Thursday, May 02, 2019

ਤਰਕਸ਼ੀਲ ਸੰਗਠਨਾਂ ਵੱਲੋਂ ਮਿਊਜ਼ੀਅਮ ਨਾਟਕ ਪੰਜਾਬ ਭਰ 'ਚ ਖੇਡਣ ਦਾ ਐਲਾਨ

May 2, 2019, 1:59 PM
ਬਜਰੰਗ ਦਲ ਅਤੇ ਵਿਹਿਪ ਵਿਰੁੱਧ ਕੀਤਾ ਜ਼ੋਰਦਾਰ ਰੋਸ ਮੁਜ਼ਾਹਰਾ
ਲੁਧਿਆਣਾ: 2 ਮਈ 2019: (ਪੰਜਾਬ ਸਕਰੀਨ ਬਿਊਰੋ):: 
ਹਰਮਨ ਪਿਆਰੀ ਲੇਖਿਕਾ ਅਤੇ ਸਟੇਜ ਨਿਰਦੇਸ਼ਕਾ ਰਸਿਕਾ ਅਗਾਸ਼ੇ ਦੇ ਬਹੁ ਚਰਚਿਤ ਨਾਟਕ "ਮਿਊਜ਼ੀਅਮ" ਦੇ ਮੰਚਨ 'ਤੇ ਇਤਰਾਜ਼ ਉਠਾਉਣ ਵਾਲੇ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਖਿਲਾਫ ਵੀ ਕਈ ਸੰਗਠਨ ਖੁੱਲ ਕੇ ਸਾਹਮਣੇ ਆਏ ਹਨ। ਨਾਸਤਿਕਤਾ ਦੀ ਵਿਚਾਰਧਾਰਾ ਨੂੰ ਸਮਰਪਿਤ ਖੱਬੇਪੱਖੀ ਸੰਗਠਨਾਂ ਨੇ ਤਰਕਸ਼ੀਲਾਂ ਦੀ ਅਗਵਾਈ ਹੇਠ ਪੰਜਾਬੀ ਭਵਨ ਦੇ ਬਾਹਰ ਸਥਿਤ ਪੈਟਰੋਲ ਪੰਪ ਦੇ ਨੇੜਿਓਂ ਜ਼ੋਰਦਾਰ ਰੋਸ ਵਖਾਵਾ ਕੀਤਾ। ਇਹ ਰੋਸ ਵਖਾਵ ਬਾਅਦ ਵਿੱਚ ਇੱਕ ਮਾਰਚ ਦੀ ਸ਼ਕਲ ਵਿੱਚ ਭਾਈ ਬਾਲਾ ਚੌਂਕ ਵਿਖੇ ਸਥਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦਗਾਰ ਤੱਕ ਵੀ ਗਿਆ। 
ਮਰਾਠੀ ਲੇਖਿਕਾ ਰਸਿਕਾ ਅਗਾਸ਼ੇ ਦੇ ਲਿਖੇ ਬਹੁ ਚਰਚਿਤ ਨਾਟਕ ਮਿਊਜ਼ੀਅਮ ਦੇ ਮੰਚਨ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਹੋਰ ਤਿੱਖਾ ਹੁੰਦਾ ਨਜ਼ਰ ਆ ਰਿਹਾ ਹੈ। ਤਰਕਸ਼ੀਲਾਂ ਅਤੇ ਉਹਨਾਂ ਦੇ ਹੋਰ ਸਹਿਯੋਗੀ ਸੰਗਠਨਾਂ ਨੇ ਬਜਰੰਗ ਦਲ ਨੂੰ ਮੂੰਹ ਤੋਡ਼ ਉੱਤਰ ਦੇਂਦਿਆਂ ਜਿੱਥੇ ਲੁਧਿਆਣਾ ਦੇ ਪੰਜਾਬੀ ਭਵਨ ਸਾਹਮਣਿਉਂ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਉੱਥੇ ਨਾਲ ਹੀ ਇਹ ਐਲਾਨ ਵੀ ਕੀਤਾ ਕਿ ਅਸੀਂ ਪੰਜਾਬ ਵਿੱਚ ਇਹ ਨਾਟਕ ਥਾਂ ਥਾਂ ਖੇਡਾਂਗੇ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਥਾਨਕ ਸਰਕਾਰੀ ਕਾਲਜ (ਲਡ਼ਕੇ) ਵਿਖੇ ਪੁਰਾਣੇ ਵਿਦਿਆਰਥੀਆਂ ਦੇ ਮਿਲਣ ਸਮਾਂਰੋਹ ਸਮੇਂ ਪ੍ਰਸਿੱਧ ਨਾਟਕ “ਮਿਊਜ਼ੀਅਮ” ਖੇਡਣ ਵਿੱਚ ਵਿਘਨ ਪਾਉਂਦਿਆਂ ਹਿੰਦੂ ਸੰਗਠਨ ਬਜਰੰਗ ਦਲ ਵੱਲੋਂ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਕੇ ਬੰਦ ਕਰਵਾ ਦਿੱਤਾ ਸੀ।ਇੰਨਾ ਹੀ ਨਹੀਂ ਸਗੋਂ ਪੁਲਿਸ ਕੋਲ ਸ਼ਕਾਇਤ ਵੀ ਕੀਤੀ, ਜਿਸ ਦੇ ਅਧਾਰ ਤੇ ਪੁਲਿਸ ਨੇ ਬਿਨਾ ਕੋਈ ਪੁੱਛ ਗਿੱਛ ਕੀਤਿਆਂ ਕਾਲਜ ਦੇ ਪ੍ਰਿੰਸੀਪਲ ਸਮੇਤ ਨਾਟਕ ਟੀਮ ਅਤੇ ਇਨਚਾਰਜ ਖ਼ਿਲਾਫ਼ ਧਾਰਾ 295ਏ ਤਹਿਤ ਕੇਸ ਕਰ ਲਿਆ ਗਿਆ।ਇਸ ਘਟਨਾ ਦੀ ਲੁਧਿਆਣੇ ਦੀਆਂ ਇਨਸਾਫ਼ ਪਸੰਦ ਜਮਹੂਰੀ, ਜੰਤਕ, ਤਰਕਸ਼ੀਲ ਤੇ ਇਨਕਲਾਬੀ ਜੱਥੇਬੰਦੀਆਂ ਨੇ ਗੰਭੀਰ ਨੋਟਿਸ ਲੈਂਦਿਆਂ ਜਮਹੂਰੀ ਅਧਿਕਾਰ ਸਭਾ ਦੇ ਸੱਦੇ ਤੇ ਰੋਹ ਭਰਪੂਰ ਰੈਲੀ ਕਰਦਿਆਂ ਰੋਸ ਮਾਰਚ ਵੀ ਕੀਤਾ ਗਿਆ।ਇਸ ਸਮੇਂ ਰੈਲੀ ਨੂੰ ਸੰਬੋਧਨ ਕਰਦਿਆਂ ਜਮਹੂਰੀ ਅਧਿਕਾਰ ਸਭਾ ਪੰਜਾਬ (ਜ਼ਿਲ੍ਹਾ ਲੁਧਿਆਣਾ) ਵੱਲੋਂ ਜਾਰੀ ਕੀਤੀ ਜਾਂਚ ਰਿਪੋਰਟ ਦੇ, ਜਾਂਚ ਕਮੇਟੀ ਮੈਂਬਰ ਐਡਵੋਕੇਟ ਹਰਪ੍ਰੀਤ ਜੀਰਖ ਨੇ ਵਿਆਖਿਆ ਕਰਦਿਆਂ ਸਪਸਟ ਕੀਤਾ, ਕਿ ਪੁਲਿਸ ਵੱਲੋਂ ਇਹ ਕੇਸ ਬਿਨਾਂ ਕੋਈ ਇਨਕੁਆਰੀ ਕੀਤਿਆਂ ਬਜਰੰਗ ਦਲ ਅਤੇ ਸਿਆਸੀ ਦਬਾਅ ਹੇਠ ਸਰਾਸਰ ਗਲਤ ਦਰਜ ਕੀਤਾ ਹੈ।ਉਹਨਾਂ ਸਿੱਧ ਕੀਤਾ ਕਿ ਸਰਕਾਰੀ ਸ਼ਹਿ ਪ੍ਰਾਪਤ ਬਜਰੰਗ ਦਲ ਨੇ ਔਰਤਾਂ ਦੇ ਸ਼ਕਤੀਕਰਨ ਅਤੇ ਹੱਕਾਂ ਪ੍ਰਤੀ ਚੇਤਨ ਕਰਨ ਵਾਲੇ ਇਸ ਨਾਟਕ ਨੂੰ ਜਾਣਬੁੱਝਕੇ ਧਰਮ ਦਾ ਬਹਾਨਾ ਬਣਾਕੇ ਔਰਤਾਂ ਦੇ ਹੱ ਬਾਰੇ ਸਹੀ ਆਵਾਜ ਨੂੰ ਬੰਦ ਕਰਨ ਦਾ ਭਰਮ ਪਾਲਿਆ ਹੈ। ਉਹਨਾਂ ਇਹ ਕੇਸ ਤੁਰੰਤ ਰੱਦ ਕਰਨ ਅਤੇ ਕੇਸ ਦਰਜ ਕਰਵਾਉਣ ਤੇ ਕਰਨ ਵਾਲਿਆਂ ਖ਼ਿਲਾਫ਼ ਕਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।

  ਰੈਲੀ ਕਰਨ ਉਪਰੰਤ ਪੰਜਾਬੀ ਭਵਨ ਲੁਧਿਆਣਾ ਦੇ ਬਾਹਰਲੇ ਗੇਟ ਤੋਂ ਮਿੰਨੀ ਸਕੱਤਰੇਤ ਅਤੇ ਭਾਰਤ ਨਗਰ ਚੌਕ ਵੱਲ ਰੋਹ ਭਰਪੂਰ ਰੋਸ ਮਾਰਚ ਕਰਦਿਆਂ ਪੰਜਾਬੀ ਭਵਨ ਆਕੇ ਸਮਾਪਤੀ ਕੀਤੀ ਗਈ।ਇਕ ਸਮੇਂ ਐਲਾਨ ਕੀਤਾ ਗਿਆ ਕਿ ਜਮਹੂਰੀ ਤੇ ਇਨਸਾਫ਼ ਪਸੰਦ ਜੱਥੇਬੰਦੀਆਂ ਇਸ ਨਾਟਕ ਨੂੰ ਪੰਜਾਬ ਭਰ ਵਿੱਚ ਖੇਡਣ ਦੀ ਮੁਹਿੰਮ ਚਲਾਉਣਗੀਆਂ । ਇਸ ਨਾਟਕ ਦਾ ਪੰਜਾਬੀ ਅਨੁਵਾਦ ਕਰਕੇ ਆਮ ਲੋਕਾਂ ਤੱਕ ਪਹੁੰਚਾਉਣ ਦੇ ਯਤਨ ਵੀ ਜੁਟਾਏ ਜਾਣਗੇ। ਇਸ ਸਮੇਂ ਵੱਖ ਵੱਖ ਜੱਥੇਬੰਦੀਆਂ ਦੇ ਆਗੂ ਜਿਹਨਾਂ ਵਿੱਚ ਪਰੋਫ਼ੈਸਰ, ਜਸਵੰਤ ਜੀਰਖ, ਲਖਵਿੰਦਰ ਸਿੰਘ, ਕੰਵਲਜੀਤ ਖੰਨਾ, ਬੂਟਾ ਸਿੰਘ ਨਵਾਂ ਸ਼ਹਿਰ, ਮਾਸਟਰ ਜੋਗਿੰਦਰ ਆਜ਼ਾਦ, ਮਾਸਟਰ ਰਾਜਵਿੰਦਰ, ਅਰੁਣ ਕੁਮਾਰ, ਗੁਰਮੇਲ ਸਿੰਘ ਕਨੇਡਾ, ਆਤਮਾ ਸਿੰਘ, ਰਾਜਿੰਦਰ ਜੰਡਿਆਲੀ, ਮਾਸਟਰ ਚਰਨ ਨੂਰਪੁਰਾ, ਮਾਸਟਰ ਹਰਜਿੰਦਰ ਸਿੰਘ, ਕਾਮਰੇਡ ਰਣਜੋਧ ਸਿੰਘ, ਗੁਲ ਚੌਹਾਨ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਲਡ਼ਕੇ ਲਡ਼ਕੀਆਂ ਸ਼ਾਮਲ ਸਨ।
ਇਥੇ ਜ਼ਿਕਰਯੋਗ ਹੈ ਕਿ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪਰੀਸ਼ਦ ਪਹਿਲਾਂ ਹੀ ਇਸ ਮੁੱਦੇ ਨੂੰ ਲੈ ਕੇ ਪੰਜਾਬ ਦੇ ਹਰ ਜ਼ਿਲੇ ਵਿੱਚ ਰੋਸ ਵਖਾਵੇ ਕਰਨ ਅਤੇ ਟਰੈਫਿਕ ਜਾਮ ਕਰਨ ਦਾ ਐਲਾਨ ਕਰ ਚੁੱਕੇ ਹਨ। ਹੁਣ ਦੇਖਣਾ ਹੈ ਕਿ ਸ਼ਕਤੀ ਪਰਦਰਸ਼ਨਾਂ ਦੇ ਮਾਮਲੇ ਵਿੱਚ ਕਿਹਡ਼ੀ ਧਿਰ ਅੱਗੇ ਰਹਿੰਦੀ ਹੈ।

ਬਜਰੰਗ ਦਲ ਦੇ ਚੇਤਨ ਮਲਹੋਤਰਾ ਨੂੰ ਨਕਸਲੀ ਧਮਕੀ?
ਸਾਡੇ ਕੋਲ ਨਾਟਕ ਵਿਵਾਦ ਦੇ ਸਾਰੇ ਸਬੂਤ ਮੌਜੂਦ ਹਨ-ਚੇਤਨ ਮਲਹੋਤਰਾ

No comments: