ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਇੱਕ ਵਾਰ ਫੇਰ ਸਰਗਰਮ
ਲੁਧਿਆਣਾ: 22 ਅਪ੍ਰੈਲ 2019: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਵਿਚਲੀਆਂ ਚੋਣਾਂ ਦੀ ਪ੍ਰਕਿਰਿਆ ਵੀ ਅੰਤਿਮ ਪੜਾਅ ਦੇ ਨੇੜੇ ਪਹੁੰਚਣ ਵਾਲੀ ਹੈ। ਆਉਣ ਵਾਲੀ ਸੱਤਾ ਨੂੰ ਚੁਣੇ ਜਾਣ ਦੇ ਇਸ ਨਾਜ਼ੁਕ ਦੌਰ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸਰਗਰਮ ਹੋਣਾ ਇੱਕ ਅਹਿਮ ਗੱਲ ਹੈ। ਅਤੀਤ ਵਿੱਚ ਵੀ ਫੈਡਰੇਸ਼ਨ ਦੀਆਂ ਸਰਗਰਮੀਆਂ ਪੰਥ ਅਤੇ ਅਕਾਲੀ ਦਲ ਨੂੰ ਰਾਹ ਦਿਖਾਉਂਦੀਆਂ ਰਹੀਆਂ ਹਨ। ਪੰਥ ਅਤੇ ਅਕਾਲੀ ਦਲ ਦੇ ਹਰਾਵਲ ਦਸਤੇ ਵੱਜੋਂ ਵਿਚਰਨ ਦਾ ਦਾਅਵਾ ਕਰਦੀ ਰਹੀ ਫੈਡਰੇਸ਼ਨ ਕੁਝ ਸਮਾਂ ਪਹਿਲਾਂ ਅਲੋਪ ਜਿਹੀ ਹੋ ਗਈ ਸੀ। ਹੁਣ ਇਸਦਾ ਫਿਰ ਉਭਰਨਾ ਬਹੁਤ ਮਹੱਤਵਪੂਰਨ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਵਿਦਿਆਰਥੀ ਵਰਗ ਬੜੀ ਤੇਜ਼ੀ ਨਾਲ ਆਪੋ ਆਪਣੀਆਂ ਜੱਥੇਬੰਦੀਆਂ ਦੇ ਬੈਨਰਾਂ ਹੇਠ ਮੁੜ ਜੱਥੇਬੰਦ ਹੋਇਆ ਹੈ। ਕਨ੍ਹਈਆ ਕੁਮਾਰ, ਕਨੁਪ੍ਰਿਯਾ ਅਤੇ ਕੁਝ ਹੋਰ ਨਾਮ ਤੇਜ਼ੀ ਨਾਲ ਉਭਰ ਕੇ ਸਾਹਮਣੇ ਆਏ ਹਨ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਪਰਮਜੀਤ ਸਿੰਘ ਖਾਲਸਾ ਨੇ ਕਿਹਾ ਹੈ ਕਿ ਅੱਜ ਸਿੱਖ ਪੰਥ ਨੂੰ ਦਰਪੇਸ਼ ਅੰਦਰੂਨੀ ਤੇ ਬਾਹਰਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਨੌਜਵਾਨਾਂ ਦਾ ਇਕਜੁਟ ਹੋਣਾ ਸਮੇਂ ਦੀ ਲੋੜ ਹੈ। ਭਾਈ ਖਾਲਸਾ ਗਿੱਲ ਰੋਡ ਵਿਖੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ਜਿਸ ਵਿਚ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਹਾਜ਼ਰੀ ਨੂੰ ਸੰਬੋਧਨ ਕਰਦਿਆਂ ਭਾਈ ਖਾਲਸਾ ਨੇ ਕਿਹਾ ਕਿ ਸਿੱਖ ਕੌਮ ਦੀ ਇਕੋ ਇਕ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਹੈ ਜੋ ਹਮੇਸ਼ਾਂ ਸਿੱਖ ਸਿਧਾਤਾਂ ਦੀ ਪਹਿਰੇਦਾਰ ਬਣਕੇ ਹਰ ਸੰਘਰਸ਼ ਮੋਹਰੇ ਹੋ ਕੇ ਲੜਦੀ ਰਹੀ ਹੈ। ਭਾਈ ਮੇਜਰ ਸਿੰਘ ਖਾਲਸਾ ਨੇ ਕਿਹਾ ਕਿ ਫੈਡਰੇਸ਼ਨ ਨੇ ਹਮੇਸ਼ਾਂ ਅਕਾਲੀ ਦਲ ਨਾਲ ਮੋਢੇ ਨਾਲ ਮੋਢਾ ਜੋੜਕੇ ਸਿੱਖ ਹੱਕਾਂ, ਅਧਿਕਾਰਾਂ ਤੇ ਪੰਥਕ ਹਿੱਤਾਂ ਲਈ ਕੰਮ ਕਰਦੀ ਰਹੀ ਹੈ। ਫੈਡਰੇਸ਼ਨ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਨੇ ਫੈਡਰੇਸ਼ਨ ਦੇ ਕੁਰਬਾਨੀਆਂ ਭਰੇ ਸ਼ਾਨਾਮੱਤੇ ਇਤਿਹਾਸ ਬਾਰੇ ਜਾਣੂ ਕਰਵਾਇਆ। ਇਸ ਮੌਕੇ ਭਾਈ ਗਗਨਦੀਪ ਸਿੰਘ ਨੂੰ ਕੌਮੀ ਜਨਰਲ ਸਕੱਤਰ ਥਾਪਿਆ ਗਿਆ, ਭਾਈ ਜਗਮੀਤ ਸਿੰਘ ਜੱਗੀ ਨੂੰ ਪ੍ਰਧਾਨ ਲੁਧਿਆਣਾ ਸ਼ਹਿਰੀ ਤੇ ਭਾਈ ਗੁਰਪ੍ਰੀਤ ਸਿੰਘ ਨੂੰ ਪ੍ਰਧਾਨ ਲੁਧਿਆਣਾ ਦਿਹਾਤੀ ਦੀ ਜ਼ਿੰਮੇਵਾਰੀ ਸੌਂਪਦਿਆਂ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਪਰਮਜੀਤ ਸਿੰਘ ਖਾਲਸਾ ਤੇ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਤਵੰਤ ਸਿੰਘ, ਨਵਜੋਤ ਸਿੰਘ, ਗੁਰਪ੍ਰੀਤ ਸਿੰਘ ਬਾਵਾ, ਭੁਪਿੰਦਰ ਸਿੰਘ, ਦਰਸ਼ਨ ਸਿੰਘ, ਜਸਦੀਪ ਸਿੰਘ, ਪ੍ਰਭਦੀਪ ਸਿੰਘ, ਮਹਿੰਦਰ ਸਿੰਘ, ਅਵਤਾਰ ਸਿੰਘ, ਹਰਦੀਪ ਸਿੰਘ, ਅੰਗਰੇਜ ਸਿੰਘ, ਸਤਨਾਮ ਸਿੰਘ, ਪਰਮਿੰਦਰ ਸਿੰਘ ਚਮਕੌਰ ਸਾਹਿਬ, ਸਤਨਾਮ ਸਿੰਘ ਲੁਹਾਰਾ, ਜਸਵਿੰਦਰ ਸਿੰਘ ਸੰਗੋਵਾਲ, ਭੁਪਿੰਦਰ ਸਿੰਘ, ਪਵਿੱਤਰ ਸਿੰਘ, ਪ੍ਰਭਸਿਮਰਨ ਸਿੰਘ, ਅਵਤਾਰ ਸਿੰਘ, ਮਨਿੰਦਰ ਸਿੰਘ, ਅੰਮਿ੍ਤਪਾਲ ਸਿੰਘ, ਦਿਲਪ੍ਰੀਤ ਸਿੰਘ, ਚਰਨਜੀਤ ਸਿੰਘ ਆਦਿ ਹਾਜ਼ਰ ਸਨ। ਹੁਣ ਦੇਖਣਾ ਇਹ ਹੈ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਮੈਂਬਰਸ਼ਿਪ ਵਿੱਚ ਨੌਜਵਾਨੀ ਵਾਲਾ ਨਵਾਂ ਕੇਡਰ ਲਿਆਉਣ ਲਈ ਪੁਰਾਣੀ ਅਤੇ ਬਜ਼ੁਰਗ ਲੀਡਰਸ਼ਿਪ ਕੀ ਹੀਲੇ ਵਸੀਲੇ ਕਰਦੀ ਹੈ।
No comments:
Post a Comment