Showing posts with label Naujwan Bharat Sabha. Show all posts
Showing posts with label Naujwan Bharat Sabha. Show all posts

Thursday, August 08, 2019

ਨਕਸਲੀ ਕਾਮਰੇਡ ਲਿੰਗੇ ਦੇ ਝੂਠੇ ਮੁਕਾਬਲੇ ਵਿਰੁੱਧ ਪੰਜਾਬ ਵਿੱਚ ਵੀ ਰੋਸ

Aug 8, 2019, 5:11 PM
ਮੋਗਾ ਵਿੱਚ ਵੀ ਭਾਰੀ ਰੋਹ ਭਰੀ ਰੈਲੀ ਅਤੇ ਰੋਸ ਵਖਾਵਾ
ਮੋਗਾ: 8 ਅਗਸਤ 2019: (ਪੰਜਾਬ ਸਕਰੀਨ ਬਿਊਰੋ):: 
ਤਿਲੰਗਾਨਾ ਪੁਲੀਸ ਵੱਲੋਂ ਪਿਛਲੇ ਦਿਨੀਂ ਸੀਪੀਆਈ ਐਮਐਲ ਨਿਊ ਡੈਮੋਕਰੇਸੀ ਦੇ ਸੂਬਾ ਕਮੇਟੀ ਮੈਂਬਰ ਅਤੇ ਆਦਿਵਾਸੀਆਂ ਦੇ ਹਰਮਨਪਿਆਰੇ ਆਗੂ ਕਾਮਰੇਡ ਲਿੰਗਾਨਾ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਕਤਲ ਕੀਤੇ ਜਾਣ ਦਾ ਦੋਸ਼ ਲਾਇਆ ਪੰਜਾਬ ਸਟੂਡੈਂਟਸ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਹੋਰਨਾਂ ਸੰਗਠਨਾਂ ਨੇ। ਇਸ ਝੂਠੇ ਮੁਕਾਬਲੇ ਦੇ ਖਿਲਾਫ ਸੂਬੇ ਭਰ ਚ ਰੋਸ ਮੁਜ਼ਾਹਰੇ ਕਰਕੇ ਡਿਪਟੀ ਕਮਿਸ਼ਨਰਾਂ ਰਾਹੀਂ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤੇ ਜਾਣ ਦਾ ਫੈਸਲਾ ਵੀ ਐਲਾਨਿਆ ਗਿਆ ਸੀ। ਇਹਨਾਂ ਰੋਸ ਵਖਾਵਿਆਂ ਦੇ ਸੱਦੇ ਤਹਿਤ ਅੱਜ ਦਾਣਾ ਮੰਡੀ ਮੋਗਾ ਵਿਖੇ ਵੀ ਰੈਲੀ ਕੀਤੀ ਗਈ। ਇਹ ਰੈਲੀ ਕਰਕੇ ਡੀ.ਸੀ.ਦਫ਼ਤਰ ਮੋਗਾ ਤੱਕ ਰੋਸ ਮੁਜ਼ਾਹਰਾ ਵੀ ਜੱਥੇਬੰਦ ਕੀਤਾ ਗਿਆ। ਇਸਦੇ ਨਾਲ ਹੀ ਪ੍ਰਸ਼ਾਸਨ ਰਾਹੀਂ ਮੰਗ ਪੱਤਰ ਦਿੱਤਾ  ਗਿਆ। ਇਹਨਾਂ ਰੋਸ ਵਖਾਵਿਆਂ ਵਿੱਚ ਸ਼ਾਮਲ ਹੋਏ ਵਰਕਰਾਂ ਵਿੱਚ ਅਥਾਹ ਜੋਸ਼ ਸੀ। 
ਕਾਮਰੇਡ ਲਿੰਗਾਨਾ ਨੂੰ 31 ਜੁਲਾਈ ਬੁਧਵਾਰ ਵਾਲੇ ਦਿਨ ਜੰਗਲਾਂ ਵਿੱਚ ਲਿਜਾ ਕੇ ਮੁਕਾਬਲਾ ਬਣਾਇਆ ਗਿਆ। ਕਾਮਰੇਡ ਲਿੰਗਣਾ ਦੀ ਉਮਰ 40-45 ਸਾਲ ਦੀ ਸੀ ਅਤੇ ਉਸਦਾ ਮੁਕਾਬਲਾ ਉਸਦੇ ਪਿੰਡ ਨੇੜਲੀ ਹੀ ਕਿਸੇ ਥਾਂ 'ਤੇ ਬਣਾਇਆ ਗਿਆ। ਉਸ ਵੇਲੇ ਇੱਕ ਹੋਰ ਨਕਸਲੀ ਗਰੁੱਪ ਸੀਪੀਆਈ (ਮਾਓਇਸਟ) ਵੱਲੋਂ ਸ਼ਹੀਦੀ ਹਫਤੇ ਦਾ ਸੱਦਾ ਵੀ ਚੱਲ ਰਿਹਾ ਸੀ। ਪੁਲਿਸ ਨੇ ਆਪਣੀ ਉਹੀ ਚਿਰਾਂ ਪੁਰਾਣੀ ਕਹਾਣੀ ਘੜੀ ਕਿ ਦਸ ਪੰਦਰਾਂ ਨਕਸਲੀਆਂ ਨੇ ਅਚਾਨਕ ਹੀ ਸੁਰੱਖਿਆ ਦਸਤਿਆਂ 'ਤੇ ਗੋਲੀ ਚਲਾਈ ਅਤੇ ਜੁਆਬੀ ਫਾਇਰਿੰਗ ਵਿੱਚ ਕਾਮਰੇਡ ਲਿੰਗਾਨਾ ਮਾਰੀਆ ਗਿਆ। ਦੋ ਹੋਰ ਨਕਸਲੀ ਗ੍ਰਿਫਤਾਰ ਕਰ ਲੈ ਗਏ ਜਦਕਿ ਬਾਕੀ ਦੇ ਫਰਾਰ ਹੋ ਗਏ। ਮਾਰੀਆ ਗਿਆ ਨਕਸਲੀ ਕਾਮਰੇਡ ਲਿੰਗਾਨਾ ਪਾਬੰਦੀਸ਼ੁਦਾ ਨਕਸਲੀ ਸੰਗਠਨ ਸੀਪੀਆਈ (ਐਮ ਐਲ) ਨਿਊ ਡੈਮੋਕਰੇਸੀ ਦਾ ਸੂਬਾ ਸਕੱਤਰ ਅਤੇ ਏਰੀਆ ਕਮਾਂਡਰ ਵੀ ਸੀ। ਇਸ ਮੁਕਾਬਲੇ ਤੋਂ ਬਾਅਦ ਇਲਾਕੇ ਵਿੱਚ ਤਿੱਖਾ ਵਿਰੋਧ ਵੀ ਹੋਇਆ। 
ਇਹਨਾਂ ਸੰਗਠਨਾਂ ਨੇ ਕਿਹਾ ਕਿ ਭਾਰਤੀ ਹਕੂਮਤ ਵਿਕਾਸ ਦੇ ਮਾਡਲ ਦੇ ਨਾਮ ਤੇ ਬਹੁਕੌਮੀ ਕੰਪਨੀਆਂ ਵੱਲੋਂ ਦੇਸ਼ ਦੇ ਜਲ ਜੰਗਲ ਜ਼ਮੀਨ ਦੀ ਕੀਤੀ ਜਾ ਰਹੀ ਲੁੱਟ ਅਤੇ ਭਾਰਤੀ ਫੌਜ ਦਾ ਵਿਰੋਧ ਕਰ ਰਹੇ ਆਦਿਵਾਸੀਆਂ ਨੂੰ ਅੰਨਾ ਤਸ਼ੱਦਦ ਕਰਕੇ ਮਾਰਨ ਦੇ ਖਿਲਾਫ ਚੱਲ ਰਹੇ ਸੰਘਰਸ਼ ਦੀ ਅਗਵਾਈ ਕਰ ਰਹੇ ਕਾਮਰੇਡ ਲਿੰਗਾਨਾ ਨੂੰ ਪੁਲਿਸ ਨੇ ਕੋਹ ਕੋਹ ਕੇ ਮਾਰਿਆ ਹੈ। 
ਸੀਪੀਆਈ ਐਮਐਲ ਨਿਊ ਡੈਮੋਕਰੇਸੀ ਦੇ ਆਗੂ ਭਰਪੂਰ ਸਿੰਘ ਰਾਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਮਰਾਜੀ ਸਾਡੇ ਮੁਲਕ ਦੇ ਜੰਗਲੀ ਇਲਾਕਿਆਂ ਦੀ ਧਰਤੀ ਹੇਠਲੇ ਖਣਿਜਾਂ ਦੀ ਲੁੱਟ ਕਰ ਰਿਹਾ ਹੈ। ਇਸ ਦੀ ਲੁੱਟ ਨੂੰ ਬਾਦਸਤੂਰ ਜਾਰੀ ਰੱਖਣ ਲਈ ਸੀ.ਆਰ.ਪੀ.ਐਫ., ਨੀਮ ਫ਼ੌਜੀ ਬਲ ਜੰਗਲੀ ਇਲਾਕਿਆਂ ’ਚ ਤੈਨਾਤ ਕਰਕੇ ਆਦਿਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਉਜਾੜਿਆਜਾ ਰਿਹਾ ਹੈ।   
ਅੱਜ ਦੇ ਰੋਸ ਮੁਜ਼ਾਹਰੇ ’ਚ ਸ਼ਾਮਲ ਨੌਜਵਾਨ ਭਾਰਤ ਸਭਾ ਦੇ ਆਗੂ ਕਰਮਜੀਤ ਕੋਟਕਪੂਰਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਪ੍ਰਗਟ ਸਿੰਘ ਸਾਫੂਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕੇ ਆਦਿਵਾਸੀ ਖੇਤਰਾਂ ਦੇ ਆਦਿਵਾਸੀਆਂ ਤੇ ਉਨ੍ਹਾਂ ਦੇ ਆਗੂਆਂ ਨੂੰ ਪੁਲਿਸ ਮੁਕਾਬਲਿਆਂ ਰਾਹੀਂ ਮਾਰਨਾ ਆਮ ਗੱਲ ਬਣ ਗਈ ਹੈ ਇਸ ਨੂੰ ਬੰਦ ਕੀਤਾ ਜਾਵੇ, ਮਿਹਨਤ ਨਾਲ ਆਬਾਦੀ ਜ਼ਮੀਨ ਚੋਂ ਆਦਿਵਾਸੀਆਂ ਨੂੰ ਜਬਰ ਤਸ਼ੱਦਦ ਨਾਲ ਉਜਾੜਨਾ ਬੰਦ ਕੀਤਾ ਜਾਵੇ, ਆਦਿਵਾਸੀਆਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿੱਤੇ ਜਾਣ ।
ਰੋਸ ਮੁਜ਼ਾਹਰੇ ਵਿੱਚ ਲੋਕ ਸੰਗਰਾਮ ਮੰਚ ਦੇ ਆਗੂ ਤਾਰਾ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਆਗੂ ਦਰਸ਼ਨ ਸਿੰਘ ਤੂਰ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮੰਗਾ ਸਿੰਘ ਵੈਰੋਕੇ ਨੇ ਵੀ ਸੰਬੋਧਨ ਕੀਤਾ। ਇਸਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਬੂਟਾ ਸਿੰਘ ਤਖਾਣਵੱਧ, ਛਿੰਦਰ ਕੌਰ ਰੋਡੇ, ਪੀਐੱਸਯੂ ਦੀ ਆਗੂ ਜਗਵੀਰ ਕੌਰ, ਨੌਜਵਾਨ ਭਾਰਤ ਸਭਾ ਦੇ ਇਲਾਕਾ ਕਮੇਟੀ ਮੈਂਬਰ ਰਾਜਿੰਦਰ ਸਿੰਘ ਰਾਜੇਆਣਾ ਵੀ ਹਾਜ਼ਰ ਸਨ।

Tuesday, August 06, 2019

ਨੌਜਵਾਨ ਭਾਰਤ ਸਭਾ ਵੱਲੋਂ ਕਸ਼ਮੀਰ ਮਸਲੇ ’ਤੇ ਤਿੱਖਾ ਰੁਖ

Tuesday: 6th August 2019: 10:32 AM Whats App
ਪੰਜਾਬੀਆਂ ਦੀ ਜ਼ੁਬਾਨਬੰਦੀ ਕਰਨ ਸਬੰਧੀ ਕੈਪਟਨ ਅਮਰਿੰਦਰ ਦੇ ਬਿਆਨ ਦੀ ਨਿੰਦਾ 
ਲੁਧਿਆਣਾ: 6 ਅਗਸਤ 2019: (ਪੰਜਾਬ ਸਕਰੀਨ ਬਿਊਰੋ):: 
ਮੋਦੀ-ਸ਼ਾਹ ਜੁੰਡਲੀ ਵੱਲੋਂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਧਾਰਾ 370 ਨੂੰ ਖਤਮ ਕਰਕੇ ਕੇਂਦਰ ਸਾਸ਼ਿਤ ਪ੍ਰਦੇਸ਼ ਬਣਾਉਣ ਤੋਂ ਬਾਅਦ ਇਸਦੇ ਪੱਖ ਅਤੇ ਵਿਰੋਧ ’ਚ ਪੰਜਾਬ ਵਿੱਚ ਕਿਸੇ ਨੂੰ ਵੀ ਰੋਸ ਪ੍ਰਦਰਸ਼ਨ ਨਾ ਕਰਨ ਦੇਣ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਗੈਰ-ਸੰਵਿਧਾਨਕ ਅਤੇ ਗੈਰ-ਜਮਹੂਰੀ ਹੈ।
ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਰਮਿੰਦਰ ਸਿੰਘ ਪਟਿਆਲਾ, ਸੂਬਾ ਆਗੂ ਰੁਪਿੰਦਰ ਚੌਂਦਾ ਨੇ ਦੱਸਿਆ ਕਿ ਕਸਮੀਰ ਸਬੰਧੀ ਧਾਰਾ 370 ਹਟਾ ਕੇ ਮੋਦੀ-ਸ਼ਾਹ ਜੁੰਡਲੀ ਨੇ ਹੁਣ ਕਸ਼ਮੀਰ ਨੂੰ ਸਿੱਦਾ ਲਾਠੀ, ਗੋਲੀ ਦੇ ਜ਼ੋਰ ’ਤੇ ਧੱਕੇ ਨਾਲ ਭਾਰਤ ਦਾ ਹਿੱਸਾ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਉਲਟਾ ਹੋਣਾ ਇਹ ਚਾਹੀਦਾ ਸੀ ਕਿ ਕਸ਼ਮੀਰ ਦੇ ਲੋਕਾਂ ਦੀ ਰਾਇਸ਼ੁਮਾਰੀ ਕਰਵਾਈ ਜਾਂਦੀ, ਉਹਨਾਂ ਨੂੰ ਸਵੈ-ਨਿਰਣੈ ਦਾ ਅਧਿਕਾਰ ਦਿੱਤਾ ਜਾਂਦਾ, ਜੋ ਕਿ ਉਹ ਕਈ ਦਹਾਕਿਆਂ ਤੋਂ ਮੰਗ ਕਰ ਰਹੇ ਹਨ। ਪਰ ਇਹ ਗੈਰ-ਸੰਵਿਧਾਨਕ, ਗੈਰ-ਜਮਹੂਰੀ ਕਦਮ ਉਠਾ ਕੇ ਸਰਕਾਰ ਨੇ ਕਸ਼ਮੀਰ ਮਸਲੇ ਨੂੰ ਹੋਰ ਉਲਝਾ ਦਿੱਤਾ ਹੈ, ਕਸ਼ਮੀਰ ਦੇ ਲੋਕਾਂ ’ਚ ਰੋਹ ਹੋਰ ਵਧੇਗਾ।
ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਮੰਗਾ ਆਜ਼ਾਦ, ਕਰਮਜੀਤ ਕੋਟਕਪੂਰਾ ਨੇ ਕਿਹਾ ਕਿ ਹੱਕ-ਸੱਚ ਲਈ ਬੋਲਣਾ, ਆਵਾਜ਼ ਬੁਲੰਦ ਕਰਨਾ ਇਹ ਲੋਕਾਂ ਦਾ ਸੰਵਿਧਾਨਕ ਅਧਿਕਾਰ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਫੌਜੀ ਧੌਂਸ ਜਮਾਉਣ ਵਾਲਾ ਬਿਆਨ ਹੈ। ਪਹਿਲਾਂ ਕੈਪਟਨ ਤੇ ਦੂਜਾ ਰਾਜਿਆਂ-ਮਹਾਰਾਜਿਆਂ ਦੇ ਖਾਨਦਾਨ ’ਚੋਂ ਹੋਣ ਕਰਕੇ ਅਮਰਿੰਦਰ ਸਿੰਘ ਪੰਜਾਬ ਦੀ ਜਨਤਾ ਨੂੰ ਆਪਣਾ ਗੁਲਾਮ ਸਮਝਦਾ ਹੈ। ਪੰਜਾਬੀਆਂ ਨੂੰ ਇਸ ਬਿਆਨ ਨੂੰ ਰੱਦੀ ਦੀ ਟੋਕਰੀ ’ਚ ਸੁੱਟ ਕੇ ਕਸ਼ਮੀਰੀਆਂ ਦੇ ਸਵੈ-ਨਿਰਣੇ ਦੇ ਅਧਿਕਾਰ ਲਈ ਆਵਾਜ਼ ਬੁਲੰਦ ਕਰਨੀ ਪਵੇਗੀ, ਕਿਉਕਿ ਕੇਂਦਰ ਸਰਕਾਰ ਪੰਜਾਬ ਦੇ ਪਾਣੀ ਖੋਹਣ ਲਈ ਪਾਣੀ ਸੋਧ ਬਿੱਲ ਲਿਆ ਕੇ ਅਗਲਾ ਹਮਲਾ ਪੰਜਾਬੀਆਂ ’ਤੇ ਵਿੱਢਣ ਜਾ ਰਹੀ ਹੈ।

Monday, February 13, 2017

'ਵਿਗਿਆਨ ਅਤੇ ਸਮਾਜ' ਵਿਸ਼ੇ ਤੇ ਵਿਚਾਰ ਚਰਚਾ ਦਾ ਆਯੋਜਨ

ਚਾਰਲਸ ਡਾਰਵਿਨ ਦੇ ਜਨਮਦਿਵਸ ਨੂੰ ਸਮਰਪਿਤ ਸੀ ਇਹ ਵਿਚਾਰ ਚਰਚਾ 
ਲੁਧਿਆਣਾ: 12 ਫਰਵਰੀ 2017: (ਪੰਜਾਬ ਸਕਰੀਨ ਬਿਊਰੋ):
ਅੰਧਵਿਸ਼ਵਾਸ ਅਤੇ ਵਿਗਿਆਨਕ ਸਮਝ ਦਾ ਟਕਰਾਓ ਬਹੁਤ ਪੁਰਾਣਾ ਹੈ। ਚਾਰਲਸ ਡਾਰਵਿਨ ਸੱਚ ਅਤੇ ਝੂਠ ਦੀ ਇਸ ਜੰਗ ਦਾ ਗਵਾਹ ਵੀ ਹੈ। ਉਸਦੀ ਜ਼ਿੰਦਗੀ ਸਾਬਿਤ ਕਰਦੀ ਹੈ ਕਿ ਸੱਚ ਨੂੰ ਲੱਭਦਿਆਂ ਲੱਭਦਿਆਂ ਵੀ ਇਨਸਾਨ ਉਹ ਸਾਰੇ ਕੰਮ ਕਰ ਸਕਦਾ ਹੈ ਜਿਹੜੇ ਉਸਨੂੰ ਕੁਦਰਤ ਨਾਲ ਜੋੜਦੇ ਹਨ।  ਕੁਦਰਤ ਨਾਲ ਪ੍ਰੇਮ ਬਿਨਾ ਕਿਸੇ ਮਜ਼੍ਹਬੀ ਮੁਖੌਟੇ ਤੋਂ ਵਧੇਰੇ ਸੱਚਾ ਹੁੰਦਾ ਹੈ। ਡਾਰਵਿਨ ਦੇ ਸਿਧਾਂਤ ਅਤੇ ਖੋਜਾਂ ਬਾਰੇ ਕਿਸੇ ਨੂੰ ਵੀ ਮਤਭੇਦ ਹੋ ਸਕਦੇ ਹਨ ਪਰ ਬਹੁ ਗਿਣਤੀ ਅੱਜ ਵੀ ਉਸਦੀਆਂ ਖੋਜਾਂ ਦੀ ਕਦਰ ਕਰਦੀ ਹੈ।  ਉਸ ਮਹਾਨ ਵਿਗਿਆਨ ਬਾਰੇ ਇੱਕ ਵਿਚਾਰ ਚਰਚਾ ਹਾਲ ਹੀ ਵਿੱਚ ਆਯੋਜਿਤ ਕਰਾਈ ਗਈ। 
ਅੱਜ ਮਿਤੀ 11 ਫਰਵਰੀ 2017 ਨੂੰ ਨੌਜਵਾਨ ਭਾਰਤ ਸਭਾ ਦੀ ਇਲਾਕਾ ਇਕਾਈ ਲੁਧਿਆਣਾ ਵੱਲੌਂ ਮਹਾਨ ਕੁਦਰਤ ਵਿਗਿਆਨੀ ਚਾਰਲਸ ਡਾਰਵਿਨ ਦੇ ਜਨਮਦਿਵਸ ਨੂੰ ਸਮਰਪਿਤ, 'ਵਿਗਿਆਨ ਅਤੇ ਸਮਾਜ' ਵਿਸ਼ੇ ਤੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਇਸ ਵਿਚਾਰ ਚਰਚਾ ਵਿੱਚ ਤਕਰੀਬਨ 40 ਸਾਥੀਆਂ ਨੇ ਸ਼ਮੂਲੀਅਤ ਕੀਤੀ । ਚਰਚਾ ਦੌਰਾਨ ਸਾਥੀਆਂ ਨੇ ਦੱਸਿਆ ਕਿ ਕਿਸ ਤਰਾਂ ਨਾਲ ਪੱਥਰ ਦੇ ਔਜਾਰਾਂ ਦੀ ਕਾਢ ਤੋਂ ਲੈ ਕੇ ਆਧਨਿਕ ਵਿਗਆਨ ਤੱਕ ਮਨੁੱਖ ਨੇ ਅਨੇਕਾਂ ਘਾਲਨਾਵਾਂ ਘਾਲੀਆਂ, ਆਧੁਨਿਕ ਯੁੱਗ ਵਿੱਚ ਧਰਮ ਅਤੇ ਸਮਾਜਿਕ ਵਿਰੋਧ ਦੇ ਬਾਵਜੂਦ ਵੀ ਇਹ ਮਹਾਨ ਇਨਸਾਨ ਸੱਚ ਨੂੰ ਸਾਹਮਣੇ ਲਿਆਉਣ ਤੋਂ ਪਿੱਛੇ ਨਹੀ ਹਟੇ ਜਿਸਸਦਕਾ ਮਨੱਖਤਾ ਅੱਜ ਇਕ ਨਵੇਂ ਮੁਕਾਮ ਤੇ ਪਹੰਚ ਚੁੱਕੀ ਹੈ, ਪਰ ਹਾਲੇ ਵੀ ਇਹ ਮਨੁਖਦੋਖੀ ਢਾਂਚਾ ਲੋਕਾਂ ਤੱਕ ਵਿਗਿਆਨਕ ਨਜਰੀਏ ਨੂੰ ਪਹੁੰਚਣ ਨਹੀ ਦੇਣਾ ਚਾਹੁੰਦਾ, ਜੋ ਵਿਗਿਆਨਕ ਖੋਜਾਂ, ਆਵਿਸ਼ਕਾਰ ਮਨੁੱਖਤਾ ਦੀ ਸੇਵਾ ਲਈ ਹੋ ਰਹੇ ਹਨ, ਉਹ ਇਸ ਮੁਨਾਫੇਖੋਰ ਢਾਂਚੇ ਕਾਰਨ ਬਹੁਗਿਣਤੀ ਦੀ ਪਹੁੰਚ ਤੋਂ ਬਾਹਰ ਹਨ, ਕੇਂਦਰ ਦੀ ਸਰਕਾਰ ਵਿਗਿਆਨ ਦੇ ਇਤਿਹਾਸ ਤੇ ਹਮਲੇ ਕਰਕੇ ਆਪਣੇ ਹਿੰਦੂਵਾਦੀ ਏਜੰਡੇ ਨੂੰ ਵਧਾਉਣਾ ਚਾਹੰਦੀ ਹੈ। ਬਾਅਦ, ਸਵਾਲ-ਜਵਾਬ ਦਾ ਇਕ ਦੌਰ ਚਲਾਇਆ ਗਿਆ, ਜਿਸ ਵਿਚ ਸਾਰੇ ਸਾਥੀਆਂ ਨੇ ਸਰਗਰਮ ਢੰਗ ਨਾਲ ਸਵਾਲ-ਜਵਾਬ ਕੀਤੇ। ਅੰਤ ਵਿੱਚ ਇਸ ਵਿਸ਼ੇ ਤੇ ਚਰਚਾ ਕੀਤੀ ਗਈ ਕਿ ਕਿਸ ਤਰਾਂ ਨਾਲ ਆਮ ਲੋਕਾਂ ਤੱਕ ਇਹ ਜਾਣਕਾਰੀਆਂ ਪੁਚਾਈਆਂ ਜਾਣ ਤਾ ਜੋ ਆਮ ਜਨਤਾ ਦਾ ਸਮਾਜਿਕ ਵਰਤਾਰਿਆਂ ਪ੍ਰਤੀ ਇਕ ਵਿਗਿਆਨਕ ਨਜਰੀਆ ਬਣ ਸਕੇ ।
ਇਸ ਵਿਚਾਰ ਚਰਚਾ ਵਿਚ ਸਾਥੀ ਸਤੀਸ਼ ਸਚਦੇਵਾ, ਦਲਵੀਰ ਕਟਾਣੀ, ਰਜਿੰਦਰ, ਸ੍ਰੀਮਤੀ ਪੁਸ਼ਪਿੰਦਰ ਕੌਰ, ਸ੍ਰੀਮਤੀ ਵਰਿੰਦਰ, ਦਲਵਿੰਦਰ ਸਿੰਘ, ਸਾਥੀ ਪ੍ਰਦੀਪ, ਸਤਵੀਰ, ਰਵਿੰਦਰ, ਹਰਮਨ, ਲਵਿਸ਼ ਅਤੇ ਹੋਰ ਸਾਥੀ ਮੌਜੂਦ ਸਨ।  
ਉਮੀਦ ਕਰਨੀ ਚਾਹੀਦੀ ਹੈ ਕਿ ਇਹ ਵਿਚਾਰ ਚਰਚਾ  ਅੰਧਵਿਸ਼ਵਾਸ਼ੀਆਂ ਵੱਲੋਂ ਫੈਲਾਈ ਜਾ ਰਹੀ ਵਹਿਮਾਂ-ਭਰਮਾਂ ਦੀ ਧੁੰਧ ਨੂੰ ਹਟਾ ਕੇ ਗਿਆਨ ਦੇ ਸੂਰਜ ਦੀ ਰੌਸ਼ਨੀ ਨਾਲ ਸਮਾਜ ਨੂੰ ਮਜ਼ਬੂਤ ਬਣਾਏਗੀ। 

Sunday, August 21, 2016

ਭਾਰਤ ਤੇ ਪਾਕਿਸਤਾਨ ਦੇ ਲੋਕਾਂ ਨੂੰ ਕਸ਼ਮੀਰ ਦੇ ਸੰਘਰਸ਼ ਦੀ ਹਮਾਇਤ ਦਾ ਸੱਦਾ

Sun, Aug 21, 2016 at 7:52 PM
"ਕਸ਼ਮੀਰੀ ਜਨਤਾ ਦਹਾਕਿਆਂ ਤੋਂ ਦਹਿਸ਼ਤਗਰਦੀ ਅਤੇ ਜਬਰ ਦੀ ਸ਼ਿਕਾਰ" 
ਲੁਧਿਆਣਾ: 21 ਅਗਸਤ 2016: (ਪੰਜਾਬ ਸਕਰੀਨ ਬਿਊਰੋ):
ਕਸ਼ਮੀਰ ਦੀ ਉਲਝਦੀ ਜਾ ਰਹੀ ਸਮੱਸਿਆ ਬਾਰੇ ਖੁਲ੍ਹੀਆਂ ਵਿਚਾਰਾਂ ਦਾ ਸਿਲਸਿਲਾ ਲਗਾਤਾਰ ਜ਼ੋਰ ਫੜ ਰਿਹਾ ਹੈ। ਉਮਰ ਖਾਲਿਦ ਅਤੇ ਕੁਝ ਹੋਰਨਾਂ ਚਰਚਿਤ ਵਿਅਕਤੀਆਂ ਦੇ ਲੁਧਿਆਣਾ ਦੌਰੇ ਤੋਂ ਬਾਅਦ ਅੱਜ ਇੱਕ ਵਿਸ਼ੇਸ਼ ਵਿਚਾਰ ਚਰਚਾ ਡਾ.ਅਮਰਜੀਤ ਬਿਲਡਿੰਗ, ਲੁਧਿਆਣਾ ਵਿੱਚ ਆਯੋਜਿਤ ਹੋਈ। ਨੌਜਵਾਨ ਭਾਰਤ ਸਭਾ ਵੱਲੋਂ ‘ਕਸ਼ਮੀਰ ਦਾ ਮਸਲਾ ਕੀ ਹੈ ਅਤੇ ਇਸਦਾ ਜ਼ਿੰਮੇਵਾਰ ਕੌਣ ਹੈ’ ਵਿਸ਼ੇ ਤੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਤਕਰੀਬਨ 15 ਸਾਥੀਆਂ ਨੇ ਸ਼ਮੂਲੀਅਤ ਕੀਤੀ। ਵਿਚਾਰ ਚਰਚਾ ਦੌਰਾਨ ਕਸ਼ਮੀਰੀ ਸਮੱਸਿਆ ਦੇ ਇਤਿਹਾਸ, ਮੌਜੂਦਾ ਹਾਲਤ ਅਤੇ ਇਸਦੇ ਹੱਲ ਬਾਰੇ ਵੱਖ-ਵੱਖ ਸਾਥੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਵਿਸ਼ਿਆ ਦੌਰਾਨ ਸਾਥੀਆਂ ਨੇ ਦੱਸਿਆ ਕਿ ਕਸ਼ਮੀਰ ਦੇ ਭਾਰਤ ਵਿੱਚ ਸ਼ਾਮਲ ਹੋਂਣ ਤੇ ਲੋਕਾਂ ਨਾਲ ਜਨਮਤ ਸੰਗ੍ਰਹਿ ਦਾ ਵਾਅਦਾ ਕੀਤਾ ਗਿਆ ਸੀ, ਪਰ ਜੋ ਕਦੇ ਵੀ ਪੂਰਾ ਨਾ ਕੀਤਾ ਗਿਆ ਤੇ ਬਾਅਦ ਰਾਜਨੀਤਿਕ ਤੌਰ ਤੇ ਜੋੜ-ਤੋੜ ਕਰਕੇ ਭਾਰਤੀ ਰਾਜਸੱਤਾ ਨੇ ਉੱਥੇ ਆਪਣੇ ਪੈਰ ਜਮਾਈ ਰੱਖਣੇ ਚਾਹੇ, ਜਿਸ ਕਾਰਨ ਕਸ਼ਮੀਰੀ ਆਵਾਮ ਵਿੱਚ ਲਗਾਤਾਰ ਅਸੁਰੱਖਿਆ ਤੇ ਅਲਹਿਦਗੀ ਦਾ ਭਾਵਨਾ ਵਧਦੀ ਗਈ। ਮੌਜਦਾ ਹਾਲਤ ਤੇ ਗੱਲ ਕਰਦੇ ਹੋਏ ਸਾਥੀਆਂ ਨੇ ਕਸ਼ਮੀਰ ਦੇ ਮੌਜੂਦਾ ਵਿਦਰੋਹਾਂ ਤੇ ਗੱਲਬਾਤ ਕੀਤੀ ਕਿ  ਕਿਸ ਤਰ੍ਹਾਂ ਭਾਰਤੀ ਰਾਜਸੱਤਾ ਕਸ਼ਮੀਰੀ ਲੋਕਾਂ ਤੇ ਲਗਾਤਾਰ ਜਬਰ ਕਰਦੇ ਹੋਏ, ਭਿਅੰਕਰ ਹਥਿਆਰ ਵਰਤ ਰਹੀ ਹੈ। ਛੱਰਿਆਂ ਵਾਲੀਆਂ ਬੰਦੂਕਾਂ ਦੀ ਵਰਤੋਂ ਕਰਦੇ ਹੋਏ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ, ਜੋ ਸਿੱਧੀ ਮੌਤ ਤਾਂ ਨਹੀਂ ਦਿੰਦੀ ਪਰ ਜਿਉਂਦੇ ਰੱਖ ਕੇ ਵੀ ਮੌਤ ਤੋਂ ਬਦਤਰ ਜ਼ਿੰਦਗੀ ਬਤੀਤ ਕਰਨ ਲਈ ਛੱਡ ਦਿੰਦੀ ਹੈ। ਅੰਤ ਵਿੱਚ ਇਸ ਮਸਲੇ ਦੇ ਹੱਲ ਬਾਰੇ ਗੱਲ ਕਰਦੇ ਹੋਏ ਸਾਰੇ ਸਾਥੀਆਂ ਨੇ ਸਾਂਝੀ ਰਾਏ ਪ੍ਰਗਟ ਕਰਦੇ ਹੋਏ ਕਿਹਾ ਕਿ ਕਸ਼ਮੀਰ ਦੇ ਲੋਕ ਦਹਾਕਿਆਂ ਤੋਂ ਆਤੰਕਵਾਦ ਅਤੇ ਭਾਰਤੀ ਜਬਰ ਦਾ ਸ਼ਿਕਾਰ ਹੋ ਰਹੇ ਹਨ ਤੇ ਇਸਦਾ ਅੰਤ ਤਾਂ ਹੀ ਹੋ ਸਕਦਾ ਹੈ ਜੇਕਰ ਕਸ਼ਮੀਰੀ ਜਨਤਾ ਦੇ ਹੁੰਦੇ ਜਬਰ ਖਿਲਾਫ ਭਾਰਤ ਤੇ ਪਾਕਿਸਤਾਨ ਦੇ ਲੋਕ ਉਹਨਾਂ ਦੇ ਸੰਘਰਸ਼ ਦੀ ਹਿਮਾਇਤ ਕਰਨ ਤੇ ਆਪਣੀਆਂ ਸਰਕਾਰਾਂ ਤੇ ਉੱਥੇ ਹੁੰਦੇ ਜਬਰ ਨੂੰ ਰੋਕਣ ਲਈ ਦਬਾਅ ਪਾਉਣ, ਤੇ ਕਸ਼ਮੀਰ ਦੀ ਜਨਤਾ ਨੂੰ ਆਪਾ ਨਿਰਣਾ ਦਾ ਹੱਕ ਦਿੱਤਾ ਜਾਵੇ। ਤੇ ਕਸ਼ਮੀਰ ਦੀ ਸੱਚਾਈ ਨੂੰ ਭਾਰਤੀ ਲੋਕਾਂ ਵਿੱਚ ਪ੍ਰਚਾਰਿਆ ਜਾਵੇ ਤੇ ਉਹਨਾਂ ਨੂੰ ਉੱਥੇ ਹੁੰਦੇ ਜਬਰ ਖਿਲਾਫ ਲੜ ਰਹੇ ਲੋਕਾਂ ਦੀ ਹਿਮਾਇਤ ਲਈ ਅੱਗੇ ਲਿਂਆਦਾ ਜਾਵੇ।

ਇਸ ਚਰਚਾ ਦਾ ਸੰਚਾਲਨ ਸਾਥੀ ਰਵਿੰਦਰ ਨੇ ਕੀਤਾ। ਇਸ ਚਰਚਾ ਦੌਰਾਨ ਸਾਥੀ ਸਤੀਸ਼ ਸਚਦੇਵਾ, ਸਾਥੀ ਪ੍ਰਦੀਪ, ਕਲਪਨਾ, ਇੰਦਰਜੀਤ, ਸੰਦੀਪ, ਹਰਸ਼, ਲਵਿਸ਼, ਸ਼ਿਵਾਨੀ, ਸ਼੍ਰਿਸਟੀ, ਜਸਪ੍ਰੀਤ ਤੇ ਹੋਰ ਸਾਥੀ ਮੌਜੂਦ ਸਨ।ਕਾਬਿਲੇ ਜ਼ਿਕਰ ਹੈ  ਕਿ ਇਸਦਾ ਐਲਾਨ ਬਾਕਾਇਦਾ ਪਹਿਲਾਂ ਕਰ ਦਿੱਤਾ ਗਿਆ ਸੀ। ਘਟੋਘੱਟ ਦੋ ਘੰਟੇ ਤੱਕ ਚੱਲੀ ਇਸ ਵਿਚਾਰ ਚਰਚਾ ਵਿੱਚ ਉਹਨਾਂ ਲੋਕਾਂ ਵਿੱਚੋਂ ਕੋਈ ਵੀ ਨਹੀਂ ਪਹੁੰਚਿਆ ਜਿਹੜੇ ਅਕਸਰ ਸੋਸ਼ਲ ਮੀਡੀਆ ਉੱਤੇ ਕਸ਼ਮੀਰ ਮਸਲੇ ਬਾਰੇ ਆਪਣੀ ਜਾਣਕਾਰੀ ਅਜਿਹੇ ਆਯੋਜਨਾਂ ਨੂੰ ਦੇਸ਼ ਵਿਰੋਧੀ ਕਰਾਰ ਦੇਂਦੇ ਨਹੀਂ ਥੱਕਦੇ। ਜਿਹੜੇ ਪਹੁੰਚੇ ਉਹਨਾਂ ਨੇ ਬੜੀ ਸਪਸ਼ਟਤਾ ਨਾਲ ਕਸ਼ਮੀਰੀ ਲੋਕਾਂ ਅਤੇ ਉਹਨਾਂ ਦੇ ਸੰਘਰਸ਼ ਦੀ ਹਮਾਇਤ ਕੀਤੀ।