜੋ ਕੋਝੇ ਮਨਸ਼ੇ ਬੰਦ ਕਰਨ ਦੇ ਮਤਿਆਂ ਨੂੰ ਹਾਜਰੀਨ ਨੇ ਹੱਥ ਖੜ੍ਹੇ ਕਰਕੇ ਪਾਸ ਕੀਤਾ।
ਸਮਾਗਮ 'ਚ ਸੁਰਜੀਤ ਸਿੰਘ ਜਵੰਦਾ, ਕਹਾਣੀਕਾਰ ਗੁਰਮੀਤ ਕੜਿਆਲਵੀ ਪੰਜਾਬੀ ਸਾਹਿੱਤ ਅਕਾਡਮੀ ਦੇ ਸਕੱਤਰ ਮਨਜਿੰਦਰ ਧਨੋਆ ਤੇ ਡਾ: ਗੁਰਇਕਬਾਲ ਸਿੰਘ, ਸੁਖਦੇਵ ਸਿੰਘ ਔਲਖ ਸ਼ੇਰਪੁਰ, ਤੇਜਾ ਸਿੰਘ ਤਿਲਕ, ਅਮਨਦੀਪ ਟੱਲੇਵਾਲੀਆ, ਸੁਖਵਿੰਦਰ ਸਿੰਘ ਸਨੇਹ ਬਰਨਾਲਾ, ਹੰਸਾ ਸਿੰਘ ਨਾਟਕਕਾਰ, ਹਰਵਿੰਦਰ ਦੀਵਾਨਾ, ਡਾ: ਸੁਰਜੀਤ ਬਰਾੜ ਘੋਲੀਆ, ਹਰਕੇਸ਼ ਚੌਧਰੀ, ਲਾਲ, ਗੁਲਜ਼ਾਰ ਪੰਧੇਰ, ਸੁਭਾਸ਼ ਬਿੱਟੂ ਮਾਨਸਾ, ਮਾਸਟਰ ਚਰਨ ਸਿੰਘ ਸਰਾਭਾ, ਭਾਸ਼ਾ ਵਿਗਿਆਨੀ ਡਾ: ਜੋਗਾ ਸਿੰਘ ਤੇ ਡਾ: ਕੁਲਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ,ਪ੍ਰੋ: ਏ ਕੇ ਮਲੇਰੀ, ਮਾਸਟਰ ਹਰੀਸ਼ ਪੱਖੋਵਾਲ, ਰੈਕਟਰ ਕਥੂਰੀਆ, ਪਲਵਿੰਦਰ ਢੁੱਡੀਕੇ, ਹਰਬੰਸ ਸਿੰਘ ਗਰੇਵਾਲ, ਹਰਜਿੰਦਰ ਸਿੰਘ , ਮਾਸਟਰ ਕੁਲਵੰਤ ਸਿੰਘ ਤਰਕ, ਅਤੇ ਵੱਡੀ ਗਿਣਤੀ ਵਿੱਚ ਇਨਸਾਫ਼ ਪਸੰਦ, ਬੁੱਧੀਜੀਵੀ, ਸਾਹਿਤਕਾਰ ਹਾਜ਼ਰ ਹੋਏ।

Sunday, August 20, 2017

ਹਿੰਦੂਤਵੀ ਫਾਸ਼ੀਵਾਦ ਦੀ ਹਨੇਰੀ ਨੂੰ ਪ੍ਰੋ. ਸ਼ਮਸੁਲ ਇਸਲਾਮ ਦੀ ਚੁਣੌਤੀ

ਵੰਦੇ ਮਾਤਰਮ ਸਮੇਤ ਬਹੁਤ ਸਾਰੇ ਮੁੱਦਿਆਂ ਬਾਰੇ ਬੋਲੇ ਗਏ ਝੂਠਾਂ ਦਾ ਪਰਦਾਫਾਸ਼ 
ਲੁਧਿਆਣਾ: 20 ਅਗਸਤ 2017: (ਪੰਜਾਬ ਸਕਰੀਨ ਟੀਮ)::
''ਹਿੰਦੂਤਵੀ ਫਾਸ਼ੀਵਾਦ ਦਾ ਅੰਧਕਾਰ ਇਸ ਲਈ ਦਨਦਨਾ ਰਿਹਾ ਹੈ ਕਿਉਂਕਿ ਅਸੀਂ ਸਮਾਜ ਵਿਰੋਧੀ ਵਰਤਾਰੇ ਉੱਪਰ ਸਵਾਲ ਨਹੀਂ ਉਠਾ ਰਹੇ।''
Click to See More Pics on Facebook
ਇਹ ਵਿਚਾਰ ਅੱਜ ਇਥੇ ਜਮਹੂਰੀ ਅਧਿਕਾਰ ਸਭਾ ਪੰਜਾਬ ਵਲੋਂ ਅੱਜ ਸਥਾਨਕ ਪੰਜਾਬੀ ਭਵਨ ਵਿਖੇ ਆਯੋਜਤ ਪ੍ਰੋਫੈਸਰ ਅਜਮੇਰ ਸਿੰਘ ਔਲਖ ਯਾਦਗਾਰੀ ਲੈਕਚਰ ਦੇ ਮੌਕੇ ਹਿੰਦੂਤਵੀ ਫ਼ਾਸ਼ੀਵਾਦ ਅਤੇ ਜਮਹੂਰੀ ਹੱਕਾਂ ਦੀ ਲਹਿਰ ਅੱਗੇ ਚੁਣੌਤੀਆਂ ਵਿਸ਼ੇ ਉੱਪਰ ਬੋਲਦਿਆਂ ਦਿੱਲੀ ਯੂਨੀਵਰਸਿਟੀ. ਦੇ ਸਾਬਕਾ ਪ੍ਰੋਫੈਸਰ ਅਤੇ ਰੰਗਕਰਮੀ ਪ੍ਰੋਫੈਸਰ ਸ਼ਮਸੁਲ ਇਸਲਾਮ ਨੇ ਪ੍ਰਗਟ ਕੀਤੇ। ਕਨਵੈਨਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਮੁੱਖ ਵਕਤਾ ਦੇ ਨਾਲ ਪ੍ਰੋਫੈਸਰ ਜਗਮੋਹਣ ਸਿੰਘ, ਪ੍ਰੋਫੈਸਰ ਏ.ਕੇ.ਮਲੇਰੀ, ਪ੍ਰਿੰਸੀਪਲ ਬੱਗਾ ਸਿੰਘ ਅਤੇ ਪ੍ਰੋਫੈਸਰ ਔਲਖ ਦੀਆਂ ਬੇਟੀਆਂ ਸੁਪਨਦੀਪ ਕੌਰ ਅਤੇ ਅਜਮੀਤ ਕੌਰ ਸ਼ੁਸ਼ੋਭਿਤ ਸਨ। 
ਪ੍ਰੋਫੈਸਰ ਔਲੱਖ ਬਾਰੇ ਗੱਲ ਕਰਦਿਆਂ ਮੁੱਖ ਵਕਤਾ ਨੇ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਨਾਲ ਅਸੀਂ ਸੱਭਿਆਚਾਰ ਖੇਤਰ ਦੇ ਕਮਾਂਡਰ-ਇਨ-ਚੀਫ਼ ਤੋਂ ਵਾਂਝੇ ਹੋ ਗਏ ਹਾਂ। ਤਾਨਾਸ਼ਾਹਾਂ ਅਤੇ ਜ਼ਾਲਮਾਂ ਦੀ ਬਜਾਏ ਲੋਕ ਉਨ੍ਹਾਂ ਸਿਦਕਵਾਨ ਲੋਕ ਨਾਇਕਾਂ ਨੂੰ ਯਾਦ ਕਰਦੇ ਹਨ ਜੋ ਸਟੇਟ ਦੇ ਜ਼ੁਲਮਾਂ ਵਿਰੁੱਧ ਬੇਖ਼ੌਫ਼ ਜੂਝਦੇ ਹਨ। ਪ੍ਰੋਫੈਸਰ ਔਲਖ ਆਪਣੇ ਕੰਮ, ਆਪਣੇ ਨਾਟਕਾਂ ਜ਼ਰੀਏ ਜ਼ਿੰਦਾ ਰਹਿਣਗੇ। ਮੁਲਕ ਦੇ ਅੱਜ ਦੇ ਹਾਲਾਤ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਸੱਤਾ ਇਨਸਾਨਾਂ ਦੇ ਜਿਸਮਾਂ ਨੂੰ ਉਨ੍ਹਾਂ ਦੇ ਦਿਮਾਗਾਂ ਜ਼ਰੀਏ ਕੰਟਰੋਲ ਕਰਦੀ ਹੈ। ਇਹੀ ਅੱਜ ਸੱਤਾ ਉੱਪਰ ਕਾਬਜ਼ ਸੰਘ ਪਰਿਵਾਰ ਕਰ ਰਿਹਾ ਹੈ। ਹਿੰਦੂਤਵੀ ਕੈਂਪ ਸ਼ੁਰੂ ਤੋਂ ਹੀ ਸੰਵਿਧਾਨ ਅਤੇ ਤਿਰੰਗੇ ਝੰਡੇ ਦਾ ਦੁਸ਼ਮਣ ਰਿਹਾ ਹੈ ਅਤੇ ਬਸਤੀਵਾਦੀ ਦੌਰ ਵਿਚ ਜਿਸ ਹਿੰਦੂ ਮਹਾਂ ਸਭਾ ਦੀਆਂ ਸਰਕਾਰਾਂ ਤਿਰੰਗਾ ਲਹਿਰਾਉਣ ਵਾਲਿਆਂ ਉੱਪਰ ਹਮਲੇ ਕਰਦੀਆਂ ਰਹੀਆਂ ਹਨ ਉਹੀ ਦੇਸ਼ਧ੍ਰੋਹੀ ਅੱਜ ਤਰੰਗੇ ਦੇ ਨਾਂ ਹੇਠ ਸੱਚੇ ਦੇਸ਼ਭਗਤਾਂ, ਘੱਟਗਿਣਤੀਆਂ ਅਤੇ ਅਸਹਿਮਤ ਚਿੰਤਕਾਂ ਨੂੰ ਨਿਸ਼ਾਨਾ ਬਣਾ ਰਿਹਾ ਹਨ। ਠੋਸ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਜਿਸ ਨੂੰ ਸੰਘ ਪਰਿਵਾਰ ਵਲੋਂ ਮਾਡਲ ਰਾਸ਼ਟਰਵਾਦੀ ਬਣਾਕੇ ਪੇਸ਼ ਕੀਤਾ ਜਾ ਰਿਹਾ ਹੈ ਉਹ ਜਦੋਂ ਬਸਤੀਵਾਦੀ ਰਾਜ ਵਿਚ ਬੰਗਾਲ ਪ੍ਰੈਜ਼ੀਡੈਂਸੀ ਦਾ ਡਿਪਟੀ ਪ੍ਰਧਾਨ ਮੰਤਰੀ ਸੀ ਉਸ ਨੂੰ 'ਭਾਰਤ ਛੱਡੋ ਅੰਦੋਲਨ' ਨੂੰ ਦਬਾਉਣ ਦਾ ਜ਼ਿੰਮਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭਾਵੇਂ ਸੱਤਾ ਬਦਲੀ ਦੇ ਸਮੇਂ ਤੋਂ ਭਾਰਤੀ ਹੁਕਮਰਾਨ ਜਮਾਤ ਸੰਵਿਧਾਨ ਅਤੇ ਧਰਮਨਿਰਪੱਖਤਾ ਦੀ ਹਾਮੀ ਭਰਦੇ ਸਨ ਪਰ ਉਨ੍ਹਾਂ ਦੇ ਘੱਟਗਿਣਤੀਆਂ, ਦਲਿਤਾਂ ਲਈ ਕਾਨੂੰਨ ਹੋਰ ਰਹੇ ਹਨ ਅਤੇ ਬਹੁਗਿਣਤੀ, ਉੱਚ ਜਾਤੀਆਂ ਲਈ ਹੋਰ। ਇਸੇ ਲਈ ਅੱਜ ਤਕ ਘੱਟਗਿਣਤੀਆਂ ਤੇ ਦਲਿਤਾਂ ਦੇ ਕਤਲੇਆਮਾਂ ਨੂੰ ਅੰਜਾਮ ਦੇਣ ਵਾਲੇ ਕਿਸੇ ਵੀ ਕਸੂਰਵਾਰ ਨੂੰ ਸਜ਼ਾ ਨਹੀਂ ਮਿਲੀ। ਇਹ ਸਾਰੇ ਕਸੂਰਵਾਰ ਜ਼ਮਾਨਤ 'ਤੇ ਬਾਹਰ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਈ 2014 ਵਿਚ ਭਾਜਪਾ ਦੇ ਸੱਤਾਧਾਰੀ ਹੋਣ ਤੋਂ ਬਾਦ ਘੱਟਗਿਣਤੀਆਂ ਅਤੇ ਅਸਹਿਮਤ ਆਵਾਜ਼ਾਂ ਉੱਪਰ ਹਮਲਿਆਂ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ, ਦਲਿਤਾਂ ਉੱਪਰ ਅੱਤਿਆਚਾਰ 300 ਫ਼ੀਸਦੀ ਵਧੇ ਹਨ। ਜਦੋਂ ਹਿੰਦੂ ਰਾਸ਼ਟਰਵਾਦੀ ਹੋਣ 'ਤੇ ਮਾਣ ਕਰਨ ਵਾਲਾ ਸੰਘ ਪ੍ਰਚਾਰਕ ਪ੍ਰਧਾਨ ਮੰਤਰੀ ਬਣ ਚੁੱਕਾ ਹੈ ਤਾਂ ਟੈਂਕ ਰਾਸ਼ਟਰਵਾਦ, ਰਾਮ ਮੰਦਰ, ਗਊ ਹੱਤਿਆ, ਸਰਸਵਤੀ ਦੀ ਮੂਰਤੀ ਆਦਿ ਹਿੰਦੂਤਵੀ ਏਜੰਡੇ ਨੂੰ ਦੇਸ਼ ਦੇ ਮੁੱਖ ਮਸਲੇ ਬਣਾਕੇ ਪੇਸ਼ ਕਰਨਾ ਹੈਰਾਨੀਜਨਕ ਨਹੀਂ। ਸੱਚਾਈ, ਵਿਚਾਰਾਂ ਦੀ ਗ਼ਰੀਬੀ ਦੇ ਦੌਰ ਵਿਚ ਫਾਸ਼ੀਵਾਦੀ ਤਾਕਤਾਂ ਦਾ ਕੰਮ ਇਸ ਕਰਕੇ ਆਸਾਨ ਹੋ ਗਿਆ ਹੈ ਕਿ ਇਨ੍ਹਾਂ ਨੂੰ ਜੁਰਅਤ ਨਾਲ ਸਵਾਲ ਪੁੱਛਣ ਲਈ ਲੋਕ ਅੱਗੇ ਨਹੀਂ ਆ ਰਹੇ। ਸਿਰਫ਼ ਗੋਲਵਾਲਕਰ ਦੇ ਇਕ ਲੇਖ ਲਿਖਣ ਨਾਲ ਇਹ ਸੱਚ ਮੰਨ ਲਿਆ ਗਿਆ ਕਿ ਮੁਸਲਮਾਨਾਂ ਅਤੇ ਈਸਾਈਆਂ ਦੇ ਆਉਣ ਤੋਂ ਬਾਦ ਹੀ ਗਊ ਹੱਤਿਆ ਸ਼ੁਰੂ ਹੋਈ। 
ਉਨ੍ਹਾਂ ਡਾ. ਅੰਬੇਡਕਰ ਦੀ ਖੋਜ ਦੇ ਹਵਾਲੇ ਨਾਲ ਕਿਹਾ ਕਿ ਹਿੰਦੂ ਗ੍ਰੰਥਾਂ ਵਿਚ ਨਾ ਸਿਰਫ਼ ਗਊ ਮਾਸ ਖਾਣ ਉੱਪਰ ਜ਼ੋਰ ਦਿੱਤਾ ਗਿਆ ਹੈ ਸਗੋਂ ਇਨ੍ਹਾਂ ਗ੍ਰੰਥਾਂ ਵਿਚ ਉਚੇਚੇ ਤਰੀਕੇ ਸੁਝਾਏ ਗਏ ਹਨ ਕਿ ਗਊ ਮਾਸ ਨੂੰ ਕਿਨ੍ਹਾਂ ਤਰੀਕਿਆਂ ਨਾਲ ਜ਼ਾਇਕੇਦਾਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ 'ਬੰਦੇ ਮਾਤਰਮ' ਨਾਅਰੇ ਦੇ ਮੂਲ ਸਰੋਤ ਨਾਵਲ ਆਨੰਦ ਮੱਠ ਦੇ ਹਵਾਲੇ ਨਾਲ ਸਪਸ਼ਟ ਕੀਤਾ ਕਿ ਇਸ ਨੂੰ ਪੂਰੀ ਤਰ੍ਹਾਂ ਰਾਸ਼ਟਰਵਾਦੀ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਨਾਵਲ ਦੇ ਅੰਤ ਵਿਚ ਮੁਸਲਿਮ ਫ਼ਿਰਕੇ ਵਿਰੁੱਧ ਨਫ਼ਰਤ ਪੈਦਾ ਕਰਨ ਵਾਲਾ ਅਤੇ ਬਰਤਾਨਵੀ ਪ੍ਰਸ਼ਾਸਨ ਵਿਰੁੱਧ ਲੜਾਈ ਬੰਦ ਕਰਨ ਦਾ ਸੰਦੇਸ਼ ਦਿਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਨੂੰ ਰਾਸ਼ਟਰਵਾਦੀ ਲਹਿਰ ਨੇ ਇਕ ਨਾਅਰੇ ਦੇ ਤੌਰ 'ਤੇ ਅਪਣਾਇਆ ਗਿਆ ਸੀ ਨਾ ਕਿ ਰਾਸ਼ਟਰੀ ਗੀਤ ਦੇ ਤੌਰ 'ਤੇ।
ਉਨ੍ਹਾਂ ਕਿਹਾ ਕਿ ਹੁਕਮਰਾਨਾਂ ਦਾ ਪ੍ਰਚਾਰ ਹਮੇਸ਼ਾ ਲਈ ਲੋਕਾਂ ਨੂੰ ਗੁੰਮਰਾਹ ਕਰਕੇ ਹਨੇਰੇ ਵਿਚ ਨਹੀਂ ਰੱਖ ਸਕਦਾ। ਸਾਨੂੰ ਸਵਾਲ ਕਰਨ ਲਈ ਅੱਗੇ ਆਕੇ ਹਿੰਦੂਤਵੀ ਫਾਸ਼ੀਵਾਦੀਆਂ ਵਲੋਂ ਫੈਲਾਏ ਅੰਧਕਾਰ ਨੂੰ ਤੋੜਨਾ ਹੋਵੇਗਾ। ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਹਿੰਦੂਤਵੀ ਫਾਸ਼ੀਵਾਦੀਆਂ ਵਲੋਂ ਘੱਟਗਿਣਤੀਆਂ, ਦਲਿਤਾਂ ਅਤੇ ਕਮਿਊਨਿਸਟਾਂ ਸਮੇਤ ਅਗਾਂਹਵਧੂ ਤਾਕਤਾਂ ਨੂੰ ਇਸ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਇਹ ਅਧਿਕਾਰਾਂ ਦੀ ਮੰਗ ਕਰਦੇ ਹਨ। ਇਹ ਹਿੱਸੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਵਿਚ ਇਜ਼ਾਫ਼ੇ, ਰੋਜ਼ਗਾਰ ਰਹਿਤ ਵਿਕਾਸ, ਦਿਨੋਦਿਨ ਵਧ ਰਹੀ ਸਮਾਜੀ ਬੇਚੈਨੀ ਅਤੇ ਆਪਣੇ ਸ਼ਾਸਨ ਦੀ ਨਾਕਾਮੀ ਬਾਰੇ ਸਵਾਲ ਨਾ ਉਠਾ ਸਕਣ ਇਸ ਲਈ ਰਾਸ਼ਟਰਵਾਦ ਦਾ ਅੰਧਕਾਰ ਫੈਲਾਉਣਾ ਇਨ੍ਹਾਂ ਲਈ ਜ਼ਰੂਰੀ ਹੈ। 
ਉਨ੍ਹਾਂ ਕਿਹਾ ਕਿ ਆਰ.ਐੱਸ.ਐੱਸ. ਦੀ ਯੁੱਧਨੀਤਕ ਗੇਮ ਨੂੰ ਸਮਝਣਾ ਜ਼ਰੂਰੀ ਹੈ, ਉਹ ਮੁਸਲਮਾਨਾਂ ਨੂੰ ਇਸ ਲਈ ਸਬਕ ਸਿਖਾਉਣਾ ਚਾਹੁੰਦੇ ਹਨ ਕਿਉਂਕਿ ਮੁਸਲਮਾਨਾਂ ਨੇ ਧਰਮਬਦਲੀ ਰਾਹੀਂ ਦਲਿਤਾਂ ਨੂੰ ਸਮਾਜਿਕ ਬਰਾਬਰੀ ਦੇਣ ਦੀ ਕੋਸ਼ਿਸ਼ ਕੀਤੀ ਸੀ ਜੋ ਮਨੂ ਸਮਰਿਤੀ ਦੇ ਪੈਰੋਕਾਰਾਂ ਨੂੰ ਹਰਗਿਜ਼ ਮਨਜ਼ੂਰ ਨਹੀਂ। ਉਨ੍ਹਾਂ ਕਿਹਾ ਕਿ 15 ਅਗਸਤ ਉੱਪਰ ਦੇਸ਼ ਦੇ ਲੋਕਾਂ ਨਾਲ ਇਸ ਤੋਂ ਵੱਡਾ ਮਜ਼ਾਕ ਕੀ ਹੋ ਸਕਦਾ ਹੈ ਕਿ ਗੋਰਖਪੁਰ ਵਿਚ ਪੰਜ ਦਰਜਨ ਤੋਂ ਉੱਪਰ ਬੱਚਿਆਂ ਨੇ ਆਕਸੀਜਨ ਖ਼ਤਮ ਹੋਣ ਨਾਲ ਦਮ ਤੋੜਿਆ ਹੋਵੇ ਅਤੇ ਪ੍ਰਧਾਨ ਮੰਤਰੀ ਵਿਸ਼ੇਸ਼ ਪੁਸ਼ਾਕ ਨਾਲ ਬਣ -ਠਣਕੇ ਤਰੱਕੀ ਦੇ ਦਮਗੱਜੇ ਮਾਰੇ। 
ਇਸ ਮੌਕੇ ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਵਲੋਂ ਲੋਕ ਨਾਟਕਕਰ ਪ੍ਰੋਫੈਸਰ ਔਲਖ ਦੇ ਯੋਗਦਾਨ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਮਾਜ ਦੀ ਜ਼ਮੀਨ ਨਾਲ ਜੁੜਕੇ ਨਾਟਕਾਂ ਦੀ ਸਿਰਜਣਾ ਕੀਤੀ ਅਤੇ ਲੋਕਾਂ ਦੇ ਅਹਿਸਾਸਾਂ ਨੂੰ ਜ਼ਬਾਨ ਦੇਕੇ ਸੰਵਾਦ ਰਚਾਇਆ । ਉਨ੍ਹਾਂ ਕਿਹਾ ਕਿ ਸਮਾਜ ਨੂੰ ਬਦਲਣ ਲਈ ਨਾਟਕ ਕਰਨਾ ਉਨ੍ਹਾਂ ਦਾ ਉਦੇਸ਼ ਸੀ। ਅੱਜ ਦੇ ਹਾਲਾਤ ਵਿਚ ਜਮਹੂਰੀ ਹੱਕਾਂ ਦਾ ਅਹਿਸਾਸ ਬਹੁਤ ਅਹਿਮ ਚੀਜ਼ ਹੈ। ਇਹ ਚੇਤਨਾ ਫੈਲਾਉਣਾ ਹੀ ਲੋਕ ਨਾਟਕਕਾਰ ਦਾ ਸੁਨੇਹਾ ਸੀ ਉਨ੍ਹਾਂ ਦੀ ਚੇਤਨਾ ਦੀ ਮਸ਼ਾਲ ਨੂੰ ਬੁਲੰਦ ਰੱਖਣ ਦੀ ਲੋੜ ਹੈ। ਇਸ ਮੌਕੇ ਪ੍ਰੋਫੈਸਰ ਮਲੇਰੀ ਵਲੋਂ ਪੇਸ਼ ਕੀਤੇ ਮਤਿਆਂ ਵਿਚ ਵਿਚਾਰਾਂ ਦੀ ਆਜ਼ਾਦੀ ਉੱਪਰ ਹੋ ਰਹੇ ਹਮਲਿਆਂ ਅਤੇ ਚਿੰਤਕਾਂ ਵਿਰੋਧੀ ਫਾਸ਼ੀਵਾਦੀ ਮਾਹੌਲ ਉੱਪਰ ਚਿੰਤਾ ਜ਼ਾਹਿਰ ਕੀਤੀ ਗਈ ਅਤੇ ਹਿੰਦੂ ਫਾਸ਼ੀਵਾਦ ਦੇ ਸਾਂਝੇ ਵਿਰੋਧ ਨਾਲ ਇਕਮੁੱਠਤਾ ਪ੍ਰਗਟਾਈ ਗਈ। ਗੋਰਖਪੁਰ ਵਿਚ ਬੱਚਿਆਂ ਦੀ ਮੌਤ ਉੱਪਰ ਦੁੱਖ ਦਾ ਇਜ਼ਹਾਰ ਕਰਦਿਆਂ ਸਿਹਤ ਸੇਵਾਵਾਂ ਦੇ ਨਿੱਜੀਕਰਨ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਗਿਆ। ਇਕ ਹੋਰ ਮਤੇ ਰਾਹੀਂ ਟਰੇਡ ਯੂਨੀਅਨ ਆਗੂਆਂ ਨੂੰ ਸਿੱਖਿਆ ਮੰਤਰੀ ਦੇ ਖ਼ਿਲਾਫ਼ ਪ੍ਰਦਰਸ਼ਨ ਨੂੰ ਲੈਕੇ ਜਾਰੀ ਕੀਤੇ ਨੋਟਿਸਾਂ ਨੂੰ ਜਮਹੂਰੀ ਹੱਕ ਉੱਪਰ ਹਮਲਾ ਕਰਾਰ ਦਿੱਤਾ ਗਿਆ। ਕੁਝ ਹੋਰ ਅਹਿਮ ਮਤੇ ਵੀ ਪਾਸ ਕੀਤੇ ਗਏ। ਹਰਬੰਸ ਸੋਨੂ, ਸੁਰਜੀਤ ਭੱਠਲ, ਵਿਜੈ ਨਰਾਇਣ ਵਲੋਂ ਗੀਤ ਪੇਸ਼ ਕੀਤੇ ਗਏ। ਪ੍ਰੋਫੈਸਰ ਸ਼ਮਸੁਲ ਇਸਲਾਮ ਵਲੋਂ ਵੀ ਅਖ਼ੀਰ ਵਿਚ ਬਹੁਤ ਹੀ ਪ੍ਰਭਾਵਸ਼ਾਲੀ ਗੀਤ ਪੇਸ਼ ਕੀਤਾ ਗਿਆ ਜਿਸ ਨੂੰ ਸਮੂਹ ਹਾਜ਼ਰੀਨ ਵਲੋਂ ਆਵਾਜ਼ ਦਿੱਤੀ ਗਈ। ਸਟੇਜ ਦਾ ਸੰਚਾਲਨ ਜ਼ਿਲ੍ਹਾ ਪ੍ਰਧਾਨ ਜਸਵੰਤ ਜੀਰਖ ਵਲੋਂ ਕੀਤਾ ਗਿਆ।
ਇਸ ਮੌਕੇ ਜਮਹੂਰੀ ਅਗਾਂਹਵਧੂ ਸ਼ਖਸੀਅਤਾਂ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ, ਕਰਨਲ ਜੇਐੱਸ ਬਰਾੜ, ਡਾ. ਸੁਖਦੇਵ ਸਿੰਘ, ਡਾ. ਸੁਖਪਾਲ ਸਿੰਘ, ਪ੍ਰੋਫੈਸਰ ਆਰ.ਪੀ.ਸਭਰਵਾਲ, ਪ੍ਰੋਫੈਸਰ ਪ੍ਰੇਮ ਪ੍ਰਕਾਸ਼, ਪੀ.ਐੱਸ. ਯੂ. ਅਤੇ ਹੋਰ ਵਿਦਿਆਰਥੀ ਨੌਜਵਾਨ ਜਥੇਬੰਦੀਆਂ ਅਤੇ ਮਜ਼ਦੂਰ ਜਥੇਬੰਦੀਆਂ ਦੇ ਆਗੂ, ਪਲਸ ਮੰਚ ਦੀ ਸੂਬਾਈ ਟੀਮ, ਸੀਨੀਅਰ ਪੱਤਰਕਾਰ ਰਾਜੀਵ ਖੰਨਾ (ਕੈਚ ਨਿਊਜ਼) ਅਤੇ ਸ਼ਿਵਇੰਦਰ ਸਿੰਘ (ਸੰਪਾਦਕ ਸੂਹੀ ਸਵੇਰ), ਐਡਵੋਕੇਟ ਨਰਿੰਦਰ ਸਿੰਘ, ਐਡਵੋਕੇਟ ਗੁਰਚਰਨਜੀਤ ਸਿੰਘ, ਐਡਵੋਕੇਟ ਹਰਪ੍ਰੀਤ ਸਿੰਘ ਤੋਂ ਇਲਾਵਾ, ਸਭਾ ਦੇ ਸਮੂਹ ਸੂਬਾ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਇਕਾਈਆਂ ਦੇ ਸਰਗਰਮ ਆਗੂ ਹਾਜ਼ਰ ਸਨ।

Thursday, August 25, 2016

ਪ੍ਰੋ. ਸ਼ਮਸੁਲ ਇਸਲਾਮ ਵੱਲੋਂ ਡਾ.ਦਾਭੋਲਕਰ ਦੇ ਆਦਰਸ਼ਾਂ ਤੇ ਡਟੇ ਰਹਿਣ ਦਾ ਸੱਦਾ

ਮਨੁਸਮ੍ਰਿਤੀ ਦੇ ਨਾਲ ਫਾਸ਼ੀਵਾਦ ਦੀਆਂ ਸਾਜ਼ਿਸ਼ਾਂ ਨੂੰ ਵੀ ਬਣਾਇਆ ਨਿਸ਼ਾਨਾ 
ਲੁਧਿਆਣਾ: 25 ਅਗਸਤ 2016: (ਪੰਜਾਬ ਸਕਰੀਨ ਬਿਊਰੋ):
 ਵੀਡੀਓ ਵੀ ਦੇਖੋ 
 ਮੌਸਮ ਅੱਜ ਵੀ ਬਾਰ ਬਾਰ ਰੰਗ ਬਦਲ ਰਿਹਾ ਸੀ ਪਰ ਪੰਜਾਬੀ ਭਵਨ ਵਿੱਚ ਚੱਲ ਰਹੇ ਸੈਮੀਨਾਰ ਵਿੱਚ ਸਾਰੇ ਸਰੋਤੇ ਇੱਕ ਸੁਰ ਹੋ ਕੇ ਪ੍ਰੋਫੈਸਰ ਸ਼ਮਸੁਲ ਇਸਲਾਮ ਨੂੰ ਸੁਣ ਰਹੇ ਸਨ। ਇਹਨਾਂ ਵਿੱਚ ਨੌਜਵਾਨ ਮੁੰਡੇ ਕੁੜੀਆਂ ਵੀ ਸਨ ਅਤੇ ਬਜ਼ੁਰਗ ਵਰਗ ਵੀ ਮੌਜੂਦ ਸੀ। ਬਹੁਤ ਸਾਰੇ ਲੋਕਾਂ ਨੇ ਮਨੁਸਮ੍ਰਿਤੀ ਵਿਚਲਾ ਸੱਚ ਪ੍ਰੋਫੈਸਰ ਸ਼ਮਸੁਲ ਇਸਲਾਮ ਦੇ ਮੂੰਹੋਂ ਸ਼ਾਇਦ  ਸੁਣਿਆ ਸੀ। ਬੇਇਨਸਾਫ਼ੀ ਵਾਲਿਆਂ ਜਾਲਿਮਾਨਾ ਅਤੇ ਅਣਮਨੁੱਖੀ ਹਦਾਇਤਾਂ ਅਤੇ ਉਪਦੇਸ਼ਾਂ ਨਾਲ ਭਰੇ ਇਸ ਚਿਰ ਵਿਵਾਦਿਤ ਗ੍ਰੰਥ ਵਿਚਲੀਆਂ ਗੱਲਾਂ ਨੇ ਸਰੋਤਿਆਂ ਨੂੰ ਹੈਰਾਨ ਕਰ ਰੱਖਿਆ ਸੀ। ਇਸਦੇ ਨਾਲ ਹੀ ਉਹਨਾਂ ਇਸਲਾਮ ਅਤੇ ਪਾਕਿਸਤਾਨ ਵਿੱਚ ਆਈਆਂ ਬੁਰਾਈਆਂ ਦੀ ਵੀ ਵਿਸਥਾਰ ਨਾਲ ਚਰਚਾ ਕੀਤੀ। 
ਉਹਨਾਂ ਕਿਹਾ ਕਿ ਫਾਸ਼ੀਵਾਦ ਵਾਲਾ ਸ਼ਕਤੀਸ਼ਾਲੀ ਹੋਇਆ ਟੋਲਾ ਰਾਸ਼ਟਰਵਾਦ ਤੇ ਧਰਮ ਦੇ ਨਾਂ ਤੇ ਜ਼ਿੰਦਗੀ, ਬਰਾਬਰੀ ਤੇ ਹੱਕਾਂ ਦੀ ਲੜਾਈ ਨੂੰ ਦਬਾ ਕੇ ਰੱਖਣਾ ਚਾਹੁੰਦਾ ਹੈ ਤਾਂ ਕਿ ਲੋਕ ਆਪਣੇ ਬੁਨਿਆਦੀ ਮਸਲਿਆਂ ਤੇ ਸਮਾਜ ਦੀ ਬਿਹਤਰੀ ਲਈ ਸੰਘਰਸ਼ਾਂ ਦਾ ਰਾਹ ਨਾ ਅਖਤਿਆਰ ਨਾ ਕਰ ਲੈਣ। ਫਾਸ਼ੀ ਰੁਝਾਨ ਦੇ ਚਲਦਿਆਂ ਚੇਤਨਾ ਦਾ ਪਾਸਾਰ ਕਰਨ ਵਾਲੇ ਸਾਹਿਤਕਾਰਾਂ, ਚਿੰਤਕਾਂ ਤੇ ਹੋਰਨਾਂ ਅਜਿਹੇ ਬੁਧੀਜੀਵੀਆਂ ਦਾ ਕਤਲ ਕੀਤਾ ਜਾ ਰਿਹਾ ਹੈ ਪਰ ਵਿਚਾਰ ਨੂੰ ਕਦੇ ਨਹੀਂ ਦਬਾਇਆ ਜਾ ਸਕਦਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਾਮਵਰ ਚਿੰਤਕ ਤੇ ਨਾਟਕਕਾਰ ਸ਼ਮਸੁਲ ਇਸਲਾਮ ਨੇ ਸਥਾਨਕ ਪੰਜਾਬੀ ਭਵਨ ਚ ਫਾਸ਼ੀਵਾਦ ਵੱਲੋਂ ਤਰਕਸ਼ੀਲ ਤੇ ਪ੍ਰਗਤੀਵਾਦੀ ਲਹਿਰ ਲਈ ਪੈਦਾ ਕੀਤੀਆਂ ਜਾ ਰਹੀਆਂ ਚੁਣੌਤੀਆਂ ਤੇ ਚਰਚਾ ਕਰਦਿਆਂ ਪ੍ਰਗਟਾਏ। ਉਹਨਾਂ ਆਖਿਆ ਕਿ ਦੇਸ਼ ਭਰ ਚ ਫਾਸ਼ੀਵਾਦੀ ਤਾਕਤਾਂ ਵੱਲੋਂ ਭਗਵੇਂਕਰਨ ਦੇ ਪਾਸਾਰ ਲਈ ਗਿਣੀ ਮਿਥੀ ਸਾਜਿਸ਼ ਤਹਿਤ ਚਿੰਤਨਸ਼ੀਲ ਲੋਕਾਂ ਦਾ ਕਤਲ ਕਰਵਾਇਆ ਜਾ ਰਿਹਾ ਹੈ। ਇਸ ਫਾਸ਼ੀ ਰੁਝਾਨ ਨੂੰ ਚੇਤਨਾ ਤੇ ਵਿਚਾਰਾਂ ਨਾਲ ਅਜਿਹੀਆਂ ਤਾਕਤਾਂ ਖਿਲਾਫ਼ ਲੜਨਾ ਸਮੇਂ ਦੀ ਲੋੜ ਹੈ।  ਉਹਨਾਂ ਸਪੱਸ਼ਟ ਕੀਤਾ ਕਿ ਪ੍ਰੋ.ਕੁਲਬਰਗੀ, ਗੋਵਿੰਦ ਪੰਸਾਰੇ ਤੇ ਡਾ. ਦਾਭੋਲਕਰ ਦੇ ਆਦਰਸ਼ਾਂ ਦਾ ਪ੍ਰਚਾਰ ਪਸਾਰ ਕਰਨਾ ਹਰੇਕ ਚਿੰਤਨਸ਼ੀਲ ਵਿਅਕਤੀ ਦਾ ਫਰਜ਼ ਹੈ। ਤਰਕਸ਼ੀਲ ਸੁਸਾਇਟੀ ਦੇ ਸੂਬਾ ਜਥੇਬੰਦਕ ਮੁਖੀ ਰਾਜਿੰਦਰ ਭਦੌੜ ਨੇ ਫਾਸ਼ੀਵਾਦੀ ਤਾਕਤਾਂ ਵੱਲੋਂ ਸੋਚਣ,ਸਮਝਣ ਤੇ ਚਰਚਾ ਕਰਨ ਦੀ ਥਾਂ ਧਰਮ ਤੇ ਅੰਧਵਿਸ਼ਵਾਸ ਨੂੰ ਫੈਲਾਉਣ ਦੇ ਯਤਨਾਂ ਦੀ ਨਿੰਦਾ ਕਰਦਿਆਂ ਡਾ. ਦਾਭੋਲਕਰ ਦੇ ਆਦਰਸ਼ਾਂ ਤੇ ਪਹਿਰਾ ਦੇਣ ਦਾ ਸੱਦਾ ਦਿੱਤਾ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਤਰਕਸ਼ੀਲ ਆਗੂਆਂ ਹੇਮ ਰਾਜ ਸਟੈਨੋ, ਤਰਲੋਚਨ ਸਮਰਾਲਾ ਤੇ ਬਲਵਿੰਦਰ ਬਰਨਾਲਾ ਨੇ ਆਖਿਆ ਕਿ ਡਾ. ਦਾਭੋਲਕਰ ਦੇ ਸਮਾਜਿਕ ਚੇਤਨਾ ਦੇ ਆਦਰਸ਼ ਨੂੰ ਹਰ ਦਰ ਤੇ ਲਿਜਾ ਕੇ ਫਾਸ਼ੀਵਾਦ ਨੂੰ ਮਾਤ ਦਿੱਤੀ ਜਾ ਸਕਦੀ ਹੈ। ਆਗੂਆਂ ਨੇ ਆਖਿਆ ਕਿ ਪੰਜਾਬ ਦੀ ਤਰਕਸ਼ੀਲ ਸੋਸਾਇਟੀ ਅੰਧਵਿਸ਼ਵਾਸ ਤੇ ਅਗਿਆਨਤਾ ਦੇ ਹਨੇਰੇ ਖਿਲਾਫ਼ ਚੇਤਨਾ ਦਾ ਕਾਰਜ ਜਾਰੀ ਰੱਖੇਗੀ। ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰੋ. ਜਗਮੋਹਣ ਸਿੰਘ ਨੇ ਆਖਿਆ ਕਿ ਸ਼ਹੀਦ ਨਾਇਕਾਂ ਦੇ ਸੁਪਨਿਆਂ ਦੇ ਸਮਾਜ ਲਈ ਤਰਕਸ਼ੀਲਤਾ ਤੇ ਸੰਘਰਸ਼ ਸਮੇਂ ਦੀ ਲੋੜ ਹੈ.ਉਹਨਾਂ ਵਿਚਾਰਾਂ ਤੇ ਚੇਤਨਾ ਦੀ ਸਥਾਪਤੀ ਲਈ ਤਰਕਸ਼ੀਲਾਂ ਵੱਲੋਂ ਜੁਟਾਏ ਜਾ ਰਹੇ ਯਤਨਾਂ ਦੀ ਸਰਾਹਨਾ ਕੀਤੀ। ਸੈਮੀਨਾਰ ਚ ਰਾਜ ਭਰ ਤੋਂ ਆਏ ਤਰਕਸ਼ੀਲ ਆਗੂਆਂ ਐਡਵੋਕੇਟ ਹਰਿੰਦਰ ਲਾਲੀ, ਸੁਖਵਿੰਦਰ ਬਾਗਪੁਰ, ਰਾਮ ਸਵਰਨ ਲੱਖੇਵਾਲੀ, ਚੰਨਣ ਵਾਂਦਰ, ਭੂਰਾ ਸਿੰਘ ਮਹਿਮਾ, ਸੁਖਦੇਵ ਫਗਵਾੜਾ ਤੋਂ ਇਲਾਵਾ ਪ੍ਰੋ.ਏ.ਕੇ.ਮਲੇਰੀ,ਪਲਸ ਮੰਚ ਦੇ ਕਸਤੂਰੀ ਲਾਲ ਤੇ ਵੱਡੀ ਗਿਣਤੀ ਵਿੱਚ ਸਭਨਾਂ ਵਰਗਾਂ ਦੇ ਚਿੰਤਨਸ਼ੀਲ ਲੋਕ ਹਾਜ਼ਰ ਸਨ.ਸੈਮੀਨਾਰ ਦੌਰਾਨ ਦਸਤਕ ਮੰਚ ਵੱਲੋਂ ਗੀਤ ਤੇ ਮਨਜੀਤ ਘਣਗਸ ਨੇ ਗੀਤ ਗਾ ਕੇ ਹਾਜ਼ਰੀ ਲਵਾਈ। ਸੁਆਲ ਜੁਆਬ ਦੇ ਸੈਸ਼ਨ ਦੌਰਾਨ ਪ੍ਰੋ. ਸ਼ਮਸੁਲ ਇਸਲਾਮ ਨੇ ਦਰਸ਼ਕਾਂ ਦੇ ਸੁਆਲਾਂ ਦੇ ਭਾਵਪੂਰਤ ਅੰਦਾਜ਼ ਚ ਜੁਆਬ ਦਿੱਤੇ। ਪ੍ਰੋਫੈਸਰ ਸ਼ਮਸੁਲ ਨੇ ਬਹੁਤ ਸਾਰੇ ਸੁਆਲਾਂ ਦੇ ਜੁਵਾਬ ਦਿੱਤੇ।  ਤਕਰੀਬਨ ਤਕਰੀਬਨ ਹਰ ਸੁਆਲ ਦਾ ਜੁਆਬ ਦਿੱਤਾ। ਪਾਰ ਇਹਨਾਂ ਜੁਆਬਾਂ ਨੇ ਹਾਲ ਵਿੱਚ ਬੈਠੇ ਸਰੋਤਿਆਂ ਨੂੰ ਸੋਚਣ ਲੈ ਦਿੱਤਾ ਅਤੇ ਕਈ ਹੋਰ ਸੁਆਲਾਂ ਦੀ ਚਿੰਗ ਬਾਲ ਦਿੱਤੀ ਜਿਹੜੀ ਉਹਨਾਂ ਦੇ ਗਿਆਨ ਦੀ ਅਗਨੀ ਨ ਉਣ ਹੋਰ ਪ੍ਰਚੰਡ ਕਰਕੇ ਪਾਖੰਡ, ਅਡੰਬਰ ਅਤੇ ਸਾਜ਼ਿਸ਼ੀ ਹਨੇਰਿਆਂ ਨੂੰ ਚੀਰਨ ਦੇ ਕਾਬਲ ਬਣਾ ਦੇਵੇਗੀ।