Apr 26, 2019, 11:11 AM
ਬਾਕੀ ਰਾਜਾਂ ਦੇ ਇਨਾਮ ਮਿਲਾ ਕੇ ਬਣਦੀ ਹੈ ਕਈ ਕਰੋੜਾਂ ਰੁਪਇਆਂ ਦੀ ਰਕਮ
ਲੁਧਿਆਣਾ: 26 ਅਪ੍ਰੈਲ 2019: (ਪੰਜਾਬ ਸਕਰੀਨ ਬਿਊਰੋ)::
ਵਹਿਮਾਂ ਭਰਮਾਂ ਦਾ ਧੂੰਆਂ ਫੈਲਾਉਣਾ ਕਾਨੂੰਨਨ ਅਪਰਾਧ ਵੀ ਹੈ ਅਤੇ ਮਾਨਸਿਕ ਕਮਜ਼ੋਰੀ ਨੂੰ ਵਧਾਉਣ ਦੀ ਸਾਜ਼ਿਸ਼ ਵੀ। ਇਸਦੇ ਬਾਵਜੂਦ ਚੋਣਾਂ ਦੇ ਮੌਸਮ ਵਿੱਚ ਵੱਖ ਵੱਖ ਸਿਆਸੀ ਲੀਡਰ ਜਾਣੇ ਅਣਜਾਣੇ ਇਹੀ ਕੁਝ ਕਰਦੇ ਹਨ।
ਹੁਣ ਨਵੇਂ ਨਾਮ ਉਭਰ ਕੇ ਸਾਹਮਣੇ ਆਏ ਸਾਧਵੀ ਪ੍ਰਗਿਆ ਅਤੇ ਸਾਕਸ਼ੀ ਮਹਾਰਾਜ ਦੇ। ਤਰਕਸ਼ੀਲਾਂ ਨੇ ਇਹਨਾਂ ਦੋਹਾਂ ਨੂੰ ਲੰਮੇ ਹੱਥੀਂ ਲਿਆ ਹੈ ਅਤੇ ਆਪਣੀ ਸਰਾਪ-ਸ਼ਕਤੀ ਸਿੱਧ ਕਰਨ ਦੀ ਚੁਣੌਤੀ ਵੀ ਦਿੱਤੀ ਹੈ।
ਤਰਕਸ਼ੀਲ ਸੁਸਾਇਟੀ ਪੰਜਾਬ (ਲੁਧਿਆਣਾ ਇਕਾਈ) ਨੇ ਪਿਛਲੇ ਦਿਨੀਂ ਬੀਜੇਪੀ ਵੱਲੋਂ ਐਮ ਪੀ ਦੀ ਚੋਣ ਲੜ ਰਹੇ ਉਮੀਦਵਾਰਾਂ ਸ਼ਾਖਸੀ ਮਹਾਰਾਜ ਵੱਲੋਂ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਇਹ ਕਹਿਣਾ ਕਿ ਜੇ ਮੈਨੂੰ ਵੋਟਾਂ ਨਾ ਪਾਈਆਂ ਤਾਂ ਮੇਰਾ ਸਰਾਪ ਲੱਗ ਜਾਏਗਾ ਦਾ ਗੰਭੀਰ ਨੋਟਿਸ ਲਿਆ ਹੈ। ਇਸੇ ਤਰਾਂ ਸਾਧਵੀ ਪ੍ਰੱਗਿਆ ਠਾਕੁਰ ਵੱਲੋਂ ਇਕ ਪੁਲਸ ਅਧਿਕਾਰੀ ਹੇਮੰਤ ਕਰਕਰੇ ਆਈ ਪੀ ਐਸ ਦੀ ਮੌਤ ਸਬੰਧੀ ਇਹ ਕਹਿਣਾ, ਕਿ ਇਸ ਨੂੰ ਮੈਂ ਸਰਵਨਾਸ਼ ਹੋਣ ਦਾ ਸਰਾਪ ਦਿੱਤਾ ਸੀ, ਦੀ ਵੀ ਸਖ਼ਤ ਨਿੰਦਾ ਕੀਤੀ ਹੈ। ਤਰਕਸ਼ੀਲ ਆਗੂਆਂ ਜਸਵੰਤ ਜੀਰਖ, ਬਲਵਿੰਦਰ ਸਿੰਘ, ਸੁਖਵਿੰਦਰ ਲੀਲ, ਗੁਰਮੇਲ ਸਿੰਘ ਕਨੇਡਾ ਅਤੇ ਸਤੀਸ਼ ਸੱਚਦੇਵਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਪਰੋਕਤ ਉਮੀਦਵਾਰਾਂ ਵੱਲੋਂ ਸਰਾਪ ਦੇ ਨਾਂ ਨਾਲ ਭੋਲੇ ਭਾਲੇ ਲੋਕਾਂ ਨੂੰ ਡਰਾਕੇ, ਉਹਨਾਂ ਦੀਆਂ ਵੋਟਾਂ ਲੈਣ ਲਈ ਅਤਿ ਘਟੀਆ ਹੱਥਕੰਡੇ ਵਰਤੇ ਜਾ ਰਹੇ ਹਨ। ਇਸ ਤਰ੍ਹਾਂ ਕਰਕੇ ਇਹ ਇਕ ਪਾਸੇ ਲੋਕਾਂ ਵਿੱਚ ਅੰਧਵਿਸ਼ਵਾਸੀ ਦਹਿਸ਼ਤ ਫੈਲਾਕੇ ਵੋਟਾਂ ਵਟੋਰਨਾ ਚਾਹੁੰਦੇ ਹਨ ਅਤੇ ਦੂਜੇ ਪਾਸੇ ਗ਼ੈਰ ਵਿਗਿਆਨਕ ਪ੍ਰਚਾਰ ਕਰਕੇ ਸੰਵਿਧਾਨਿਕ ਉਲੰਘਣਾ ਕਰ ਰਹੇ ਹਨ। ਤਰਕਸ਼ੀਲ ਆਗੂਆਂ ਨੇ ਚੋਣ ਕਮਿਸ਼ਨ ਪਾਸੋਂ ਇਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਤਰਕਸ਼ੀਲ ਆਗੂਆਂ ਨੇ ਇਹਨਾਂ ਦੋਵਾਂ ਉਮੀਦਵਾਰਾਂ ਨੂੰ ਚਣੌਤੀ ਦਿੰਦਿਆਂ ਇਹ ਵੀ ਕਿਹਾ ਹੈ ਕਿ ਜੇਕਰ ਇਹ ਆਪਣਾ ਸਰਾਪ ਦੇਕੇ ਕਿਸੇ ਦਾ ਕੁੱਝ ਵਿਗਾੜ ਸਕਦੇ ਹਨ ਤਾਂ ਤਰਕਸ਼ੀਲ ਸੁਸਾਇਟੀ ਇਹਨਾਂ ਦੀਆਂ ਰਿੱਧੀਆਂ ਸਿੱਧੀਆਂ ਨਾਲ ਦਿੱਤੇ ਜਾਂਦੇ ਅਖੌਤੀ ਸਰਾਪ ਨੂੰ ਚਣੌਤੀ ਦਿੰਦੀ ਹੈ ਅਤੇ ਸੁਸਾਇਟੀ ਵੱਲੋਂ ਇਹਨਾਂ ਨੂੰ ਪੰਜ ਲੱਖ ਰੁ: ਦਾ ਨਕਦ ਇਨਾਮ ਜਿੱਤਣ ਦਾ ਸੱਦਾ ਦਿੱਤਾ ਜਾਂਦਾ ਹੈ। ਤਰਕਸ਼ੀਲ ਆਗੂਆਂ ਨੇ ਕਿਹਾ ਕਿ ਜੇਕਰ ਇਹ ਸੀਮਤ ਸਮੇਂ ਦੇ ਵਿੱਚ ਵਿੱਚ ਆਪਣੇ ਸਰਾਪ ਨਾਲ ਕਿਸੇ ਤਰਕਸ਼ੀਲ ਸੁਸਾਇਟੀ ਮੈਂਬਰ ਦਾ ਵਾਲ ਵੀ ਵਿੰਗਾ ਕਰ ਸਕਦੇ ਹਨ, ਤਾਂ ਸੁਸਾਇਟੀ ਦਾ ਚੈਂਲਜ ਕਬੂਲ ਕਰਨ। ਯਾਦ ਰਹੇ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਹਰ ਅਜਿਹੇ ਵਿਅੱਕਤੀ ਲਈ ਇਹ ਇਨਾਮ ਰੱਖਿਆ ਹੋਇਆ ਹੈ, ਜਿਹੜਾ ਵੀ ਆਪਣੀ ਵੱਸ ਕੀਤੀ ਗ਼ੈਬੀ ਸ਼ਕਤੀ/ ਰਿੱਧੀ ਸਿੱਧੀ ਨਾਲ ਕੋਈ ਅਜਿਹਾ ਕਰਿਸ਼ਮਾ ਵਿਖਾ ਸਕਦਾ ਹੋਵੇ ਜੋ ਬਿਨਾਂ ਧੋਖਾ ਦਿੱਤਿਆਂ ਕੀਤਾ ਜਾ ਸਕੇ। ਜੇਕਰ ਐਮ ਪੀ ਦੀ ਚੋਣ ਲੜ ਰਹੇ ਉਪਰੋਕਤ ਦੋਵੇਂ ਉਮੀਦਵਾਰ ਅਜਿਹਾ ਕੋਈ ਕਰਿਸ਼ਮਾ ਆਪਣੇ ਸਰਾਪ ਰਾਹੀਂ ਕਰ ਸਕਦੇ ਹਨ ਤਾਂ ਸੁਸਾਇਟੀ ਦੀਆਂ ਸ਼ਰਤਾਂ ਅਧੀਨ ਪੂਰਾ ਕਰਕੇ, ਰੱਖਿਆ ਇਨਾਮ ਜਿੱਤ ਸਕਦੇ ਹਨ। ਇੱਥੇ ਇਹ ਵੀ ਸਪਸਟ ਕਰਨਾ ਜ਼ਰੂਰੀ ਹੈ ਕਿ ਭਾਰਤ ਦੇ ਵੱਖ ਸੂਬਿਆਂ ਅਤੇ ਵਿਦੇਸ਼ਾਂ ਵਿੱਚ ਵੀ ਇਸ ਸੰਬੰਧੀ ਹੋਰ ਵੱਖਰੇ ਇਨਾਮਾਂ ਦੀ ਘੋਸ਼ਨਾ ਵੀ ਕੀਤੀ ਹੋਈ ਹੈ ਜੋ ਕਿ ਕਈ ਕਰੋੜਾਂ ਰੁਪਇਆਂ ਵਿੱਚ ਹੈ, ਉਸਨੂੰ ਜਿੱਤਣ ਲਈ ਵੀ ਇਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਜੇ ਅਜਿਹੇ ਸਿਆਸੀ ਲੀਡਰਾਂ ਦਾ ਕੋਈ ਸਮਰਥਕ ਇਸ ਚੁਣੌਤੀ ਦੇ ਸੁਨਹਿਰੀ ਮੌਕੇ ਬਾਰੇ ਕੋਈ ਜਾਣਕਾਰੀ ਚਾਹੁੰਦਾ ਹੈ ਤਾਂ ਉਹ ਸਾਥੀ ਜਸਵੰਤ ਜੀਰਖ ਨਾਲ ਇਸ ਨੰਬਰ ,ਤੇ ਸੰਪਰਕ ਕਰ ਸਕਦਾ ਹੈ। ਜਸਵੰਤ ਜੀਰਖ--98151-69825---ਤਰਕਸ਼ੀਲਾਂ ਦੀ ਇਸ ਚੁਣੌਤੀ ਨੂੰ ਪੰਜਾਬ ਦੇ ਸਮੂਹ ਚੋਣ ਹਲਕਿਆਂ ਵਿੱਚ ਵੀ ਵੰਡਿਆ ਜਾ ਰਿਹਾ ਹੈ ਤਾਂਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਜੋਤਸ਼ੀਆਂ ਦੇ ਚੱਕਰ ਕੱਢਣ ਵਾਲੇ ਲੋਕ ਉਹਨਾਂ ਦਾ ਬੇੜਾ ਪਾਰ ਨਹੀਂ ਲਾ ਸਕਦੇ।
No comments:
Post a Comment