Apr 25, 2019, 5:21 PM
ਸੱਤ ਹਿੱਸਿਆਂ ਵਿਚ ਵੰਡੀ ਹੋਈ ਰਾਣਾ ਪ੍ਰੀਤ ਦੀ ਪੁਸਤਕ
ਲੁਧਿਆਣਾ: 25 ਅਪ੍ਰੈਲ 2019:(ਪੰਜਾਬ ਸਕਰੀਨ ਟੀਮ)::
ਜ਼ਿੰਦਗੀ ਸਾਨੂੰ ਕਈ ਰੰਗਾਂ, ਰੂਪਾਂ ਅਤੇ ਤਜਰਬਿਆਂ ਦੇ ਰੁ-ਬ-ਰੂ ਕਰਦੀ ਹੈ।ਇਹ ਪ੍ਰਭਾਵ ਸਾਡੀ ਰੂਹ ਅਤੇ ਸਰੀਰ ’ਤੇ ਆਪਣੀ ਛਾਪ ਛੱਡ ਜਾਂਦੇ ਹਨ।ਇਹ ਵਿਚਾਰ ਰਾਣਾ ਪ੍ਰੀਤ ਗਿੱਲ ਨੇ ਆਪਣੀ ਪੁਸਤਕ ਨੂੰ ਲੋਕ ਅਰਪਣ ਕਰਨ ਮੌਕੇ ਸਾਂਝੇ ਕੀਤੇ।ਉਸਦੀ ਲਿਖੀ ਪੁਸਤਕ ’ਫਾਈਂਡਿੰਗ ਜੂਲੀਆ’ ਅੱਜ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਲੋਕ ਅਰਪਣ ਕੀਤੀ ਗਈ।ਇਹ ਪੁਸਤਕ ਰਾਣਾ ਪ੍ਰੀਤ ਗਿੱਲ ਦੇ ਵੱਖੋ-ਵੱਖਰੀਆਂ ਉੱਘੀਆਂ ਅਖ਼ਬਾਰਾਂ ਵਿਚ ਲਿਖੇ ਲੇਖਾਂ ਦਾ ਸੰਗ੍ਰਹਿ ਹੈ।ਇਸ ਮੌਕੇ ’ਤੇ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ, ਡਾ. ਸਤਿਆਵਾਨ ਰਾਮਪਾਲ ਬਤੌਰ ਮੁਖ ਮਹਿਮਾਨ ਪਹੁੰਚੇ।ਉਨ੍ਹਾਂ ਦੇ ਨਾਲ ਪ੍ਰੋ. ਮਨਜੀਤ ਕੌਰ ਘੁੰਮਣ, ਪਿ੍ਰੰਸੀਪਲ, ਗੁਰੂ ਨਾਨਕ ਕਾਲਜ ਫਾਰ ਵੂਮੈਨ, ਲੁਧਿਆਣਾ, ਡਾ. ਘੁੰਮਣ ਅਤੇ ਹੋਰ ਮੁਹਤਬਰ ਸ਼ਖ਼ਸੀਅਤਾਂ ਨੇ ਪੁਸਤਕ ਲੋਕ ਅਰਪਣ ਕੀਤੀ।ਸਮਾਗਮ ਦਾ ਪ੍ਰਬੰਧ ਡਾ. ਬਲਬੀਰ ਬਗੀਚਾ ਸਿੰਘ ਧਾਲੀਵਾਲ ਨੇ ਨੌਜਵਾਨ ਲੇਖਕ ਸਭਾ ਦੇ ਸਹਿਯੋਗ ਨਾਲ ਬਹੁਤ ਸੁਚੱਜੇ ਢੰਗ ਨਾਲ ਕੀਤਾ ਸੀ।ਲੇਖਿਕਾ ਇਕ ਵੈਟਨਰੀ ਡਾਕਟਰ ਹੈ ਜੋ ਕਿ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਮਹਿਕਮੇ ਵਿਚ ਕਾਰਜਸ਼ੀਲ ਹੈ।ਕਿਤਾਬ ਜਾਰੀ ਕਰਨ ਦੇ ਸਮਾਰੋਹ ਵਿਚ ਡਾ. ਪੀ ਐਨ ਦਿਵੇਦੀ, ਡਾ. ਕੀਰਤੀ ਦੂਆ ਅਤੇ ਡਾ. ਪਰਮਜੀਤ ਸਿੰਘ ਨੇ ਵਿਚਾਰ ਵਟਾਂਦਰਾ ਵੀ ਕੀਤਾ ਅਤੇ ਆਪਣੇ ਵਿਚਾਰ ਆਏ ਹੋਏ ਸਰੋਤਿਆਂ ਸਾਹਮਣੇ ਰੱਖੇ।
ਰਾਣਾ ਪ੍ਰੀਤ ਨੇ ਦੱਸਿਆ ਕਿ ਉਸਨੇ ਪੁਸਤਕ ਦੇ ਲੇਖਾਂ ਨੂੰ ਸੱਤ ਹਿੱਸਿਆਂ ਵਿਚ ਵੰਡਿਆ ਹੈ ਜਿਸ ਦੇ ਤਹਿਤ ਉਸਨੇ ਪਾਲਤੂ ਜਾਨਵਰ, ਲੋਕ, ਕਿੱਤਾ, ਬਚਪਨ, ਯਾਦਾਂ, ਸਮਾਜ ਅਤੇ ਸਿੱਖਿਆ ਨੂੰ ਆਪਣੇ ਲੇਖਾਂ ਦੀ ਸ਼੍ਰੇਣੀ ਵਿਚ ਲਿਆਂਦਾ ਹੈ।ਪੁਸਤਕ ਵਿਚ 90 ਦੇ ਕਰੀਬ ਲੇਖ ਸੰਗ੍ਰਹਿਤ ਕੀਤੇ ਗਏ ਹਨ, ਜੋ ਪਿਛਲੇ ਦੋ ਸਾਲਾਂ ਵਿਚ ਵੱਖੋ-ਵੱਖਰੀਆਂ ਉੱਘੀਆਂ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੋਏ ਸਨ।ਇਥੇ ਦੱਸਣਾ ਵਰਣਨਯੋਗ ਹੈ ਕਿ ਵੈਟਨਰੀ ਯੂਨੀਵਰਸਿਟੀ ਵੱਲੋਂ ਉਸ ਨੂੰ ਆਪਣੇ ਵਿਸ਼ੇਸ਼ ਪੂਰਵ ਵਿਦਿਆਰਥੀ ਦੇ ਤੌਰ ’ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਪੜ੍ਹਦਿਆਂ ਉਹ ਲਗਾਤਾਰ ਦੋ ਸਾਲ ਸਰਵਉੱਤਮ ਗਾਇਕਾ ਦੇ ਤੌਰ ’ਤੇ ਵੀ ਸਨਮਾਨਿਤ ਹੋ ਚੁੱਕੀ ਹੈ।
No comments:
Post a Comment