ਫਿਰਕੂ ਅਨਸਰਾਂ ਦੇ ਖਿਲਾਫ ਖੁੱਲ ਕੇ ਆਏ ਸਿਆਸੀ ਅਤੇ ਸਮਾਜੀ ਸੰਗਠਨ
ਪ੍ਰਸਿੱਧ ਪ੍ਰਗਤੀਸ਼ੀਲ ਮਰਾਠੀ ਲੇਖਿਕਾ ਰਸਿਕਾ ਅਗਾਸ਼ੇ ਦੇ ਕਿਸੇ ਪੁਰਾਣੇ ਨਾਟਕ ਦਾ ਇੱਕ ਦ੍ਰਿਸ਼ |
ਲੁਧਿਆਣਾ: 19 ਅਪਰੈਲ 2019: (ਪੰਜਾਬ ਸਕਰੀਨ ਟੀਮ)::
ਡਰਾਮੇ ਦਾ ਨਿਰਦੇਸ਼ਕ ਵਿੱਕੀ |
ਡਰਾਮੇ ਦੀ ਲੇਖਿਕਾ ਰਸਿਕਾ ਅਗਾਸ਼ੇ |
ਪ੍ਰਗਤੀਸ਼ੀਲ ਧਿਰਾਂ ਅਤੇ ਉਹਨਾਂ ਦੇ ਵਿਰੋਧੀ ਇੱਕ ਵਾਰ ਫੇਰ ਆਹਮੋ ਸਾਹਮਣੇ ਹਨ। ਕਦੇ ਗੌਰੀ ਲੰਕੇਸ਼ ਦਾ ਕਤਲ, ਕਦੇ ਇੰਡੋਰ ਵਿੱਚ ਇਪਟਾ 'ਤੇ ਹਮਲਾ ਅਤੇ ਹੁਣ ਲੁਧਿਆਣਾ ਵਿੱਚ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਦੇ ਖਿਲਾਫ ਪੁਲਿਸ ਕੋਲ ਕੀਤੀ ਗਈ ਸ਼ਿਕਾਇਤ। ਜ਼ਿਕਰਯੋਗ ਹੈ ਕਿ ਇਹ ਉਹੀ ਕਾਲਜ ਹੈ ਜਿਸ ਵਿੱਚ ਫ਼ਿਲਮੀ ਦੁਨੀਆ ਰਾਹੀਂ ਸਾਡੇ ਸਮਾਜ ਨੂੰ ਅਣਗਿਣਤ ਯਾਦਗਾਰੀ ਗੀਤ ਦੇਣ ਵਾਲੇ ਸ਼ਹਿਰ ਲੁਧਿਆਣਵੀ ਸਾਹਿਬ ਨੇ ਪੜ੍ਹਾਈ ਕੀਤੀ ਸੀ। ਹੁਣ ਕਾਲਜ ਦੇ ਪ੍ਰਬੰਧਕਾਂ ਉੱਤੇ ਬਜਰੰਗ ਦਲ ਨਾਮ ਦੇ ਹਿੰਦੂ ਸੰਗਠਨ ਨੇ ਦੋਸ਼ ਲਾਇਆ ਹੈ ਕਿ ਇਸ ਕਾਲਜ ਵਿੱਚ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲਾ ਨਾਟਕ ਖੇਡਿਆ ਗਿਆ ਹੈ।
ਇਸ ਤੇ ਆਪਣਾ ਸਭ ਤੋਂ ਪਹਿਲਾ ਅਤੇ ਤਿੱਖਾ ਪਰਤੀਕਰਮ ਪ੍ਰਗਟ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਨੇ ਇਸ ਸਾਰੇ ਵਰਤਾਰੇ ਦੀ ਨਿਖੇਧੀ ਕੀਤੀ ਹੈ। ਪਾਰਟੀ ਨੇ ਲੁਧਿਆਣਾ ਵਿੱਚ ਸਥਿਤ ਲੜਕਿਆਂ ਦੇ ਸਰਕਾਰੀ ਕਾਲਜ ਵਿਖੇ ਹੋਏ "ਮਿਊਜ਼ੀਅਮ" ਨਾਮਕ ਨਾਟਕ ਨੂੰ ਦਿਖਾਉਣ ਤੇ ਬਜਰੰਗ ਦੱਲ ਦੇ ਦਬਾਅ ਹੇਠ ਪ੍ਰਿਂਸੀਪਲ, ਇੱਕ ਅਧਿਆਪਕ ਅਤੇ ਵਿਦਿਆਰਥੀਆਂ ਤੇ ਐਫ਼ ਆਈ ਆਰ ਦਰਜ ਕਰਨ ਦੀ ਨਿਖੇਧੀ ਕਰਦਿਆਂ ਇਸਨੂੰ ਫ਼ੌਰਨ ਵਾਪਸ ਲੈਣ ਦੀ ਮੰਗ ਕੀਤੀ ਹੈ। ਔਰਤਾਂ ਦੇ ਅਧਿਕਾਰਾਂ ਉੱਪਰ ਲਿਖਿਆ ਇਹ ਡਰਾਮਾ ਰਸਿਕਾ ਅਗਾਸੇ ਨਾਮ ਦੀ ਮਰਾਠੀ ਕਲਾਕਾਰ ਦੁਆਰਾ ਲਿਖਿਆ ਗਿਆ ਹੈ ਤੇ ਵਿੱਕੀ ਮਹੇਸਰੀ ਦੇ ਨਿਰਦੇਸ਼ਨ ਵਿੱਚ ਪੰਜਾਬ ਯੂਨੀਵਰਸਿਟੀ ਦੁਆਰਾ ਪਰਮਾਣਿਤ ਹੈ ਅਤੇ 250 ਕਾਲਜਾਂ ਦੇ ਯੂਥ ਫ਼ੈਸਟੀਵਲ ਵਿੱਚ ਪਹਿਲੇ ਨੰਬਰ ਵਿੱਚ ਰਿਹਾ ਹੈ। ਇਹ ਉੱਤਰ ਭਾਰਤ ਦੀਆਂ 32 ਯੂਨੀਵਰਸਿਟੀਆਂ ਦੇ ਫ਼ੈਸਟੀਵਲ ਵਿੱਚ ਚੌਥੇ ਸਥਾਨ ਤੇ ਰਿਹਾ ਹੈ। ਇਸ ਵਿੱਚ ਰੂੜ੍ਹੀਵਾਦੀਆਂ ਵਲੋਂ ਔਰਤਾਂ ਦੇ ਅਧਿਕਾਰਾਂ ਦੇ ਹਨਨ ਤੇ ਸੁਆਲ ਉਠਾਇਆ ਗਿਆ ਹੈ। ਪਰ ਬਜਰੰਗ ਦਲੀਆਂ ਦੁਆਰਾ ਬਿਨਾ ਇਸਨੂੰ ਦੇਖੇ ਪੂਰਬ ਨਿਯੋਜਿਤ ਸਾਜ਼ਿਸ਼ ਦੇ ਤਹਿਤ ਇਸਤੇ ਬਾਵੇਲਾ ਖੜਾ ਕੀਤਾ ਗਿਆ ਤੇ ਪ੍ਰਸ਼ਾਸਨ ਨੇ ਬਿਨਾ ਜਾਂਚ ਕੀਤੇ ਕੇਸ ਦਰਜ ਕਰ ਲਿਆ। ਕਿਉਂਕਿ ਪਿ੍ਰੰਸੀਪਲ ਦਾ ਕਹਿਣਾ ਹੈ ਕਿ ਇਸਨੂੰ ਸ਼ੁਰੂ ਹੋਣ ਦੇ 2-3 ਮਿੰਟਾ ਬਾਦ ਹੀ ਰੋਕ ਦਿੱਤਾ ਗਿਆ। ਸਮਾਜ ਵਿੱਚ ਸਮੇਂ ਸਮੇਂ ਤੇ ਅਨੇਕਾਂ ਲੋਕਾਂ ਨੇ ਸੁਧਾਰ ਦੀ ਗੱਲ ਕੀਤੀ ਹੈ। ਇਹਨਾਂ ਵਿੱਚ ਭਗਤੀ ਲਹਿਰ ਦੇ ਪਰਮੁੱਖ ਸ਼੍ਰੀ ਗੁਰੂ ਨਾਨਕ ਦੇਵ, ਸੰਤ ਕਬੀਰ ਤੇ ਬਾਬਾ ਨਾਮਦੇਵ ਰਹੇ ਹਨ ਜਿਹਨਾਂ ਨੇ ਉਸ ਵੇਲੇ ਰੂੜ੍ਹੀਵਾਦ ਦੇ ਖਿਲਾਫ਼ ਅਵਾਜ਼ ਚੁੱਕੀ। ਅੱਜ ਫਿਰ ਗਿਣੀ ਮਿੱਥੀ ਨੀਤੀ ਦੇ ਤਹਿਤ ਆਰ ਐਸ ਅੇਸ ਅਪਣੀਆਂ ਸੰਸਥਾਵਾਂ ਬਜਰੰਗ ਦਲ ਤੇ ਵਿਸ਼ਵ ਹਿੰਦੂ ਪਰੀਸ਼ਦ ਆਦਿ ਹਿੰਦੂ ਧਰਮ ਨੂੰ ਤੋੜ ਮਰੋੜ ਕੇ ਰੂੜ੍ਹੀਵਾਦ ਵੱਲ ਲਿਜਾ ਰਹੀਆਂ ਹਨ ਤੇ ਹਿੰਦੂ ਧਰਮ ਦੇ ਸਭ ਨੂੰ ਸਮੋਅ ਲੈਣ ਦੇ ਸਭਿਆਚਾਰ ਤੇ ਸ਼ਕਤੀ ਨੂੰ ਖਤਮ ਕਰਨ ਤੇ ਤੁਲੀਆਂ ਹਨ। ਇਸ ਐਫ਼ ਆਈ ਆਰ ਨੂੰ ਫ਼ੌਰਨ ਵਾਪਿਸ ਲਿਆ ਜਾਏ। ਬਿਆਨ ਜਾਰੀ ਕਰਨ ਵਾਲਿਆਂ ਵਿੱਚ ਹਨ ਕਮਰੇਡ ਡੀ ਪੀ ਮੌੜ-ਜ਼ਿਲਾ ਸਕੱਤਰ, ਡਾ: ਅਰੁਣ ਮਿੱਤਰਾ, ਚਮਕੌਰ ਸਿੰਘ, ਰਮੇਸ਼ ਰਤਨ, ਗੁਰਨਾਮ ਸਿੱਧੂ, ਐਮ ਐਸ ਭਾਟੀਆ।
ਇਸੇ ਦੌਰਾਨ ਪੰਜਾਬ ਗੌਰਮਿੰਟ ਕਾਲਜ ਟੀਚਰਜ਼ ਐਸੋਸੀਏਸ਼ਨ, ਪਾਰਟ ਟਾਈਮ ਟੀਚਰਜ਼ ਐਸੋਸੀਏਸ਼ਨ ਅਤੇ ਗੈਸਟ ਫੈਕਲਟੀ ਟੀਚਰਜ਼ ਐਸੋਸੀਏਸ਼ਨ ਨੇ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੁਧਿਆਣਾ ਦੀ ਸਕਾਰਾਤਮਕ ਇਮੇਜ ਨੂੰ ਖਰਾਬ ਕਰਨ ਦੀਆਂ ਕੋਝੀਆਂ ਸਾਜਿਸ਼ਾਂ ਦਾ ਸਖਤ ਨੋਟਿਸ ਲੈਂਦਿਆਂ ਇਸ ਦੀ ਸਖਤ ਨਿਖੇਧੀ ਕੀਤੀ ਹੈ। ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਵੱਲੋਂ ਇਹ ਸਪਸ਼ਟ ਕੀਤਾ ਹੈ ਕਿ ਕਾਲਜ ਦੀ ਅਲੂਮਨਾਈ ਮੀਟ ਦੌਰਾਨ ਅਜਿਹਾ ਕੁਝ ਨਹੀਂ ਵਾਪਰਿਆ ਜਿਸਦਾ ਮਕਸਦ ਕਿਸੇ ਵੀ ਧਿਰ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੋਵੇ। ਕਾਲਜ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਦਾ ਕੇਂਦਰ ਹੈ ਅਤੇ ਇਥੇ ਹਰ ਇਕ ਦੀ ਭਾਵਨਾ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਕੁਝ ਧਿਰਾਂ ਵੱਲੋਂ ਕਾਲਜ ਦੇ ਪ੍ਰਿੰਸੀਪਲ, ਸਟਾਫ ਅਤੇ ਵਿਦਿਆਰਥੀਆਂ ਵਿਰੁੱਧ ਅਖਬਾਰਾਂ ਵਿਚ ਗਲਤ ਬਿਆਨੀ ਫਿਰਕੂ ਰਾਜਨੀਤੀ ਤੋਂ ਪ੍ਰੇਰਿਤ ਹੈ ਅਤੇ ਤੱਥਾਂ ਤੇ ਅਧਾਰਿਤ ਨਹੀਂ ਹੈ। ਜੇਕਰ ਕਾਲਜ ਵਿਰੁੱਧ ਦਰਜ ਸ਼ਿਕਾਇਤ ਵਾਪਸ ਨਾ ਲਈ ਗਈ ਤਾਂ ਐਸੋਸੀਏਸ਼ਨਾਂ ਵੱਡੇ ਸੰਘਰਸ਼ ਦਾ ਐਲਾਨ ਕਰਨਗੀਆਂ।
ਵਿੱਕੀ ਮਹੇਸ਼ਰੀ ਨੇ ਸਪਸ਼ਟ ਕੀਤਾ ਹੈ ਕਿ ਗੌਰਮਿੰਟ ਕਾਲਜ ਲੁਧਿਆਣਾ ਦੇ ਵਿਦਿਆਰਥੀਆਂ ਵੱਲੋਂ ਖੇਡੇ ਨਾਟਕ "#ਮਿਊਜੀਅਮ" 'ਤੇ ਇਤਰਾਜ਼ ਲਗਾ ਕੇ ਬਜਰੰਗ ਦਲ ਨੇ ਕਾਲਜ ਪ੍ਰਿੰਸੀਪਲ ਅਤੇ ਵਿਦਿਆਰਥੀਆਂ ਉੱਤੇ ਮੁਕੱਦਮਾ ਦਰਜ । ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਉੱਤੇ ਹਰੇਕ ਢੰਗ ਤਰੀਕੇ ਨਾਲ ਦਬਾਅ ਪਾਇਆ ਜਾ ਰਿਹਾ ਹੈ ਅਤੇ ਇਸਦਾ ਸੂਤਰਧਾਰ ਵੀ ਕਾਲਜ ਦਾ ਇੱਕ ਪ੍ਰੋਫੈਸਰ ਹੀ ਹੈ। ਅਸੀਂ ਸਾਜਿਸ਼ ਕਰਤਾਵਾਂ ਵੱਲੋਂ ਕੀਤੀ ਇਸ ਕਾਰਵਾਈ ਦੀ ਨਿਖੇਧੀ ਕਰਦੇ ਹਾਂ। ਇਹ ਨਾਟਕ ਇਸਤੋਂ ਪਹਿਲਾਂ Vicky Mahesari Harpal Jamarai ਤੇ Avtar Singh ਦੀ ਨਿਰਦੇਸ਼ਨਾ ਹੇਠ ਫਿਰੋਜਪੁਰ ਦੇ ਇੱਕ ਕਾਲਜ ਵੱਲੋਂ ਆਪਣੀ ਵਜਨਦਾਰ ਪਰਫਾਰਮੈਂਸ ਦਿੰਦਿਆਂ ਇੰਟਰ ਜੋਨ ਦੇ 250 ਕਾਲਜਾਂ ਵਿੱਚੋਂ ਅੱਵਲ ਰਿਹਾ ਹੈ। ਇਹ ਨਾਟਕ ਚੰਡੀਗੜ੍ਹ ਵਿੱਚ ਹੋਏ ਦੇਸ਼ ਦੀਆਂ 32 ਯੂਨੀਵਰਸਿਟੀਆਂ ਦੇ ਨੌਰਥ ਜੋਨ ਦੇ ਕੰਪੀਟੀਸ਼ਨ ਵਿੱਚ ਚਰਚਾ ਦਾ ਮੁੱਖ ਕੇਂਦਰ ਰਿਹਾ ਹੈ। ਨਾਟਕ ਦੀ ਕਹਾਣੀ ਆਸਿਫਾ ਅਤੇ ਇਤਿਹਾਸ ਮਿਥਿਹਾਸ ਦੀਆਂ ਉਹਨਾਂ ਔਰਤ ਪਾਤਰਾਂ ਦੁਆਲੇ ਘੁੰਮਦੀ ਹੈ, ਜਿਹਨਾਂ ਨੂੰ ਸਮਾਜ ਉੱਪਰ ਕਾਬਜ਼ ਵੇਲੇ ਦੇ ਢਾਂਚੇ ਨੇ ਇਨਸਾਫ਼ ਨਹੀਂ ਦਿੱਤਾ। ਅੱਜ ਜੋ ਵਿਚਾਰਧਾਰਾ ਦੇਸ਼ ਦੀ ਸੱਤਾ ਉੱਤੇ ਬਿਰਾਜਮਾਨ ਹੈ, ਬੇਇਨਸਾਫ਼ੀਆਂ ਦੀ ਅਲੰਬਰਦਾਰ ਹੈ। ਉਹ BJP ਤੇ RSS ਦੇ ਰੂਪ ਵਿੱਚ ਕੇਵਲ ਆਪਣੀ ਪ੍ਰਸੰਸਾ ਅਤੇ ਵਡਿਆਈ ਦੇ ਸੋਹਲੇ ਹੀ ਸੁਣਨਾ ਚਾਹੁੰਦੀ ਹੈ। ਉਸਨੂੰ ਕਿਸੇ ਤਰ੍ਹਾਂ ਦੀ ਆਲੋਚਨਾ ਜਾਂ ਟਿੱਪਣੀ ਬਰਦਾਸ਼ਤ ਨਹੀਂ, ਜੋ ਉਸਦੇ ਦਾਗੀ ਕਿਰਦਾਰ ਨੂੰ ਨੰਗਾ ਕਰਦੀ ਹੋਵੇ। ਉਹ ਅਤੀਤ ਦੇ ਆਪਣੇ "ਆਦਰਸ਼ਾਂ" ਅਤੇ ਵਰਤਮਾਨ "ਮਹਾਂਰਥੀਆਂ" ਨੂੰ ਕਟਹਿਰੇ ਵਿੱਚ ਦੋਸ਼ੀਆਂ ਵਜੋਂ ਖੜੇ ਦੇਖ ਕੇ ਕ੍ਰੋਧਿਤ ਹੁੰਦੀ ਹੈ। ਅਸੀਂ ਸਭਨਾਂ ਲਈ ਇਨਸਾਫ਼ ਵਾਸਤੇ-ਬੇਇਨਸਾਫੀਆਂ ਦੇ ਸ਼ਿਕਾਰ ਸਭਨਾਂ ਲੋਕਾਂ, ਕਲਾਕਾਰਾਂ, ਲੇਖਕਾਂ ਅਤੇ ਹੋਰਨਾਂ ਨੂੰ ਇਕਜੁੱਟਤਾ ਦੀ ਅਪੀਲ ਕਰਦੇ ਹਾਂ। ਅੱਜ ਸੱਤਾ ਦੀ ਚੰਡਾਲ ਜੁੰਡਲੀ ਵੱਲੋਂ ਮੁਲਕ ਦੀ ਬਹੁਗਿਣਤੀ ਨੂੰ ਦਹਿਸ਼ਤ ਦੇ ਸਾਏ ਹੇਠ ਨਪੀੜਨ ਦੀ ਇਜਾਜ਼ਤ ਦੇਣਾ, ਕੱਲ੍ਹ ਨੂੰ ਖੁਦ ਨਪੀੜੇ ਜਾਣਾ ਸਾਬਿਤ ਹੋਵੇਗਾ।
ਉਘੇ ਕਲਾਕਾਰ ਬਲਕਾਰ ਸਿੱਧੂ ਨੇ ਇਪਟਾ-ਲੁਧਿਆਣਾ, ਇਪਟਾ- ਪੰਜਾਬ ਅਤੇ ਇਪਟਾ-ਚੰਡੀਗੜ੍ਹ ਵੱਲੋਂ ਸਾਂਝੇ ਤੌਰ 'ਤੇ ਕਿਹਾ ਹੈ ਕਿ ਇੱਕ ਤਾਂ ਉਕਤ ਮੁਕੱਦਮੇ ਦੀ ਪੈਰਵੀ ਕਰਨ ਲਈ ਕ਼ਾਨੂਨੀ ਚਾਰਾਜੋਈ ਕਰਦੇ ਹੋਏ ਕੋਈ ਮਾਹਿਰ ਵਕੀਲ ਕੀਤਾ ਜਾਵੇ। ਦੂਜਾ ਵੱਧ ਤੋਂ ਵੱਧ ਲੋਕਾਂ ਨੂੰ ਇਸ ਵਾਕਿਆ ਬਾਰੇ ਜਾਣੂ ਕਰਵਾਇਆ ਜਾਵੇ ਤੀਜਾ ਪ੍ਰਗਟਾਵੇ ਦੀ ਆਜ਼ਾਦੀ ਉੱਤੇ ਕੱਟੜਵਾਦੀ, ਪਿਛਾਖੜ ਅਤੇ ਕਾਲੀਆਂ ਤਾਕਤਾਂ ਦੇ ਇਸ ਹਮਲੇ ਦੇ ਖ਼ਿਲਾਫ਼ ਅਵਾਮ ਨੂੰ ਜਾਗਰੂਕ ਕਰਨ ਲਈ ਲਾਮਬੰਦੀ ਕੀਤੀ ਜਾਵੇ। ਹੁਣ ਦੇਖਣਾ ਹੈ ਕਿ ਇਪਟਾ ਅਤੇ ਹੋਰ ਸਟੇਜ ਸੰਗਠਨ ਇਸ ਪ੍ਰਤੀ ਕਿੰਨੇ ਕੁ ਜਾਗਰੂਕ ਹੁੰਦੇ ਹਨ।
ਸਬੰਧਤ ਪੋਸਟਾਂ:
No comments:
Post a Comment