Apr 23, 2019, 4:46 PM
ਇੱਕ ਦੋ ਦਿਨਾਂ ਵਿੱਚ ਹੀ ਸਾਹਮਣੇ ਲਿਆਏਗੀ ਤੱਥਾਂ ਭਰਪੂਰ ਖੋਜ ਰਿਪੋਰਟ
ਇਹ ਹੈ ਰਾਜ ਕੁਮਾਰ ਸੰਤੋਸ਼ੀ ਦੀ ਫਿਲਮ ਲੱਜਾ ਦਾ ਇੱਕ ਦ੍ਰਿਸ਼-ਇਸ ਵਿੱਚ ਵੀ ਉਹੀ ਸੁਆਲ ਉਠਾਏ ਗਏ ਹਨ ਜਿਹੜੇ ਮਿਊਜ਼ੀਅਮ ਵਿੱਚ ਹਨ |
ਲੁਧਿਆਣਾ: 23 ਅਪ੍ਰੈਲ 2019: (ਪੰਜਾਬ ਸਕਰੀਨ ਬਿਊਰੋ)::
ਨਾਟਕ ਮੁੱਦੇ ਨੂੰ ਲੈ ਕੇ ਛਾਈ ਸਹਿਮ ਭਰੀ ਚੁੱਪ ਨੂੰ ਤੋੜਿਆ ਹੈ ਜਮਹੂਰੀ ਅਧਿਕਾਰ ਸਭਾ ਨੇ। ਇਸ ਸੰਗਠਨ ਨੇ ਐਲਾਨ ਕੀਤਾ ਹੈ ਕਿ ਇਸ ਵਿਵਾਦ ਨਾਲ ਸਬੰਧਤ ਸਾਰੇ ਤੱਥ ਪੂਰੀ ਖੋਜ ਮਗਰੋਂ ਸਾਹਮਣੇ ਲਿਆਂਦੇ ਜਾਣਗੇ। ਇਸ ਖੋਜ ਦਾ ਕੰਮ ਜਾਰੀ ਹੈ ਅਤੇ ਇੱਕ ਦੋ ਦਿਨਾਂ ਵਿੱਚ ਹੀ ਇਹ ਰਿਪੋਰਟ ਸਭ ਦੇ ਸਾਹਮਣੇ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਮੁੱਦੇ ਨੂੰ ਲੈ ਅਗਾਂਹਵਧੂ ਧਿਰਾਂ ਅਤੇ ਬਜਰੰਗ ਦਲ ਆਹਮੋ ਸਾਹਮਣੇ ਆ ਗਏ ਹਨ।
ਲੜਕਿਆਂ ਦੇ ਸਥਾਨਕ ਸਰਕਾਰੀ ਕਾਲਜ ਵਿੱਚ ਬੀਤੇ ਦਿਨੀਂ ਖੇਡੇ ਗਏ ਨਾਟਕ “ਮਿਊਜ਼ੀਅਮ ਆਫ ਸਪੀਸ਼ੀਜ਼ ਇਨ ਡੇਂਜਰ“ ਨੂੰ ਬਜਰੰਗ ਦਲ ਦੇ ਕਾਰਕੁੰਨਾਂ ਵੱਲੋਂ ਬੰਦ ਕਰਵਾਕੇ ਕਾਲਜ ਦੇ ਪ੍ਰਿੰਸੀਪਲ ਸਮੇਤ ਨਾਟਕ ਟੀਮ ਤੇ ਕੁੱਝ ਹੋਰ ਲੋਕਾਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਵਿਰੁੱਧ ਧਾਰਾ 295 ਏ ਅਧੀਨ ਕੇਸ ਦਰਜ ਕਰਵਾਇਆ ਗਿਆ। ਇਹ ਨਾਟਕ ਸਾਡੇ ਸਮਾਜ ਵਿੱਚ ਔਰਤਾਂ ਦੇ ਹੱਕਾਂ ਨੂੰ ਨਪੀੜੇ ਜਾਣ ਦੇ ਵਿਸ਼ੇ ਤੇ ਅਧਾਰਤ ਹੈ ਜੋ ਕਿ ਕੌਮੀ ਪੱਧਰ ਤੇ ਕਾਫ਼ੀ ਨਾਮਨਾ ਖੱਟ ਚੁੱਕਾ ਹੈ। ਇੱਥੋਂ ਤੱਕ ਕਿ ਇਹ ਨਾਟਕ ਪੰਜਾਬ ਭਰ ਦੀਆਂ ਯੂਨੀਵਰਸਿਟੀਆਂ ਦੇ ਨਾਟਕ ਮੁਕਾਬਲਿਆਂ ਵਿੱਚ ਪਹਿਲੀ ਪੁਜ਼ੀਸ਼ਨ ਵੀ ਪ੍ਰਾਪਤ ਕਰ ਚੁੱਕਿਆ ਹੈ। ਇਸ ਤੋਂ ਪਹਿਲਾਂ ਵੀ ਇਹ ਨਾਟਕ ਜਲੰਧਰ ਅਤੇ ਲੁਧਿਆਣੇ ਵਿਚ ਖੇਡਿਆ ਜਾ ਚੁੱਕਾ ਹੈ। ਇਸਨੇ ਜਿੱਥੇ ਵਿਸ਼ੇਸ਼ ਇਨਾਮ ਪ੍ਰਾਪਤ ਉੱਥੇ ਸ਼ੋਹਰਤ ਵੀ ਹਾਸਲ ਕੀਤੀ। ਅਜਿਹੇ ਨਾਟਕ ਬਾਰੇ ਧਾਰਮਿਕ ਭਾਵਨਾਵਾਂ ਦੇ ਨਾਂ ਹੇਠ ਪੁਲਿਸ ਵੱਲੋਂ ਬਿਨਾ ਕਿਸੇ ਪੁੱਛ ਪੜਤਾਲ ਦੇ ਕੇਸ ਦਰਜ ਕਰਨਾ, ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਲਈ ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਇਸ ਸਾਰੇ ਘਟਨਾਕ੍ਰਮ ਬਾਰੇ ਤੱਥ ਖੋਜ ਕਮੇਟੀ ਬਣਾਕੇ ਪੂਰੀ ਰਿਪੋਰਟ ਤਿਆਰ ਕਰਕੇ ਲੋਕਾਂ ਵਿੱਚ ਲਿਆਉਣ ਦਾ ਫੈਸਲਾ ਕੀਤਾ ਹੈ। ਸਭਾ ਦੇ ਸੂਬਾ ਪ੍ਰਧਾਨ ਪ੍ਰੋ ਏ ਕੇ ਮਲੇਰੀ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਜਸਵੰਤ ਜੀਰਖ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਤੱਥ ਖੋਜ ਕਮੇਟੀ ਸਾਰੇ ਪਹਿਲੂਆਂ ਬਾਰੇ ਜਾਣਕਾਰੀ ਲੈਣ ਲਈ ਸਾਰੀਆਂ ਸਬੰਧਤ ਧਿਰਾਂ ਤੋਂ ਪੁੱਛ ਗਿੱਛ ਕਰਕੇ ਤੱਥਾਂ ਤੇ ਅਧਾਰਤ ਰਿਪੋਰਟ ਤਿਆਰ ਕਰਕੇ ਅਗਲੇ 2-3 ਦਿਨਾਂ ਵਿੱਚ ਲੋਕਾਂ ਲਈ ਜਾਰੀ ਕਰੇਗੀ। ਉਪਰੋਕਤ ਆਗੂਆਂ ਨੇ ਇਸ ਗੱਲ ਤੇ ਹੈਰਾਨੀ ਵੀ ਪ੍ਰਗਟਾਈ ਹੈ ਕਿ ਦੇਸ਼ ਭਰ ਦੇ ਸਰਵ ਉੱਚ ਵਿੱਦਿਅਕ ਅਦਾਰਿਆਂ (ਯੂਨੀਵਰਸਿਟੀਆਂ) ਵਿੱਚੋਂ ਪ੍ਰਸਿੱਧੀ ਹਾਸਲ ਕਰ ਚੁੱਕੇ ਨਾਟਕ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਲਗਾਕੇ ਬੰਦ ਕਰਵਾਉਣਾ ਸਿੱਧੇ ਤੌਰ ਤੇ ਵਿੱਦਿਅਕ ਮਾਹਰਾਂ ਦੀ ਵੀ ਤੌਹੀਨ ਹੈ। ਇਸ ਲਈ ਜਮਹੂਰੀ ਅਧਿਕਾਰ ਸਭਾ ਇਸ ਘਟਨਾਕਰਮ ਨੂੰ, ਮਨੁੱਖੀ ਅਧਿਕਾਰਾਂ ਲਈ ਇਕ ਚਣੌਤੀ ਸਮਝਦਿਆਂ ਇਸ ਪਿੱਛੇ ਛੁਪੇ ਮੰਤਵਾਂ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਬਣਦੀ ਜ਼ੁੰਮੇਵਾਰੀ ਨਿਭਾਏਗੀ।
ਇਹ ਨਾਟਕ ਏਨੀ ਵਾਰ ਖੇਡਿਆ ਗਿਆ ਅਤੇ ਹਰ ਵਾਰ ਇਸਨੇ ਤਾੜੀਆਂ ਬਟੋਰੀਆਂ। ਪਰ ਇਥੇ ਲੁਧਿਆਣਾ ਵਿੱਚ ਸ਼ਾਇਦ ਮਾਮਲਾ ਹੋਰ ਸੀ। ਪ੍ਰਿੰਸੀਪਲ ਡਾਕਟਰ ਧਰਮ ਸਿੰਘ ਸੰਧੂ ਦੇ ਕੁਝ ਲੁਕਵੇਂ ਵਿਰੋਧੀਆਂ ਨੇ ਇਸ ਨਾਟਕ ਦੇ ਮੰਚਨ ਨੂੰ ਇੱਕ ਹਥਿਆਰ ਬਣਾ ਕੇ ਵਰਤਿਆ। ਤੀਰ ਇੱਕ ਸੀ ਅਤੇ ਨਿਸ਼ਾਨੇ ਦੋ। ਇੱਕ ਤਾਂ ਡਾਕਟਰ ਧਰਮ ਸਿੰਘ ਸੰਧੂ ਅਤੇ ਦੂਜਾ ਇਸ ਨਾਟਕ ਵਿਚਲੇ ਸੁਨੇਹੇ ਦੀ ਸੋਚ ਨੂੰ "ਹਵਾ ਦੇਣ" ਵਾਲੇ ਕਮਿਊਨਿਸਟ ਵੀ। ਵਿਰੋਧੀਆਂ ਦੇ ਹੱਥ ਇੱਕ ਗੱਲ ਇਹ ਵੀ ਲੱਗੀ ਕਿ ਇਸ ਨਾਟਕ ਦਾ ਮੰਚਨ ਇਸ ਵਾਰ ਵੀ ਸਰਕਾਰੀ ਕਾਲਜ ਵਿੱਚ ਹੋਇਆ ਜਿੱਥੇ ਕੰਮ ਕਰਦੇ ਪ੍ਰੋਫੈਸਰਾਂ ਨੂੰ ਆਪਣੀ ਨੌਕਰੀ ਬਚਾਉਣ ਲਈ ਬਹੁਤ ਕੁਝ ਸੋਚਣਾ ਪੈਂਦਾ ਹੈ। ਜਦੋਂ ਮਾਹੌਲ ਅਸਹਿਣਸ਼ੀਲ ਬਣਿਆ ਹੋਵੇ ਤਾਂ ਨਿਸਚੇ ਹੀ ਖਤਰਾ ਉਠਾਉਣਾ ਸਭ ਦੇ ਵੱਸ ਵਿੱਚ ਨਹੀਂ ਹੁੰਦਾ। ਅੰਦਰ ਹੀ ਅੰਦਰ ਸੁਲਗ ਰਹੀ ਰੋਸ ਦੀ ਚਿੰਗਾਰੀ ਹੁਣ ਕਹਿੰਦੇ ਵੇਲੇ ਭਾਂਬੜ ਬਣਨ ਵਾਲੀ ਹੈ ਇਸਦਾ ਵਾਲੇ ਸਮੇਂ ਵਿੱਚ ਹੀ ਲੱਗੇਗਾ ਪਰ ਫਿਲਹਾਲ ਖੱਬੇਪੱਖੀਆਂ ਦੇ ਸਟੇਜ ਨੀਲ ਜੁੜੇ ਸੰਗਠਨ ਕੋਈ ਜ਼ਿਆਦਾ ਖੁੱਲ ਕੇ ਸਾਹਮਣੇ ਨਹੀਂ ਆਏ। ਨਾ ਹੀ ਇਪਟਾ ਅਤੇ ਨਾ ਹੀ ਸਫ਼ਦਰ ਹਾਸ਼ਮੀ ਵਾਲਾ ਜਨ ਨਾਟਿਆ ਮੰਚ। ਪਰ ਇਸ ਨਾਟਕ ਦੇ ਬਹਾਨੇ ਸਮਾਜ ਵਿੱਚ ਦਬੀ ਸੁਰ ਵਿੱਚ ਉੱਠਦੇ ਸੁਆਲ ਜ਼ਰੂਰ ਖੁੱਲ ਕੇ ਸਾਹਮਣੇ ਆ ਗਏ ਹਨ।
ਹੁਣ ਦੇਖਣਾ ਹੈ ਜਮਹੂਰੀ ਅਧਿਕਾਰ ਸਭਾ ਇਸ ਸਾਰੇ ਮਸਲੇ ਬਾਰੇ ਆਪਣੀ ਰਿਪੋਰਟ ਕਦੋਂ ਜਨਤਾ ਸਾਹਮਣੇ ਲਿਆਉਂਦੀ ਹੈ।
ਸਬੰਧਤ ਪੋਸਟਾਂ:
No comments:
Post a Comment