ਇਤਿਹਾਸ ਵਿੱਚ ਹੁੰਦੀ ਰਹੀ ਬਰਬਰਤਾ ਦੇ ਕਈ ਮਾਮਲੇ ਬੇਨਕਾਬ ਕੀਤੇ ਗਏ
ਚੰਡੀਗੜ੍ਹ: 6 ਜੁਲਾਈ 2026: (ਪੰਜਾਬ ਸਕਰੀਨ ਟੀਮ)::
ਸਾਹਿਤ ਚਿੰਤਨ, ਚੰਡੀਗੜ੍ਹ ਦੀ ਜੁਲਾਈ ਮਹੀਨੇ ਦੀ ਮਾਸਿਕ ਇਕੱਤਰਤਾ ਇਸ ਵਾਰ ਵੀ ਮਹੀਨੇ ਦੇ ਪਹਿਲੇ ਐਤਵਾਰ 05 ਜੁਲਾਈ 2026 ਨੂੰ ਸਵੇਰੇ 10:30 ਵਜੇ ਹੋਈ। ਪ੍ਰਾਚੀਨ ਕਲਾ ਕੇਂਦਰ, ਸੈਕਟਰ 35-ਬੀ, ਚੰਡੀਗੜ੍ਹ ਵਿਖੇ ਡਾ. ਅਰੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ।
ਸਭ ਤੋਂ ਪਹਿਲਾਂ ਪਿਛਲੇ ਮਹੀਨੇ ਵਿਛੜੇ ਸਾਥੀਆਂ - ਇਜ਼ਰਾਇਲੀ ਹਮਲੇ ਵਿੱਚ ਮਾਰੇ ਗਏ 68 ਲਿਬਨਾਨੀ ਨਾਗਰਿਕ, ਸੱਤ ਮਹੀਨੇ ਦਾ ਫ਼ਲਸਤੀਨੀ ਬੱਚਾ ਸੈਮ ਫਾਹਿਦ ਅਬੂ ਹਾਈਕਲ, ਦੋ ਇਰਾਨੀ ਨਾਗਰਿਕ ਸ਼ਾਹਮਨ ਹੁਸੈਨੀ ਤੇ ਅਲੀ ਰਜਾ ਅਬੀਰੀ, ਉੱਤਰ ਪ੍ਰਦੇਸ਼ ਵਿੱਚ ਪੈਰ ਘੁੱਟਣ ਤੋਂ ਨਾਂਹ ਕਰਨ ਤੇ ਮਾਰਿਆ ਦਲਿਤ ਲੜਕਾ ਰਾਜ ਕੁਮਾਰ, ਅਦਾਕਾਰਾ ਸੰਚਿਤ ਉਗਦੇ, ਰੰਗ ਕਰਮੀ ਰਜਿੰਦਰ ਮੰਡ, ਲੋਕ ਅਵਾਜ਼ ਦੇ ਪ੍ਰਧਾਨ ਰਾਮ ਸਿੰਘ, ਲਖਨਊ ਅਗਨੀ ਕਾਂਡ ਵਿੱਚ ਮਰੇ 15 ਵਿਦਿਆਰਥੀ, ਡਾ. ਹਰਬੰਸ ਸਿੰਘ ਧੀਮਾਨ, ਵੈਨਜ਼ੂਏਲਾ ਵਿੱਚ ਭੂਚਾਲ ਨਾਲ ਮਰੇ 1700 ਨਾਗਰਿਕ, ਮਾਂ ਵੱਲੋਂ ਰੋਪੜ ਨਹਿਰ ਵਿੱਚ ਸੁੱਟ ਕੇ ਮਾਰੇ ਤਿੰਨ ਬੱਚੇ ਤਪਿਸ਼ (10), ਤਨਵੀ (7), ਨਿਤਿਨ (4), ਮੋਹਾਲੀ ਵਿੱਚ ਵਿਧਵਾ ਮਾਂ ਵੱਲੋਂ ਗਲ਼ਾ ਘੁੱਟ ਕੇ ਮਾਰੇ ਤਿੰਨ ਬੱਚੇ ਕਾਲੋ (12), ਮੋਟੋ (7), ਵਿਸ਼ਵਾਸ਼ (1½) ਤੇ ਸੰਦੀਪ ਕੌਰ ਨੂੰ ਦੋ ਮਿੰਟ ਮੌਨ ਖੜ੍ਹੇ ਹੋ ਕੇ ਸਰਧਾਂਜਲੀ ਭੇਂਟ ਕੀਤੀ ਗਈ। ਫਿਰ ਪਿਛਲੇ ਮਹੀਨੇ ਦੀ ਕਾਰਵਾਹੀ ਪੜ੍ਹੀ ਤੇ ਪ੍ਰਵਾਨ ਕੀਤੀ ਗਈ।
ਹੇਠ ਲਿਖੇ 6 ਮਤੇ ਸਰਬ-ਸੰਮਤੀ ਨਾਲ ਪਾਸ ਕੀਤੇ ਗਏ:-
1. ਮੱਧ ਪ੍ਰਦੇਸ਼ ਵਿੱਚ ਸੁਤੰਤਰਤਾ ਸੰਗਰਾਮੀ ਬਰਕਤ ਉਲਾ ਯੂਨੀਵਰਸਿਟੀ ਦਾ ਨਾਮ ਬਦਲਣ ਦਾ ਫੈਸਲਾ ਵਾਪਿਸ ਲਿਆ ਜਾਵੇ।
2. ਕੇਂਦਰੀ ਵਿਦਿਆਲਿਆਂ ਵਿੱਚ ਛੇਵੀਂ ਤੇ ਨੌਵੀਂ ਜਮਾਤ ਵਿੱਚ ਸੰਸਕ੍ਰਿਤ ਲਾਜ਼ਮੀ ਵਿਸ਼ਾ ਕਰਨ ਦਾ ਫੈਸਲਾ ਰੱਦ ਕੀਤਾ ਜਾਵੇ।
3. ਪੱਛਮੀ ਬੰਗਾਲ ਵਿੱਚ ਜਮਹੂਰੀ ਕਾਰਕੁਨਾਂ ਰਾਏ ਚੌਧਰੀ, ਝਿਲਮ ਰਾਏ ਤੇ ਸਕੁਮਲ ਰਾਇਲ ਦੇ ਘਰਾਂ ਵਿੱਚ ਛਾਪੇ ਮਾਰ ਕੇ ਲੋਕ ਸਾਹਿਤ ਜਬਤ ਕਰਕੇ ਪ੍ਰੇਸ਼ਾਨ ਕਰਨ ਦੀ ਨਿੰਦਾ ਕੀਤੀ ਗਈ।
4. ਐਨ.ਸੀ.ਈ.ਆਰ.ਟੀ. ਦੇ ਸਿਲੇਬਸ ਵਿੱਚੋਂ ਫਰਾਂਸ ਤੇ ਰੂਸੀ ਕਰਾਂਤੀ ਦੇ ਪਾਠ ਕੱਢ ਕੇ ਮਨੁ ਸਿਮਰਤੀ ਦੇ ਰੂੜ੍ਹੀਵਾਦੀ ਸਲੋਕ ਸ਼ਾਮਲ ਕਰਨ ਦਾ ਫੈਸਲਾ ਰੱਦ ਕੀਤਾ ਜਾਵੇ।
5. ਭਾਸ਼ਾ ਵਿਭਾਗ ਪੰਜਾਬ ਦੀਆਂ ਗਰਾਂਟਾਂ, ਨਿਯੁਕਤੀਆਂ ਤੇ ਪ੍ਰਕਾਸ਼ਨਾਵਾਂ ਵਿੱਚ ਅੜਿੱਕੇ ਲਾਉਣੇ ਬੰਦ ਕੀਤੇ ਜਾਣ।
6. ਹਿੰਦ ਪਾਕਿ ਦੀਆ 116 ਨਾਮੀ ਹਸਤੀਆਂ ਵੱਲੋਂ ਦੋਹਾਂ ਮੁਲਕਾਂ ਦੀ ਦੁਵੱਲੀ ਗੱਲਬਾਤ, ਆਵਾਜਾਈ ਤੇ ਵਪਾਰ ਖੋਲ੍ਹਣ ਲਈ ਸਰਕਾਰਾਂ ਨੂੰ ਲਿਖੇ ਪੱਤਰ ਦਾ ਸਵਾਗਤ ਕੀਤਾ ਗਿਆ।
ਡਾ. ਜਗਦੀਸ਼ ਚੰਦਰ ਨੇ ਮਹਿਮਾਨਾਂ ਤੇ ਸਰੋਤਿਆਂ ਦਾ ਮਹੱਤਵਪੂਰਨ ਕਿਤਾਬ ਤੇ ਚਰਚਾ ਕਰਨ ਲਈ ਸਵਾਗਤ ਕੀਤਾ।
ਮੀਟਿੰਗ ਦੀ ਸ਼ੁਰੂਆਤ ਮਿਸ ਜਸਰੀਤ ਕੌਰ ਵੱਲੋਂ ਸੰਤ ਰਾਮ ਉਦਾਸੀ ਦੇ ਗੀਤ ‘ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼’ - ਨਾਲ ਕੀਤੀ ਗਈ।
ਪ੍ਰੋ. ਸ਼ਮਸ਼ੁਲ ਇਸਲਾਮ ਦੀ ਪੁਸਤਕ-‘ਵੰਡ ਵਿਰੋਧੀ ਮੁਸਲਮਾਨ’ (ਦੇਸ ਪ੍ਰੇਮੀ ਮੁਸਲਮਾਨਾਂ ਦੀ ਅਣਕਹੀ ਦਾਸਤਾਨ)-ਬਾਰੇ ਚਰਚਾ ਕਰਦਿਆਂ ਅਨੁਵਾਦਕ ਸ਼੍ਰੀ ਬੂਟਾ ਸਿੰਘ ਮਹਿਮੂਦਪੁਰ ਨੇ ਕਿਹਾ ਕਿ ਇਸ ਪੁਸਤਕ ਦਾ ਅਜੋਕੇ ਸਮੇਂ ਵਿੱਚ ਇਤਿਹਾਸਕ ਤੇ ਰਾਜਨੀਤਿਕ ਮਹੱਤਵ ਹੈ। ਬਹੁ-ਗਿਣਤੀ ਮੁਸਲਮਾਨਾਂ ਨੇ ਫਿਰਕਾਪ੍ਰਸਤੀ ਦਾ ਵਿਰੋਧ ਕਰਦੇ ਹੋਏ ‘ਟੂ ਨੇਸ਼ਨ ਥਿਊਰੀ’ ਦਾ ਵਿਰੋਧ ਕੀਤਾ ਤੇ ਸਾਂਝੇ ਤੌਰ ’ਤੇ ਸੁਤੰਤਰਤਾ ਸੰਗਰਾਮ ਵਿੱਚ ਭਾਗ ਲਿਆ। ਅਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਤੇ ਸ਼ਹੀਦ ਹੋਏ। ਸਿੰਧ ਦੇ ਮੁੱਖ ਮੰਤਰੀ ਅੱਲਾ ਬਖਸ਼ ਦਾ ਕਤਲ ਹੋਇਆ। ਸਰਹੱਦੀ ਗਾਂਧੀ ਖਾਨ ਅਬਦੁਲ ਗੁਫ਼ਾਰ ਖਾਨ ਨੇ ਵੰਡ ਦਾ ਜ਼ੋਰਦਾਰ ਵਿਰੋਧ ਕੀਤਾ। ਮੁਸਲਿਮ ਲੀਗ ਲੋਕਾਂ ਦੀ ਨੁਮਾਇੰਦਾ ਜੱਥੇਬੰਦੀ ਨਹੀਂ ਸੀ। ਮੁਸਲਿਮ ਲੀਗ ਤੇ ਹਿੰਦੂ ਮਹਾਂ ਸਭਾ ਨੇ ਕਈ ਰਾਜਾਂ ਵਿੱਚ ਸਾਂਝੀਆਂ ਸਰਕਾਰਾਂ ਚਲਾਈਆਂ। ਫੈਸਲੇ ਉੱਚ ਵਰਗ ਕਰਦਾ ਹੈ ਤੇ ਸੰਤਾਪ ਆਮ ਲੋਕ ਭੁਗਤਦੇ ਹਨ। ਵੰਡ ’ਤੇ ਆਮ ਕੌਮੀ ਸਹਿਮਤੀ ਨਹੀਂ ਸੀ। ਧਰਮ ਬੰਦੇ ਦਾ ਨਿੱਜੀ ਮਾਮਲਾ ਹੈ। ਵੰਡ ਵੇਲੇ ਲੱਖਾਂ ਨਾਗਰਿਕ ਮਾਰੇ ਗਏ ਤੇ ਕਰੋੜਾਂ ਬੇਘਰ ਹੋਏ। ਇੱਕ ਧਰਮ ਹੋਣ ਦੇ ਬਾਵਜੂਦ ਪਾਕਿਸਤਾਨ ਤੇ ਬੰਗਲਾ ਦੇਸ਼ ਇੱਕ ਨਾ ਰਹਿ ਸਕੇ। ਗਲਤ ਮਿੱਥਾਂ ਨੂੰ ਤੋੜਨ ਤੇ ਇਤਿਹਾਸ ਦੇ ਸ਼ੀਸ਼ੇ ਤੋਂ ਧੂੜ ਝਾੜਨ ਲਈ ਲੇਖਕ ਦਾ ਧੰਨਵਾਦ ਹੈ।
ਸ਼੍ਰੀ ਅਭੈ ਸਿੰਘ ਨੇ ਬਹਿਸ ਸ਼ੁਰੂ ਕਰਦਿਆਂ ਕਿਹਾ ਕਿ ਕਾਂਗਰਸ ਮੁਸਲਮਾਨ ਪ੍ਰੀਮੀਅਰਾਂ ਨੂੰ ਵਿਸ਼ਵਾਸ ਵਿੱਚ ਨਹੀਂ ਲੈ ਸਕੀ। ਮੁਸਲਿਮ ਲੀਗ ਸਮੁੱਚੇ ਭਾਈਚਾਰੇ ਦੀ ਅਗਵਾਨੂੰ ਨਹੀਂ ਸੀ। ਤਕਸੀਮ ਲਈ ਦੁਬਿਧਾ ਤੇ ਦੋਚਿੱਤੀ ਸੀ। ਸਿੱਟੇ ਵਜੋਂ ਪੰਜਾਬ ਵਿੱਚ ਜਾਨ ਤੇ ਮਾਲ ਦੀ ਹਾਨੀ ਹੋਈ। ਖੁਸ਼ੀ ਨਾਲ ਕੋਈ ਨਹੀਂ ਉਜੜਦਾ। ਕਸ਼ਮੀਰ ਨੂੰ ਹਿੰਦੂ ਲਹਿਰ ਨਾਲ ਨਹੀਂ ਜੋੜਿਆ ਜਾ ਸਕਦਾ। ਸ਼ੇਖ ਅਬਦੂਲਾ ਅਖੰਡ ਭਾਰਤ ਲਈ ਲੜਿਆ। ਹੁਣ ਵੀ ਨਫਰਤ ਘਟਾ ਕੇ ਸਬੰਧ ਸੁਧਾਰੇ ਜਾ ਸਕਦੇ ਹਨ।
ਸ਼੍ਰੀ ਜਸਵੰਤ ਸਿੰਘ ਨੇ ਕਿਹਾ ਕਿਤਾਬ ਵਿੱਚ ਅੱਲਾ ਬਖਸ਼ ਤੇ ਅਜ਼ਾਦ ਮੁਸਲਿਮ ਕਾਨਫਰੰਸ ਦੇ ਯੋਗਦਾਨ ਬਾਰੇ ਵਧੀਆ ਜਾਣਕਾਰੀ ਹੈ। ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ’ ਲਿਖਣ ਵਾਲੇ ਡਾ. ਇਕਬਾਲ ਤੇ ਹੋਰ ਸ਼ਾਇਰਾਂ ਬਾਰੇ ਵੀ ਬਹੁਮੁੱਲੀ ਜਾਣਕਾਰੀ ਹੈ।
ਸ਼੍ਰੀ ਜੈਪਾਲ ਨੇ ਕਿਹਾ ਕਿ ਪੁਸਤਕ ਵਿੱਚ ਅੰਗਰੇਜ਼ ਪੱਖੀ ਰਿਆਸਤਾਂ ਦੀ ਭੂਮਿਕਾ ਦਾ ਭਰਪੂਰ ਜ਼ਿਕਰ ਹੈ। ਸੰਘ ਦੇ ਸੌ ਸਾਲਾ ਫਿਰਕੂ ਇਤਿਹਾਸ ਦਾ ਲੇਖਾ-ਜੋਖਾ ਹੈ। ਸਾਂਝੀ ਵਿਰਾਸਤ ਤੇ ਸੱਭਿਆਚਾਰਕ ਮੁੱਲਾਂ ਦਾ ਵਰਨਣ ਹੈ। ਬਸਤੀਵਾਦੀ ਰਾਜ ਸਮੇਂ ਹਰੇਕ ਬਾਲਗ ਨੂੰ ਵੋਟ ਦਾ ਅਧਿਕਾਰ ਨਹੀਂ ਸੀ। ਕੇਵਲ ਸਾਧਨ ਸੰਪਨ ਲੋਕ ਹੀ ਵੋਟ ਦੇ ਹੱਕਦਾਰ ਸਨ।
ਇਤਿਹਾਸਕਾਰ ਡਾ. ਸੁਭਾਸ਼ ਪਰਿਹਾਰ ਨੇ ਕਿਹਾ ਕਿ ਰਾਜੇ ਮਹਾਂਰਾਜਿਆਂ ਨੇ ਗੱਦੀ ਹਾਸਲ ਕਰਨ ਲਈ ਆਪਣੇ ਸਕੇ ਭਰਾਵਾਂ ਨੂੰ ਮਰਵਾਇਆ। ਉਨ੍ਹਾਂ ਨੇ ਆਪਣੇ ਧਾਰਮਿਕ ਗ੍ਰੰਥਾਂ ਦਾ ਨਿੱਠ ਕੇ ਅਧਿਐਨ ਨਹੀਂ ਕੀਤਾ। ਅੰਗਰੇਜ਼ਾਂ ਕੋਲ ਆਪਣੇ ਸੈਨਿਕਾਂ ਨੂੰ ਤਨਖਾਹਾਂ ਦੇਣ ਲਈ ਪੈਸੇ ਨਹੀਂ ਸਨ। ਹਾਕਮਾਂ ਦਾ ਧਿਆਨ ਲੁੱਟ ਤੇ ਟੈਕਸਾਂ ਵੱਲ ਰਹਿੰਦਾ ਸੀ। ਧਾੜਵੀਆਂ ਨੇ ਸੋਮਨਾਥ ਵਰਗੇ ਮੰਦਿਰਾਂ ’ਤੇ ਹਮਲੇ ਸੋਨਾ, ਚਾਂਦੀ ਤੇ ਪੈਸਾ ਲੁੱਟਣ ਲਈ ਕੀਤੇ। ਧਰਮ ਵੱਲ ਉਨ੍ਹਾਂ ਦਾ ਧਿਆਨ ਨਹੀਂ ਸੀ। ਉਨ੍ਹਾਂ ਫਿਰਕੂ ਸੋਚ ਜਾਂ ਨਫਰਤ ਨਾਲ ਅਜਿਹਾ ਨਹੀਂ ਕੀਤਾ।
ਸ਼੍ਰੀ ਹਰਬੰਸ ਸਿੰਘ ਨੇ ਕਿਹਾ ਕਿ ਜੇਕਰ ਭੂਗੋਲਿਕ ਨੇੜਤਾ ਹੁੰਦੀ ਤਾਂ ਸਰਹੱਦੀ ਗਾਂਧੀ ਖਾਨ ਅਬਦੁਲ ਗਫ਼ਾਰ ਖਾਨ ਦਾ ਬਲੋਚਸਤਾਨ ਭਾਰਤ ਦਾ ਹਿੱਸਾ ਹੁੰਦਾ।
ਪ੍ਰੋ. ਸ਼ਮਸੁਲ ਇਸਲਾਮ ਨੇ ਆਪਣੇ ਇੱਕ ਘੰਟਾ ਲੰਮੇ ਭਾਸ਼ਣ ਵਿੱਚ ਕਿਹਾ ਕਿ ਉਸ ਨੇ ਕਈ ਮਿੱਥਾਂ/ਗਲਤ ਧਾਰਨਾਵਾਂ ਨੂੰ ਸਹੀ ਕਰਨ ਦਾ ਯਤਨ ਕੀਤਾ। ਧਾਰਨਾ ਹੈ ਕਿ ਕੇਵਲ ਆਰੀਅਨ ਹੀ ਸ਼ੁੱਧ ਹਿੰਦੂ ਹਨ। ਮੁਸਲਮਾਨ ਨੂੰ ਮਲੇਸ਼ ਕਹਿ ਕੇ ਭੰਡਿਆ ਜਾਂਦਾ ਸੀ। ਉਨ੍ਹਾਂ ਨੂੰ ਕਾਲੇ ਅੰਬ/ਅਮਰੂਦ ਦੇ ਪੇੜਾਂ ਨਾਲ ਲਟਕਾ ਕੇ ਫਾਂਸੀ ਦਿੱਤੀ ਜਾਂਦੀ ਸੀ। ਸੈਂਕੜੇ ਸਾਲਾਂ ਦੇ ਮੁਸਲਮਾਨ ਸ਼ਾਸਨ ਪਿੱਛੋਂ ਵੀ ਦੇਸ਼ ਮੁਸਲਿਮ ਨਹੀਂ ਬਣਿਆ। ਮੁਗਲ ਹਾਕਮਾਂ ਨੇ ਹਿੰਦੂਆਂ ਨਾਲ ਰੋਟੀ ਬੇਟੀ ਦੇ ਰਿਸ਼ਤੇ ਬਣਾਏ। ਉਨ੍ਹਾਂ ਦੀਆਂ ਹਿੰਦੂ ਬੀਵੀਆਂ ਸਨ। ਬਹੁਤੇ ਸਾਧਨ ਤੇ ਸੰਪਤੀ ਹਿੰਦੂ ਸੇਠਾਂ ਕੋਲ ਸੀ। ਬ੍ਰਾਹਮਣਾਂ ਦਾ ਬੋਧੀਆਂ ਨਾਲ ਵੀ ਕਲੇਸ਼ ਸੀ। ਦਲਿਤ ਤੇ ਸ਼ੂਦਰ ਬੋਧੀ ਬਣ ਗਏ। ਮਨੂ ਸਿਮਰਤੀ ਦਲਿਤਾਂ ਤੇ ਔਰਤਾਂ ਦੇ ਅਪਮਾਨ ਨਾਲ ਭਰੀ ਪਈ ਹੈ। ਹਿੰਦੂ ਸਤੀ ਦੀ ਰਸਮ ਨੂੰ ਸਹੀ ਮੰਨਦੇ ਸਨ। ਨਸਲ ਸ਼ੁੱਧੀ ਲਈ ਹਰੇਕ ਵੈਸ਼, ਸ਼ੂਦਰ ਤੇ ਕਸ਼ੱਤਰੀ ਔਰਤ ਨੂੰ ਨੰਬੂਦਰੀ ਬ੍ਰਾਹਮਣਾਂ ਤੋਂ ਬੱਚਾ ਪੈਦਾ ਕਰਨਾ ਪੈਂਦਾ ਸੀ। ਰਜਵਾੜੇ ਅੰਗਰੇਜ਼ਾਂ ਦੇ ਦਲਾਲ ਸਨ। ਹਿੰਦੂ ਮਹਾਂ ਸਭਾ ਨੇ ਅੰਗਰੇਜ਼ਾਂ ਲਈ ਸੈਨਿਕ ਭਰਤੀ ਕੈਂਪ ਲਾਏ। ਸਵਾਏ ਮਾਨ ਸਿੰਘ ਅੰਗਰੇਜ਼ਾਂ ਵੱਲੋਂ ਲੜਿਆ। ਰਾਜਾ ਜੈ ਸਿੰਘ ਨੇ ਅੰਗਰੇਜ਼ਾਂ ਨੂੰ ਮੱਦਦ ਲਈ ਸੱਦਿਆ ਸੀ। ਅਡਾਨੀ ਤੇ ਅੰਬਾਨੀ ਗੁਜਰਾਤੀ ਬ੍ਰਾਹਮਣ ਹਨ। ਮਨੂ ਸਿਮਰਤੀ ਉੱਚ ਵਰਗ ਬ੍ਰਾਹਮਣਾਂ ਦੀ ਸੇਵਾ ਕਰਨ ਨੂੰ ਕਹਿੰਦੀ ਹੈ। ਇਸ ਵਿੱਚ ਸਿੱਖਿਆ, ਸੰਪਤੀ ਤੇ ਸ਼ਕਤੀ ਬ੍ਰਾਹਮਣਾਂ ਕੋਲ ਰੱਖਣ ਦੀ ਵਿਵਸਥਾ ਹੈ।
ਪ੍ਰੋ. ਸ਼ਮਸੁਲ ਇਸਲਾਮ ਤੇ ਉਨ੍ਹਾਂ ਦੀ ਪਤਨੀ ਪ੍ਰੋ. ਨੀਲਮਾ ਸ਼ਰਮਾ ਨੇ ਸਾਂਝੇ ਤੌਰ ਤੇ ਬਹੁਤ ਹੀ ਯਾਦਗਾਰੀ ਗੀਤ ਵੀ ਪੇਸ਼ ਕੀਤਾ ਜਿਸਨੇ ਸਰੋਤਿਆਂ ਨੂੰ ਆਪਣੇ ਨਾਲ ਨਾਲ ਝੂਮਣ ਲਾ ਦਿੱਤਾ।
ਡਾ. ਅਰੀਤ ਕੌਰ ਨੇ ਪ੍ਰਧਾਨਗੀ ਸਮੇਂ ਕਿਹਾ ਕਿ ਪ੍ਰੋ. ਸ਼ਮਸੁਲ ਇਸਲਾਮ ਨੇ ਸੱਚ ਦੀ ਸਮੱਗਰੀ ਪੇਸ਼ ਕੀਤੀ ਹੈ। ਬੂਟਾ ਸਿੰਘ ਮਹਿਮੂਦਪੁਰ ਨੇ ਚੰਗਾ ਅਨੁਵਾਦ ਕਰਕੇ ਪੁੰਨ ਦਾ ਕੰਮ ਕੀਤਾ ਹੈ। ਉਨ੍ਹਾਂ ਭਾਸ਼ਣ ਸੁਣਨ ਤੇ ਭਰਪੂਰ ਹਾਜ਼ਰੀ ਭਰਨ ਲਈ ਹਾਜ਼ਰੀਨ ਦਾ ਧੰਨਵਾਦ ਕੀਤਾ।
ਉਪਰੋਕਤ ਤੋਂ ਇਲਾਵਾ ਮੀਟਿੰਗ ਵਿੱਚ ਸਰਵ ਸ਼੍ਰੀ/ਸਰਵ ਸ਼੍ਰੀਮਤੀ ਡਾ. ਪਿਯੂਸ਼ ਅਵਸਥੀ, ਪ੍ਰੋ. ਅਮਰਜੀਤ ਸਿੰਘ ਅਰਪਨ, ਪ੍ਰੋ. ਗੁਰਮੇਲ ਸਿੰਘ, ਪ੍ਰੋ. ਅਤੈ ਸਿੰਘ, ਡਾ. ਮੇਘਾ ਸਿੰਘ, ਡਾ. ਰਾਜੇਸ਼ ਜੈਸਵਾਲ, ਯਸ਼ਪਾਲ, ਹਰਨਾਮ ਸਿੰਘ ਡੱਲਾ, ਭਜਨਵੀਰ ਸਿੰਘ, ਸ਼ਾਇਦਾ ਬਾਨੋ, ਗੁਰਜਿੰਦਰ ਸਿੰਘ ਬੜਾਣਾ, ਬਿਮਲ ਸ਼ਰਮਾ, ਇੰਦਰਜੀਤ ਸਿੰਘ, ਦਲਜੀਤ ਬੈਂਸ, ਵੈਸ਼ਾਲੀ, ਇੰਦਰਜੀਤ, ਸ਼ਿਵਮ, ਮਾਨਵਜੋਤ, ਰਾਮ ਕ੍ਰਿਸ਼ਨ ਧੁਨਕੀਆ, ਐਸ.ਕੇ. ਅਰੋੜਾ, ਚੰਗੇਜ ਖਾਨ, ਤਾਜ ਮੁਹੰਮਦ, ਫ਼ਕੀਰ ਮੁਹੰਮਦ, ਬੋਧ ਰਾਜ ਕਾਂਤ, ਸਤੀਸ਼ ਗਰਗ, ਸੁਖਦੇਵ ਸਿੰਘ, ਸੱਜਣ ਸਿੰਘ, ਮਨਦੀਪ ਸਿੰਘ, ਦਿਨੇਸ਼ ਕੁਮਾਰ, ਹਰਸਿਮਰਨ ਕੌਰ, ਅਵਤਾਰ ਸਿੰਘ, ਸ਼ਿਵਇੰਦਰ ਸਿੰਘ, ਸਾਹਿਬਦੀਪ ਸਿੰਘ ਪੁਨੀਆ, ਰੈਕਟਰ ਕਥੂਰੀਆ, ਕਾਰਤਿਕਾ ਸਿੰਘ, ਰਮਿੰਦਰਪਾਲ ਸਿੰਘ, ਮਨੂ ਕਾਂਤ, ਅਜੇ ਸਿੰਗਲਾ ਤੇ ਸ਼ਿਵਾ ਸਮੇਤ 50 ਤੋਂ ਉਪਰ ਸਾਹਿਤ ਚਿੰਤਕਾਂ ਨੇ ਭਾਗ ਲਿਆ। ਮੀਟਿੰਗ ਦੀ ਕਾਰਵਾਈ ਸਰਦਾਰਾ ਸਿੰਘ ਚੀਮਾ ਨੇ ਚਲਾਈ।
ਇਹ ਮੀਟਿੰਗ ਅਮਰੀਕਾ ਦੀਆਂ ਆਰਥਿਕ ਪਾਬੰਦੀਆਂ ਨੂੰ ਝੱਲ ਰਹੇ ਸਮਾਜਵਾਦੀ ਮੁਲਕ ਕਿਊਬਾ ਦੇ ਨਾਗਰਿਕਾਂ ਨੂੰ ਸਮਰਪਿਤ ਸੀ। ਕੁਲ ਮਿਲਾ ਕੇ ਇਸ ਸਮਾਗਮ ਵਿੱਚ ਦੁਨੀਆ ਭਰ ਦੇ ਡੱਬੇ ਕੁਚਲੇ ਲੋਕਾਂ ਦੇ ਹੱਕ ਵਿੱਚ ਆਵਾਜ਼ ਉਠਾਈ ਗਈ।

No comments:
Post a Comment