ਮੀਆਂ ਮੌਲਾ ਬਖ਼ਸ਼ ਕੁਸ਼ਤਾ ਦੀ ਸੁਪ੍ਰਸਿੱਧ ਪੁਸਤਕ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪ੍ਰਕਾਸ਼ਿਤ
ਲੁਧਿਆਣਾ : 06 ਜੁਲਾਈ (ਰੈਕਟਰ ਕਥੂਰੀਆ):ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਸਮੇਂ ਸਮੇਂ ਤੇ ਖੋਜ ਭਰਪੂਰ ਤੇ ਹਵਾਲਾ ਪੁਸਤਕਾਂ ਪ੍ਰਕਾਸ਼ਿਤ ਕਰਦੀ ਆ ਰਹੀ ਹੈ। ਇਹ ਰਚਨਾਤਮਿਕ, ਉਸਾਰੂ ਅਤੇ ਇਤਿਹਾਸਿਕ ਸਿਲਸਿਲਾ ਲੰਮੇ ਸਮੇਂ ਤੋਂ ਜਾਰੀ ਹੈ। ਇਸ ਲੜੀ ਵਿਚ ਹੁਣ ਨਿੱਗਰ ਵਾਧਾ ਕਰਦਿਆਂ ਇਕ ਨਵੀਂ ਖੋਜ ਪੁਸਤਕ ਪੰਜਾਬੀ ਜਗਤ ਸਾਹਮਣੇ ਲਿਆਂਦੀ ਗਈ ਹੈ ਜਿਸ ਨੂੰ ਪਾਠਕ ਪਿਛਲੇ ਪੰਜਾਹ ਸਾਲਾਂ ਤੋਂ ਪੜ੍ਹਨਾ ਲੋਚਦੇ ਸਨ। ਇਹ ਜਾਣਕਾਰੀ ਦੇਂਦਿਆਂ ਅਕਾਦਮੀ ਦੇ ਦਫਤਰ ਸਕੱਤਰ ਸੁਰਿੰਦਰ ਸਿੰਘ ਕੈਲੇ ਨੇ ਦੱਸਿਆ ਕਿ ਅਸਲ ਵਿੱਚ ਇਹ ਕਿਤਾਬ ਉਹ ਹਵਾਲਾ ਗ੍ਰੰਥ ਹੈ ਜਿਸ ਦੇ ਹਵਾਲੇ ਵਿਦਵਾਨ ਆਲੋਚਕ ਆਪਣੇ ਮਜ਼ਮੂਨਾਂ ’ਚ ਅਕਸਰ ਵਰਤਦੇ ਰਹੇ ਹਨ। ਇਹ ਹੈ ਉਹ ਸਾਹਿਤਕ ਖ਼ਜ਼ਾਨਾ ਜਿਸਦਾ ਟਾਈਟਲ ਹੈ-‘‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’’। ਇਸ ਨੂੰ ਮੀਆਂ ਮੌਲਾ ਬਖ਼ਸ਼ ਕੁਸ਼ਤਾ (ਮਰਹੂਮ) ਨੇ 1960 ਵਿਚ ਪਾਠਕਾਂ ਦੇ ਰੂਬਰੂ ਕੀਤਾ ਸੀ ਪਰ ਇਹ ਪੁਸਤਕ ਉਸ ਵੇਲੇ ਫ਼ਾਰਸੀ ਲਿਪੀ ਵਿੱਚ ਸੀ। ਇਸ ਨੂੰ ਫ਼ਾਰਸੀ ਲਿੱਪੀ (ਸ਼ਾਹਮੁਖੀ) ਤੋਂ ਸ੍ਰੀ ਰਘਬੀਰ ਸਿੰਘ ਭਰਤ, ਐਮ.ਏ. (ਪੰਜਾਬੀ ਤੇ ਉਰਦੂ) ਨੇ ਗੁਰਮੁਖੀ ਰੂਪ ਦਿੱਤਾ ਹੈ ਜੋ ਕਿ ਬਹੁਤ ਹੀ ਮਿਹਨਤ ਅਤੇ ਵੱਡੀ ਖੋਜ ਤੋਂ ਬਾਅਦ ਕਿਤਾਬੀ ਰੂਪ ਵਿੱਚ ਲੋਕਾਂ ਸਾਹਮਣੇ ਆ ਸਕਿਆ। ਇਸ ਵੱਡ ਆਕਾਰੀ ਪੁਸਤਕ ਦੀ ਪ੍ਰਕਾਸ਼ਨਾ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਦੀ ਸੁਯੋਗ ਅਗਵਾਈ ਵਿਚ ਛਪ ਕੇ ਪਾਠਕਾਂ ਦੇ ਸਨਮੁੱਖ ਕਰਨ ਲਈ ਤਿਆਰ ਹੈ। ਇਸ ਪੁਸਤਕ ਨੂੰ ਛੇਤੀ ਹੀ ਲੋਕ ਅਰਪਨ ਕੀਤਾ ਜਾ ਰਿਹਾ ਹੈ। ਇਸ ਵਿੱਚ ਰੂਚੀ ਰੱਖਨ ਵਾਲੇ ਪੰਜਾਬੀ ਸਾਹਿਤ ਅਕਾਦਮੀ ਨਾਲ ਸੰਪਰਕ ਕਰ ਸਕਦੇ ਹਨ।
No comments:
Post a Comment