ਵੰਦੇ ਮਾਤਰਮ ਸਮੇਤ ਬਹੁਤ ਸਾਰੇ ਮੁੱਦਿਆਂ ਬਾਰੇ ਬੋਲੇ ਗਏ ਝੂਠਾਂ ਦਾ ਪਰਦਾਫਾਸ਼
ਲੁਧਿਆਣਾ: 20 ਅਗਸਤ 2017: (ਪੰਜਾਬ ਸਕਰੀਨ ਟੀਮ)::
''ਹਿੰਦੂਤਵੀ ਫਾਸ਼ੀਵਾਦ ਦਾ ਅੰਧਕਾਰ ਇਸ ਲਈ ਦਨਦਨਾ ਰਿਹਾ ਹੈ ਕਿਉਂਕਿ ਅਸੀਂ ਸਮਾਜ ਵਿਰੋਧੀ ਵਰਤਾਰੇ ਉੱਪਰ ਸਵਾਲ ਨਹੀਂ ਉਠਾ ਰਹੇ।''
Click to See More Pics on Facebook
Click to See More Pics on Facebook
ਇਹ ਵਿਚਾਰ ਅੱਜ ਇਥੇ ਜਮਹੂਰੀ ਅਧਿਕਾਰ ਸਭਾ ਪੰਜਾਬ ਵਲੋਂ ਅੱਜ ਸਥਾਨਕ ਪੰਜਾਬੀ ਭਵਨ ਵਿਖੇ ਆਯੋਜਤ ਪ੍ਰੋਫੈਸਰ ਅਜਮੇਰ ਸਿੰਘ ਔਲਖ ਯਾਦਗਾਰੀ ਲੈਕਚਰ ਦੇ ਮੌਕੇ ਹਿੰਦੂਤਵੀ ਫ਼ਾਸ਼ੀਵਾਦ ਅਤੇ ਜਮਹੂਰੀ ਹੱਕਾਂ ਦੀ ਲਹਿਰ ਅੱਗੇ ਚੁਣੌਤੀਆਂ ਵਿਸ਼ੇ ਉੱਪਰ ਬੋਲਦਿਆਂ ਦਿੱਲੀ ਯੂਨੀਵਰਸਿਟੀ. ਦੇ ਸਾਬਕਾ ਪ੍ਰੋਫੈਸਰ ਅਤੇ ਰੰਗਕਰਮੀ ਪ੍ਰੋਫੈਸਰ ਸ਼ਮਸੁਲ ਇਸਲਾਮ ਨੇ ਪ੍ਰਗਟ ਕੀਤੇ। ਕਨਵੈਨਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਮੁੱਖ ਵਕਤਾ ਦੇ ਨਾਲ ਪ੍ਰੋਫੈਸਰ ਜਗਮੋਹਣ ਸਿੰਘ, ਪ੍ਰੋਫੈਸਰ ਏ.ਕੇ.ਮਲੇਰੀ, ਪ੍ਰਿੰਸੀਪਲ ਬੱਗਾ ਸਿੰਘ ਅਤੇ ਪ੍ਰੋਫੈਸਰ ਔਲਖ ਦੀਆਂ ਬੇਟੀਆਂ ਸੁਪਨਦੀਪ ਕੌਰ ਅਤੇ ਅਜਮੀਤ ਕੌਰ ਸ਼ੁਸ਼ੋਭਿਤ ਸਨ।
ਪ੍ਰੋਫੈਸਰ ਔਲੱਖ ਬਾਰੇ ਗੱਲ ਕਰਦਿਆਂ ਮੁੱਖ ਵਕਤਾ ਨੇ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਨਾਲ ਅਸੀਂ ਸੱਭਿਆਚਾਰ ਖੇਤਰ ਦੇ ਕਮਾਂਡਰ-ਇਨ-ਚੀਫ਼ ਤੋਂ ਵਾਂਝੇ ਹੋ ਗਏ ਹਾਂ। ਤਾਨਾਸ਼ਾਹਾਂ ਅਤੇ ਜ਼ਾਲਮਾਂ ਦੀ ਬਜਾਏ ਲੋਕ ਉਨ੍ਹਾਂ ਸਿਦਕਵਾਨ ਲੋਕ ਨਾਇਕਾਂ ਨੂੰ ਯਾਦ ਕਰਦੇ ਹਨ ਜੋ ਸਟੇਟ ਦੇ ਜ਼ੁਲਮਾਂ ਵਿਰੁੱਧ ਬੇਖ਼ੌਫ਼ ਜੂਝਦੇ ਹਨ। ਪ੍ਰੋਫੈਸਰ ਔਲਖ ਆਪਣੇ ਕੰਮ, ਆਪਣੇ ਨਾਟਕਾਂ ਜ਼ਰੀਏ ਜ਼ਿੰਦਾ ਰਹਿਣਗੇ। ਮੁਲਕ ਦੇ ਅੱਜ ਦੇ ਹਾਲਾਤ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਸੱਤਾ ਇਨਸਾਨਾਂ ਦੇ ਜਿਸਮਾਂ ਨੂੰ ਉਨ੍ਹਾਂ ਦੇ ਦਿਮਾਗਾਂ ਜ਼ਰੀਏ ਕੰਟਰੋਲ ਕਰਦੀ ਹੈ। ਇਹੀ ਅੱਜ ਸੱਤਾ ਉੱਪਰ ਕਾਬਜ਼ ਸੰਘ ਪਰਿਵਾਰ ਕਰ ਰਿਹਾ ਹੈ। ਹਿੰਦੂਤਵੀ ਕੈਂਪ ਸ਼ੁਰੂ ਤੋਂ ਹੀ ਸੰਵਿਧਾਨ ਅਤੇ ਤਿਰੰਗੇ ਝੰਡੇ ਦਾ ਦੁਸ਼ਮਣ ਰਿਹਾ ਹੈ ਅਤੇ ਬਸਤੀਵਾਦੀ ਦੌਰ ਵਿਚ ਜਿਸ ਹਿੰਦੂ ਮਹਾਂ ਸਭਾ ਦੀਆਂ ਸਰਕਾਰਾਂ ਤਿਰੰਗਾ ਲਹਿਰਾਉਣ ਵਾਲਿਆਂ ਉੱਪਰ ਹਮਲੇ ਕਰਦੀਆਂ ਰਹੀਆਂ ਹਨ ਉਹੀ ਦੇਸ਼ਧ੍ਰੋਹੀ ਅੱਜ ਤਰੰਗੇ ਦੇ ਨਾਂ ਹੇਠ ਸੱਚੇ ਦੇਸ਼ਭਗਤਾਂ, ਘੱਟਗਿਣਤੀਆਂ ਅਤੇ ਅਸਹਿਮਤ ਚਿੰਤਕਾਂ ਨੂੰ ਨਿਸ਼ਾਨਾ ਬਣਾ ਰਿਹਾ ਹਨ। ਠੋਸ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਜਿਸ ਨੂੰ ਸੰਘ ਪਰਿਵਾਰ ਵਲੋਂ ਮਾਡਲ ਰਾਸ਼ਟਰਵਾਦੀ ਬਣਾਕੇ ਪੇਸ਼ ਕੀਤਾ ਜਾ ਰਿਹਾ ਹੈ ਉਹ ਜਦੋਂ ਬਸਤੀਵਾਦੀ ਰਾਜ ਵਿਚ ਬੰਗਾਲ ਪ੍ਰੈਜ਼ੀਡੈਂਸੀ ਦਾ ਡਿਪਟੀ ਪ੍ਰਧਾਨ ਮੰਤਰੀ ਸੀ ਉਸ ਨੂੰ 'ਭਾਰਤ ਛੱਡੋ ਅੰਦੋਲਨ' ਨੂੰ ਦਬਾਉਣ ਦਾ ਜ਼ਿੰਮਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭਾਵੇਂ ਸੱਤਾ ਬਦਲੀ ਦੇ ਸਮੇਂ ਤੋਂ ਭਾਰਤੀ ਹੁਕਮਰਾਨ ਜਮਾਤ ਸੰਵਿਧਾਨ ਅਤੇ ਧਰਮਨਿਰਪੱਖਤਾ ਦੀ ਹਾਮੀ ਭਰਦੇ ਸਨ ਪਰ ਉਨ੍ਹਾਂ ਦੇ ਘੱਟਗਿਣਤੀਆਂ, ਦਲਿਤਾਂ ਲਈ ਕਾਨੂੰਨ ਹੋਰ ਰਹੇ ਹਨ ਅਤੇ ਬਹੁਗਿਣਤੀ, ਉੱਚ ਜਾਤੀਆਂ ਲਈ ਹੋਰ। ਇਸੇ ਲਈ ਅੱਜ ਤਕ ਘੱਟਗਿਣਤੀਆਂ ਤੇ ਦਲਿਤਾਂ ਦੇ ਕਤਲੇਆਮਾਂ ਨੂੰ ਅੰਜਾਮ ਦੇਣ ਵਾਲੇ ਕਿਸੇ ਵੀ ਕਸੂਰਵਾਰ ਨੂੰ ਸਜ਼ਾ ਨਹੀਂ ਮਿਲੀ। ਇਹ ਸਾਰੇ ਕਸੂਰਵਾਰ ਜ਼ਮਾਨਤ 'ਤੇ ਬਾਹਰ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਈ 2014 ਵਿਚ ਭਾਜਪਾ ਦੇ ਸੱਤਾਧਾਰੀ ਹੋਣ ਤੋਂ ਬਾਦ ਘੱਟਗਿਣਤੀਆਂ ਅਤੇ ਅਸਹਿਮਤ ਆਵਾਜ਼ਾਂ ਉੱਪਰ ਹਮਲਿਆਂ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ, ਦਲਿਤਾਂ ਉੱਪਰ ਅੱਤਿਆਚਾਰ 300 ਫ਼ੀਸਦੀ ਵਧੇ ਹਨ। ਜਦੋਂ ਹਿੰਦੂ ਰਾਸ਼ਟਰਵਾਦੀ ਹੋਣ 'ਤੇ ਮਾਣ ਕਰਨ ਵਾਲਾ ਸੰਘ ਪ੍ਰਚਾਰਕ ਪ੍ਰਧਾਨ ਮੰਤਰੀ ਬਣ ਚੁੱਕਾ ਹੈ ਤਾਂ ਟੈਂਕ ਰਾਸ਼ਟਰਵਾਦ, ਰਾਮ ਮੰਦਰ, ਗਊ ਹੱਤਿਆ, ਸਰਸਵਤੀ ਦੀ ਮੂਰਤੀ ਆਦਿ ਹਿੰਦੂਤਵੀ ਏਜੰਡੇ ਨੂੰ ਦੇਸ਼ ਦੇ ਮੁੱਖ ਮਸਲੇ ਬਣਾਕੇ ਪੇਸ਼ ਕਰਨਾ ਹੈਰਾਨੀਜਨਕ ਨਹੀਂ। ਸੱਚਾਈ, ਵਿਚਾਰਾਂ ਦੀ ਗ਼ਰੀਬੀ ਦੇ ਦੌਰ ਵਿਚ ਫਾਸ਼ੀਵਾਦੀ ਤਾਕਤਾਂ ਦਾ ਕੰਮ ਇਸ ਕਰਕੇ ਆਸਾਨ ਹੋ ਗਿਆ ਹੈ ਕਿ ਇਨ੍ਹਾਂ ਨੂੰ ਜੁਰਅਤ ਨਾਲ ਸਵਾਲ ਪੁੱਛਣ ਲਈ ਲੋਕ ਅੱਗੇ ਨਹੀਂ ਆ ਰਹੇ। ਸਿਰਫ਼ ਗੋਲਵਾਲਕਰ ਦੇ ਇਕ ਲੇਖ ਲਿਖਣ ਨਾਲ ਇਹ ਸੱਚ ਮੰਨ ਲਿਆ ਗਿਆ ਕਿ ਮੁਸਲਮਾਨਾਂ ਅਤੇ ਈਸਾਈਆਂ ਦੇ ਆਉਣ ਤੋਂ ਬਾਦ ਹੀ ਗਊ ਹੱਤਿਆ ਸ਼ੁਰੂ ਹੋਈ।
ਉਨ੍ਹਾਂ ਡਾ. ਅੰਬੇਡਕਰ ਦੀ ਖੋਜ ਦੇ ਹਵਾਲੇ ਨਾਲ ਕਿਹਾ ਕਿ ਹਿੰਦੂ ਗ੍ਰੰਥਾਂ ਵਿਚ ਨਾ ਸਿਰਫ਼ ਗਊ ਮਾਸ ਖਾਣ ਉੱਪਰ ਜ਼ੋਰ ਦਿੱਤਾ ਗਿਆ ਹੈ ਸਗੋਂ ਇਨ੍ਹਾਂ ਗ੍ਰੰਥਾਂ ਵਿਚ ਉਚੇਚੇ ਤਰੀਕੇ ਸੁਝਾਏ ਗਏ ਹਨ ਕਿ ਗਊ ਮਾਸ ਨੂੰ ਕਿਨ੍ਹਾਂ ਤਰੀਕਿਆਂ ਨਾਲ ਜ਼ਾਇਕੇਦਾਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ 'ਬੰਦੇ ਮਾਤਰਮ' ਨਾਅਰੇ ਦੇ ਮੂਲ ਸਰੋਤ ਨਾਵਲ ਆਨੰਦ ਮੱਠ ਦੇ ਹਵਾਲੇ ਨਾਲ ਸਪਸ਼ਟ ਕੀਤਾ ਕਿ ਇਸ ਨੂੰ ਪੂਰੀ ਤਰ੍ਹਾਂ ਰਾਸ਼ਟਰਵਾਦੀ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਨਾਵਲ ਦੇ ਅੰਤ ਵਿਚ ਮੁਸਲਿਮ ਫ਼ਿਰਕੇ ਵਿਰੁੱਧ ਨਫ਼ਰਤ ਪੈਦਾ ਕਰਨ ਵਾਲਾ ਅਤੇ ਬਰਤਾਨਵੀ ਪ੍ਰਸ਼ਾਸਨ ਵਿਰੁੱਧ ਲੜਾਈ ਬੰਦ ਕਰਨ ਦਾ ਸੰਦੇਸ਼ ਦਿਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਨੂੰ ਰਾਸ਼ਟਰਵਾਦੀ ਲਹਿਰ ਨੇ ਇਕ ਨਾਅਰੇ ਦੇ ਤੌਰ 'ਤੇ ਅਪਣਾਇਆ ਗਿਆ ਸੀ ਨਾ ਕਿ ਰਾਸ਼ਟਰੀ ਗੀਤ ਦੇ ਤੌਰ 'ਤੇ।
ਉਨ੍ਹਾਂ ਕਿਹਾ ਕਿ ਹੁਕਮਰਾਨਾਂ ਦਾ ਪ੍ਰਚਾਰ ਹਮੇਸ਼ਾ ਲਈ ਲੋਕਾਂ ਨੂੰ ਗੁੰਮਰਾਹ ਕਰਕੇ ਹਨੇਰੇ ਵਿਚ ਨਹੀਂ ਰੱਖ ਸਕਦਾ। ਸਾਨੂੰ ਸਵਾਲ ਕਰਨ ਲਈ ਅੱਗੇ ਆਕੇ ਹਿੰਦੂਤਵੀ ਫਾਸ਼ੀਵਾਦੀਆਂ ਵਲੋਂ ਫੈਲਾਏ ਅੰਧਕਾਰ ਨੂੰ ਤੋੜਨਾ ਹੋਵੇਗਾ। ਉਨ੍ਹਾਂ ਨੇ ਖ਼ੁਲਾਸਾ ਕੀਤਾ ਕਿ ਹਿੰਦੂਤਵੀ ਫਾਸ਼ੀਵਾਦੀਆਂ ਵਲੋਂ ਘੱਟਗਿਣਤੀਆਂ, ਦਲਿਤਾਂ ਅਤੇ ਕਮਿਊਨਿਸਟਾਂ ਸਮੇਤ ਅਗਾਂਹਵਧੂ ਤਾਕਤਾਂ ਨੂੰ ਇਸ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਉਂਕਿ ਇਹ ਅਧਿਕਾਰਾਂ ਦੀ ਮੰਗ ਕਰਦੇ ਹਨ। ਇਹ ਹਿੱਸੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਵਿਚ ਇਜ਼ਾਫ਼ੇ, ਰੋਜ਼ਗਾਰ ਰਹਿਤ ਵਿਕਾਸ, ਦਿਨੋਦਿਨ ਵਧ ਰਹੀ ਸਮਾਜੀ ਬੇਚੈਨੀ ਅਤੇ ਆਪਣੇ ਸ਼ਾਸਨ ਦੀ ਨਾਕਾਮੀ ਬਾਰੇ ਸਵਾਲ ਨਾ ਉਠਾ ਸਕਣ ਇਸ ਲਈ ਰਾਸ਼ਟਰਵਾਦ ਦਾ ਅੰਧਕਾਰ ਫੈਲਾਉਣਾ ਇਨ੍ਹਾਂ ਲਈ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਆਰ.ਐੱਸ.ਐੱਸ. ਦੀ ਯੁੱਧਨੀਤਕ ਗੇਮ ਨੂੰ ਸਮਝਣਾ ਜ਼ਰੂਰੀ ਹੈ, ਉਹ ਮੁਸਲਮਾਨਾਂ ਨੂੰ ਇਸ ਲਈ ਸਬਕ ਸਿਖਾਉਣਾ ਚਾਹੁੰਦੇ ਹਨ ਕਿਉਂਕਿ ਮੁਸਲਮਾਨਾਂ ਨੇ ਧਰਮਬਦਲੀ ਰਾਹੀਂ ਦਲਿਤਾਂ ਨੂੰ ਸਮਾਜਿਕ ਬਰਾਬਰੀ ਦੇਣ ਦੀ ਕੋਸ਼ਿਸ਼ ਕੀਤੀ ਸੀ ਜੋ ਮਨੂ ਸਮਰਿਤੀ ਦੇ ਪੈਰੋਕਾਰਾਂ ਨੂੰ ਹਰਗਿਜ਼ ਮਨਜ਼ੂਰ ਨਹੀਂ। ਉਨ੍ਹਾਂ ਕਿਹਾ ਕਿ 15 ਅਗਸਤ ਉੱਪਰ ਦੇਸ਼ ਦੇ ਲੋਕਾਂ ਨਾਲ ਇਸ ਤੋਂ ਵੱਡਾ ਮਜ਼ਾਕ ਕੀ ਹੋ ਸਕਦਾ ਹੈ ਕਿ ਗੋਰਖਪੁਰ ਵਿਚ ਪੰਜ ਦਰਜਨ ਤੋਂ ਉੱਪਰ ਬੱਚਿਆਂ ਨੇ ਆਕਸੀਜਨ ਖ਼ਤਮ ਹੋਣ ਨਾਲ ਦਮ ਤੋੜਿਆ ਹੋਵੇ ਅਤੇ ਪ੍ਰਧਾਨ ਮੰਤਰੀ ਵਿਸ਼ੇਸ਼ ਪੁਸ਼ਾਕ ਨਾਲ ਬਣ -ਠਣਕੇ ਤਰੱਕੀ ਦੇ ਦਮਗੱਜੇ ਮਾਰੇ।
ਇਸ ਮੌਕੇ ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਵਲੋਂ ਲੋਕ ਨਾਟਕਕਰ ਪ੍ਰੋਫੈਸਰ ਔਲਖ ਦੇ ਯੋਗਦਾਨ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਮਾਜ ਦੀ ਜ਼ਮੀਨ ਨਾਲ ਜੁੜਕੇ ਨਾਟਕਾਂ ਦੀ ਸਿਰਜਣਾ ਕੀਤੀ ਅਤੇ ਲੋਕਾਂ ਦੇ ਅਹਿਸਾਸਾਂ ਨੂੰ ਜ਼ਬਾਨ ਦੇਕੇ ਸੰਵਾਦ ਰਚਾਇਆ । ਉਨ੍ਹਾਂ ਕਿਹਾ ਕਿ ਸਮਾਜ ਨੂੰ ਬਦਲਣ ਲਈ ਨਾਟਕ ਕਰਨਾ ਉਨ੍ਹਾਂ ਦਾ ਉਦੇਸ਼ ਸੀ। ਅੱਜ ਦੇ ਹਾਲਾਤ ਵਿਚ ਜਮਹੂਰੀ ਹੱਕਾਂ ਦਾ ਅਹਿਸਾਸ ਬਹੁਤ ਅਹਿਮ ਚੀਜ਼ ਹੈ। ਇਹ ਚੇਤਨਾ ਫੈਲਾਉਣਾ ਹੀ ਲੋਕ ਨਾਟਕਕਾਰ ਦਾ ਸੁਨੇਹਾ ਸੀ ਉਨ੍ਹਾਂ ਦੀ ਚੇਤਨਾ ਦੀ ਮਸ਼ਾਲ ਨੂੰ ਬੁਲੰਦ ਰੱਖਣ ਦੀ ਲੋੜ ਹੈ। ਇਸ ਮੌਕੇ ਪ੍ਰੋਫੈਸਰ ਮਲੇਰੀ ਵਲੋਂ ਪੇਸ਼ ਕੀਤੇ ਮਤਿਆਂ ਵਿਚ ਵਿਚਾਰਾਂ ਦੀ ਆਜ਼ਾਦੀ ਉੱਪਰ ਹੋ ਰਹੇ ਹਮਲਿਆਂ ਅਤੇ ਚਿੰਤਕਾਂ ਵਿਰੋਧੀ ਫਾਸ਼ੀਵਾਦੀ ਮਾਹੌਲ ਉੱਪਰ ਚਿੰਤਾ ਜ਼ਾਹਿਰ ਕੀਤੀ ਗਈ ਅਤੇ ਹਿੰਦੂ ਫਾਸ਼ੀਵਾਦ ਦੇ ਸਾਂਝੇ ਵਿਰੋਧ ਨਾਲ ਇਕਮੁੱਠਤਾ ਪ੍ਰਗਟਾਈ ਗਈ। ਗੋਰਖਪੁਰ ਵਿਚ ਬੱਚਿਆਂ ਦੀ ਮੌਤ ਉੱਪਰ ਦੁੱਖ ਦਾ ਇਜ਼ਹਾਰ ਕਰਦਿਆਂ ਸਿਹਤ ਸੇਵਾਵਾਂ ਦੇ ਨਿੱਜੀਕਰਨ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਗਿਆ। ਇਕ ਹੋਰ ਮਤੇ ਰਾਹੀਂ ਟਰੇਡ ਯੂਨੀਅਨ ਆਗੂਆਂ ਨੂੰ ਸਿੱਖਿਆ ਮੰਤਰੀ ਦੇ ਖ਼ਿਲਾਫ਼ ਪ੍ਰਦਰਸ਼ਨ ਨੂੰ ਲੈਕੇ ਜਾਰੀ ਕੀਤੇ ਨੋਟਿਸਾਂ ਨੂੰ ਜਮਹੂਰੀ ਹੱਕ ਉੱਪਰ ਹਮਲਾ ਕਰਾਰ ਦਿੱਤਾ ਗਿਆ। ਕੁਝ ਹੋਰ ਅਹਿਮ ਮਤੇ ਵੀ ਪਾਸ ਕੀਤੇ ਗਏ। ਹਰਬੰਸ ਸੋਨੂ, ਸੁਰਜੀਤ ਭੱਠਲ, ਵਿਜੈ ਨਰਾਇਣ ਵਲੋਂ ਗੀਤ ਪੇਸ਼ ਕੀਤੇ ਗਏ। ਪ੍ਰੋਫੈਸਰ ਸ਼ਮਸੁਲ ਇਸਲਾਮ ਵਲੋਂ ਵੀ ਅਖ਼ੀਰ ਵਿਚ ਬਹੁਤ ਹੀ ਪ੍ਰਭਾਵਸ਼ਾਲੀ ਗੀਤ ਪੇਸ਼ ਕੀਤਾ ਗਿਆ ਜਿਸ ਨੂੰ ਸਮੂਹ ਹਾਜ਼ਰੀਨ ਵਲੋਂ ਆਵਾਜ਼ ਦਿੱਤੀ ਗਈ। ਸਟੇਜ ਦਾ ਸੰਚਾਲਨ ਜ਼ਿਲ੍ਹਾ ਪ੍ਰਧਾਨ ਜਸਵੰਤ ਜੀਰਖ ਵਲੋਂ ਕੀਤਾ ਗਿਆ।
ਇਸ ਮੌਕੇ ਜਮਹੂਰੀ ਅਗਾਂਹਵਧੂ ਸ਼ਖਸੀਅਤਾਂ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ, ਕਰਨਲ ਜੇਐੱਸ ਬਰਾੜ, ਡਾ. ਸੁਖਦੇਵ ਸਿੰਘ, ਡਾ. ਸੁਖਪਾਲ ਸਿੰਘ, ਪ੍ਰੋਫੈਸਰ ਆਰ.ਪੀ.ਸਭਰਵਾਲ, ਪ੍ਰੋਫੈਸਰ ਪ੍ਰੇਮ ਪ੍ਰਕਾਸ਼, ਪੀ.ਐੱਸ. ਯੂ. ਅਤੇ ਹੋਰ ਵਿਦਿਆਰਥੀ ਨੌਜਵਾਨ ਜਥੇਬੰਦੀਆਂ ਅਤੇ ਮਜ਼ਦੂਰ ਜਥੇਬੰਦੀਆਂ ਦੇ ਆਗੂ, ਪਲਸ ਮੰਚ ਦੀ ਸੂਬਾਈ ਟੀਮ, ਸੀਨੀਅਰ ਪੱਤਰਕਾਰ ਰਾਜੀਵ ਖੰਨਾ (ਕੈਚ ਨਿਊਜ਼) ਅਤੇ ਸ਼ਿਵਇੰਦਰ ਸਿੰਘ (ਸੰਪਾਦਕ ਸੂਹੀ ਸਵੇਰ), ਐਡਵੋਕੇਟ ਨਰਿੰਦਰ ਸਿੰਘ, ਐਡਵੋਕੇਟ ਗੁਰਚਰਨਜੀਤ ਸਿੰਘ, ਐਡਵੋਕੇਟ ਹਰਪ੍ਰੀਤ ਸਿੰਘ ਤੋਂ ਇਲਾਵਾ, ਸਭਾ ਦੇ ਸਮੂਹ ਸੂਬਾ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਇਕਾਈਆਂ ਦੇ ਸਰਗਰਮ ਆਗੂ ਹਾਜ਼ਰ ਸਨ।
No comments:
Post a Comment