ਇਪਟਾ ਦੇ ਅਜਲਾਸ ਵਿੱਚ ਉੱਠੇ ਕਈ ਅਹਿਮ ਸੁਆਲ
ਨਵੀਂ ਸਰਗਰਮੀ ਨਾਲ ਲੋਕ ਪੱਖੀ ਕਲਾਕਾਰਾਂ ਵਿੱਚ ਨਵਾਂ ਉਤਸ਼ਾਹ
ਚੰਡੀਗੜ੍ਹ: 17 ਸਤੰਬਰ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਖੱਬੇ ਪੱਖੀ ਸੱਭਿਆਚਾਰਕ ਸੰਸਥਾ "ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ" (ਇਪਟਾ) ਇੱਕ ਵਾਰ ਫੇਰ ਪੂਰੀ ਸਰਗਰਮੀ ਨਾਲ ਮੈਦਾਨ ਵਿੱਚ ਹੈ। ਅੱਜ ਚੰਡੀਗੜ੍ਹ ਦੇ ਪੀਪਲਜ਼ ਕਨਵੈਨਸ਼ਨ ਹਾਲ ਵਿੱਚ ਹੋਏ ਵਿਸ਼ੇਸ਼ ਅਜਲਾਸ ਦੌਰਾਨ ਨਵੀਂ ਚੋਣ ਵੀ ਕੀਤੀ ਗਈ ਅਤੇ ਲੋਕ ਪੱਖੀ ਸੱਭਿਆਚਾਰਕ ਧਿਰਾਂ ਉੱਤੇ ਹੋ ਰਹੇ ਹਮਲਿਆਂ ਦਾ ਟਾਕਰਾ ਕਰਨ ਲਈ ਗੰਭੀਰ ਵਿਚਾਰਾਂ ਹੋਈਆਂ। ਮੁੱਖ ਪਰਚਾ ਭਾਵੇਂ ਜਾਣੇ ਪਛਾਣੇ ਮਾਰਕਸੀ ਵਿਚਾਰਕ ਅਤੇ ਲੇਖਕ ਡਾਕਟਰ ਸੁਖਦੇਵ ਸਿੰਘ ਸਿਰਸਾ ਨੇ ਪੜ੍ਹਿਆ ਪਰ ਵਿਚਾਰ ਵਟਾਂਦਰੇ ਦੌਰਾਨ ਕਈ ਨੁਕਤੇ ਉਭਰ ਕੇ ਸਾਹਮਣੇ ਆਏ। ਇਹ ਸੁਆਲ ਵੀ ਪੁੱਛਿਆ ਗਿਆ ਕਿ ਆਖਿਰ ਲੋਕ ਧਿਰਾਂ ਉੱਤੇ ਹਮਲਾ ਕਰਨ ਵਾਲਿਆਂ ਦੀ ਏਨੀ ਹਿੰਮਤ ਪਈ ਕਿਵੇਂ? ਹਮਲਾਵਰਾਂ ਲਈ ਰਸਤਾ ਅਤੇ ਮਾਹੌਲ ਜਿਸ ਖਲਾਅ ਕਾਰਨ ਤਿਆਰ ਹੋਇਆ ਉਹ ਖਲਾਅ ਕਿਸ ਦੀ ਵਜ੍ਹਾ ਨਾਲ ਪੈਦਾ ਹੋਇਆ? ਕਾਬਿਲੇ ਜ਼ਿਕਰ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਇਪਟਾ ਦੀਆਂ ਸਰਗਰਮੀਆਂ ਵਿੱਚ ਪਹਿਲਾਂ ਵਰਗੀ ਤੇਜ਼ੀ ਨਹੀਂ ਸੀ ਰਹੀ। ਇਸ ਖੜੋਤ ਨੇ ਜਿੱਥੇ ਦੁਸ਼ਮਣ ਧਿਰਾਂ ਨੂੰ ਹੱਲਾਸ਼ੇਰੀ ਦਿੱਤੀ ਉੱਥੇ ਇਸ ਵਿਚਾਰਧਾਰਾ ਨਾਲ ਪ੍ਰਤੀਬੱਧ ਕਲਾਕਾਰਾਂ ਵਿੱਚ ਨਿਰਾਸ਼ਾ ਵਰਗਾ ਮਾਹੌਲ ਪੈਦਾ ਕਰਕੇ ਉਹਨਾਂ ਦੇ ਉਤਸ਼ਾਹ ਨੂੰ ਵੀ ਠੰਡਾ ਕੀਤਾ। ਅੱਜ ਦੇ ਆਯੋਜਨ ਨਾਲ ਇਪਟਾ ਵਿੱਚ ਮੁੜ ਇੱਕ ਨਵੀਂ ਸ਼ਕਤੀ ਦਾ ਸੰਚਾਰ ਹੋਇਆ ਹੈ।
ਇਸ ਮੌਕੇ ਉਚੇਚੇ ਤੌਰ ਤੇ ਪੁੱਜੀ ਦਿੱਲੀ ਇਪਟਾ ਦੀ ਪ੍ਰਧਾਨ ਨੂਰ ਜ਼ਹੀਰ ਨੇ ਵੀ ਕਈ ਨੁਕਤੇ ਉਠਾਏ। ਇਪਟਾ ਲਈ ਆਖ਼ਿਰੀ ਸਾਹਾਂ ਤੀਕ ਕੰਮ ਕਰਨ ਵਾਲੇ ਪ੍ਰਸਿੱਧ ਲੇਖਕ ਤੇਰਾ ਸਿੰਘ ਚੰਨ ਦਾ ਪਰਿਵਾਰ ਵੀ ਇਸ ਮੌਕੇ ਮੌਜੂਦ ਸੀ। ਸਾਰੇ ਬੁਲਾਰਿਆਂ ਨੇ ਬਹੁਤ ਕੁਝ ਕਿਹਾ ਜੋ ਅਨਮੋਲ ਸੀ। ਇਹਨਾਂ ਵਿਚਾਰਾਂ ਵਿੱਚ ਫਾਸ਼ੀਵਾਦੀ ਤਾਕਤਾਂ ਖਿਲਾਫ ਜੋਸ਼ੀਲਾ ਰੋਹ ਅਤੇ ਲੋਕ ਕਲਾ ਦੇ ਨਾਲ ਅਥਾਹ ਪਿਆਰ ਦੀ ਝਲਕ ਵੀ ਸੀ।
ਇਸ ਅਜਲਾਸ ਅਤੇ ਇਸਦੇ ਮਕਸਦ ਦੀ ਸਫਲਤਾ ਲਈ ਸੀਪੀਆਈ ਦੇ ਸੀਨੀਅਰ ਆਗੂ ਕਾਮਰੇਡ ਹਰਦੇਵ ਅਰਸ਼ੀ, ਕਾਮਰੇਡ ਜੋਗਿੰਦਰ ਦਿਆਲ, ਏਟਕ ਦੇ ਸੀਨੀਅਰ ਆਗੂ ਕਾਮਰੇਡ ਬੰਤ ਸਿੰਘ ਬਰਾੜ, ਲੁਧਿਆਣਾ ਤੋਂ ਐਮ ਐਸ ਭਾਟੀਆ ਅਤੇ ਪ੍ਰਦੀਪ ਸ਼ਰਮਾ, ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਪਰਿਵਾਰ ਵਿੱਚੋਂ ਸਰਦਾਰ ਹਿਰਦੇਪਾਲ ਅਤੇ ਪ੍ਰਵੀਨ ਕੌਰ, ਸਾਹਿਤਕ ਹਲਕਿਆਂ ਵਿੱਚੋਂ ਡਾਕਟਰ ਸੁਖਦੇਵ ਸਿੰਘ ਸਿਰਸਾ, ਸੁਰਜੀਤ ਜੱਜ, ਮਨਜੀਤ ਇੰਦਰਾ ਅਤੇ ਕਈ ਹੋਰਾਂ ਨੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਾਇਆ। ਖੱਬੀ ਕਲਮੀ ਦੁਨੀਆ ਦੇ ਗੁਰਨਾਮ ਕੰਵਰ ਬਜ਼ੁਰਗ ਅਵਸਥਾ ਦੇ ਬਾਵਜੂਦ ਖੁਦ ਕੈਮਰਾ ਲੈ ਕੇ ਇਸ ਗੱਲ ਦਾ ਧਿਆਨ ਰੱਖ ਰਹੇ ਸਨ ਕਿ ਕਿਤੇ ਕੋਈ ਚੇਹਰਾ ਰਹਿ ਨਾ ਜਾਵੇ। ਇਹਨਾਂ ਸਰਗਰਮੀਆਂ ਤੋਂ ਸਾਫ ਨਜ਼ਰ ਆ ਰਿਹਾ ਸੀ ਕਿ ਇਪਟਾ ਇੱਕ ਵਾਰ ਫੇਰ ਆਪਣੇ ਪੁਰਾਣੇ ਜਲਵੇ ਅਤੇ ਪੁਰਾਣੀ ਸ਼ਾਨ ਨੂੰ ਲੈ ਕੇ ਸਾਹਮਣੇ ਆ ਰਹੀ ਹੈ।
No comments:
Post a Comment