Friday, June 25, 2021

ਕੌਣ ਲਏ ਹੁਣ ਸਾਰ ਇਹਨਾਂ ਦੀ? ਕੌਣ ਫੜ੍ਹੇ ਹੁਣ ਬਾਂਹ?

ਮਜਬੂਰ ਹੋ ਕੇ ਕਲਾਕਾਰਾਂ ਨੇ ਦਿੱਤਾ ਲੁਧਿਆਣਾ ਵਿੱਚ ਧਰਨਾ 

ਲੁਧਿਆਣਾ: 25 ਜੂਨ 2021: (ਪ੍ਰਦੀਪ ਸ਼ਰਮਾ//ਕਾਰਤਿਕਾ ਸਿੰਘ//ਮੀਡੀਆ ਲਿੰਕ//ਪੰਜਾਬ ਸਕਰੀਨ ਡੈਸਕ)::

ਕੋਈ ਜ਼ਮਾਨਾ ਸੀ ਜਦੋਂ ਕਲਾਕਾਰਾਂ ਅਤੇ ਗਾਇਕਾਂ ਦੀ ਜੈ ਜੈ ਕਾਰ ਹੋਇਆ ਕਰਦੀ ਸੀ।  ਸਿਆਸੀ ਇਕੱਠ ਹੋਵੇ ਜਾਂ ਕੋਈ ਵਿਆਹ ਸ਼ਾਦੀ ਕਲਾਕਾਰਾਂ ਨਾਲ ਹੀ ਗੱਲ ਬਣਿਆ ਕਰਦੀ ਸੀ। ਉਦੋਂ ਅਖਾੜੇ ਵੱਖਰੇ ਲੱਗਿਆ ਕਰਦੇ ਸਨ। ਮੰਜਿਆਂ ਦੇ ਨਾਲ ਵੱਡੇ ਵੱਡੇ ਸਪੀਕਰ ਬੰਨ ਕੇ ਸਾਰੀ ਸਾਰੀ ਰਾਤ ਮਹਿਫਲਾਂ ਸੱਜਦੀਆਂ ਸਨ। 

ਪਿੰਡਾਂ ਦੇ ਖੁਲ੍ਹੇ ਖੇਤਾਂ ਵਿੱਚ ਟਰਾਲੀਆਂ ਨੂੰ ਸਟੇਜਾਂ ਬਣਾ ਲਿਆ ਜਾਂਦਾ ਸੀ। ਇਸ ਮਕਸਦ ਲਈ ਵੱਡੇ ਗੱਡਿਆਂ ਦੀ ਵਰਤੋਂ ਵੀ ਕੀਤੀ ਜਾਂਦੀ ਸੀ। ਚਾਹ ਪਾਣੀ ਅਤੇ ਲੰਗਰਾਂ ਦੇ ਨਾਲ ਨਾਲ ਪਰਦੇ ਜਿਹੇ ਨਾਲ ਜਾਮ ਗਿਲਾਸੀ ਵੀ ਖੜਕਿਆ ਕਰਦੇ ਸਨ। ਸਵੇਰ ਹੁੰਦੀ ਨੂੰ ਕਲਾਕਾਰਾਂ ਲਈ  ਬੋਰੀਆਂ ਭਰ ਕੇ ਨੋਟ ਇਕੱਠੇ ਹੋ ਜਾਂਦੇ। ਪ੍ਰਬੰਧਕਾਂ ਨੇ ਮਾਣ ਤਾਣ ਵੱਖਰਾ ਕਰਨਾ। ਫਿਰ ਮਿਲਣ ਦੇ ਵਾਅਦਿਆਂ ਨਾਲ ਗਾਇਕਾਂ ਦੀਆਂ ਟੋਲੀਆਂ ਅਤੇ ਜੋੜੀਆਂ ਵਿਦਾ ਹੋ ਜਾਂਦੀਆਂ। ਉਹਨਾਂ ਦੀਆਂ ਕਾਰਾਂ ਨਾਲ ਉੱਡਦੀ ਧੂੜ ਨੂੰ ਪਿੰਡਾਂ ਵਾਲੇ ਦੇਰ ਤਕ ਦੇਖਦੇ ਰਹਿੰਦੇ। ਇੱਕ ਵੱਖਰਾ  ਜਿਹਾ ਮਾਹੌਲ ਉੱਸਰ ਗਿਆ ਸੀ। ਗੀਤ ਸੰਗੀਤ ਵਾਲਾ ਮਾਹੌਲ। ਸੁਰਾਂ ਅਤੇ ਸਾਜ਼ਾਂ ਵਾਲਾ ਮਾਹੌਲ। ਗਾਇਕਾਂ ਅਤੇ ਗੀਤਕਾਰਾਂ ਦਾ ਮਾਹੌਲ। ਲੋਕ ਸੁਣਦਿਆਂ ਸਾਰ ਜੁੜ ਜਾਂਦੇ- 

ਸਤਿਗੁਰੂ ਨਾਨਕ ਆ ਜਾ ਦੁਨੀਆ ਪਈ ਪੁਕਾਰਦੀ, 

ਤੇਰੇ ਹੱਥੇ ਵਿੱਚ ਚਾਬੀ ਓ ਦਾਤਾ ਸਾਰੇ ਸੰਸਾਰ ਦੀ!

ਫਿਰ ਉਹੀ ਆਵਾਜ਼ ਰੰਗ ਬਦਲਦੀ-

ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ! ਤੇਰੇ ਨੀ ਕਰਾਰਾਂ ਮੈਨੂੰ ਪੱਟਿਆ!

ਪੰਜਾਬ ਵਿੱਚ ਗੋਲੀਆਂ ਵਾਲਾ ਮਾਹੌਲ ਬਣਿਆ ਤਾਂ ਕਈ ਤਰ੍ਹਾਂ ਦੇ ਗੀਤ ਸਾਹਮਣੇ ਆਏ। ਇੱਕ ਸੀ:

ਤਲਵਾਰ ਮੈਂ ਕਲਗੀਧਰ ਦੀ ਹਾਂ--ਮੈਂ  ਨਹੀਂ ਕਿਸੇ ਤੋਂ ਡਰਦੀ ਹਾਂ...

ਕਦੇ ਮਲਕੀ ਕੀਮਾ, ਕਦੇ ਹੀਰ ਰਾਂਝਾ, ਕਦੇ ਮਿਰਜ਼ਾ ਸਾਹਿਬਾਂ ਅਤੇ ਕਦੇ ਜਿਊਣਾ ਮੋੜ। ਜ਼ਿੰਦਗੀ ਦੇ ਇਹ ਰੰਗ ਉਹਨਾਂ ਵੇਲਿਆਂ ਦਾ ਇਤਿਹਾਸ ਵੀ ਸਨ। ਅਸ਼ਲੀਲਤਾ ਦਾ ਦੌਰ ਵੀ ਚੱਲਿਆ। ਕਲਾਕਾਰਾਂ ਤੇ  ਨੋਟਾਂ ਅਤੇ ਫੁੱਲਾਂ ਦੀ ਥਾਂ ਗੋਲੀਆਂ ਵੀ ਵਰ੍ਹਨ ਲੱਗੀਆਂ। ਫਿਲਮ ਜਗਤ ਦੀ ਸ਼ਖ਼ਸੀਅਤ ਵਰਿੰਦਰ ਦਾ ਕਤਲ ਬੰਦੂਕ ਵਾਲੇ ਇਸ ਵਰਤਾਰੇ ਦੀ ਸਿਖਰ ਸੀ। ਅਮਰ ਸਿੰਘ ਚਮਕੀਲੇ ਅਤੇ ਉਸਦੀ ਸਾਥਣ ਗਾਇਕ ਅਮਰਜੋਤ ਕੌਰ ਦੇ ਕਤਲ ਦੀ ਚਰਚਾ ਹੁਣ ਵੀ ਹੋ ਹੀ ਜਾਂਦੀ ਹੈ। ਇੰਡਸਟਰੀ ਵਿੱਚ ਉਦੋਂ ਵੀ ਖੜੋਤ ਆ ਗਈ ਸੀ ਪਰ ਇਸ ਖੜੋਤ ਨੂੰ ਵੀ ਪੰਜਾਬੀਆਂ ਨੇ ਰਲ ਮਿਲ ਕੇ ਜਲਦੀ ਹੀ ਤੋੜ ਦਿੱਤਾ। ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਮੁਹੰਮਦ ਸਦੀਕ, ਰਣਜੀਤ ਕੌਰ, ਕੇ ਦੀਪ...ਯਾਦ ਰਹਿਣ ਵਾਲੇ ਕਲਾਕਾਰਾਂ/ਗਾਇਕਾਂ ਦੀ ਲਿਸਟ ਬੜੀ ਲੰਮੀ ਹੈ। ਨੁਸਰਤ ਫਤਿਹ ਅਲੀ ਖ਼ਾਨ, ਰਾਹਤ ਫਤਿਹ ਅਲੀ ਖਾਨ ਤੇ ਨਾਲ ਹੀ ਜ਼ਰੂਰੀ ਹੈ ਜ਼ਿਕਰ ਸਤਿੰਦਰ ਸਰਤਾਜ ਹੁਰਾਂ ਦਾ ਵੀ। 

ਇਬਾਦਤ ਕਰ ਇਬਾਦਤ ਕਰਨ ਤੇ ਹੀ ਗੱਲ ਬਣਦੀ ਹੈ!

ਕਿਸੇ ਦੀ ਅੱਜ ਬਣਦੀ ਹੈ ਕਿਸੇ ਦੀ ਕਲ੍ਹ ਬਣਦੀ ਹੈ!

ਇਸ ਦੌਰ ਨੇ ਸੂਫ਼ੀਆਨਾ ਰੰਗ ਨਾਲ  ਰੰਗ ਦਿੱਤਾ। ਨੂਰਾਂ ਸਿਸਟਰਜ਼ ਨੇ ਇੱਕ ਅਲੱਗ ਹੀ ਤਰ੍ਹਾਂ ਦਾ ਮਾਹੌਲ ਸਿਰਜਿਆ। ਗੁਰਬਾਣੀ ਸੰਗੀਤ ਵਿੱਚ ਪੁਰਾਣੀਆਂ ਸ਼ਖਸੀਅਤਾਂ ਦੇ ਨਾਲ ਨਾਲ ਨਵੇਂ ਚੇਹਰੇ ਵੀ ਆਏ। ਮੈਥਿਲੀ ਠਾਕੁਰ ਨੇ ਤਾਂ ਗੁਰਬਾਣੀ ਸੰਗੀਤ ਦੇ ਗਾਇਨ ਵਿੱਚ ਬਹੁਤ ਕੁਝ ਸਾਬਿਤ ਕੀਤਾ ਅਤੇ ਦੱਸਿਆ ਕਿ ਜੋ ਜੋ ਮੰਗੋ ਉਸਤੋਂ ਵੀ ਵੱਧ ਮਿਲਦਾ ਹੈ। 

ਫਿਰ ਚੱਲਿਆ ਨਵੇਂ ਯੁਗ ਦਾ ਨਵਾਂ ਦੌਰ। ਚੱਕ ਲੋ ਰਿਵਾਲਵਰ ਰਫਲਾਂ ਕਿ ਬਦਲਾ ਲੈਣਾ ਏ-- ਹਰ ਥਾਂ ਇਹੀ ਗੀਤ ਸੀ। ਜਦੋਂ ਸਮਾਜ ਵਿੱਚ ਬੇਇਨਸਾਫੀਆਂ ਦੀ ਸਿਖਰ ਹੀ ਹੋ ਗਈ ਹੋਵੇ ਤਾਂ ਅਜਿਹੇ ਗੀਤਾਂ ਨੇ ਹੀ ਸਾਹਮਣੇ ਆਉਣਾ ਸੀ। ਗੁਰਦਾਸ ਮਾਨ ਅਤੇ ਹਰਭਜਨ ਮਾਨ ਦੇ ਨਾਲ ਨਾਲ ਬਿਲਕੁਲ ਹੀ ਵੱਖਰੀ ਸੁਰ ਵਿੱਚ ਬੱਬੂ ਮਾਨ ਨੇ ਜੋ ਜੋ ਕੁਝ ਤਿੱਖੇ ਵਿਰੋਧ ਦੇ ਬਾਵਜੂਦ ਕਿਹਾ ਉਹ ਇੱਕ ਰਿਕਾਰਡ ਹੈ। ਲੋਕਾਂ ਦੇ ਦਿਲਾਂ ਨਾਲ ਐਵੇਂ ਨਹੀਂ ਜੁੜ ਗਿਆ ਬੱਬੂ ਮਾਨ। ਸਾਡੇ ਸਮਾਜ ਵਿੱਚ ਫੈਲੀਆਂ ਵਧੀਕੀਆਂ ਹੀ ਅਜਿਹਾ ਪ੍ਰਤੀਕਰਮ ਅਤੇ ਅਜਿਹਾ ਵਿਚਾਰ ਸਿਰਜਦੀਆਂ ਹਨ ਕਿ ਕਦੇ ਜਿਊਣਾ ਮੋੜ ਨਾਇਕ ਲੱਗਦਾ ਹੈ ਅਤੇ ਕਦੇ ਬੱਬੂ ਮਾਨ ਦਾ ਗਾਇਨ ਦਿਲਾਂ ਤੇ ਛਾ ਜਾਂਦਾ ਹੈ।

ਇੱਕ ਹੋਰ ਗੀਤ ਸੀ-ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਤੇਰੇ ਚੋਂ  ਤੇਰਾ ਯਾਰ ਬੋਲਦਾ। ਇਹ ਗੀਤ ਰਿਕਾਰਡ ਤੋੜ ਹੱਦ ਤੱਕ  ਸਫਲ ਹੋਇਆ। ਬਹੁਤ ਸਾਰੇ ਗੀਤ ਆਮ ਘਰਾਂ ਦੇ ਵਿਹੜਿਆਂ ਅਤੇ ਦਿਲਾਂ ਤੱਕ ਉਤਰ ਗਏ ਸਨ। ਇੱਕ ਖਾਸ ਦੌਰ ਸੀ ਇਹ ਵੀ। ਸੰਗੀਤਕ ਜਿਹਾ ਮਾਹੌਲ। 

ਫਿਰ ਬਰਕਤ ਸਿੱਧੂ ਅਤੇ ਹਾਕਮ ਸੂਫ਼ੀ ਵਰਗੀਆਂ ਅਵਾਜ਼ਾਂ ਸੂਫ਼ੀਆਨਾ ਸੁਰ ਲੈ ਕੇ ਸਾਹਮਣੇ ਆਈਆਂ।  ਡਫਲੀ ਦੀ ਥਾਪ ਨੇ ਧੁੰਮਾਂ ਪਾਈਆਂ। ਝਾਂਜਰਾਂ ਦਾ ਰਿਵਾਜ ਸੁਰਜੀਤ ਹੋਇਆ। ਵਡਾਲੀ ਭਰਾਵਾਂ ਨੇ ਹਾਰਮੋਨੀਅਮ ਨਾਲ ਚੰਗਾ ਰੰਗ ਬੰਨਿਆ। ਇਸੇ ਦੌਰਾਨ ਗ਼ਜ਼ਲਾਂ ਦਾ ਗਾਇਨ ਵੀ ਸਿਖਰਾਂ ਤੇ ਗਿਆ। ਜਗਜੀਤ ਸਿੰਘ ਅਤੇ ਚਿਤਰਾ  ਸਿੰਘ  ਸਾਡੇ ਸਮਿਆਂ ਦੀ ਇੱਕ  ਪ੍ਰਾਪਤੀ ਹਨ। ਪੰਜਾਬ ਦਾ ਮਾਣ।  ਸਟਰਗਲ ਦਾ ਮਾਣ। 

ਸਮਾਂ ਸ਼ਾਇਦ ਅਜੇ ਹੋਰ ਵੀ ਰੰਗ ਬਦਲਦਾ ਪਰ ਕੋਰੋਨਾ ਨੇ ਤਾਂ ਜ਼ਿੰਦਗੀ ਵਿੱਚ ਕਦਮ ਕਦਮ ਤੇ ਰੁਕਾਵਟਾਂ ਲਾ ਦਿੱਤੀਆਂ। ਸਕੂਲ ਕਾਲਜ ਬੰਦ ਹੋ ਗਏ। ਜਿੰਮ ਬੰਦ ਹੋ ਗਏ। ਸਿਨੇਮਾ ਹਾਲ ਬੰਦ ਹੋ ਗਏ। ਹੋਟਲ ਅਤੇ ਰੈਸਟੂਰੈਂਟ ਬੰਦ ਹੋ ਗਏ। ਗੱਲ ਕੀ ਆਮਦਨ ਦੇ ਜ਼ਰੀਏ ਬੰਦ ਹੋ ਗਏ ਅਤੇ ਖਰਚੇ ਜਾਰੀ ਰਹੇ। ਬਿਜਲੀਆਂ ਦੇ ਬਿਲ ਨਹੀਂ ਰੁਕੇ। ਜ਼ਰੂਰੁ ਸਮਾਨ ਬਲੈਕ ਵਿੱਚ ਮਿਲਣ ਲੱਗ ਪਿਆ। ਵੱਖ ਵੱਖ ਟੈਕਸਾਂ ਦੇ ਨੋਟਿਸ ਆਉਣੇ ਜਾਰੀ ਰਹੇ। 

ਬਾਹਰਲੇ ਸੂਬਿਆਂ ਚੋਂ ਆ ਕੇ ਪੰਜਾਬ ਨੂੰ ਆਪਣਾ ਦੁਬਈ, ਇੰਗਲੈਂਡ ਅਤੇ ਅਮਰੀਕਾ ਸਮਝ ਕੇ ਕਿਰਤ ਕਮਾਈਆਂ ਕਰਨ ਵਾਲੇ ਕਿਰਤੀ ਵੀ ਲਾਕਡਾਊਨ ਲੱਗੇ ਤੇ ਆਪੋ ਆਪਣੇ ਪਿੰਡਾਂ ਨੂੰ ਮੁੜ ਗਏ। ਸੜਕਾਂ ਤੇ ਲੱਗੀਆਂ ਲਾਈਨਾਂ ਹੁਣ ਵੀ ਯਾਦ ਆਉਂਦੀਆਂ ਹਨ। ਮਾਰੋ ਮਾਰ ਕਰਦੇ ਵਿਚਾਰੇ ਪੈਦਲ ਮਜ਼ਦੂਰ। ਨਾਲ ਨਿੱਕੇ ਨਿੱਕੇ ਬੱਚੇ। ਬਜ਼ੁਰਗ ਪਰਿਵਾਰਿਕ ਮੈਂਬਰ ਵੀ ਉਹਨਾਂ ਦੇ ਨਾਲ। ਸਾਡੇ ਕਲਾਕਾਰਾਂ ਨੂੰ ਉਦੋਂ ਵੀ ਨਹੀਂ ਜਾਪਿਆ ਕਿ ਅਗਲੀ ਵਾਰੀ ਹੁਣ ਸਾਡੀ ਹੀ ਆਉਣੀ ਹੈ। ਇਹ ਕਲਾਕਾਰ ਉਦੋਂ ਵੀ ਇਹਨਾਂ ਮਜ਼ਦੂਰਾਂ ਨਾਲ ਨਹੀਂ ਤੁਰੇ। ਮੋਢਿਆਂ ਤੇ ਲਾਸ਼ਾਂ ਦੀਆਂ ਤਸਵੀਰਾਂ ਵੀ  ਦੇਖੀਆਂ ਗਈਆਂ। ਸਾਡੇ ਕਲਾਕਾਰਾਂ ਦੇ ਦਿਲਾਂ ਨੂੰ ਕਿਓਂ ਕੁਝ ਨਹੀਂ ਹੋਇਆ?  ਇਹਨਾਂ ਦੇ ਦਿਮਾਗਾਂ ਵਿੱਚ ਹਲਚਲ ਕਿਓਂ ਨਹੀਂ ਮੱਚੀ? ਕਿੰਨੇ ਕੁ ਗੀਤ ਗਏ ਇਹਨਾਂ ਕਲਾਕਾਰਾਂ ਨੇ ਇਸ ਭਿਆਨਕ ਅਤੇ ਇਤਿਹਾਸਿਕ ਸਥਿਤੀ ਬਾਰੇ? 

ਪ੍ਰਾਪਰਟੀ ਦੇ ਰੇਟ ਡਿੱਗ ਪਏ। ਜਿਹਨਾਂ ਨੇ ਜਗਰਾਤੇ ਅਤੇ ਕੀਰਤਨ  ਦਰਬਾਰ ਕਰਾਉਣੇ ਸਨ ਉਹਨਾਂ ਦੀ ਜਮਾਂ ਪੂੰਜੀ ਵੀ ਮੁੱਕ ਗਈ। ਲੀਡਰਾਂ ਨੂੰ ਚੋਣਾਂ ਤੋਂ ਪਹਿਲਾਂ ਗਾਇਕਾਂ ਗਾਇਕਾਵਾਂ ਦੀ ਲੋੜ ਕੋਈ ਨਹੀਂ ਸੀ ਸੋ ਬੇਰੋਜ਼ਗਾਰੀ ਅਤੇ ਫਿਰ ਭੁੱਖਮਰੀ ਤਾਂ  ਆਉਣੀ ਹੀ ਸੀ। ਕਲਾ ਜਗਤ ਨਾਲ ਜੁੜੇ ਲੋਕਾਂ ਦੀ ਸੰਭਾਲ ਲਈ ਸਾਡੇ ਸਮਾਜ ਜਾਂ ਸਰਕਾਰਾਂ ਨੇ ਕਦੇ ਭਲੇ ਵੇਲਿਆਂ ਵਿੱਚ ਵੀ ਪੱਕੀ ਆਮਦਨ ਲਈ ਕੁਝ ਨਹੀਂ ਸੀ ਕੀਤਾ। ਚੰਗੇ ਸਮਿਆਂ ਵਿੱਚ ਕਲਾਕਾਰਾਂ ਨੂੰ ਵੀ ਕਦੇ ਇਹ ਸਥਿਤੀ ਨਹੀਂ ਸੀ ਅੱਖਰੀ। ਹੁਣ ਜਦੋਂ ਪਾਣੀ ਸਿਰੋਂ ਟੱਪਿਆ ਤਾਂ ਰੋਸ ਮੁਜ਼ਾਹਰੇ ਕਰਦਿਆਂ ਸੜਕਾਂ ਤੇ ਨਿਕਲਣਾ ਹੀ ਸ਼ਾਇਦ ਇੱਕੋ ਇੱਕ ਰਸਤਾ ਬਚਿਆ ਸੀ। ਹੁਣ ਜਦੋਂ ਕਲਾ ਵਿੱਚ ਕਾਰਾਂ ਕੋਠੀਆਂ ਬਣਾਉਣ ਵਾਲਿਆਂ ਨੂੰ ਦੋ ਢੰਗ ਦੀ ਚਿੰਤਾ ਸਤਾਉਣ ਲੱਗ ਪਈ ਤਾਂ ਸੰਘਰਸ਼ ਹੀ ਇੱਕੋ ਇੱਕ ਰਸਤਾ ਸੀ। ਮੁਨਾਫਿਆਂ, ਕਾਰੋਬਾਰਾਂ ਅਤੇ ਸਵਾਰਥਾਂ ਵਿੱਚ ਰੁਝਿਆ ਹੋਇਆ ਸਾਡਾ ਸਮਾਜ ਫਿਰ ਵੀ ਨਹੀਂ ਜਾਗਿਆ। ਇਹ ਅਜੇ ਵੀ ਇਹੀ ਆਖ ਸਕਦਾ ਹੈ ਫਲਾਣੀ ਡਾਂਸਰ ਦਾ ਡਾਂਸ ਬੜਾ ਵਧੀਆ ਹੁੰਦਾ ਹੈ। 

ਕਰੋਨਾ ਮਹਾਮਾਰੀ ਕਾਰਨ ਹਰ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸੰਗੀਤ ਜਗਤ ਨਾਲ ਜੁੜੇ ਕਲਾਕਾਰ ਵੀ ਇਸ ਤੋਂ ਬਚ ਨਹੀਂ ਸਕੇ। ਆਖਿਰ ਇਹ ਵੀ ਸੜਕਾਂ ਤੇ ਆ ਗਏ। ਕਰੋਨਾ ਕਾਰਨ ਆਰਥਿਕ ਤੰਗੀ ਦਾ ਸ਼ਿਕਾਰ ਹੋਏ ਇਨ੍ਹਾਂ ਕਲਾਕਾਰਾਂ ਨੇ ਪ੍ਰਧਾਨ ਬੰਟੀ ਕੜਿਆਰਾ ਦੀ ਅਗਵਾਈ ਹੇਠ ਸ਼ੁੱਕਰਵਾਰ 25 ਜੂਨ ਨੂੰ ਲੁਧਿਆਣਾ ਦੇ ਜਲੰਧਰ ਬਾਈਪਾਸ ’ਚ ਰੋਸ ਵਖਾਵਾ ਕੀਤਾ। ਇਹਨਾਂ ਕੋਲ ਤਾਂ ਆਪਣੇ ਪਿੰਡ ਪਰਤ ਜਾਣ ਵਾਲਾ ਬਦਲਵਾਂ ਰਸਤਾ ਵੀ ਨਹੀਂ। ਸੰਘਰਸ਼ ਦੇ ਰਸਤੇ ਤੱਕ ਇਹਨਾਂ ਨੂੰ ਇਹ ਬੇਰੋਜ਼ਗਾਰੀ ਲੈ ਹੀ ਆਈ। ਉਹ ਸੰਘਰਸ਼ ਜਿਹੜਾ ਸਾਡੇ ਦੇਸ਼ ਦੀ ਆਮ ਜਨਤਾ ਕਈ ਦਹਾਕਿਆਂ ਤੋਂ ਕਰ ਰਹੀ ਹੈ। 

ਕਲਾਕਾਰਾਂ ਦੇ ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਲਾਕਾਰ ਆਗੂਆਂ ਨੇ ਕਿਹਾ ਕਿ ਕਰੋਨਾ ਕਰਕੇ ਪਿਛਲੇ ਦੋ ਸਾਲਾਂ ਤੋਂ ਉਨ੍ਹਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ, ਜਿਸ ਕਾਰਨ ਅੱਜ ਉਹ ਆਰਥਿਕ ਤੰਗੀ ਦਾ ਸ਼ਿਕਾਰ ਹੋ ਗਏ ਹਨ। ਕਈ ਕਲਾਕਾਰਾਂ ਨੇ ਤਾਂ ਇਸ ਮੁਸ਼ਕਲ ਨਾਲ ਜੂਝਦਿਆਂ ਖੁਦਕੁਸ਼ੀ ਤੱਕ ਕਰ ਲਈ ਹੈ। 

ਕਲਾਕਾਰ ਆਗੂਆਂ ਨੇ ਕਿਹਾ ਕਿ ਕਰੋਨਾ ਦੀਆਂ ਹਦਾਇਤਾਂ ਅਨੁਸਾਰ ਰਾਤ ਸਮੇਂ ਹੁੰਦੇ ਜਗਰਾਤੇ ਅਤੇ ਵਿਆਹਾਂ ਆਦਿ ਦੇ ਸਮਾਗਮਾਂ ’ਤੇ ਪਾਬੰਦੀਆਂ ਲੱਗੀਆਂ ਹੋਈਆਂ ਹਨ। ਇਨ੍ਹਾਂ ਪਾਬੰਦੀਆਂ ਕਾਰਨ ਉਨ੍ਹਾਂ ਦਾ ਸਾਰਾ ਕਾਰੋਬਾਰ ਚੋਪਟ ਹੋ ਗਿਆ ਹੈ। ਇਨ੍ਹਾਂ ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਹੋਰ ਵਪਾਰਕ ਅਦਾਰੇ ਸ਼ਰਤਾਂ ਤਹਿਤ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ, ਇਸੇ ਤਰ੍ਹਾਂ ਦੀਆਂ ਸ਼ਰਤਾਂ ਤਹਿਤ ਰਾਤ ਦੇ ਪ੍ਰੋਗਰਾਮ ਵੀ ਸ਼ੁਰੂ ਕੀਤੇ ਜਾਣ ਤਾਂ ਜੋ ਉਹ ਵੀ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਸਕਣ। ਇਸ ਮੌਕੇ ਅਸ਼ੋਕ, ਪ੍ਰਦੀਪ ਸ਼ਾਹੀ, ਸੋਨੂੰ ਰਾਜਾ, ਰੋਹਿਤ ਸ਼ਰਮਾ, ਰਮਨ ਪੰਡਿਤ, ਵਿਜੇ ਸ਼ਰਮਾ, ਸਿਮਰਨ ਸਿੰਮੀ, ਸੰਗੀਤਾ, ਸਪਨ ਚੰਚਲ, ਪਿੰਕੀ ਵਰਮਾ, ਕਮਲ ਕੱਸ਼ਯਪ ਆਦਿ ਹਾਜ਼ਰ ਸਨ। ਬਹੁਤ ਸਾਰੇ ਕਲਾਕਾਰਾਂ ਨੇ ਫੋਨ ਸੁਨੇਹੇ ਭੇਜ ਕੇ ਵੀ ਆਪਣੀ ਇੱਕਜੁੱਟਤਾ ਇਸ ਮੌਕੇ ਪ੍ਰਗਟਾਈ। 

ਸੁਆਲ ਉੱਠਦਾ ਹੈ ਕਿ ਕਿੱਥੇ ਹਨ ਸੱਭਿਆਚਾਰਕ ਸੰਸਥਾਵਾਂ, ਕਿੱਥੇ ਹਨ ਸੱਭਿਆਚਾਰ ਦੇ ਨਾਮ ਹੇਠ ਕੰਮ ਕਰਦੇ ਵਿਭਾਗ ਅਤੇ ਕਿੱਥੇ ਹਨ ਵੱਖ ਵੱਖ ਸਿਆਸੀ ਪਾਰਟੀਆਂ ਦੇ ਸੱਭਿਆਚਾਰਕ ਵਿੰਗ। ਬਹੁਤ ਸਾਰੇ ਨਾਮੀ ਗ੍ਰਾਮੀ ਗਾਇਕਾਂ ਅਤੇ ਕਲਾਕਾਰਾਂ ਨੇ ਸਰਕਾਰੀ ਅਹੁਦੇ ਵੀ ਕਬੂਲੇ ਹੋਏ ਹਨ। ਉਹਨਾਂ ਦਾ ਦਿਲ ਆਪਣੇ ਭਾਈਚਾਰੇ ਦੀ ਇਸ ਤਰਸਯੋਗ ਹਾਲਤ ਨੂੰ ਦੇਖ ਕੇ ਅਜੇ ਤੱਕ ਕਿਓਂ ਨਹੀਂ ਪਸੀਜਿਆ? ਜੇ ਕਲਾਕਾਰ ਹੀ ਕਲਾਕਾਰ ਲਈ ਹਾਅ ਦਾ ਨਾਅਰਾ ਨਹੀਂ ਮਾਰ ਸਕਦਾ ਤਾਂ ਬਾਕੀਆਂ ਤੋਂ ਕੀ ਉਮੀਦ   ਰੱਖਣੀ?

ਮਹਾਨ ਗਾਇਕ ਹੰਸਰਾਜ ਹੰਸ ਨੂੰ ਕੁਝ ਸੋਚਣਾ ਵੀ ਚਾਹੀਦਾ ਹੈ। ਕੁਝ ਕਰਨਾ ਵੀ ਚਾਹੀਦਾ ਹੈ। ਭਗਵੰਤ ਮਾਨ ਅਤੇ ਮੋਹੰਮਦ ਸਦੀਕ ਦੀਆਂ ਜ਼ਿੰਮੇਵਾਰੀਆਂ ਵੀ ਵੱਧ ਗਈਆਂ ਹਨ। ਗੁਰਦਾਸ ਮਾਨ ਜਿਸ ਥਾਂ ਤੇ ਹਨ ਉਹ ਵੀ ਬਹੁਤ ਕੁਝ ਕਰ ਸਕਦੇ ਹਨ। ਉਹ ਬੜੀ ਸਮਰੱਥ ਥਾਂ ਹੈ। ਕਲਾਕਾਰਾਂ ਦੇ ਨਾਲ ਕਲਮਕਾਰਾਂ ਅਤੇ ਬੁਧੀਜੀਵੀਆਂ ਨੂੰ ਵੀ ਇਸ ਮੌਕੇ ਤੇ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਕੀ ਚੋਣਾਂ ਦੇ ਮੌਸਮ ਵਿੱਚ ਇਹਨਾਂ ਦੇ ਕੁਝ ਪੱਲੇ ਪਵੇਗਾ? ਨੌਕਰੀਆਂ ਦੀ ਜ਼ਿਆਦਾ ਲੋੜ ਸਿਆਸੀ ਲੋਕਾਂ ਦੇ ਬੱਚਿਆਂ ਨੂੰ ਨਹੀਂ ਬਲਕਿ ਇਹਨਾਂ ਲੋਕਾਂ ਨੂੰ ਜ਼ਿਆਦਾ ਹੈ। ਯਾਦ ਆ ਰਿਹਾ ਹੈ ਫਿਲਮ "ਪਿਆਸਾ" ਦਾ ਗੀਤ: 

ਜਲਾ ਦੋ ਇਸੇ ਫੂੰਕ ਡਾਲੋ ਯੇਹ ਦੁਨੀਆ! 

ਮੇਰੇ ਸਾਮਨੇ ਸੇ ਹਟਾ ਲੋ ਯੇਹ ਦੁਨੀਆ!

ਹੁਣ ਇਪਟਾ ਅਤੇ ਅਜਿਹੀਆਂ ਹੀ ਹੋਰ ਸੰਸਥਾਵਾਂ ਨੂੰ ਖੁੱਲ੍ਹ ਕੇ ਅੱਗੇ ਆਉਣਾ ਚਾਹੀਦਾ ਹੈ। ਸਿਆਸੀ ਏਜੰਡਿਆਂ ਤੋਂ ਉੱਪਰ ਉੱਠ ਕੇ ਕਲਾਕਾਰਾਂ ਦੀ ਗੱਲ ਸ਼ਿੱਦਤ ਨਾਲ ਕਰਨੀ ਚਾਹੀਦੀ ਹੈ। ਸਿਆਸੀ ਗਿਣਤੀਆਂ ਮਿਣਤੀਆਂ ਛੱਡ ਕੇ ਸ਼ੁੱਧ ਕਲਾਕਾਰਾਂ ਦਾ ਪਲੇਟਫਾਰਮ ਬਣ ਕੇ ਮੈਦਾਨ ਵਿੱਚ ਆਉਣਾ ਚਾਹੀਦਾ ਹੈ। ਸਾਰੀਆਂ ਸਿਆਸੀ ਪਾਰਟੀਆਂ ਨੂੰ ਪੁੱਛਣਾ ਬਣਦਾ ਹੈ ਕਿ ਉਹਨਾਂ ਕੋਲ ਚੋਣਾਂ ਦੌਰਾਨ ਕਲਾਕਾਰਾਂ ਦੀ ਆਰਥਿਕ ਸੁਰੱਖਿਆ ਲਈ ਕੀ ਪ੍ਰੋਗਰਾਮ ਹੈ? ਲੋੜ ਪਏ ਸਿਆਸੀ ਪ੍ਰੋਗਰਾਮਾਂ ਦੇ ਬਾਈਕਾਟ ਦੀ ਗੱਲ ਵੀ ਸੋਚੀ ਜਾਣੀ ਚਾਹੀਦੀ ਹੈ।  

No comments: