15th January 2023 at 5.45 PM
ਲੋਕ ਜਜ਼ਬਿਆਂ ਦੀ ਤਰਜਮਾਨੀ ਵਾਲੀ ਕਲਾ ਪੱਖੀ ਹਨੇਰੀ ਫਿਰ ਝੁੱਲੇਗੀ
ਮੋਹਾਲੀ: 16 ਜਨਵਰੀ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::
ਪੰਜਾਬ ਵਿੱਚ ਇੱਕ ਵਾਰ ਫਿਰ ਫਿਰਕਾਪ੍ਰਸਤੀ ਵਾਲੀਆਂ ਤੱਤੀਆਂ ਹਵਾਵਾਂ ਵਗਦੀਆਂ ਲੱਗ ਰਹੀਆਂ ਹਨ। ਲੋਕਾਂ ਦੇ ਅਸਲੀ ਮਸਲੇ ਮਹਿੰਗਾਈ, ਬੇਰੋਜ਼ਗਾਰੀ, ਰੋਜ਼ੀ ਰੋਟੀ, ਸਿੱਖਿਆ ਅਤੇ ਸਿਹਤ ਵਰਗੇ ਜ਼ਰੂਰੀ ਮੁੱਦੇ ਇੱਕ ਵਾਰ ਫਿਰ ਲੋਕਾਂ ਦੇ ਜ਼ਹਿਨ ਵਿੱਚੋਂ ਭੁਲਾਏ ਜਾ ਰਹੇ ਹਨ। ਕਲਾ ਅਤੇ ਸਾਹਿਤ ਰਾਹੀਂ ਉੱਠਦੀਆਂ ਲੋਕ ਪੱਖੀ ਆਵਾਜ਼ਾਂ ਇੱਕ ਵਾਰ ਫਿਰ ਖਤਰਿਆਂ ਵਿਚ ਹਨ। ਦੇਸ਼ ਅਤੇ ਦੁਨੀਆ ਵਿੱਚ ਇਸ ਕਿਸਮ ਦਾ ਵਰਤਾਰਾ ਜ਼ੋਰ ਫੜਦਾ ਜਾ ਰਿਹਾ ਹੈ।
ਅਜਿਹੇ ਨਾਜ਼ੁਕ ਸਮਿਆਂ ਵਿੱਚ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਅਰਥਾਤ ਇਪਟਾ ਨੇ ਇੱਕ ਵਾਰ ਫੇਰ ਆਪਣੀ ਅਮੀਰ ਵਿਰਾਸਤ ਨੂੰ ਯਾਦ ਕਰਦਿਆਂ ਕੈਫ਼ੀ ਆਜ਼ਮੀ, ਸ਼ਬਾਨਾ ਆਜ਼ਮੀ, ਨਰਗਿਸ, ਜਾਨੀਸਾਰ ਅਖਤਰ, ਜਾਵੇਦ ਅਖਤਰ, ਨਰਗਿਸ ਅਤੇ ਸ਼ਹਿਰ ਲੁਧਿਆਣਵੀ ਵਰਗੇ ਆਪਣੇ ਸੰਸਥਾਪਕਾਂ ਅਤੇ ਪੁਰਖਿਆਂ ਨੂੰ ਯਾਦ ਕਰਦਿਆਂ ਲੋਕ ਪੱਖੀ ਜਜ਼ਬਿਆਂ ਨੂੰ ਫਿਰ ਤੋਂ ਉਭਾਰਨ ਦਾ ਸੰਕਲਪ ਦੁਹਰਾਇਆ।
ਇਸ ਮਕਸਦ ਲਈ ਇਪਟਾ ਮੋਹਾਲੀ ਇਕਾਈ ਦੀ ਇੱਕ ਵਿਸ਼ੇਸ਼ ਮੀਟਿੰਗ ਮੋਹਾਲੀ ਦੇ 10 ਫੇਜ਼ ਵਿਖੇ ਸਥਿਤ ਇੱਕ ਸਕੂਲ ਵਿੱਚ ਰੈਕਟਰ ਕਥੂਰੀਆ ਦੀ ਪ੍ਰਧਾਨਗੀ ਹੇਂਠ ਹੋਈ। ਇਸ ਮੀਟਿੰਗ ਵਿੱਚ ਇਪਟਾ ਦੀਆਂ ਪਿਛਲੀ ਕਾਰਗੁਜ਼ਾਰੀਆਂ ਬਾਰੇ ਅਤੇ ਭਵਿੱਖ ਦੇ ਕੰਮਾਂ ਬਾਰੇ ਵਿਚਾਰ ਸਾਂਝੇ ਕੀਤੇ ਗਏ। ਇਪਟਾ ਦੀ ਜਿੰਦ-ਜਾਨ ਰਹੇ ਤੇਰਾ ਸਿੰਘ ਚੰਨ ਹੁਰਾਂ ਦੇ ਨਾਲ ਨਾਲ ਅਮਰਜੀਤ ਗੁਰਦਾਸਪੁਰੀ ਹੁਰਾਂ ਨੂੰ ਸਜਦਾ ਕਰਦਿਆਂ ਮੌਜੂਦਾ ਦੌਰ ਦੀਆਂ ਚੁਣੌਤੀਆਂ ਨੂੰ ਸਵੀਕਾਰ ਕੀਤਾ ਗਿਆ। ਇਸ ਮੀਟਿੰਗ ਵਿੱਚ ਅੱਜ ਦੇ ਸਮੇਂ ਵਿਚ ਬਣ ਰਹੇ ਥੀਏਟਰ ਦੇ ਮਾਹੌਲ, ਅਤੇ ਉਸਦੇ ਬਦਲ ਬਾਰੇ ਸੁਝਾਅ ਵੀ ਪੇਸ਼ ਕੀਤੇ ਗਏ। ਸੱਤਾਧਾਰੀ ਧਿਰਾਂ ਵੱਲੋਂ ਲੋਕਾਂ ਨੰ ਦਾਲ ਰੋਟੀ ਦੇ ਫਿਕਰਾਂ ਵਿੱਚ ਉਲਝਾ ਕੇ ਉਹਨਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਭਟਕਾਉਣ ਦੀਆਂ ਗੁਝੀਆਂ ਅਤੇ ਖਤਰਨਾਕ ਸਾਜ਼ਿਸ਼ਾਂ ਦੀ ਵੀ ਚਰਚਾ ਹੋਈ।
ਇਸ ਮੀਟਿੰਗ ਵਿਚ ਪੁੱਜੇ ਹੋਏ ਜਸਬੀਰ ਗਿੱਲ ਜਸਬੀਰ ਗਿੱਲ ਵੱਲੋ ਵਿਚਾਰ ਰੱਖਿਆ ਗਿਆ ਕਿ ਨੌਜਵਾਨਾਂ ਅਤੇ ਬੱਚਿਆਂ ਨੂੰ ਇਪਟਾ ਨਾਲ ਜੋੜਣ ਲਈ ਹਰ ਪਿੰਡ ਵਿਚ ਯੂਨਿਟ ਬਣਾਉਣ ਅਤੇ ਹਰ 3 ਮਹੀਨੇ ਦੇ ਅੰਤਰਾਲ ਵਿਚ 25-25 ਪਿੰਡ ਵਿਚ ਜਾ ਕੇ ਨਾਟਕ ਮੰਚਨ, ਥੀਏਟਰ ਵਰਕਸ਼ਾਪ ਅਤੇ ਟੈਲੇੰਟ ਹੰਟ ਆਦਿ ਆਯੋਜਿਤ ਕੀਤੇ ਜਾਣ। ਜ਼ਿਕਰਯੋਗ ਹੈ ਕਿ ਜਸਬੀਰ ਗਿੱਲ ਲੰਬੇ ਸਮੇਂ ਤੋਂ ਫ਼ਿਲਮਾਂ, ਕਲਾ ਅਤੇ ਥੀਏਟਰ ਨਾਲ ਜੁੜੇ ਹੋਏ ਹਨ।
ਇਸੇ ਮੀਟਿੰਗ ਵਿੱਚ ਹੀ ਸਰਬਪ੍ਰੀਤ ਸਿੰਘ ਵੱਲੋਂ ਕਲਾਕਾਰਾਂ ਅਤੇ ਉਹਨਾਂ ਦੀ ਕਲਾ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਸੋਸ਼ਲ ਮੀਡਿਆ ਦਾ ਸਹਾਰਾ ਲੈਣ ਅਤੇ ਕਲਾਕਾਰਾਂ ਦੇ ਆਰਥਿਕ ਪੱਖ ਨੂੰ ਮਜ਼ਬੂਤ ਕਰਨ ਵਾਲੀ ਸੋਚ ਰੱਖਣ ਲਈ ਵੀ ਕਿਹਾ ਗਿਆ।
ਇਪਟਾ ਪੰਜਾਬ ਦੇ (ਜਨਰਲ ਸਕੱਤਰ) ਸੰਜੀਵਨ ਸਿੰਘ ਵੱਲੋਂ ਮੀਟਿੰਗ ਚ ਸਾਂਝੇ ਹੋਏ ਵਿਚਾਰਾਂ ਤੇ ਅਮਲ ਕਰਨ, ਲੋਕਾਂ ਨਾਲ ਜੁੜਣ ਅਤੇ ਲੋਕਪੱਖੀ ਕੰਮ ਕਰਨ ਲਈ ਕਿਹਾ ਗਿਆ।
ਇਸ ਵਿਚਾਰ ਚਰਚਾ ਤੋਂ ਇਲਾਵਾ ਇਪਟਾ ਮੋਹਾਲੀ ਇਕਾਈ ਦੀ ਤਿੰਨ ਸਾਲਾਂ (2023 - 2026) ਦੀ ਚੋਣ ਵੀ ਸਰਬਸੰਮਤੀ ਨਾਲ ਹੋਈ। ਜਿਸ ਵਿਚ ਸਰਪ੍ਰਸਤ ਸਵਰਨ ਸਿੰਘ ਸੰਧੂ, ਪ੍ਰਧਾਨ ਨਰਿੰਦਰ ਪਾਲ ਸਿੰਘ ਨੀਨਾ, ਮੀਤ-ਪ੍ਰਧਾਨ ਅਮਨ ਭੋਗਲ, ਜਨਰਲ ਸਕੱਤਰ ਜਸਬੀਰ ਗਿੱਲ, ਸਹਿ-ਸਕੱਤਰ ਸਰਬਪ੍ਰੀਤ ਸਿੰਘ ਬਾਹੜਾ, ਪ੍ਰੈਸ ਸਕੱਤਰ ਕਾਰਤਿਕਾ ਸਿੰਘ, ਸਲਾਹਕਾਰ ਰੈਕਟਰ ਕਥੂਰੀਆ, ਕਾਰਜਕਾਰੀ ਮੈਂਬਰ ਬਲਦੇਵ ਸਿੰਘ ਅਤੇ ਦੀਪਕ ਚੌਧਰੀ ਨੂੰ ਚੁਣਿਆ ਗਿਆ।
ਇਸ ਮੀਟਿੰਗ ਵਿਚ ਇਪਟਾ ਪੰਜਾਬ ਦੇ ਮੁੱਢਲੇ ਕਾਰਕੁੰਨ ਗੁਰਚਰਨ ਬੋਪਾਰਾਏ ਅਤੇ ਇਪਟਾ ਕਾਰਕੁੰਨ ਜੇ. ਸੀ. ਪਰਿੰਦਾ ਜੀ ਦੇ ਵਿਛੋੜੇ ਤੇ ਦੁੱਖ ਪ੍ਰਗਟ ਕਰਦੇ ਹੋਏ, ਉਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।
ਇਪਟਾ ਨਾਲ ਸਬੰਧਤ ਕੁਝ ਹੋਰ ਪੋਸਟਾਂ ਇਥੇ ਕਲਿੱਕ ਕਰ ਕੇਵੀ ਪੜ੍ਹ ਸਕਦੇ ਹੋ
ਲੋਕ ਧਿਰਾਂ 'ਤੇ ਹਮਲਾ ਕਰਨ ਵਾਲਿਆਂ ਦੀ ਏਨੀ ਹਿੰਮਤ ਕਿਵੇਂ ਪਈ
ਮਨਜੀਤ ਇੰਦਰਾ ਨੂੰ ਦੇਖਦਿਆਂ ਸੁਣਦਿਆਂ
ਹਰ ਦਿਨ ਹਰ ਪਲ ਹੀ ਰੰਗਮੰਚ ਦਿਵਸ//ਸੰਜੀਵਨ ਸਿੰਘ
ਕੌਣ ਲਏ ਹੁਣ ਸਾਰ ਇਹਨਾਂ ਦੀ-ਕੌਣ ਫੜੇ ਹੁਣ ਬਾਂਹ?
ਐਸ ਡੀ ਸਰਕਾਰੀ ਕਾਲਜ ਵਿਰੁੱਧ ਦਰਜ ਸ਼ਿਕਾਇਤ ਦਾ ਮਾਮਲਾ ਗਰਮਾਇਆ
ਹਰਜੀਤਾ-ਪੰਜਾਬੀ ਸਿਨੇਮਾ ਕਿੱਥੋਂ ਕਿੱਥੇ//ਸੰਜੀਵਨ ਸਿੰਘ
ਲੋਕ ਸੰਗੀਤ ਦਾ ਉੱਚਾ ਬੁਰਜ-ਅਮਰਜੀਤ ਗੁਰਦਾਸਪੁਰੀ
No comments:
Post a Comment