Saturday, March 30, 2019

''ਬੇਟੀ ਬਚਾਓ ਬੇਟੀ ਪੜਾਓ'' ਮੁਹਿੰਮ ਹੋਰ ਤੇਜ਼

ਸਿਹਤ ਅਤੇ ਵਿਮੈਨ ਐਂਡ ਚਾਈਲਡ ਵਿਭਾਗ ਵੱਲੋਂ ਸੈਮੀਨਾਰ ਆਯੋਜ਼ਨ
ਜਾਗਰੂਕਤਾ ਸੈਮੀਨਾਰਾਂ ਸਦਕਾ ਹੀ ਲੜਕੀਆਂ ਦੀ ਜਨਮ ਦਰ ਵਿੱਚ ਹੋਇਆ ਵਾਧਾ-ਡਿਪਟੀ ਕਮਿਸ਼ਨਰ 
ਲੁਧਿਆਣਾ: 30 ਮਾਰਚ 2019: (ਪੰਜਾਬ ਸਕਰੀਨ ਬਿਊਰੋ)::
''ਬੇਟੀ ਬਚਾਓ ਬੇਟੀ ਪੜਾਓ'' ਮੁਹਿੰਮ ਤਹਿਤ ਜ਼ਿਲ੍ਹਾ ਸਿਹਤ ਪ੍ਰਸ਼ਾਸ਼ਨ ਅਤੇ ਵਿਮੈਨ ਐਂਡ ਚਾਈਲਡ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਇੱਕ ਸੈਮੀਨਾਰ ਦਾ ਆਯੋਜ਼ਨ ਸਿਵਲ ਹਸਪਤਾਲ ਲੁਧਿਆਣਾ ਵਿਖੇ ਕੀਤਾ ਗਿਆ। ਸੈਮੀਨਾਰ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। 
ਡਿਪਟੀ ਕਮਿਸ਼ਨਰ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਜਿਹੇ ਸੈਮੀਨਾਰਾਂ ਸਦਕਾ ਜਾਗਰੂਕਤਾ ਮੁਹਿੰਮ ਚਲਾਉਣ ਸਦਕਾ ਹੀ ਅਸੀਂ ਭਰੂੱਣ ਹੱਤਿਆਵਾਂ ਰੋਕਣ 'ਚ ਕਾਮਯਾਬ ਹੋ ਸਕੇ ਹਾਂ ਅਤੇ ਲੜਕੀਆਂ ਦੀ ਜਨਮ ਦਰ ਵਿੱਚ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਸਮਾਜ ਵਿੱਚ ਲੜਕੀਆਂ ਨੂੰ ਸਨਮਾਨ ਦਈਏ ਤਾਂ ਕਿ ਸਮਾਜ ਹਰ ਖੇਤਰ 'ਚ ਤਰੱਕੀ ਕਰ ਸਕੇ। ਉਹਨਾਂ ਇਸ ਮੌਕੇ ਔਰਤਾਂ ਦੀ ਭਲਾਈ ਲਈ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਕੰਮਾਂ ਲਈ ਅਧਿਕਾਰੀਆਂ/ਕਰਮਚਾਰੀਆਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਤ ਵੀ ਕੀਤਾ।
ਇਸ ਮੌਕੇ ਡਾ. ਰਜਿਦਰ ਗੁਲਾਟੀ ਅਤੇ ਡਾ. ਹਰਜੀਤ ਸਿੰਘ ਨੇ ਆਪਣੀ ਵਿਧੀ ਅਨੁਸਾਰ ਬੱਚੀ ਭਰੂੱਣ ਹੱਤਿਆ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਰੂਪ ਰੇਖਾ ਦੱਸੀ। ਸੈਮੀਨਾਰ ਵਿੱਚ ਨਰਸਿੰਗ ਦੇ ਵਿਦਿਆਰਥੀਆਂ ਨੇ ਬਹੁਤ ਭਾਵਪੂਰਣ ਸਕਿੱਟ ਪੇਸ਼ ਕੀਤੀ, ਜਿਸ ਵਿੱਚ ਲੜਕੇ ਅਤੇ ਲੜਕੀਆਂ ਦੀ ਬਰਾਬਰਤਾ ਬਾਰੇ ਸੁਨੇਹਾ ਦਿੱਤਾ ਗਿਆ ਹੈ। ਆਏ ਲੋਕਾਂ ਨੂੰ ਇੱਕ ਫਿਲਮ ਰਾਹੀਂ ਚੇਤੰਨ ਕਰਨ ਦੀ ਕੋਸ਼ਿਸ਼ ਕੀਤੀ ਕਿ ਲੜਕੀਆਂ ਵੀ ਸਾਡੇ ਸਮਾਜ ਦਾ ਅਹਿਮ ਅੰਗ ਹਨ, ਜਿੰਨ੍ਹਾਂ ਬਿਨ੍ਹਾਂ ਸਮਾਜ ਦੀ ਹੋਂਦ ਬਰਕਰਾਰ ਰੱਖਣੀ ਅਸੰਭਵ ਹੈ। ਸਮਾਗਮ ਦੀ ਪ੍ਰਧਾਨਗੀ ਸਿਵਲ ਸਰਜ਼ਨ ਲੁਧਿਆਣਾ ਸ੍ਰੀ ਪਰਵਿੰਦਰ ਪਾਲ ਸਿੰਘ ਸਿੱਧੂ ਨੇ ਕੀਤੀ। ਸਮਾਗਮ ਨੂੰ ਡਾ. ਐਸ.ਪੀ. ਸਿੰਘ ਅਤੇ ਡਾ. ਗੀਤਾ ਐਸ.ਐਮ.ਓ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਰੁਪਿੰਦਰ ਕੌਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਐਮ.ਓਜ਼, ਏ.ਐਨ.ਐਮ, ਆਸ਼ਾ ਵਰਕਰ, ਸੀ.ਡੀ.ਪੀ.ਓ ਸੁਪਰਵਾਈਜ਼ਰ ਅਤੇ ਆਂਗਨਵਾੜੀ ਵਰਕਰ ਹਾਜ਼ਰ ਸਨ। 

No comments: