Showing posts with label Machhiwara Sahib. Show all posts
Showing posts with label Machhiwara Sahib. Show all posts

Thursday, January 06, 2022

ਮੁੱਖ ਮੰਤਰੀ ਚੰਨੀ ਦੀ ਮੋਦੀ ਨੂੰ ਦੋ-ਟੁੱਕ

 6th January 2022 at 5:41 PM

ਸਾਡੀ ਦੇਸ਼ ਭਗਤੀ 'ਤੇ ਸਵਾਲ ਉਠਾਉਣਾ ਬੰਦ ਕਰੋ

ਪੰਜਾਬ ਨੂੰ ਬਦਨਾਮ ਕਰਨਾ ਬੰਦ ਕਰੋ

ਕੌਮੀ ਖੁਫੀਆ ਤੰਤਰ ਨੂੰ ਉੱਥੇ ਕਿਸੇ ਖ਼ਤਰੇ ਦਾ ਅਹਿਸਾਸ ਕਿਉਂ ਨਹੀਂ ਹੋਇਆ?

ਕੌਮੀ ਖੁਫੀਆ ਤੰਤਰ ਉੱਥੇ ਕੀ ਕਰ ਰਿਹਾ ਸੀ: ਚੰਨੀ ਦਾ ਮੋਦੀ ਨੂੰ ਸਵਾਲ

ਬਦਲੇਖੋਰੀ ਦੀ ਰਾਜਨੀਤੀ ਤੋਂ ਦੂਰ ਰਹਿਣ ਦੀ ਵਕਾਲਤ

ਲੜਕੀਆਂ ਲਈ ਨੈਸ਼ਨਲ ਕਾਲਜ ਦਾ ਸਰਕਾਰੀ ਕਾਲਜ ਵਜੋਂ ਰਸਮੀ ਉਦਘਾਟਨ


ਮਾਛੀਵਾੜਾ ਸਾਹਿਬ
: 6 ਜਨਵਰੀ 2022: (ਪ੍ਰਿਤਪਾਲ ਸਿੰਘ ਪਾਲੀ//ਪੰਜਾਬ ਸਕਰੀਨ ਡੈਸਕ)::

ਸਿਆਸਤ ਦੀਆਂ ਚਾਲਾਂ ਨੂੰ ਦੇਖਦਿਆਂ ਦਿੱਲੀ ਅਤੇ ਪੰਜਾਬ ਇੱਕ ਵਾਰ ਫੇਰ ਆਹਮੋ ਸਾਹਮਣੇ ਹਨ। ਇਸ ਵਾਰ ਬਹਾਨਾ ਬਣ ਰਹੀ ਹੈ ਫਿਰੋਜ਼ਪੁਰ ਵਾਲੀ ਰੈਲੀ ਜਿਸਦੀਆਂ ਕੁਰਸੀਆਂ ਖਾਲੀ ਸਨ। ਇਸ ਲਈ ਉਸ ਨੂੰ ਫਲਾਪ ਕਿਹਾ ਜਾਣਾ ਕੋਈ ਗਲਤ ਨਹੀਂ ਹੋਵੇਗਾ। ਪ੍ਰਬੰਧਕਾਂ ਨੇ ਨਾ ਤਾਂ ਖਰਾਬ ਮੌਸਮ ਦਾ ਅਨੁਮਾਨ ਲਾਇਆ ਅਤੇ ਨਾ ਹੀ ਨਾ ਹੀ ਲੋਕਾਂ ਦੇ ਮਨਾਂ  ਦਾ। ਉੱਥੇ ਮੌਜੂਦ ਕੌਮੀ ਖੁਫੀਆ ਤੰਤਰ ਵੀ ਸ਼ਾਇਦ ਕੇਂਦਰੀ ਸੱਤਾ ਨੂੰ ਅਤੇ ਭਾਜਪਾ ਹਾਈ ਕਮਾਨ ਨੂੰ ਸਹੀ ਜਾਣਕਾਰੀ ਮੌਕੇ ਸਿਰ ਨਹੀਂ ਦੇ ਸਕਿਆ। ਇਸ ਵਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁੱਲ ਕੇ ਪੰਜਾਬ ਦੇ ਹੱਕ ਵਿੱਚ ਅੱਗੇ ਆਏ ਹਨ।ਪੰਜਾਬ ਦੀ ਰਾਸ਼ਟਰਵਾਦੀ ਸਾਖ਼ 'ਤੇ ਸਵਾਲ ਉਠਾਉਣ ਵਾਲਿਆਂ ਨੂੰ ਕਰਾਰਾ ਜਵਾਬ ਦਿੰਦਿਆਂ  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਸਪੱਸ਼ਟ ਕੀਤਾ ਕਿ ਪੰਜਾਬੀਆਂ ਨੇ ਕਦੇ ਵੀ ਦੇਸ਼ ਲਈ ਕੁਰਬਾਨੀਆਂ ਕਰਨ ਤੋਂ ਝਿਜਕ ਨਹੀਂ ਦਿਖਾਈ ਅਤੇ ਉਹ ਵੀ ਦੇਸ਼ ਦੇ ਹੋਰ ਵਰਗਾਂ ਵਾਂਗ ਦੇਸ਼ ਭਗਤ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਫਿਰੋਜ਼ਪੁਰ ਵਿਖੇ ਬਿਨਾਂ ਸੰਬੋਧਨ ਕੀਤੇ  ਵਾਪਸ ਚਲੇ ਜਾਣ ਦੀ ਕੱਲ੍ਹ ਦੀ ਘਟਨਾ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਇੱਥੇ ਦਾਣਾ ਮੰਡੀ ਵਿਖੇ ਕਿਹਾ ਕਿ ਅਸਲੀਅਤ ਇਹ ਹੈ ਕਿ ਰੈਲੀ ਵਾਲੀ ਥਾਂ 'ਤੇ ਸਿਰਫ਼ 700 ਲੋਕ ਹੀ ਪੁੱਜੇ ਸਨ, ਜਿਸ ਨੇ ਪ੍ਰਧਾਨ ਮੰਤਰੀ ਨੂੰ ਆਪਣੇ ਕਦਮ ਪਿੱਛੇ ਮੋੜਨ ਲਈ ਮਜਬੂਰ ਕੀਤਾ ਅਤੇ ਬਾਅਦ ਵਿਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਖਤਰੇ ਦਾ ਬਹਾਨਾ ਲਾਉਂਦੇ ਹੋਏ ਦੋਸ਼ ਪੰਜਾਬ ਸਰਕਾਰ 'ਤੇ ਮੜ੍ਹ ਦਿੱਤਾ ਗਿਆ।  ਚੰਨੀ ਨੇ ਕਿਹਾ, "ਸੱਚਾਈ ਇਹ ਹੈ ਕਿ ਪ੍ਰਧਾਨ ਮੰਤਰੀ ਦੀ ਨਿਰਧਾਰਤ ਰੈਲੀ ਤੋਂ ਪੰਜ ਦਿਨ ਪਹਿਲਾਂ, ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐਸਪੀਜੀ) ਨੇ ਲੈਂਡਿੰਗ ਸਪਾਟ, ਰੈਲੀ ਵਾਲੀ ਥਾਂ ਅਤੇ ਹਰੇਕ ਸੁਰੱਖਿਆ ਵੇਰਵੇ ਲੈ ਲਏ ਸਨ ਪਰ ਬਾਅਦ ਵਿੱਚ ਪ੍ਰਧਾਨ ਮੰਤਰੀ ਦੇ ਕਾਫ਼ਲੇ ਨੇ ਅਚਾਨਕ ਜ਼ਮੀਨੀ ਰਸਤਾ ਫੜ ਲਿਆ ਜੋ ਕਿ ਐਸ.ਪੀ.ਜੀ. ਦੁਆਰਾ ਕਲੀਅਰ ਕੀਤਾ ਗਿਆ ਸੀ।"

ਮੁੱਖ ਮੰਤਰੀ ਨੇ ਮੁੜ ਦੁਹਰਾਇਆ ਕਿ ਜੇਕਰ ਪ੍ਰਧਾਨ ਮੰਤਰੀ ਨੂੰ ਕੋਈ ਖ਼ਤਰਾ ਹੈ ਤਾਂ ਹਰ ਪੰਜਾਬੀ ਦੇਸ਼ ਭਗਤ ਹੋਣ ਨਾਤੇ ਆਪਣਾ ਖੂਨ ਵਹਾਉਣ ਅਤੇ ਗੋਲੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ, ਜਿਵੇਂ ਕਿ ਉਹ ਪਹਿਲਾਂ ਵੀ ਦੇਸ਼ ਦੀ ਮਾਣ ਅਤੇ ਮਰਿਆਦਾ ਦੀ ਬਹਾਲੀ ਲਈ ਕਰਦੇ ਆਏ ਹਨ।

 ਮੁੱਖ ਮੰਤਰੀ ਚੰਨੀ ਨੇ ਪੰਜਾਬ ਵਿਰੋਧੀ ਤਾਕਤਾਂ ਨੂੰ ਸੂਬੇ ਨੂੰ ਬਦਨਾਮ ਕਰਨਾ ਬੰਦ ਕਰਨ ਲਈ ਕਿਹਾ। ਉਨ੍ਹਾਂ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਦੇ ਆਲੇ ਦੁਆਲੇ ਖੁਫੀਆ ਤੰਤਰ ਕੀ ਕਰ ਰਿਹਾ ਹੈ, ਕੀ ਉਹਨਾਂ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਲਈ ਕਿਸੇ ਖਤਰੇ ਦੀ ਸੰਭਾਵਨਾ ਮਹਿਸੂਸ ਕੀਤੀ ਸੀ।

 ਇਸੇ ਤਰ੍ਹਾਂ ਮੁੱਖ ਮੰਤਰੀ ਚੰਨੀ ਨੇ ਪੰਜਾਬ ਵਿਰੋਧੀ ਤਾਕਤਾਂ ਨੂੰ ਬਦਲੇਖੋਰੀ ਦੀ ਰਾਜਨੀਤੀ ਤੋਂ ਦੂਰ ਰਹਿਣ ਲਈ ਕਿਹਾ ਅਤੇ ਇਸ ਗੱਲ 'ਤੇ ਵਿਚਾਰ ਕਰਨ ਦੀ ਸਲਾਹ ਦਿੱਤੀ ਕਿ ਲੋਕ, ਖਾਸ ਕਰਕੇ ਕਿਸਾਨ, ਉਨ੍ਹਾਂ ਨੂੰ ਕਿਉਂ ਪਸੰਦ ਨਹੀਂ ਕਰਦੇ।

 ਇਸ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ ਨੇ ਇਤਿਹਾਸਿਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਮਾਛੀਵਾੜਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਉਥੇ ਰੁਮਾਲਾ ਸਾਹਿਬ ਵੀ ਭੇਟ ਕੀਤਾ। ਉਨ੍ਹਾਂ ਨੂੰ ਹੈੱਡ ਗ੍ਰੰਥੀ ਹਰਪਾਲ ਸਿੰਘ ਅਤੇ ਮੈਨੇਜਰ ਸਰਬਦਿਆਲ ਸਿੰਘ ਵੱਲੋਂ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਉਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਪੇਂਟਿੰਗ ਵੀ ਦਿੱਤੀ ਗਈ, ਜਿਸ ਵਿੱਚ ਗੁਰੂ ਸਾਹਿਬ ਨੂੰ ਇਤਿਹਾਸਕ ਜੰਡ ਸਾਹਿਬ ਦੇ ਹੇਠਾਂ 'ਮਾਛੀਵਾੜਾ ਦੇ ਜੰਗਲ' 'ਚ ਵਿਸ਼ਰਾਮ ਕਰਦੇ ਚਿਤਰਿਆ ਗਿਆ ਹੈ।

 ਇਸ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਵਲੋਂ ਨੈਸ਼ਨਲ ਕਾਲਜ ਫ਼ਾਰ ਵੂਮੈਨ (ਮਾਛੀਵਾੜਾ) ਨੂੰ ਸਰਕਾਰੀ ਕਾਲਜ ਫ਼ਾਰ ਵੂਮੈਨ ਵਜੋਂ ਅਪਣਾਏ ਜਾਣ ਉਪਰੰਤ ਸੰਭਾਲੇ ਜਾਣ ਦਾ ਰਸਮੀ ਉਦਘਾਟਨ ਵੀ ਕੀਤਾ।

ਉਨ੍ਹਾਂ ਆਪਣੀ ਸਰਕਾਰ ਵੱਲੋਂ ਚੁੱਕੇ ਗਏ ਲੋਕ ਪੱਖੀ ਕਦਮਾਂ ਦੀ ਗੱਲ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਰਾਜ ਦੇ ਹਰੇਕ ਨੌਜਵਾਨ ਦੇ ਬੈਂਕ ਖਾਤੇ ਵਿੱਚ ਜਲਦੀ ਹੀ 2000 ਰੁਪਏ ਪ੍ਰਤੀ ਦਿੱਤੇ ਜਾਣਗੇ। ਇਸ ਤੋਂ ਇਲਾਵਾ, ਉਨ੍ਹਾਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕ੍ਰਮਵਾਰ 10 ਰੁਪਏ ਤੇ 5 ਰੁਪਏ ਦੀ ਕਟੌਤੀ, ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ 'ਚ 3 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ, ਪਾਣੀ ਦੀ ਸਪਲਾਈ ਦੀਆਂ ਦਰਾਂ ਨੂੰ ਘਟਾ ਕੇ 50 ਰੁਪਏ 'ਤੇ ਲਿਆਉਣ, ਗਊਸ਼ਾਲਾਵਾਂ ਦੇ 19 ਕਰੋੜ ਰੁਪਏ ਦੇ ਬਿਜਲੀ ਬਿੱਲਾਂ ਨੂੰ ਮੁਆਫ ਕਰਨ, 52000 ਆਂਗਣਵਾੜੀ ਵਰਕਰਾਂ/ਹੈਲਪਰਾਂ ਤੋਂ ਇਲਾਵਾ 67000 ਆਸ਼ਾ ਵਰਕਰਾਂ ਅਤੇ ਮਿਡ ਡੇ ਮੀਲ ਵਰਕਰਾਂ ਦੇ ਮਾਸਿਕ ਮਾਣ ਭੱਤੇ ਵਿੱਚ ਵਾਧਾ ਕਰਨ ਜਿਹੀਆਂ ਆਪਣੀ ਸਰਕਾਰ ਦੀਆਂ ਪ੍ਰਮੁੱਖ ਉਪੱਬਧੀਆਂ ਵੀ ਦੱਸੀਆਂ।

ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਮੁੱਖ ਮੰਤਰੀ ਨੇ ਉਸ ਨੂੰ ਬ੍ਰਿਟਿਸ਼ ਬਸਤੀਵਾਦੀਆਂ ਨਾਲ ਜੋੜਦੇ ਹੋਏ ਕਿਹਾ ਕਿ ਉਹ ਆਪਣੇ ਭਗਵੰਤ ਮਾਨ ਵਰਗੇ ਸਾਥੀਆਂ ਦੀ ਮਦਦ ਨਾਲ ਪੰਜਾਬ 'ਤੇ ਕਬਜ਼ਾ ਕਰਨ ਲਈ ਤਿਆਰ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਇੱਕ ਭਗੌੜਾ ਹੈ ਜੋ ਆਪਣੇ ਮਾੜੇ ਕੰਮਾਂ ਕਾਰਨ ਕਾਨੂੰਨ ਤੋਂ ਭਗੌੜਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਉਦਯੋਗ ਤੇ ਵਣਜ ਮੰਤਰੀ ਗੁਰਕੀਰਤ ਸਿੰਘ ਕੋਟਲੀ, ਵਿਧਾਇਕ (ਸਮਰਾਲਾ) ਅਮਰੀਕ ਸਿੰਘ ਢਿੱਲੋਂ, ਵਿਧਾਇਕ (ਪਾਇਲ) ਲਖਬੀਰ ਸਿੰਘ ਲੱਖਾ ਅਤੇ ਸੀਨੀਅਰ ਕਾਂਗਰਸੀ ਆਗੂ ਸਤਵਿੰਦਰ ਕੌਰ ਬਿੱਟੀ, ਡਾਇਰੈਕਟਰ (ਪ੍ਰਸ਼ਾਸਨ) ਪੰਜਾਬ ਟਰਾਂਸਕੋ ਕਰਨਬੀਰ ਸਿੰਘ ਢਿੱਲੋਂ, ਕਮਲਜੀਤ ਸਿੰਘ ਢਿੱਲੋਂ, ਚੇਅਰਮੈਨ ਮਾਰਕੀਟ ਕਮੇਟੀ ਦਰਸ਼ਨ ਕੁੰਦਰਾ, ਪ੍ਰਧਾਨ ਨਗਰ ਕੌਂਸਲ ਸੁਰਿੰਦਰ ਕੁੰਦਰਾ, ਚੇਅਰਮੈਨ ਇੰਪਰੂਵਮੈਂਟ ਟਰੱਸਟ, ਸ਼ਕਤੀ ਆਨੰਦ ਤੇ ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ।  

Monday, December 16, 2019

AISF ਵੱਲੋਂ ਮਾਛੀਵਾੜਾ ਵਿੱਚ ਨਾਗਰਿਕਤਾ ਸੋਧ ਬੋਲ ਦਾ ਤਿੱਖਾ ਵਿਰੋਧ

CAB ਵਿਰੁੱਧ ਸੈਮੀਨਾਰ ਅਤੇ ਰੋਸ ਮਾਰਚ ਦਾ ਆਯੋਜਨ 
ਲੁਧਿਆਣਾ: 16 ਦਸੰਬਰ 2019: (ਪੰਜਾਬ ਸਕਰੀਨ ਬਿਊਰੋ)::
ਨਾਗਰਿਕਤਾ ਕਾਨੂੰਨ ਵਿਰੁੱਧ ਰੋਸ ਦੀ ਲਹਿਰ ਪੰਜਾਬ ਵਿੱਚ ਵੀ ਦਾਖਲ ਹੋ ਰਹੀ ਹੈ। ਮਾਛੀਵਾੜਾ ਵਿੱਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਨੇ ਐਤਵਾਰ ਨੂੰ ਇਸ ਬਿਲ ਦੇ ਖਿਲਾਫ ਭਰਵਾਂ ਸੈਮੀਨਾਰ ਕੀਤਾ। ਬਾਅਦ ਦੁਪਹਿਰ ਹੋਇਆ ਇਹ ਸੈਮੀਨਾਰ ਦੇਰ  ਜਾਰੀ ਰਿਹਾ। ਇਸ ਸੈਮੀਨਾਰ ਵਿੱਚ ਮੁੱਖ ਬੁਲਾਰੇ ਸਨ ਡਾਕਟਰ ਅਰੁਣ ਮਿੱਤਰਾ। ਸੈਮੀਨਾਰ ਤੋਂ ਇਲਾਵਾ ਸ਼ਹਿਰ ਵਿੱਚ ਇੱਕ ਰੋਸ ਮਾਰਚ ਵੀ ਕੱਢਿਆ ਗਿਆ। ਇਸ ਮੌਕੇ ਦੀਪਕ ਕਸ਼ਿਅਪ, ਰਵੀ ਕਾਂਤਾ, ਜਗਦੀਸ਼ ਬੌਬੀ, ਅਵਤਾਰ ਕ੍ਰਿਸ਼ਨ ਛਿੱਬਰ ਅਤੇ ਹੋਰਾਂ ਨੇ ਵੀ ਸਰਗਰਮ ਸ਼ਮੂਲੀਅਤ ਕੀਤੀ। 
ਬੁਲਾਰਿਆਂ ਨੇ ਕਿਹਾ ਕਿ ਬੀਜੇਪੀ ਸਰਕਾਰ ਮਹਿੰਗਾਈ, ਬੇਰੋਜ਼ਗਾਰੀ ਅਤੇ ਹੋਰ ਆਰਥਿਕ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਲਗਾਤਾਰ ਕੁਝ ਨਾ ਕੁਝ ਅਜਿਹਾ ਕਰਦੀ ਆ ਰਹੀ ਹੈ ਜਿਸ ਨਾਲ ਦੇਸ਼ ਅਤੇ ਸਮਾਜ ਦਾ ਡੂੰਘਾ ਨੁਕਸਾਨ ਹੋ ਰਿਹਾ ਹੈ। ਹੁਣ ਇਹ ਬਿਲ ਵੀ ਇਸੇ ਮਕਸਦ ਲਈ ਲਿਆਂਦਾ ਗਿਆ ਹੈ ਜਿਸ ਨਾਲ ਸਮਾਜ ਨੂੰ ਫਿਰਕੂ ਲੀਹਾਂ ਉੱਤੇ ਵੰਡਣ ਦੀ ਖਤਰਨਾਕ ਖੇਡ ਖੇਡੀ ਜਾ ਰਹੀ ਹੈ। ਬੀਜੇਪੀ ਦੀਆਂ ਇਹਨਾਂ ਖਤਰਨਾਕ ਹਰਕਤਾਂ ਦੇ ਖਿਲਾਫ ਦੇਸ਼ ਭਰ ਵਿੱਚ ਅੱਗ ਲੱਗੀ ਹੋਈ ਹੈ ਪਰ ਨੀਰੋ ਬੰਸਰੀ ਵਜਾ ਰਿਹਾ ਹੈ। ਬੁਲਾਰਿਆਂ ਨੇ ਜ਼ੋਰ ਦਿੱਤਾ ਕਿ ਦੇਸ਼ ਅਤੇ ਸਮਾਜ ਨੂੰ ਪ੍ਰੇਮ ਕਰਨ ਵਾਲਿਆਂ ਸਾਰੀਆਂ ਅਗਾਂਹਵਧੂ ਤਾਕਤਾਂ ਨੂੰ ਇੱਕਜੁੱਟ ਹੋ ਕੇ ਇਹਨਾਂ ਸ਼ਰਾਰਤਾਂ ਦਾ ਵਿਰੋਧ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।  

Thursday, April 19, 2018

ਆਸਿਫ਼ਾ ਲਈ ਇਨਸਾਫ ਦੀ ਮੰਗ:ਮਾਛੀਵਾੜਾ ਸਾਹਿਬ ਵੀ ਲੋਕ ਸੜਕਾਂ 'ਤੇ

ਫਾਸ਼ੀ ਬਲਾਤਕਾਰੀਆਂ ਦੇ ਖਿਲਾਫ ਮਾਛੀਵਾੜਾ ਵਿਖੇ ਵੀ ਰੋਸ ਵਖਾਵਾ 
ਮਾਛੀਵਾੜਾ ਸਾਹਿਬ: 18 ਅਪਰੈਲ 2018:(ਜਗਰੂਪ ਮਾਨ//ਪੰਜਾਬ ਸਕਰੀਨ):: 
ਕਿਸੇ ਵੇਲੇ ਪ੍ਰ੍ਸਿੱਧ ਲੋਕ ਕਾਵਿ ਸੰਤ ਰਾਮ ਉਦਾਸੀ ਨੇ ਲਿਖਿਆ ਸੀ:ਕੋਈ ਉੱਠੇ ਹਨੂੰਮਾਨ ਕਰੇ ਯੁੱਧ ਦਾ ਐਲਾਨ.....
ਸ਼ਾਇਦ ਅੱਜ ਸਮਾਂ ਆ ਚੁੱਕਿਆ ਹੈ। ਅੱਜ ਦਿਆਂ ਰਾਕਸ਼ਸਾਂ ਦੇ ਖਿਲਾਫ ਜੰਗ ਦੇ ਐਲਾਨ। ਦੇਖੋ ਸਮਾਂ ਕਿੰਨੀ ਅਜੀਬ ਕਰਵਟ ਲੈ ਰਿਹਾ ਹੈ। ਖੁਦ ਨੂੰ ਹਨੂਮਾਨ ਅਤੇ ਰਾਮ ਦਾ ਭਗਤ ਅਖਵਾਉਣ ਵਾਲੇ ਉਹਨਾਂ ਲੋਕਾਂ ਦੇ ਬਚਾਅ ਲਈ ਸੜਕਾਂ 'ਤੇ ਨਿਕਲੇ ਹਨ ਜਿਹਨਾਂ ਨੇ ਅੱਠਾਂ ਸਾਲਾਂ ਦੀ ਬੱਚੀ ਨੂੰ ਜਬਰ ਜਨਾਹ ਦਾ ਸ਼ਿਕਾਰ ਬਣਾਇਆ। ਦੇਸ਼ ਭਗਤੀ ਦੀ ਆੜ ਵਿੱਚ ਆਪਣੇ ਕੁਕਰਮਾਂ ਨੂੰ ਲੁਕਾਉਣ ਲਈ ਸੜਕਾਂ 'ਤੇ ਨਿਕਲੇ ਇਹਨਾਂ ਗੁੰਡਿਆਂ ਦੇ ਖਿਲਾਫ ਹੁਣ ਉਹਨਾਂ ਨੂੰ ਵੀ ਸੜਕਾਂ 'ਤੇ ਨਿਕਲਣਾ ਪੈਣਾ ਹੈ ਜਿਹੜੇ ਅਜਿਹੇ ਅਨਸਰਾਂ ਤੋਂ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਰਾਖੀ ਕਰਨਾ ਚਾਹੁੰਦੇ ਹਨ। ਸੜਕਾਂ 'ਤੇ ਨਿਕਲ ਕੇ ਮੰਦਰਾਂ ਵਿੱਚ ਬਲਾਤਕਾਰ ਕਰਨ ਵਾਲੇ ਇਹਨਾਂ ਵਹਿਸ਼ੀ ਦਰਿੰਦਿਆਂ ਦੀ ਚੁਣੌਤੀ ਨੂੰ ਕਬੂਲ ਕੀਤਾ ਹੈ ਸਾਰਦੇ ਦੇਸ਼ ਵਿੱਚ ਸਮੂਹ ਲੋਕ ਪੱਖੀ ਸੰਗਠਨਾਂ ਨੇ। ਮਾਛੀਵਾੜਾ ਸਾਹਿਬ ਦੀ ਇਤਿਹਾਸਿਕ ਧਰਤੀ 'ਤੇ ਇਹਨਾਂ ਫਿਰਕੂ ਦਰਿੰਦਿਆਂ ਨੂੰ ਲਲਕਾਰ ਮਾਰਨ ਲਈ ਨਿੱਤਰੇ ਹਨ ਖੱਬੇ ਪੱਖੀ ਸੰਗਠਨ। ਸੀਪੀਆਈ, ਸੀਪੀਆਈ (ਐਮ), ਏ ਆਈ ਐਸ ਐਫ ਅਤੇ ਕਿ ਹੋਰ ਭਰਾਤਰੀ ਜੱਥੇਬੰਦੀਆਂ। 
ਇਹ ਸਾਂਝਾ ਰੋਸ ਮਾਰਚ ਹਨੂਮਾਨ ਜੀ ਦੀ ਵਿਸ਼ਾਲ ਮੂਰਤੀ ਸਾਹਮਣੇ ਸਥਿਤ ਦੁਸਹਿਰਾ ਗਰਾਊਂਡ ਵੀ ਇੱਛਿਓਂ ਸ਼ਾਮੀ 5  ਵਜੇ ਸ਼ੁਰੂ ਹੋਇਆ ਅਤੇ ਮਾਛੀਵਾੜਾ ਸਾਹਿਬ ਦੇ ਬਾਜ਼ਾਰਾਂ ਵਿੱਚ ਕਰੀਬ ਸਾਢੇ ਸੱਤ ਵਜੇ ਤੱਕ ਘੁੰਮਿਆ। ਮਾਛੀਵਾੜਾ ਸਾਹਿਬ ਦੀ ਧਰਤੀ ਤੋਂ ਉੱਠੀ ਇਹ ਜੋਸ਼ੀਲੀ ਆਵਾਜ਼ ਹੁਣ ਧੀਆਂ ਭੈਣਾਂ ਵੱਲ ਉੱਠਦੀਆਂ ਵਹਿਸ਼ੀ ਨਜ਼ਰਾਂ ਵਾਲਿਆਂ ਦੇ ਖਿਲਾਫ ਇੱਕ ਲੋਕ ਮੁਹਿੰਮ ਲਾਮਬੰਦ ਕਰੇਗੀ ਜਿਸ ਤੋਂ ਬਚ ਨਿਕਲਣਾ ਇਹਨਾਂ ਵਹਿਸ਼ੀ ਦਰਿੰਦਿਆਂ ਦੇ ਵੱਸ ਦੀ ਗੱਲ ਨਹੀਂ ਹੋਣੀ। 
 ਸੀ ਪੀ ਆਈ, ਸੀ ਪੀ ਆਈ (ਐਮ) ਲਾਲ ਝੰਡਾ ਪੇਂਡੂ  ਚੌਕੀਦਾਰ ਯੂਨੀਅਨ ਮਾਛੀਵਾੜੇ ਵਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰੇ ਦੌਰਾਨ ਸਾਥੀ ਕਾਮਰੇਡ ਚਮਕੌਰ ਸਿੰਘ ਉਪ ਸਕੱਤਰ ਜਿਲਾ ਲੁਧਿਆਣਾ, ਕਾਮਰੇਡ ਐਸ ਪੀ ਸਿੰਘ, ਕਾਮਰੇਡ ਭਜਨ ਸਿੰਘ ਅਤੇ ਪਰਮਜੀਤ ਸਿੰਘ ਨੀਲੋਂ ਨੇ ਕਿਹਾ ਕਿ ਉਨਾਵ, ਸੂਰਤ ਅਤੇ ਕਠੂਆ ਦੇ ਸ਼ਰਮਨਾਕ ਕਾਰਿਆਂ ਨੇ ਸਾਰੇ ਦੇਸ਼ ਨੂੰ ਚਿੰਜੋੜ ਕੇ ਰੱਖ ਦਿੱਤਾ। ਇਨ੍ਹਾਂ ਧਰਮ ਦੇ ਠੇਕੇਦਾਰਾਂ ਨੇ ਇਕ ਮਾਸੂਮ ਬਾਲੜੀ ਨੂੰ ਅਗਵਾ ਕਰਕੇ ਇਕ ਧਰਮ ਅਸਥਾਨ ਵਿੱਚ ਉਸ ਨਾਲ  ਕਈ ਦਿਨ ਬਲਾਤਕਾਰ ਕੀਤਾ ਜਦੋਂ ਤੱਕ ਉਹ ਮਰ ਨਾ ਗਈ। ਫਿਰ  ਦੋਸ਼ੀ ਭਾਜਪਾ-ਆਰ ਐਸ ਐਸ ਕਾਰਕੁਨਾਂ ਨੂੰ ਬਚਾਉਣ ਲਈ ਫਿਰਕੂ ਹੁਲੜਬਾਜੀ ਵੀ ਕੀਤੀ। ਦੋਸ਼ੀਆਂ ਨੂੰ ਰਿਹਾਅ ਕਰਵਾਉਣ ਲਈ ਅਦਾਲਤ ਵਿੱਚ ਵੀ ਹੁਲੜਬਾਜੀ ਕੀਤੀ। ਸਾਰੇ ਦੇਸ਼ ਵਿੱਚ ਉਠੇ ਰੋਸ ਤੂਫਾਨ ਮਗਰੋਂ ਭਾਜਪਾ ਮੰਤਰੀਆਂ ਨੂੰ ਵਜ਼ਾਰਤ ਤੋਂ ਅਸਤੀਫਾ ਦੇਣਾ ਪਿਆ। ਅਮਰਨਾਥ ਕੂਮਕਲਾਂ ਸੂਬਾ ਸੈਕਟਰੀ ਸੀਟੂ ਪੰਜਾਬ ਨੇ ਕਿਹਾ ਕਿ ਜਦੋ ਵਾੜ ਹੀ ਖੇਤ ਨੂੰ ਖਾਣ ਲਗ ਪਏ ਤਾਂ ਔਰਤਾਂ ਦਾ ਬਚਾਅ ਕਿਸ ਤਰਾਂ   ਹੋ ਸਕਦਾ ਹੈ? ਉਹਨਾਂ ਕਿਹਾ ਕਿ ਗੁੰਡੇ ਅਨਸਰਾਂ ਵਲੋਂ ਪੀੜਤ ਬੱਚੀਆਂ ਦੇ ਪਰਿਵਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕਾਮਰੇਡ ਜਗਦੀਸ਼ ਰਾਏ ਬੌਬੀ ਬਲਾਕ ਸਕੱਤਰ ਮਾਛੀਵਾੜਾ ਅਤੇ ਸਮਰਾਲਾ ਨੇ  ਕਿਹਾ ਕਿ ਜਦੋਂ ਦੀ ਭਾਜਪਾ ਸਰਕਾਰ ਹੋਂਦ ਵਿੱਚ ਆਈ ਹੈ ਔਰਤਾਂ ਅਤੇ ਖਾਸ ਕਰਕੇ ਛੋਟੀ ਬੱਚੀਆਂ 'ਤੇ ਜ਼ੁਲਮ ਵੱਧ ਗਿਆ ਹੈ ਅੱਜ ਸਾਡੇ ਦੇਸ਼ ਵਿੱਚ ਔਰਤਾਂ ਦੀ ਇਜ਼ਤ-ਆਬਰੂ ਸੁਰੱਖਿਅਤ ਨਹੀਂ ਹੈ। ਸਾਡੇ ਦੇਸ਼ ਵਿੱਚ ਜਾਨਵਰਾਂ ਨੂੰ ਮਾਰਨਾ ਤਾਂ ਪਾਪ ਹੈ ਪਰ ਔਰਤਾਂ ਨਾਲ ਬਲਾਤਕਾਰ ਕਰਨ ਵਾਲਿਆਂ ਦੀ ਮੌਕੇ ਦੀਆਂ ਸਰਕਾਰਾਂ ਪੁਸ਼ਤਪਨਾਹੀ  ਕਰਦੀਆਂ ਹਨ। ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਔਰਤ ਨੂੰ ਬੜਾ ਉੱਚਾ ਦਰਜਾ ਦਿੱਤਾ, ਪਰ ਔਰਤਾਂ ਤੇ ਜੁਲਮ ਵੱਧ ਗਏ ਹਨ। ਕਾਮਰੇਡ ਜਗਦੀਸ਼ ਰਾਏ ਬੌਬੀ ਅਤੇ ਦੀਪਕ ਕੁਮਾਰ ਨੇ ਕਿਹਾ ਕਿ ਆਰ ਐਸ ਐਸ ਦੇ ਗੁੰਡਿਆਂ ਨੂੰ ਨੱਥ ਪਾਈ ਜਾਵੇ। ਇਸ ਵਿੱਚ ਮੌਕੇ ਤੇ ਮੌਜੂੂੂਦ ਸਨ ਸੁਧੀਰ, ਕੇਵਲ ਸਿੰਘ ਮੰਝਾਲੀਆਂ, ਮਹਿੰਦਰ ਸਿੰਘ ਮੰਝਾਲੀਆਂ, ਦਲਬੀਰ ਸਿੰਘ ਮਿੱਠੇਵਾਲ, ਕਾਮਰੇਡ ਨਿਰਮਲ ਸਿੰਘ, ਕਾਮਰੇਡ ਕਸ਼ਮੀਰ ਸਿੰਘ, ਸੁਖਵਿੰਦਰ ਸਿੰਘ ਲਾਲੀ, ਸਦਬਲਿਹਾਰ ਕੰਗ, ਲਖਵੀਰ ਸਿੰਘ ਲੱਖੀ ਲੱਖੋਵਾਲ ਕਲਾਂ, ਹਰਸ਼ ਕੁਮਾਰ, ਮੂਨਾ, ਗੋਤਮ, ਰਣਜੀਤ ਸਿੰਘ ਅਤੇ ਏਆਈਐਸਐਫ ਦੇ ਕਨਵੀਨਰ ਦੀਪਕ ਕੁਮਾਰ ਅਤੇ ਮੈਂਬਰ ਰਾਜੀਵ ਕੁਮਾਰ, ਕਰਿਸ਼ਨ ਕੁਮਾਰ, ਵਿਸ਼ਨੂੰ ਕੁਮਾਰ, ਭਵੀਸ਼ ਮਹਿਤੋ, ਪੰਕਜ ਕੁਮਾਰ, ਮਨੀ ਸਿੰਘ, ਸਨੀ ਖੇਰਾ, ਅਸ਼ੋਕ ਕੁਮਾਰ, ਰਵੀ ਕੁਮਾਰ, ਵਿੱਕੀ ਕੁਮਾਰ, ਸੁਮਿਤ ਕੁਮਾਰ, ਰਾਹੁਲ ਕੁਮਾਰ, ਰਣਜੀਤ ਕੁਮਾਰ ਆਦਿ ਸ਼ਾਮਿਲ ਸਨ।
ਦਿਲਚਸਪ ਗੱਲ ਸੀ ਕਿ ਜਦੋਂ ਇਹ ਰੋਹ ਭਰਿਆ ਰੋਸ ਮਾਰਚ ਮਾਛੀਵਾੜਾ ਸਾਹਿਬ ਦੇ ਬਾਜ਼ਾਰਾਂ ਵਿੱਚ ਲੰਘ ਰਿਹਾ ਸੀ ਤਾਂ ਨਾਰੀ ਸ਼ਕਤੀ ਨੇ ਇਸ ਰੋਸ ਮਾਰਚ ਨੂੰ ਬੜੇ ਉਤਸ਼ਾਹ ਨਾਲ ਦੇਖਿਆ। ਉਹਨਾਂ ਦੇ ਚਿਹਰਿਆਂ 'ਤੇ ਇੱਕ ਚਮਕ ਸੀ ਕਿ ਅੱਜ ਸਾਡੇ ਬਹਾਦਰ ਵੀਰਾਂ ਦਾ ਇਹ ਜੁਝਾਰੂ ਕਾਫ਼ਿਲਾ ਉਹਨਾਂ ਅਨਸਰਾਂ ਦੇ ਖਿਲਾਫ ਮੈਦਾਨ ਵਿਛਕ ਆਇਆ ਹੈ ਜਿਹੜੇ ਭਰਮ ਪਾਲਣ ਲੱਗ ਪਏ ਹਨ ਕਿ ਸੂਰਜ ਵੀ ਸਾਡੇ ਤੋਂ ਪੁਛੇ ਬਿਨਾ ਨਹੀਂ ਚੜਦਾ। ਹੁਣ ਲੋਕ ਸ਼ਕਤੀ ਇਹਨਾਂ ਫਾਸ਼ੀ ਫਿਰਕੂ ਅਨਸਰਾਂ ਦੇ ਹੰਕਾਰ ਨੂੰ ਬਹੁਤ ਛੇਤੀ ਹੀ ਤੋੜ ਦੇਵੇਗੀ। 

Friday, January 06, 2017

ਮਾਂ ਬੋਲੀ ਅਤੇ ਆਪਣੇ ਸੱਭਿਆਚਾਰ ਨੂੰ ਨਾ ਵਿਸਾਰੋ--ਠਾਕੁਰ ਦਲੀਪ ਸਿੰਘ

ਠਾਕੁਰ ਦਲੀਪ ਸਿੰਘ ਦੇ ਏਕਤਾ ਵਾਲੇ ਸੱਦੇ ਨੂੰ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ
ਲੁਧਿਆਣਾ: 5 ਜਨਵਰੀ 2017: (ਪੰਜਾਬ ਸਕਰੀਨ ਬਿਊਰੋ): ਹੋਰ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋ 
ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਮੌਕੇ ਅੱਜ ਨਾਮਧਾਰੀ ਸੰਗਤ ਨੇ ਭਾਰੀ ਗਿਣਤੀ ਵਿੱਚ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਪੁੱਜ ਕੇ ਸਜਦਾ ਕੀਤਾ। ਇਸਤੋਂ ਪਹਿਲਾਂ ਇਹ ਸੰਗਤ ਮਾਛੀਵਾੜੇ ਦੇ ਬਹੁਤ ਸਾਰੇ ਪਿੰਡਾਂ ਵਿੱਚੋਂ ਨਗਰ ਕੀਰਤਨ ਦੀ ਸ਼ਕਲ ਵਿੱਚ ਲੰਘਦੀ ਹੋਈ ਇਸ ਪਾਵਨ ਅਸਥਾਨ ‘ਤੇ ਪੁੱਜੀ। ਇਸ ਨਗਰ ਕੀਰਤਨ ਦੀ ਅਗਵਾਈ ਸਤਿਗੁਰੂ ਠਾਕੁਰ ਦਲੀਪ ਸਿੰਘ ਨੇ ਕੁਝ ਹੋਰ ਚੋਣਵੇਂ ਨਾਮਧਾਰੀ ਸਿੰਘਾਂ ਨਾਲ ਕੀਤੀ। ਸਾਰੇ ਰਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਨੂੰ ਇੱਕ ਹੋਣ ਦਾ ਸੁਨੇਹਾ ਦੇਂਦਿਆਂ ਠਾਕੁਰ ਦਲੀਪ ਸਿੰਘ ਨੇ ਸਾਰੀ ਮਨੁੱਖਤਾ ਨੂੰ ਇੱਕ ਹੋਣ ਦਾ ਸੰਦੇਸ਼ ਦਿੱਤਾ। ਕਾਬਿਲੇ ਜ਼ਿਕਰ ਹੈ ਕਿ ਇੱਕ ਸਾਲ ਪਹਿਲਾਂ ਪਹਿਲਾਂ ਠਾਕੁਰ ਜੀ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੰਘਾਂ ਨੂੰ ਵੀ ਇੱਕ ਹੋਣ ਦਾ ਸੁਨੇਹਾ ਦਿੱਤਾ ਸੀ ਜਿਸਦਾ ਸੰਗਤਾਂ ਨੇ ਭਰਵਾਂ ਹੁੰਗਾਰਾ ਭਰਿਆ। ਕਈ ਤਰਾਂ ਦੀ ਫੁੱਟ ਦਾ ਸ਼ਿਕਾਰ ਹੋਇਆ ਸਮਾਜ ਇਸ ਸਿੱਖਿਆ ਤੋਂ ਪ੍ਰੇਰਨਾ ਲੈ ਕੇ ਏਕਤਾ ਵੱਲ ਵੱਧ ਰਹੇ ਹਨ। ਉਹਨਾਂ ਦਾ ਵਿਰੋਧ ਕਰਨ ਵਾਲੇ ਵੀ ਹੁਣ ਇਸ ਨਾਅਰੇ ਨੂੰ ਅਪਨਾਉਣ ਲੱਗ ਪਏ ਹਨ।
ਇਸ ਵਿਸ਼ਾਲ ਨਗਰ ਕੀਰਤਨ ਤੋਂ ਪਹਿਲਾਂ ਪਿੰਡ  ਕਲਾਂ ਵਿਖੇ ਭਾਰੀ ਦੀਵਾਨ ਵੀ ਸਜਿਆ ਜਿਸ ਵਿੱਚ ਠਾਕੁਰ ਜੀ ਨੇ ਮਾਤ ਭਾਸ਼ਾ ਨੂੰ ਅਪਨਾਉਣ ‘ਤੇ ਵੀ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਜਿਸ ਤਰਾਂ ਮਾਂ ਪਿਓ ਦੀ ਬਰਾਬਰੀ ਕੋਈ ਹੋਰ ਨਹੀਂ ਕਰ ਸਕਦਾ ਉੱਸੇ ਤਰਾਂ ਮਾਂ  ਬੋਲੀ ਅਤੇ ਆਪਣੇ ਧਰਮ-ਸੱਭਿਆਚਾਰ ਦੀ ਬਰਾਬਰੀ ਵੀ ਕੋਈ ਹੋਰ ਨਹੀਂ ਕਰ ਸਕਦਾ।  ਉਹਨਾਂ ਇਸ ਦੀਵਾਨ ਵਿੱਚ ਸੰਗਤਾਂ ਨੂੰ ਸੱਦਾ ਦਿੱਤਾ ਕਿ ਆਪਣੇ ਸੱਭਿਆਚਾਰ, ਮਾਂ ਬੋਲੀ ਅਤੇ ਆਪਣੇ ਧਰਮ ਤੇ ਮਾਣ ਕਰਨਾ ਸਿੱਖੋ। ਇਸ ਨਾਲ ਹੀ ਤੁਹਾਡਾ ਸਭਨਾਂ ਦਾ ਭਲਾ ਹੋਵੇਗਾ। ਉਹਨਾਂ ਇਸ ਮਾਮਲੇ ਵਿੱਚ ਲੰਮੇ ਸਮੇਂ ਤੋਂ ਚਲੀਆਂ ਆ ਰਹੀਆਂ ਵਿਦੇਸ਼ੀ ਸਾਜ਼ਿਸ਼ਾਂ ਦਾ ਵੀ ਜ਼ਿਕਰ ਕੀਤਾ।
ਇਸ ਦੀਵਾਨ ਵਿੱਚ ਠਾਕੁਰ ਜੀ ਨੇ ਗੁਰਬਾਣੀ ਦੇ ਸੰਗੀਤਕ ਪੱਖ ਦੀ ਵੀ ਵਿਸਥਾਰਤ ਚਰਚਾ ਕੀਤੀ ਅਤੇ ਗੁਰਬਾਣੀ ਦੀ ਸੰਗੀਤਕ ਅਮੀਰੀ ਬਾਰੇ ਵੀ ਸੰਗਤ ਨੂੰ ਦੱਸਿਆ। ਉਹਨਾਂ ਬਾਕਾਇਦਾ ਛੰਦਾਂ ਦਾ ਜ਼ਿਕਰ ਕਰਦੇ ਹੋਏ ਪੁੱਛਿਆ ਕਿ ਕੀ ਕਿਸੇ ਹੋਰ ਕੋਲ ਏਨੀ ਸਮਰਥਾ ਅਤੇ ਅਮੀਰੀ ਹੈ? ਉਹਨਾਂ ਸੰਗਤਾਂ ਨੂੰ ਗੁਰਬਾਣੀ ਦੀ ਸੰਗੀਤਕ ਅਮੀਰੀ ਸਮਝਾਉਣ ਲਈ  ਜਪੁ  ਜੀ ਸਾਹਿਬ ਅਤੇ ਜਾਪੁ ਸਾਹਿਬ ਵਿੱਚ ਕਈ ਤੁਕਾਂ ਦਾ ਉਚਾਰਨ ਕਰਕੇ ਵੀ ਦੱਸਿਆ ਅਤੇ ਸੰਗਤਾਂ ਨੂੰ ਵੀ ਇਸਦਾ ਪਾਠ ਕਰਾਇਆ। ਗੁਰਬਾਣੀ ਸੰਗੀਤ ਦੀਆਂ ਇਹਨਾਂ ਬਾਰੀਕੀਆਂ ਦਾ ਵੇਰਵਾ ਅਤੇ ਛੰਦਾਂ ਦੀ ਗਿਣਤੀ ਲੰਮੇ ਸਮੇਂ ਨਾਮਧਾਰੀ ਸਟੇਜ ਤੇ ਆਈ ਹੈ। ਠਾਕੁਰ ਦਲੀਪ ਸਿੰਘ ਨੇ ਬਾਰ ਬਾਰ ਇਸ ਗੱਲ ਤੇ ਜ਼ੋਰ ਦਿੱਤਾ ਕਿ ਗੁਰਬਾਣੀ ਨੂੰ ਪੜ੍ਹੋ ਜ਼ਰੂਰ ਤਾਂਕਿ ਤੁਹਾਡੇ ਦਿਲ ਅਤੇ ਦਿਮਾਗ ਵਿੱਚ ਇਹਨਾਂ ਸ਼ਬਦਾਂ ਵਿੱਚ ਲੂਕਾ ਭੰਡਾਰੇ ਦੀ ਕੋਈ ਝਲਕ ਪਵੇ। ਉਹਨਾਂ ਡਰੈਸ ਕੋਡ ਬਾਰੇ ਵੀ ਆਖਿਆ ਕਿ ਨਾਮਧਾਰੀਆਂ ਵੱਲੋਂ ਪਹਿਨੀ ਜਾਂਦੀ ਪੁਸ਼ਾਕ ਕੋਈ ਨਾਮਧਾਰੀਆਂ ਨੇ ਵੱਖਰੀ ਨਹੀਂ ਬਣਾਈ। ਇਹ ਉਹੀ ਹੈ ਜਿਹੜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬਖਸ਼ੀ ਸੀ। ਉਹਨਾਂ ਪ੍ਰੇਮ ਅਤੇ ਪਿਆਰ ਸ਼ਬਦਾਂ ਦੀ ਵੀ ਵਿਸਥਾਰ ਨਾਲ ਚਰਚਾ ਕੀਤੀ ਅਤੇ ਕਿਹਾ ਕਿ ਪ੍ਰੇਮ ਸਾਡਾ ਹੈ। ਸਾਡਾ ਸੁਭਾਅ ਹੈ। ਸਾਨੂੰ ਵਿਰਸੇ ਵਿੱਚੋਂ ਮਿਲਿਆ ਹੈ। ਉਹਨਾਂ ਇਸ ਬਾਰੇ ਕਈ ਹਵਾਲੇ ਵੀ ਦਿੱਤੇ। 
ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਠਾਕੁਰ ਦਲੀਪ ਸਿੰਘ ਜੀ ਨੇ ਜਿੱਥੇ ਅੱਜ ਦੇ ਇਸ ਆਯੋਜਨ ਦੀ ਅਹਿਮਿਅਤ ਅਤੇ ਲੋੜ ਬਾਰੇ ਦੱਸਿਆ ਉੱਥੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ, ਤਨ  ਨੂੰ ਮਾਲਸ਼ਾਂ ਅਤੇ ਵਰਜਸ਼ਾਂ ਨਾਲ ਅਰੋਗ ਰੱਖਣ ਦਾ ਸੁਨੇਹਾ ਵੀ ਦਿੱਤਾ। ਉਹਨਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਆਗਮਨ ਦਾ ਦਿ੍ਰਸ਼ ਵੀ ਆਪਣੇ ਸ਼ਬਦਾਂ ਵਿੱਚ ਖਿੱਚਿਆ ਅਤੇ ਕਿਹਾ ਕਿ ਏਨੀ ਸਰਦੀ ਵਿੱਚ ਅਜਿਹਾ ਕਰ ਸਕਣਾ ਅਰੋਗਤਾ ਅਤੇ ਦਿ੍ਰੜ ਸੰਕਲਪ ਨਾਲ ਹੀ ਸੰਭਵ ਹੁੰਦਾ ਹੈ।  ਇਸ ਲਈ ਗੁਰੂ ਦਾ ਸਿੰਘ ਅਖਵਾਉਣ ਵਾਲੇ ਹਰ ਵਿਅਕਤੀ ਨੂੰ ਨਸ਼ਿਆਂ ਤੋਂ ਦੂਰ ਰਹਿੰਦਿਆਂ ਖੁਦ ਨੂੰ ਪੂਰੀ ਤਰ੍ਹਾਂ ਤੰਦਰੁਸਤ ਰੱਖਣਾ ਚਾਹੀਦਾ ਹੈ।   ਹੋਰ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋ 
ਇਸ ਮੌਕੇ ਸਰਪੰਚ ਅਜਮੇਰ ਸਿੰਘ, ਸਰਪੰਚ ਜਸਵੰਤ ਸਿੰਘ, ਸੁਰਜੀਤ ਸਿੰਘ, ਅਪਾਰ ਸਿੰਘ, ਸੂਬਾ ਦਰਸ਼ਨ ਸਿੰਘ, ਪ੍ਰਸਿੱਧ ਕਾਰੋਬਾਰੀ ਜਸਵਿੰਦਰ ਸਿੰਘ ਬੱਗਾ, ਹਰਭਜਨ ਸਿੰਘ ਪ੍ਰਧਾਨ, ਸੇਵਕ ਦੇਵ ਸਿੰਘ, ਜਵਾਹਰ ਸਿੰਘ, ਜਸਵੰਤ ਸੋਨੂੰ, ਗੁਰਮੇਲ ਬਰਾੜ, ਜੱਥੇਦਾਰ ਗੁਰਦੀਪ ਸਿੰਘ, ਡਾਕਟਰ ਕਰਮਜੀਤ ਸਿੰਘ, ਬੀਬੀ ਰਣਜੀਤ ਕੌਰ, ਹਰਪ੍ਰੀਤ ਕੌਰ  ਅਤੇ ਅਰਵਿੰਦਰ ਸਿੰਘ ਲਾਡੀ ਸਮੇਤ ਕਈ ਹੋਰ ਮੋਇਹਤਬਰ ਅਤੇ ਸਰਗਰਮ ਨਾਮਧਾਰੀ ਸ਼ਾਮਲ ਸਨ।