ਸ਼ੋਹਰਤਾਂ ਦੇ ਖੰਭੀ ਚੜ੍ਹ ਉੱਚਾ ਨਹੀਂਓ ਹੋਈਦਾ,
ਪੁੰਨਿਆਂ ਦੀ ਰਾਤ ਬਾਅਦ ਨ੍ਹੇਰਿਆਂ ਨੂੰ ਢੋਈ ਦਾ ।
ਜ਼ਿੰਦਗੀ ਹਰ ਕਦਮ ਇੱਕ ਨਈ ਜੰਗ ਹੈ----
ਗੀਤ ਬੜਾ ਪੁਰਾਣਾ ਹੈ ਪਰ ਅਕਸਰ ਯਾਦ ਆ ਜਾਂਦਾ ਹੈ। ਇਸ ਜੰਗ ਦੌਰਾਨ ਸਾਥ ਛੱਡਣ ਵਾਲਿਆਂ ਦੇ ਕਿੱਸੇ ਜ਼ਿਆਦਾ ਮਿਲਦੇ ਹਨ। ਪਤਾ ਨਹੀਂ ਸ਼ੀਸ਼ਾ ਜਾਂ ਕੱਚ ਟੁੱਟਣਾ ਇੱਕ ਵਹਿਮ ਹੀ ਹੋਵੇ---ਪਰ ਜਦੋਂ ਵੀ ਕਦੇ ਗਲਾਸ ਜਾਂ ਕੁਝ ਅਜਿਹਾ ਹੀ ਹੋਰ ਟੁੱਟਦਾ ਹੈ---ਭਾਵੇਂ ਕਿਸੇ ਹੋਰ ਕੋਲੋਂ ਹੀ ਟੁੱਟੇ.......ਉਦੋਂ ਸ਼ੱਕ ਹੋਣ ਲੱਗਦਾ ਹੈ ਕਿ ਹੁਣ ਨਵਾਂ ਧੋਖਾ ਕਿਸ ਕੋਲੋਂ ਮਿਲਣ ਵਾਲਾ ਹੈ? ਕਈ ਨਾਮ ਜ਼ਹਿਨ ਵਿੱਚ ਆਉਣ ਲੱਗਦੇ ਹਨ---ਖੁਦ ਤੇ ਗੁੱਸਾ ਆਉਂਦਾ ਹੈ---ਏਨਾ ਨੈਗੇਟਿਵ ਕਿਓਂ ਸੋਚਿਆ ਭਲਾ? ਪਰ ਅਕਸਰ ਕੁਝ ਕੁ ਚਿਰ ਮਗਰੋਂ ਹੀ---ਬਹੁਤ ਹੀ ਛੇਤੀ---ਕਿਸੇ ਨ ਕਿਸੇ ਦੇ ਵਿਸ਼ਵਾਸ ਵਾਲਾ ਸ਼ੀਸ਼ਾ ਤੜਕ ਜਾਂਦਾ ਹੈ ਉਦੋਂ ਦੂਸਰਾ ਗੀਤ ਯਾਦ ਆਉਂਦਾ ਹੈ--
ਯੇਹ ਦੁਨੀਆ ਅਗਰ ਮਿਲ ਭੀ ਜਾਏ ਤੋਂ ਕਿਆ ਹੈ...!
-ਉਦੋਂ ਉਹ ਟੁਟਿਆ ਕੱਚ ਬੜੀ ਬੁਰੀ ਤਰਾਂ ਖੁੱਭਦਾ ਹੈ। ਬਾਹਰ ਕੋਈ ਜ਼ਖਮ ਨਹੀਂ ਪਰ ਅੰਦਰ ਖੂਨ ਦਾ ਰਿਸਣਾ ਮਹਿਸੂਸ ਹੁੰਦਾ।
---ਤੇ ਫਿਰ ਅਚਾਨਕ ਹੀ ਸਭ ਕੁਝ ਸੁਭਾਵਕ ਲੱਗਣ ਲੱਗਦਾ ਹੈ---ਮਹਿਸੂਸ ਹੁੰਦਾ ਹੈ---ਇਹ ਤਾਂ ਹੋਣਾ ਹੀ ਸੀ। ਵਿਸ਼ਵਾਸ ਕਰਨਾ ਸਾਡੀ ਗਲਤੀ ਸੀ----ਤੋੜਨ ਵਾਲੇ ਨੇ ਤਾਂ ਤੋੜਨਾ ਹੀ ਸੀ। ਇੱਕ ਮੁਸਕਰਾਹਟ ਚਿਹਰੇ ਤੇ ਉਭਰ ਆਉਂਦੀ ਹੈ। ਧੋਖਾ ਖਾਣਾ ਬੜੀ ਬਹਾਦਰੀ ਲੱਗਣ ਲੱਗਦਾ ਹੈ।
ਇਹ ਸਭ ਕੁਝ ਉਦੋਂ ਬੜੀ ਸ਼ਿੱਦਤ ਨਾਲ ਯਾਦ ਆਇਆ ਜਦੋਂ ਮਨਜੀਤ ਇੰਦਰਾ ਨੂੰ ਆਹਮੋ ਸਾਹਮਣੇ ਰਿਕਾਰਡਿੰਗ ਕਰਦਿਆਂ ਤਰੰਨੁਮ ਵਿੱਚ ਗਾਉਂਦਿਆਂ ਸੁਣਿਆ...
ਪਤਾ ਹੁੰਦਾ ਸਾਡੇ ਨਾਲ ਹੋਣੀਆਂ ਨਿਰਾਲੀਆਂ,
ਕੱਚਿਆਂ ਕਚੂਰਾਂ ਸੰਗ ਪਾਉਂਦੇ ਨਾ ਭਿਆਲੀਆਂ।
ਮਨ ਹੋਰ-ਮੁਖ ਹੋਰ,-ਕਾਹਦੀਆਂ ਹੈਰਾਨੀਆਂ,
ਕੱਚ ਦੀਆਂ ਵੰਗਾਂ ਜਿਹੜਾ ਦੇ ਗਿਆ ਨਿਸ਼ਾਨੀਆਂ।
ਲਓ ਤੁਸੀਂ ਵੀ ਦੇਖੋ ਅਤੇ ਸੁਣੋ ਇਹ ਰਚਨਾ ਅਤੇ ਹੋਂਸਲਾ ਦਿਓ ਆਪਣੇ ਆਪ ਨੂੰ-----ਵੀਡੀਓ 'ਤੇ ਕਲਿੱਕ ਕਰੋ
ਗੈਰਾਂ ਦਿਆਂ ਮੋਢਿਆਂ ਦਾ ਆਸਰਾ ਨਾ ਲੋੜੀਏ,
ਆਪਣੇ ਭਰੋਸੇ ਵਿੱਚ ਕਾਂਜੀ ਕਾਹਨੂੰ ਘੋਲੀਏ।
ਇਸ ਰਚਨਾ ਬਾਰੇ, ਇਸ ਆਵਾਜ਼ ਬਾਰੇ, ਇਸ ਤਰੰਨੁਮ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। --ਰੈਕਟਰ ਕਥੂਰੀਆ
4 comments:
very touching song in sweet voice
Thank u dear Nandan
ਵਾਹ..ਇਕ ਵਾਰ ਫਿਰ ਮਜ਼ਾ ਆ ਗਿਆ
ਵਾਹ..ਇਕ ਵਾਰ ਫਿਰ ਮਜ਼ਾ ਆ ਗਿਆ
Post a Comment