Showing posts with label ਪੁਸਤਕ ਚਰਚਾ. Show all posts
Showing posts with label ਪੁਸਤਕ ਚਰਚਾ. Show all posts

Sunday, July 07, 2013

‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’

ਮੀਆਂ ਮੌਲਾ ਬਖ਼ਸ਼ ਕੁਸ਼ਤਾ ਦੀ ਸੁਪ੍ਰਸਿੱਧ ਪੁਸਤਕ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪ੍ਰਕਾਸ਼ਿਤ
ਲੁਧਿਆਣਾ : 06 ਜੁਲਾਈ (ਰੈਕਟਰ ਕਥੂਰੀਆ):ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਸਮੇਂ ਸਮੇਂ ਤੇ ਖੋਜ ਭਰਪੂਰ ਤੇ ਹਵਾਲਾ ਪੁਸਤਕਾਂ ਪ੍ਰਕਾਸ਼ਿਤ ਕਰਦੀ ਆ ਰਹੀ ਹੈ। ਇਹ ਰਚਨਾਤਮਿਕ, ਉਸਾਰੂ ਅਤੇ ਇਤਿਹਾਸਿਕ ਸਿਲਸਿਲਾ ਲੰਮੇ ਸਮੇਂ ਤੋਂ ਜਾਰੀ ਹੈ। ਇਸ ਲੜੀ ਵਿਚ ਹੁਣ ਨਿੱਗਰ ਵਾਧਾ ਕਰਦਿਆਂ ਇਕ ਨਵੀਂ ਖੋਜ ਪੁਸਤਕ ਪੰਜਾਬੀ ਜਗਤ ਸਾਹਮਣੇ ਲਿਆਂਦੀ ਗਈ ਹੈ ਜਿਸ ਨੂੰ ਪਾਠਕ ਪਿਛਲੇ ਪੰਜਾਹ ਸਾਲਾਂ ਤੋਂ ਪੜ੍ਹਨਾ ਲੋਚਦੇ ਸਨ। ਇਹ ਜਾਣਕਾਰੀ ਦੇਂਦਿਆਂ ਅਕਾਦਮੀ ਦੇ ਦਫਤਰ ਸਕੱਤਰ  ਸੁਰਿੰਦਰ ਸਿੰਘ ਕੈਲੇ ਨੇ ਦੱਸਿਆ ਕਿ ਅਸਲ ਵਿੱਚ ਇਹ ਕਿਤਾਬ ਉਹ ਹਵਾਲਾ ਗ੍ਰੰਥ ਹੈ ਜਿਸ ਦੇ ਹਵਾਲੇ ਵਿਦਵਾਨ ਆਲੋਚਕ ਆਪਣੇ ਮਜ਼ਮੂਨਾਂ ’ਚ ਅਕਸਰ ਵਰਤਦੇ ਰਹੇ ਹਨ। ਇਹ ਹੈ ਉਹ ਸਾਹਿਤਕ ਖ਼ਜ਼ਾਨਾ ਜਿਸਦਾ ਟਾਈਟਲ ਹੈ-‘‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’’। ਇਸ ਨੂੰ ਮੀਆਂ ਮੌਲਾ ਬਖ਼ਸ਼ ਕੁਸ਼ਤਾ (ਮਰਹੂਮ) ਨੇ 1960 ਵਿਚ ਪਾਠਕਾਂ ਦੇ ਰੂਬਰੂ ਕੀਤਾ ਸੀ ਪਰ ਇਹ ਪੁਸਤਕ ਉਸ ਵੇਲੇ ਫ਼ਾਰਸੀ ਲਿਪੀ ਵਿੱਚ ਸੀ। ਇਸ ਨੂੰ ਫ਼ਾਰਸੀ ਲਿੱਪੀ (ਸ਼ਾਹਮੁਖੀ) ਤੋਂ ਸ੍ਰੀ ਰਘਬੀਰ ਸਿੰਘ ਭਰਤ, ਐਮ.ਏ. (ਪੰਜਾਬੀ ਤੇ ਉਰਦੂ) ਨੇ ਗੁਰਮੁਖੀ ਰੂਪ ਦਿੱਤਾ ਹੈ ਜੋ ਕਿ ਬਹੁਤ ਹੀ ਮਿਹਨਤ ਅਤੇ ਵੱਡੀ ਖੋਜ ਤੋਂ ਬਾਅਦ ਕਿਤਾਬੀ ਰੂਪ ਵਿੱਚ ਲੋਕਾਂ ਸਾਹਮਣੇ ਆ ਸਕਿਆ। ਇਸ ਵੱਡ ਆਕਾਰੀ ਪੁਸਤਕ ਦੀ ਪ੍ਰਕਾਸ਼ਨਾ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਦੀ ਸੁਯੋਗ ਅਗਵਾਈ ਵਿਚ ਛਪ ਕੇ ਪਾਠਕਾਂ ਦੇ ਸਨਮੁੱਖ ਕਰਨ ਲਈ ਤਿਆਰ ਹੈ। ਇਸ ਪੁਸਤਕ ਨੂੰ ਛੇਤੀ ਹੀ ਲੋਕ ਅਰਪਨ ਕੀਤਾ ਜਾ ਰਿਹਾ ਹੈ। ਇਸ ਵਿੱਚ ਰੂਚੀ ਰੱਖਨ ਵਾਲੇ ਪੰਜਾਬੀ ਸਾਹਿਤ ਅਕਾਦਮੀ ਨਾਲ ਸੰਪਰਕ ਕਰ ਸਕਦੇ ਹਨ। 

Tuesday, March 19, 2013

ਪੁਸਤਕ 'ਚਿੱਤ ਨੂੰ ਟਿਕਾਣੇ ਰੱਖੀਏ ਕੀਤੀ ਜਾਵੇਗੀ ਲੋਕ ਅਰਪਣ

ਪਰਵਾਸੀ ਪੰਜਾਬੀ ਸ਼ਾਇਰ ਡਾ.ਤਾਰਾ ਸਿੰਘ ਆਲਮ ਨਾਲ ਰੂਬਰੂ 23 ਮਾਰਚ ਨੂੰ
ਲੁਧਿਆਣਾ: (ਰੈਕਟਰ ਕਥੂਰੀਆ): ਪਿਛਲੇ ਕੁਝ ਅਰਸੇ ਤੋਂ ਲੁਧਿਆਣਾ ਦੀਆਂ ਸਾਹਿਤਿਕ ਸਰਗਰਮੀਆਂ ਵਿੱਚ ਲਗਾਤਾਰ ਵਾਧਾ ਜਾਰੀ ਹੈ। ਇੰਝ ਜਾਪਦਾ ਹੈ ਜਿਵੇਂ 84 ਤੋਂ ਪਹਿਲਾਂ ਵਾਲਾ ਸਾਹਿਤਿਕ ਮਾਹੌਲ ਮੁੜ ਪਰਤ ਆਇਆ ਹੋਵੇ। ਉਸ ਪੁਰਾਣੇ ਸਾਹਿਤਿਕ ਮਾਹੌਲ ਦੇ ਇਸ ਨਵੇਂ ਰੂਪ ਵਿੱਚ ਹੋਏ ਤਕਨੀਕੀ ਵਾਧੇ ਨੇ ਇਸਦਾ ਮੁਹਾਂਦਰਾ ਹੋਰ ਵੀ ਨਿਖਾਰ ਦਿੱਤਾ ਹੈ। ਪੰਜਾਬ ਵਿੱਚ ਨਿਕਲਦੇ ਹਿੰਦੀ ਪੰਜਾਬੀ ਪਰਚਿਆਂ ਦੀ ਗਿਣਤੀ 'ਚ ਹੋਏ ਵਾਧੇ ਅਤੇ ਦੁਨੀਆ ਦੇ ਹਰ ਕੋਨੇ ਨੂੰ ਜੋੜਨ ਵਾਲੇ ਇੰਟਰਨੈਟ ਦੇ ਜਾਦੂ ਨੇ ਹੁਣ ਇਸਦੇ ਜੋਸ਼ ਅਤੇ ਜਲਵੇ ਨੂੰ ਇੱਕ ਕ੍ਰਿਸ਼ਮਾ ਹੀ ਬਣਾ ਦਿੱਤਾ ਹੈ। ਪਹਿਲਾਂ ਪਹਿਲ ਜਦੋਂ ਬਰਨਾਲਾ ਅਤੇ ਲੁਧਿਆਣਾ ਜਾਂ ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿਚਲੀ ਦੂਰੀ ਵੀ ਕਾਫੀ ਲੱਗਦੀ ਸੀ ਹੁਣ ਅਮਰੀਕਾ ਅਤੇ ਕਨੇਡਾ ਵੀ ਪੰਜਾਬ ਦੇ ਬੇਹਦ ਨੇੜੇ ਨੇੜੇ ਹੋਏ ਜਾਪਦੇ ਨੇ। ਇਹ ਗੱਲ ਇੱਕ ਵਾਰ ਫਿਰ ਸਾਬਿਤ ਹੋ ਰਹੀ ਹੈ ਆਉਂਦੀ 23 ਮਾਰਚ ਸ਼ਨੀਵਾਰ ਨੂੰ। ਉਸ ਦਿਨ ਬਰਤਾਨੀਆ ਵਿੱਚ ਰਹਿੰਦੇ ਇੱਕ ਪ੍ਰਸਿਧ ਕਲਮਕਾਰ ਨਾਲ ਮੁਲਾਕਾਤ  ਹੋਣੀ ਹੈ।
                  ਇੰਗਲੈਂਡ ਵਸਦੇ ਪਰਵਾਸੀ ਪੰਜਾਬੀ ਸ਼ਾਇਰ, ਉੇਘੇ ਚਿੰਤਕ ਅਤੇ ਸਾਹਿਬ ਇੰਟਰਨੈਸ਼ਨਲ ਰਸਾਲੇ ਦੇ ਸੰਪਾਦਕ ਡਾ ਤਾਰਾ ਸਿੰਘ ਆਲਮ ਨਾਲ  ਸਿਗਮਾ ਕਾਲਜ ਆਫ ਨਰਸਿੰਗ ਵਿਖੇ 23 ਮਾਰਚ ਦਿਨ ਸ਼ਨੀਚਰਵਾਰ  ਨੂੰ ਰੂਬਰੂ ਰਚਾਇਆ ਜਾ ਰਿਹਾ ਹੈ। ਸਿਗਮਾ ਕਾਲਜ ਦੇ ਡਾਇਰੈਕਟਰ ਡਾ ਚੰਦਰ ਭਨੋਟ ਨੇ ਦਸਿਆ ਕਿ ਡਾ. ਆਲਮ ਨੇ ਹੁਣ ਤੱਕ ਪੰਜਾਬੀ ਭਾਸ਼ਾ ਵਿੱਚ ਦਸ ਤੋਂ ਵੱਧ ਕਿਤਾਬਾਂ ਲਿਖੀਆਂ ਹਨ ਜਦੋਂ ਅੰਗਰੇਜ਼ੀ ਵਿੱਚ ਵੀ ਉਹਨਾ ਦੀਆਂ ਦੋ ਪੁਸਤਕਾਂ ਪਰਕਾਸਤ ਹੋ ਚੁੱਕੀਆਂ ਹਨ ਅਤੇ ਉਹ ਲਗਾਤਾਰ ਪੰਜਾਬੀ ਅਖਬਾਰਾਂ, ਰਸਾਲਿਆਂ ਅਤੇ ਰੇਡੀਓ, ਟੀ ਵੀ ਪ੍ਰੋਗਰਾਮਾਂ ਰਾਹੀਂ ਆਪਣੇ ਵਿਚਾਰਾਂ ਦਾ ਪਰਗਾਟਾਵਾ ਕਰਦੇ ਰਹਿੰਦੇ ਹਨ। ਡਾ ਭਨੋਟ ਨੇ ਦੱਸਿਆ  ਕਿ ਇਸ ਮੌਕੇ ਡਾ ਆਲਮ ਆਪਣੇ ਜੀਵਨ ਅਤੇ ਰਚਨਾ ਬਾਰੇ ਗੱਲਬਾਤ ਕਰਣਗੇ ਅਤੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਵੀ ਡਾ ਆਲਮ ਦੀਆਂ ਰਚਨਾਵਾਂ ਦਾ ਗਾਇਨ ਕੀਤਾ ਜਾਵੇਗਾ।
ਡਾ ਭਨੋਟ ਨੇ ਦਸਿਆ ਕਿ ਪੰਜਾਬ ਪੁਲਿਸ ਦੇ ਆਈ ਜੀ ਡਾ ਸ਼ਰਦ ਸਤਿਆ ਚੌਹਾਨ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਜਦੋਂ ਕਿ ਸਿਗਮਾ ਸੰਸਥਾਵਾਂ ਦੇ ਚੇਅਰਮੈਨੀ ਡਾ  ਸਤਪਾਲ ਭਨੋਟ ਸਮਾਗਮ ਦੀ ਪ੍ਰਧਾਨਗੀ ਕਰਣਗੇ। ਇਸ ਮੌਕੇ ਡਾ ਆਲਮ ਦੀ ਨਵ ਪ੍ਰਕਾਸ਼ਤ ਪੁਸਤਕ 'ਚਿੱਤ ਨੂੰ ਟਿਕਾਣੇ ਰੱਖੀਏ' ਲੋਕ ਅਰਪਣ ਕੀਤੀ ਜਾਵੇਗੀ । 


ਕਿਥੇ ਹਨ ਸ਼ਹੀਦ ਭਗਤ ਸਿੰਘ ਦੀਆਂ 4 ਕਿਤਾਬਾਂ ਦੇ ਖਰੜੇ ?

ਕਮਿਉਨਿਸਟਾਂ ਨੂੰ ਧਰਤੀ ਦੀ ਮਾਲਕੀ ਦੇ ਚਾਹਵਾਨ ਕਹਿਣਾ ਬਦ-ਤਮੀਜ਼ੀ

''ਜਿਉਣ ਦੀ ਬਾਦਸ਼ਾਹਤ'' ਦਾ ਕਵੀ:ਪਾਸ਼//--ਜਸਪਾਲ ਜੱਸੀ







Thursday, February 14, 2013

ਫਿਲਮ ਜਾਗਤੇ ਰਹੋ ਦੀ ਯਾਦ ਤਾਜ਼ਾ ਕਰਦੀ ਪੁਸਤਕ

ਡਾਇਰੈਕਟ ਦਿਲ ਸੇ- ਪ੍ਰੋਫੈਸਰ ਵਿੰਮੀ ਭਾਟੀਆ ਦਾ ਚਾਨਣ ਮੁਨਾਰਾ
ਕਈ ਦਹਾਕੇ ਪਹਿਲਾਂ ਇੱਕ ਫਿਲਮ ਆਈ ਸੀ- ਜਾਗਤੇ ਰਹੋ। ਤਕਰੀਬਨ ਤਕਰੀਬਨ ਇਹ ਸਾਰੀ ਫਿਲਮ ਪਿਆਸ ਬੁਝਾਉਣ ਲਈ ਦੋ ਘੁੱਟ ਪਾਣੀ ਲਭ ਰਹੇ ਨਾਇਕ ਦੁਆਲੇ ਘੁੰਮਦੀ ਹੈ। ਦੋ ਘੁੱਟ ਪਾਣੀ ਦੀ ਭਾਲ ਵਿੱਚ ਭਟਕਦਾ ਹੀਰੋ ਕਦੇ ਕਿਤੇ ਪਹੁੰਚ ਜਾਂਦਾ ਹੈ ਅਤੇ ਕਦੇ ਕਿਤੇ। ਸਾਰੀ ਰਾਤ ਦੀ ਭਟਕਣਾ ਵਿੱਚ ਉਸ ਸ਼ਰੀਫ਼, ਪਿਆਸੇ ਅਤੇ ਮਾਸੂਮ ਬੰਦੇ ਮਤਲਬ ਰਾਜ ਕਪੂਰ ਨੂੰ ਸਮਾਜ ਦੀਆਂ ਕਰਤੂਤਾਂ ਦੀ ਸ਼ਰਮਨਾਕ ਤਸਵੀਰ ਨਜ਼ਰ ਆਉਂਦੀ ਹੈ। ਸਮਾਜ ਦੀ ਸਾਰੀ ਕਰੂਪਤਾ ਅਤੇ ਦੋਗਲੇਪਨ ਨੂੰ ਬੇਨਕਾਬ ਕਰਦੀ ਇਹ ਫਿਲਮ ਦਰਸ਼ਕਾਂ ਨੂੰ ਕਾਫੀ ਪਸੰਦ ਵੀ ਆਈ ਸੀ ਅਤੇ ਅੱਖਾਂ ਵੀ ਖੋਹ੍ਲਦੀ ਸੀ। ਇਸਦਾ ਗੀਤ ਸੰਗੀਤ ਵੀ ਦਿਲ ਨੂੰ ਛੂਹੰਦਾ ਸੀ।  ਅੱਜ ਅਚਾਨਕ ਇਸਦੀ ਯਾਦ ਆਈ ਪ੍ਰੋਫੈਸਰ ਵਿੰਮੀ ਭਾਟੀਆ  ਦੇ ਕਾਵਿ ਸੰਗ੍ਰਹਿ ਚਾਨਣ ਮੁਨਾਰਾ ਵਿਚਲੀ ਇੱਕ ਕਵਿਤਾ ਸੈਰਗਾਹ ਪੜ੍ਹਕੇ। ਕਵਿਤਾ ਇੱਕ ਤਸਵੀਰ ਖਿਚਦੀ ਹੈ ਮਾਡਲ ਟਾਊਨ ਦੇ ਇੱਕ ਪਾਰਕ ਵਿੱਚ ਲੱਗੇ ਫੁਹਾਰੇ ਦੀ। ਫੁਹਾਰਾ ਰਾਤ ਦੀ ਖਮੋਸ਼ੀ ਵਿੱਚ ਇੱਕਲਾ ਖੜਾ ਸੋਚਦਾ ਹੈ ਕਿ  ਅੱਜ ਕੌਣ ਕੌਣ ਨਹੀਂ ਆਇਆ। ਫਿਰ ਉਹ ਯਾਦ ਕਰਦਾ ਹੈ ਇੱਕ ਬਜੁਰਗ ਬੀਬੀ ਜਿਸਦੀ ਨੂੰਹ ਸਾਰੇ ਟੱਬਰ ਸਮੇਤ ਅਨ੍ਰੀਕਾ ਘੁੰਮਣ ਗਈ ਹੈ  ਆਖ ਗਈ ਹੈ--ਘਰ ਦਾ ਖਿਆਲ ਰੱਖਿਓ। ਇਸੇ ਤਰਾਂ ਇਹ ਫੁਹਾਰਾ ਇੱਕ ਇੱਕ ਵਿਅਕਤੀ ਨੂੰ ਗਿਣਦਾ ਹੋਇਆ ਸਾਰੇ ਸਮਾਜ ਦੀ ਹਕੀਕੀ ਤਸਵੀਰ ਪਾਠਕਾਂ ਸਾਹਮਣੇ ਬੜੇ ਹੀ ਸਲੀਕੇ ਨਾਲ  ਕਰਦਾ ਹੈ। ਇਸੇ ਤਰਾਂ ਪਰੀ ਨਾਮੀ ਕਵਿਤਾ ਵਿੱਚ ਦਾਜ ਦੀ ਮੰਗ ਕਰਨ ਵਾਲੀਆਂ ਹਥੋਂ ਮਰਦਿਆ  ਦੀ  ਹੈ। ਸ਼ਾਇਰਾ ਸੁਆਲ ਵੀ ਕਰਦੀ ਹੈ: 
ਜੇ ਚਲਦਾ ਰਿਹਾ ਸਿਲਸਿਲਾ 
ਇਹ ਪੁਰਾਣਾ   
ਤਾਂ ਧੀਆਂ ਦਾ ਜਗ ਤੋਂ 
ਨਿਸ਼ਾਨ ਮਿਟ ਹੈ ਜਾਣਾ 
ਚੱਲੇਗੀ ਕਿਵੇਂ ਬ੍ਰਹਮਾ ਵਿਸ਼ਨੂੰ ਦੀ  ਸ੍ਰਿਸ਼ਟੀ 
ਆਓ ਬਦਲ ਦੇਈਏ 
ਆਪਣੀ ਇਹ ਦ੍ਰਿਸ਼ਟੀ। 
ਕੰਪਿਊਟਰੀਕਰਨ ਕਵਿਤਾ ਵਿੱਚ ਉਹ ਚਿੰਤਾ ਪ੍ਰਗਟ ਕਰਦਿਆਂ ਆਖਦੀ ਹੈ:
ਬੱਚੇ ਦੇ ਦਿਮਾਗ ਦਾ ਕੰਪਿਊਟਰੀਕਰਨ ਹੋ ਰਿਹਾ ਹੈ 
ਜਿਸ ਵਿੱਚ ਇਕ ਹਾਰਡ ਡਿਸਕ 
ਫਿਟ ਕਰ ਰਹੇ ਨੇ 
ਤੇ ਗਿਆਨ ਦਾ ਸੋਫਟ ਵੇਅਰ 
ਤੁੰਨ ਤੁੰਨ ਕੇ ਭਰ ਰਹੇ ਨੇ। 
ਨੌਕਰੀਆ ਚ ਹੁੰਦੇ ਸ਼ੋਸ਼ਣ ਦੀ ਗੱਲ ਕਰਦਿਆਂ ਉਹ ਕਿਰਤ ਨਾਮ ਦੀ ਕਵਿਤਾ ਵਿੱਚ ਇੱਕ ਨੌਜਵਾਨ ਪੁੱਤ ਕੋਲੋਂ ਮਨ ਨੂੰ ਅਖਵਾਉਂਦੀ ਹੈ: 
ਕੀ ਲੈਣਾ ਨੌਕਰੀਆਂ ਚੋਂ  
ਇਹਨਾਂ ਲੁੱਟ ਦੀਆਂ ਟੋਕਰੀਆਂ  ਚੋਂ...
---
ਮੈਂ ਬਣਕੇ ਕਾਬਲ ਕਿਰਤੀ 
ਕੋਈ ਚੰਗੀ ਕਰਤ ਕਰਾਂਗਾ 
ਬਸ ਰੁੱਖੀ ਮਿੱਸੀ ਖਾ ਕੇ 
ਪ੍ਰਭੁ ਭਾਣੇ ਨੂੰ ਜਰਾਂਗਾ।
ਥਾਂ ਥਾਂ ਹੁੰਦੇ ਕਤਲਾਂ ਵਾਲੀ ਅਣਮਨੁੱਖੀ ਸਥਿਤੀ ਅਤੇ ਅਸੁਰਖਿਅਤ ਸਮਾਜ ਵੱਲ ਇਸ਼ਾਰਾ ਕਰਦਿਆਂ ਉਹ ਇੱਕ ਬੱਚੇ ਕੋਲੋਂ ਸੁਆਲ ਦੇ  ਵਿੱਚ ਅਖਵਾਉਂਦੀ ਹੈ;
ਪੁੱਛਿਆ ਪਿਤਾ ਜੀ ਪਾਸੋਂ ਫਿਰ ਇਕ ਸੁਆਲ- 
ਭਲਾ ਕੁੱਤਾ ਤਾਂ ਸੀਗਾ ਕੁੱਤੇ ਦਾ ਵੈਰੀ।
ਕੀ ਬੰਦਾ ਵੀ ਹੁੰਦਾ ਹੈ ਬੰਦੇ ਦਾ ਵੈਰੀ? 
ਸ਼ਿਵਲਿੰਗ ਤੇ ਦੁਧ ਚੜ੍ਹਾਉਣ ਦੀ ਪਰੰਪਰਾ ਕਾਫੀ ਪੁਰਾਣੀ ਹੈ। ਸ਼ਾਇਰਾ ਇਸਨੂੰ ਆਪਣੇ ਨਜ਼ਰੀਏ ਨਾਲ  ਕਹਿੰਦੀ ਹੈ:
ਕੈਲਾਸ਼ ਪਰਵਤ ਤੇ 
ਪਾਰਵਤੀ ਸੰਗ ਬੈਠੇ 
ਬੇਚੈਨ ਸ਼ਿਵਜੀ 
ਬੋਲ ਰਹੇ ਸਨ 
ਕਿਓਂ ਮੇਰੇ ਭਗਤ 
ਮਹਿੰਗਾਈ ਦੇ ਇਸ ਦੌਰ 
ਐਨਾ ਦੁਧ ਮੇਰੇ ਉੱਤੇ ਡੋਲ੍ਹ ਰਹੇ ਨੇ?
ਕੀ ਇਸ ਮੰਦਰ ਦੇ ਬਾਹਰ 
 ਮਾਂਵਾਂ ਦੇ ਸੀਨਿਆਂ ਨਾਲ ਚਿੰਬੜੇ 
ਤੇ ਦੁਧ ਦੇ ਘੁੱਟ ਨੂੰ ਤਰਸਦੇ 
ਬੱਚਿਆਂ ਦੇ ਰੋਣ ਦੀਆਂ ਆਵਾਜ਼ਾਂ 
ਇਹਨਾਂ ਦੇ ਕਨੀਂ ਨਹੀਂ ਪੈ ਰਹੀਆਂ ?
ਏਸੇ ਪੁਸਤਕ ਵਿੱਚ ਲਾਫਿੰਗ ਬੁਧਾ, ਸ਼ੀਸ਼ਾ, ਬੋਝ, ਹੁਸ਼ਿਆਰੀ, ਗਿਰਗਟਾਂ,ਰਾਵਣ ਦਹਿਣ  ਕਵਿਤਾਵਾਂ ਵਿੱਚ ਵੀ ਸਮਾਜ ਦਾ ਅਸਲੀ ਚਿਹਰਾ ਦਿਖਾਇਆ ਗਿਆ ਹੈ।ਸ਼ਾਇਰਾ ਨੇ ਪੰਜਾਬ ਦੇ ਨਾਲ ਨਾਲ ਮੈਲਬੋਰਨ (ਆਸਟਰੇਲੀਆ) ਵਿੱਚ ਵੀ ਕੁਝ ਸਮਾਂ ਬਿਤਾਇਆ ਹੈ ਸੋ ਉਸਦਾ ਜਿੰਦਗੀ ਨੂੰ ਦੇਖਣ ਦਾ  ਨਜ਼ਰੀਆ ਵੀ ਬਹੁਤ ਵਿਸ਼ਾਲ ਹੋ ਗਿਆ ਹੈ। ਪਰ ਇਸ ਵਿਸ਼ਾਲਤਾ ਦੇ ਬਾਵਜੂਦ ਉਸਦਾ  ਪੰਜਾਬ ਨਾਲ  ਭੰਗ ਨਹੀਂ ਹੋਇਆ। ਉਸਨੇ ਆਕਾਸ਼ ਦੀਆਂ ਉਡਾਰੀਆਂ ਲਾ ਕੇ ਵੀ  ਧਰਤੀ ਵਿਚਲੀਆਂ ਜੜ੍ਹਾਂ ਨਹੀਂ ਛੱਡੀਆਂ। ਇਸ ਲਈ ਇਹਨਾਂ ਕਵਿਤਾਵਾਂ ਨੂੰ ਪੜ੍ਹਦਿਆਂ ਪਾਠਕ ਵੀ ਜਮੀਨ ਤੋਂ ਅਸਮਾਨ ਤੱਕ ਦੀ ਵਿਸ਼ਾਲਤਾ ਦੇ ਅਨੁਭਵ ਨੂੰ ਮਹਿਸੂਸ ਕਰਨ ਲੱਗ ਪੈਂਦਾ ਹੈ। ਜੇ ਤੁਸੀਂ  ਯਕੀਨ ਨਹੀਂ ਕਰਦੇ ਤਾਂ ਖੁਦ ਤਜਰਬਾ ਕਰਕੇ ਦੇਖ ਲਓ।
ਇਸ ਪੁਸਤਕ ਨੂੰ ਬਹੁਤ ਹੀ ਖੂਬਸੂਰਤ ਸਰਵਰਕ ਨਾਲ ਪ੍ਰਕਾਸ਼ਿਤ ਕੀਤਾ ਹੈ-ਲਾਹੌਰ ਬੁੱਕ ਸ਼ਾਪ ਨੇ। ਇਹਨਾਂ 60 ਕੁ ਸਫਿਆਂ ਵਿੱਚ 30 ਕਵਿਤਾਵਾਂ ਹਨ ਅਤੇ ਕੀਮਤ ਹੈ ਸਿਰਫ 100 ਰੁਪਏ। ਇਸ ਪੁਸਤਕ ਨੂੰ ਪੜ੍ਹਕੇ ਕੇ ਹੀ ਪਤਾ ਲੱਗਦਾ ਹੈ ਕਿ ਇਹ ਸਿਧਾ ਦਿਲ ਚੋਂ ਨਿਕਲੀਆਂ ਕਵਿਤਾਵਾਂ ਹਨ। ਪੂਰੇ ਵੇਗ ਨਾਲ ਆਪਣੀ ਗੱਲ ਆਖਦਿਆਂ ਹਨ ਸਮਾਜ ਦੀਆਂ ਖੋਖਲੀਆਂ ਰਸਮਾਂ ਅਤੇ ਕਵਿਤਾ ਦੀਆਂ ਤਕਨੀਕੀ ਉਲਝਣਾਂ ਵੀ ਇਸ ਦੇ ਰਸਤੇ ਵਿੱਚ ਰੁਕਾਵਟ ਨਹੀਂ ਬਣ ਸਕੀਆਂ। ਕਿਤੇ ਕਿਤੇ ਬਹੁਤ ਹੀ ਜ਼ਿਆਦਾ ਰਿਦਮ ਹੈ।ਬਹੁਤ ਹੀ ਜਿਆਦਾ ਸੰਗੀਤ ਪਰ ਕਿਤੇ ਕਿਤੇ ਇਸਦੀ ਕਮੀ ਕਾਫੀ ਖਟਕਦੀ ਵੀ ਹੈ ਪਰ ਕੁੱਲ ਮਿਲਾ ਕੇ ਪੁਸਤਕ ਦਿਲ ਨੂੰ ਹਲੂਣਦੀ  ਵੀ ਹੈ ਅੱਖਾਂ ਚੋਂ ਹੰਝੂ ਵੀ ਲਿਆਉਂਦੀ ਹੈ।--ਰੈਕਟਰ ਕਥੂਰੀਆ 

ਡਾਇਰੈਕਟ ਦਿਲ ਸੇ- ਵਿੰਮੀ  ਭਾਟੀਆ ਦਾ ਚਾਨਣ ਮੁਨਾਰਾ 

Tuesday, October 16, 2012

ਵਿਦਰੋਹ ਦੇ ਰੂਪ ਬਹੁਤ ਸੂਖ਼ਮ ਹੁੰਦੇ ਹਨ

Tue, Oct 16, 2012 at 8:41 AM
ਕਮ-ਸੇ-ਕਮ ਪਾਸ਼ ਇਸ ਬਾਰੇ ਬਹੁਤ ਚੇਤੰਨ ਸੀ=ਪੁਸਤਕ ਚਰਚਾ=
ਪਰਮਜੀਤ ਸਿੰਘ ਕੱਟੂ ਦੀ ਪੁਸਤਕ ਵਿਦਰੋਹੀ ਕਾਵਿ (ਪਾਸ਼, ਉਦਾਸੀ, ਮੁਕਤੀਬੋਧ ਅਤੇ ਨੇਰੂਦਾ ਦੇ ਸੰਦਰਭ ’ਚ)
ਵਿਦਰੋਹੀ ਕਾਵਿ, ਪ੍ਰਤੀਰੋਧੀ ਕਾਵਿ, ਬਗਾਵਤੀ ਕਾਵਿ, ਜੁਝਾਰ ਕਾਵਿ, ਇਨਕਲਾਬੀ ਕਾਵਿ ਵਿਚਕਾਰ ਸੂਖ਼ਮ ਅੰਤਰ ਹੋਣ ਦੇ ਬਾਵਜੂਦ ਵਿਸ਼ਾਲ ਅਰਥ ਘੇਰੇ ਵਿਚ ਸਮਅਰਥੀ ਹੀ ਹਨ ਕਿਉਂਕਿ ਇਹ ਕਾਵਿ ਮਨੁੱਖੀ ਸਮਾਜ ਦੇ ਪ੍ਰਬੰਧ ਵਿਚ ਨਿਯਮਤ ਹੋਣ ਨਾਲ ਹੀ ਮਨੁੱਖ ਦੀ ਆਦਿ ਸੁਤੰਤਰ ਇੱਛਾ ਦਾ ਪ੍ਰਗਟਾਵਾ ਕਰਦਾ ਹੈ। ਹਰ ਪ੍ਰਬੰਧ ਭਾਵੇਂ ਮਾਨਵੀ ਲੋਡ਼ ਵਿਚੋਂ ਹੀ ਸਿਰਜਿਆ ਗਿਆ ਹੈ ਪਰ ਇੱਕ ਵਾਰ ਪ੍ਰਬੰਧ ਨਿਯਮਤ ਹੋ ਜਾਣ ਨਾਲ ਇਹ ਮਾਨਵੀ ਅਕਾਂਖਿਆਵਾਂ ਦਾ ਦਮਨ ਕਰਨ ਲੱਗ ਪੈਂਦਾ ਹੈ। ਉਸਦੀ ਸੁਤੰਤਰਤਾ ’ਤੇ ਰੋਕ ਲਗਾਉਣ ਲੱਗ ਪੈਂਦਾ ਹੈ। ਇਹ ਹੱਕ, ਸੱਚ, ਨਿਆਂ ਦੀ ਥਾਵੇਂ ਲੁੱਟ-ਖਸੁੱਟ, ਝੂਠ, ਅਨਿਆਂ ਦਾ ਪੱਖ ਪੂਰਨ ਲੱਗ ਪੈਂਦਾ ਹੈ। ਹਮੇਸ਼ਾ ਲੁੱਟ-ਖਸੁੱਟ ਦੇ ਸ਼ਿਕਾਰ, ਅਨਿਆਂ ਦੇ ਸ਼ਿਕਾਰ, ਦਬਾਏ ਹੋਏ ਲੋਕਾਂ ਨੂੰ ਸਥਾਪਤ ਪ੍ਰਬੰਧ ਦਾ ਵਿਰੋਧ ਕਰਦਿਆਂ, ਬਗਾਵਤ ਦਾ ਝੰਡਾ ਚੱਕਦਿਆਂ, ਵਿਦਰੋਹੀ ਰਾਹ ’ਤੇ ਚਲਦਿਆਂ ਇਨਕਲਾਬ ਕਰਨਾ ਪੈਂਦਾ ਹੈ। ਇਸ ਸਾਰੀ ਪ੍ਰਕਿਰਿਆ ਦੇ ਵੱਖ-ਵੱਖ ਪਡ਼ਾਵਾਂ ’ਤੇ ਕਾਵਿ ਉਪਜਦਾ ਰਹਿੰਦਾ ਹੈ। ਮਾਨਵੀ ਸਮਾਜ ਦੇ ਇਤਿਹਾਸਕ ਪਡ਼ਾਅ ਅਤੇ ਸੰਘਰਸ਼ੀ ਪਡ਼ਾਅ ਕਾਰਨ ਇਸਦਾ ਸਰੂਪ ਬਦਲਦਾ ਰਹਿੰਦਾ ਹੈ, ਪਰ ਇਸਦਾ ਤੱਤ ਸਾਰ ਨਹੀਂ ਬਦਲਦਾ ਸਗੋਂ ਉਹ ਸਮਾਂ-ਸਥਾਨ ਦੋਹਾਂ ਤੋਂ ਮੁਕਤ ਹੋ ਕੇ ਰਾਸ਼ਟਰਾਂ/ਭਾਸ਼ਾਵਾਂ ਤੋਂ ਪਾਰ ਵਿਚਰਦਾ ਹੈ।
ਪਰਮਜੀਤ ਸਿੰਘ ਕੱਟੂ
ਇਸ ਹੱਕ-ਨਿਆਂ ਦੀ ਲਡ਼ਾਈ ਲਡ਼ਨ ਵਾਲਿਆਂ ਦੀ ਗੌਰਵ ਗਾਥਾ ਨੂੰ ਕਾਵਿ ਅਤੇ ਇਤਿਹਾਸ ਦੋਵੇਂ ਸੰਭਾਲਦੇ ਆਏ ਹਨ, ਇਤਿਹਾਸ ਤਥਾਕਥਿਤ ਤੱਥਗਤ, ਲਿਖਤੀ ਅਤੇ ਸਿਖਿਅਕ ਸੁਭਾਅ ਦਾ ਹੋਣ ਕਰਕੇ ਜ਼ਿਆਦਾਤਰ ਸ਼ਾਸਕ ਵਰਗ ਦੇ ਹਿੱਤ ਅਨੁਸਾਰੀ ਰਹਿੰਦਾ ਹੈ। ਜਦ ਕਿ ਕਾਵਿ ਭਾਵਨਾਤਮਿਕ ਹੋਣ ਦੇ ਨਾਲ਼ ਨਾਲ਼ ਪੂਰਵ ਆਧੁਨਿਕ ਕਾਲਾਂ ਵਿੱਚ ਲਿਖਤੀ ਨਾਲੋਂ ਮੌਖਿਕ ਵਧੇਰੇ ਹੁੰਦਾ ਹੈ ਅਤੇ ਮਿਥਿਅਕ ਸੁਭਾਅ ਦਾ ਹੁੰਦਾ ਹੈ। ਇਸ ਵਿਚ ਲੋਕਾਂ ਦੀ ਭਾਵਨਾਵਾਂ, ਮੂੰਹੋਂ-ਮੂੰਹੀਂ ਬੋਲਾਂ ਰਾਹੀਂ ਲੋਕਮਨਾਂ ਦੇ ਅਵਚੇਤਨ ਵਿਚ ਸਫ਼ਰ ਕਰਦੀਆਂ ਰਹਿੰਦੀਆਂ ਹਨ। ਉਦਾਹਰਨ ਵੱਜੋਂ ਇਤਿਹਾਸ ਵਿਚ ਅਕਬਰ ਬਾਦਸ਼ਾਹ ਬਹੁਤ ਮਹਾਨ ਹੈ, ਉਸਦੀ ਮਹਾਨਤਾ ਬਾਰੇ, ਉਸ ਦੀਆਂ ਜਿੱਤਾਂ ਬਾਰੇ, ਉਸਦੇ ਰਾਜ ਵਿਸਤਾਰ ਬਾਰੇ ਲਿਖਤੀ ਤੱਥਗਤ ਇਤਿਹਾਸ ਮਿਲਦਾ ਹੈ ਪ੍ਰੰਤੂ ਪੰਜਾਬ ਦੇ ਬਗਾਵਤ ਕਰਨ ਵਾਲੇ ਵਿਦਰੋਹੀ ਸ਼ੇਰ ਦੁੱਲ੍ਹੇ ਭੱਟੀ ਬਾਰੇ ਮੱਧਕਾਲੀ ਲਿਖਤੀ ਇਤਿਹਾਸ ਵਿਚ ਕੁਝ ਵੀ ਨਹੀਂ ਮਿਲਦਾ ਪਰ ਲੋਕਮਨਾਂ ਵਿੱਚੋਂ ਉਸਦਾ ਸਥਾਨ ਬਹੁਤ ਉੱਚਾ ਹੈ।
ਪੰਜਾਬ ਦਾ ਮੱਧਕਾਲੀ ਸਾਹਿਤ ਵਿਦਰੋਹੀ ਕਾਵਿ ਹੀ ਹੈ, ਵਿਦਰੋਹ ਕੇਵਲ ਸਥਾਪਤ ਸੱਤਾ ਦੇ ਰਾਜਸੀ ਪ੍ਰਬੰਧ ਖ਼ਿਲਾਫ਼ ਹੀ ਨਹੀਂ ਹੈ ਸਗੋਂ ਧਾਰਮਿਕ, ਆਰਥਿਕ, ਸਮਾਜਕ, ਸਭਿਆਚਾਰਕ ਸਾਰੇ ਖੇਤਰਾਂ ਵਿਚ ਵਿਰੋਧ ਦੇਖਣ ਨੂੰ ਮਿਲਦਾ ਹੈ। ਉਦਾਹਰਨ ਵਜੋਂ ਸੂਫ਼ੀ ਕਾਵਿ ਸਥਾਪਤ ਧਾਰਮਿਕ ਰਹੁਰੀਤਾਂ ਤੋਂ ਬਾਗ਼ੀ ਹੈ, ਗੁਰਮਤਿ ਕਾਵਿ ਨਿਆਂ ਪ੍ਰਬੰਧ ’ਤੇ ਕਾਬਜ਼ ਮੁਕੱਦਮਾਂ ਨੂੰ ਕੁੱਤੇ ਨਾਲ ਤੁਲਨਾਉਂਦਾ ਹੈ। ਕਿੱਸਾ ਕਵਿ ਸਮਾਜ ਦੀ ਪ੍ਰਵਾਨਤ ਕਦਰਾਂ-ਕੀਮਤਾਂ ਦੀਆਂ ਧੱਜੀਆਂ ਉਡਾਉਂਦਾ ਹੈ। ਵਾਰਾਂ ਪੰਜਾਬੀ ਯੋਧਿਆਂ ਦੀਆਂ ਲਡ਼ਾਈਆਂ ਨੂੰ ਗੌਰਵ ਦਿੰਦੀਆਂ ਹਨ।
ਵਿਦਰੋਹੀ ਕਾਵਿ ਦਾ ਪਹਿਲਾ ਪਡ਼ਾਅ ਆਪਣੇ ਆਲੇ-ਦੁਆਲੇ ਦੀ ਚੇਤਨਾ ਨਾਲ ਸੰਬੰਧਿਤ ਹੈ ਜਦੋਂ ਕਿਸੇ ਵਿਅਕਤੀ ਨੂੰ ਅਹਿਸਾਸ ਹੁੰਦਾ ਹੈ ਕਿ ਮੇਰੇ ਨਾਲ ਜਾਂ ਮੇਰੇ ਸਮੂਹ ਨਾਲ ਠੀਕ ਨਹੀਂ ਹੋ ਰਿਹਾ, ਇਸ ਤੋਂ ‘ਹੋ ਰਹੇ’ ਦਾ ਵਿਰੋਧ ਉਪਜਦਾ ਹੈ, ਇਹ ਵਿਰੋਧ ਦਾ ਰੂਪ ਪ੍ਰਸਥਿਤੀਆਂ ਅਨੁਸਾਰ ਵਿਭਿੰਨ ਹੁੰਦਾ ਹੈ, ਜੇ ਕਦੇ ਮਹਿਜ਼ ਬੇਨਤੀ ਜਾਂ ਸ਼ਿਕਾਇਤ ਗ਼ਿਲੇ/ਸ਼ਿਕਵੇ ਤੱਕ ਸੀਮਤ ਹੁੰਦਾ ਹੈ, ਕਦੇ ਇਹ ਉਗਰ ਰੂਪ ਵਿੱਚ ਹੱਥੋ-ਪਾਈ ਤੋਂ ਲੈ ਕੇ ਹਥਿਆਰਬੰਦ ਰਾਜਪਲਟੇ ਤੱਕ ਹੁੰਦਾ ਹੈ। ਸੋ ਦੂਸਰਾ ਪਡ਼ਾਅ ਸਥਾਪਤੀ ਵਿਰੁੱਧ ਸੰਘਰਸ਼ ਦਾ ਹੁੰਦਾ ਹੈ। ਇਹ ਵਿਰੋਧ ਸ਼ਾਬਦਿਕ ਅਤੇ ਹਥਿਆਰਬੰਦ ਦੋਹਾਂ ਕਿਸਮ ਦਾ ਹੋ ਸਕਦਾ ਹੈ। ਇਸਦਾ ਇਕ ਰੂਪ ਸਥਾਪਤ ਪ੍ਰਬੰਧ ਪ੍ਰਤੀ ਸ਼ਿਕਾਇਤੀ ਅਤੇ ਆਪਣੇ ਹੱਕ ਪ੍ਰਤੀ ਚੇਤੰਨਤਾ ਹੁੰਦਾ ਹੈ ਜਦੋਂ ਕਿ ਸਰਕਾਰ ਜਾਂ ਸਥਾਪਤੀ ਇਸ ਆਵਾਜ਼ ਨੂੰ ਦਬਾਉਂਦੀ ਹੈ ਤਾਂ ਉਸ ਪ੍ਰਕਿਰਿਆ ਦੀ ਜ਼ੁਲਮਾਂ ਦੀ ਦਾਸਤਾਨ ਬਿਆਨੀ ਜਾਂਦੀ ਹੈ। ਇਸ ਵਿਚ ਪੁਲਸ ਤਸ਼ੱਦਦ ਤੋਂ ਲੈ ਕੇ ਜੇਲ੍ਹ ਦੀਆਂ ਕਾਲ-ਕੋਠਡ਼ੀਆਂ ਦਾ ਅਨੁਭਵ ਸ਼ਾਮਿਲ ਰਹਿੰਦਾ ਹੈ। ਜਿਹਡ਼ੇ ਵਿਦਰੋਹੀ ਇਸ ਰਸਤੇ ’ਤੇ ਚਲਦਿਆਂ ਸ਼ਹੀਦ ਹੋ ਜਾਂਦੇ ਹਨ ਉਨ੍ਹਾਂ ਦੀਆਂ ਗੌਰਵ ਗਾਥਾਵਾਂ ਹੋਰ ਵੀ ਜ਼ੋਰ-ਸ਼ੋਰ ਨਾਲ ਗਾਈਆਂ ਜਾਂਦੀਆਂ ਹਨ। ਇਸ ਲਡ਼ਾਈ ਦੇ ਦਰਮਿਆਨ ਸਥਾਪਤੀ ਦੇ ਜ਼ੁਲਮਾਂ ਦਾ ਬਿਰਤਾਂਤ, ਆਪਣੀ ਧਿਰ ਦੀ ਹੱਕੀ ਹੋਣ ਦੀ ਕਹਾਣੀ, ਆਪਣੇ ਸਮੂਹ ਲਈ ਜੂਝ-ਮਰਨ ਦਾ ਉਤਸ਼ਾਹ ਵਰਗੀਆਂ ਭਾਵਨਾਵਾਂ ਪ੍ਰਬਲ ਰਹਿੰਦੀਆਂ ਹਨ। ਇਸ ਪਡ਼ਾਅ ਦੇ ਕਾਵਿ ਵਿਚ ਉਤਸ਼ਾਹ ਭਾਰੂ ਹੁੰਦਾ ਹੈ।
ਤੀਸਰੇ ਪਡ਼ਾਅ ਵਿਚ ਦੋ ਹੀ ਰਾਹ ਬਚਦੇ ਹਨ। ਪਹਿਲਾ, ਬਾਗ਼ੀਆਂ ਦੀ ਜਿੱਤ, ਦੂਸਰਾ, ਸਥਾਪਤੀ ਵਲੋਂ ਬਾਗ਼ੀਆਂ ਨੂੰ ਕੁਚਲ ਦੇਣਾ। ਜਿੱਤ ਦੀ ਸਥਿਤੀ ਵਿਚ ਪੁਰਾਣੇ ਬਾਗ਼ੀ, ਜੋ ਹੁਣ ਰਾਜ ਭਾਗ ’ਤੇ ਕਾਬਜ਼ ਹੋ ਚੁੱਕੇ ਹੁੰਦੇ ਹਨ, ਉਹ ਪੂਰਵਲੇ ਇਤਿਹਾਸ ਨੂੰ ਆਪਣੇ ਨਜ਼ਰੀਏ ਨਾਲ ਲਿਖਦੇ ਹਨ ਅਤੇ ਆਪਣੀ ਵਿਦਰੋਹੀ ਜੰਗ ਨੂੰ ਹੱਕੀ ਠਹਿਰਾਉਂਦੇ ਆਪਣੇ ਗੌਰਵ ਦਾ ਗਾਣ ਕਰਦੇ ਹਨ। ਦੂਸਰੀ ਸਥਿਤੀ ਸਥਾਪਤੀ ਵਲੋਂ ਬਾਗ਼ੀਆਂ ਨੂੰ ਕੁਚਲ ਦੇਣ ਦੀ ਹੁੰਦੀ ਹੈ ਜਿਥੇ ਬਾਗ਼ੀਆਂ ਨੂੰ ਕੁਚਲ ਦੇਣ ਤੋਂ ਬਾਅਦ ਸਥਾਪਿਤ ਧਿਰ ਆਪਣੇ ਤੌਰ ’ਤੇ ਬਾਗ਼ੀਆਂ ਦੀਆਂ ਕਾਰਵਾਈਆਂ ਨੂੰ ਨਾਜਾਇਜ਼ ਘੋਸ਼ਿਤ ਕਰਦੀ ਹੈ ਜਦੋਂ ਕਿ ਬਾਗ਼ੀਆਂ ਦੇ ਬਚੇ-ਖੁਚੇ ਲੋਕ ਹਾਕਮ ਧਿਰ ਦੀਆਂ ਜ਼ਿਆਦਤੀਆਂ ਨੂੰ ਕਰੁਣਾ ਨਾਲ ਪੇਸ਼ ਕਰਦੇ ਹਨ। ਜ਼ੁਲਮੀ-ਜਾਬਰ ਸਥਾਪਤੀ ਦੇ ਜ਼ੁਲਮਾਂ ਦੀ ਦਾਸਤਾਨ ਪਡ਼੍ਹ ਕੇ ਆਮ ਵਿਅਕਤੀ ਦੇ ਮਨ ਵਿਚ ਬਾਗ਼ੀਆਂ ਪ੍ਰਤੀ ਕਰੁਣਾ ਉਪਜਦੀ ਹੈ।
ਮਾਨਵੀ ਇਤਿਹਾਸ ਵਿਚ ਇਹ ਕ੍ਰਮ ਅਕਸਰ ਵਾਰ-ਵਾਰ ਦੁਹਰਾਇਆ ਜਾਂਦਾ ਹੈ। ਸਥਾਪਤੀ ਪ੍ਰਤੀ ਬਗਾਵਤ ਹੁੰਦੀ ਹੈ। ਇਹ ਤਿੰਨਾਂ ਪਡ਼ਾਵਾਂ ਤੋਂ ਗੁਜ਼ਰਦੀ ਹੋਈ ਕਦੇ ਸਫ਼ਲ ਅਤੇ ਕਦੇ ਅਸਫ਼ਲ ਹੋ ਜਾਂਦੀ ਹੈ। ਪੂਰਵਲੇ ਆਧੁਨਿਕ ਯੁੱਗਾਂ ਵਿਚ ਇਹ ਪ੍ਰਕਿਰਿਆ ਇਕਹਿਰੀ ਬਣਤਰ ਦੀ ਹੁੰਦੀ ਸੀ ਪਰ ਆਧੁਨਿਕ ਅਤੇ ਉਤਰ-ਆਧੁਨਿਕ ਯੁੱਗ ਵਿਚ ਆ ਕੇ ਇਹ ਨਾ ਕੇਵਲ ਬਹੁ-ਪਰਤੀ ਅਤੇ ਗੁੰਝਲਦਾਰ ਹੀ ਹੋ ਗਈ ਸਗੋਂ ਇਸ ਸਮੁੱਚੀ ਪ੍ਰਕਿਰਿਆ ਦੇ ਰੂਪ ਵੀ ਵੱਖੋ-ਵੱਖਰੇ ਹੁੰਦੇ ਹਨ। ਪੂਰਵਲੇ ਪ੍ਰਬੰਧਾਂ ਵਿਚ ਸਥਾਪਤੀ ਅਤੇ ਮਹਿਕੂਮ ਧਿਰ ਵਿਚ ਦਰਜਾਬੰਦੀ ਅਤੇ ਵਿਭੇਦੀਕਰਨ ਬਡ਼ਾ ਸਪੱਸ਼ਟ ਹੁੰਦਾ ਸੀ। ਇਸੇ ਕਰਕੇ ਦੋਹਾਂ ਧਿਰਾਂ ਦੀ ਸਥਿਤੀ ਹੀ ਆਹਮਣੋ-ਸਾਹਮਣੀ ਦੀ ਹੁੰਦੀ ਸੀ ਅਤੇ ਇਹੀ ਸਥਿਤੀ ਕਾਵਿ ਵਿਚ ਸੀ। ਇਸ ਕਾਰਨ ਕਰਕੇ ਕਾਵਿ ਵੀ ਧਿਰਾਂ ਅਨੁਸਾਰ ਵੰਡਿਆ ਹੁੰਦਾ ਸੀ। ਆਧੁਨਿਕ ਯੁੱਗ ਵਿਚ ਆ ਕੇ ਸਮਾਜਿਕ ਅਤੇ ਰਾਜਸੀ ਦਰਜਬੰਦੀ ਬਦਲ ਜਾਣ ਦੀਆਂ ਨਵੀਆਂ ਸਮੀਕਰਨਾਂ ਪੈਦਾ ਹੋਈਆਂ। ਇਸ ਸਥਿਤੀ ਵਿਚ ਸਮਾਜ ਅੰਦਰ ਸਥਾਪਤੀ ਅਤੇ ਵਿਸਥਾਪਤੀ ਦਾ ਘੋਲ ਨਿਰੰਤਰ ਕਈ ਪੱਧਰਾਂ ’ਤੇ ਚਲਦਾ ਰਹਿੰਦਾ ਹੈ। ਇਸ ਦਾ ਪਰ ਅਸਲੀ ਵਿਅੰਗਮੂਲਕ ਰੂਪ ਲੋਕਤੰਤਰੀ ਸੰਸਥਾਵਾਂ ਵਿਚ ਦੇਖਿਆ ਜਾ ਸਕਦਾ ਹੈ। ਜਿੱਥੇ ਰਾਜਸੀ ਪੱਧਰ ’ਤੇ ਸਥਾਪਤੀ ਦੀਆਂ ਰਾਜ ਸੱਤਾ ’ਤੇ ਕਾਬਜ਼ ਧਿਰਾਂ ਅਤੇ ਰਾਜ ਸੱਤਾ ਤੋਂ ਬਾਹਰ ਪਰ ਸਥਾਪਤੀ ਦਾ ਭਾਗ ਵਿਰੋਧੀ ਧਿਰਾਂ ਅਦਲ-ਬਦਲ ਕੇ ਖੇਡ ਖੇਡਦੀਆਂ ਆਪਣਾ ਹੀ ਪ੍ਰਵਚਨ ਸਿਰਜਦੀਆਂ ਹਨ। ਜਿਸ ਵਿਚ ਉਹ ਵਿਦਰੋਹੀ ਕਾਵਿ ਨੂੰ ਸ਼ਾਬਦਿਕ ਹਥਿਆਰਾਂ ਵਜੋਂ ਵਰਤੀਆਂ ਹਨ।
ਇਕ ਹੋਰ ਖੇਡ ਵੀ ਖੇਡੀ ਜਾਂਦੀ ਹੈ,ਕੋਸ਼ਿਸ਼ ਦੇ ਬਾਵਜੂਦ ਜੇ ਬਾਗ਼ੀਆਂ ਨੂੰ ਜੇ ਲੋਕ ਮਨਾਂ ਵਿਚ ਥਾਂ ਮਿਲ ਜਾਵੇ ਤਾਂ, ਬਹੁਤ ਵਾਰ ਸਥਾਪਤੀ ਉਨ੍ਹਾਂ ਬਾਗ਼ੀਆਂ ਨੂੰ ਪ੍ਰਸੰਗੋਂ ਤੋਡ਼ ਕੇ ਪ੍ਰਵਾਨ ਕਰ ਲੈਂਦੀ ਹੈ। ਉਦਾਹਰਨ ਵਜੋਂ ਸ਼ਹੀਦੇ-ਆਜ਼ਮ ਭਗਤ ਸਿੰਘ ਅਤੇ ਉਸ ਦੇ ਸਾਥੀ ਅੰਗਰੇਜ਼ ਸਾਮਰਾਜ ਦੇ ਦੁਸ਼ਮਣ ਸਨ ਪਰ ਭਾਰਤ ਦੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਥਾਪਤ ਰਾਜ ਪ੍ਰਬੰਧ ਵੀ ਉਨ੍ਹਾਂ ਦੇ ਸਮਾਜਵਾਦੀ ਵਿਚਾਰਾਂ ਨੂੰ ਬਹੁਤ ਪਸੰਦ ਨਹੀਂ ਕਰਦਾ ਸੀ ਪਰ ਲੋਕਮਨਾਂ ਵਿਚ ਇਸ ਦੇ ਸਤਿਕਾਰ ਨੂੰ ਦੇਖਦਿਆਂ ਸਾਰੀਆਂ ਸਰਕਾਰਾਂ ਨੇ ਹੀ ਉਸ ਨੂੰ ਵਿਚਾਰਾਂ ਤੋਂ ਸੱਖਣੇ ਕਰਕੇ ਪ੍ਰਵਾਨ ਲਿਆ ਹੈ ਅਤੇ ਉਸ ਦੇ ਬਿੰਬ ਵਿਚ ਆਪਣੇ ਹਿੱਤੀ ਸੰਕਲਪੀ ਅਰਥ ਭਰਨੇ ਸ਼ੁਰੂ ਕਰ ਦਿੱਤੇ ਹਨ। ਅਜਿਹੀਆਂ ਗੁੰਝਲਦਾਰ ਪ੍ਰਸਥਿਤੀਆਂ ਵਿਚ ਜਦੋਂ ਅਸੀਂ ਵਿਦਰੋਹੀ ਕਾਵਿ ਨੂੰ ਵਿਚਾਰਦੇ ਹਾਂ ਤਾਂ ਬਡ਼ੇ ਵੱਖਰੇ ਅਨੁਭਵ ਵਿਚੋਂ ਗੁਜ਼ਰਨ ਦਾ ਅਹਿਸਾਸ ਹੁੰਦਾ ਹੈ।
ਇਕ ਦ੍ਰਿਸ਼ਟੀ ਤੋਂ ਸਮੁੱਚਾ ਕਾਵਿ ਹੀ ਆਪਣੀ ਪ੍ਰਕਿਰਤੀ ਵਜੋਂ ਹੀ ਵਿਦਰੋਹੀ ਹੁੰਦਾ ਹੈ। ਭਾਸ਼ਾ ਜੇ ਪ੍ਰਬੰਧ ਹੈ ਤਾਂ ਕਾਵਿ-ਭਾਸ਼ਾ ਇਕ ਤਰ੍ਹਾਂ ਉਸ ਤੋਂ ਬਗਾਵਤ ਹੈ। ਭਾਸ਼ਾ ਜਿੱਥੇ ਵਿਆਕਰਣਿਕ ਨਿਯਮਾਂ ਵਿਚ ਬੱਝੀ ਹੋਈ, ਸੀਮਤ, ਕਾਲ ਪ੍ਰਸੰਗਿਕ ਅਰਥ/ਸੰਚਾਰ ਕਰਦੀ ਹੈ। ਜਦੋਂ ਕਿ ਕਾਵਿ-ਭਾਸ਼ਾ ਵਿਆਕਰਣਿਕ ਨਿਯਮਾਂ ਨੂੰ ਆਪਣੇ ਹੀ ਢੰਗ ਨਾਲ ਭੰਨਦੀ-ਤੋਡ਼ਦੀ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਕਾਵਿ-ਭਾਸ਼ਾ ਦਾ ਵੀ ਇਕ ਆਪਣਾ ਵਿਆਕਰਨ ਬਣ ਜਾਂਦਾ ਹੈ, ਜਿਸ ਨੂੰ ਕਾਵਿ-ਸ਼ਾਸਤਰ ਕਿਹਾ ਜਾਂਦਾ ਹੈ ਅਤੇ ਵਿਦਰੋਹੀ ਕਾਵਿ ਜੁੰਮੇ ਫਿਰ ਇਕ ਕੰਮ ਲੱਗ ਜਾਂਦਾ ਹੈ ਕਿ ਉਹ ਸਥਾਪਤ ਕਾਵਿ-ਸ਼ਾਸਤਰ ਦੀ ਭੰਜਨਾ ਕਰੇ। ਸੰਸਕ੍ਰਿਤ ਭਾਸ਼ਾ ਦੇ ਜਕਡ਼ ਨੂੰ ਤੋਡ਼ਨ ਲਈ ਬੁੱਧ ਨੂੰ ਆਪਣੇ ਵਿਦਰੋਹੀ ਬੋਲ ਬੋਲਣ ਲਈ ਪਾਲੀ ਭਾਸ਼ਾ ਦਾ ਪ੍ਰਯੋਗ ਕਰਨਾ ਪਿਆ, ਗੁਰੂ ਨਾਨਕ ਨੂੰ ਉਸ ਸਮੇਂ ਦੀਆਂ ਸਥਾਪਤ ਧਾਰਮਿਕ ਪ੍ਰਵਚਨੀ ਭਾਸ਼ਾਵਾਂ ਸੰਸਕ੍ਰਿਤ ਅਤੇ ਅਰਬੀ ਦੀ ਥਾਵੇਂ ਪੰਜਾਬੀ ਦਾ ਰਾਹ ਫਡ਼੍ਹਨਾ ਪਿਆ। ਇਸ ਪ੍ਰਕਾਰ ਕਾਵਿ-ਰਚਨਾ ਲਈ ਭਾਸ਼ਾ ਚੋਣ ਵੀ ਵਿਦਰੋਹ ਹੋ ਨਿਬਡ਼ਦੀ ਹੈ। ਅੱਗੋਂ ਭਾਸ਼ਾ ਵਿਚੋਂ ਵੀ ਸ਼ਬਦ ਚੋਣ ਆਪਣੀ ਲੀਲ੍ਹਾ ਰਚਦੀ ਹੈ। ਇਸ ਤੱਤ ਦਾ ਬਹੁਤ ਵਾਰੀ ਕਵੀਆਂ ਨੂੰ ਗਿਆਨ ਵੀ ਹੁੰਦਾ ਹੈ। ਕਮ-ਸੇ-ਕਮ ਪਾਸ਼ ਇਸ ਬਾਰੇ ਬਹੁਤ ਚੇਤੰਨ ਸੀ, ਅਜਿਹੀ ਚੇਤੰਨਤਾ ਦੂਸਰੇ ਇਨਕਲਾਬੀ ਕਵੀਆਂ ਵਿਚ ਵੀ ਮਿਲਦੀ ਹੈ।
ਕਾਵਿ-ਆਲੋਚਕਾਂ ਦੀ ਬਹੁਤੀ ਵਾਰ ਸਮੱਸਿਆ ਇਹ ਹੁੰਦੀ ਹੈ ਕਿ ਉਹ ਕੇਵਲ ਰਾਜਸੀ ਸੱਤਾ ਦੇ ਵਿਦਰੋਹ ਦੀ ਕਵਿਤਾ ਨੂੰ ਹੀ ਵਿਦਰੋਹੀ ਕਵਿਤਾ ਮੰਨਦੇ ਹਨ। ਜਦੋਂ ਕਿ ਵਿਦਰੋਹ ਦੇ ਰੂਪ ਬਹੁਤ ਸੂਖ਼ਮ ਹੁੰਦੇ ਹਨ। ਵਿਭਿੰਨ ਪ੍ਰਸੰਗਾਂ ਵਿਚ ਇਹ ਪਰਿਵਾਰਿਕ ਵਿਰੋਧ ਤੋਂ ਲੈ ਕੇ ਵਿਦਿਆ ਪ੍ਰਬੰਧ ਨੂੰ ਨਕਾਰਨ ਤੱਕ ਅਤੇ ਧਾਰਮਿਕ ਪ੍ਰਬੰਧ ਉਤੇ ਪ੍ਰਸ਼ਨ ਚਿੰਨ੍ਹ ਲਾਉਣ ਤੋਂ ਲੈ ਕੇ ਰਾਜਸੀ ਵਿਦਰੋਹ ਤੱਕ ਫੈਲਿਆ ਹੁੰਦਾ ਹੈ। ਉਦਾਰਨ ਵਜੋਂ:
ਨਹੀਂ ਤਾਂ ਬਾਪੂ ਮੈਂ ਮਰਜਾਂ
ਨਹੀਂ ਮਰਜੇ ਕੁਡ਼ਮਣੀ ਤੇਰੀ
ਇਹ ਪਹਿਲੀ ਪੱਧਰ ’ਤੇ ਵਿਅਕਤੀਗਤ ਪਰਿਵਾਰਕ ਕਲੇਸ਼ ਜਾਪਦਾ ਹੈ ਪਰ ਅਸਲ ਵਿਚ ਇਹ ਸਮਾਜਿਕ ਪ੍ਰਬੰਧ ਦੇ ਖ਼ਿਲਾਫ਼ ਵਿਦਰੋਹ ਹੈ। ਇਹ ਔਰਤ ਦੀ ਵਿਦਰੋਹੀ ਕਵਿਤਾ ਹੈ, ਅਸਲ ਵਿਚ ਤਾਂ ਔਰਤ ਦਾ ਕਵਿਤਾ ਲਿਖਣਾ ਹੀ ਵਿਦਰੋਹ ਹੈ। ਬਹੁਤ ਸਾਰੀਆਂ ਸਮਾਜਿਕ ਵਰਗਾਂ, ਜਾਤਾਂ ਨੂੰ ਕਾਵਿ ਸੁਣਨਾ, ਪਡ਼੍ਹਨਾ, ਰਚਨਾ ਵਿਵਰਜਿਤ ਸੀ ਤਾਂ ਉਸ ਸਥਿਤੀ ਵਿਚ ਕਾਵਿ-ਰਚਨਾ ਹੀ ਆਪਣੇ ਆਪ ਵਿਚ ਵਿਦਰੋਹ ਹੈ। ਭਗਤੀ ਕਾਵਿ ਦੇ ਰਵਿਦਾਸ ਅਤੇ ਕਬੀਰ ਜੇ ਸਥਾਪਤ ਜਾਤੀ ਪ੍ਰਬੰਧ ਦੇ ਖ਼ਿਲਾਫ਼ ਵਿਦਰੋਹ ਨਾ ਵੀ ਕਰਦੇ ਤਾਂ ਵੀ ਉਨ੍ਹਾਂ ਦਾ ਲਿਖਣਾ ਹੀ ਆਪਦੇ ਆਪ ਵਿਚ ਵਿਦਰੋਹ ਸੀ। ਕਿਉਂਕਿ ਲਿਖਣਾ ਤੁਹਾਡੀ ਹੋਂਦ ਦੀ ਨਿਸ਼ਾਨੀ ਹੈ ਤੇ ਪ੍ਰਬੰਧ ਵਿਅਕਤੀ ਦੀ ਹੋਂਦ ਨੂੰ ਖ਼ਤਮ ਕਰਨਾ ਚਾਹੁੰਦਾ ਹੈ। ਜੇ ਅਸੀਂ ਵਿਦਰੋਹੀ ਕਾਵਿ ਦੇ ਲੱਛਣ ਪਛਾਨਣੇ ਹੋਣ ਤਾਂ ਉਹ ਸਿਰਫ਼ ਕਾਵਿ ਦੇ ਲੱਛਣ ਹੀ ਹਨ ਕਿਉਂਕਿ ਕਾਵਿ ਦਾ ਅਰਥ ਹੀ ਵਿਦਰੋਹੀ ਹੈ। ਜਦੋਂ ਅਸੀਂ ਵਿਦਰੋਹੀ ਅਤੇ ਗ਼ੈਰ-ਵਿਦਰੋਹੀ ਕਾਵਿ ਵਿਚ ਵੰਡ ਕਰਦੇ ਹਾਂ ਤਾਂ ਅਸਲ ਵਿਚ ਗ਼ੈਰ-ਵਿਦਰੋਹੀ ਜਾਂ ਸਥਾਪਤੀ ਕਾਵਿ ਉਹ ਹੁੰਦਾ ਹੈ ਜੋ ਅਜਿਹੇ ਕਾਵਿ ਦੀ ਨਕਲ ਹੁੰਦਾ ਹੈ ਜੋ ਕਿਸੇ ਸਮੇਂ ਭਾਵੇਂ ਵਿਦਰੋਹੀ ਹੁੰਦਾ ਸੀ ਪਰ ਸਮੇਂ ਨਾਲ ਉਹ ਖੁਦ ਸਥਾਪਤੀ ਦਾ ਅੰਗ ਬਣ ਗਿਆ ਜਾਂ ਸਥਾਪਤੀ ਨੇ ਉਸ ਨੂੰ ਅੰਗੀਕਾਰ ਕਰ ਲਿਆ ਜਾਂ ਉਸ ਕਾਵਿ-ਧਾਰਾ ਦਾ ਰੁਖ ਮੋਡ਼ ਦਿੱਤਾ ਗਿਆ। ਹਰ ਯੁੱਗ ਵਿਚ ਅਜਿਹੇ ਨਕਲਚੂ, ਦੁਜੈਲੇ ਦੇ ਸਥਾਪਤੀ ਪੱਖੀ ਕਾਵਿ ਲਿਖਣ ਵਾਲਿਆਂ ਦੀ ਭਰਮਾਰ ਹੁੰਦੀ ਹੈ, ਜੋ ਵਿਚਾਰਧਾਰਕ ਪੱਧਰ ’ਤੇ ਸਥਾਪਤੀ ਦੀ ਸੀਮਾਕਾਰ ਵਿਚ ਵਿਚਰਦੇ ਹਨ। ਸਿਰਫ਼ ਵਿਦਰੋਹੀ ਜਾਂ ਇਨਕਲਾਬੀ ਕਾਵਿ ਹੀ ਕਾਵਿ ਹੁੰਦਾ ਹੈ ਜੋ ਇਸ ਦੀ ਸੀਮਾ ਨੂੰ ਉਲੰਘ ਕੇ ਨਵੇਂ ਪੂਰਨੇ ਪਾਉਂਦਾ ਹੈ।
ਪਰਮਜੀਤ ਸਿੰਘ ਕੱਟੂ ਨੇ ਆਪਣੀ ਇਸ ਪੁਸਤਕ ਵਿਚ ਵੱਖ-ਵੱਖ ਪਿਛੋਕਡ਼ਾਂ ਵਾਲੇ ਚਾਰ ਇਨਕਲਾਬੀ ਕਵੀਆਂ ਦੇ ਵਿਦਰੋਹੀ ਕਾਵਿ ਦਾ ਤੁਲਨਾਤਮਕ ਅਧਿਐਨ ਕੀਤਾ ਹੈ। ਇਸ ਅਧਿਐਨ ਵਿਚ ਉਸ ਨੇ ਉਨ੍ਹਾਂ ਦਰਮਿਆਨ ਸਮਾਨਤਾਵਾਂ ਅਤੇ ਵਿਭਿੰਨਤਾਵਾਂ ਨੂੰ ਉਜਾਗਰ ਕਰਦਿਆਂ ਸਮਾਨਤਾਵਾਂ ਦੇ ਆਧਾਰ ’ਤੇ ਉਨ੍ਹਾਂ ਦੀ ਆਪਸੀ ਸਾਂਝ ਵਿਚੋਂ ਵਿਦਰੋਹੀ ਕਾਵਿ ਦੇ ਸੂਤਰ ਤਲਾਸ਼ੇ ਹਨ। ਉਸ ਦੇ ਅਧਿਐਨ ਦਾ ਜ਼ਿਆਦਾਤਰ ਜ਼ੋਰ ਸਾਂਝੀਆਂ ਵਸਤੂ-ਪਰਕ ਸਥਿਤੀਆਂ, ਅਨੁਭਵਾਂ ਦੀ ਸਾਂਝ ਅਤੇ ਵਿਚਾਰਧਾਰਕ ਇਕਸੁਰਤਾ ਵੱਲ ਰਿਹਾ ਹੈ। ਕਿਤੇ-ਕਿਤੇ ਉਸ ਨੇ ਸੂਖਮ ਇਸ਼ਾਰੇ ਉਨ੍ਹਾਂ ਦੇ ਕਾਵਿ-ਸਿਰਜਣ ਦੀ ਵਿਧਾਗਤ ਕਾਵਿਕ-ਸਾਂਝ ਖ਼ਾਸ ਕਰਕੇ ਭਾਸ਼ਾ-ਪ੍ਰਯੋਗ, ਸੰਬੋਧਨੀ ਉਚਾਰ, ਸ਼ੈਲੀਗਤ ਵੱਖਰਤਾ ਨੂੰ ਵੀ ਧਿਆਨ ਵਿਚ ਲਿਆਂਦਾ ਹੈ। ਕਾਵਿ-ਸ਼ਾਸਤਰੀ ਨੁਕਤੇ ਤੋਂ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਉਹ ਵਿਦਰੋਹੀ ਕਾਵਿ ਦੇ ਅੰਦਰੂਨੀ ਤੱਤ, ਜੋ ਭਾਸ਼ਾ, ਦੇਸ਼-ਕੌਮ ਤੋਂ ਪਾਰ ਵਿਚਰਦਾ ਹੈ, ਉਸ ਦੇ ਅਪਕਡ਼ ਸੂਖਮ ਰੂਪ ਨੂੰ ਪਕਡ਼ ਨਿਯਮਾਂ ਵਿਚ ਬੰਨ੍ਹੇ। ਇਹ ਕਠਨ ਮਾਰਗ ਹੈ ਪਰ ਪਰਮਜੀਤ ਦੀ ਸੰਵੇਦਨਸ਼ੀਲ ਬਿਰਤੀ, ਸੁਹਿਰਦ ਪਹੁੰਚ ਅਤੇ ਸਿਰਡ਼ ਅੱਗੇ ਅਸੰਭਵ ਨਹੀਂ। ਮੈਨੂੰ ਆਸ ਹੈ ਕਿ ਉਹ ਪੰਜਾਬੀ ਕਾਵਿ-ਆਲੋਚਨਾ ਵਿਚ ਨਵੇਂ ਵਾਧੇ ਕਰੇਗਾ। (ਪੁਸਤਕ ਦੀ ਭੂਮਿਕਾ)
 
ਡਾ. ਰਾਜਿੰਦਰ ਪਾਲ ਸਿੰਘ ਬਰਾਡ਼                                                          
ਪ੍ਰੋ. ਤੇ ਮੁਖੀ,
ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲੇਖਕ ਪਰਮਜੀਤ ਸਿੰਘ ਕੱਟੂ ਨਾਲ ਇਸ ਮੋਬਾਈਲ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ 9463124131

Friday, September 21, 2012

ਪੱਛਮੀ ਪੰਜਾਬ ਵਿਚ ਕੁਝ ਦਿਨ

ਦੁਵੱਲੀ ਪੱਕੀ-ਪੀਡੀ ਸਾਂਝ ਦੀਆਂ ਦੁਆਵਾਂ ਕਰਦੀ ਇਬਾਰਤ 
Bhupinder Sra Panniwalia posted in ਅਦਬੀ ਦੁਨੀਆ
Bhupinder Sra Panniwalia  7:29pm Sep 20
ਦੋਸਤੋ ਪਿਛਲੇ ਦਿਨਾਂ 'ਚ ਪੰਜਾਬੀ ਚਿੰਤਕ ਅਤੇ ਸਾਹਿਤਕਾਰ ਸਾਥੀ ਸੁਵਰਨ ਸਿੰਘ ਵਿਰਕ ਦੀ ਪਾਕਿਸਤਾਨ ਦੀ ਯਾਤਰਾ ਸੰਬੰਧੀ ਪੁਸਤਕ ' ਪੱਛਮੀ ਪੰਜਾਬ ਵਿਚ ਕੁੱਝ ਦਿਨ' ਸਾਡੇ ਪ੍ਰਕਾਸ਼ਨ ਤਸਵੀਰ ਪ੍ਰਕਾਸ਼ਨ, ਸਿਰਸਾ ਵਿਚ ਪ੍ਰਕਾਸ਼ਿਤ ਹੋਈ ਹੈ। ਉਹਨਾਂ ਇਸ ਪੁਸਤਕ ਵਿਚ ਪਾਕਿਸਤਾਨ ਦੇ ਜੀਵਨ, ਸਾਹਿਤ ਅਤੇ ਸੱਭਿਆਚਾਰਕ ਸੰਬੰਧੀ ਜਾਣਕਾਰੀ ਦਿੱਤੀ ਹੋਈ ਹੈ। ਇਸ ਪੁਸਤਕ ਦੀ ਸੰਖੇਪ ਜਾਣਕਾਰੀ ਲਈ ਡਾ. ਹਰਵਿੰਦਰ ਸਿੰਘ ਸਿਰਸਾ ਦਾ ਪੁਸਤਕ ਸੰਬੰਧੀ ਲਿਖਿਆ ਲੇਖ ਵੀ ਨਾਲ ਪੋਸਟ ਕਰ ਰਿਹਾ ਹਾਂ- ਭੁਪਿੰਦਰ ਪੰਨੀਵਾਲੀਆ
ਵੰਡ ਦੇ ਸੰਤਾਪ ਤੋਂ ਦੋਹਾਂ ਮੁਲਕਾਂ ਦੇ ਲੋਕਾਂ ਨੂੰ ਸਬਕ ਸਿੱਖਣ ਦੀ ਅਪੀਲ 
ਦੁਵੱਲੀ ਪੱਕੀ-ਪੀਡੀ ਸਾਂਝ ਦੀਆਂ ਦੁਆਵਾਂ ਕਰਦੀ ਇਬਾਰਤ-ਪੱਛਮੀ ਪੰਜਾਬ ਵਿਚ ਕੁਝ ਦਿਨ  
ਕਾਮਰੇਡ ਸੁਵਰਨ ਸਿੰਘ ਵਿਰਕ ਆਪਣੇ ਵਿਦਿਆਰਥੀ ਜੀਵਨ ਤੋਂ ਲੈ ਕੇ ਅੱਜ ਤੱਕ ਭਾਰਤੀ ਕਮਿਊਨਿਸਟ ਪਾਰਟੀ ਦੇ ਇਕ ਸਰਗ਼ਰਮ ਰੁਕਨ ਵਜੋਂ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਆ ਰਹੇ ਹਨ। ਇਸ ਸਿਆਸੀ ਸਰਗ਼ਰਮੀ ਦੇ ਨਾਲ-ਨਾਲ ਉਹਨਾਂ ਦੇ ਸਮਾਜਕ-ਸਾਹਿਤਕ ਸਰੋਕਾਰਾਂ ਦਾ ਦਾਇਰਾ ਵੀ ਬਡ਼ਾ ਵਸੀਹ ਹੈ। ਸਮਾਜ ਦੇ ਵਿਭਿੰਨ ਖੇਤਰਾਂ ਅੰਦਰ ਉਹਨਾਂ ਦੀ ਵਿਸ਼ੇਸ਼ ਦਿਲਚਸਪੀ, ਸਾਰਥਕ ਅਤੇ ਸਿਹਤਮੰਦ ਦਖ਼ਲਅੰਦਾਜ਼ੀ ਨੇ ਉਹਨਾਂ ਦੀ ਸ਼ਖ਼ਸੀਅਤ ਦੇ ਨਿਖ਼ਾਰ ਵਿਚ ਅਹਿਮ ਅਤੇ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਟਕਸਾਲੀ ਨਾਮਧਾਰੀ ਪਰਿਵਾਰ ਦੀ ਗੁੜ੍ਹਤੀ, ਸਾਹਿਤ ਅਤੇ ਕਾਨੂੰਨ ਦੀ ਪੜ੍ਹਾਈ, ਅਗਾਂਹਵਧੂ-ਖੱਬੇਪੱਖੀ ਵਿਦਿਆਰਥੀ/ਨੌਜਵਾਨ ਜਥੇਬੰਦੀਆਂ ਅਤੇ ਮਜ਼ਦੂਰ-ਕਿਸਾਨ ਸੰਘਰਸ਼ਾਂ ਦੇ ਨਾਲ- ਨਾਲ ਪਾਰਟੀ ਸਫ਼ਾਂ ਅੰਦਰ ਭਰਪੂਰ ਸਰਗ਼ਰਮੀ, ਮਾਰਕਸਵਾਦ ਦੀ ਸਿਧਾਂਤਕ ਸੂਝ, ਸਿਹਤਮੰਦ ਸਿਆਸੀ-ਸਮਾਜੀ-ਸਾਹਿਤਕ- ਸਾਂਸਕ੍ਰਿਤਕ ਸਰੋਕਾਰਾਂ ਪ੍ਰਤੀ ਪ੍ਰਤੀਬੱਧਤਾ; ਦੇਸ਼ ਦੇ ਵੱਖ ਵੱਖ ਪ੍ਰਾਂਤਾਂ ਦੇ ਨਾਲ-ਨਾਲ ਸਾਬਕਾ ਸੋਵੀਅਤ ਰੂਸ ਅਤੇ ਪਾਕਿਸਤਾਨ ਆਦਿ ਮੁਲਕਾਂ ਦੀ ਫ਼ੇਰੀ, ਕੁਝ ਅਜਿਹੇ ਵੇਰਵੇ ਹਨ ਜਿਨ•ਾਂ ਨੇ ਕਾਮਰੇਡ ਸੁਵਰਨ ਸਿੰਘ ਵਿਰਕ ਦੇ ਜੀਵਨ-ਅਨੁਭਵ ਨੂੰ ਵਧੇਰੇ ਸੂਖ਼ਮ, ਜ਼ਹੀਨ, ਗਹਿਨ, ਤੀਖਣ ਅਤੇ ਵਿਸ਼ਾਲ ਬਣਾਇਆ ਹੈ। ਸਮਾਜ ਦੇ ਵਿਭਿੰਨ ਖੇਤਰਾਂ ਅੰਦਰ ਅਥਾਹ ਘਾਲਣਾ ਉਹਨਾਂ ਨੂੰ ਇਕ ਵਿਅਕਤੀ-ਵਿਸ਼ੇਸ਼ ਤੋਂ ਪਾਰ ਇਕ ਸੰਸਥਾ ਦੇ ਰੂਪ ਵਿਚ ਸਥਾਪਤ ਕਰਨ ਦੇ ਸਮਰੱਥ ਹੈ। 
ਕਾ. ਵਿਰਕ ਦੀ ਨਿੱਜੀ ਲਾਈਬ੍ਰੇਰੀ ਉਹਨਾਂ ਦੇ ਲਾਸਾਨੀ ਸੁਹਿਰਦ ਪਾਠਕ ਹੋਣ ਦਾ ਪ੍ਰਮਾਣ ਦੇਂਦੀ ਹੈ। ਸਾਹਿਤ, ਖ਼ਾਸ ਕਰ ਪੰਜਾਬੀ ਸਾਹਿਤ ਬਾਰੇ ਕਾਮਰੇਡ ਵਿਰਕ ਦੀ ਜਾਣਕਾਰੀ ਹੈਰਾਨੀਜਨਕ ਹੈ। ਸਾਹਿਤਕ/ਕਾਵਿਕ ਹਵਾਲਿਆਂ ਬਾਰੇ ਉਹਨਾਂ ਦੀ ਯਾਦ-ਸਮਰੱਥਾ ਲੋਹਾ ਮਨਵਾਉਂਦੀ ਹੈ। ਸਿੱਖ ਇਤਿਹਾਸ ਅਤੇ ਵਿਸ਼ੇਸ਼ ਤੌਰ 'ਤੇ ਨਾਮਧਾਰੀ/ਕੂਕਾ ਲਹਿਰ ਦੇ ਇਤਿਹਾਸ ਤੇ ਸਾਹਿਤ ਵਿਚ ਉਹਨਾਂ ਦੀ ਵਿਸ਼ੇਸ਼ ਦਿਲਚਸਪੀ ਰਹੀ ਹੈ। ਨਾਮਧਾਰੀ ਲਹਿਰ ਨਾਲ ਸੰਬੰਧਤ ਪੱਤਰ/ ਪੱਤਰਿਕਾਵਾਂ ਦੇ ਨਾਲ-ਨਾਲ ਹੋਰਨਾਂ ਸਾਹਿਤਕ ਪੱਤਰ/ ਪੱਤਰਿਕਾਵਾਂ ਅੰਦਰ ਉਹਨਾਂ ਦੀਆਂ ਸਾਹਿਤਕ ਰਚਨਾਵਾਂ ਨਿਰੰਤਰ ਪ੍ਰਕਾਸ਼ਿਤ ਹੁੰਦੀਆਂ/ਹੋ ਰਹੀਆਂ ਹਨ। 'ਕੂਕਾ ਲਹਿਰ ਦਾ ਪੰਜਾਬੀ ਸਾਹਿਤ' ਨਾਂ ਦੇ ਵੱਡ-ਆਕਾਰੀ ਗ੍ਰੰਥ ਦੀ ਸਿਰਜਣਾ ਉਹਨਾਂ ਦੀ ਏਸੇ ਰੁਚੀ ਦਾ ਪ੍ਰਮਾਣ ਹੈ। ਕਾਵਿ ਅਤੇ ਵਾਰਤਕ ਦੇ ਖੇਤਰ ਵਿਚ ਸਿਰਜਣਾ ਕਰਨ ਵਾਲੇ ਉਹ ਪੰਜਾਬੀ ਦੇ ਬਹੁ-ਵਿਧ ਲੇਖਕ ਹਨ। ਸਮੀਖਿਆ ਦੇ ਖੇਤਰ ਵਿਚ ਵੀ ਉਹਨਾਂ ਨੇ ਪੂਰੀ ਸ਼ਿੱਦਤ ਅਤੇ ਸੰਜੀਦਗੀ ਨਾਲ ਇਕ ਪ੍ਰਗਤੀਵਾਦੀ ਸਮੀਖਿਅਕ ਵਜੋਂ ਆਪਣੇ ਹਸਤਾਖਰ ਕਾਇਮ ਕੀਤੇ ਹਨ। ਉਹਨਾਂ ਨੂੰ ਜੇਕਰ ਪੰਜਾਬੀ ਸਾਹਿਤ-ਇਤਿਹਾਸ ਦਾ ਤੁਰਦਾ-ਫਿਰਦਾ ਇਨਸਾਈਕਲੋਪੀਡੀਆ ਕਹਿ ਲਿਆ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੈ। ਚਿੰਤਨ/ਮਨਨ/ਪੜ੍ਹਨ/ਲਿਖਣ ਦੀ ਲੰਮੇਰੀ ਸਿਰਡ਼-ਸਾਧਨਾ ਉਹਨਾਂ ਦੇ ਸੰਜੀਦਾ ਸ਼ਬਦ ਸਾਧਕ ਹੋਣ ਦੇ ਸੰਕਲਪ ਨੂੰ ਪੁਸ਼ਟ ਕਰਦੀ ਹੈ। 
'ਪੱਛਮੀ ਪੰਜਾਬ ਵਿਚ ਕੁਝ ਦਿਨ' (ਸਫ਼ਰਨਾਮਾ) ਕਾ. ਸੁਵਰਨ ਸਿੰਘ ਵਿਰਕ ਵੱਲੋਂ ਇਕ ਸਿੱਖ ਜਥੇ ਦੇ ਮੈਂਬਰ ਵਜੋਂ 30 ਅਕਤੂਬਰ, 1998 ਤੋਂ 8 ਨਵੰਬਰ, 1998 ਤੱਕ ਕੀਤੀ ਨੌਂ ਦਿਨਾਂ ਦੀ ਪੱਛਮੀ ਪੰਜਾਬ (ਪਾਕਿਸਤਾਨ) ਦੀ ਯਾਤਰਾ ਦਾ ਬਿਰਤਾਂਤ ਹੈ। ਮਹਿਜ ਨੌਂ ਦਿਨਾਂ ਦੀ ਯਾਤਰਾ ਦੇ ਆਧਾਰ 'ਤੇ ਇਸ ਬਿਰਤਾਂਤ ਵਿਚ ਜੋ ਕੁਝ ਅਤੇ ਜਿਸ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ ਉਸਦੇ ਵੇਰਵੇ ਅਸੀਮ ਅਤੇ ਦਿਲਟੁੰਬਵੇਂ ਹਨ। ਸ਼ੈਲੀ ਬੇਹੱਦ ਰੌਚਕ ਹੋ ਨਿਬਡ਼ੀ ਹੈ ਅਤੇ ਵਿਸ਼ਲੇਸ਼ਣ ਹੈਰਾਨੀਜਨਕ। ਪੱਛਮੀ ਪੰਜਾਬ ਵਿਚ ਵਿਚਰਨ ਕਰਦਿਆਂ ਕਾ. ਸੁਵਰਨ ਸਿੰਘ ਵਿਰਕ ਨੇ ਉਥੋਂ ਦੇ ਲੋਕ-ਜੀਵਨ ਅਤੇ ਲੋਕ-ਵਿਹਾਰ ਨੂੰ ਬਹੁਤ ਹੀ ਡੂੰਘੀ ਅਤੇ ਬਾਰੀਕੀ ਨਾਲ ਨਿਰਖਿਆ-ਪਰਖਿਆ ਹੀ ਨਹੀਂ ਸਗੋਂ ਉਸਨੂੰ ਥਾਂ-ਪੁਰ-ਥਾਂ ਪੂਰਬੀ ਪੰਜਾਬ ਦੇ ਲੋਕ ਜੀਵਨ ਅਤੇ ਲੋਕ ਵਿਹਾਰ ਦੇ ਨਾਲ-ਨਾਲ ਤੁਲਨਾਇਆ ਵੀ ਹੈ। ਦੋਹਾਂ ਮੁਲਕਾਂ ਦੇ ਧਾਰਮਿਕ- ਆਰਥਿਕ-ਸਮਾਜਕ- ਸਾਹਿਤਕ- ਸਾਂਸਕ੍ਰਿਤਕ ਅਤੇ ਸਿਆਸੀ ਹਾਲਾਤਾਂ ਦਾ ਵਿਸਥਾਰ ਵਿਚ ਜਾਇਜਾ ਲੈਂਦਿਆਂ ਜਿੱਥੇ ਇਸ ਰਾਹੀਂ ਦੇਸ਼ ਦੀ ਵੰਡ ਦੇ ਸੰਤਾਪ ਤੋਂ ਦੋਹਾਂ ਮੁਲਕਾਂ ਦੇ ਲੋਕਾਂ ਨੂੰ ਸਬਕ ਸਿੱਖਣ ਦੀ ਅਪੀਲ ਕੀਤੀ ਗਈ ਹੈ ਉਥੇ ਬੀਤੇ ਸਮੇਂ ਤੋਂ ਉਪਰ ਉੱਠ ਕੇ ਦੁਵੱਲੀ ਸਾਂਝ ਨੂੰ ਈਮਾਨਦਾਰੀ ਨਾਲ ਹੋਰ ਵਧੇਰੇ ਪੱਕਿਆਂ ਪੀਡਿਆਂ ਕਰਨ ਲਈ ਪ੍ਰੇਰਿਤ ਵੀ ਕੀਤਾ ਗਿਆ ਹੈ। ਇਸ ਸਫ਼ਰਨਾਮੇ ਵਿਚ ਜਿਸ ਸ਼ੈਲੀ ਰਾਹੀਂ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਦੇ ਤਾਣੇ-ਪੇਟੇ ਦੀ ਉਣਤੀ-ਬੁਣਤੀ ਕੀਤੀ ਗਈ ਹੈ ਉਸ ਨਾਲ ਇਹ ਦੋਹਾਂ ਮੁਲਕਾਂ ਵਿਚਕਾਰ ਇਕ ਦੋਸਤੀ ਦੇ ਪੁਲ ਦਾ ਕੰਮ ਕਰੇਗਾ। ਇਸ ਸੰਬੰਧ ਵਿਚ ਲੇਖਕ ਵੱਲੋਂ ਕੀਤੀ ਇਸ ਦੁਆ ਦਾ ਜਿਕਰ ਕਰਨਾ ਢੁਕਵਾਂ ਪ੍ਰਤੀਤ ਹੁੰਦਾ ਹੈ ਕਿ,“ਅਸੀਂ ਤੇ ਦੁਆ ਹੀ ਕਰ ਸਕਦੇ ਹਾਂ ਕਿ ਪੰਜਾਬਣ ਮਾਂ ਦੇ ਦੋਵੇਂ ਪੁੱਤਰ ਬਰਫ਼ ਮਕਾਨਾਂ ਦੀ ਕੈਦ ਵਿਚੋਂ ਛੇਤੀ ਰਿਹਾਅ ਹੋ ਜਾਣ ਅਤੇ ਆਪਣੀ ਸਾਂਝ ਦੀਆਂ ਤੰਦਾਂ ਨੂੰ ਪੀਡਿਆਂ ਕਰਨ ਦੀ ਖੇਡ ਖੇਡਣੀ ਸ਼ੁਰੂ ਕਰਨ।” 
ਇਸ ਸਫ਼ਰਨਾਮੇ ਵਿਚ ਕਾ. ਵਿਰਕ ਨੇ ਦੋਹਾਂ ਮੁਲਕਾਂ ਦੇ ਵੱਖ ਹੋਣ ਉਪਰੰਤ ਸਮਾਜਕ ਵਿਕਾਸ ਦੇ ਸਭਨਾਂ ਪੱਖਾਂ ਦੇ ਪੱਧਰਾਂ ਦਾ ਜੋ ਤੁਲਨਾਤਮਕ ਅਧਿਐਨ/ਵਿਸ਼ਲੇਸ਼ਣ ਪ੍ਰਸਤੁਤ ਕੀਤਾ ਹੈ, ਉਹ ਕਮਾਲ ਦਾ ਹੈ। ਦੋਹਾਂ ਮੁਲਕਾਂ ਦੇ ਆਮ ਲੋਕ-ਵਿਹਾਰ ਦੀ ਜਾਣਕਾਰੀ ਵੀ ਵਿਸ਼ੇਸ਼ ਧਿਆਨ ਖਿੱਚਦੀ ਹੈ। ਖੇਤੀਬਾਡ਼ੀ ਦੇ ਪੱਧਰ ਅਤੇ ਤਕਨੀਕ ਦਾ ਤੁਲਨਾਤਮਕ ਵਿਸ਼ਲੇਸ਼ਣ ਕਰਦਿਆਂ ਪਾਕਿਸਤਾਨੀ ਖੇਤੀਬਾਡ਼ੀ ਦੇ ਪਛਡ਼ੇਵੇਂ ਦੇ ਕਾਰਨਾਂ ਦੀ ਨਿਸ਼ਾਨਦੇਹੀ ਬਡ਼ੇ ਸੂਖ਼ਮ ਢੰਗ ਨਾਲ ਕੀਤੀ ਗਈ ਹੈ। ਇਸ ਤਰਾਂ 'ਪੱਛਮੀ ਪੰਜਾਬ ਵਿਚ ਕੁਝ ਦਿਨ' ਨਾਂ ਦੀ ਇਹ ਕਿਰਤ ਮਹਿਜ ਸਫ਼ਰਨਾਮਾ ਨਾ ਰਹਿ ਕੇ ਇਕ ਅਹਿਮ ਦਸਤਾਵੇਜ ਦਾ ਦਰਜਾ ਧਾਰਣ ਕਰ ਗਈ ਹੈ ਜਿਸ ਵਿਚ ਜਿੱਥੇ ਦੋਹਾਂ ਮੁਲਕਾਂ ਦੇ ਲੋਕਾਂ ਦੀਆਂ ਹਾਂ-ਮੁਖੀ ਕਦਰਾਂ-ਕੀਮਤਾਂ/ਜੀਵਨ ਜਾਚ ਨੂੰ ਬਡ਼ੇ ਮਾਨ ਨਾਲ ਵਡਿਆਇਆ ਗਿਆ ਹੈ ਉਥੇ ਜੀਵਨ-ਜਾਚ ਦੇ ਕਈਆਂ ਪੱਖਾਂ ਉਪਰ ਆਏ ਨਿਘਾਰ ਉਪਰ ਬੇਬਾਕੀ ਨਾਲ ਕਾਟਾ ਫੇਰਿਆ ਗਿਆ ਹੈ। ਇਸ ਤਰਾਂ ਇਸ ਸਫ਼ਰਨਾਮੇ ਵਿਚ ਜਿੱਥੇ ਸਿਹਤਮੰਦ ਮਨੁੱਖੀ ਮੁੱਲਾਂ/ਵਰਤਾਰਿਆਂ ਦੇ ਸਦ-ਜੀਵੀ ਰਹਿਣ ਦੇ ਜੈਕਾਰੇ ਗੂੰਜਦੇ ਹਨ ਉੱਥੇ ਨਾਂਹ-ਮੁਖੀ/ਗ਼ੈਰ-ਮਨੁੱਖੀ ਵਰਤਾਰਿਆਂ ਦੇ ਛੇਤੀ ਫ਼ੌਤ/ਨੇਸਤਨਾਬੂਦ ਹੋ ਜਾਣ ਬਦ-ਅਸੀਸਾਂ ਵੀ ਵਿਦਮਾਨ ਹਨ। ਇਸ ਸਫ਼ਰਨਾਮੇ ਵਿਚ ਦੇਸ਼ ਭਗਤ ਨਾਇਕਾਂ/ਸੂਰਬੀਰ ਯੋਧਿਆਂ ਦੇ ਨਾਲ-ਨਾਲ ਸਿੱਖ/ਨਾਮਧਾਰੀ/ਕੂਕੇ ਨਾਇਕਾਂ/ ਜਰਨੈਲਾਂ ਦਾ ਵੀ ਭਰਵਾਂ ਜੱਸ ਗਾਇਨ ਮਿਲਦਾ ਹੈ। 
ਆਪਣੀ ਗੱਲ ਨੂੰ ਅੱਗੇ ਤੋਰਨ, ਆਪਣੇ ਮਤ ਦੀ ਪੁਸ਼ਟੀ ਕਰਨ, ਕੋਈ ਮਿਸਾਲ ਦੇਣ ਜਾਂ ਕਿਸੇ ਹਵਾਲੇ ਦੇ ਪ੍ਰਮਾਣ ਲਈ ਸਾਹਿਤ/ਇਤਿਹਾਸ ਦੀਆਂ ਮਿਸਾਲਾਂ ਢੇਰ ਵੀ ਹਨ ਅਤੇ ਬੇਮਿਸਾਲ ਵੀ। ਇਤਿਹਾਸਕ ਮਿਸਾਲਾਂ ਨੇ ਜਿੱਥੇ ਇਸ ਰਚਨਾ ਨੂੰ ਇਕ ਇਤਿਹਾਸਕ ਦਸਤਾਵੇਜ ਬਣਾ ਦਿੱਤਾ ਹੈ ਉਥੇ ਇਸ ਵਿਚ ਬਡ਼ੀ ਤਰਕ- ਭਰਪੂਰ ਵਿਧੀ ਨਾਲ ਇਤਿਹਾਸ-ਮਿਥਿਹਾਸ ਵਿਚ ਨਿਖੇਡ਼ ਅਤੇ ਇਤਿਹਾਸਕ-ਮਿਥਿਹਾਸਕ ਹਵਾਲਿਆਂ ਦੀ ਬਡ਼ੀ ਬੇਬਾਕੀ ਨਾਲ ਨਿਸ਼ਾਨਦੇਹੀ ਕੀਤੀ ਗਈ ਹੈ। ਕਿਸੇ ਵੀ ਸਥਾਨਕ ਵੇਰਵੇ/ਵਰਤਾਰੇ ਬਾਰੇ ਜਾਣਕਾਰੀ ਦੇਂਦਿਆਂ ਉਸਨੂੰ ਕੌਮੀ/ਕੌਮਾਂਤਰੀ ਪ੍ਰਸੰਗਾਂ/ ਸੰਦਰਭਾਂ ਨਾਲ ਜੋਡ਼ ਦੇਣਾ ਅਤੇ ਕਿਸੇ ਕੌਮਾਂਤਰੀ/ ਕੌਮੀ ਵੇਰਵੇ/ ਵਰਤਾਰੇ ਦੀ ਗੱਲ ਕਰਦਿਆਂ ਉਸਦੇ ਸਥਾਨਕ ਪੱਧਰ ਤੇ ਪਏ/ਪੈਂਦੇ ਪ੍ਰਭਾਵ ਦੀ ਨਜ਼ਰਸਾਨੀ ਕਰ ਜਾਣਾ ਕਾਮਰੇਡ ਵਿਰਕ ਦੀ ਸ਼ੈਲੀ ਦਾ ਮੀਰੀ ਗੁਣ ਹੈ। ਇਸ ਸਹਿਜ ਪੇਸ਼ਕਾਰੀ ਵਿਚੋਂ ਹਵਾਲਿਆਂ ਦੀਆਂ ਪਰਤ-ਦਰ-ਪਰਤ ਪਰਤਾਂ ਉਘਡ਼ਦੀਆਂ ਆਉਂਦੀਆਂ ਹਨ ਅਤੇ ਫਿਰ ਇਕ ਬਝਵੇਂ ਪ੍ਰਭਾਵ ਦਾ ਸਬੱਬ ਬਣਦੀਆਂ ਹਨ। ਜੇਕਰ ਏਥੇ ਅਜਿਹੇ ਵੇਰਵਿਆਂ ਦੀਆਂ; ਸ਼ੈਲੀ ਦੇ ਰੌਚਿਕ ਪੱਖ ਦੀਆਂ; ਬਿਰਤਾਂਤ ਦੇ ਬਿਆਨੀਆਂ ਢੰਗ ਦੀਆਂ; ਸਫ਼ਰਨਾਮੇ ਵਿਚਲੇ ਪਾਤਰਾਂ, ਉਹਨਾਂ ਦੇ ਨਾਵਾਂ, ਥਾਵਾਂ, ਜਾਤਾਂ, ਗੋਤਾਂ, ਪਿਛੋਕਡ਼ ਦੀਆਂ ਅਤੇ ਇਤਿਹਾਸਕ-ਮਿਥਿਹਾਸਕ ਸੰਦਰਭਾਂ ਦੀਆਂ ਮਿਸਾਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਾਣ ਤਾਂ ਖਿਲਾਰਾ ਲੋਡ਼ ਤੋਂ ਵਧੇਰੇ ਖਿੱਲਰ ਜਾਣ ਦੀਆਂ ਸੰਭਾਵਨਾਵਾਂ ਨਜ਼ਰੀ ਪੈਂਦੀਆਂ ਹਨ। ਸਫ਼ਰਨਾਮੇ ਵਿਚ ਦਰਜ ਸਾਹਿਤਕਾਰਾਂ/ਸਾਹਿਤਕ ਸੰਦਰਭਾਂ/ਸਾਹਿਤਕ ਹਵਾਲਿਆਂ/ ਕਾਵਿ-ਟੂਕਾਂ ਦਾ ਜ਼ਿਕਰ ਵੀ ਬਹੁਤ ਵਿਸਥਾਰ ਦੀ ਮੰਗ ਕਰਦਾ ਹੈ। ਇਸ ਸਭ ਤੋਂ ਬਚਣਾ ਇਸ ਲਈ ਵੀ ਜਰੂਰੀ ਹੈ ਕਿ ਇਹ ਇਕ ਤਰ•ਾਂ ਨਾਲ ਬਿਆਨ ਦਾ ਦੁਹਰਾਉ ਹੀ ਹੋਵੇਗਾ ਕਿਉਂਕਿ ਇਸ ਸਫ਼ਰਨਾਮੇ ਦਾ ਪਾਠ ਕਰਦਿਆਂ ਸੁਹਿਰਦ ਪਾਠਕ ਖੁਦ ਹੀ ਆਪਣੇ ਆਪ ਨੂੰ, ਇਕ ਗਹਿਨ ਅਤੇ ਵਿਸ਼ਾਲ ਅਨੁਭਵ ਰਾਹੀਂ ਸਿਰਜਿਤ, ਇਕ ਵਿਸ਼ਾਲ ਧਰਾਤਲ ਉਪਰ ਵਿਚਰਨ ਕਰਦਿਆਂ ਮਹਿਸੂਸ ਕਰਨਗੇ। ਇਹ ਉਹ ਧਰਾਤਲ ਵੀ ਹੈ ਜਿਸ ਨਾਲ ਕਾ. ਵਿਰਕ ਦੇ ਪੁਰਖਿਆਂ ਦੀਆਂ ਸਿੰਮ੍ਰਤੀਆਂ ਜੁਡ਼ੀਆਂ ਹੋਈਆਂ ਹਨ ਅਤੇ ਇਹ ਸਭ ਲਹੂ-ਮਿੱਟੀ ਦੀ ਸਾਂਝ ਵਿਚੋਂ ਪੈਦਾ ਹੋਈਆਂ ਭਾਵਨਾਵਾਂ ਦਾ ਪ੍ਰਤੀਫ਼ਲ ਵੀ ਹੈ। ਇਤਿਹਾਸਕ ਦੇ ਨਾਲ-ਨਾਲ ਇਹ ਸਫ਼ਰਨਾਮਾ ਸਮਾਜਕ ਅਤੇ ਸਾਹਿਤਕ ਦਸਤਾਵੇਜ ਵੀ ਹੋ ਨਿਬਡ਼ਨ ਦੇ ਸਮਰੱਥ ਹੈ। 
ਹੋਰਨਾਂ ਸਭਨਾਂ ਸਮਾਜਕ ਵਰਤਾਰਿਆਂ ਦੇ ਨਾਲ- ਨਾਲ ਕਾ. ਸੁਰਵਨ ਸਿੰਘ ਵਿਰਕ ਦੀ ਸੁਹਿਰਦ ਲੇਖਣੀ ਦਾ ਜੋ ਸਭ ਤੋਂ ਵੱਡਾ ਫ਼ਿਕਰ ਇਸ ਸਫ਼ਰਨਾਮੇ ਵਿਚ ਪ੍ਰਤੀਤ ਹੁੰਦਾ ਹੈ ਉਹ ਹੈ ਦੋਹਾਂ ਮੁਲਕਾਂ ਦੇ ਲੋਕਾਂ ਦੀ ਆਪਸੀ ਸਾਂਝ ਭਿਆਲੀ। ਇਹੀ ਵਜ੍ਹਾ ਹੈ ਕਿ ਸੰਕੀਰਣਤਾ ਦੀਆਂ ਤੰਗ ਵਲਗਣਾ ਤੋਂ ਉਪਰ ਉੱਠ ਕੇ ਆਪਸੀ ਸਾਂਝ-ਭਿਆਲੀ ਨੂੰ ਹੋਰ ਵਧੇਰੇ ਸ਼ਿੱਦਤ, ਸੰਜੀਦਗੀ, ਪੁਖ਼ਤਗੀ, ਗੰਭੀਰਤਾ, ਬੇਬਾਕੀ ਅਤੇ ਈਮਾਨਦਾਰੀ ਨਾਲ ਪੀਡਿਆਂ ਕਰਨ ਦਾ ਹੋਕਾ ਇਸ ਸਫ਼ਰਨਾਮੇ ਦਾ ਵੱਡਾ ਹਾਸਿਲ ਹੈ। ਲੇਖਕ ਦੀ ਇਹ ਦਿਲੀ- ਇੱਛਾ ਜਰੂਰ ਰੰਗ ਲਿਆਵੇਗੀ, ਅਜਿਹਾ ਵਿਸ਼ਵਾਸ ਬੱਝਦਾ ਹੈ। ਪੱਛਮੀ ਪੰਜਾਬ ਦੇ ਨਾਲ- ਨਾਲ ਪੂਰਬੀ ਪੰਜਾਬ ਦੇ ਲੋਕ-ਜੀਵਨ ਅਤੇ ਲੋਕ-ਵਿਹਾਰ ਨੂੰ ਸੁਹਜ ਭਰਪੂਰ ਲੋਕ-ਭਾਸ਼ਾ ਵਿਚ ਚਿਤਰਦਾ ਇਹ ਸਫ਼ਰਨਾਮਾ ਦੋਹਾਂ ਮੁਲਕਾਂ ਦੇ ਸਮਾਜ-ਸਭਿਆਚਾਰ ਦੀ ਜੀਊਂਦੀ ਜਾਗਦੀ ਤਸਵੀਰ ਹੈ। ਪਾਕਿਸਤਾਨ ਬਾਰੇ ਹੋਰ ਵੀ ਕਾਫ਼ੀ ਭਾਵਪੂਰਤ, ਰੌਚਿਕ ਸੰਵੇਦਨਾ ਭਰਪੂਰ ਅਤੇ ਵਿਚਾਰ-ਉਤੇਜਕ ਸਫ਼ਰਨਾਮੇ ਰਚੇ ਲਿਖੇ ਹਨ ਪਰੰਤੂ ਇਹ ਸੰਖੇਪ ਅਤੇ ਅਤਿ ਪ੍ਰਭਾਵਸ਼ਾਲੀ ਰਚਨਾ ਇਹਨਾਂ ਸਫ਼ਰਨਾਮਿਆਂ ਵਿਚ ਆਪਣਾ ਮਿਆਰੀ ਸਥਾਨ ਹਾਸਿਲ ਕਰੇਗੀ, ਸੁਹਿਰਦ ਪਾਠਕ ਆਪਣੀ ਸਹਿਮਤੀ ਪ੍ਰਗਟਾਅ ਕੇ ਉਕਤ ਮਤ ਦੀ ਪੁਸ਼ਟੀ ਕਰਨਗੇ। 
ਇਸ ਸਫ਼ਰਨਾਮੇ ਬਾਰੇ 'ਆਦਿ ਸ਼ਬਦ' ਲਿਖਣ ਦਾ ਜਿੰਮਾ ਸੌਂਪ ਕੇ ਕਾ. ਸੁਵਰਨ ਸਿੰਘ ਵਿਰਕ ਨੇ ਮੇਰੇ ਪ੍ਰਤੀ ਜੋ ਵਿਸ਼ਵਾਸ ਵਿਅਕਤ ਕੀਤਾ ਹੈ, ਇਸ ਲਈ ਮੈਂ ਉਹਨਾਂ ਦਾ ਸਦੀਵੀ ਅਹਿਸਾਨਮੰਦ ਰਹਾਂਗਾ। ਮੇਰੇ ਪ੍ਰਤੀ ਇਹ ਉਹਨਾਂ ਦਾ ਵੱਡਾ ਨਜ਼ਰਾਨਾ ਹੈ। ਸਮਾਜਕ ਵਿਸੰਗਤੀਆਂ ਨੂੰ ਬੇਬਾਕੀ, ਬੇਕਿਰਕੀ ਨਾਲ ਬੇਪਰਦ ਕਰਦੀ ਅਤੇ ਇਨਸਾਫ਼, ਬਰਾਬਰੀ ਤੇ ਭਾਈਚਾਰਕ ਸਾਂਝ ਦਾ ਹੋਕਾ ਦੇਣ ਵਾਲੀ ਇਹ ਬੇਖ਼ੌਫ਼ ਕਲਮ ਏਸੇ ਜ਼ੋਰ ਚੱਲਦੀ ਰਹੇ, ਮੇਰੀ ਦਿਲ ਲੋਚਾ ਹੈ। ਆਮੀਨ! 
ਡਾ. ਹਰਵਿੰਦਰ ਸਿੰਘ 'ਸਿਰਸਾ'
ਪੰਜਾਬੀ ਵਿਭਾਗ, ਚੌਧਰੀ ਮਨੀ ਰਾਮ ਝੋਰਡ਼ ਸਰਕਾਰੀ ਕਾਲਜ
ਮਿੱਠੀ ਸੁਰੇਰਾਂ (ਐਲਨਾਬਾਦ) ਸਿਰਸਾ

Saturday, March 03, 2012

ਵਿਸ਼ਵ ਪੁਸਤਕ ਮੇਲਾ

ਕੇਂਦਰੀ ਮੰਤਰੀ ਕਪਿਲ ਸਿੱਬਲ ਦੀ ਪੁਸਤਕ "ਮਾਈ ਵਰਲਡ ਵਿਦਿਨ" ਰਲੀਜ਼
ਵਿਸ਼ਵ ਪੁਸਤਕ ਮੇਲੇ ਦੌਰਾਨ "ਮਾਈ ਵਰਲਡ ਵਿਦਿਨ" ਰਲੀਜ਼ ਹੋਣ ਸਮੇਂ ਦੀਆਂ ਇਹ ਦੋਵੇਂ ਤਸਵੀਰਾਂ (ਪੀਆਈਬੀ) 
ਪੁਸਤਕਾਂ ਇੱਕ ਅਜਿਹੇ ਸੰਸਾਰ ਵਿੱਚ ਲੈ ਜਾਂਦੀਆਂ ਹਨ ਜਿਹੜਾ ਇਸ ਸੰਸਾਰ ਤੋਂ ਕਿਤੇ ਵਧ ਉਚੇਰਾ ਹੁੰਦਾ ਹੈ. ਕਿਤਾਬਾਂ ਤੋਂ ਜੇ ਭੌਤਿਕ ਸੁੱਖ ਨਾ ਵੀ ਮਿਲੇ ਤਾਂ ਵੀ  ਜਿੰਦਗੀ 'ਚ ਪੇਸ਼ ਆਉਂਦੀਆਂ ਔਕੜਾਂ ਦਾ ਸਾਹਮਣਾ ਹਸਦਿਆਂ ਹਸਦਿਆਂ ਕਰਨ ਦੀ ਜਾਚ ਆਉਂਦੀ ਹੈ. ਜ਼ਿੰਦਗੀ ਦੇ ਔਖੇ ਰਾਹਾਂ 'ਤੇ ਤੁਰਨ ਦੀ  ਹਿੰਮਤ  ਆਉਂਦੀ ਹੈ  ਦੁੱਖਾਂ ਦੇ ਤੁਫਾਨਾਂ ਨਾਲ ਜੂਝਣ ਦੀ ਪ੍ਰੇਰਨਾ ਵੀ ਮਿਲਦੀ ਹੈ ਅਤੇ ਸ਼ਕਤੀ ਵੀ. ਕਿਤਾਬਾਂ ਸਾਡੀ ਅੰਦਰਲੀ ਦੁਨੀਆ ਅਤੇ ਬਾਹਰਲੇ ਸੰਸਾਰ ਨਾਲ ਰਾਬਤਾ ਜੋੜ ਕੇ ਇੱਕ ਪੁਲ ਦਾ ਕੰਮ ਵੀ ਕਰਦੀਆਂ ਹਨ ਅੰਦਰਲੀਆਂ ਉਹਨਾਂ ਸ਼ਕਤੀਆਂ ਨੂੰ ਜਗਾ ਦੇਂਦੀਆਂ ਹਨ ਜਿਹੜੀਆਂ ਅਕਸਰ ਸੁੱਤੀਆਂ ਹੀ ਰਹੀ ਜਾਂਦੀਆਂ ਹਨ ਅਤੇ ਉਮਰ ਨਿਕਲ ਜਾਂਦੀ ਹੈ. ਪੁਸਤਕਾਂ ਵਿਚ;ਲੈ ਗਈਆਂ ਦੀ ਰੌਸ਼ਨੀ ਅਤੇ ਜੁਗਤ ਨਾਲ ਜਦੋਂ ਸਾਡੇ ਅੰਦਰਲੇ ਖਿਆਲਾਂ ਅਤੇ ਬਾਹਰਲੇ ਕਰਮਾਂ 'ਚ ਇੱਕ ਸਾਂਝ ਬਣਦੀ ਹੈ ਤਾਂ ਉਸ ਸ਼ੁਧਤਾ ਨਾਲ ਇੱਕ ਅਜਿਹੀ ਸ਼ਕਤੀ ਵੀ ਪੈਦਾ ਹੁੰਦੀ ਹੈ ਜਿਸ ਦੇ ਸਾਹਮਣੇ ਕਈ ਚਮਤਕਾਰ ਵਾਪਰਨ ਲੱਗਦੇ ਹਨ. ਕ੍ਰਿਸ਼ਮੇ ਇੱਕ ਆਮ ਜਿਹੀ ਗੱਲ ਹੋ ਜਾਂਦੀ ਹੈ. ਇਸ ਅੰਦਰਲੀ ਦੁਨੀਆ ਬਾਰੇ ਇੱਕ ਅੰਗ੍ਰੇਜ਼ੀ ਪੁਸਤਕ  ਵਿਸ਼ਵ ਪੁਸਤਕ ਮੇਲੇ ਵਿੱਚ ਵੀ ਰਲੀਜ਼ ਹੋਈ. "ਮਾਈ ਵਰਲਡ ਵਿਦਿਨ". ਇਸ ਪੁਸਤਕ ਨੂੰ ਰਲੀਜ਼ ਕਰਨ ਦੀ ਰਸਮ ਸਮੇਂ ਇਸ ਪੁਸਤਕ ਦੇ ਰਚਨਾਕਾਰ ਅਰਥਾਤ ਮਨੁੱਖੀ ਸੰਸਾਧਨ ਵਿਕਾਸ, ਸੰਚਾਰ ਅਤੇ ਸੂਚਨਾ ਤਕਨੌਲੋਜੀ ਦੇ ਕੇਂਦਰੀ ਮੰਤਰੀ ਕਪਿਲ ਸਿੱਬਲ ਵੀ ਮੌਜੂਦ ਸਨ ਅਤੇ ਉਹਨਾਂ ਦੀਆਂ ਕਿਤਾਬਾਂ ਦਾ ਅਨੁਵਾਦ ਹਿੰਦੀ ਵਿੱਚ ਕਰਨ ਵਾਲੇ ਪ੍ਰਸਿਧ ਹਿੰਦੀ ਲੇਖਕ ਅਸ਼ੋਕ ਚਕਰਧਰ ਵੀ.
ਕਿਤਾਬਾਂ ਦੀ ਦੁਨੀਆ ਵਿੱਚ ਇੱਕ ਨਵਾਂ ਇਤਿਹਾਸ ਰਚਨ ਵਾਲੇ ਲੇਖਕ ਰਸੂਲ ਹਮਜਾਤੋਵ ਨੇ ਸ਼ਾਇਦ ਇਸੇ ਲਏ ਕਿਹਾ ਸੀ,"ਹਥਿਆਰ ਜਿਹੜੇ ਕਿ ਇੱਕੋ ਵਾਰ ਵਰਤੇ ਜਾਣਗੇ...ਬਾਰ ਬਾਰ ਚੁੱਕਣੇ ਪੈਂਦੇ ਹਨ....ਅਤੇ ਕਵਿਤਾ ਜਿਹੜੀ ਕਿ  ਬਾਰ ਬਾਰ ਪੜ੍ਹੀ ਜਾਵੇਗੀ ਇੱਕੋ ਵਾਰ ਲਿਖੀ ਜਾਂਦੀ ਹੈ. ਵਿਸ਼ਵ ਪੁਸਤਕ ਮੈ;ਲਏ ਵਿੱਚ ਇਸ ਕਿਤਾਬ ਨੂੰ ਰਲੀਜ਼ ਕਰਨ ਸਮੇਂ ਕਈ ਪਤਵੰਤੇ ਅਤੇ ਬੁਧੀਜੀਵੀ ਸ਼ਾਮਿਲ ਹੋਏ. ਪੁਸਤਕ ਦੇ ਕਰਤਾ ਜਨਾਬ ਕਪਿਲ ਸਿੱਬਲ ਜਿਹਨਾਂ ਨੇ ਆਪਣੇ ਦਿਲੋ ਦਿਮਾਗ ਵਿੱਚ ਕਈ ਅਜਿਹੇ ਅਨੁਭਵ ਸੰਜੋਏ ਹੋਏ ਹਨ ਜਿਹਨਾਂ ਨੂੰ ਚਾਹ ਕੇ ਵੀ ਸ਼ਬਦ ਦੇਣ ਤੋਂ ਗੁਰੇਜ਼ ਕਰਨਾ ਉਹਨਾਂ ਦੀ ਮਜਬੂਰੀ ਹੈ. ਕੇਂਦਰੀ ਮੰਤਰੀ ਦੀ ਜਿੰਮੇਵਾਰੀ, ਉੱਚੇ ਸਰਕਾਰੀ ਅਹੁਦੇ ਦੀ ਸੰਹੁ ਕਈ ਵਾਰ ਉਹਨਾਂ ਦੇ ਹੇਠ ਰੋਕਦੀ ਹੋਵੇਗੀ ਪਰ ਇਸਦੇ ਬਾਵਜੂਦ ਉਹਨਾਂ ਆਪਣੀ ਅੰਦਰਲੀ  ਦੁਨੀਆ ਦਾ ਪ੍ਰਗਟਾਵਾ ਆਪਣੀਆਂ ਕਵਿਤਾਵਾਂ ਰਾਹੀਂ ਕੀਤਾ. ਇੱਕ ਸੰਵੇਦਨਾ, ਦੂਜਾ ਖਿਆਲਾਂ ਦੀ ਉੜਾਨ ਉੱਪਰੋਂ  ਸਰਕਾਰੀ ਅਹੁਦੇ ਵਾਲੇ ਫਰਜ਼..ਇਹਨਾਂ ਸਾਰੇ ਦਬਾਵਾਂ ਦੇ ਬਾਵਜੂਦ ਬਾਹਰ ਆਈ ਇਸ ਕਵਿਤਾ ਦਾ ਸਹੀ ਮਜ਼ਾ ਇਸ ਨੂੰ ਖੁਦ ਪੜ੍ਹ ਕੇ ਹੀ ਮੰਨਿਆ ਜਾ ਸਕੇਗਾ.
ਪੁਸਤਕ ਲਾਂਚ ਸਮੇਂ  ਸਟੇਜ ਦੇ ਇਹਨਾਂ ਕੁਝ ਯਾਦਗਾਰੀ ਪਲਾਂ ਨੂੰ ਪੀਆਈਬੀ ਦੇ ਫੋਟੋਗ੍ਰਾਫਰ ਨੇ  ਹਮੇਸ਼ਾਂ ਲਈ ਸੰਭਾਲ ਲਿਆ ਅਤੇ ਹੁਣ ਓਹ ਤਸਵੀਰਾਂ ਤੁਹਾਡੇ ਸਾਹਮਣੇ ਹਨ.--ਰੈਕਟਰ ਕਥੂਰੀਆ 

Friday, February 03, 2012

ਮੁੱਦਾ ਕਿਤਾਬ ਨਹੀਂ ਹੈ। ਮੁੱਦਾ ਤਾਂ ਤਸਲੀਮਾ ਹੈ !

ਨਾ ਮੂਲਵਾਦੀਆਂ ਨੇ ਅਤੇ ਨਾ ਹੀ ਸਰਕਾਰ ਨੇ ਉਸ ਦੀ ਕਿਤਾਬ ਪਡ਼੍ਹੀ-ਤਸਲੀਮਾ
ਤਸਲੀਮਾ ਦੀ ਆਵਾਜ਼ ਇੱਕ ਵਾਰ ਫੇਰ ਬੁਲੰਦ ਹੋਈ ਹੈ।  ਇੱਕ ਵਾਰ ਫੇਰ ਉਸਦੀ ਕਲਮ ਨੇ ਸਾਰਿਆਂ ਸਾਹਮਣੇ ਸਾਬਿਤ ਕੀਤਾ ਹੈ ਕੀ ਅਜੇ ਵੀ ਉਸ ਵਿੱਚ ਜਾਨ ਹੈ।  ਉਹ ਅੱਜ ਵੀ ਸਥਾਪਿਤ ਕਦਰਾਂ ਕੀਮਤਾਂ ਲਈ ਓਨੀ ਹੀ ਵੱਡੀ ਚੁਨੌਤੀ ਹੈ ਜਿੰਨੀ ਕਿ ਆਪਣੀ ਵਿਵਾਦਿਤ ਪੁਸਤਕ ਲੱਜਾ ਵੇਲੇ ਸੀ। ਉਸ ਨੇ ਹਰ ਉਸ ਚੀਜ਼ ਨਾਲ ਟਕਰਾਉਣ ਦਾ ਫੈਸਲਾ ਅੰਦਰ ਹੀ ਅੰਦਰ ਬਹੁਤ ਪਹਿਲਾਂ ਕਰ ਲਿਆ ਸੀ ਜੋ ਉਸ ਦੀ ਜਾਚੇ ਸਹੀ ਨਹੀਂ ਸੀ। ਡਾਕਟਰੀ ਦੀ ਪੜ੍ਹਾਈ ਪੂਰੀ ਕਰਨ ਮਗਰੋਂ ਉਹ ਚਾਹੁੰਦੀ ਤਾਂ ਆਪਣੀ ਜਿੰਦਗੀ ਪੂਰੇ ਆਰਾਮ ਨਾਲ ਕੱਟ ਸਕਦੀ ਸੀ ਪਰ ਉਹ ਤਾਂ ਬਣੀ ਹੀ ਕਿਸੇ ਖਾਸ ਮਕ਼ਸਦ ਲਈ ਸੀ। ਅਸਲ ਵਿੱਚ ਤਾਂ ਇਹ ਕਹਿਣਾ ਚਾਹੇਦਾ ਹੈ ਕਿ ਦਿਲ ਦੀ ਆਵਾਜ਼ ਉਹ ਬਹੁਤ ਪਹਿਲਾਂ ਹੀ ਸੁਨਣ ਲੱਗ ਪਈ ਸੀ. ਨਾਰੀਵਾਦ ਦੇ ਹੱਕ ਵਿੱਚ ਉਠੀ ਉਸਦੀ ਆਵਾਜ਼ ਨੂੰ ਪਾਬੰਦੀਆਂ ਅਤੇ ਧਮਕੀਆਂ ਦੇ ਬਾਵਜੂਦ ਬਹੁਤ ਵੱਡਾ ਹੁੰਗਾਰਾ ਮਿਲਿਆ ਸੀ। ਪਾਕਿਸਤਾਨ ਦੇ ਇੱਕ ਸ਼ਹਿਰ ਮੈਮਨ ਸਿੰਘ ਵਾਲਾ (ਹੁਣ ਬੰਗਲਾਦੇਸ਼) ਵਿੱਚ 25 ਅਗਸਤ 1962 ਨੂੰ ਜਨਮੀ ਤਸਲੀਮਾ ਨੇ ਸਕੂਲੀ ਜਿੰਦਗੀ ਦੌਰਾਨ ਹੀ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਹ ਗੱਲ ਇਸਦਾ ਸਬੂਤ ਹੈ ਕਿ ਉਸਦੀ ਸੋਚ ਬਚਪਨ ਵਿੱਚ ਹੀ ਬਹੁਤ ਸੰਵੇਦਨਸ਼ੀਲ ਬਣ ਚੁੱਕੀ ਸੀ। ਉਸਨੇ ਨਾਰੀ ਦੀ ਜਿੰਦਗੀ 'ਚ ਆਉਂਦੀਆਂ ਔਕੜਾਂ ਨੂੰ ਇੱਕ ਨਾਰੀ ਵੱਜੋਂ ਵੀ ਸਮਝਿਆ , ਇੱਕ ਲੇਖਿਕਾ ਵੱਜੋਂ ਵੀ ਅਤੇ ਇੱਕ ਡਾਕਟਰ ਵੱਜੋਂ ਵੀ। ਸ਼ਾਇਦ ਇਹੀ ਕਾਰਣ ਸੀ ਕਿ ਉਸਨੇ 1994 ਵਿੱਚ ਆਪਣੇ ਡਾਕਟਰੀ ਵਾਲੇ ਕੈਰੀਅਰ ਨੂੰ ਵੀ ਲੱਤ ਮਾਰ ਦਿੱਤੀ। ਗੱਲ ਅਜੀਬ ਲੱਗ ਸਕਦੀ ਹੈ ਕਿ ਸਨ 1986 ਵਿੱਚ ਡਾਕਟਰੀ ਦੀ ਡਿਗਰੀ ਅਤੇ 1994 ਵਿੱਚ ਸਭ ਕੁਝ ਦਾਅ ਤੇ...ਉਹ ਵੀ ਦਸਾਂ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ..! ਪਰ ਜਦੋਂ ਅੰਦਰੋਂ ਕੋਈ ਹੂਕ ਉਠਦੀ ਹੈ ਤਾਂ ਅਜਿਹੇ ਕਰਿਸ਼ਮੇ ਵੀ ਅਕਸਰ ਵਾਪਰਦੇ ਹਨ। ਅੱਜ ਇਹ ਸਭ ਕੁਝ ਯਾਦ ਆ ਰਿਹਾ ਹੈ ਕਲਕੱਤੇ 'ਚ ਛਿੜੇ ਨਵੇਂ ਵਿਵਾਦ ਕਾਰਣ। ਕਲਕੱਤਾ ਦੇ ਇੱਕ ਪੁਸਤਕ ਮੇਲੇ ਵਿਚ ਵਿਰੋਧ ਦੇ ਡਰੋਂ ਕਿਤਾਬ ਦੀ ਰਿਲੀਜ਼ ਰਸਮ ਨੂੰ ਰੱਦ ਕਰਨ ਤੋਂ ਐਨ ਇਕ ਦਿਨ ਬਾਅਦ ਵਿਵਾਦਿਤ ਬੰਗਲਾਦੇਸ਼ੀ ਲੇਖਕਾ ਤਸਲੀਮਾ ਨਸਰੀਨ ਨੇ ਵੀਰਵਾਰ 2 ਫਰਵਰੀ ਨੂੰ ਮੀਡੀਆਂ ਨਾਲ ਗੱਲਬਾਤ ਦੌਰਾਨ ਇਹ ਵੀ ਦੱਸਿਆ ਕਿ ਉਸ ਦੀ ਜ਼ਿੰਦਗੀ ਅਤੇ ਨਾਵਲਾਂ ’ਤੇ ਆਧਾਰਤ ਫਿਲਮਾਂ ਦੀ ਯੋਜਨਾ ਬਣਾਉਣ ਵਾਲੇ ਤਿੰਨ ਬੰਗਾਲੀ ਨਿਰਦੇਸ਼ਕ ਹੁਣ ਮੁੱਕਰ ਗਏ ਹਨ। ਸ਼ਾਇਦ ਅਜਿਹਾ ਕੁਝ ਅਕਸਰ ਹੁੰਦਾ ਹੈ।  ਸਮੇਂ ਸਿਰ ਸਚ ਬੋਲਣ ਵਾਲੇ ਅਤੇ ਅਸਮੇਂ ਸਿਰ ਹੀ ਉਸ ਸਚ੍ਚ ਉਸਦਾ ਸਾਥ ਦੇਣ ਵਾਲੇ ਵਿਰਲੇ ਹੀ ਹੁੰਦੇ ਹਨ. ਬਾਅਦ ਵਿੱਚ ਤਾਂ ਇਸ ਸਚ ਨੂੰ ਵਪਾਰਕ ਪੱਖੋਂ ਕੈਸ਼ ਕਰਨ ਦੇ ਹੀਲੇ ਵਸੀਲੇ ਵੀ ਹੁੰਦੇ ਹਨ ਅਤੇ ਉਸ ਸਚ ਨੂੰ ਆਪਣੇ ਨਾਂਅ ਕਰਾਉਣ ਦੇ ਸਾਜਿਸ਼ੀ ਯਤਨ ਵੀ;ਉਹ ਵੀ ਬੜੀ ਵੱਡੀ ਪਧਰ 'ਤੇ। 
ਮੁਕਰਨ ਵਾਲੇ ਨਿਰਮਾਤਾ ਨਿਰਦੇਸ਼ਕਾਂ ਬਾਰੇ ਮੀਡੀਆ ਨੂੰ ਦਸਦਿਆਂ ਉਸ ਨੇ ਕਿਹਾ ਕਿ ਸਭ ਸਮਝੌਤੇ ਹੋ ਗਏ ਸਨ ਪਰ ਅਚਾਨਕ ਹੀ ਨਿਰਦੇਸ਼ਕ ਚੁੱਪ ਕਰ ਗਏ। ਉਸਦੇ ਇਸ ਸ਼ਬਦ ਅਚਾਨਕ ਵਿੱਚ ਬਹੁਤ ਕੁਝ ਲੁਕਿਆ ਹੋਇਆ ਹੈ। ਤਸਲੀਮਾ ਨੇ ਨਵੀਂ ਦਿੱਲੀ ਤੋਂ ਅੰਗ੍ਰੇਜ਼ੀ ਦੀ ਇੱਕ ਪ੍ਰਸਿਧ ਖਬਰ ਏਜੰਸੀ ਨੂੰ ਦੱਸਿਆ ਕਿ ਤਿੰਨ ਬੰਗਾਲੀ ਨਿਰਦੇਸ਼ਕਾਂ ਵੱਲੋਂ ਉਸ ਦੀ ਜ਼ਿੰਦਗੀ ਅਤੇ ਉਸ ਦੇ ਦੋ ਨਾਵਲਾਂ ‘ਸ਼ੋਧ’ (ਬਦਲਾ) ਅਤੇ ‘ਨਿਮੋਨਤਰਨ’ (ਸੱਦਾ) ਬਾਰੇ ਫਿਲਮਾਂ ਬਣਾਉਣ ਦੀ ਤਜਵੀਜ਼ ਸੀ। ਉਸ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਕੀ ਹੋਇਆ। ਫਿਲਮਾਂ ਨਾ ਬਣਾਉਣ ਦੇ ਫੈਸਲੇ ਤੋਂ ਪਿਛੇ ਹਟਣ ਬਾਰੇ ਉਨ੍ਹਾਂ ਨੂੰ ਕਿਸੇ ਨੇ ਫਿਲਮਾਂ ਨਾ ਬਣਾਉਣ ਲਈ ਕਿਹਾ ਜਾਂ ਕੁਝ ਹੋਰ ਵਾਪਰਿਆ ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। 
ਆਪਣੀ ਜਿੰਦਗੀ ਵਿਚ ਆ ਰਹੇ ਇਹਨਾਂ ਨਵੇਂ ਤਜਰਬਿਆਂ ਬਾਰੇ ਉਸਨੇ ਫੇਸਬੁਕ 'ਤੇ ਵੀ ਲਿਖਿਆ ਪਰ ਬਹੁਤ ਹੀ ਸੰਕੇਤਕ ਜਿਹਾ
। ਉਸ ਦੀ ਸਵੈਜੀਵਨੀ ਦਾ ਸੱਤਵਾਂ ਭਾਗ ‘ਨਿਰਬਾਸਨ’ (ਜਲਾਵਤਨੀ) ਨੂੰ ਕੋਲਕਾਤਾ ਪੁਸਤਕ ਮੇਲੇ ਵਿਚ ਰਿਲੀਜ਼ ਕਰਨ ਤੋਂ ਇਨਕਾਰ ਕਰਨ ’ਤੇ ਉਸ ਦੇ ਪ੍ਰਕਾਸ਼ਕ ਪੀਪਲਜ਼ ਬੁੱਕ ਸੁਸਾਇਟੀ ਨੇ ਆਪਣੇ ਤੌਰ ’ਤੇ ਮੇਲਾ ਸਥਾਨ ਦੇ ਬਾਹਰ ਪੁਸਤਕ ਜਾਰੀ ਕੀਤੀ ਸੀ। ਤਸਲੀਮਾ ਨੇ ਬੜੇ ਹੀ ਸਪਸ਼ਟ ਅਤੇ ਸਾਦਗੀ ਭਰੇ ਸ਼ਬਦਾਂ ਵਿੱਚ ਬੜੇ ਹੀ ਪਤੇ ਦੀ ਗੱਲ ਕਰਦਿਆਂ ਸਾਫ਼ ਸਾਫ਼ ਕਿਹਾ ਕਿ ਮੁੱਦਾ ਕਿਤਾਬ ਨਹੀਂ ਹੈ। ਮੁੱਦਾ ਤਾਂ ਤਸਲੀਮਾ ਹੈ।ਇਸ ਬਾਰੇ 
ਉਸ ਨੇ ਕਿਹਾ ਕਿ ਨਾ ਮੂਲਵਾਦੀਆਂ ਨੇ ਅਤੇ ਨਾ ਹੀ ਸਰਕਾਰ ਨੇ ਉਸ ਦੀ ਕਿਤਾਬ ਪਡ਼੍ਹੀ ਹੈ। ਜੇਕਰ ਕੋਈ 'ਤਸਲੀਮਾ ਫੁੱਲ ਮੇਲਾ’ ਵੀ ਲਾਏ ਤਾਂ ਉਸ ’ਤੇ ਵੀ ਪਾਬੰਦੀ ਦੀ ਮੰਗ ਕੀਤੀ ਜਾਵੇਗੀ। ਪਰ ਇਹਨਾਂ ਪਾਬੰਦੀਆਂ ਅਤੇ ਰੁਕਾਵਟਾਂ ਨੇ ਉਸਦੀਆਂ ਲਿਖਤਾਂ ਨੂੰ ਏਨਾ ਜਿਆਦਾ ਪ੍ਰਚਾਰ ਦਿੱਤਾ ਹੈ ਜਿਹੜਾ ਸ਼ਾਇਦ ਸੰਭਵ ਹੀ ਨਾਂ ਹੁੰਦਾ।ਵੱਖ ਵੱਖ ਅਖਬਾਰਾਂ 'ਚ ਲਿਖੇ ਕਾਲਮਾਂ ਅਤੇ ਹੋਰ ਲਿਖਤਾਂ ਨੂੰ  ਇੱਕਤਰ ਕਰਕੇ ਇੱਕ ਪੁਸਤਕ ਆਈ ਸੀ ਔਰਤ ਕਾ ਕੋਈ ਦੇਸ਼ ਨਹੀਂ ਹੋਤਾ। ਇਸ ਪੁਸਤਕ ਰਾਹੀਂ ਉਸ ਨੇ ਕਿਹਾ ਸੀ ਕਿ ਦੇਸ਼ ਦਾ ਅਰਥ ਅਗਰ ਸੁਰੱਖਿਆ ਹੈ, ਦੇਸ਼ ਦਾ ਅਰਥ ਅਗਰ ਆਜ਼ਾਦੀ ਹੈ ਤਾਂ ਨਿਸਚਿਤ ਰੂਪ ਵਿੱਚ ਔਰਤ ਦਾ ਕੋਈ ਦੇਸ਼ ਨਹੀਂ ਹੁੰਦਾ। ਧਰਤੀ ਤੇ ਕਿਤੇ ਵੀ ਕੋਈ ਔਰਤ ਆਜ਼ਾਦ ਨਹੀਂ, ਧਰਤੀ ਤੇ ਕਿਤੇ ਵੀ ਕੋਈ ਔਰਤ ਸੁਰਖਿਅਤ ਨਹੀਂ ਹੈ। ਇਹ ਪੁਸਤਕ ਵੀ ਬਹੁਤ ਹਰਮਨ ਪਿਆਰੀ ਹੋਈ ਸੀ. ਇਸ ਪੁਸਤਕ ਦੇ 235 ਸਫਿਆਂ ਵਿੱਚ ਤਸਲੀਮਾ ਦੀਆਂ 46 ਲਿਖਤਾਂ ਹਨ।ਸਿਰਲੇਖ ਤੋਂ ਲੈ ਕੇ ਅਖੀਰਲੇ ਸ਼ਬਦ ਤੱਕ ਇਹ ਲਿਖਤਾਂ ਸੋਚਣ ਲਈ ਮਜਬੂਰ ਕਰਦੀਆਂ ਹਨ। ਇਹਨਾਂ ਵਿਚਲਾ ਦਰਦ ਕੋਈ ਕਲਪਨਾ ਨਹੀਂ। ਇਹ ਦਰਦ ਹਕੀਕਤ ਤੇ ਅਧਾਰਿਤ ਹੈ ਇਸ ਲਈ ਇਹ ਦਿਲ ਨੂੰ ਬੜੀ ਛੇਤੀ ਟੁੰਬਦਾ ਹੈ। ਇਹਨਾਂ ਲਿਖਤਾਂ ਵਿੱਚ ਉਠਾਏ ਤਰਕ ਕਿਸੇ ਤੇਜ਼ਧਾਰ ਚਮਕਦੀ ਤਲਵਾਰ ਵਾਂਗ ਕਾਟ ਕਰਦੇ ਹਨ ਜਿਵੇਂ ਸੰਘਣੇ ਹਨੇਰੇ ਵਿੱਚ ਅਚਾਨਕ ਹੀ ਕੋਈ ਅਸਮਾਨੀ ਬਿਜਲੀ ਆਪਣੀ ਚਮਕ ਨਾਲ ਹਨੇਰੇ ਨੂੰ ਚੀਰ ਜਾਵੇ ਅਤੇ ਕੁਝ ਲੋਕ ਕੁਝ ਕੁ ਸਮੇਂ ਲਈ ਉਸ ਬਿਜਲੀ ਦੀ ਚਮਕ ਵਿੱਚ ਸਾਰੇ ਰਸਤੇ ਦੀ ਇੱਕ ਝਲਕ ਦੇਖ ਲੈਣ. ਇਸ ਚਮਕ ਨਾਲ ਰਸਤਾ ਦੇਖ ਕੇ ਅੱਗੇ ਵੀ ਵਧਿਆ ਜਾ ਸਕਦਾ ਹੈ ਅਤੇ ਡਰ ਕੇ ਉਥੇ ਹੀ ਬੈਠਿਆ ਵੀ ਜਾ ਸਕਦਾ ਹੈ ਪਰ ਪਿਛੇ ਮੁੜਣ ਦੇ ਕੋਈ ਆਸਾਰ ਨਹੀਂ ਹੁੰਦੇ। ਹਾਂ ਇਹ ਕਿਹਾ ਜਾ ਸਕਦਾ ਹੈ ਕਿ ਤਸਲੀਮਾ ਦੀ ਜਿੰਦਗੀ ਅਤੇ ਉਸ ਦਾ ਜਿਊਣ ਢੰਗ ਇਹਨਾਂ ਲਿਖਤਾਂ ਰਾਹੀਂ ਖਤਰਿਆਂ ਨਾਲ ਪਿਆਰ ਕਰਨਾ ਸਿਖਾਉਂਦਾ ਹੈ। ਦਰਦ ਨੂੰ ਦਵਾ ਬਣਾਉਣਾ ਅਤੇ ਹਵਾ ਦੇ ਉਲਟ ਉੱਡਣ ਦੀ ਹਿੰਮਤ ਕਰਨਾ ਸਿਖਾਉਂਦਾ ਹੈ। 
ਏਸੇ ਦੌਰਾਨ ਮੀਡੀਆ ਵਿੱਚ ਇਹ ਵੀ ਖਬਰ ਆਈ ਹੈ ਕਿ ਉਸਦੀਆਂ ਕਿਤਾਬਾਂ ਨੂੰ ਇਸ ਵਾਰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ. ਤਸਲੀਮਾ ਨੇ ਇਸ ਗੱਲ ਦੀ ਪੁਸ਼ਟੀ ਫੇਸਬੁਕ 'ਤੇ ਵੀ ਕੀਤੀ ਹੈ। ਤਸਲੀਮਾ ਦੀ ਪ੍ਰਕਾਸ਼ਕ ਪੀਪਲਜ਼ ਬੁੱਕ ਸੁਸਾਇਟੀ ਦੀ ਸ਼ਿਬਾਨੀ ਮੁਖਰਜੀ ਨੇ ਦਾਅਵਾ ਕੀਤਾ ਕਿ ਬੀਤੇ ਦਿਨ ਰਿਲੀਜ਼ ਕੀਤੀ ਗਈ ਤਸਲੀਮਾ ਦੀ ਪੁਸਤਕ ‘ਨਿਰਬਾਸਨ’ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੁਸਤਕ ਦਾ ਇਕ ਹਜ਼ਾਰ ਕਾਪੀਆਂ ਦਾ ਪਹਿਲਾ ਪ੍ਰਿੰਟ ਵਿਕ ਚੁੱਕਿਆ ਹੈ ਅਤੇ ਹੁਣ ਦੂਜੇ ਪ੍ਰਿੰਟ ਦਾ ਆਰਡਰ ਦਿੱਤਾ ਗਿਆ ਹੈ। ਕਿਤਾਬਾਂ ਦੀਆਂ ਦੁਕਾਨਾਂ ਅਤੇ ਸਟਾਲਾਂ ਵਿਚ ਪੁਸਤਕ ਦਾ ਸਟਾਕ ਖ਼ਤਮ ਹੋ ਗਿਆ ਹੈ। ਔਰਤਾਂ ਵੱਲੋਂ ਕਿਤਾਬ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਇਸ ਤਰ੍ਹਾਂ ਇੱਕ ਵਾਰ ਫੇਰ ਇਹ ਗੱਲ ਸਾਬਿਤ ਹੋਈ ਹੈ ਕਿ ਇਹਨਾਂ ਪਾਬੰਦੀਆਂ ਨੇ ਉਸਦੀ ਕਿਤਾਬ ਨੂੰ ਇੱਕ ਵਾਰ ਫੇਰ ਸ਼ੋਹਰਤ ਦੇ ਨਵੇਂ ਅਸਮਾਨਾਂ ਤੇ ਪਹੁੰਚਾ ਦਿੱਤਾ ਹੈ। ਅਖੀਰ ਵਿੱਚ ਯਾਦ ਆ ਰਹੀ ਹੈ ਬਿਜਲੀ ਬੋਰਡ ਨਾਲ ਜੁੜੇ ਰਹੇ ਇੱਕ ਖੱਬੇ ਪੱਖੀ ਲੀਡਰ ਤੇਜਿੰਦਰ ਮੋਹੀ ਹੁਰਾਂ ਦੀ ਜਿਹੜੇ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਬਿਜਲੀ ਬੋਰਡ ਵਿੱਚ ਹੁੰਦਿਆਂ ਲੋਕਾਂ ਨੂੰ ਪੇਸ਼ ਆਉਂਦੀਆਂ ਪਰੇਸ਼ਾਨੀਆਂ ਦਾ ਨਿਵਾਰਨ ਉਹ ਕਿਸੇ ਪਰਿਵਾਰਿਕ ਮੈਂਬਰ ਵਾਂਗ ਕਰਿਆ ਕਰਦੇ ਸਨ। ਅਖਬਾਰੀ ਦੁਨੀਆ ਲਈ ਕਵਰੇਜ ਕਰਦਿਆਂ ਕਈ ਵਾਰ ਉਹਨਾਂ ਨਾਲ ਵੀ ਮੁਲਾਕਾਤ ਹੁੰਦੀ। ਜਦੋਂ ਤਸਲੀਮਾ ਤੇ ਇੱਕ ਵਾਰ ਫੇਰ ਸੰਕਟ ਦੀ ਘੜੀ ਆਈ ਅਤੇ ਉਸਨੂੰ ਸ਼ਰਣ ਲੈਣ ਲਈ ਪਰੇਸ਼ਾਨ ਹੋਣਾ ਪਿਆ ਤਾਂ ਉਸ ਔਖੇ ਵੇਲੇ ਮੋਹੀ ਹੁਰਾਂ ਨੇ ਇੱਕ ਪੱਤਰ ਲਿਖਿਆ ਕਿ ਤਸਲੀਮਾ ਉਹਨਾਂ ਦੇ ਘਰ ਉਹਨਾਂ ਦੀ ਬੇਟੀ ਬਣ ਕੇ ਜਦੋਂ ਤਕ ਚਾਹੇ ਰਹਿ ਸਕਦੀ ਹੈ। ਇਸ ਮਕਸਦ ਦੀ ਖਬਰ ਵੀ ਉਹਨਾਂ ਦਿਨਾਂ ਵਿੱਚ ਕਈ ਅਖਬਾਰਾਂ ਚ ਛਪੀ। ਹੁਣ ਦੇਖਣਾ ਹੈ ਕਿ ਉਸਦੀਆਂ ਕਿਤਾਬਾਂ ਕਲਮੀ ਦੁਨੀਆ ਵਿੱਚ ਇੱਕ ਹੋਰ ਨਵਾਂ ਇਤਿਹਾਸ ਕਦੋਂ ਸਿਰਜਦੀਆਂ ਹਨ ! ਕਲਿਆਣੀ ਸਿੰਘ   

ਕਲਿਆਣ ਕੌਰ ਦੀਆਂ ਕੁਝ ਲਿਖਤਾਂ:--

ਜਿੰਦਗੀ ਮਹਿੰਗੀ ਵੀ ਜਿੰਦਗੀ ਸਸਤੀ ਵੀ 
ਮੁੱਦਾ ਕਿਤਾਬ ਨਹੀਂ; ਤਸਲੀਮਾ ਹੈ 
ਇੱਕ ਚਿਣਗ ਮੈਨੂੰ ਵੀ ਚਾਹੀਦੀ 
ਪ੍ਰਧਾਨ ਮੰਤਰੀ ਗਣਤੰਤਰ ਦਿਵਸ ਕਲਾਕਾਰਾਂ ਨਾਲ 
ਨਹੀਂ ਰਹੀ ਪੰਜਾਬ ਸਕਰੀਨ ਦੀ ਸਰਗਰਮ ਸੰਚਾਲਿਕਾ ਕਲਿਆਣ ਕੌਰ 



Sunday, July 10, 2011

ਵਿਚਾਰਾਂ ਦੀ ਗਤੀ ਰੋਕਣ ਨਾਲ ਨਹੀ ਰੁਕਦੀ....!

Fri, Jul 8, 2011 at 10:44 PM
ਸ. ਭਗਤ ਸਿੰਘ ਦੀ ਇਨਕਲਾਬੀ ਜੀਵਨੀ ਕੁਝ ਕੁਝ ਫਰਾਂਸੀਸੀ ਅਰਾਜਕਤਾਵਾਦੀ ਸ਼ਹੀਦ ਵੈਲਾਂਟ ਨਾਲ ਮੇਲ ਖਾਂਦੀ ਹੈ। ਅਰਾਜਕਤਾਵਾਦ ਬਾਰੇ ਸ. ਭਗਤ ਸਿੰਘ ਦੀ ਚੰਗੀ ਖਾਸੀ ਜਾਣਕਾਰੀ ਸੀ ਤੇ ਉਸਨੇ ਕਿਰਤੀ ਦੇ ਮਈ ਜੂਨ ਜੁਲਾਈ 1928 ਦੇ ਅੰਕਾਂ ਵਿਚ ਅਨਾਰਕਿਜ਼ਮ ਕੀ ਹੈ? ਦੇ ਸਿਰਲੇਖ ਹੇਠ ਪਾਠਕਾ ਨਾਲ ਸਾਂਝਾ ਕੀਤਾ ਹੈ। ਇਹ ਲੇਖ ਲਡ਼ੀ ਦੇ ਅੰਤ ਵਿਚ ਸੰਖੇਪ ਜਿਹਾ ਜ਼ਿਕਰ ਵੈਲਾਂਟ ਦਾ ਵੀ ਹੈ। ਸੋ ਇਸ ਵਿਚ ਵੀ ਕੋਈ ਸ਼ੱਕ ਵਾਲੀ ਗੱਲ ਨਹੀ ਕਿ ਜੇ ਉਸਨੇ ਅਸੰਬਲੀ 'ਤੇ ਬੰਬ ਸੁੱਟਣ ਦੀ ਘਟਨਾ ਸੰਬੰਧੀ ਵੈਲਾਂਟ ਦੇ ਸਾਕੇ ਤੋਂ ਕੋਈ ਮਾਰਗ ਦਰਸ਼ਨ ਪ੍ਰਾਪਤ ਕੀਤਾ ਹੋਵੇ, ਅਚੇਤ ਅਤੇ ਸੁਚੇਤ। ਅਸੰਬਲੀ ਹਾਲ ਵਿਚ ਬੰਬ ਸੁੱਟਣ ਤੋਂ ਬਾਅਦ ਸੁੱਟੇ ਗਏ ਪਰਚਿਆਂ ਦੇ ਆਰੰਭ ਵਿਚ ਹੀ ਵੈਲਾਂਟ ਦੀ ਪ੍ਰਸਿੱਧ ਤੁਕ  ' ਬੋਲਿਆਂ ਨੂੰ ਸੁਣਾਉਣ ਲਈ ਗਰਜ਼ ਦੀ ਲੋਡ਼ ਹੈ' ਦਰਜ ਹੈ। ਇਹ ਤੁਕ ਵੈਲਾਂਟ ਦੇ ਜਿਊਰੀ (ਅਦਾਲਤ) ਵਿਚ ਦਿੱਤੇ ਗਏ ਬਿਆਨ ਦਾ ਹਿੱਸਾ ਹੈ। ਇਸ ਪਰਚੇ ਦੇ ਆਰੰਭਲੇ ਪੈਰੇ ਵਿਚ ਹੀ ਵੈਲਾਂਟ ਨੂੰ ਸ਼ਿੱਦਤ ਨਾਲ ਯਾਦ ਕੀਤਾ ਗਿਆ ਹੈ। ਵੈਲਾਂਟ ਦੀ ਸੰਖੇਪ ਜਿਹੀ ਕਥਾ ਅਸੀ ਇਥੇ ਪਡ਼ਾਂਗੇ। 
     ਵੈਲਾਂਟ ਇਕ ਪਡ਼ਿਆ ਲਿਖਿਆ ਨੋਜਵਾਨ ਸੀ ਜਿਸਨੇ ਮਹਾਨ ਸਾਹਿਤ ਤੋਂ ਵਿਚਾਰ ਗ੍ਰਹਿਣ ਕੀਤੇ ਤੇ ਦੁਨੀਆਂ ਵਿਚ ਫੈਲੇ ਕੁਹਜ ਅਤੇ ਅਨਿਆ ਵਿਰੁੱਧ ਲਡ਼ਿਆ। ਉਹ ਆਪਣੇ ਦੇਸ਼ ਦੀ ਹਾਲਤ ਤੋਂ ਦੁਖੀ ਹੋ ਕਿ ਦੱਖਣੀ ਅਮਰੀਕਾ ਗਿਆ ਤੇ ਉੱਥੇ ਵੀ ਸਭ ਪਾਸੇ ਅਨਿਆਂ ਹੀ ਦੇਖਿਆਂ। ਉਸਨੇ ਫਰਾਂਸ ਆ ਕੇ ਅਨਿਆਂਪੂਰਨ ਸਮਾਜ ਵਿਰੁੱਧ ਲਡ਼ਾਈ ਸ਼ੁਰੂ ਕੀਤੀ। ਅਖੀਰ ਉਸਨੇ ਇਕ ਬਹੁਤ ਹੀ ਖਤਰਨਾਕ ਯੋਜਨਾ ਤਿਆਰ ਕੀਤੀ ਜਿਸ ਵਿਚ ਉਸਨੇ ਅਨਿਆਂ ਦੀ ਜਡ਼੍ਹ ਉੱਪਰ ਹਮਲਾ ਕਰਨ ਦਾ ਫੈਸਲਾ ਕੀਤਾ ਜੋ ਕਿ ਫਰਾਂਸ ਦੀ ਅਸੰਬਲੀ(ਚੈਂਬਰ ਆਫ ਡਿਪਟੀਜ) ਸੀ। ਇਹ ਇਕ ਕੌਡ਼ਾ ਸੱਚ ਹੈ ਕਿ ਪੂਰੇ ਮੁਲਕ ਅੰਦਰ ਪਸਰੀਆਂ ਬਹੁਤੀਆਂ ਬਿਮਾਰੀਆਂ ਮੁਲਕਾਂ ਦੇ ਇਹੋ ਜਿਹੇ ਉੱਚ ਕੇਂਦਰਾਂ ਵਿਚ ਹੀ ਹੁੰਦੀਆਂ ਹਨ, ਜਿਹ ਬਾਰੇ ਕਵੀ ਪਾਸ਼ ਨੇ ਵੀ ਕਿਹਾ ਹੈ:
                                                    "ਪਾਪ ਦੀ ਇਹ ਨਦੀ,
                                                      ਦਿੱਲੀ ਦੇ ਗੋਲ ਪਰਬਤ ਵਿਚੋਂ ਸਿੰਮਦੀ ਹੈ।"

       ਵੈਲਾਂਟ ਨੇ ਚੈਂਬਰ ਆਫ ਡਿਪਟੀਜ਼ 'ਤੇ ਬਹੁਤ ਹੀ ਜਬਰਦਸਤ ਬੰਬ ਸੁੱਟਿਆ ਪਰ ਇਕ ਔਰਤ ਨੇ ਉਸ ਦਾ ਹੱਥ ਫਡ਼ ਲਿਆ ਜਿਸ ਕਾਰਨ ਕੁਝ ਕੁ ਡਿਪਟੀ (ਮੈਂਬਰ) ਹੀ ਜ਼ਖਮੀ ਹੋਏ ਤੇ ਹੋਰ ਕੋਈ ਨੁਕਸਾਨ ਨਾ ਹੋਇਆ। ਉਸ ਉਪਰ ਮੁੱਕਦਮਾ ਚੱਲਿਆ। ਸ. ਭਗਤ ਸਿੰਘ ਹੁਰਾਂ ਵਾਂਗ ਹੀ ਉਸਨੇ ਅਦਾਲਤ ਵਿਚ ਬਿਆਨ ਦਿੱਤਾ:
         "ਬੋਲੇ ਆਦਮੀ ਨੂੰ ਸੁਣਾਉਣ ਵਾਸਤੇ ਬਡ਼ੀ ਗਰਜਵੀਂ ਆਵਾਜ਼ ਦੀ ਲੋਡ਼ ਹੈ। ਮੇਰੇ ਬੰਬ ਦਾ ਧਮਾਕਾ ਸਿਰਫ ਵਿਦਰੋਹੀ ਵੈਲਾਂਟ ਦੀ ਹੀ ਚੀਕ ਨਹੀ ਹੈ, ਸਗੋਂ ਇਹ ਉਸ ਸ਼੍ਰੇਣੀ ਦੀ ਚੀਕ ਹੈ ਜੋ ਆਪਣੇ ਅਧਿਕਾਰਾਂ ਲਈ ਲਡ਼ਨਾ ਚਾਹੁੰਦੀ ਹੈ ਤੇ ਜੋ ਛੇਤੀ ਹੀ ਆਪਣੇ ਸ਼ਬਦਾਂ ਨੂੰ ਕਾਰਜਰੂਪ ਵਿਚ ਤਬਦੀਲ ਕਰੇਗੀ। 
ਵਿਚਾਰਾਂ ਦੀ ਗਤੀ ਰੋਕਣ ਨਾਲ ਨਹੀ ਰੁਕਦੀ, ਜਿਵੇਂ ਪਿਛਲੀ ਸਦੀ ਵਿਚ ਸਰਕਾਰੀ ਸ਼ਕਤੀਆਂ ਦਿਦਰੋ ਅਤੇ ਵਾਲਟੇਅਰ ਦੇ ਸੁਤੰਤਰ ਵਿਚਾਰਾਂ ਨੂੰ ਆਮ ਜਨਤਾ ਤੱਕ ਪਹੁੰਚਣ ਤੋਂ ਨਹੀ ਰੋਕ ਸਕੀਆਂ, ਇਸੇ ਤਰ੍ਹਾਂ ਅੱਜ ਤੱਕ ਦੀਆਂ ਸਾਰੀਆਂ ਸ਼ਕਤੀਆਂ ਰੋਕਲਿਊਜ਼ ਡਾਰਵਿਨ ਸਪੈਂਸਰ ਅਤੇ ਮਿਰਾਬਊ ਦੇ ਉਹ ਵਿਚਾਰ, ਜਿਨ੍ਹਾਂ ਰਾਹੀ ਆਮ ਲੋਕਾਂ ਦਾ ਅਗਿਆਨ ਹਨੇਰਾ ਦੂਰ ਕਰਕੇ, ਨਿਆਂ ਅਤੇ ਸੁਤੰਤਰਤਾਂ ਦਾ ਉਦੈ ਹੁੰਦਾ ਹੈ, ਨਹੀ ਰੋਕ ਸਕਦੀਆਂ।
ਤੁਸੀ ਹੁਣ ਮੈਨੂੰ ਸਜ਼ਾ ਦੇਣੀ ਹੈ। ਪਰ ਮੈਨੂੰ ਉਸਦਾ ਕੋਈ ਡਰ ਨਹੀ ਕਿਉਕਿ ਮੈਂ ਤੁਹਾਡਾ ਦਿਲ ਦੁਖਾਇਆ ਹੈ, ਜੋ ਕਿ ਗਰੀਬਾਂ ਨਾਲ ਅੱਤਿਆਚਾਰ ਕਰਦੇ ਹੋ ਅਤੇ ਮਿਹਨਤ ਕਰਨ ਵਾਲੇ ਭੁੱਖੇ ਮਰਦੇ ਹਨ ਅਤੇ ਤੁਸੀ ਉਨ੍ਹਾਂ ਦਾ ਲਹੂ ਚੂਸ ਕੇ ਐਸ਼ ਕਰਦੇ ਹੋ। ਮੈਂ ਤੁਹਾਨੂੰ ਚੋਟ ਮਾਰੀ ਹੈ, ਹੁਣ ਤੁਹਾਡੀ ਵਾਰੀ ਹੈ।" 
ਕੰਵਰਜੀਤ ਸਿੰਘ ਸੰਗੂਧੌਣ 
ਫਰਾਂਸ ਦੇ ਵਿਦਵਾਨਾਂ ਵਲੋਂ, ਉਸਦੇ ਭਾਵਾਂ ਤੋਂ ਪ੍ਰਭਾਵਿਤ ਹੋ ਕਿ ਪ੍ਰਧਾਨ ਕਰਨਾਟ ਜਾਂ ਕਰਨੋਰ ਤੋਂ ਵੈਲਾਂਟ ਦੇ ਜੀਵਨ ਦੀ ਮੰਗ ਕੀਤੀ ਗਈ ਜੋ ਠੁਕਰਾ ਦਿੱਤੀ ਗਈ। ਹਮਲੇ ਵਿਚ ਸਭ ਤੋਂ ਵੱਧ ਜ਼ਖਮੀ ਹੋਏ ਮੈਂਬਰ ਨੇ ਵੀ ਵੈਲਾਂਟ 'ਤੇ ਰਹਿਮ ਕਰਨ ਲਈ ਜਿਊਰੀ ਨੂੰ ਅਪੀਲ ਕੀਤੀ, ਪਰ ਪ੍ਰਧਾਨ ਨੇ ਜਿਊਰੀ ਉਸ ਦੀ ਗੱਲ ਨਾ ਮੰਨਣ ਲਈ ਕਿਹਾ ਤੇ ਜਿਉਰੀ ਨੇ ਉਸਨੂੰ ਮੌਤ ਦੀ ਸਜ਼ਾ ਦਿੱਤੀ। 1894 ਈ: ਵਿਚ ਵੈਲਾਂਟ ਨੂੰ ਫਾਂਸੀ ਦੇ ਦਿੱਤੀ ਗਈ। ਕੁਝ ਸਮੇਂ ਬਾਅਦ ਇਟਲੀ ਦੇ ਇਕ ਮਹਾਨ ਅਰਾਜਕਤਾਵਾਦੀ ਨੇ ਪ੍ਰਧਾਨ ਕਰਨੌਰ ਜਾਂ ਕਰਨਾਟ ਨੂੰ ਖੰਜਰ ਮਾਰ ਕੇ ਖਤਮ ਕਰ ਦਿੱਤਾ। ਉਸ ਖੰਜਰ ਦੇ ਮੁੱਠੇ 'ਤੇ 'ਵੈਲਾਂਟ' ਲਿਖਿਆ ਹੋਇਆ ਸੀ। 
ਸੋ ਇਹ ਸੀ ਫਰਾਂਸ ਦੇ ਮਹਾਨ ਸ਼ਹੀਦ ਵੈਲਾਂਟ ਦੀ ਗਾਥਾ, ਜਿਸਦੀਆਂ ਕੁਝ ਜੀਵਨ ਘਟਨਾਵਾ ਸ.ਭਗਤ ਸਿੰਘ ਦੇ ਇਨਕਲਾਬੀ ਕਾਰਨਾਮਿਆ ਨਾਲ ਮੇਲ ਖਾਂਦੀਆਂ ਹਨ। (ਨਵੀ ਛਪੀ ਕਿਤਾਬ "ਸ਼ਹੀਦ ਭਗਤ ਸਿੰਘ ਜੀਵਨ ਤੇ ਸੰਘਰਸ਼")-- ਕੰਵਰਜੀਤ ਸਿੰਘ ਸੰਗੂਧੌਣ                                                                                                          
ਸੰਪਰਕ:ਪਿੰਡ ਸੰਗੂਧੌਣ ਤਹਿਸੀਲ ਤੇ ਜਿਲਾ ਸ਼੍ਰੀ ਮੁਕਤਸਰ ਸਾਹਿਬ                                                                                            
ਮੋਬਾਈਲ :- 98159-5769                                                                                                                                                                                                                    

Tuesday, April 26, 2011

ਜੋ ਕੁਝ ਚੰਡੀਗੜ੍ਹ ਵਿਚ ਵਾਪਰ ਚੁੱਕਾ ਹੈ ਉਹ ਪੰਜਾਬ ਵਿਚ ਵੀ ਵਾਪਰਨ ਜਾ ਰਿਹਾ ਹੈ


ਜਿਸ ਪੰਜਾਬ ਵਿੱਚ ਕਦੇ ਲੱਸੀ, ਮੱਖਣ, ਮੱਕੀ ਦੀ ਰੋਟੀ, ਸਰੋਂ ਦੇ ਸਾਗ ਦੀਆਂ ਮਹਿਕਾਂ ਆਉਂਦੀਆਂ ਸਨ ਹੁਣ ਉਸ ਪੰਜਾਬ ਵਿੱਚ ਹਰ ਗਲੀ ਦੇ ਹਰ ਮੋੜ ਤੇ ਸਿਗਰਟਾਂ, ਬੀੜੀਆਂ ਅਤੇ ਤੰਬਾਕੂ ਵਾਲੀਆਂ ਪੁੜੀਆਂ ਵਿਕਦੀਆਂ ਹਨ. ਬਹੁਤ ਕੁਝ ਹੋਰ ਵੀ ਹੋ ਰਿਹਾ ਹੈ. ਉਸ ਗੰਭੀਰ ਖਤਰੇ ਬਾਰੇ ਗੱਲ ਕਰਦਿਆਂ ਅੱਜ ਏਥੇ ਦਿੱਤੀ ਜਾ ਰਹੀ ਹੈ ਇੱਕ ਅਜਿਹੀ ਲਿਖਤ ਜਿਹੜੀ ਪੰਜਾਬ ਵਿੱਚ ਸ਼ੁਰੂ ਹੋ ਚੁੱਕੀਆਂ ਤਬਦੀਲੀਆਂ ਬਾਰੇ ਇੱਕ ਵਾਰ ਫੇਰ ਚਿੰਤਾ ਦਾ ਪ੍ਰਗਟਾਵਾ ਕਰ ਰਹੀ ਹੈ. ਇਸ ਲਿਖਤ ਏਥੇ ਨੂੰ ਹੂ-ਬ-ਹੂ ਪ੍ਰਕਾਸ਼ਿਤ ਕੀਤਾ ਜਾ ਰਿਹਾ. ਜੇ ਤੁਸੀਂ ਇਸਦੇ ਹੱਕ ਜਾਨ ਵਿਰੋਧ ਵਿੱਚ ਕੁਝ ਵੀ ਕਹਿਣਾ ਚਾਹੁੰਦੇ ਹੋ ਤਾਂ ਤੁਹਾਡੇ ਵਿਚਾਰਾਂ ਦਾ ਸੁਆਗਤ ਹੈ.--ਰੈਕਟਰ ਕਥੂਰੀਆ

ਕੰਵਲ ਦਾ ਫਿਕਰ ਤੇ ਭਈਆਂ ਦੇ ਭੈਅ ਦਾ ਦੈਂਤ//ਰਾਜਿੰਦਰ ਰਾਹੀ 

ਪੰਜਾਬ ਵਿਚਲੇ ਕਮਿਊਨਿਸਟਾਂ,ਨਕਸੀਆਂ ਅਤੇ ਬਦੇਸ਼ਾਂ 'ਚ ਵਸਦੇ ਖਾਬੇ ਪੱਖੀ ਬੁੱਧੀਜੀਵੀਆਂ ਵੱਲੋ ਜਿਨਾਂ ਕੰਵਲ ਨੂੰ 'ਭਈਆਂ' ਦੇ ਮੁੱਦੇ 'ਤੇ ਬੱਦੂ ਕੀਤਾ ਗਿਆ ਹੈ, ਕਿਸੇ ਹੋਰ ਮਸਲੇ 'ਤੇ ਨਹੀ ਕੀਤਾ ਗਿਆ।ਇਹ ਸਾਰਾ ਕੁੱਝ ਕੰਵਲ ਦੇ ਵਿਚਾਰਾਂ ਦੀ ਗਹਿਰਾਈ, ਉਸਦੀ ਫਿਕਰਮੰਦੀ ਤੇ ਸੁਹਿਰਦਤਾ ਨੂੰ ਪ੍ਰਸੰਗ ਨਾਲੋਂ ਤੋੜਕੇ ਕੀਤਾ ਗਿਆ ਹੈ। ਕਦੇ ਉਸਨੂੰ ਮਲਿਕ ਭਾਗੂਆਂ ਦਾ, ਕਦੇ ਨਸਲਵਾਦੀ ਈਨਕ ਪਾਵਲ ਦਾ ਤੇ ਕਦੇ ਲੁਟੇਰਿਆਂ ਜਮਾਤਾਂ ਦਾ ਯਾਰ ਕਿਹਾ ਗਿਆ।ਬਦੇਸ਼ੀ ਖੱਬੇ ਪੱਖੀਆਂ ਵਲੋਂ ਇਕੋ ਰੱਟ ਲਗਾਈ ਜਾਂਦੀ ਹੈ ਕਿ 'ਜਿਵੇਂ ਪੰਜਾਬ 'ਚ ਭਈਏ ਕੰਮ ਕਰਨ ਆਉਦੇ ਹਨ, ਅਸੀਂ ਵੀ ਕਨੇਡਾ-ਅਮਰੀਕਾ ਵਿਚ ਆ ਕੇ ਕੰਮ ਕਰਦੇ ਹਾਂ।ਉਨਾਂ ਵਲੋਂ ਇਹੋ ਜਿਹੀਆ ਕੱਚੀਆਂ ਦਲੀਲਾਂ ਦੇ ਕੇ ਮਸਲੇ ਨੂੰ ਸਿਰ ਪਰਨੇ ਖੜ੍ਹਾ ਕੀਤਾ ਜਾਦਾ ਹੈ। 
ਅਸਲ ਵਿਚ ਕੰਵਲ ਦੀ ਫਿਕਰਮੰਦੀ ਕੀ ਹੈ ? ਕੰਵਲ ਪੰਜਾਬ ਨੂੰ ਇਕ ਵੱਖਰੀ ਸੱਭਿਆਚਾਰਕ ਇਕਾਈ ਮੰਨਦਾ ਹੈ। ਖੱਬੇ ਪੱਖੀ ਸਿਰਫ ਪੰਜਾਬ ਨੂੰ ਇਕ ਪ੍ਰਬੰਧਕੀ ਇਕਾਕੀ (ਅਦਮਨਿਸਿਟਰaਟਵਿe ਭਲੋਚਕ) ਮੰਨਦੇ ਹਨ। ਕੰਵਲ ਕੇਂਦਰ ਅਤੇ ਪੰਜਾਬ ਦਾ ਸਬੰਧ ਬਸਤੀਵਾਦੀ (ਛੋਲੋਨaਿਲ) ਮੰਨਦਾ ਹੈ। ਖੱਬੇ ਪੱਖੀ ਇਹ ਸਬੰਧ ਬਸਤੀਵਾਦੀ ਨਹੀ, ਦੂਜੇ ਸੂਬਿਆਂ ਵਾਂਗ ਹੀ ਸਾਂਵੇਂ ਸਬੰਧ ਮੰਨਦੇ ਹਨ।ਕੰਵਲ ਆਖਦਾ ਹੈ ਪੰਜਾਬ ਵਿਚ ਹਿੰਦੂ ਅਤੇ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ। ਚਾਹੇ ਸਿੱਖਾਂ ਦਾ ਤਵਾਜ਼ਨ ਹਿੰਦੂਆਂ ਨਾਲੋ ਕੁਝ ਹੀ ਵੱਧ ਹੈ। ਉਹ ਆਖਦਾ ਹੈ ਕਿ ਇਥੇ ਸਿੱਖ ਧਰਮ ਨੂੰ ਮੰਨਣ ਵਾਲੇ ਲੋਕਾਂ ਦਾ ਧਰਮ ਵੱਖਰਾ ਹੈ, ਇਤਿਹਾਸ ਵੱਖਰਾ ਹੈ, ਅਕੀਦੇ ਵੱਖਰੇ ਹਨ, ਧਾਰਮਿਕ ਗ੍ਰੰਥ ਵੱਖਰਾ ਹੈ, ਆਤਮਿਕ ਪ੍ਰੇਰਣਾ ਦੇ ਸੋਮੇ ਵੱਖਰੇ ਹਨ, ਰੋਜ਼ੀ ਰੋਟੀ ਕਮਾਉਣ ਦੇ ਸਾਧਨ ਵੱਖਰੇ ਹਨ, ਇਹਨਾਂ ਸਭਨਾ ਤੋ ਇਲਾਵਾ ਇਨਾਂ ਲੋਕਾਂ ਦੀ ਇਕ ਵੱਖਰੀ ਤੇ ਵਿਲੱਖਣ ਪਛਾਣ ਹੈ ਜੋ ਇਹਨਾਂ ਦੇ ਰਹਿਬਰ ਸਿੱਖ ਗੁਰੂਆਂ ਵਲੋਂ ਬਖਸ਼ੀ ਗਈ ਹੈ।ਪਰ ਨਾ ਤਾਂ ਖੱਬੇ ਪੱਖੀ ਸਿੱਖਾਂ ਦਾ ਇਹ ਦਾਅਵਾ ਪ੍ਰਵਾਨ ਕਰਨ ਲਈ ਤਿਆਰ ਹਨ, ਨਾ ਭਾਰਤੀ ਸਟੇਟ ਤੇ ਨਾ ਹੀ ਹਿੰਦੂ ਭਾਈਚਾਰਾ।ਹਿੰਦੂ ਲਗਾਤਾਰ ਇਹ ਕਹਿੰਦੇ ਆ ਰਹੇ ਹਨ ਕਿ ਸਿੱਖ , ਹਿੰਦੂ ਧਰਮ ਦਾ ਹੀ ਇੱਕ ਅੰਗ ਹਨ, ਇਨ੍ਹਾਂ ਦੀ ਕੋਈ ਵਿਲੱਖਣ ਹਸਤੀ ਤੇ ਪਛਾਣ ਵੀ ਨਹੀ।ਕੰਵਲ ਆਖਦਾ ਹੈ ਕਿ ਭਾਰਤੀ ਸਟੇਟ ਨੂੰ ਹਿੰਦੂ ਬੁਰਜ਼ਵਾਦੀ ਅਪਰੇਟ ਕਰਦੀ ਹੈ। ਖੱਬੇ ਪੱਖੀ ਆਖਦੇ ਹਨ ਕਿ ਭਾਰਤੀ ਸਟੇਟ ਧਰਮ ਨਿਪੱਖ ਹੈ।ਕੰਵਲ ਆਖਦਾ ਹੈ ਕਿ ਹਿਦੂੰਆਂ ਅਤੇ ਭਾਰਤੀ ਸਟੇਟ ਅੰਦਰ ਇਕ ਫਾਂਸ਼ੀ ਕਿਸਮ ਦੀ ਅਮੋੜ ਰੁਚੀ ਕੰਮ ਕਰਦੀ ਹੈ ਕਿ ਅਸੀਂ ਸਿੱਖ ਭਾਈਚਾਰੇਦੀ ਵਿਲੱਖਣ ਪਛਾਣ ਖਤਮ ਕਰਨੀ ਹੀ ਕਰਨੀ ਹੈ, ਇਸ ਨੂੰ ਜੈਨ ਧਰਮ ਤਟ ਬੁੱਧ ਧਰਮ ਵਾਂਗ ਹਿੰਦੂ ਸਮਾਜ ਦੇ ਖਾਰੇ ਸਮੁੰਦਰ ਵਿਚ ਡੋਬਣਾ ਹੈ। ਪਰ ਦੂਜੇ ਪਾਸੇ ਸਿੱਖ ਭਾਈਚਾਰਾ ਜੋ ਪੂਰੇ ਦੇਸ਼ ਵਿਚ ਤਾਂ ਨਿਗੂਣੀ ਘੱਟ ਗਿਣਤੀ ਹੈ, ਆਪਣੀ ਜੰਮਣ ਭੋਇ ਪੰਜਾਬ ਵਿਚ ਵੀ ਹਿੰਦੂਆਂ ਨਾਲੋੰ ਕੁਝ ਪ੍ਰਸੈਟ ਹੀ ਬਹੁਗਿਣਤੀ ਵਿਚ ਹੈ, ਆਪਣੀ ਮੌਂਲਕ ਹਸਤੀ, ਸ਼ੁੱਧਤਾਂ ਅਤੇ ਵਿੱਲਖਣ ਪਛਾਣ ਕਾਇਮ ਰਖੱਣ ਲਈ ਦਿੜ੍ਹ ਸੰਕਲਪ ਹੈ।

ਘੁੰਡੀ ਇਥੇ ਆ ਕੇ ਪੈਂਦੀ ਹੈ। ਕੰਵਲ, ਯੂ. ਪੀ. ਬਿਹਾਰ  ਦੇ ਭਈਆਂ ਵਲੋਂ ਪੰਜਾਬ 'ਚ ਕਿਰਤ ਕਰਨ ਵਾਲੇ ਕਿਰਤੀਆਂ ਵਜੋਂ ਖਿਲਾਫ ਨਹੀ, ਉਨ੍ਹਾਂ ਦੇ ਪੱਕੇ ਵਸੇਬੇ ਨਾਲ ਇਥੋਂ ਦੇ ਸਭਿਆਚਾਰਕ, ਧਾਰਮਿਕ ਤੇ ਰਾਜਸੀ ਵਰਤਾਰਿਆਂ ਵਿਚ ਪੈਣ ਵਾਲੀਆਂ ਗੁੰਝਲਾਂ ਤੋਂ ਫਿਕਰਮੰਦ ਹੈ। ਜੇਕਰ ਇਹ ਲੋਕ ਪੰਜਾਬ ਵਿਚ ਵੋਟਾਂ ਬਣਵਾਏ ਇਥੇ ਪੱਕਾ ਵਸੇਬਾ ਕਰਦੇ ਹਨ ਤਾਂ ਜਨਗਣਨਾ ਵਿਚ ਉਹ ਆਪਣੇ ਆਪ ਨੂੰ ਹਿਦੂੰ ਲਿਖਵਾਉਣਗੇ, ਜਿਸ ਨਾਲ ਪੰਜਾਬ 'ਚ ਰਹਿਣ ਵਾਲੇ ਹਿਦੂੰਆਂ ਦੀ ਗਿਣਤੀ ਵਿਚ ਵਾਧਾ ਹੋਵੇਗਾ। ਦੂਜਾ ਉਹ ਆਪਣੀ ਮਾਂ ਬੋਲੀ ਹਿੰਦੀ ਲਿਖਵਾਉਣਗੇ ਕਿਉਕਿ ਜੇਕਰ ਸਦੀਆਂ ਤੋਂ ਦੇ ਵਸੇਬ ਦੇ ਬਾਵਜੂਦ ਵੀ, ਪੰਜਾਬ ਦਾ ਹਿੰਦੂ ਢਿੱਡੋਂ ਪੰਜਾਬੀ ਨੂੰ ਅਪਣਾਉਣ ਲਈ ਤਿਆਰ ਨਹੀਂ ਹੈ ਤਾਂ ਦਸ ਵੀਹ ਸਾਲਾਂ ਦੇ ਆਏ ਇਹ ਲੋਕ ਕਿਵੇਂ ਆਪਣੀ ਮਾਂ ਬੋਲੀ ਹਿੰਦੀ ਛੱਡਕੇ ਪੰਜਾਬੀ ਅਪਣਾਉਣਗੇ ? ( ਉਝ ਬਹੁਤੇ ਬੁੱਧੀ ਜੀਵੀਂ ਸੁਰਜੀਤ ਪਾਤਰ ਦੀ ਕਵਿਤਾ 'ਨੰਦ ਕਿਸ਼ੋਰ' ਪੜ੍ਹਕੇ ਲਾਚੜੇ ਫਿਰਦੇ ਹਨ ਕਿ ਭਈਆ ਦੇ ਬੱਚੇ ਪੰਜਾਬੀ ਪੜ੍ਹਨ ਲੱਗ ਪਏ ਹਨ, ਜੋ ਅਸਲ ਹਕੀਕਤਾ ਨੂੰ ਝੂਠਲਾਉਣਾ ਹੈ ਤੇ ਸਟੇਟ ਦਾ ਆਈਡੀਆ ਹੈ) ਇਸ ਤਰਾਂ ਕਰਨ ਨਾਲ ਪੰਜਾਬ ਦੋ ਭਾਸ਼ੀ ਸੂਬਾ ਬਣ ਜਾਵੇਗਾ (ਇਥੇ ਪਹਲਾ ਹੀ ਅੁਤਰੀ ਭਾਰਤ ਦੀਆਂ ਵੱਡੀਆਂ ਹਿੰਦੀ ਅਖਬਾਰਾਂ ਦੇ ਐਡੀਸ਼ਨ ਨਿਕਲਣ ਲੱਗ ਪਏ ਹਨ।) ਇਹ ਹਨ 'ਭਈਆਂ ਦੀ ਹੋਂਦ ਦੇ ਸੂਖਮ ਖਤਰੇ ਜਿਨ੍ਹਾਂ ਤੋਂ ਜਸਵੰਤ ਸਿੰਘ ਕੰਵਲ ਭੈ ਭੀਤ ਹੈ।
ਹੁਣ ਗੱਲ ਕਰਦੇ ਹਾਂ ਬਦੇਸ਼ਾਂ ਵਿਚ ਗਏ ਪੰਜਾਬ ਦੇ ਖੱਬੇ ਪੱਖੀ ਬੁੱਧੀਜੀਵੀਆਂ ਦੀ ਜੋ ਪੰਜਾਬ ਨੂੰ ਕਨੇਡਾ ਅਮਰੀਕਾ ਨਾਲ ਮੇਲਦੇ ਹਨ। ਪੰਜਾਬ ਵਿਚ ਭਈਆ ਦੇ ਆਉਣ ਅਤੇ ਇਥੋਂ ਦੇ ਲੋਕਾਂ ਵਲੋਂ ਕਨੇਡਾ ਅਮਰੀਕਾ ਜਾਣ ਦੇ ਅਮਲ ਨੂੰ ਉਹ ਜਿੰਨਾ ਸਰਲ ਤੇ ਸਿੱਧ-ਪੱਧਰਾ ਬਣਾ ਕੇ ਪੇਸ਼ ਕਰਦੇ ਹਨ, ਕਈ ਵਾਰ ਉਨ੍ਹਾਂ ਦੇ ਤਰਕ ਅਤੇ ਯੋਗਤਾ ਨੂੰ ਦੇਖਕੇ ਹਾਸਾ ਵੀ ਆਉਦਾ ਹੈ ਤੇ ਕਈ ਵਾਰ ਰੋਣ ਵੀ ਆਉਦਾ ਹੈ। ਉਨ੍ਹਾਂ ਵਲੋ ਕਨੇਡਾ ਅਮਰੀਕਾ ਜਾਣ ਨੂੰ ਇੰਜ ਪੇਸ਼ ਕੀਤਾ ਜਾਦਾ ਹੈ ਜਿਵੇਂ ਜਣਾ-ਖਣਾ ਜਦੋਂ ਜੀਅ ਚਾਹੇ ਜਹਾਜ਼ ਫੜਕੇ ਕਨੇਡਾ ਅਮਰੀਕਾ ਉਤਰ ਸਕਦਾ ਹੈ। ਪਹਿਲੀ ਗੱਲ ਇਹ ਹੈ ਇਨ੍ਹਾਂ ਮੁਲਕਾਂ ਦੇ ਲੋਕਾਂ ਦੀਆਂ ਗਿਣਤੀਆਂ ਮਿਣਤੀਆਂ ਇੰਨੀਆਂ ਸਟੀਕ ਹਨ ਕਿ ਉਨ੍ਹਾਂ ਨੂੰ ਪਤਾ ਹੈ ਕਿ ਕੀਹਨੂੰ ਵੀਜ਼ਾ ਦੇਣਾ ਹੈ, ਕੀਹਨੂੰ ਨਹੀ ਦੇਣਾ ਹੈ, ਕਿਨ੍ਹੇ ਲੋਕ, ਕਿਹੋ ਜਿਹੇ ਲੰਘਾਉਣੇ ਹਨ, ਉਨ੍ਹਾਂ ਵਿਚ ਦਸਤਕਾਰ, ਗੈਰ ਦਸਤਕਾਰ , ਮਜ਼ਦੂਰ, ਵਪਾਰੀ, ਡਾਕਟਰ,ਇੰਜੀਨੀਅਰ,ਸਟੂਡੈਂਟਸ ਕਿੰਨੇ ਹੋਣੇ ਚਾਹੀਦੇ ਹਨ।ਜਿਥੇ ਕਿਤੇ ਵੀ ਉਨ੍ਹਾਂ ਦੀਆ ਗਿਣਤੀਆਂ ਮਿਣਤੀਆਂ ਗੜਬੜਾਉਂਦੀਆਂ ਹਨ, ਉਥੇਂ ਹੀ ਉਹ ਵਿਜ਼ੇ ਦੀਆਂ ਸ਼ਰਤਾ ਕਸ ਦਿੰਦੇ ਹਨ। ਦੂਜੀ ਗੱਲ ਜੋ ਵੀ ਲੋਕ ਉਨ੍ਹਾਂ ਦੇ ਮੁਲਕਾਂ ਵਿਚ ਜਾਂਦੇ ਹਨ, ਉਨ੍ਹਾਂ ਕੋਲੋ ਉਨ੍ਹਾਂ ਦੇ ਧਰਮ ਨੂੰ ਕੋਈ ਖ਼ਤਰਾ ਨਹੀ ਹੈ, ਤੀਜਾ, ਉਨਾਂ ਦੀ ਬੋਲੀ ਨੂੰ ਕੋਈ ਖ਼ਤਰਾ ਨਹੀ, ਰੁਜ਼ਗਾਰ ਅਤੇ ਸੰਚਾਰ ਦੀਆਂ ਸਹੂਲਤਾਂ ਲਈ ਸਾਡੇ ਲੋਕ ਆਪਣੀ ਬੋਲੀ ਅਪਣਾਉਦੇ ਹਨ। ਕੀ ਪੰਜਾਬ 'ਚ ਆਉਣ ਵਾਲੇ ਭਈਆਂ ਨੂੰ ਰੁਜ਼ਗਾਰ ਜਾਂ ਸੰਚਾਰ 'ਚ ਕੋਈ ਅਜਿਹੀ ਮੁਸ਼ਕਲ ਆਉਦੀ ਹੈ?ਜਿਸ ਨਾਲ ਉਹ ਪੰਜਾਬੀ ਬੋਲੀ ਲਿਖਣ ਪੜ੍ਹਣ ਲਈ ਮਜਬੂਰ ਹੋ ਜਾਣ?
ਬਿਲਕੁਲ ਨਹੀਂ। ਚੌਥਾ ਗੋਰੇ ਲੋਕਾਂ ਦੇ ਸੱਭਿਆਚਾਰ ਨੂੰ ਸਾਡੇ ਲੋਕਾਂ ਤੋਂ ਕੋਈ ਖ਼ਤਰਾ ਨਹੀ ਹੈ।ਪੰਜਵੀਂ ਇਤਿਹਾਸ ਦੀ ਗੱਲ, ਵੈਸੇ ਤਾਂ ਉਹ ਧਾੜਵੀ ਲੋਕ ਹਨ,ਹਮਲਾਵਰ ਬਣਕੇ ਇਨ੍ਹਾਂ ਧਰਤੀਆਂ 'ਤੇ ਕਬਜ਼ੇ ਕੀਤੇ ਹਨ, ਅਸੀਂ ਉਨ੍ਹਾਂ ਦਾ ਕੀ ਇਤਿਹਾਸ ਵਿਗਾੜ ਦਿਆਂਗੇ?ਸਾਡੇ ਬੁਧੀਜੀਵੀਂ ਦਲੀਲ ਦਿੰਦੇ ਹਨ ਕਿ ਸਾਡੇ ਲੋਕ ਕਨੇਡਾ ਅਮਰੀਕਾ ਵਿਚ ਐਮ.ਐਲ ਏ., ਐਮ.ਪੀ. ਬਣ ਜਾਂਦੇ ਹਨ  ਪਰ ਸਟੇਟ ਪਾਵਰ ਨੂੰ ਕੌਣ ਲੋਕ ਅਪਰੇਟ ਕਰਦੇ ਹਨ? ਪਹਿਲੀ ਗੱਲ ਤਾਂ ਇੱਕਾ ਦੁੱਕਾ ਤੋਂ ਵੱਧ ਸਾਡੇ ਲੋਕ ਐਮ.ਐਲ ਏ., ਐਮ.ਪੀ. ਬਣ ਨਹੀ ਸਕਦੇ, ਪਰ ਫਿਰ ਵੀ ਜੇ ਬਣ ਵੀ ਜਾਣ ਤਾਂ ਉਨ੍ਹਾਂ ਲੋਕਾਂ ਦਾ ਸਿਸਟਮ ਐਨਾ ਮਜ਼ਬੂਤ ਹੈ ਕਿ ਉਸ ਨੂੰ ਇਹ ਕਿਸੇ ਪੱਖੋਂ ਵੀ ਕੋਈ ਵੀ ਫਰਕ ਨਹੀ ਪਾ ਸਕਦੇ।ਪਰ ਜੇਕਰ ਸਾਡੇ ਲੁਧਿਆਣੇ ਵਰਗੀ ਸੀਟ ਤੋਂ ਇਕ ਵੀ ਭਈਆ ਐਮ,ਪੀ. ਬਣਨ ਦੀ ਹਾਲਤ ਵਿਚ ਆ ਜਾਦਾ ਹੈ ਤਾਂ ਸਾਡੇ ਲਈ ਇਕ ਵੱਡੀ ਖਤਰੇ ਦੀ ਘੰਟੀ ਹੋਵੇਗੀ। ਪੰਜਾਬ ਦੀ ਸਿਆਸਤ ਅੰਦਰ ਲਾਲੂ ਪ੍ਰਸਾਦ ਯਾਦਵ, ਨਤੀਸ਼ ਕੁਮਾਰ,ਮੁਲਾਇਮ ਸਿੰਘ,ਲਾਲ ਕ੍ਰਿਸ਼ਨ ਅਡਵਾਨੀ,ਨਰਿੰਦਰ ਮੋਦੀ ਵਰਗਿਆ ਦੀ ਦਖਲ ਅੰਦਾਜ਼ੀ ਲਈ ਰਾਹ ਖੁਲ੍ਹ ਜਾਵੇਗਾ।

ਇਹ ਲੋਕ ਪੰਜਾਬ ਦੀ ਤੁਲਨਾ ਤਾਂ ਕਨੇਡਾ ਅਮਰੀਕਾ ਨਾਲ ਕਰਦੇ ਹਨ, ਕੀ ਪੰਜਾਬ ਕੋਲ ਉਹ ਅਧਿਕਾਰ ਹਨ,ਜੋ ਕਨੇਡਾ-ਅਮਰੀਕਾ ਆਪਣੀਆ ਸਟੇਟਾਂ ਨੂੰ ਦੇ ਰੱਖੇ ਹਨ? ਖਨੇਡਾ ਦੀ ਕਿਊਬਕ ਸਟੇਟ ਨੂੰ ਵੱਖ ਹੋਣ ਦਾ ਅਧਿਕਾਰ ਵੀ ਹੈ,ਇਸ ਸੰਬੰਧੀ ਉਹ ਵਾਰ ਰਾਇ ਸ਼ੁਮਾਰੀ ਵੀ ਕਰਵਾ ਚੁੱਕੇ ਹਨ, ਸਭ ਤੋਂ ਵੱਡੀ ਗੱਲ ਉਸ ਕੋਲ ਮਿਮਗਿਰaਟਿਨ ਫਾeਰ ਵੀ ਹੈ, ਜਿਸ ਨਾਲ ਉਹ ਆਪਣੀ ਆਬਾਦੀ ਦੇ ਤਵਾਜ਼ਨ ਨੂੰ ਕੰਟਰੋਲ ਰੱਖ ਸਕਦਾ ਹੈ। ਪੰਜਾਬ ਨੇ ਤਾਂ ਕੇਦਰ ਕੋਲੋਂ ਸਿਰਫ ਅਧਿਕਾਰ ਹੀ ਮੰਗੇ ਸਨ,ਇਸਦਾ ਹਸ਼ਰ ਜੱਗ ਜ਼ਾਹਰ ਹੈ,ਕਿਵੇੰ ਇੱਥੇ ਖੂਨ ਦੀਆਂ ਨਦੀਆ ਵਹਾਈਆਂ ਗਈਆਂ।

ਜਿਸ ਨੂੰ ਪੰਜਾਬ ਦਾ ਮੋਹ ਹੈ, ਇਥੋਂ ਦੇ ਲੋਕਾਂ ਦਾ ਦਰਦ ਹੈ, ਇਥੋਂ ਦੀ ਬੋਲੀ,ਇਤਿਹਾਸ,ਸਭਿਆਚਾਰ ਤੇ ਧਰਮ ਨਾਲ ਜੁੜਿਆ ਹੈ,ਉਸ ਨੂੰ ਹੀ ਪੰਜਾਬ ਦੀਆਂ ਬਣੀਆਂ ਦਾ ਅਹਿਸਾਸ ਹੋ ਸਕਦਾ ਹੈ। ਜੋ ਲੋਕ ਧਰਮ ਨੂੰ ਬੇਦਾਵਾ ਦੇ ਗਏ ਹਨ,ਆਪਣੇ ਆਪ ਨੂੰ ਸਿੱਖ ਭਾਈਚਾਰੇ ਦੇ ਮੈਬਰ ਹੋਣ ਤੋਂ ਇਨਕਾਰੀ ਹਨ,ਸ੍ਰ. ਜਸਵੰਤ ਸਿੰਘ ਕੰਵਲ ਦੇ ਸ਼ਬਦਾਂ 'ਚ "ਪੰਜਾਬ ਉਹਨਾਂ ਲਈ ਹੋਇਆ ਨਾ  ਹੋਇਆ ਇੱਕ ਬਰਾਬਰ ਹੈ"

ਜੇਕਰ ਪੰਜਾਬ ਵਿੱਚ ਭਈਆਂ ਦਾ ਪੱਕਾ ਵਸੇਬਾ ਹੋ ਜਾਦਾ ਹੈ ਤਾਂ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਕੀਤੀਆ ਗਈਆਂ ਕੁਰਬਾਨੀਆਂ ਮਿੱਟੀ- ਘੱਟੇ ਵਿਚ ਰੁਲ ਜਾਣਗੀਆਂ। ਪੰਜਾਬ ਦੀ ਖੁਦ-ਮੁਖਤਿਆਰੀ ਲਈ ਜਦੋ-ਜਹਿਦ ਨੂੰ ਤਕੜੀ ਸੱਟ ਵੱਜੇਗੀ।ਚੰਡੀਗੜ੍ਹ ਦੀ ਮਿਸਾਲ ਸਾਡੇ ਸਾਹਮਣੇ ਹੈ ਕਿਵੇਂ ਚੰਡੀਗੜ ਵਿਚ ਗੈਰ-ਸਿੱਖ ਵਸੋਂ ਨੂੰ ਵੱਡੀ ਪੱਧਰ 'ਤੇ ਵਸਾ ਕੇ ਅਤੇ ਉਸ ਲਈ ਕੇਂਦਰੀ ਖਜਾਨੇ ਦਾ ਮੂੰਹ ਖੋਹਲਕੇ, ਉਸ ਨੂੰ ਪੰਜਾਬ ਕੋਲੋਂ ਸਦਾ ਲਈ ਖੋਹ ਲਿਆ ਹੈ।ਅੱਜ ਚੰਡੀਗੜ੍ਹ ਸ਼ਹਿਰ ਦੀ ਰੂਹ ਵਿਚੋਂ ਸਿੱਖੀ ਵੀ ਗਾਇਬ ਹੈ ਅਤੇ ਪੰਜਾਬੀ ਵੀ।ਅੱਜ ਉਥੇ ਗੜ੍ਹਵਾਲੀ, ਉਤਰਾਂਚਲ ਭਵਨ,ਹਿਮਾਚਲ ਭਵਨ,ਉਤਰ ਪ੍ਰਦੇਸ਼ ਭਵਨ,ਰਾਜਸਥਾਨ ਭਵਨ ਤੇ ਬਿਹਾਰ ਭਵਨਾਂ ਦਾ ਬੋਲਬਾਲਾ ਹੈ। ਹੁਣ ਉਥੇ ਰਾਇ-ਸ਼ੁਮਾਰੀ ਕਰਵਾਕੇ ਵੇਖ ਲੈਣ ਦੀਆਂ ਗੱਲਾਂ ਕੀਤੀਆਂ ਜਾ ਰਹੀਆ ਹਨ। ਕੰਵਲ ਸਾਹਿਬ ਜਾਣਦੇ ਹਨ ਕਿ ਜੋ ਕੁਝ ਚੰਡੀਗੜ੍ਹ ਵਿਚ ਵਾਪਰ ਚੁੱਕਾ ਹੈ ਉਹ ਪੰਜਾਬ ਵਿਚ ਵੀ ਵਾਪਰਨ ਜਾ ਰਿਹਾ ਹੈ।ਦੁਨੀਆਂ ਦੇ ਕਿਨੇ ਹੀ ਮੁਲਕਾਂ ਅੰਦਰ ਕਿੰਨੀਆ ਹੀ ਨਾਲ ਅਜਿਹੇ ਹਾਦਸੇ ਵਾਪਰ ਚੁੱਕੇ ਹਨ। ਹਾਕਮ ਕੌਮਾਂ ਨੇ ਗੁਲਾਮ ਕੌਮਾਂ ਨੂੰ ਨਿਸਲ ਕਰੀ ਰੱਖਣ ਲਈ,ਉਹਨਾਂ ਦੀਆਂ ਧਰਤੀਆਂ 'ਤੇ ਆਪਣੀ ਵਸੋਂ ਨੂੰ ਵੱਡੀ ਪੱਧਰ 'ਤੇ ਅਪਣੀ ਵਸੋਂ ਨੂੰ ਵੱਡੀ ਪੱਧਰ 'ਤੇ ਵਸਾਇਆ ਹੈ।ਇਕ ਆਦਮੀ,ਇਕ ਵੋਟ ਵਾਲੇ ਜਮਹੂਰੀ ਸਿਸਟਮ ਵਿਚ ਘੱਟ-ਗਿਣਤੀਆਂ ਨੂੰ ਸਦਾ ਸਦਾ ਲਈ ਦਬਾ ਕੇ ਰੱਖਣ ਲਈ ਇਹ ਕਾਰਗਰ ਹਥਿਆਰ ਸਾਬਤ ਹੋਇਆ ਹੈ। ਭਈਆਂ ਦੀ ਗਿਣਤੀ ਵਧਣ ਨਾਲ ਪੰਜਾਬ ਅੰਦਰ ਪੰਜਾਬੀ ਹਿੱਤਾਂ ਵਾਲੀ ਸਿਆਸਤ ਦੀ ਥਾਂ ਕੇਂਦਰੀ ਸਿਆਸਤ ਦਾ ਅਧਾਰ ਮਜਬੂਤ ਹੁੰਦਾ ਜਾ ਰਿਹਾ ਹੈ।

ਜਿਸ ਅਨੁਪਾਤ ਨਾਲ ਪੰਜਾਬ ਅੰਦਰ ਭਈਆਂ ਦੀ ਗਿਣਤੀ ਵੱਧ ਰਹੀ ਹੈ ਉਸੇ ਅਨੁਪਾਤ ਨਾਲ ਪੰਜਾਬ ਦੇ ਸਮਾਜੀ ਅਤੇ ਸਿਆਸੀ ਜੀਵਨ ਵਿਚੋ ਸਿਖੀ ਖਾਰਜ ਹੋਈ ਜਾ ਰਹੀ ਹੈ। ਥਾਂ-ਥਾਂ 'ਤੇ ਬੀੜੀਆ ਅਤੇ ਜਰਦੇ ਦੇ ਖੋਖੇ ਖੁੱਲਦੇ ਜਾ ਰਹੇ ਹਨ। ਪੰਜਾਬ ਦਾ ਸਮਾਜੀ ਭੌਂ-ਦ੍ਰਿਸ਼ (Landscape) ਬਦਲਦਾ ਜਾ ਰਿਹਾ ਹੈ। ਪੰਜਾਬ ਦੇ ਕਿੰਨੇ ਹੀ ਸ਼ਹਿਰਾਂ ਦੇ ਕਿੰਨੇ ਹੀ ਇਲਾਕੇ ਯੂ.ਪੀ. ਬਿਹਾਰ ਦੇ ਸ਼ਹਿਰਾਂ ਦੀ ਝਲਕ ਪੇਸ਼ ਕਰਨ ਲੱਗ ਪਏ ਹਨ।ਜੇ ਪਿਛੇ ਜਿਹੇ ਲੁਧਿਆਣੇ ਸ਼ਹਿਰ ਵਿਚ ਭਈਆਂ ਵੱਲੋ ਕੀਤੀ ਗਈ ਭੰਨ ਤੋੜ ਅਤੇ ਸਾੜ ਫੂਕ ਸਮੇਂ ਬਾਦਲ ਸਰਕਾਰ ਕੋਈ ਸਖਤ ਕਦਮ ਨਹੀਂ ਉਠਾ ਸਕੀ ਤਾਂ ਇਸ ਦਾ ਕਾਰਨ ਭਈਆਂ ਪੰਜਾਬ ਦੀ ਸਿਆਸਤ ਅੰਦਰ ਵਧ ਰਹੀ ਪੁੰਗਤ ਹੀ ਹੈ।ਆਸ਼ੂਤੋਸ਼ ਦੀ ਪੰਜਾਬ ਅੰਦਰ ਆਮਦ ਨਾਲ ਹਰ  ਇਕ ਦੀਆਂ ਅੱਖਾਂ ਖੁੱਲ ਜਾਣੀਆ ਚਾਹੀਦੀਆਂ ਹਨ।ਉਹ ਸਿੱਖੀ ਦੇ ਨਿਵੇਕਲੇਪਨ ਤੇ ਜੋਰਦਾਰ ਹਮਲੇ ਕਰੀ ਜਾ ਰਿਹਾ ਹੈ।ਸਿੱਖਾਂ ਨੂੰ ਧਰਮ ਤੋਂ ਡੁਲਾ ਰਿਹਾ ਹੈ।ਹਿੰਦੂ ਬਣਾਈ ਜਾ ਰਿਹਾ ਹੈ।ਉਸਨੇ ਪੰਜਾਬ ਅੰਦਰ ਉਹ ਹਾਲਾਤ ਪੈਦਾ ਕਰ ਦਿਤੇ ਹਨ ਜੋ ਨਿੰਰਕਾਰੀਆਂ ਨੇ 1978  ਸਮੇਂ ਪੈਦਾ ਕੀਤੇ ਸਨ। ਪੰਜਾਬ ਨੂੰ ਵੱਡੇ ਸਮਾਜੀ ਟਕਰਾਅ  ਦੇ ਕਿਨਾਰੇ 'ਤੇ ਲਿਆ ਖੜ੍ਹਾ ਕੀਤਾ ਹੈ। ਉਸ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ। ਭਾਜਪਾ ਵਾਲੇ ਚੈਲੰਜ ਕਰਕੇ ਉਸਦੇ ਸਮਾਗਮ ਕਰਵਾ ਰਹੇ ਹਨ।ਪ੍ਰਕਾਸ਼ ਸਿੰਘ ਬਾਦਲ ਦੀ ਆਪਣੀ ਪਾਰਟੀ ਦੇ ਐਮ.ਐਲ.ਏ. ਉਸ ਦੇ ਪੈਰੀਂ ਡਿੱਗ ਰਹੇ ਹਨ।ਇਹ ਆਸ਼ੂਤੋਸ਼ ਵੱਲੋ ਪੰਜਾਬ ਦੇ ਸਿਆਸੀ ਜੀਵਨ ਵਿਚ ਬਣਾ ਲਈ ਤਾਕਤ ਦਾ ਹੀ ਪ੍ਰਤਾਪ ਹੈ।ਅਕਾਲ ਤੱਖਤ ਦਾ ਜੱਥੇਦਾਰ ਵੀ ਉਸਨੇ ਚੁੱਪ ਕਰਵਾ ਦਿੱਤਾ ਹੈ। ਆਮ ਸਿੱਖ ਲਾਚਾਰ ਹੈ।ਨੌਜਵਾਨ ਸਿਰ ਦੇਣ ਲਈ ਮਜ਼ਬੂਰ ਹਨ। 
ਸੋ ਕਿਸੇ ਪੰਜਾਬੀ ਵੱਲੋਂ ਹਿਦੋਸਤਾਨ ਦੇ ਕਿਸੇ ਸੂਬੇ ਜਾਂ ਵਿਦੇਸ਼ਾ ਵਿਚ ਜਾਣ ਅਤੇ ਕਿਸੇ ਭਾਰਤੀ ਵੱਲੋ ਪੰਜਾਬ ਆਉਣ ਵਿਚ ਢੇਰ ਅੰਤਰ ਹੈ।ਜਦੋ ਕੋਈ ਪੰਜਾਬੀ ਬਾਹਰ ਜਾਕੇ ਵੱਸਦਾ ਹੈ,ਉਹ ਉਥੋਂ ਦੀ ਬੋਲੀ,ਸਭਿਆਚਾਰ ਜਾਂ ਸਿਆਸਤ 'ਤੇ ਕੋਈ ਬੁਰਾ ਪ੍ਰਭਾਵ ਨਹੀਂ ਪਾਉਂਦਾ।ਜਿਹੜੇ ਪੰਜਾਬੀ ਬਦੇਸ਼ਾਂ ਵਿਚ ਅਸੈਂਬਲੀਆਂ ਜਾਂ ਪਾਰਲੀਮੈਂਟਾਂ ਦੇ ਮੈਬਰ ਸਿਆਸੀ ਪਾਰਟਆਿਂ ਦੇ ਨੁਮਾਇੰਦਿਆਂ ਵਜੋਂ,ਹੀ ਚੁਣੇ ਜਾਂਦੇ ਹਨ।
ਪੰਜਾਬ ਅੰਦਰ ਵਸਣ ਵਾਲੇ ਭਈਏ,ਕਾਂਗਰਸ,ਭਾਰਤੀ ਜਨਤਾ ਪਾਰਟੀ ਜਾਂ ਕਮਿਊਨਿਸਟ ਪਾਰਟੀ ਰਾਹੀਂ ਹੀ ਸਮਾਜੀ ਜਾਂ ਸਿਆਸੀ ਜੀਵਨ ਵਿਚ ਸਰਗਰਮ ਹੁੰਦੇ ਹਨ।ਇਹਨਾਂ ਪਾਰਟੀਆਂ ਲਈ ਭਾਰਤ ਪਹਿਲਾ ਅਤੇ ਪੰਜਾਬ ਪਿੱਛੋ। ਇਹਨਾਂ ਪਾਰਟੀਆਂ ਨੇ ਪੰਜਾਬ ਦੇ ਕਿਸੇ ਵੀ ਬੁਨਿਆਦੀ ਮਸਲੇ ਬਾਰੇ ਕਦੀ ਵੀ ਡੱਟ ਕੇ ਸਟੈਂਡ ਨਹੀਂ ਲਿਆ।ਇਹਨਾਂ ਨੂੰ ਪੰਜਾਬ ਦੇ ਸਿੱਖਾਂ ਦੀ ਨਿਵੇਕਲੀ ਪਛਾਣ ਫੁੱਟੀ ਅੱਖ ਵੀ  ਨਹੀਂ ਭਾਉਂਦੀ। ਪੰਜਾਬੀ ਸੂਬੇ ਲਈ ਮੋਰਚੇ ਤੋਂ ਲੈਕੇ ਪੰਜਾਬ ਦੇ ਕਿਸੇ ਵੀ ਕੌਮੀ ਮਸਲੇ 'ਤੇ ਉਠੀ ਕਿਸੇ ਵੀ ਲਹਿਰ ਦੀ ਇਹਨਾਂ ਦੀ ਕਦੀ ਵੀ ਹਮਾਇਤ ਨਹੀਂ ਕੀਤੀ,ਉਲਟਾ ਵਿਰੋਧ ਹੀ ਕੀਤਾ। ਭਈਆਂ ਦੀ ਆਮਦ ਨਾਲ ਜਦੋਂ ਇਹਨਾਂ ਪਾਰਟੀਆਂ ਦਾ ਸਮਾਜਕ ਅਧਾਰ ਮਜ਼ਬੂਤ ਹੁੰਦਾ ਹੈ ਤਾਂ ਪੰਜਾਬ ਅਤੇ ਸਿੱਖਾਂ ਲਈ ਖਤਰਾਂ ਹੋਰ ਵੱਧ ਜਾਂਦਾ ਹੈ।ਇਹ ਗੱਲ ਸ੍ਰ. ਜਸਵੰਤ ਸਿੰਘ ਕੰਵਲ ਚੰਗੀ ਤਰ੍ਹਾਂ ਜਾਣਦਾ ਹੈ,ਪਰ ਬਦੇਸ਼ਾਂ ਵਿਚਲੇ ਪੰਜਾਬ ਦੇ ਖੱਬੇ ਪੱਖੀ ਬੁੱਧੀਜੀਵੀਆਂ ਦੇ ਪੱਲੇ ਨਹੀਂ ਪੈਦੀ। 'ਵਿਗਿਆਨਕ ਵਿਚਾਰਧਾਰਾਂ' ਨੇ ਉਹਨਾਂ ਦੇ ਦਿਮਾਗਾਂ ਨੂੰ ਜੰਦਰੇ ਮਾਰ ਦਿੱਤੇ ਹਨ,ਉਹਨਾਂ ਕੋਲੋ ਪੰਜਾਬ ਦੇ ਭਲੇ ਦੀ ਕੀ ਆਸ ਰੱਖੀ ਜਾ ਸਕਦੀ ਹੈ ?


ਨੋਟ:ਤੁਸੀਂ ਇਸ ਬਾਰੇ ਜੋ ਕੁਝ ਵੀ ਸੋਚਦੇ ਹੋ ਉਸ ਨੂੰ ਸ਼ਬਦ ਜ਼ਰੂਰ ਦਿਓ ਅਤੇ ਪੋਸਟ ਕਰੋ. ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ.