ਜੇ ਗ੍ਰਿਫਤਾਰੀ ਨਾ ਹੋਈ ਤਾਂ ਅੰਦੋਲਨ ਪੂਰੇ ਪੰਜਾਬ ਵਿੱਚ ਫੈਲੇਗਾ-ਬਜਰੰਗ ਦਲ
ਲੁਧਿਆਣਾ: 21 ਅਪ੍ਰੈਲ 2019: (ਪੰਜਾਬ ਸਕਰੀਨ ਟੀਮ)::
ਚੇਤਨ ਮਲਹੋਤਰਾ ਅਤੇ ਉਹਨਾਂ ਦੇ ਸਾਥੀਆਂ ਦਾ ਦਾਅਵਾ ਹੈ ਕਿ ਇਹ ਤਸਵੀਰ ਵਿਵਾਦਿਤ ਨਾਟਕ ਦੇ ਰਿਹਰਸਲ ਨੂੰ ਦੇਖਣ ਸਮੇਂ ਦੀ ਹੈ ਜਿਸ ਵਿੱਚ ਕਈ ਕਲਾਕਾਰ ਅਤੇ ਵਿਦਿਆਰਥੀ ਕਮਿਊਨਿਸਟਾਂ ਦੇ ਲਾਲ ਪਰਨੇ ਨੂੰ ਸਨਮਾਨ ਚਿੰਨ ਵਾਂਗ ਗੱਲ ਵਿੱਚ ਪਾ ਕੇ ਖੜੇ ਹਨ। |
ਲੁਧਿਆਣਾ ਦੇ ਵਿਦਿਅਕ ਅਦਾਰਿਆਂ ਵਿੱਚ ਚੁੱਪ ਜਿਹੀ ਛਾਈ ਹੈ। ਇੱਕ ਸਹਿਮ ਭਰੀ ਚੁੱਪ। ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਦੇ ਮਾਮਲੇ ਵਿੱਚ ਦਰਜ ਸ਼ਿਕਾਇਤ ਨੂੰ ਲੈ ਕੁਝ ਖੱਬੇਪੱਖੀ ਸੰਗਠਨਾਂ ਤੋਂ ਇਲਾਵਾ ਹੋਰ ਕੋਈ ਨਹੀਂ ਬੋਲ ਰਿਹਾ। ਵਿਵਾਦਿਤ ਨਾਟਕ,"ਮਿਊਜ਼ੀਅਮ" ਦਾ ਵਿਵਾਦ ਇਸ ਚੁੱਪ ਨਾਲ ਹੋਰ ਡੂੰਘਾ ਹੁੰਦਾ ਮਹਿਸੂਸ ਹੋ ਰਿਹਾ ਹੈ। ਇਸੇ ਦੌਰਾਨ ਬਜਰੰਗ ਦਲ ਦੇ ਸਥਾਨਕ ਪਰ ਸਰਗਰਮ ਆਗੂ ਚੇਤਨ ਮਲਹੋਤਰਾ ਨੇ ਸਪਸ਼ਟ ਕੀਤਾ ਹੈ ਜੇ ਹਿੰਦੂ ਧਰਮ ਨਾਲ ਸਬੰਧਤ ਸ਼ਖਸੀਅਤਾਂ ਦਾ ਅਪਮਾਨ ਕਰਨ ਵਾਲਿਆਂ ਦੀ ਗ੍ਰਿਫਤਾਰੀ ਨ ਹੋਈ ਤਾਂ ਇਹ ਅੰਦੋਲਨ ਪੂਰੇ ਪੰਜਾਬ ਵਿੱਚ ਫੈਲੇਗਾ। "ਪੰਜਾਬ ਸਕਰੀਨ" ਦੀ ਟੀਮ ਨਾਲ ਇੱਕ ਸੰਖੇਪ ਜਿਹੀ ਮੁਲਾਕਾਤ ਦੌਰਾਨ ਉਹਨਾਂ ਕਿਹਾ ਕਿ ਸਾਡੇ ਕੋਲ ਇਸ ਮਾਮਲੇ ਨਾਲ ਸਬੰਧਤ ਸਾਰੇ ਸਬੂਤ ਮੌਜੂਦ ਹਨ।
ਉਹਨਾਂ ਕਿਹਾ ਕਿ ਕਾਲਜ ਪ੍ਰਿੰਸੀਪਲ ਵੱਲੋਂ ਇਹ ਕਹਿਣਾ ਕਿ ਉਹਨਾਂ ਨੇ ਨਾਟਕ ਦੋ ਤੋਂ ਤਿੰਨ ਮਿੰਟਾਂ ਬਾਅਦ ਹੀ ਰੁਕਵਾ ਦਿੱਤਾ ਸੀ ਪੂਰੀ ਤਰਾਂ ਗਲਤ ਹੈ। ਨਾਟਕ ਪੂਰਾ ਖੇਡਿਆ ਗਿਆ। ਜਦੋਂ ਨਾਟਕ ਰੁਕਵਾਇਆ ਗਿਆ ਉਦੋਂ ਤਾਂ ਨਾਟਕ ਰਹਿ ਹੀ ਦੋ ਕੁ ਮਿੰਟਾਂ ਦਾ ਗਿਆ ਸੀ। ਕਾਲਜ ਪ੍ਰਿੰਸੀਪਲ ਬਾਰੇ ਚੇਤਨ ਮਲਹੋਤਰਾ ਅਤੇ ਉਹਨਾਂ ਦੇ ਸਾਥੀਆਂ ਨੇ ਇਹ ਵੀ ਕਿਹਾ ਕਿ ਪ੍ਰਿੰਸੀਪਲ ਅਤੇ ਉਹਨਾਂ ਦੇ ਸਟਾਫ ਨੇ ਇਸ ਨਾਟਕ ਦੇ ਮੰਚਨ ਨੂੰ ਇਸ ਨਾਟਕ ਦੀ ਰਿਹਰਸਲ ਦੌਰਾਨ ਪੂਰਾ ਦੇਖਿਆ ਹੈ ਇਸ ਲਈ ਉਹ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਨਾਟਕ ਵਿੱਚ ਕੀ ਹੈ। ਬਜਰੰਗ ਦਲ ਦੀ ਟੀਮ ਨੇ ਸਾਨੂੰ ਰਿਹਰਸਲ ਦੀਆਂ ਤਸਵੀਰਾਂ ਵੀ ਦਿਖਾਈਆਂ।
ਇਸਦੇ ਨਾਲ ਹੀ ਚੇਤਨ ਮਲਹੋਤਰਾ ਅਤੇ ਉਹਨਾਂ ਦੇ ਸਾਥੀਆਂ ਨੇ ਕਿਹਾ ਕਿ ਸਾਡਾ ਵਿਰੋਧ ਸਿਰਫ ਕਮਿਊਨਿਸਟ ਸੋਚ ਵਾਲੇ ਹੀ ਕਰ ਰਹੇ ਹਨ ਕਿਓਂਕਿ ਕਮਿਊਨਿਸਟਾਂ ਦੀ ਕਾਲਜ ਦੇ ਕੁਝ ਪ੍ਰਬੰਧਕਾਂ ਅਤੇ ਨਾਟਕ ਕਰਨ ਵਾਲਿਆਂ ਨਾਲ ਬਹੁਤ ਨੇੜਤਾ ਹੈ। ਅਸਲ ਵਿੱਚ ਅਜਿਹੇ ਨਾਟਕਾਂ ਦੇ ਬਹਾਨੇ ਉਹ ਸਮਾਜ ਵਿੱਚ ਜਿੱਥੇ ਨਾਸਤਿਕਤਾ ਫੈਲਾ ਰਹੇ ਹਨ ਉੱਥੇ ਸਕੂਲਾਂ ਕਾਲਜਾਂ ਵਿੱਚ ਮਾਰਕਸਵਾਦ ਅਤੇ ਮਾਓਵਾਦ ਦੀ ਸਿਆਸੀ ਸੋਚ ਨੂੰ ਵੀ ਗੁਪਤ ਤਰੀਕੇ ਨਾਲ ਦਾਖਲ ਕਰ ਰਹੇ ਹਨ। ਸਾਰੇ ਦੇਸ਼ ਨੂੰ ਲਾਲ ਰੰਗ ਵਾਲੀ ਸੋਚ ਵਿੱਚ ਰੰਗਣਾ ਇਹਨਾਂ ਕਾਮਰੇਡਾਂ ਦਾ ਪੁਰਾਣਾ ਮਕਸਦ ਹੈ। ਅਸੀਂ ਇਸ ਨਾਪਾਕ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ। ਕਦੇ ਧਰਮ ਨਿਰਪੱਖਤਾ, ਕਦੇ ਔਰਤਾਂ ਦੇ ਅਧਿਕਾਰਾਂ ਅਤੇ ਕਦੇ ਕਿਸੇ ਕਿਸੇ ਹੋਰ ਬਹਾਨੇ ਇਹ ਲੋਕ ਆਪਣੇ ਸਿਆਸੀ ਏਜੰਡੇ ਨੂੰ ਲਾਗੂ ਕਰਨ ਦੀ ਤਾਕ ਵਿੱਚ ਹਨ। ਅਫਸੋਸ ਹੈ ਕਿ ਕੁਝ ਅਖੌਤੀ ਬੁੱਧੀਜੀਵੀ ਇਹਨਾਂ ਦਾ ਸਾਥ ਦੇ ਰਹੇ ਹਨ।
ਉਹਨਾਂ ਕਿਹਾ ਕਿ ਅਸੀਂ ਇਸ ਗੱਲ ਦਾ ਵੀ ਪਤਾ ਲਗਾ ਰਹੇ ਹਾਂ ਕਿ ਨਾਟਕ ਕਰਨ ਵਾਲਿਆਂ ਨੂੰ ਕਿਸ ਵੱਲੋਂ ਕਿੰਨੇ ਪੈਸੇ ਦਿੱਤੇ ਗਏ? ਉਹਨਾਂ ਕਮਿਊਨਿਸਟ ਸੋਚ ਵਾਲੀਆਂ ਨਾਟਕ ਮੰਡਲੀਆਂ ਵੱਲੋਂ ਨਾਟਕ ਖੇਡਣ ਲਈ ਚਾਰਜ ਕੀਤੇ ਜਾਂਦੇ ਪੈਸਿਆਂ ਦਾ ਰੇਟ ਪਤਾ ਕਰਨ ਦੀ ਵੀ ਗੱਲ ਕਹੀ।
ਉਹਨਾਂ ਦੱਸਿਆ ਕਿ ਸਾਡੇ ਵੱਲੋਂ ਦਿੱਤੀ ਸ਼ਿਕਾਇਤ ਨੂੰ ਕਮਜ਼ੋਰ ਕਰਨ ਲਈ ਇਹਨਾਂ ਨੇ ਘੁਮਾਰ ਮੰਡੀ ਦੇ ਵੀਡਿਓ ਵਾਲੇ ਨੂੰ ਵੀ ਡਰਾਇਆ ਧਮਕਾਇਆ ਅਤੇ ਉਸ ਨੂੰ ਦਬਾਅ ਪਾ ਕੇ ਕਿਹਾ ਕਿ ਉਹ ਇਸ ਨਾਟਕ ਨਾਲ ਸਬੰਧਤ ਸਾਰੀਆਂ ਵੀਡੀਓ ਡਿਲੀਟ ਕਰ ਦੇਵੇ। ਇਸਦੇ ਬਾਵਜੂਦ ਹਾਲ ਵਿੱਚ ਮੌਜੂਦ ਕੁਝ ਲੋਕਾਂ ਨੇ ਸਾਨੂੰ ਇਸ ਬੇਹੱਦ ਇਤਰਾਜ਼ਯੋਗ ਨਾਟਕ ਦੀਆਂ ਵੀਡੀਓ ਮੁਹਈਆ ਕਰਾਈਆਂ ਹਨ। ਅਸੀਂ ਆਪਣੀ ਸ਼ਿਕਾਇਤ ਦੇ ਨਾਲ ਪੂਰੀ ਸੀਡੀ ਵੀ ਦਿੱਤੀ ਹੈ। ਨਾਟਕ ਬੇਹੱਦ ਇਤਰਾਜ਼ਯੋਗ ਸੀ। ਜੋ ਸ਼ਬਦ ਮਾਤਾ ਸੀਤਾ ਅਤੇ ਦਰੋਪਦੀ ਬਾਰੇ ਕਹੇ ਗਏ ਹਨ ਜੇ ਉਹੀ ਸ਼ਬਦ ਕਿਸੇ ਆਮ ਪਰਿਵਾਰ ਦੀ ਔਰਤ ਬਾਰੇ ਕਹੇ ਜਾਂਦੇ ਹਨ ਤਾਂ ਨੌਬਤ ਕਤਲੋ-ਗੈਰਤ ਤੱਕ ਪਹੁੰਚ ਸਕਦੀ ਹੈ। ਅਸੀਂ ਹਿੰਦੂ ਹਾਂ ਅਤੇ ਹਿੰਦੂ ਧਰਮ ਦਾ ਅਪਮਾਨ ਨਹੀਂ ਹੋਣ ਦਿਆਂਗੇ। ਅਸੀਂ ਬਾਕੀ ਧਰਮਾਂ ਵਾਲਿਆਂ ਨੂੰ ਵੀ ਸੱਦਾ ਦੇਂਦੇ ਹਾਂ ਕਿ ਸਾਡਾ ਸਾਥ ਦਿਓ। ਜੇ ਅੱਜ ਹਿੰਦੂ ਧਰਮ ਦਾ ਅਪਮਾਨ ਹੋਇਆ ਹੈ ਤਾਂ ਕੱਲ ਨੂੰ ਤੁਹਾਡੇ ਧਰਮ ਦਾ ਵੀ ਅਪਮਾਨ ਹੋ ਸਕਦਾ ਹੈ। ਇਸ ਤਰਾਂ ਲੱਗਦਾ ਹੈ ਕਿ ਨਾਟਕ ਨੂੰ ਲੈ ਕੇ ਸ਼ੁਰੂ ਹੋਇਆ ਇਹ ਵਿਵਾਦ ਛੇਤੀ ਹੀ ਕਮਿਊਨਿਸਟਾਂ ਅਤੇ ਗੈਰ ਕਮਿਊਨਿਸਟਾਂ ਵਿਚਕਾਰ ਸੰਭਾਵਤ ਟਕਰਾਓ ਦਾ ਰੂਪ ਲੈ ਸਕਦਾ ਹੈ।
No comments:
Post a Comment