Aug 8, 2019, 5:11 PM
ਮੋਗਾ ਵਿੱਚ ਵੀ ਭਾਰੀ ਰੋਹ ਭਰੀ ਰੈਲੀ ਅਤੇ ਰੋਸ ਵਖਾਵਾ
ਮੋਗਾ: 8 ਅਗਸਤ 2019: (ਪੰਜਾਬ ਸਕਰੀਨ ਬਿਊਰੋ)::
ਤਿਲੰਗਾਨਾ ਪੁਲੀਸ ਵੱਲੋਂ ਪਿਛਲੇ ਦਿਨੀਂ ਸੀਪੀਆਈ ਐਮਐਲ ਨਿਊ ਡੈਮੋਕਰੇਸੀ ਦੇ ਸੂਬਾ ਕਮੇਟੀ ਮੈਂਬਰ ਅਤੇ ਆਦਿਵਾਸੀਆਂ ਦੇ ਹਰਮਨਪਿਆਰੇ ਆਗੂ ਕਾਮਰੇਡ ਲਿੰਗਾਨਾ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਕਤਲ ਕੀਤੇ ਜਾਣ ਦਾ ਦੋਸ਼ ਲਾਇਆ ਪੰਜਾਬ ਸਟੂਡੈਂਟਸ ਯੂਨੀਅਨ, ਨੌਜਵਾਨ ਭਾਰਤ ਸਭਾ ਅਤੇ ਹੋਰਨਾਂ ਸੰਗਠਨਾਂ ਨੇ। ਇਸ ਝੂਠੇ ਮੁਕਾਬਲੇ ਦੇ ਖਿਲਾਫ ਸੂਬੇ ਭਰ ਚ ਰੋਸ ਮੁਜ਼ਾਹਰੇ ਕਰਕੇ ਡਿਪਟੀ ਕਮਿਸ਼ਨਰਾਂ ਰਾਹੀਂ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤੇ ਜਾਣ ਦਾ ਫੈਸਲਾ ਵੀ ਐਲਾਨਿਆ ਗਿਆ ਸੀ। ਇਹਨਾਂ ਰੋਸ ਵਖਾਵਿਆਂ ਦੇ ਸੱਦੇ ਤਹਿਤ ਅੱਜ ਦਾਣਾ ਮੰਡੀ ਮੋਗਾ ਵਿਖੇ ਵੀ ਰੈਲੀ ਕੀਤੀ ਗਈ। ਇਹ ਰੈਲੀ ਕਰਕੇ ਡੀ.ਸੀ.ਦਫ਼ਤਰ ਮੋਗਾ ਤੱਕ ਰੋਸ ਮੁਜ਼ਾਹਰਾ ਵੀ ਜੱਥੇਬੰਦ ਕੀਤਾ ਗਿਆ। ਇਸਦੇ ਨਾਲ ਹੀ ਪ੍ਰਸ਼ਾਸਨ ਰਾਹੀਂ ਮੰਗ ਪੱਤਰ ਦਿੱਤਾ ਗਿਆ। ਇਹਨਾਂ ਰੋਸ ਵਖਾਵਿਆਂ ਵਿੱਚ ਸ਼ਾਮਲ ਹੋਏ ਵਰਕਰਾਂ ਵਿੱਚ ਅਥਾਹ ਜੋਸ਼ ਸੀ।
ਕਾਮਰੇਡ ਲਿੰਗਾਨਾ ਨੂੰ 31 ਜੁਲਾਈ ਬੁਧਵਾਰ ਵਾਲੇ ਦਿਨ ਜੰਗਲਾਂ ਵਿੱਚ ਲਿਜਾ ਕੇ ਮੁਕਾਬਲਾ ਬਣਾਇਆ ਗਿਆ। ਕਾਮਰੇਡ ਲਿੰਗਣਾ ਦੀ ਉਮਰ 40-45 ਸਾਲ ਦੀ ਸੀ ਅਤੇ ਉਸਦਾ ਮੁਕਾਬਲਾ ਉਸਦੇ ਪਿੰਡ ਨੇੜਲੀ ਹੀ ਕਿਸੇ ਥਾਂ 'ਤੇ ਬਣਾਇਆ ਗਿਆ। ਉਸ ਵੇਲੇ ਇੱਕ ਹੋਰ ਨਕਸਲੀ ਗਰੁੱਪ ਸੀਪੀਆਈ (ਮਾਓਇਸਟ) ਵੱਲੋਂ ਸ਼ਹੀਦੀ ਹਫਤੇ ਦਾ ਸੱਦਾ ਵੀ ਚੱਲ ਰਿਹਾ ਸੀ। ਪੁਲਿਸ ਨੇ ਆਪਣੀ ਉਹੀ ਚਿਰਾਂ ਪੁਰਾਣੀ ਕਹਾਣੀ ਘੜੀ ਕਿ ਦਸ ਪੰਦਰਾਂ ਨਕਸਲੀਆਂ ਨੇ ਅਚਾਨਕ ਹੀ ਸੁਰੱਖਿਆ ਦਸਤਿਆਂ 'ਤੇ ਗੋਲੀ ਚਲਾਈ ਅਤੇ ਜੁਆਬੀ ਫਾਇਰਿੰਗ ਵਿੱਚ ਕਾਮਰੇਡ ਲਿੰਗਾਨਾ ਮਾਰੀਆ ਗਿਆ। ਦੋ ਹੋਰ ਨਕਸਲੀ ਗ੍ਰਿਫਤਾਰ ਕਰ ਲੈ ਗਏ ਜਦਕਿ ਬਾਕੀ ਦੇ ਫਰਾਰ ਹੋ ਗਏ। ਮਾਰੀਆ ਗਿਆ ਨਕਸਲੀ ਕਾਮਰੇਡ ਲਿੰਗਾਨਾ ਪਾਬੰਦੀਸ਼ੁਦਾ ਨਕਸਲੀ ਸੰਗਠਨ ਸੀਪੀਆਈ (ਐਮ ਐਲ) ਨਿਊ ਡੈਮੋਕਰੇਸੀ ਦਾ ਸੂਬਾ ਸਕੱਤਰ ਅਤੇ ਏਰੀਆ ਕਮਾਂਡਰ ਵੀ ਸੀ। ਇਸ ਮੁਕਾਬਲੇ ਤੋਂ ਬਾਅਦ ਇਲਾਕੇ ਵਿੱਚ ਤਿੱਖਾ ਵਿਰੋਧ ਵੀ ਹੋਇਆ।
ਇਹਨਾਂ ਸੰਗਠਨਾਂ ਨੇ ਕਿਹਾ ਕਿ ਭਾਰਤੀ ਹਕੂਮਤ ਵਿਕਾਸ ਦੇ ਮਾਡਲ ਦੇ ਨਾਮ ਤੇ ਬਹੁਕੌਮੀ ਕੰਪਨੀਆਂ ਵੱਲੋਂ ਦੇਸ਼ ਦੇ ਜਲ ਜੰਗਲ ਜ਼ਮੀਨ ਦੀ ਕੀਤੀ ਜਾ ਰਹੀ ਲੁੱਟ ਅਤੇ ਭਾਰਤੀ ਫੌਜ ਦਾ ਵਿਰੋਧ ਕਰ ਰਹੇ ਆਦਿਵਾਸੀਆਂ ਨੂੰ ਅੰਨਾ ਤਸ਼ੱਦਦ ਕਰਕੇ ਮਾਰਨ ਦੇ ਖਿਲਾਫ ਚੱਲ ਰਹੇ ਸੰਘਰਸ਼ ਦੀ ਅਗਵਾਈ ਕਰ ਰਹੇ ਕਾਮਰੇਡ ਲਿੰਗਾਨਾ ਨੂੰ ਪੁਲਿਸ ਨੇ ਕੋਹ ਕੋਹ ਕੇ ਮਾਰਿਆ ਹੈ।
ਸੀਪੀਆਈ ਐਮਐਲ ਨਿਊ ਡੈਮੋਕਰੇਸੀ ਦੇ ਆਗੂ ਭਰਪੂਰ ਸਿੰਘ ਰਾਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਮਰਾਜੀ ਸਾਡੇ ਮੁਲਕ ਦੇ ਜੰਗਲੀ ਇਲਾਕਿਆਂ ਦੀ ਧਰਤੀ ਹੇਠਲੇ ਖਣਿਜਾਂ ਦੀ ਲੁੱਟ ਕਰ ਰਿਹਾ ਹੈ। ਇਸ ਦੀ ਲੁੱਟ ਨੂੰ ਬਾਦਸਤੂਰ ਜਾਰੀ ਰੱਖਣ ਲਈ ਸੀ.ਆਰ.ਪੀ.ਐਫ., ਨੀਮ ਫ਼ੌਜੀ ਬਲ ਜੰਗਲੀ ਇਲਾਕਿਆਂ ’ਚ ਤੈਨਾਤ ਕਰਕੇ ਆਦਿਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਉਜਾੜਿਆਜਾ ਰਿਹਾ ਹੈ।
ਅੱਜ ਦੇ ਰੋਸ ਮੁਜ਼ਾਹਰੇ ’ਚ ਸ਼ਾਮਲ ਨੌਜਵਾਨ ਭਾਰਤ ਸਭਾ ਦੇ ਆਗੂ ਕਰਮਜੀਤ ਕੋਟਕਪੂਰਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਔਲਖ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਪ੍ਰਗਟ ਸਿੰਘ ਸਾਫੂਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕੇ ਆਦਿਵਾਸੀ ਖੇਤਰਾਂ ਦੇ ਆਦਿਵਾਸੀਆਂ ਤੇ ਉਨ੍ਹਾਂ ਦੇ ਆਗੂਆਂ ਨੂੰ ਪੁਲਿਸ ਮੁਕਾਬਲਿਆਂ ਰਾਹੀਂ ਮਾਰਨਾ ਆਮ ਗੱਲ ਬਣ ਗਈ ਹੈ ਇਸ ਨੂੰ ਬੰਦ ਕੀਤਾ ਜਾਵੇ, ਮਿਹਨਤ ਨਾਲ ਆਬਾਦੀ ਜ਼ਮੀਨ ਚੋਂ ਆਦਿਵਾਸੀਆਂ ਨੂੰ ਜਬਰ ਤਸ਼ੱਦਦ ਨਾਲ ਉਜਾੜਨਾ ਬੰਦ ਕੀਤਾ ਜਾਵੇ, ਆਦਿਵਾਸੀਆਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿੱਤੇ ਜਾਣ ।
ਰੋਸ ਮੁਜ਼ਾਹਰੇ ਵਿੱਚ ਲੋਕ ਸੰਗਰਾਮ ਮੰਚ ਦੇ ਆਗੂ ਤਾਰਾ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਆਗੂ ਦਰਸ਼ਨ ਸਿੰਘ ਤੂਰ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮੰਗਾ ਸਿੰਘ ਵੈਰੋਕੇ ਨੇ ਵੀ ਸੰਬੋਧਨ ਕੀਤਾ। ਇਸਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਦੇ ਬੂਟਾ ਸਿੰਘ ਤਖਾਣਵੱਧ, ਛਿੰਦਰ ਕੌਰ ਰੋਡੇ, ਪੀਐੱਸਯੂ ਦੀ ਆਗੂ ਜਗਵੀਰ ਕੌਰ, ਨੌਜਵਾਨ ਭਾਰਤ ਸਭਾ ਦੇ ਇਲਾਕਾ ਕਮੇਟੀ ਮੈਂਬਰ ਰਾਜਿੰਦਰ ਸਿੰਘ ਰਾਜੇਆਣਾ ਵੀ ਹਾਜ਼ਰ ਸਨ।
No comments:
Post a Comment