Showing posts with label ਗੀਤਮਾਲਾ. Show all posts
Showing posts with label ਗੀਤਮਾਲਾ. Show all posts

Sunday, December 11, 2011

ਸਦਾ ਲਈ ਰੁਖ਼ਸਤ ਹੋ ਗਈ ਸੁਰਾਂ ਦੀ ਮਲਿਕਾ ਪੁਸ਼ਪਾ ਹੰਸ

ਤਕਦੀਰ ਬਨਾਨੇ ਵਾਲੇ ਨੇ ਕੈਸੀ ਤਕਦੀਰ ਬਨਾਈ ਹੈ 
 ਰਣਜੀਤ ਸਿੰਘ ਪ੍ਰੀਤ ਨੇ ਇਸ ਸੰਖੇਪ ਜਿਹੀ ਸ਼ਰਧਾਂਜਲੀ ਲਿਖਤ ਵਿੱਚ ਦਿੱਤਾ ਹੈ ਕੁਝ ਕੁ ਵੇਰਵਾ: 
ਪਦਮਸ਼੍ਰੀ, ਪੰਜਾਬੀ ਭੂਸ਼ਣ ਤੇ ਕਲਪਨਾ ਚਾਵਲਾ ਐਕਸੀਲੈਂਸੀ ਐਵਾਰਡ ਨਾਲ ਸਨਮਾਨਿਤ ਪੰਜਾਬੀ ਲੋਕ ਗੀਤ ਗਾਇਕਾ ਪੁਸ਼ਪਾ ਹੰਸ ਦਾ ਜਨਮ 30 ਨਵੰਬਰ 1917 ਨੂੰ  ਫਾਜ਼ਿਲਕਾ (ਪੰਜਾਬ) ਵਿਖੇ ਮਾਤਾ ਜਨਕ ਰਾਣੀ ਕਪੂਰ ਅਤੇ ਪਿਤਾ ਰਤਨ ਲਾਲ ਕਪੂਰ ਦੇ ਘਰ ਹੋਇਆ । ਰਤਨ ਲਾਲ ਕਪੂਰ ਜੀ ਪੇਸ਼ੇ ਵਜੋਂ ਵਕੀਲ ਸਨ। ਉਹਨਾਂ ਪੁਸ਼ਪਾ ਹੰਸ ਨੂੰ ਮੁੱਢਲੀ ਪਡ਼੍ਹਾਈ ਫ਼ਾਜਿਲਕਾ ਤੋਂ ਦਿਵਾਉਣ ਉਪਰੰਤ, ਲਾਹੌਰ ਯੂਨੀਵਰਸਿਟੀ ਤੋਂ ਸੰਗੀਤ ਦੀ ਬੈਚੂਲਰ ਡਿਗਰੀ ਕਰਵਾਈ,ਅਤੇ ਫਿਰ ਕਰੀਬ 10 ਸਾਲ ਉਹ ਨਾਮੀ ਭਾਰਤੀ ਸੰਗੀਤ ਘਰਾਣੇ ਪਟਵਰਧਨ ਤੋਂ ਲਾਹੌਰ ਵਿਖੇ ਸ਼ਾਸ਼ਤਰੀ ਸੰਗੀਤ ਦੀ ਸਿਖਿਆ ਹਾਸਲ ਕਰਦੀ ਰਹੀ। ਇਸ ਪੰਜਾਬੀ ਗਾਇਕਾ ਨੇ ਆਪਣਾ ਗਾਇਕੀ ਕੈਰੀਅਰ ਲਾਹੌਰ ਰੇਡੀਓ ਸਟਸ਼ਨ ਤੋਂ ਸ਼ੁਰੂ ਕੀਤਾ । ਪੁਸ਼ਪਾ ਹੰਸ ਨੇ ਸ਼ਿਵ ਕੁਮਾਰ ਬਟਾਲਵੀ ਦੇ ਬ੍ਰਿਹੋਂ ਪਰੋਤੇ ਗੀਤਾਂ ਨੂੰ ਗਾ ਕੇ ਪੰਨਾ ਲਾਲ ਦੇ ਸੰਗੀਤ ਤਹਿਤ ਫ਼ਿਲਿਪਸ ਕੰਪਨੀ ਰਾਹੀਂ ਪਹਿਲੀ ਐਲਬਮ “ ਸ਼ਿਵ ਬਟਾਲਵੀ ਦੇ ਗੀਤ “ ਟਾਈਟਲ ਨਾਲ ਖ਼ੂਬਸੂਰਤ ਆਵਾਜ਼ ਦਾ ਲਿਬਾਸ ਦਿੱਤਾ । ਸਰਕਾਰੀ ਤੌਰ ‘ਤੇ ਬਣੀਆਂ ਡਾਕੂਮੈਂਟਰੀ ਲਈ ਵੀ ਉਸਦੀ ਚੋਣ ਕੀਤੀ ਗਈ ਅਤੇ ਉਸ ਨੇ ਵਧੀਆ ਨਿਭਾਅ ਕਰਦਿਆਂ ਮਧੁਰ ਆਵਾਜ਼ ਦਾ ਜਾਦੂ ਬਿਖੇਰਿਆ । ਉਹ ਹਰ ਮਹਿਫ਼ਲ ਅਤੇ ਵਿਆਹਾਂ ਮੌਕੇ ਮੁਹਰੇ ਹੁੰਦੀ,ਲੋਕ ਉਸਦੀ ਆਵਾਜ਼ ਸੁਣਨ ਨੂੰ ਤਰਸਦੇ ਰਹਿੰਦੇ ।
                      ਫਾਜ਼ਿਲਕਾ ਤੋਂ ਦਿੱਲੀ ਜਾ ਵਸੀ ਪੁਸ਼ਪਾ ਹੰਸ ਨੇ ਪੰਜਾਬੀ-ਹਿੰਦੀ ਗੀਤਾਂ ਰਾਹੀਂ ਕਈ ਮੀਲ ਪੱਥਰ ਕਾਇਮ ਕੀਤੇ । ਵਡੇਰੀ ਉਮਰ ਹੋਣ ‘ਤੇ ਵੀ ਉਸ ਨੇ ਟੀ ਵੀ, ਸਟੇਜ ਪ੍ਰੋਗਰਾਮ ਅਤੇ ਕੈਸਿਟ ਜਗਤ ਵਿੱਚ ਆਪਣਾ ਵਿਸ਼ੇਸ਼ ਮੁਕਾਮ ਬਣਾਈ ਰੱਖਿਆ । ਦੁਨੀਆਂ ਦੇ ਕਈ ਹਿੱਸਿਆਂ ਵਿੱਚ ਆਪਣੇ ਫ਼ਨ ਦਾ ਮੁਜਾਹਿਰਾ ਵੀ ਕੀਤਾ । ਅਮਰੀਕਾ,ਕੈਨੇਡਾ ,ਇੰਗਲੈਂਡ ਦੇ ਟੂਰ ਲਾਉਣ ਵਾਲੀ ਇਸ ਗਾਇਕਾ ਨੇ ਸੁਨੀਲ ਦੱਤ ਦੀ “ਅਜੰਤਾ ਆਰਟਸ ਮੰਡਲੀ” ਨਾਲ ਮਿਲਕੇ ਸੀਮਾਂਵਰਤੀ ਖੇਤਰਾਂ ਵਿੱਚ ,ਮੋਰਚਿਆਂ ‘ਤੇ ਡਟੇ ਫ਼ੌਜੀ ਵੀਰਾਂ ਲਈ ਵੀ ਪ੍ਰੌਗਰਾਮ ਪੇਸ਼ ਕੀਤੇ । ਇਸ ਕਾਰਜ ਲਈ ਉਸ ਨੂੰ ਉਸ ਦੇ ਪਤੀ ਹੰਸ ਰਾਜ ਚੋਪਡ਼ਾ ਨੇ ਵੀ ਬਹੁਤ ਉਤਸ਼ਾਹਤ ਕੀਤਾ । ਪੁਸ਼ਪਾ ਹੰਸ 17 ਸਾਲ “ ਦਾ ਈਵਸ ਵੀਕਲੀ ” ਜਿਸ ਦਾ ਸਬੰਧ ਔਰਤਾਂ ਦੀ ਜੀਵਨ ਸ਼ੈਲੀ ਨਾਲ ਸੀ ,ਦੀ ਉਹ ਮੁ੍ਖ ਸੰਪਾਦਕ ਵੀ ਰਹੀ । ਪੰਜਾਬੀ ਅਕਾਦਮੀ ਦਿੱਲੀ ਵੱਲੋਂ ਦੋ ਸੂਫ਼ੀ ਸੰਤਾਂ ਹਜ਼ਰਤ ਨਿਜ਼ਾਮੂਦੀਨ ਔਲੀਆ ਅਤੇ ਅਮੀਰ ਖੁਸਰੋ ‘ਤੇ ਅਧਾਰਤ ਡਾਕੂਮੈਟਰੀ ਮੂਵੀਜ਼ ਤਿਆਰ ਕਰਨ ਸਮੇਂ ਵੀ ਉਸਦਾ ਵਿਸ਼ੇਸ਼ ਯੋਗਦਾਨ ਰਿਹਾ।

ਲੇਖਕ:ਰਣਜੀਤ ਸਿੰਘ ਪ੍ਰੀਤ
ਦਿੱਲੀ ਵਿੱਚ ਹੀ ਲੰਬੀ ਬੀਮਾਰੀ ਦੇ ਬਾਅਦ 93 ਵਰ੍ਹਿਆਂ ਦੀ ਪੁਸ਼ਪਾ ਹੰਸ ਦਾ 8 ਦਸੰਬਰ ਨੂੰ ਦਿਹਾਂਤ ਹੋ ਗਿਆ। ਪੁਸ਼ਪਾ ਹੰਸ ਦੇ ਪ੍ਰਸਿੱਧ ਪੰਜਾਬੀ ਗੀਤ 'ਚੰਨਾ ਕਿੱਥਾਂ ਗੁਜਾਰੀ ਰਾਤ ਵੇ',' ਗੱਲਾਂ ਦਿਲ ਦੀਆਂ ਦਿਲ ਵਿਚ ਰਹਿ ਗਈਆਂ ' ਤੇ ' ਤਾਰਿਆਂ ਤੋਂ ਪੁੱਛ ਚੰਨ ਵੇ'’ ਸਮੇਤ ਕਈ ਹਿੰਦੀ ਗੀਤ ਵੀ ਗਾਏ, ਜੋ ਬਹੁਤ ਮਕਬੂਲ ਹੋਏ । ਖ਼ਾਸਕਰ 1948 ਵਿੱਚ ਵਿਨੋਦ ਵੱਲੋਂ ਤਿਆਰ ਕੀਤੀ ਪੰਜਾਬੀ ਫ਼ਿਲਮ “ਚਮਨ” ਦੇ ਗੀਤ “ਚੰਨ ਕਿੱਥੇ ਗੁਜ਼ਾਰੀ – ਰਾਤ ਵੇ” ਨੇ ਉਸ ਨੂੰ ਫ਼ਰਸ਼ ਤੋਂ ਅਰਸ਼ ‘ਤੇ ਪਹੁੰਚਾ ਦਿੱਤਾ ।  ਇਹੀ ਨਹੀਂ, ਪੁਸ਼ਪਾ ਹੰਸ ਨੇ ਬਾਲੀਵੁੱਡ ਵਿਚ 1949 ' ਚ ਵੀ. ਸ਼ਾਂਤਾ ਰਾਮ ਦੀ ' ਅਪਨਾ ਦੇਸ਼' ਅਤੇ 1950 'ਚ ਸੋਹਰਾਬ ਮੋਦੀ ਦੀ 'ਸ਼ੀਸ਼ ਮਹੱਲ' ਤੋਂ ਇਲਾਵਾ  ਕਈ ਹੋਰ ਹਿੰਦੀ ਫਿਲਮਾਂ ਵਿਚ ਕੰਮ ਵੀ ਕੀਤਾ ,ਅਤੇ ਪਲੇਅਬੈਕ ਗਾਇਕਾ ਵਜੋਂ ਨਾਮਣਾ ਵੀ ਖੱਟਿਆ। ਇਸ ਨਾਮਵਰ ਗਾਇਕਾ ਨੂੰ ਭਾਰਤ ਸਰਕਾਰ ਵੱਲੋਂ 26 ਜਨਵਰੀ 2007 ਦੇ ਰੀਪਬਲਿਕ ਡੇਅ ਮੌਕੇ ਪਦਮ ਸ਼੍ਰੀ ਐਵਾਰਡ ਦਿੱਤਾ ਗਿਆ । ਏਸੇ ਸਾਲ ਪੰਜਬੀ ਭੂਸ਼ਨ ਐਵਾਰਡ ਅਤੇ ਕਲਪਨਾ ਚਾਵਲਾ ਐਕਸੀਲੈਂਸ ਐਵਾਰਡ ਵੀ ਪੁਸ਼ਪਾ ਹੰਸ ਦੇ ਹਿੱਸੇ ਆਇਆ ।  ਉਸ ਵੱਲੋਂ ਗਾਏ ਇਹ ਪੰਜਾਬੀ-ਹਿੰਦੀ ਗੀਤ ਲੋਕ ਗੀਤਾਂ ਦਾ ਦਰਜਾ ਪ੍ਰਾਪਤ ਕਰਕੇ ਅੱਜ ਵੀ ਲੋਕਾਂ ਦੀ ਜੁਬਾਨ  ‘ਤੇ ਹਨ:-
• ਚੰਨ ਕਿਥਾਂ ਗੁਜ਼ਾਰੀ ਆਂ ਈ ਰਾਤ ਵੇ,ਮੇਰਾ ਜੀਅ ਦਲੀਲਾਂ ਦੇ ਵਾਸ ਵੇ ।
• ਸਾਰੀ ਰਾਤ ਤੇਰਾ ਤੱਕ ਨੀਆਂ ਰਾਹ, ਤਾਰਿਆਂ ਤੋਂ ਪੁੱਛ ਚੰਨ ਵੇ ।
• ਗੱਲਾਂ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ ।
• ਚੰਨਾਂ ਮੇਰੀ ਬਾਂਹ ਛੱਡਦੇ ।
•  ਚੁੰਨੀ ਦਾ ਪੱਲਾ । 
• ਲੁੱਟੀ ਹੀਰ ਵੇ ਫ਼ਕੀਰ ਦੀ । 
• ਆਦਮੀ ਵੋਹ ਹੈ ਮੁਸੀਬਤ ਸੇ ਪਰੇਸ਼ਾਨ ਨਾ ਹੋ । 
• ਬੇ ਦਰਦ ਜ਼ਮਾਨਾ ਕਿਆ ਜਾਨੇ । 
• ਭੂਲੇ ਜ਼ਮਾਨੇ ਯਾਦ ਨਾ ਕਰ ਯਾਦ ਨਾ ਕਰ ।
• ਦਿਲ ਕਿਸੀ ਸੇ ਲਗਾਕਰ ਦੇਖ ਲੀਆ ।
• ਦਿਲ-ਏ-ਨਾਦਾਂ ਤੁਝੇ ਕਿਆ ਹੂਆ ਹੈ ।
• ਕੋਈ ਉਮੀਦ ਬਰ ਨਹੀਂ ਆਤੀ, ਕੋਈ ਸੂਰਤ ਨਜਰ ਨਹੀਂ ਆਤੀ।
• ਮੇਰੀਆਂ ਖ਼ੁਸ਼ੀਆਂ ਕੇ ਸਵੇਰੇ ਕੀ ਕਭੀ ਸ਼ਾਮ ਨਾ ਹੋ ।
• ਤਕਦੀਰ ਬਨਾਨੇ ਵਾਲੇ ਨੇ ਕੈਸੀ ਤਕਦੀਰ ਬਨਾਈ ਹੈ ।
• ਤੁ ਮਾਨੇ ਯਾ ਨਾ ਮਾਨੇ ।
• ਤੁਮ ਦੇਖ ਰਹੇ ਹੋ ਕੇ ਮਿਟੇ ਸਾਰੇ ਸਹਾਰੇ ।        

ਬਸ ਹੁਣ ਇਹ ਗੀਤ ਹੀ ਬਚੇ ਹਨ ਜਿਹਨਾਂ ਵਿਚਲੀ ਆਵਾਜ਼ ਰਾਹੀਂ ਪੁਸ਼ਪਾ ਹੰਸ ਅੱਜ ਵੀ ਸਾਡੇ ਕੋਲ ਕੋਲ ਹੈ...ਸਾਡੇ ਨੇੜੇ ਤੇੜੇ....ਉਸਦੀ ਆਵਾਜ਼ ਉਸਨੂੰ ਹਮੇਸ਼ਾਂ ਅਮਰ ਰੱਖੇਗੀ.

ਸੰਪਰਕ:ਰਣਜੀਤ ਸਿੰਘ ਪ੍ਰੀਤ
ਭਗਤਾ-151206(ਬਠਿੰਡਾ )
ਮੁਬਾਇਲ ਸੰਪਰਕ:98157-07232
e-mail: ranjitpreet@ymail.com

Saturday, October 08, 2011

ਸਚ ਜੇ ਮੈਂ ਕਹਾਂ ਉਹ ਕਰੁਣ ਦਾਸਤਾਂ ਸ਼ਾਇਦ ਮੇਰੀ ਜੁਬਾਂ ਜਾਂ ਕਿ ਮੈਂ ਨ ਰਹਾਂ

ਬੋਲ ਬੋਲਣ ਤੋਂ ਪਹਿਲਾਂ ਮਿਰੇ ਦਿਲ ਦੇ ਵਿੱਚ ਇਸ ਤਰ੍ਹਾਂ ਦੇ ਕਈ ਡਰ ਗੁਜ਼ਰਦੇ ਗਏ 
ਇਹ ਸਤਰਾਂ  ਲਾਲ ਫਿਰੋਜ੍ਪੁਰੀ ਹੁਰਾਂ ਦੀਆਂ ਹਨ ਜਿਹਨਾਂ ਨੂੰ ਤੁਸੀਂ ਸਾਰੇ ਡਾਕਟਰ ਹਰਜਿੰਦਰ ਸਿੰਘ ਲਾਲ ਦੇ ਨਾਮ ਨਾਲ ਜਾਣਦੇ ਹੋ. ਇਹ ਸਤਰਾਂ ਅਕਸਰ ਯਾਦ ਆਉਂਦੀਆਂ ਹਨ ਕਿਸੇ ਨ ਕਿਸੇ ਨਾਜ਼ੁਕ ਵੇਲੇ ਪਰ ਅੱਜ ਯਾਦ ਆਈਆਂ ਹਨ ਇੱਕ ਸੁਰੀਲੀ ਆਵਾਜ਼ ਨੂੰ ਸੁਣ ਕੇ. ਗੀਤ ਵੀ ਦਿਲ ਵਿੱਚ ਉਤਰਨ ਵਾਲਾ ਅਤੇ ਬੇਹੱਦ ਖੂਬਸੂਰਤ ਪੇਸ਼ਕਾਰੀ ਵੀ ਡਾਕਟਰ ਮਮਤਾ ਜੋਸ਼ੀ ਦੀ.
ਅਸਲ ਵਿੱਚ ਕੋਈ ਵੀ ਗੀਤ, ਗਜਲ ਜਾਂ ਫਿਰ ਕੋਈ ਸ਼ਿਅਰ ਜਦੋਂ ਮਕ਼ਬੂਲ ਹੁੰਦਾ ਹੈ, ਲੋਕਾਂ ਦੇ ਦਿਲਾਂ 'ਤੇ ਰਾਜ ਕਰਦਾ ਹੈ ਅਤੇ ਸ਼ੋਹਰਤ ਦੀਆਂ ਉਚਾਈਆਂ ਨੂੰ ਛੂਹੰਦਾ ਹੈ ਤਾਂ ਉਸ ਵਿੱਚ ਰਚਨਾਕਾਰ ਦੇ ਨਾਲ ਨਾਲ ਕਈ ਹੋਰ ਲੋਕ ਵੀ ਸ਼ਾਮਿਲ ਹੁੰਦੇ ਹਨ, ਉਸਨੂੰ  ਆਵਾਜ਼ ਦੇਣ  ਵਾਲਾ, ਉਸ ਗੀਤ ਨੂੰ ਸੰਗੀਤ ਦੇਣ ਵਾਲਾ, ਉਸ ਗੀਤ ਨੂੰ ਗੀਤਾਂ ਵਿਚਲੇ ਭਾਵਾਂ ਮੁਤਾਬਿਕ ਸ਼ਾਨਦਾਰ ਦ੍ਰਿਸ਼ ਫ਼ਿਲਮਾ ਕੇ ਦੇਣ ਵਾਲਾ ਅਤੇ ਇਸ ਸਭ ਕੁਝ ਦੇ ਨਾਲ ਨਾਲ ਇਸ ਗੀਤ ਨੂੰ ਲੋਕਾਂ ਤੱਕ ਲੈ ਕੇ ਜਾਣ  ਵਾਲਾ ਮਹਿਕਮਾ ਜੋ ਅਕਸਰ ਪਰਦੇ ਦੇ ਬਾਹਰ ਹੋ ਕੇ ਵੀ ਪਰਦੇ ਦੇ ਪਿਛੇ ਹੋ ਜਾਂਦਾ ਹੈ. ਇਹਨਾਂ ਸਾਰਿਆਂ ਵਿੱਚ ਗਾਇਕ ਦੀ ਹਾਲਤ ਸਭ ਤੋਂ ਵਧ ਨਾਜ਼ੁਕ ਹੁੰਦੀ ਹੈ ਜਿਸ ਨੇ ਸ੍ਟੇਜ ਤੇ ਜਾ ਕੇ ਇਸ ਸਾਰੀ ਮਿਹਨਤ ਨੂੰ ਕਿਸੇ ਕਰਿਸ਼ਮੇ ਵਿੱਚ ਬਦਲਣਾ ਹੁੰਦਾ ਹੈ ਆਪਣੀ ਆਵਾਜ਼ ਅਤੇ ਅਦਾਇਗੀ ਨਾਲ. ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੁੰਦਾ ਕੀ ਕਈ ਵਾਰ ਸਾਰੀ ਸਾਰੀ ਉਮਰ ਪੜ੍ਹੀਆਂ ਸੁਣੀਆਂ ਸਤਰਾਂ ਜੇ ਕਦੇ ਦਿਲ ਵਿੱਚ ਉਤਰਦੀਆਂ ਹਨ ਤਾਂ ਕਿਸੇ ਨਾ ਕਿਸੇ ਸਟੇਜ ਤੇ ਜਾਂ ਫੇਰ ਕਿਸੇ ਆਵਾਜ਼ ਸੇ ਜਾਦੂ ਨਾਲ ਰਚਨਾ ਵਿਚਲੇ ਸ਼ਬਦਾਂ 'ਚ ਸੁੱਤੀ ਉਹਨਾਂ ਦੀ ਰੂਹ   

ਨੂੰ ਜਗਾਉਣਾ ਕੋਈ ਆਸਾਨ ਕੰਮ ਨਹੀਂ ਹੁੰਦਾ. ਇਸ ਮਕ਼ਸਦ ਲਈ ਗਾਇਕ ਨੂੰ ਵੀ ਬਹੁਤ ਸਾਰੇ ਨਾਜ਼ੁਕ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਹੈ. ਸ਼ਬਦਾਂ ਦੇ ਅਰਥ ਕਈ ਵਾਰ ਨਾਜ਼ੁਕ ਹੁੰਦੇ ਹਨ ਕਿਓਂਕਿ ਉਹਨਾਂ ਵਿਚਲਾ ਅੰਤਰੀਵ ਭਾਵ ਲੋਕਾਂ ਨੂੰ ਇੱਕ ਦਮ ਸਮਝ ਹੀ ਨਹੀਂ ਆਉਂਦਾ ਤੇ ਓਹ ਗੁੱਸਾ ਕਰ ਜਾਂਦੇ ਹਨ. ਅਜਿਹੀ ਹਾਲਤ ਤੋਂ ਬਚਣ ਲਈ ਗਾਇਕ ਕੀ ਕਰਦੇ ਹਨ.ਇਸਦਾ ਅਹਿਸਾਸ ਹੁੰਦਾ ਹੈ ਸੰਗੀਤ ਦੀ ਰੂਹ ਡਾਕਟਰ ਮਮਤਾ ਜੋਸ਼ੀ ਦੇ ਇੱਕ ਤਜਰਬੇ ਤੋਂ. ਪ੍ਰੋਗਰਾਮ ਸ਼ਿਮਲੇ ਵਿੱਚ ਸੀ ਅਤੇ ਸ਼ਿਮਲੇ ਜਾ ਕੇ ਪਹਾੜੀ ਰੰਗ ਗਾਉਣਾ ਵੀ ਜ਼ਰੂਰੀ ਸੀ. ਪਹਾੜੀ ਗੀਤਾਂ ਵਿੱਚ ਇੱਕ ਲੋਕ ਗੀਤ ਆਉਂਦਾ ਹੈ ਸ਼ਿਮਲੇ ਨਈ ਵੱਸਣਾ ਸਪਾਟੂਏ ਨਈ ਵੱਸਣਾ....! ਗੀਤ ਦੇ ਇਹਨਾਂ ਬੋਲਾਂ ਨੂੰ ਯਾਦ ਕਰਕੇ ਡਾਕਟਰ ਮਮਤਾ ਜੋਸ਼ੀ ਦੇ ਮਨ ਵਿੱਚ ਕੀ ਕੀ ਖਿਆਲ ਆਏ, ਇਹਨਾਂ ਖਿਆਲਾਂ ਨੇ ਕੀ ਹਲਚਲ ਮਚਾਈ ਤੇ ਇਸ ਸਾਰੀ ਸਥਿਤੀ  ਨੂੰ ਉਹਨਾਂ ਕਿਵੇਂ ਸੰਭਾਲਿਆ...ਲਓ ਸੁਣੋ ਡਾਕਟਰ ਮਮਤਾ ਜੋਸ਼ੀ ਦੀ ਆਵਾਜ਼ ਵਿੱਚ ਹੀ. ਆਪਣੇ ਵਿਚਾਰਾਂ ਤੋਂ ਜਾਣੁ ਜ਼ਰੂਰ ਕਰਾਉਣਾ..ਰੈਕਟਰ ਕਥੂਰੀਆ 

Saturday, August 27, 2011

ਦਿਲ ਨੂੰ ਧੂਹ ਪਾਉਣ ਵਾਲੀ ਆਵਾਜ਼ ਵਿੱਚ ਗਾਉਂਦਾ ਸੀ ਮੁਕੇਸ਼

27 ਅਗਸਤ ਬਰਸੀ ‘ਤੇ                                                                    ਰਣਜੀਤ ਸਿੰਘ ਪ੍ਰੀਤ
      
ਕੇ ਐਲ ਸਹਿਗਲ,ਮੰਨਾ ਡੇ,ਤਲਤ ਮਹਿਮੂਦ,ਮੁਹੰਮਦ ਰਫ਼ੀ,ਕਿਸ਼ੋਰ ਕੁਮਾਰ,ਵਰਗੇ ਨਾਮੀ ਗਾਇਕਾਂ ਵਾਂਗ ਹੀ ਸੰਗੀਤ ਸੁਰ ਦੀ ਪੂਰੀ ਸੋਝੀ ਰੱਖਣ ਵਾਲੇ,ਅਤੇ ਆਵਾਜ਼ ਦੇ ਜਾਦੂਗਰ ਸਨ ਮੁਕੇਸ਼ ਜੀ। ਜਿਨ੍ਹਾਂ ਦਾ ਜਨਮ 22 ਜੁਲਾਈ 1923 ਨੂੰ ਲੁਧਿਆਣਾ (ਪੰਜਾਬ) ਵਿਖੇ ਪਿਤਾ ਜ਼ੋਰਾਵਰ ਚੰਦ ਮਾਥੁਰ ਅਤੇ ਮਾਤਾ ਚਾਂਦ ਰਾਣੀ ਦੇ ਘਰ ਹੋਇਆ;ਮੁਕੇਸ਼ ਕੁਮਾਰ ਮਾਥੁਰ 10 ਭੈਣ-ਭਰਾਵਾਂ ਵਿੱਚੋਂ 6 ਵੇਂ ਸਥਾਨ ਉੱਤੇ ਸੀ। ਜਦ ਉਹ ਪਡ਼੍ਹਾਈ ਹੀ ਕਰ ਰਿਹਾ ਸੀ ,ਤਾਂ ਉਸ ਸਮੇਂ ਉਸਦੀ ਭੇਣ ਸੁੰਦਰ ਪਿਆਨ ਨੂੰ ਮਿਊਜ਼ਿਕ ਟੀਚਰ ਸੰਗੀਤ ਸਿਖਿਆ ਦੇਣ ਲਈ ਘਰ ਆਇਆ ਕਰਦਾ ਸੀ,ਇਹੀ ਗੱਲ ਮੁਕੇਸ਼ ਲਈ ਗਾਇਕੀ ਦਾ ਮੁੱਢ ਬਣੀ,ਕੇ ਐਲ ਸਹਿਗਲ ਤੋਂ ਉਹ ਬਹੁਤ ਪ੍ਰਭਾਵਿਤ ਸੀ,ਦਸਵੀਂ ਕਰਨ ਮਗਰੋਂ ਉਸ ਨੇ ਪਬਲਿਕ ਵਰਕਸ ਵਿਭਾਗ ਵਿੱਚ ਦਿੱਲੀ ਵਿਖੇ ਨੌਕਰੀ ਕਰ ਲਈ,ਅਤੇ ਇਥੇ ਹੀ ਸ਼ੌਕੀਆ ਤੌਰ’ਤੇ ਗਾਉਣਾਂ ਸ਼ੁਰੂ ਕੀਤਾ। ਜੋ ਮੁਕੇਸ਼ ਨੇ ਇਥੇ ਰਿਕਾਰਡ ਕਰਵਾਇਆ ਉਸ ਵਿੱਚੋਂ ਕੁੱਝ ਗੀਤ 1970 ਵਿੱਚ ਰਿਕਾਰਡ ਹੋਈ “ਆਨੰਦ” ਮੂਵੀ ਵਿੱਚ ਸ਼ਾਮਲ ਹਨ।
ਮੁਕੇਸ਼ ਨੇ ਆਪਣੀ ਭੇਣ ਦੇ ਵਿਆਹ ਮੌਕੇ ਜਦ ਗੀਤ ਗਾਇਆ ,ਤਾਂ ਉਹ ਦੂਰ ਦੇ ਰਿਸ਼ਤੇਦਾਰ ਮੋਤੀ ਲਾਲ ਦੀਆਂ ਨਜ਼ਰਾਂ ਵਿੱਚ ਆਇਆ,ਅਤੇ ਮੋਤੀ ਲਾਲ ਨੇ ਉਸ ਨੂੰ ਮੁੰਬਈ ਲਿਜਾਕੇ ਸੰਗੀਤ ਸਿਖਿਆ ਲਈ ਪੰਡਤ ਜਗਨ ਨਾਥ ਪ੍ਰਸ਼ਾਦ ਦੇ ਹਵਾਲੇ ਕਰ ਦਿੱਤਾ। ਇਸ ਦੌਰਾਂਨ ਹੀ 18 ਵਰ੍ਹਿਆਂ ਦੇ ਮੁਕੇਸ਼ ਨੇ ਪਹਿਲੀ ਵਾਰ 1941 ਵਿੱਚ ਫਿਲਮ “ਨਿਰਦੋਸ਼” ਲਈ ਐਕਟਿੰਗ ਦੇ ਨਾਲ ਹੀ ਪਹਿਲਾ ਗੀਤ “ਦਿਲ ਹੀ ਬੁਝਾ ਹੈ ਤੋ ਫਸਲੇ ਬਹਾਰ ਕਿਆ“ ਅਸ਼ੋਕ ਘੋਸ਼ ਦੀ ਨਿਰਦੇਸ਼ਨਾ ਤਹਿਤ ਗਾਇਆ। ਇਸ ਤੋਂ 4 ਸਾਲ ਬਾਅਦ ਪਲੇ ਬੈਕ ਸਿੰਗਰ ਵਜੋਂ ਪਹਿਲਾ ਗੀਤ 1945 ਵਿੱਚ ,ਹਿੰਦੀ ਫ਼ਿਲਮ “ਪਹਿਲੀ ਨਜ਼ਰ” ਲਈ ਅਨਿਲ ਬਿਸਵਾਸ ਦੇ ਮਿਊਜ਼ਿਕ ਅਤੇ ਆਹ ਸੀਤਾਪੁਨ ਦੇ ਲਿਖੇ ਗੀਤ “ ਦਿਲ ਜਲਤਾ ਹੈ ਤੋ ਜਲਨੇ ਦੋ” ਨੂੰ ਆਵਾਜ਼ ਦੇ ਜਾਦੂ ਨਾਲ ਸ਼ਿਗਾਰਿਆ,ਇਹ ਗੀਤ ਮੋਤੀ ਲਾਲ ‘ਤੇ ਫ਼ਿਲਮਾਇਆ ਗਿਆ ਸੀ। ਇਸ ਗੀਤ ਨੂੰ ਸੁਣਕੇ ਕੇ ਐਲ ਸਹਿਗਲ ਦੀਆਂ ਅੱਖਾਂ ਨਮ ਹੋ ਗਈਆਂ ਸਨ। ਮੁਕੇਸ਼ ਦੀ ਚਰਚਾ ਘਰ ਘਰ ਹੋਣ ਲੱਗੀ। ਇਸ ਤੋਂ ਇੱਕ ਸਾਲ ਮਗਰੋਂ 1946 ਵਿੱਚ ਗੁਜਰਾਤੀ ਬ੍ਰਾਹਮਣ ਪਰਿਵਾਰ ਦੀ ਸਰਲਾ ਤ੍ਰਿਵੇਦੀ ਨਾਲ ਆਪ ਦੀ ਸ਼ਾਦੀ ਹੋਈ ਅਤੇ ਆਪ ਦੇ ਘਰ 5 ਬੱਚੇ ਹੋਏ।
         ਰਾਜ ਕਪੂਰ ਨਾਲ ਵਧੀਆਂ ਮੁਲਾਹਜੇਦਾਰੀ ਰਹੀ,1945 ਵਿੱਚ ਫ਼ਿਲਮ “ਆਗ” ਤੋਂ ਬਣੀ ਆਵਾਜ਼ ਸਾਂਝ ਉਹਨਾਂ ਨੇ ਆਖ਼ਰੀ ਸਾਹਾਂ ਤੱਕ ਨਿਭਾਈ। ਫ਼ਿਲਮ “ਬਰਸਾਤ”,”ਅਵਾਰਾ”,”ਸ਼੍ਰੀ-420”,”ਮੇਰਾ ਨਾਮ ਜੌਕਰ”, ਆਦਿ ਵਿੱਚ ਵਧੀਆ ਅਵਾਜ਼ ਸੁਮੇਲ ਸੁਣਨ ਨੂੰ ਮਿਲਦਾ ਹੈ,ਮੁਕੇਸ਼ ਨੂੰ “ਨੈਸ਼ਨਲ ਫ਼ਿਲਮ ਐਵਾਰਡ” ਪੁਰਸ਼ ਪਲੇਬੈਕ ਸਿੰਗਰ ਵਜੋਂ  1974 ਵਿੱਚ ਫ਼ਿਲਮ “ਰਜਨੀਗੰਧਾ” ਦੇ ਗੀਤ “ਕਈ ਬਾਰ ਯੂੰ ਭੀ ਦੇਖਾ ਹੈ” ਲਈ ਮਿਲਿਆ ।ਏਵੇਂ ਹੀ ਮੁਕੇਸ਼ ਨੂੰ “ਫ਼ਿਲਮ ਫ਼ੇਅਰ ਐਵਾਰਡ” 1959 ਵਿੱਚ “ਅੰਦਾਜ਼” ਫ਼ਿਲਮ ਦੇ ਗੀਤ “ਸਬ ਕੁੱਛ ਸੀਖਾ ਹਮ ਨੇ” ਲਈ,1970 ਵਿੱਚ “ਪਹਿਚਾਨ” ਫ਼ਿਲਮ ਦੇ ਗੀਤ “ਸਭਸੇ ਬਡ਼ਾ ਨਾਦਾਂਨ”  ਲਈ,1972 ਵਿੱਚ ਫ਼ਿਲਮ “ਬੇਈਮਾਨ” ਦੇ ਗੀਤ “ਜੈ ਬੋਲੋ ਬੇਈਮਾਨ ਕੀ” ਲਈ ,ਅਤੇ 1976 ਵਿੱਚ ਫ਼ਿਲਮ “ਕਭੀ ਕਭੀ” ਦੇ ਗੀਤ “ਕਭੀ ਕਭੀ ਮੇਰੇ ਦਿਲ ਮੇਂ ਖ਼ਿਆਲ ਆਤਾ ਹੈ” ਲਈ ਪ੍ਰਦਾਨ ਕੀਤਾ ਗਿਆ।
      1200 ਤੋਂ ਵੱਧ ਗੀਤ ਗਾਉਣ ਵਾਲੇ ਮੁਕੇਸ਼ ਨੇ 22 ਅਗਸਤ 1976 ਨੂੰ 30 ਵੀਂ ਵਿਆਹ ਵਰ੍ਹੇ ਗੰਢ ਮਨਾਈ ,ਅਤੇ ਇਸ ਜਸ਼ਨ ਤੋਂ ਸਿਰਫ਼ 4 ਦਿਨ ਬਾਅਦ ਹੀ 27 ਅਗਸਤ 1976 ਨੂੰ ਅਮਰੀਕਾ ਵਿਖੇ ਪ੍ਰੋਗਰਾਮ ਕਰਨ ਗਿਆਂ ਦੀ ਡਿਟਰੌਟ,ਮਿਚੀਗਨ ਦੇ ਸਥਾਨ ‘ਤੇ ਦਿਲ ਦਾ ਦੌਰਾ ਪੈਣ ਨਾਲ ਮ੍ਰਿਤੂ ਹੋ ਗਈ। ਲਤਾ ਮੰਗੇਸ਼ਕਰ ਦੇ ਯਤਨਾਂ ਨਾਲ ਮ੍ਰਿਤਕ ਦੇਹ ਭਾਰਤ ਪਹੁੰਚੀ,ਅਤੇ ਫ਼ਿਲਮ ਨਗਰੀ ਵਿੱਚ ਅਫ਼ਸੋਸ ਅਤੇ ਗਹਿਰੇ ਦੁੱਖ ਦੀ ਲਹਿਰ ਫ਼ੈਲ ਗਈ।ਜਦ ਇਹ ਖ਼ਬਰ ਰਾਜ ਕਪੂਰ ਤੱਕ ਅਪਡ਼ੀ ਤਾਂ ਉਹ ਬਹੁਤ ਹੀ ਭਾਵੁਕ ਹੋ ਗਏ।ਉਹਨਾਂ ਕਿਹਾ “ ਅੱਜ ਉਹਨਾਂ ਦੀ ਆਵਾਜ਼ ਗੁੰਮ ਹੋ ਗਈ ਹੈ” ਰਾਜ ਕਪੂਰ ਦੀਆਂ ਫ਼ਿਲਮਾਂ ਵਿੱਚੋਂ 50 ਕੁ ਚੋਣਵੇਂ ਗੀਤ ਲੈ ਕੇ ਭਾਰਤ ਭੂਸ਼ਨ ਨੇ “ਆ ਲੌਟ ਕੇ ਆ ਮੇਰੇ ਮੀਤ” ਟਾਈਟਲ ਨਾਲ ਯਾਦਗਾਰ ਬਣਾਈ ,ਇਵੇਂ ਹੀ ਦਲੀਪ ਕੁਮਾਰ ‘ਤੇ ਅਧਾਰਤ “ਦਿਲ ਤਡ਼ਪ ਤਡ਼ਪ ਕੇ ਕਹਿ ਰਿਹਾ ਹੈ”ਵੀ ਯਾਦ ਬਣੀ।
               ਮੁਕੇਸ਼ ਦੇ ਇਥੋਂ ਰੁਖ਼ਸਤ ਹੋਣ ਮਗਰੋਂ 1977 ਵਿੱਚ ਉਸਦੇ ਗੀਤਾਂ ਨਾਲ ਸ਼ਿਗਾਰੀਆਂ ਫ਼ਿਲਮਾਂ “ਧਰਮਵੀਰ”,”ਅਮਰ ਅਕਬਰ ਐਨਥਨੀ”,”ਖੇਲ ਖਿਲਾਡ਼ੀ ਕਾ”,”ਦਰਿੰਦਾ”,”ਚਾਂਦੀ ਸੋਨਾ”,1978 ਵਿੱਚ “ਆਹੂਤੀ”,”ਪ੍ਰਮਾਤਮਾਂ”,”ਤੁਮਹਾਰੀ ਕਸਮ”,”ਸਤਯਮ ਸ਼ਿਵਮ ਸੁੰਦਰਮ”,”ਅਤੇ ਮੁਕੇਸ਼ ਜੀ ਦਾ ਆਖ਼ਰੀ ਗੀਤ “ਚੰਚਲ ਸ਼ੀਤਲ ਨਿਰਮਲ ਕੋਮਲ”,ਰਿਹਾ। ਜੋ ਉਹਨਾਂ ਨੇ ਸ਼ਸ਼ੀ ਕਪੂਰ ਦੀ ਫ਼ਿਲਮ ਲਈ ਗਾਇਆ । ਇਸ ਤੋਂ ਇਲਾਵਾ 1980 ਤੋਂ ਮਗਰੋਂ ਦੇ ਸਮੇਂ ਵਿੱਚ ਇਹ ਗਿਣਤੀ ਕਰ ਸਕਦੇ ਹਾਂ,”ਸਾਂਝ ਕੀ ਬੇਲਾ”(1980),”ਮੈਲ਼ਾ ਆਂਚਲ”,(1981),”ਅਰੋਹੀ”(1982),”ਚੋਰ ਮੰਡਾਲੀ”, (1983) ,”ਨਿਰਲੱਜ”, (1985),”ਲਵ ਐਂਡ ਗੌਡ”,(1986),”ਸ਼ੁਭਚਿੰਤਕ”,(1989),ਅਤੇ ਆਖ਼ਰੀ ਰਿਲੀਜ਼ “ਚੰਦ ਗ੍ਰਹਿਣ”,(1997) ਹਨ। ਅਜਿਹੀ ਤੰਦਰੁਸਤ ਪ੍ਰਾਪਤੀ ਬਦਲੇ ਉਹ ਜਿਉਂਦਾ ,ਜਾਗਦਾ,ਫ਼ਿਲਮੀ ਨਗਰੀ ਵਿੱਚ ਵਿਚਰਦਾ ਮਹਿਸੂਸ ਹੁੰਦਾ ਆ ਰਿਹਾ ਹੈ,ਇਹ ਗੱਲ ਕੱਲ੍ਹ ਵੀ ਸੱਚ ਵਾਂਗ ਲਗਦੀ ਸੀ ,ਅੱਜ ਵੀ ਲਗਦੀ ਹੈ,ਅਤੇ ਕੱਲ੍ਹ ਨੂੰ ਵੀ ਲਗਦੀ ਰਹੇਗੀ।
                   ਮੁਕੇਸ਼ ਕੁਮਾਰ ਜੀ ਦੀਆਂ ਫ਼ਿਲਮਾਂ ਬਾਰੇ ਅਤੇ ਕੁੱਝ ਇਨਾਮਾਂ ਸਨਮਾਨਾਂ ਦੇ ਵੇਰਵੇ ਇਸ ਤਰ੍ਹਾਂ ਹਨ;-
ਬੰਗਾਲ ਫ਼ਿਲਮ ਜਰਨਲਿਸਟਸ ਐਸੋਸੀਏਸ਼ਨ ਐਵਾਰਡਜ਼
• 1967 - ਵਧੀਆ ਪੁਰਸ਼ ਪਲੇ ਬੈਕ ਸਿੰਗਰ “ਤੀਸਰੀ ਕਸਮ” [1]
• 1968 - ਵਧੀਆ ਪੁਰਸ਼ ਪਲੇ ਬੈਕ ਸਿੰਗਰ “ਮਿਲਨ” [2]
• 1970 - ਵਧੀਆ ਪੁਰਸ਼ ਪਲੇ ਬੈਕ ਸਿੰਗਰ “ਸਰਸਵਤੀਚੰਦਰਾ” [3]
ਫ਼ਿਲਮੋਗਰਾਫ਼ੀ;
ਪਹਿਲੀ ਨਜ਼ਰ (1945), ਮੇਲਾ (1948), ਆਗ (1948), ਅੰਦਾਜ਼ (1949), ਅਵਾਰਾ (1951), ਆਹ (1953), ਬਰਸਾਤ (1953), ਸ਼੍ਰੀ-420 (1955), ਪਰਵਰਸ਼ (1958), ਫਿਰ ਸੁਭ੍ਹਾ ਹੋਗੀ (1958), ਅਨਾਡ਼ੀ (1959), ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ (1960), ਛਲੀਆ 1960),ਬੰਬਈ ਕਾ ਬਾਬੂ  (1960), ਹਮ ਹਿੰਦੁਸਤਾਨੀ (1960), ਬਨਜਾਰਨ (1960), ਮੇਰਾ ਘਰ ਮੇਰੇ ਬੱਚੇ (1960), ਹਨੀਮੂਨ (1960), ਫੂਲ ਬਨੇ ਅੰਗਾਰੇ  (1962), ਆਸ਼ਿਕ  (1962), ਦਿਲ ਹੀ ਤੋ ਹੈ (1963), ਅਕੇਲੀ ਮੱਤ ਜਾਓ  (1963), ਪਾਰਸਮਨੀ (1963), ਸੰਗਮ (1964), ਇਸ਼ਾਰਾ (1964), ਹਿਮਾਲਿਆ ਕੀ ਗੋਦ ਮੇਂ  (1965), ਲਾਲ ਬੰਗਲਾ (1966), ਗੁਨਾਹੋਂ ਕਾ ਦੇਵਤਾ (1967), ਰਾਤ ਔਰ ਦਿਨ (1967), ਸਰਸਵਤੀਚੰਦਰਾ (1968), ਸਬੰਧ(1969), ਵਿਸ਼ਵਾਸ਼ (1969), ਮੇਰਾ ਨਾਮ ਜੌਕਰ (1970), ਏਕ ਬਾਰ ਮੁਸਕਰਾਦੋ  (1972), ਧਰਮ ਕਰਮ  (1975), ਦਸ ਨੰਬਰੀ  (1975), ਸੰਨਿਆਸੀ  (1975), ਦੋ ਜਸੂਸ (1975), ਕਭੀ ਕਭੀ  (1976), ਦਰਿੰਦਾ  (1977), ਧਰਮਵੀਰ (1977), ਸਤਯਮ ਸ਼ਿਵਮ ਸੁੰਦਰਮ (1978),
                                             
     ਰਣਜੀਤ ਸਿੰਘ ਪ੍ਰੀਤ
ਭਗਤਾ-੧੫੧੨੦੬ (ਬਠਿੰਡਾ)
ਮੋਬਾਈਲ ਨੰਬਰ: 98157-07232                                             
                      

Friday, May 20, 2011

ਸੂਫ਼ੀ ਗਇਕੀ ਦੀ ਰੰਗਤ ਦੇ ਨਕਸ਼ ਚਿਤਰਦੀ--ਡਾਕਟਰ ਮਮਤਾ ਜੋਸ਼ੀ

ਸ਼ਬਦ ਦੀ ਆਪਣੀ ਵਿਰਾਟਤਾ ਹੁੰਦੀ ਹੈ ਤੇ ਸੁਰ ਦੀ ਆਪਣੀ ਅਸੀਮਤਾ। ਦੋਹਾਂ ਦੀ ਆਪਣੀ-ਆਪਣੀ ਸਿਰਜਣ-ਸ਼ੀਲਤਾ ਹੁੰਦੀ ਹੈ, ਵੱਖਰਾ-ਵੱਖਰਾ ਕਲਾਤਮਕ ਸੰਸਾਰ ਪਰ ਜਦੋਂ ਸ਼ਬਦ ਤੇ ਸੁਰ ਦਾ ਸੂਖ਼ਮ ਸੁਮੇਲ ਹੋ ਜਾਏ ਤਾਂ ਦੋਹਾਂ ਦੀ ਵਡੱਤਣ ਅਸੀਮ ਹੋ ਜਾਂਦੀ ਹੈ। ਬੇਸ਼ੱਕ ਅਜਿਹਾ ਸੁਮੇਲ ਕਦੇ-ਕਦਾਈਂ ਹੀ ਵਾਪਰਦਾ ਹੈ ਪਰ ਜਦੋਂ ਵਾਪਰਦਾ ਏ ਤਾਂ ਸ਼ਬਦ ਦਾ ਸੁਹਜ ਅਤੇ ਸੁਰ ਦੀ ਸੂਖ਼ਮਤਾ ਸਾਕਾਰ ਹੋ ਜਾਂਦੀ ਹੈ। ਪੰਜਾਬ ਦੀ ਧਰਤੀ ਤੋਂ ਸ਼ਬਦ ਅਤੇ ਸੁਰ ਦਾ ਅਜਿਹਾ  ਹੀ ਸੂਖ਼ਮ ਸੁਮੇਲ ਸੂਫੀ ਰੰਗਤ ਨੂੰ ਸਾਕਾਰ ਕਰਦੀ ਗਾਇਕਾ ਡਾ. ਮਮਤਾ ਜੋਸ਼ੀ ਦੇ ਰੂਪ ਵਿੱਚ ਉਦੈ ਹੋਇਆ ਹੈ। ਮਮਤਾ ਦਾ ਪੰਜਾਬ ਦੀ ਸੂਫ਼ੀ ਗਾਇਕੀ ਵਿੱਚ ਆਗਮਨ ਦਿਨਾਂ ਵਿੱਚ ਹੀ ਨਹੀਂ ਹੋਇਆ। ਇਹਦੇ ਪਿੱਛੇ ਮਮਤਾ ਦੀ ਵਰ੍ਹਿਆਂ ਲੰਮੀ ਸੰਗੀਤ ਸਾਧਨਾ ਅਤੇ ਸ਼ਾਸਤਰੀ ਸੰਗੀਤ ਪ੍ਰਤੀ ਡੂੰਘੀ ਲਗਨ ਤੇ ਸਮਰਪਿਤ ਭਾਵਨਾ ਦੀ ਮੁੱਖ ਭੂਮਿਕਾ ਹੈ। ਮਮਤਾ ਨੇ ਸੰਗੀਤ ਤੇ ਗਾਇਕੀ ਦੀ  ਦੁਨੀਆਂ ਵਿੱਚ ਆਪਣੀ ਥਾਂ ਤੇ ਰੁਤਬਾ ਬਣਾਉਣ ਲਈ ਸਸਤੀ ਸ਼ੌਹਰਤ ਤੇ ਹਲਕੀ ਗਾਇਕੀ ਦਾ ਸਹਾਰਾ ਨਹੀਂ ਲਿਆ। ਨਰੋਈਆਂ ਸਮਾਜਕ ਤੇ  ਸਭਿਆਚਾਰਕ ਕਦਰਾਂ ਕੀਮਤਾਂ ਤੇ ਪਰੰਪਰਾਵਾਂ ਨੂੰ ਉਲੀਕਦੀ ਗਾਇਕੀ ਨੂੰ ਗਾਉਣਾ ਹੀ ਉਹਦਾ ਮਕਸਦ ਹੈ। ਸੂਫ਼ੀ ਗਾਇਕੀ ਦੇ ਸੱਚੇ ਰਾਹਾਂ ‘ਤੇ ਤੁਰੀ ਇਸ ਗੁਣਵੰਤੀ ਗਾਇਕਾ ਨੇ ਹੁਣ ਤਕ ਆਪਣੀ ਗਾਇਕੀ ਦੇ ਗੂਡ਼੍ਹੇ ਰੰਗਾਂ ਨੂੰ ਪੇਤਲੇ ਨਹੀਂ ਪੈਣ ਦਿੱਤਾ। ਉਹਦੀ  ਗਾਇਕੀ ਦਾ ਆਧਾਰ ਪੰਜਾਬੀ ਦੀ ਸੂਫ਼ੀ ਸ਼ਾਇਰੀ ਹੀ ਹੈ। ‘ਦਮਾ ਦਮ ਮਸਤ ਕਲੰਦਰ’ ਗਾਉਂਦੀ ਹੋਈ, ਉਹ ਬਾਬਾ ਬੁੱਲ੍ਹੇ ਸ਼ਾਹ ਦੇ ਕਲਾਮ ਵਿੱਚ ਉੱਤਰ ਜਾਂਦੀ ਹੈ ਤੇ ਸਰੋਤਿਆਂ  ਨੂੰ ਸੂਫ਼ੀ ਗਾਇਕੀ ਦੇ ਡੂੰਘੇ ਵਹਿਣਾਂ ਦਾ ਅਹਿਸਾਸ ਕਰਾ ਦਿੰਦੀ ਹੈ।
ਦਸਾਂ ਵਰ੍ਹਿਆਂ ਦੀ ਅਭੋਲ ਉਮਰ  ਵਿੱਚ ਜਦੋਂ ਜਲੰਧਰ ਦੇ ਜਗਤ ਪ੍ਰਸਿੱਧ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਵਿੱਚ ਸ਼ਾਮਲ ਹੋਈ ਤਾਂ ਉਦੋਂ ਹੀ ਉਹਦੇ ਸਾਹਮਣੇ ਸੰਗੀਤ ਦਾ ਬ੍ਰਹਿਮੰਡ ਸਾਕਾਰ ਹੋ ਗਿਆ ਸੀ। ਉਸ ਨੂੰ ਉੱਥੇ ਹੀ ਪਹਿਲੀ ਵਾਰ ਪੰਡਤ ਰਾਜਨ/ਸਾਜਨ ਮਿਸ਼ਰਾ, ਅਸ਼ਵਨੀ ਭੀਡ਼ੇ, ਭੂਰੇ  ਖਾਂ ਸਾਹਿਬ ਤੇ ਕਈ ਹੋਰ ਨਾਮੀ ਸੰਗੀਤਕਾਰਾਂ ਨਾਲ ਗਾਉਣ ਦਾ ਅਵਸਰ ਮਿਲਿਆ। ਬਾਬਾ ਹਰਿਵੱਲਭ  ਦੇ ਅਸ਼ੀਰਵਾਦ ਨਾਲ ਹੀ ਇੱਥੋਂ ਮਮਤਾ ਦਾ ਸੰਗੀਤਕ ਸਫ਼ਰ ਸ਼ੁਰੂ ਹੋਇਆ ਤੇ ਇੱਥੇ ਹੀ ਉਸ ਨੂੰ ਆਪਣੇ ਜੀਵਨ ਦਾ ਹਮਸਫਰ ਚੇਤਨ ਜੋਸ਼ੀ ਵੀ ਮਿਲਿਆ।
ਵਿਆਹ ਪਿੱਛੋਂ ਉਸ ਨੇ ਆਪਣੀ ਸੰਗੀਤ ਦੀ ਪਡ਼੍ਹਾਈ ਜਾਰੀ ਰੱਖੀ ਤੇ ਆਪਣਾ ਖੋਜ ਕਾਰਜ ਵੀ ਉਸ ਨੇ ‘ਭਾਰਤੀ ਸੰਗੀਤ ਵਿੱਚ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਦਾ  ਪ੍ਰਭਾਵ’ ਉੱਤੇ ਕੀਤਾ ਤੇ ਪੀ.ਐੱਚ.ਡੀ. ਕਰਕੇ ਡਾ. ਮਮਤਾ ਜੋਸ਼ੀ ਬਣ ਗਈ। ਆਪਣੀ ਤਰ੍ਹਾਂ ਦਾ ਇਹ ਪਹਿਲਾ ਖੋਜ ਕਾਰਜ ਹੈ।  ਮਮਤਾ ਨੇ ਸੰਗੀਤ ਦੀ ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਹੀ ਭਾਰਤੀ ਸੰਗੀਤ ਸ਼ਾਸਤਰ ਦੀ ਸਿੱਖਿਆ ਵੀ ਲਈ ਤੇ ਉਸ ਨੂੰ ਆਪਣੀ ਗਾਇਨ ਸ਼ੈਲੀ ਵਿੱਚ ਸ਼ਾਮਲ ਵੀ ਕੀਤਾ। ਏਹੀ ਵਜ੍ਹਾ ਹੈ ਕਿ ਸੰਸਾਰ ਦੇ ਕਈ ਮੁਲਕਾਂ ਵਿਚ ਅਥਾਹ ਭੀਡ਼ ਵਿੱਚ  ਗਾਉਂਦੀ ਹੋਈ ਵੀ ਉਹ ਸੰਗੀਤ ਦੇ ਸੱਚੇ ਰੂਪ ਤੇ ਸਰੂਪ ਨੂੰ ਤੇ ਆਪਣੇ ਸਭਿਆਚਾਰਕ ਵਿਰਸੇ ਤੇ ਵਿਰਾਸਤ ਨੂੰ ਨਹੀਂ ਵਿਸਾਰਦੀ। ਸਟੇਜ ਉੱਤੇ ਸਰੋਤਿਆਂ ਦੀ ਵਾਹ-ਵਾਹ ਚੰਗਾ, ਨਰੋਆ ਤੇ ਸੁਥਰਾ ਗਾ ਕੇ ਵੀ ਲਈ ਜਾ ਸਕਦੀ ਹੈ। ਮਮਤਾ ਜੋਸ਼ੀ ਨੇ ਹੁਣ ਤਕ ਆਪਣੀ ਗਾਇਕੀ ਦੇ ਪੱਧਰ ਨੂੰ ਮਨਫ਼ੀ ਨਹੀਂ ਹੋਣ ਦਿੱਤਾ ਤੇ ਸਰੋਤਿਆਂ ਦੀ ਪਸੰਦ ਨੂੰ  ਧਿਆਨ ਵਿੱਚ  ਰੱਖਦਿਆਂ ਹੋਇਆਂ ਵੀ ਸ਼ਬਦ  ਅਤੇ ਸੁਰ ਦੇ ਸੂਖਮ ਸੁਮੇਲ ਨੂੰ ਪੇਤਲਾ ਨਹੀਂ ਪੈਣ ਦਿੱਤਾ।  ਵਿਦੇਸ਼ਾਂ ਵਿੱਚ ਵੀ ਆਪਣੀ ਸੁਥਰੀ ਗਾਇਕੀ ਦਾ ਲੋਹਾ ਮੰਨਵਾਇਆ ਹੈ। ਭਾਰਤ ਵਿੱਚ ਕਈ ਥਾਈਂ ਉੱਘੀਆਂ ਸੰਸਥਾਵਾਂ ਦੇ ਸਭਿਆਚਾਰਕ ਸਮਾਗਮਾਂ ਵਿੱਚ ਉਸ ਨੇ ਆਪਣੇ ਸੂਖ਼ਮ ਸੁਰਾਂ ਦੀ ਸਤਰੰਗੀ ਖਿਲਾਰੀ ਹੈ। ਪੰਜਾਬ ਦੇ ਕਈ  ਉੱਘੇ ਅਦਾਰਿਆਂ ਨੇ ਉਸ ਦਾ ਸਨਮਾਨ ਕੀਤਾ ਹੈ। ਉਸ ਨੇ ਸੁਚੱਜੀ ਤੇ ਨਰੋਏ ਭਾਵਾਂ ਤੇ ਅਰਥਾਂ ਵਾਲੀ ਸ਼ਾਇਰੀ ਹੀ ਗਾਉਣ ਦਾ ਤਹੱਈਆ ਕੀਤਾ ਹੋਇਆ ਹੈ। ਪੰਜਾਬ ਵਿੱਚ ਰਚੀ ਜਾ ਰਹੀ ਪ੍ਰਤੀਨਿਧ ਸ਼ਾਇਰਾਂ ਦੀ ਕਵਿਤਾ ਨੂੰ ਉਸ ਨੇ ਹਰ ਸਮਾਗਮ ਵਿੱਚ ਸ਼ਿੱਦਤ ਨਾਲ ਗਾਇਆ ਹੈ। ਦੇਸ਼ ਵਿਦੇਸ਼ ਵਿੱਚ ਹੋਏ ਉਸ  ਦੀ ਗਾਇਕੀ ਦੇ ਪੋ੍ਰਗਰਾਮ ਇਸ ਦੀ ਸ਼ਾਹਦੀ ਭਰਦੇ ਹਨ।--
ਤੇਜਿੰਦਰ ਬਾਵਾ 

Tuesday, March 15, 2011

ਕਦੋਂ ਆਏਗਾ ਸਮਾਜ ਦਾ ਮੁਆਫੀਨਾਮਾ.....???


ਕਈ ਵਾਰ ਕਈ ਲਿਖਤਾਂ ਪੜ੍ਹ ਕੇ ਦਿਲ ਉਦਾਸ ਵੀ ਹੁੰਦਾ ਹੈ, ਮਾਯੂਸੀ ਵੀ ਹੁੰਦੀ ਹੈ, ਕਦੇ ਕਦੇ ਗੁੱਸਾ ਵੀ ਆਉਂਦਾ ਹੈ ਪਰ ਇਸ ਦੇ ਬਾਵਜੂਦ ਆਮ ਤੌਰ ਤੇ ਮੈਂ ਕਦੇ ਵੀ ਕਲਮਕਾਰਾਂ ਨੂੰ ਕੋਈ ਗੰਭੀਰ ਕਿਸਮ ਦਾ ਗਿਲਾ ਸ਼ਿਕਵਾ ਨਹੀਂ ਕੀਤਾ. ਇਸ ਦੀ ਵਜ੍ਹਾ ਸਿਰਫ ਇਹੀ ਕਿ ਮੈਂ ਕਲਮਾਂ ਵਾਲਿਆਂ ਦੀਆਂ ਬਹੁਤ ਸਾਰੀਆਂ ਮਜਬੂਰੀਆਂ ਨੇੜਿਓਂ ਹੋ ਕੇ ਦੇਖੀਆਂ ਹਨ. ਪ੍ਰਿੰਟ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ਲਈ ਵੱਖ ਵੱਖ ਥਾਵਾਂ ਅਤੇ ਵੱਖ ਅਹੁਦਿਆਂ ਤੇ ਕੰਮ ਕਰਦਿਆਂ ਮੈਂ ਬੜੇ ਇਮਾਨਦਾਰ, ਜੋਸ਼ੀਲੇ ਅਤੇ ਸੂਝਵਾਨ ਨੌਜਵਾਨਾਂ ਤੇ ਮੁਟਿਆਰਾਂ ਨੂੰ ਇਸ ਖੇਤਰ ਵਿੱਚ ਆਉਂਦਿਆਂ ਦੇਖਿਆ. ਓਹ ਬੜੇ ਈ ਜੋਸ਼ ਨਾਲ ਇਸ ਖੇਤਰ ਵਿੱਚ ਦਾਖਿਲ ਹੁੰਦੇ, ਬੜੀ ਮੇਹਨਤ ਨਾਲ ਕੰਮ ਕਰਦੇ, ਪੂਰਾ ਖਤਰਾ ਉਠਾ ਕੇ ਅੰਦਰਲੀਆਂ ਖਬਰਾਂ ਵੀ ਲਭ ਕੇ ਲਿਆਉਂਦੇ,  ਹਰ ਤਰਾਂ ਦੇ ਲਾਲਚਾਂ ਅਤੇ ਸਵਾਰਥਾ ਤੋਂ ਉੱਪਰ ਉਠ ਕੇ ਆਪਣੀ ਰਿਪੋਰਟ ਤਿਆਰ ਕਰਦੇ ਅਤੇ ਫਿਰ ਉਸਨੂੰ ਨਿਊਜ਼ ਡੈਸਕ ਦੇ ਹਵਾਲੇ ਕਰ ਦੇਂਦੇ. ਜਿਵੇਂ ਕਿ ਮੈਨੂੰ ਬਹੁਤ ਪਹਿਲਾਂ ਹੀ ਪਤਾ  ਹੁੰਦਾ ਸੀ ਕਿ ਉਹਨਾਂ ਵਿੱਚੋਂ  ਬਹੁਤ ਸਾਰੀਆਂ ਰੀਪੋਰਟਾ ਸਿਰੇ ਤੋਂ ਹੀ ਖਾਰਿਜ ਹੋ ਜਾਂਦੀਆਂ ਜਾਂ ਫੇਰ ਉਹਨਾਂ ਵਿਚਲਾ ਸਚ ਵਾਲਾ ਸਾਹ ਸੱਤ ਨਿਚੋੜ ਕੇ ਪਹਿਲਾਂ ਹੀ ਬਾਹਰ ਕਢ ਦਿੱਤਾ ਜਾਂਦਾ ਅਤੇ ਖੋਖਲੀ ਜਿਹੀ ਰਿਪੋਰਟ ਲੋਕਾਂ ਸਾਹਮਣੇ ਆ ਜਾਂਦੀ. ਹੋਲੀ ਹੋਲੀ ਦੋ ਚਾਰ ਦਿਨਾਂ ਦੇ ਗੁਸੇ ਗਿਲੇ ਅਤੇ ਮਾਯੂਸੀਆਂ ਤੋਂ ਬਾਅਦ ਉਹਨਾਂ ਨਵੇਂ ਨਵੇਂ ਪਰ  ਜੋਸ਼ੀਲੇ ਪੱਤਰਕਾਰਾਂ ਨੂੰ ਵੀ ਅਹਿਸਾਸ ਹੋ ਜਾਂਦਾ ਕਿ ਅਸਲ ਵਿੱਚ ਹੁਣ ਉਹਨਾਂ ਨੇ ਆਪਣੀ ਡਿਊਟੀ ਮੁਤਾਬਿਕ ਕਿਹੜਾ ਸਚ ਲਭਣਾ ਹੈ ਅਤੇ ਫੇਰ ਉਸਨੂੰ ਮੀਡੀਆ ਦੀ ਖਾਸ ਖੋਜ ਰਿਪੋਰਟ ਬਣਾ ਕੇ ਕਿਵੇਂ ਪੇਸ਼ ਕਰਨਾ ਹੈ. ਫਿਰ ਉਹਨਾਂ ਨੂੰ ਮੇਰੀ ਦੱਸੀ ਗੱਲ ਵੀ ਸਮਝ ਆਉਣ ਲੱਗ ਪੈਂਦੀ ਕਿ ਸਚ ਬੋਲਣਾ ਅਸਲ ਵਿੱਚ ਕਿੰਨਾ ਮੁਸ਼ਕਿਲ ਹੈ. ਓਹ ਸਮਝ ਜਾਂਦੇ ਕਿ ਹੁਣ ਉਹਨਾਂ ਨੇ ਵੀ ਸਿਰਫ ਦੱਸਿਆ ਹੋਇਆ ਸਚ ਹੀ ਸਾਹਮਣੇ ਲਿਆਉਣ ਹੈ. ਇਹ ਅਕਸਰ ਉਹ ਸਚ ਹੁੰਦਾ ਜਿਸ ਸਚ ਨੂੰ ਆਮ ਤੌਰ ਤੇ ਅਖਬਾਰ ਜਾਂ ਚੈਨਲ ਦੇ ਮਾਲਿਕ ਆਪੋ ਆਪਣੇ ਆਕਾ ਦੇ ਹੁਕਮ ਮੁਤਾਬਿਕ ਦੱਸਦੇ. ਉਸ ਦੱਸੇ ਹੋਏ ਸਚ ਨੂੰ ਫੇਰ ਪੂਰੀ ਤਰਾਂ ਪਰਖ ਕੇ ਅਤੇ ਪੋਲਿਸ਼ ਕਰਕੇ ਪਾਠਕਾਂ ਜਾਂ ਦਰਸ਼ਕਾਂ ਸਾਹਮਣੇ  ਰਖਿਆ ਜਾਂਦਾ. ਇਸ ਤਰਾਂ ਕਰਦਿਆਂ ਕਰਦਿਆਂ ਓਹ ਜੋਸ਼ੀਲੇ ਅਤੇ ਖੋਜੀ ਪੱਤਰਕਾਰ ਹੋਲੀ ਹੋਲੀ ਇਹ ਗੱਲ ਪੂਰੀ ਤਰਾਂ ਭੁੱਲ ਜਾਂਦੇ ਕਿ ਸਮਾਜ ਦੇ ਸਰੋਕਾਰਾਂ ਪ੍ਰਤੀ ਉਹਨਾਂ ਦੇ ਵਿਚਾਰਾਂ ਦਾ ਕੀ ਬਣਿਆ ? ਉਹਨਾਂ ਦੇ ਸਟੈਂਡ ਦਾ ਕੀ ਬਣਿਆ ?  ਉਹਨਾਂ ਦੇ ਜੋਸ਼ ਦਾ ਕੀ ਬਣਿਆ ?  ਉਹਨਾਂ ਵੱਲੋਂ ਖਾਧੀਆਂ ਸੌਹਾਂ ਦਾ ਕੀ ਬਣਿਆ  ?

 ਸੁਰਜੀਤ ਗਾਮੀ

ਪਰ ਸਚ ਕਦੇ ਲੁਕਿਆ ਵੀ ਨਹੀਂ ਕਰਦਾ. ਇਹਨਾਂ ਨਿਰਾਸ਼ਾ ਜਨਕ ਹਾਲਤਾਂ ਦੇ ਬਾਵਜੂਦ ਵੀ ਕਦੇ ਕਦੇ ਸਚ ਲੋਕਾਂ ਸਾਹਮਣੇ ਆ ਹੀ ਜਾਂਦਾ ਹੈ ਜੋ ਕਿ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਹੁੰਦਾ. ਅਖਬਾਰ ਦੀ ਨੀਤੀ, ਚੈਨਲ ਦੀ ਨੀਤੀ, ਇਸ਼ਤਿਹਾਰੀ ਪਾਰਟੀਆਂ ਦਾ ਲਿਹਾਜ਼, ਸਕਿਓਰਟੀਆਂ  ਦੇ ਕੇ ਪੱਤਰਕਾਰ ਬਣੇ ਰਿਪੋਰਟਰਾਂ ਦਾ ਕਿਹਾ ਮੰਨਣ ਦੀ ਮਜਬੂਰੀ ਅਤੇ ਸਪਲੀਮੈਂਟ ਕਢਣ ਕਢਾਉਣ ਵਰਗੀਆਂ ਜ਼ਮੀਨੀ ਹਕੀਕਤਾਂ ਉਹਨਾਂ ਨੂੰ ਸਚ ਦੀ ਭਾਲ ਵਿੱਚ ਕੋਈ ਜ਼ਿਆਦਾ ਉੱਚੀਆਂ ਉਡਾਨਾਂ ਨਹੀਂ ਭਰਨ ਦੇਂਦੀਆਂ. ਇਸ ਸਭ ਕੁਝ ਦੇ ਨਾਲ ਨਾਲ ਉਹਨਾਂ ਨੂੰ ਆਪਣੀ ਦਾਲ ਰੋਟੀ ਦੀ ਵੀ ਚਿੰਤਾ ਹੁੰਦੀ ਹੈ. ਸਰਕਾਰੀ ਸਹੂਲਤਾਂ ਅਤੇ ਕਈ ਕਿਸਮ ਦੀਆਂ ਰਿਆਇਤਾਂ, ਆਏ ਦਿਨ ਮਿਲਦੀਆਂ ਸੌਗਾਤਾਂ, ਦਫਤਰਾਂ ਵਿੱਚ ਮਿਲਦੀ ਸਲਾਮੀ ਅਤੇ ਸਮਾਜ ਵਿੱਚ ਮਿਲਦਾ ਇਸ ਕਿਸਮ ਦਾ ਬਹੁਤ ਸਾਰਾ ਮਾਣ ਸਨਮਾਣ ਵੀ ਉਹਨਾਂ ਨੂੰ ਪ੍ਰਵਾਨਿਤ ਰਸਤੇ ਤੇ ਲੈ ਹੀ ਆਉਂਦਾ ਹੈ. ਕੁਝ ਸਾਲਾਂ ਬਾਅਦ ਉਹਨਾਂ ਨੂੰ ਸਿਰਫ ਆਪਣੀ ਨੌਕਰੀ ਵਾਲੀ ਡਿਊਟੀ ਯਾਦ ਰਹਿੰਦੀ ਹੈ, ਆਪਣੀ ਅਖਬਾਰ ਜਾਂ ਚੈਨਲ ਵਾਲੀ ਨੀਤੀ ਅਤੇ ਬਾਕੀ ਸਾਰੀਆਂ ਆਜ਼ਾਦ ਖਿਆਲਾਂ ਵਾਲੀਆਂ ਚਾਹਤਾਂ ਕਿਸੇ ਵਿਵਰਜਿਤ ਗੁਸਤਾਖੀ ਵਾਂਗ ਲੱਗਦੀਆਂ ਲੱਗਦੀਆਂ ਕਿਥੇ ਗੁਆਚ ਜਾਂਦੀਆਂ ਹਨ ਕੁਝ ਪਤਾ ਨਹੀਂ ਲੱਗਦਾ. ਜੇ ਕੋਈ ਯਾਦ ਕਰ ਵੀ ਦੇਵੇ ਤਾਂ ਓਹ ਕਹਿ ਦੇਂਦੇ ਹਨ ਛੱਡੋ ਜੀ ਬਚਪਨਾ ਸੀ ਉਹ ਤਾਂ. ਇਸ ਨਾਂਹ ਪੱਖੀ ਵਰਤਾਰੇ ਦੇ ਬਾਵਜੂਦ ਵੀ ਕੁਝ ਜਨੂੰਨੀ ਲੋਕ ਅੱਜ ਵੀ ਮੌਜੂਦ ਹਨ. ਓਹ ਸਚ ਬੋਲਣਾ ਨਹੀਂ ਛੱਡਦੇ. ਨਤੀਜਾ ਸਭ ਦੇ ਸਾਹਮਣੇ ਹੀ ਹੈ.  ਕਿਸੇ ਪੱਤਰਕਾਰ ਦਾ ਖੂਨ ਕਰ ਦਿੱਤਾ ਜਾਂਦਾ ਹੈ, ਕਿਸੇ ਨੂੰ ਨੌਕਰੀ ਤੋਂ ਜੁਆਬ ਮਿਲ ਜਾਂਦਾ ਹੈ, ਕਿਸੇ ਤੇ ਕੋਈ ਗੰਭੀਰ ਕਿਸਮ ਦਾ ਦੂਸ਼ਨ ਲੱਗ ਜਾਂਦਾ ਹੈ, ਕਿਸੇ ਨੂੰ ਕੋਈ ਗੰਭੀਰ ਬਿਮਾਰੀ ਨਿਗਲ ਜਾਂਦੀ ਹੈ ਅਤੇ  ਕਿਸੇ ਦੀ ਕਿਸੇ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ. ਚਾਰ ਦਿਨ ਅਫਸੋਸ ਫਿਰ ਉਸਦੀ ਨੌਕਰੀ ਉਸਦੇ ਬੇਟੇ ਜਾਂ ਬੇਟੀ ਨੂੰ ਦੇ ਦਿੱਤੀ ਜਾਂਦੀ ਹੈ ਤੇ ਇੱਕ ਵਾਰ ਫਿਰ ਸ਼ੁਰੂ ਹੋ ਜਾਂਦਾ ਹੈ ਉਹੀ ਸਿਲਸਿਲਾ ਇੱਕ ਨਵੇਂ ਜੋਸ਼ ਨਾਲ. ਸਚ ਬੋਲਣ ਵਾਲਾ  ਮੁੱਕ ਜਾਂਦਾ ਹੈ ਪਰ ਝੂਠ ਦਾ ਵਪਾਰ ਜਾਰੀ ਰਹਿੰਦਾ ਹੈ. ਜਿਹੜਾ ਕਲਮਕਾਰ ਸੱਤਰ, ਅੱਸੀ ਜਾਂ ਫੇਰ ਸੌ ਸਾਲਾਂ ਦੀ ਉਮਰ ਤੱਕ ਜੀ ਸਕਦਾ ਸੀ. ਹਰ ਰੋਜ਼ ਵੇਲੇ ਸਿਰ ਘਰ ਆ ਕੇ ਆਪਣੇ ਪਰਿਵਾਰ ਵਿੱਚ ਬੈਠ ਸਕਦਾ ਸੀ ਉਹ ਉਹ ਸਾਰਾ ਦਿਨ ਅਤੇ ਸਾਰੀ ਸਾਰੀ ਰਾਤ ਦੀਆਂ ਡਿਊਟੀਆਂ ਕਰਦਾ ਕਰਦਾ 25 , 35 ਜਾਂ 50 ਸਾਲਾਂ ਦੀ ਉਮਰ ਵਿੱਚ ਹੀ ਇਸ ਦੁਨੀਆ ਨੂ ਅਲਵਿਦਾ ਆਖ ਜਾਂਦਾ ਹੈ. ਇਹ ਉਹ ਆਜ਼ਾਦ ਗੁਲਾਮੀ ਹੈ ਜਿਹੜੀ ਆਮ ਤੌਰ ਤੇ ਨਜ਼ਰ ਨਹੀਂ ਆਉਂਦੀ. ਇਹਨਾਂ ਜ਼ੰਜੀਰਾਂ ਨੂੰ ਕੋਈ ਨਹੀਂ ਦੇਖਦਾ. ਯੂਨੀਅਨਾਂ  ਅਤੇ ਹੋਰ ਜਥੇਬੰਦੀਆਂ  ਆਪੋ ਆਪਣੀਆਂ ਲੀਡਰੀਆਂ, ਚੌਧਰਾਂ ਅਤੇ ਫੰਕਸ਼ਨਾਂ ਵਿੱਚ ਹੀ ਗੁਆਚ ਜਾਂਦੀਆਂ ਹਨ. ਸਚ ਤੋਂ ਲਾਂਭੇ ਕਰ ਦਿੱਤੀਆ ਗਈਆਂ ਇਹ ਕਲਮਾਂ ਕਿਹੋ ਜਿਹੇ ਸਮਾਜ ਦੀ ਸਿਰਜਨਾਂ ਕਰ ਸਕਦੀਆਂ ਹਨ ਇਸ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ. ਸਮਾਜ ਨੇ ਕਦੇ ਇਹਨਾਂ ਦਾ ਦੁੱਖ ਸੁੱਖ ਪੁਛਣ ਦੀ ਖੇਚਲ ਵੀ ਨਹੀਂ ਕੀਤੀ. ਜੇ ਕਿਸੇ ਨੇ ਕਦੇ ਕੋਈ ਗੀਤ ਲਿਖਿਆ ਕਿ ਓਹ ਵੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਹੈ ਤਾਂ ਸਮਾਜ ਨੇ ਬੜੇ ਈ ਸੁਆਦ ਨਾਲ ਇਸ ਦਾ ਸੁਆਦ ਲਿਆ. ਜੇ ਕਦੇ ਕਿਸੇ ਨੇ ਕਿਸੇ ਕਾਰਣ ਇਸਦਾ ਵਿਰੋਧ ਵੀ ਕੀਤਾ ਤਾਂ ਵੀ ਸਮਾਜ ਨੇ ਆਪਣਾ ਸੁਆਦ ਲਿਆ. ਸਿਰਫ ਦੋਗਲਾ ਹੁੰਦਾ ਤਾਂ ਵੀ ਗੱਲ ਚੱਲ ਜਾਣੀ ਸੀ ਪਰ ਇਸ ਸਮਾਜ ਦੇ ਅਸਲੀ ਚੇਹਰੇ ਉੱਪਰ ਤਾਂ ਕਈ ਕਈ ਮੁਖੌਟੇ ਹਨ. ਇਸ ਵਰਤਾਰੇ ਕਾਰਣ ਜੇ ਕਰ ਕੁਝ ਥੋਹੜੇ ਜਿਹੇ ਬੰਦੇ ਦੁਖੀ ਹਨ ਤਾਂ ਸਿਰਫ ਏਸ ਕਾਰਣ ਕਿ ਉਹਨਾਂ ਦੀ ਜ਼ਮੀਰ ਅਜੇ ਤੱਕ ਪੂਰੀ ਤਰਾਂ ਕਤਲ ਨਹੀਂ ਹੋਈ. ਜਾਗਦੀ ਜ਼ਮੀਰ ਵਾਲੇ ਬੰਦਿਆਂ ਨੇ ਹੀ ਸਮਾਜ ਬਦਲੇ ਹਨ ਅਤੇ ਹੁਣ ਵੀ ਓਹੀ ਅੱਗੇ ਆਉਣਗੇ. ਇਸ ਦੀ ਸ਼ੁਭ ਸ਼ੁਰੂਆਤ ਹੋ ਚੁੱਕੀ ਹੈ. ਹੁਣ ਇਸ ਵਿੱਚ ਆਪਣਾ ਹਿੱਸਾ ਪਾਇਆ ਹੈ ਸਾਡੇ ਹਰਮਨ ਪਿਆਰੇ ਗੀਤਕਾਰ ਅਮਰਦੀਪ ਗਿੱਲ ਨੇ. ਉਹਨਾਂ  ਇੱਕ ਲਿਖਤ ਲਿਖੀ ਹੈ. ਲਓ ਪਹਿਲਾਂ ਤੁਸੀਂ ਪੜ੍ਹੋ ਇਸ ਇਤਿਹਾਸਿਕ ਲਿਖਤ ਨੂੰ: 

ਮੇਰਾ ਮੁਆਫੀਨਾਮਾ ਸੂਝਵਾਨ , ਸੁਹਿਰਦ , ਸੱਚੇ ਪੰਜਾਬੀਆਂ ਦੇ ਚਰਨਾਂ 'ਚ !


ਮੈਂ ਅਮਰਦੀਪ ਗਿੱਲ ਆਪਣੇ ਪੂਰੇ ਹੋਸ਼ੋ-ਹਵਾਸ ਨਾਲ ਇਹ ਨੋਟ ਲਿਖ ਰਿਹਾ ਹਾਂ , ਕਿ ਮੈਂ ਹੀ ਉਹ ਲੇਖਕ ਹਾਂ ਜਿਸਨੇ 9 ਸਾਲ ਪਹਿਲਾਂ " ਓਹ ਵੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਏ " ਗੀਤ ਲਿਖਿਆ ਸੀ । " ਕੁੜੀਆਂ ਤਾਂ ਕੁੜੀਆਂ ਨੇ " , "ਸਿੱਲੀ ਸਿੱਲੀ ਹਵਾ " , "ਦੁੱਖ ਬੋਲ ਕੇ ਜੇ ਦੱਸਿਆ " , "ਪਰਦੇਸਣ ਧੀਆਂ" , "ਇਹ ਪੰਜਾਬ ਵੀ ਮੇਰਾ ਏ.." ਵਰਗੇ ਹੋਰ ਅਨੇਕ ਗੀਤ ਵੀ ਮੈਂ ਲਿਖੇ ਤੇ ਹੰਸ ਰਾਜ ਹੰਸ ਨੇ ਗਾਏ ਨੇ.....ਪਰ ਬਹੁਤ ਸਾਰੇ "ਦੋਸਤ" ਸਿਰਫ "ਅੱਗ ਤੁਰੀ ਜਾਂਦੀ ਹੈ" ਦੀ ਗੱਲ ਹੀ ਕਰਦੇ ਨੇ...ਤਾਂ ਕਰਕੇ ਮੈਂ ਇਹ ਸ਼ਪਸ਼ਟੀਕਰਨ / ਮੁਆਫੀਨਾਮਾ ਲਿਖ ਰਿਹਾ ਹਾਂ ! "ਅੱਗ" ਗੀਤ 'ਚ ਮੈਂ "ਅੱਗ" ਦਾ ਬਿੰਬ ਉਸ ਤਰਾਂ ਵਰਤਣ ਦੀ ਕੋਸ਼ਿਸ਼ ਕੀਤੀ ਸੀ ਜਿਵੇਂ ਸ਼ਿਵ ਕੁਮਾਰ ਬਟਾਲਵੀ ਨੇ "ਅੱਗ ਤੁਰੀ ਪਰਦੇਸ" 'ਚ ਵਰਤਿਆ ਸੀ ਇਹ ਬਿੰਬ...ਪਰ ਮੈਂ ਬੁਰੀ ਤਰਾਂ ਨਾਕਾਮ ਰਿਹਾ ..ਤੇ ਇਹ ਗੀਤ "ਲੱਚਰ" ਸਿੱਧ ਹੋ ਗਿਆ...ਇਸਦੇ ਪਿੱਛੇ ਹੋਰ ਵੀ ਕਈ ਕਾਰਨ ਸਨ ਕਿ ਸਿਰਫ ਇਸ ਗੀਤ ਤੇ ਹੀ ਕਿਉਂ ਐਨਾਂ ਤਵਾ ਲੱਗਿਆ....ਖੈਰ ਮੈਂ ਉਨਾਂ ਕਾਰਨਾਂ 'ਚ ਨਹੀਂ ਜਾਣਾ ਚਾਹੁੰਦਾ... ਮੈਂ ਸਿਰਫ ਇਹ ਦੱਸਣ ਲਈ ਇਹ ਨੋਟ ਲਿਖਿਆ ਹੈ ਕਿ ਮੈਂ ਇਸ ਗੀਤ ਨੂੰ ਲਿਖਣ ਦਾ ਗੁਨਾਹਗਾਰ ਹਾਂ ਤੇ ਆਪ ਸਭ ਪੰਜਾਬੀਆਂ ਤੋਂ ਇਸ ਲਈ ਮੁਆਫੀ ਮੰਗਦਾ ਹਾਂ , ਮੈਂ ਇਹ ਗੀਤ ਆਪਣੇ ਗੀਤ-ਸੰਗਰਿਹ "ਸਿੱਲੀ ਸਿੱਲੀ ਹਵਾ" 'ਚ ਵੀ ਸ਼ਾਮਿਲ ਨਹੀਂ ਕੀਤਾ , ਕੀ ਮੇਰੀ ਇੱਕ ਗਲਤੀ ਮੁਆਫ ਨਹੀਂ ਕੀਤੀ ਜਾ ਸਕਦੀ ? ਜੇ ਤੁਸੀਂ ਇਹ ਸਮਝਦੇ ਹੋ ਕਿ ਪੰਜਾਬੀ 'ਚ ਮੈਂ ਹੀ ਸਭ ਤੋਂ ਮਾੜਾ ਗੀਤ ਲਿਖਿਆ ਹੈ ਜਾਂ ਪੰਜਾਬੀ ਗੀਤਕਾਰੀ 'ਚ ਸਿਰਫ ਮੇਰੇ ਇਸ ਗੀਤ ਕਾਰਨ ਹੀ "ਗੰਦ" ਪਿਆਂ ਹੈ ਤਾਂ ਤੁਸੀਂ ਮੇਰੇ ਜੁੱਤੀਆਂ ਮਾਰ ਸਕਦੇ ਹੋ...ਮੈਨੂੰ ਗਾਲਾਂ ਕੱਢ ਸਕਦੇ ਹੋ..ਮੈਂ ਸੰਗਤ ਦਾ ਹਰ ਫੈਸਲਾ ਸਿਰ ਮੱਥੇ ਮੰਨਾਂਗਾ !
             ਮੇਰਾ ਨੰਬਰ 99882 62870 ਹੈ , ਮੈਂ ਪੰਜਾਬੀ ਮਾਂ ਬੋਲੀ ਦਾ ਜੁੰਮੇਵਾਰ ਪੁੱਤਰ ਹਾਂ , ਇੱਕ ਜੁੰਮੇਵਾਰ ਅਣਖੀ ਬਾਪ ਦਾ ਬੇਟਾ ਹਾਂ , ਮੈਂ ਜਾਣ ਬੁੱਝ ਕੇ ਲੱਚਰ ਗੀਤ ਕਿਉਂ ਲਿਖਾਂਗਾ ? ਮੇਰੇ ਕੋਲ ਤੁਹਾਡੇ ਹਰ ਇਮਾਨਦਾਰ ਸਵਾਲ ਦਾ ਇਮਾਨਦਾਰ ਜਵਾਬ ਹੈ !  ਮੇਰੇ ਤੋਂ ਜੋ ਗਲਤੀ ਹੋਈ ਹੈ ਅਣਜਾਣੇ 'ਚ ਹੋਈ ਹੈ ਉਸਦੀ ਮੈਂ 8 ਸਾਲ ਪਹਿਲਾਂ ਵੀ ਮਾਫੀ ਮੰਗ ਚੁੱਕਾ ਹਾਂ ਅੱਜ ਫੇਰ ਮੰਗਦਾ ਹਾਂ ਕਿਰਪਾ ਕਰਕੇ ਮੇਰੀ ਇੱਕ ਗਲਤੀ ਕਾਰਨ ਮੇਰੇ ਸਾਰੇ ਕੀਤੇ ਕਰਾਏ ਤੇ ਪਾਣੀ ਨਾ ਫੇਰੋ ਦੋਸਤੋ  ! ਇਹ ਇਨਸਾਫ ਨਹੀਂ ਹੈ....ਤੁਸੀਂ ਹਰ ਲੱਚਰ ਲਿਖਣ ਤੇ ਗਾਉਣ ਵਾਲੇ ਤੋਂ ਮੁਆਫੀਨਾਮਾ ਲਿਖਵਾਓ ਮੈਂ ਸਭ ਤੋਂ ਪਹਿਲਾਂ ਤੁਹਾਡੀ ਕਚਿਹਰੀ 'ਚ ਖੜਾ ਹੋਵਾਂਗਾ....ਇਨਸਾਫ ਕਰੋ ਦਾਨਿਸ਼ਵਰੋ....ਜਾਤੀ ਕਿੜ ਨਾ ਕੱਢੋ ! ਮੇਰੇ ਇਸ ਨੋਟ ਤੇ ਕੁਮੈਂਟ ਜਰੂਰ ਕਰਨਾ.....ਤੁਹਾਡਾ ਸਭ ਸੂਝਵਾਨ ਪੰਜਾਬੀਆਂ ਦਾ , ਪੰਜਾਬੀ ਮਾਂ ਬੋਲੀ ਦਾ ਗੁਨਾਹਗਾਰ : ਅਮਰਦੀਪ ਗਿੱਲ , ਬਠਿੰਡਾ
*post script :
*ਇੱਕ ਕੁੜੀ ਪੰਜਾਬ ਦੀ !
ਪੰਜ ਦਰਿਆ ਦੇ ਪਾਣੀ ਦੇ ਵਿੱਚ
ਗੁੰਨ ਪੰਜਾਬੀ ਮਿੱਟੀ ,
ਮੱਕੀ ਦਾ ਵਿੱਚ ਆਟਾ ਪਾ ਕੇ
ਕਰ ਲਓ ਗੋਰੀ ਚਿੱਟੀ ,
ਕੱਚੇ ਦੁੱਧ ਦਾ ਦੇ ਕੇ ਛਿੱਟਾ
ਹੁਸਨ ਦੀ ਭੱਠੀ ਪਾਓ ,
ਸਾਰੀ ਦੁਨੀਆ ਨਾਲੋਂ ਵੱਖਰਾ
ਇੱਕ ਕਲਬੂਤ ਬਣਾਓ ,
ਇੱਜ਼ਤ ਬਾਣਾ ਗਹਿਣਾ ਅਣਖ ਦਾ
ਰੂਹ ਵਿੱਚ ਰੱਬ ਵਸਾਇਓ ,
ਕਿੱਸੇ , ਵਾਰਾਂ , ਗੀਤ , ਬੋਲੀਆਂ
ਬਾਣੀ ਰੋਜ਼ ਸੁਣਾਇਓ ,
ਇੱਕ ਹੱਥ ਦੇ ਵਿੱਚ ਤੇਗ ਦੇ ਦਿਓ
ਇੱਕ ਵਿੱਚ ਕਲੀ ਗੁਲਾਬ ਦੀ ,
ਇੰਝ ਬਣਦੀ ਏ ਯਾਰੋ
ਇੱਕ ਕੁੜੀ ਪੰਜਾਬ ਦੀ .....!
ਹਰ ਥਾਂ ਖੜਦੀ ਪੁੱਤਾਂ ਬਰਾਬਰ
ਮਾਣ ਕਰੇਂਦੇ ਮਾਪੇ ,
ਜਿਹੜੀ ਵਹਿੰਗੀ ਫਰਜ਼ਾਂ ਦੀ ਨੂੰ
ਚੁੱਕ ਲੈਂਦੀ ਏ ਆਪੇ ,
ਖੇਤਾਂ ਦੇ ਵਿੱਚ ਜਿਹੜੀ
ਮੋਰਾਂ ਵਾਂਗੂ ਪੈਲਾਂ ਪਾਵੇ ,
ਨਾਲੇ ਮੋੜਦੀ ਨੱਕਾ ਖਾਲ ਦਾ
ਟਰੈਕਟਰ ਆਪ ਚਲਾਵੇ ,
ਜਿਹੜੀ ਆਪਣੇ ਹੱਥੀਂ ਵਾਹਵੇ
ਸੂਰਤ ਆਪਣੇ ਖਾਬ ਦੀ ,
ਇੰਝ ਬਣਦੀ ਏ ਯਾਰੋ
ਇੱਕ ਕੁੜੀ ਪੰਜਾਬ ਦੀ .....!
ਨਵੀਂ ਸੋਚ ਤੇ ਨਵਾ ਸਿਦਕ ਹੈ
ਨਵੇਂ ਪੂਰਨੇ ਪਾਵੇ ,
ਨਵੀਆਂ ਰਾਹਾਂ ਤੇ ਨਵੀਂ ਰੌਸ਼ਨੀ
ਨਵੇਂ ਚਿਰਾਗ ਜਗਾਵੇ ,
ਰਿਸ਼ਤੇ - ਨਾਤੇ ਮੋਹ ਦੀਆਂ ਤੰਦਾਂ
ਆਪਣੇ ਹੱਥੀਂ ਬੁਣਦੀ ,
ਜਿਹੜੀ ਆਪਣੀ ਰੂਹ ਦਾ ਹਾਣੀ
ਮਾਣ ਨਾਲ ਹੈ ਚੁਣਦੀ ,
ਵੰਝਲੀ ਦੇ ਨਾਲ ਇੱਕ -ਸੁਰ ਕਰਦੀ
ਜੋ ਹੈ ਤਾਰ ਰਬਾਬ ਦੀ ,
ਇੰਝ ਬਣਦੀ ਏ ਯਾਰੋ
ਇੱਕ ਕੁੜੀ ਪੰਜਾਬ ਦੀ .....!
********
ਇਹ ਗੀਤ ਵੀ ਮੇਰਾ ਲਿਖਿਆ ਹੋਇਆ ਹੈ , ਮੈਂ ਸਾਹਿਤ , ਸਭਿਆਚਾਰ , ਫਿਲਮਾਂ ਦੇ  ਖੇਤਰ ਦਾ ਕੁੱਲਵਕਤੀ ਕਾਮਾ ਹਾਂ ਮੇਰੀ ਇੱਕ ਸੋਚ ਹੈ ਇੱਕ ਕੁਮਿੱਟਮੈਂਟ ਹੈ , ਮੈਂ ਆਪਣੇ ਹਰ ਕੰਮ ਹਰ ਰਚਨਾ ਲਈ ਸੂਝਵਾਨ ਸਰੋਤਿਆਂ ਨੂੰ , ਪਾਠਕਾਂ ਨੂੰ ਜਵਾਬਦੇਹ ਹਾਂ , ਮੇਰਾ ਕੋਈ ਗੀਤ ਮਾੜਾ ਹੋ ਸਕਦਾ ਹੈ ਮੇਰੀ ਨੀਤ ਮਾੜੀ ਨਹੀਂ ਹੈ , ਮੈਂ ਸਾਹਿਤ , ਸਭਿਆਚਾਰ , ਫਿਲਮਾਂ ਦੇ  ਖੇਤਰ 'ਚ ਇਮਾਨਦਾਰੀ ਤੇ ਸਮਰਪਣ ਨਾਲ ਕੰਮ ਕਰ ਰਿਹਾ ਹਾਂ ਇਹ ਮੇਰੀ ਕਰਮਭੂਮੀ ਹੈ ਜੇ ਤੁਸੀਂ ਵਾਰ ਵਾਰ ਇੱਕ ਗੀਤ ਦੀ ਗੱਲ ਕਰਕੇ ਮੇਰਾ ਰਾਹ ਰੋਕੋਗੇ ਤਾਂ ਮੈਂ ਇੱਕ ਦਿਨ ਹਾਰ ਜਾਵਾਂਗਾ , ਦੁਸ਼ਮਣ ਤੋਂ ਤਾਂ ਜਿੱਤ ਜਾਈਏ ਸੱਜਣਾਂ ਤੋਂ ਕਿਵੇਂ ਜਿੱਤੀਏ ? ਮੈਂ ਇਸ ਖੇਤਰ 'ਚੋਂ ਕਦੇ ਇੱਕ ਪੈਸਾ ਨਹੀਂ ਕਮਾਇਆ ਸਿਰਫ ਘਰ ਫੂਕ ਤਮਾਸ਼ਾ ਵੇਖਿਆ ਹੈ..ਫਿਰ ਵੀ ਇਹ ਇਲਜ਼ਾਮ...ਚਲੋ ਖੈਰ ਇਹ ਵੀ ਕਬੂਲ ਨੇ...ਆਖਿਰ ਆਪਣਿਆਂ ਨੇ ਹੀ ਦਿੱਤੇ ਨੇ ! ਵੱਸਦੇ ਰਹੋ , ਵਾਹਿਗੁਰੂ ਭਲਾ ਕਰੇ ! @ਅਮਰਦੀਪ ਗਿੱਲ
ਤੁਸੀਂ ਇਸ ਇਮਾਨਦਾਰ ਅਤੇ ਇੰਨ੍ਕ਼ਲਾਬੀ  ਵਿਚਾਰਾਂ ਵਾਲੇ ਕੁਲਵਕ਼ਤੀ ਕਾਮੇ ਦਾ ਇਹ ਮੁਆਫੀਨਾਮਾ ਪੜ੍ਹ ਲਿਆ hai. ਇਸ ਵਿਚਲਾ ਦਰਦ, ਇਸ ਵਿਚਲਾ ਪਛਤਾਵਾ ਇਸਦੇ ਇੱਕ ਇੱਕ ਸ਼ਬਦ ਵਿੱਚੋਂ ਬੋਲਦਾ ਹੈ. ਪਰ ਕਦੋਂ ਆਏਗਾ ਅਜਿਹੇ ਗੀਤ ਲਿਖਣ ਲਈ ਮਜਬੂਰ ਕਰਨ ਵਾਲੇ ਸਿਸਟਮ ਦਾ ਮੁਆਫੀਨਾਮਾ ? ਕਦੋਂ ਆਏਗਾ ਸਮਾਜ ਦੇ ਉਹਨਾ ਠੇਕੇਦਾਰਾਂ ਦਾ ਮੁਆਫੀਨਾਮਾ ਜਿਹੜਾ ਸਟੇਜ ਤੇ ਅਸ਼ਲੀਲ ਲਟਕੇ ਝਟਕੇ ਦੇਖਣ ਤਾਂ ਦਾਰੂ ਵਿੱਚ ਟੱਲੀ ਹੋ ਕੇ ਨੋਟਾਂ ਦੀਆਂ ਥੱਬੀਆਂ ਉਡਾ ਸਕਦਾ ਹੈ ਪਰ ਉਹਨਾਂ ਨੂੰ ਕਦੇ ਨਜ਼ਰ ਨਹੀਂ ਆਉਂਦਾ ਕਿ ਕਿੰਨੇ ਸੁਰਜੀਤ ਗਾਮੀ ਆਰਥਿਕ ਤੰਗੀਆਂ ਕਾਰਣ ਸਮੇਂ ਤੋਂ ਪਹਿਲਾਂ ਹੀ ਵਿਦਾ ਹੋ ਰਹੇ ਹਨ. ਅਮਰਦੀਪ ਗਿੱਲ ਨੇ ਤਾਂ ਆਪਣੀ ਉਸ ਗੱਲ ਨੂੰ ਵੀ ਖੁੱਲ ਕੇ ਗਲਤੀ ਮੰਨ ਲਿਆ ਜੋ ਕਿ ਅਸਲ ਵਿੱਚ ਬਿੰਬ ਨੂੰ ਵਰ੍ਤਨ ਵਿੱਚ ਮਿਲੀ ਅਸਫਲਤਾ ਹੀ ਸੀਂ, ਸਿਰਫ ਇੱਕ ਤਕਨੀਕੀ ਗਲਤੀ ਪਰ ਸਮਾਜ ਦੇ ਓਹ ਠੇਕੇਦਾਰ ਕਦੋਂ ਆਪਣੀਆਂ ਗਲਤੀਆਂ ਮੰਨਣਗੇ  ਜਿਹੜੇ ਜਾਣ ਬੁਝ ਕੇ ਗੁਨਾਹ ਕਰਦੇ ਹਨ ਸਿਰਫ ਆਪਣੀਆਂ ਜੇਬਾਂ ਭਰਨ ਲਈ. ਉਂਝ ਵੀ ਇਸ ਗੀਤ ਦੇ ਲਿਖਣ ਤੋਂ ਲੈ ਕੇ ਸ਼ੋਹਰਤਾਂ ਦੇ ਅਸਮਾਨ ਛੂਹਣ ਤੱਕ ਇਕੱਲਾ ਅਮਰ ਦੀਪ ਗਿੱਲ ਜਾਂ ਹੰਸ ਰਾਜ ਹੰਸ ਹੀ ਤਾਂ ਜਿੰਮੇਵਾਰ ਨਹੀਂ. ਬਹੁਤ ਸਾਰੇ ਲੋਕ ਹੋਰ ਵੀ ਸਨ ਅਤੇ ਹਨ ਜਿਹੜੇ ਇਸ ਗੀਤ ਤੋਂ ਇਲਾਵਾ ਵੀ ਬਹੁਤ ਕੁਝ ਅਜਿਹਾ ਕਰਦੇ ਹਨ ਜਿਸਦਾ ਜ਼ਿਕਰ ਵੀ ਸੰਭਵ ਨਹੀਂ.   -ਰੈਕਟਰ ਕਥੂਰੀਆ  

Wednesday, May 05, 2010

ਗੀਤ ਤੋਂ ਗੀਤ ਤੱਕ



ਫੇਸਬੁਕ ਦੀ ਦੁਨੀਆ ਵੀ ਬੜੀ ਅਜੀਬ ਹੈ. ਮੇਰੇ ਇੱਕ ਡੂੰਘੇ ਮਿੱਤਰ ਡਾਕਟਰ ਹਰਜਿੰਦਰ ਸਿੰਘ ਲਾਲ ਨੇ ਆਪਣੀ ਇੱਕ ਪੋਸਟ ਵਿੱਚ ਇਕ ਬਹੁਤ ਹੀ ਪੁਰਾਣਾ ਗੀਤ ਸਭ ਦੀ ਨਜ਼ਰ ਕੀਤਾ ਹੈ. ਇਸ ਗੀਤ ਦੇ ਮਾਮਲੇ ਵਿੱਚ ਵੀ ਸਾਡੀ ਇਕ ਸਾਂਝ ਨਿਕਲ ਆਈ. ਇੱਕ ਅਜਿਹੀ ਸਾਂਝ ਜਿਸ ਦਾ ਜ਼ਿਕਰ ਨਾ ਕਦੇ ਡਾਕਟਰ ਲਾਲ ਨੇ ਕੀਤਾ ਅਤੇ ਨਾ ਹੀ ਕਦੇ ਮੈਂ. ਅਸੀਂ ਆਪਸ ਵਿੱਚ ਕਈ ਗੱਲਾਂ ਕਰਦੇ. ਪਰ ਇਸਦਾ ਜ਼ਿਕਰ ਕਦੇ ਨਾ ਹੋਇਆ. ਕਈ ਸਾਲ ਪਹਿਲਾਂ ਡਾਕਟਰ ਲਾਲ ਨੇ ਇੱਕ ਗਜਲ ਲਿਖੀ ਸੀ : 


ਇਹੋ ਨਾ ਕਿ ਦੁਨੀਆ ਬੁਰਾ ਹੀ ਕਹੇਗੀ. 

ਤੂੰ ਹਰ ਇੱਕ ਬੁਰੀ ਗੱਲ ਮਿਰੇ ਨਾਮ ਕਰਦੇ, 

ਜੇ ਤੇਰੇ ਚ ਨਹੀਂ ਹੋਂਸਲਾ ਸਹਿਣ ਦਾ ਤਾਂ, 

ਤੂੰ ਇਲਜ਼ਾਮ ਸਾਰਾ ਮਿਰੇ ਨਾਮ ਕਰਦੇ. 


ਮੈਨੂੰ ਇਹ ਰਚਨਾ ਏਨੀ ਚੰਗੀ ਲੱਗੀ ਕਿ ਮੈਂ ਉਹਨਾਂ ਨੂੰ ਕਹਿ ਕੇ ਇਹ ਸ਼ਿਅਰ ਉਹਨਾਂ ਦੀ ਲਿਖਾਵਤ ਵਿੱਚ ਹੀ ਲਿਖਵਾ ਲਿਆ ਤਾਂ ਕੀ ਇਸ ਨੂੰ ਸਾਂਭ ਕੇ ਰੱਖ ਸਕਣ. ਮੈਨੂੰ ਅੱਜ ਵੀ ਯਾਦ ਹੈ ਕਿ ਉਸ ਵੇਲੇ ਸਾਡੇ ਨੇੜੇ ਤੇੜੇ ਕੋਈ ਕਾਗਜ਼ ਨਹੀਂ ਸੀ. ਚਾਰੇ ਪਾਸੇ ਦੇਖਿਆ ਤਾਂ ਸਿਰਫ ਇਕ ਪੰਜਾਬੀ ਦਾ ਰਸਾਲਾ ਨਜਰ ਆਇਆ. ਇਹ ਪਰਚਾ ਸੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਛਾਪਿਆ ਜਾਂਦਾ ਪਰਚਾ ਜਨ ਸਾਹਿਤ. ਮੈਂ ਓਹੀ ਅੱਗੇ ਕਰ ਦਿੱਤਾ. ਡਾਕਟਰ ਲਾਲ ਨੇ ਕੁਝ ਸ਼ਿਅਰ ਉਸਤੇ ਹੀ ਲਿਖ ਦਿੱਤੇ. ਉਹਨਾਂ ਵਿੱਚ ਇੱਕ  ਸ਼ਿਅਰ ਇਹ ਵੀ ਸੀ...


ਤੁਸੀਂ ਤੇ ਆਪ ਹੀ ਹੋਵੋਗੇ ਮੇਰੇ ਕਾਤਿਲ ਵੀ, 

ਤੇ ਯਾਦਗਾਰ ਵੀ ਮੇਰੀ ਤੁਸੀਂ ਉਸਾਰੋਗੇ. 

ਹਰਿੱਕ ਬੂੰਦ ਲਹੂ ਦੀ ਮੇਰਾ ਹੀ ਰੂਪ ਬਣੂ , 

ਮੈਂ ਰਕਤਬੀਜ ਬਣਾਂਗਾ ਜੇ ਮੈਨੂੰ ਮਾਰੋਂਗੇ.


ਇੱਸੇ ਤਰਾਂ ਇੱਕ ਹੋਰ ਸ਼ਿਅਰ ਸੀ 

ਰਾਤ ਸੀ ਤੂਫ਼ਾਨ ਭਾਵੇਂ ਕਹਿਰ ਦਾ, 
ਕੁਝ ਕੁ ਰੁੱਖ ਫਿਰ ਵੀ ਅੜੇ ਰਹੇ ਰਾਤ ਭਰ.

ਤੇ ਇੱਕ ਹੋਰ ਸੀ: 
ਕਿਸ ਰਾਜੇ ਦਾ ਹੁਕਮ ਹੈ ਹੋਇਆ, ਕੀ ਪਰਜਾ ਤੋਂ ਗਲਤੀ, 
ਕਿਓਂ ਧਰਤੀ ਦੇ ਸਭ ਬੰਦੇ ਸਿਰ ਭਾਰ ਖਲੋਤੇ ਦਿੱਸੇ? 

ਇਸ ਤਰਾਂ ਸ਼ੇਅਰੋ ਸ਼ਾਇਰੀ ਦਿਆਂ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਦੇ ਨਾਲ ਨਾਲ ਕੇਂਦਰੀ ਯੁਵਕ ਲਿਖਾਰੀ ਸਭਾ ਅਤੇ ਕਈ ਗੱਲਾਂ ਸਾਡੇ ਦਰਮਿਆਨ ਅਕਸਰ ਹੁੰਦੀਆਂ. ਪਰ ਇਸ ਗੀਤ ਦੀ ਕਦੇ ਕੋਈ ਗੱਲ ਨਹੀ. ਜਦੋਂ ਅਸੀਂ ਕਦੇ ਕਦੀਂ ਕੋਈ ਫਿਲਮ ਦੇਖਣ ਜਾਂਦੇ ਤਾਂ ਵੀ ਇਸ ਗੀਤ ਦਾ ਜ਼ਿਕਰ ਕਦੇ ਨਾ ਛਿੜਿਆ. ਤੁਸੀਂ ਇਹ ਸਭ ਕੁਝ ਉਹਨਾਂ ਦੀਆਂ ਦੋ ਪੁਸਤਕਾਂ ਚ ਪੜ੍ਹ ਸਕਦੇ ਹੋ. ਪਰ ਅੱਜ ਅਚਾਨਕ ਹੀ ਜਦੋਂ ਫੇਸਬੁਕ ਤੇ ਦੇਖਿਆ ਤਾਂ ਇਹ ਗੀਤ ਮੌਜੂਦ ਸੀ. ਇਸ ਗੀਤ ਦੇ ਮਾਮਲੇ 'ਚ ਸਾਡੀ ਸਾਂਝੀ ਗੱਲ ਇਹ ਨਿਕਲੀ ਕਿ ਜਦੋਂ ਮੈਨੂੰ ਵੀ ਕਿਤੇ ਪਨਾਹ ਨਹੀਂ ਸੀ ਮਿਲਦੀ ਜਾਂ ਫਿਰ ਕੁਝ ਅਜਿਹਾ ਮਹਿਸੂਸ ਹੁੰਦਾ ਸੀ ਤਾਂ ਮੈਨੂੰ ਆਪਣੇ ਕੁਝ ਦੋਸਤ ਵੀ ਯਾਦ ਆਉਂਦੇ ਅਤੇ ਕੁਝ ਦੁਸ਼ਮਣ ਵੀ....ਉਸ ਵੇਲੇ ਇਹ ਗੀਤ ਬਦੋਬਦੀ ਮੇਰੇ ਮੂਹੋਂ ਵੀ ਨਿਕਲ ਜਾਂਦਾ ਸੀ..ਬਿਲਕੁਲ ਇੱਕ ਪ੍ਰਾਰਥਨਾ ਦੀ ਤਰਾਂ.....ਇਕ ਇਲਤਜਾ ਦੀ ਤਰਾਂ....ਕਿਸੇ ਉਦਾਸ ਚਾਹਤ ਵਾਂਗ....ਮੈਂ ਕਦੋਂ ਇਸ ਨੂੰ ਗੁਣਗੁਣਾ ਰਿਹਾ ਹੁੰਦਾ ਕਦੇ ਪਤਾ ਨਾ ਲੱਗਦਾ. ਇਹ ਗੀਤ ਸੀ 1963 ਵਿੱਚ ਆਈ ਫਿਲਮ ਆਜ ਔਰ ਕ਼ਲ ਦਾ. ਲਾਓ ਤੁਸੀਂ ਵੀ ਸੁਣੋ.   


ਮੁਝੇ ਗਲੇ ਸੇ ਲਗਾ ਲੋ ਬਹੁਤ ਉਦਾਸ ਹੂੰ ਮੈਂ  ਗਮੇ ਜਹਾਂ ਸੇ ਛੁੜਾ ਲੋ ਬਹੁਤ ਉਦਾਸ ਹੂੰ ਮੈਂ 


ਪਰ ਇਸ ਗੀਤ ਨੂੰ ਗੁਣਗੁਨਾਉਂਦਿਆਂ ਮੈਨੂੰ ਇਹ ਅਹਿਸਾਸ ਵੀ ਹੁੰਦਾ ਸੀ ਕਿ ਰੱਬ ਨੇੜੇ ਤੇੜੇ ਹੈ ਜਾਂ ਦੂਰ..ਪਰ ਉਹ  ਕਿਸੇ ਮਨੁੱਖੀ ਰੂਪ ਵਿੱਚ ਹੀ ਕਿਤੇ ਨਾ ਕਿਤੇ ਸੁਣ ਰਿਹਾ ਸੀ...ਨਾ ਸਿਰਫ ਸੁਣ ਰਿਹਾ ਸੀ ਬਲਕਿ ਹੁੰਗਾਰਾ ਵੀ ਦੇ ਰਿਹਾ ਸੀ...ਉਸ ਦਾ ਇਹ ਹੁੰਗਾਰਾ ਮੈਨੂੰ ਸੁਣਿਆ ਵੀ ਕਰਦਾ ਸੀ....ਜੋ ਕਿ ਕੁਝ ਇਸ ਤਰਾਂ ਸੀ...ਇਸ ਗੀਤ ਦੀ ਤਰਾਂ....ਫਿਲਮ ਆਪ ਕੀ ਪਰਛਾਈਆਂ ਦਾ ਇਹ ਗੀਤ...


ਅਗਰ ਮੁਝ ਸੇ ਮੋਹਬਤ ਹੈ ਮੁਝੇ ਸਭ ਆਪਣੇ ਗਮ ਦੇ ਦੋ 


ਗੀਤ ਤੋਂ ਗੀਤ ਤੱਕ ਦੀ ਗੱਲ ਕਰਦਿਆਂ ਗੱਲ ਚੱਲੀ ਸੀ ਪ੍ਰਾਰਥਨਾ ਦੀ...ਸੋ ਅਖੀਰ ਵਿੱਚ ਇੱਕ ਹੋਰ ਗੀਤ ਜ਼ਰੂਰ ਸੁਣੋ..ਜਿਸ ਵਿਚ ਪ੍ਰਾਰਥਨਾ ਹੈ...ਪ੍ਰਾਰਥਨਾ ਦੀਆਂ ਘੰਟੀਆਂ ਵਰਗਾ ਅਹਿਸਾਸ ਹੈ..ਲਓ ਸੁਣੋ: 


ਐ ਮਾਲਿਕ ਤੇਰੇ ਬੰਦੇ ਹਮ... 


ਇਹ ਗੀਤਮਾਲਾ ਤੁਹਾਨੂੰ ਕਿਹੋ ਜਿਹੀ ਲੱਗੀ ਜ਼ਰੂਰ ਦਸਣਾ ਜੀ.--ਰੈਕਟਰ ਕਥੂਰੀਆ