ਫਾਸ਼ੀ ਬਲਾਤਕਾਰੀਆਂ ਦੇ ਖਿਲਾਫ ਮਾਛੀਵਾੜਾ ਵਿਖੇ ਵੀ ਰੋਸ ਵਖਾਵਾ
ਮਾਛੀਵਾੜਾ ਸਾਹਿਬ: 18 ਅਪਰੈਲ 2018:(ਜਗਰੂਪ ਮਾਨ//ਪੰਜਾਬ ਸਕਰੀਨ)::
ਕਿਸੇ ਵੇਲੇ ਪ੍ਰ੍ਸਿੱਧ ਲੋਕ ਕਾਵਿ ਸੰਤ ਰਾਮ ਉਦਾਸੀ ਨੇ ਲਿਖਿਆ ਸੀ:ਕੋਈ ਉੱਠੇ ਹਨੂੰਮਾਨ ਕਰੇ ਯੁੱਧ ਦਾ ਐਲਾਨ.....
ਸ਼ਾਇਦ ਅੱਜ ਸਮਾਂ ਆ ਚੁੱਕਿਆ ਹੈ। ਅੱਜ ਦਿਆਂ ਰਾਕਸ਼ਸਾਂ ਦੇ ਖਿਲਾਫ ਜੰਗ ਦੇ ਐਲਾਨ। ਦੇਖੋ ਸਮਾਂ ਕਿੰਨੀ ਅਜੀਬ ਕਰਵਟ ਲੈ ਰਿਹਾ ਹੈ। ਖੁਦ ਨੂੰ ਹਨੂਮਾਨ ਅਤੇ ਰਾਮ ਦਾ ਭਗਤ ਅਖਵਾਉਣ ਵਾਲੇ ਉਹਨਾਂ ਲੋਕਾਂ ਦੇ ਬਚਾਅ ਲਈ ਸੜਕਾਂ 'ਤੇ ਨਿਕਲੇ ਹਨ ਜਿਹਨਾਂ ਨੇ ਅੱਠਾਂ ਸਾਲਾਂ ਦੀ ਬੱਚੀ ਨੂੰ ਜਬਰ ਜਨਾਹ ਦਾ ਸ਼ਿਕਾਰ ਬਣਾਇਆ। ਦੇਸ਼ ਭਗਤੀ ਦੀ ਆੜ ਵਿੱਚ ਆਪਣੇ ਕੁਕਰਮਾਂ ਨੂੰ ਲੁਕਾਉਣ ਲਈ ਸੜਕਾਂ 'ਤੇ ਨਿਕਲੇ ਇਹਨਾਂ ਗੁੰਡਿਆਂ ਦੇ ਖਿਲਾਫ ਹੁਣ ਉਹਨਾਂ ਨੂੰ ਵੀ ਸੜਕਾਂ 'ਤੇ ਨਿਕਲਣਾ ਪੈਣਾ ਹੈ ਜਿਹੜੇ ਅਜਿਹੇ ਅਨਸਰਾਂ ਤੋਂ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਰਾਖੀ ਕਰਨਾ ਚਾਹੁੰਦੇ ਹਨ। ਸੜਕਾਂ 'ਤੇ ਨਿਕਲ ਕੇ ਮੰਦਰਾਂ ਵਿੱਚ ਬਲਾਤਕਾਰ ਕਰਨ ਵਾਲੇ ਇਹਨਾਂ ਵਹਿਸ਼ੀ ਦਰਿੰਦਿਆਂ ਦੀ ਚੁਣੌਤੀ ਨੂੰ ਕਬੂਲ ਕੀਤਾ ਹੈ ਸਾਰਦੇ ਦੇਸ਼ ਵਿੱਚ ਸਮੂਹ ਲੋਕ ਪੱਖੀ ਸੰਗਠਨਾਂ ਨੇ। ਮਾਛੀਵਾੜਾ ਸਾਹਿਬ ਦੀ ਇਤਿਹਾਸਿਕ ਧਰਤੀ 'ਤੇ ਇਹਨਾਂ ਫਿਰਕੂ ਦਰਿੰਦਿਆਂ ਨੂੰ ਲਲਕਾਰ ਮਾਰਨ ਲਈ ਨਿੱਤਰੇ ਹਨ ਖੱਬੇ ਪੱਖੀ ਸੰਗਠਨ। ਸੀਪੀਆਈ, ਸੀਪੀਆਈ (ਐਮ), ਏ ਆਈ ਐਸ ਐਫ ਅਤੇ ਕਿ ਹੋਰ ਭਰਾਤਰੀ ਜੱਥੇਬੰਦੀਆਂ।
ਇਹ ਸਾਂਝਾ ਰੋਸ ਮਾਰਚ ਹਨੂਮਾਨ ਜੀ ਦੀ ਵਿਸ਼ਾਲ ਮੂਰਤੀ ਸਾਹਮਣੇ ਸਥਿਤ ਦੁਸਹਿਰਾ ਗਰਾਊਂਡ ਵੀ ਇੱਛਿਓਂ ਸ਼ਾਮੀ 5 ਵਜੇ ਸ਼ੁਰੂ ਹੋਇਆ ਅਤੇ ਮਾਛੀਵਾੜਾ ਸਾਹਿਬ ਦੇ ਬਾਜ਼ਾਰਾਂ ਵਿੱਚ ਕਰੀਬ ਸਾਢੇ ਸੱਤ ਵਜੇ ਤੱਕ ਘੁੰਮਿਆ। ਮਾਛੀਵਾੜਾ ਸਾਹਿਬ ਦੀ ਧਰਤੀ ਤੋਂ ਉੱਠੀ ਇਹ ਜੋਸ਼ੀਲੀ ਆਵਾਜ਼ ਹੁਣ ਧੀਆਂ ਭੈਣਾਂ ਵੱਲ ਉੱਠਦੀਆਂ ਵਹਿਸ਼ੀ ਨਜ਼ਰਾਂ ਵਾਲਿਆਂ ਦੇ ਖਿਲਾਫ ਇੱਕ ਲੋਕ ਮੁਹਿੰਮ ਲਾਮਬੰਦ ਕਰੇਗੀ ਜਿਸ ਤੋਂ ਬਚ ਨਿਕਲਣਾ ਇਹਨਾਂ ਵਹਿਸ਼ੀ ਦਰਿੰਦਿਆਂ ਦੇ ਵੱਸ ਦੀ ਗੱਲ ਨਹੀਂ ਹੋਣੀ।
ਸੀ ਪੀ ਆਈ, ਸੀ ਪੀ ਆਈ (ਐਮ) ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ ਮਾਛੀਵਾੜੇ ਵਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਮੁਜ਼ਾਹਰੇ ਦੌਰਾਨ ਸਾਥੀ ਕਾਮਰੇਡ ਚਮਕੌਰ ਸਿੰਘ ਉਪ ਸਕੱਤਰ ਜਿਲਾ ਲੁਧਿਆਣਾ, ਕਾਮਰੇਡ ਐਸ ਪੀ ਸਿੰਘ, ਕਾਮਰੇਡ ਭਜਨ ਸਿੰਘ ਅਤੇ ਪਰਮਜੀਤ ਸਿੰਘ ਨੀਲੋਂ ਨੇ ਕਿਹਾ ਕਿ ਉਨਾਵ, ਸੂਰਤ ਅਤੇ ਕਠੂਆ ਦੇ ਸ਼ਰਮਨਾਕ ਕਾਰਿਆਂ ਨੇ ਸਾਰੇ ਦੇਸ਼ ਨੂੰ ਚਿੰਜੋੜ ਕੇ ਰੱਖ ਦਿੱਤਾ। ਇਨ੍ਹਾਂ ਧਰਮ ਦੇ ਠੇਕੇਦਾਰਾਂ ਨੇ ਇਕ ਮਾਸੂਮ ਬਾਲੜੀ ਨੂੰ ਅਗਵਾ ਕਰਕੇ ਇਕ ਧਰਮ ਅਸਥਾਨ ਵਿੱਚ ਉਸ ਨਾਲ ਕਈ ਦਿਨ ਬਲਾਤਕਾਰ ਕੀਤਾ ਜਦੋਂ ਤੱਕ ਉਹ ਮਰ ਨਾ ਗਈ। ਫਿਰ ਦੋਸ਼ੀ ਭਾਜਪਾ-ਆਰ ਐਸ ਐਸ ਕਾਰਕੁਨਾਂ ਨੂੰ ਬਚਾਉਣ ਲਈ ਫਿਰਕੂ ਹੁਲੜਬਾਜੀ ਵੀ ਕੀਤੀ। ਦੋਸ਼ੀਆਂ ਨੂੰ ਰਿਹਾਅ ਕਰਵਾਉਣ ਲਈ ਅਦਾਲਤ ਵਿੱਚ ਵੀ ਹੁਲੜਬਾਜੀ ਕੀਤੀ। ਸਾਰੇ ਦੇਸ਼ ਵਿੱਚ ਉਠੇ ਰੋਸ ਤੂਫਾਨ ਮਗਰੋਂ ਭਾਜਪਾ ਮੰਤਰੀਆਂ ਨੂੰ ਵਜ਼ਾਰਤ ਤੋਂ ਅਸਤੀਫਾ ਦੇਣਾ ਪਿਆ। ਅਮਰਨਾਥ ਕੂਮਕਲਾਂ ਸੂਬਾ ਸੈਕਟਰੀ ਸੀਟੂ ਪੰਜਾਬ ਨੇ ਕਿਹਾ ਕਿ ਜਦੋ ਵਾੜ ਹੀ ਖੇਤ ਨੂੰ ਖਾਣ ਲਗ ਪਏ ਤਾਂ ਔਰਤਾਂ ਦਾ ਬਚਾਅ ਕਿਸ ਤਰਾਂ ਹੋ ਸਕਦਾ ਹੈ? ਉਹਨਾਂ ਕਿਹਾ ਕਿ ਗੁੰਡੇ ਅਨਸਰਾਂ ਵਲੋਂ ਪੀੜਤ ਬੱਚੀਆਂ ਦੇ ਪਰਿਵਾਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕਾਮਰੇਡ ਜਗਦੀਸ਼ ਰਾਏ ਬੌਬੀ ਬਲਾਕ ਸਕੱਤਰ ਮਾਛੀਵਾੜਾ ਅਤੇ ਸਮਰਾਲਾ ਨੇ ਕਿਹਾ ਕਿ ਜਦੋਂ ਦੀ ਭਾਜਪਾ ਸਰਕਾਰ ਹੋਂਦ ਵਿੱਚ ਆਈ ਹੈ ਔਰਤਾਂ ਅਤੇ ਖਾਸ ਕਰਕੇ ਛੋਟੀ ਬੱਚੀਆਂ 'ਤੇ ਜ਼ੁਲਮ ਵੱਧ ਗਿਆ ਹੈ ਅੱਜ ਸਾਡੇ ਦੇਸ਼ ਵਿੱਚ ਔਰਤਾਂ ਦੀ ਇਜ਼ਤ-ਆਬਰੂ ਸੁਰੱਖਿਅਤ ਨਹੀਂ ਹੈ। ਸਾਡੇ ਦੇਸ਼ ਵਿੱਚ ਜਾਨਵਰਾਂ ਨੂੰ ਮਾਰਨਾ ਤਾਂ ਪਾਪ ਹੈ ਪਰ ਔਰਤਾਂ ਨਾਲ ਬਲਾਤਕਾਰ ਕਰਨ ਵਾਲਿਆਂ ਦੀ ਮੌਕੇ ਦੀਆਂ ਸਰਕਾਰਾਂ ਪੁਸ਼ਤਪਨਾਹੀ ਕਰਦੀਆਂ ਹਨ। ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਔਰਤ ਨੂੰ ਬੜਾ ਉੱਚਾ ਦਰਜਾ ਦਿੱਤਾ, ਪਰ ਔਰਤਾਂ ਤੇ ਜੁਲਮ ਵੱਧ ਗਏ ਹਨ। ਕਾਮਰੇਡ ਜਗਦੀਸ਼ ਰਾਏ ਬੌਬੀ ਅਤੇ ਦੀਪਕ ਕੁਮਾਰ ਨੇ ਕਿਹਾ ਕਿ ਆਰ ਐਸ ਐਸ ਦੇ ਗੁੰਡਿਆਂ ਨੂੰ ਨੱਥ ਪਾਈ ਜਾਵੇ। ਇਸ ਵਿੱਚ ਮੌਕੇ ਤੇ ਮੌਜੂੂੂਦ ਸਨ ਸੁਧੀਰ, ਕੇਵਲ ਸਿੰਘ ਮੰਝਾਲੀਆਂ, ਮਹਿੰਦਰ ਸਿੰਘ ਮੰਝਾਲੀਆਂ, ਦਲਬੀਰ ਸਿੰਘ ਮਿੱਠੇਵਾਲ, ਕਾਮਰੇਡ ਨਿਰਮਲ ਸਿੰਘ, ਕਾਮਰੇਡ ਕਸ਼ਮੀਰ ਸਿੰਘ, ਸੁਖਵਿੰਦਰ ਸਿੰਘ ਲਾਲੀ, ਸਦਬਲਿਹਾਰ ਕੰਗ, ਲਖਵੀਰ ਸਿੰਘ ਲੱਖੀ ਲੱਖੋਵਾਲ ਕਲਾਂ, ਹਰਸ਼ ਕੁਮਾਰ, ਮੂਨਾ, ਗੋਤਮ, ਰਣਜੀਤ ਸਿੰਘ ਅਤੇ ਏਆਈਐਸਐਫ ਦੇ ਕਨਵੀਨਰ ਦੀਪਕ ਕੁਮਾਰ ਅਤੇ ਮੈਂਬਰ ਰਾਜੀਵ ਕੁਮਾਰ, ਕਰਿਸ਼ਨ ਕੁਮਾਰ, ਵਿਸ਼ਨੂੰ ਕੁਮਾਰ, ਭਵੀਸ਼ ਮਹਿਤੋ, ਪੰਕਜ ਕੁਮਾਰ, ਮਨੀ ਸਿੰਘ, ਸਨੀ ਖੇਰਾ, ਅਸ਼ੋਕ ਕੁਮਾਰ, ਰਵੀ ਕੁਮਾਰ, ਵਿੱਕੀ ਕੁਮਾਰ, ਸੁਮਿਤ ਕੁਮਾਰ, ਰਾਹੁਲ ਕੁਮਾਰ, ਰਣਜੀਤ ਕੁਮਾਰ ਆਦਿ ਸ਼ਾਮਿਲ ਸਨ।
ਦਿਲਚਸਪ ਗੱਲ ਸੀ ਕਿ ਜਦੋਂ ਇਹ ਰੋਹ ਭਰਿਆ ਰੋਸ ਮਾਰਚ ਮਾਛੀਵਾੜਾ ਸਾਹਿਬ ਦੇ ਬਾਜ਼ਾਰਾਂ ਵਿੱਚ ਲੰਘ ਰਿਹਾ ਸੀ ਤਾਂ ਨਾਰੀ ਸ਼ਕਤੀ ਨੇ ਇਸ ਰੋਸ ਮਾਰਚ ਨੂੰ ਬੜੇ ਉਤਸ਼ਾਹ ਨਾਲ ਦੇਖਿਆ। ਉਹਨਾਂ ਦੇ ਚਿਹਰਿਆਂ 'ਤੇ ਇੱਕ ਚਮਕ ਸੀ ਕਿ ਅੱਜ ਸਾਡੇ ਬਹਾਦਰ ਵੀਰਾਂ ਦਾ ਇਹ ਜੁਝਾਰੂ ਕਾਫ਼ਿਲਾ ਉਹਨਾਂ ਅਨਸਰਾਂ ਦੇ ਖਿਲਾਫ ਮੈਦਾਨ ਵਿਛਕ ਆਇਆ ਹੈ ਜਿਹੜੇ ਭਰਮ ਪਾਲਣ ਲੱਗ ਪਏ ਹਨ ਕਿ ਸੂਰਜ ਵੀ ਸਾਡੇ ਤੋਂ ਪੁਛੇ ਬਿਨਾ ਨਹੀਂ ਚੜਦਾ। ਹੁਣ ਲੋਕ ਸ਼ਕਤੀ ਇਹਨਾਂ ਫਾਸ਼ੀ ਫਿਰਕੂ ਅਨਸਰਾਂ ਦੇ ਹੰਕਾਰ ਨੂੰ ਬਹੁਤ ਛੇਤੀ ਹੀ ਤੋੜ ਦੇਵੇਗੀ।
No comments:
Post a Comment