Showing posts with label Vigilance Bureau. Show all posts
Showing posts with label Vigilance Bureau. Show all posts

Saturday, July 20, 2024

ਵਿਜੀਲੈਂਸ ਬਿਊਰੋ ਵੱਲੋਂ ਪਰਲਜ਼ ਘੁਟਾਲੇ ਵਿੱਚ ਤਿੱਖਾ ਐਕਸ਼ਨ

 Friday 19th  July 2024 at 9:18 PM

ਬੇਲਾ ਵਿਸਟਾ ਦੇ ਡਿਵੈਲਪਰ ਪ੍ਰਸ਼ਾਂਤ ਮੰਜਰੇਕਰ ਨੂੰ ਮੁੰਬਈ ਤੋਂ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ:19 ਜੁਲਾਈ, 2024: (ਕਾਰਤਿਕਾ ਕਲਿਆਣੀ ਸਿੰਘ ਇਨਪੁਟ ਪੰਜਾਬ ਸਕਰੀਨ ਡੈਸਕ)::

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਇਮੀਗ੍ਰੇਸ਼ਨ ਟੀਮ ਦੇ ਸਹਿਯੋਗ ਨਾਲ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਿਟੇਡ (ਪੀ.ਏ.ਸੀ.ਐਲ.) ਮੁਕੱਦਮੇ ਵਿੱਚ ਸਨਰੰਜੀਵਨ ਇਨਫਰਾਸਟ੍ਰਕਚਰ ਐਂਡ ਪ੍ਰਾਜੈਕਟ ਪ੍ਰਾਈਵੇਟ ਲਿਮਟਿਡ ਦੇ ਲੋੜੀਂਦੇ ਭਗੌੜੇ ਮੁਲਜ਼ਮ ਡਾਇਰੈਕਟਰ ਪ੍ਰਸ਼ਾਂਤ ਮੰਜਰੇਕਰ ਨੂੰ ਮੁੰਬਈ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। 

ਮੁਲਜ਼ਮ ਆਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਮੁੰਬਈ ਹਵਾਈ ਅੱਡੇ ਤੋਂ ਦੁਬਈ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ, ਪਿੰਡ ਘੋਲੂਮਾਜਰਾ, ਤਹਿਸੀਲ ਡੇਰਾਬੱਸੀ, ਜ਼ਿਲ੍ਹਾ ਐਸ.ਏ.ਐਸ.ਨਗਰ ਵਿੱਚ ਪੀ.ਏ.ਸੀ.ਐਲ. ਲਿਮਟਿਡ ਦੀਆਂ ਜਾਇਦਾਦਾਂ ਦੀ ਗੈਰ-ਕਾਨੂੰਨੀ ਵਿਕਰੀ ਵਿੱਚ ਸ਼ਮੂਲੀਅਤ ਸਬੰਧੀ ਥਾਣਾ ਸਦਰ ਸਿਟੀ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਵਿਖੇ ਐਫ.ਆਈ.ਆਰ. ਨੰਬਰ 79 ਮਿਤੀ 16-07-2020 ਨੂੰ ਆਈ.ਪੀ.ਸੀ. ਦੀ ਧਾਰਾ 406, 420, 467, 468, 471 ਅਤੇ 120-ਬੀ ਤਹਿਤ ਦਰਜ ਮੁਕੱਦਮੇ ਵਿੱਚ ਲੋੜੀਂਦਾ ਸੀ। 

ਮੁਲਜ਼ਮ ਇਸ ਗੱਲ ਤੋਂ ਜਾਣੂ ਸੀ ਕਿ ਸੁਪਰੀਮ ਕੋਰਟ ਨੇ ਪਹਿਲਾਂ ਹੀ ਪੀ.ਏ.ਸੀ.ਐਲ. ਲਿਮਟਿਡ ਨੂੰ ਪਿੰਡ ਘੋਲੂਮਾਜਰਾ ਅਤੇ ਹੋਰ ਥਾਵਾਂ ਉਤੇ ਪੀਏਸੀਐਲ ਕੰਪਨੀ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਜਾਇਦਾਦਾਂ ਨੂੰ ਵੇਚਣ ਅਦਿ ‘ਤੇ ਰੋਕ ਲਗਾਈ ਹੋਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਫੀਨੋਮੀਨਲ ਕੰਸਟਰੱਕਸ਼ਨ ਪ੍ਰਾਈਵੇਟ ਲਿਮਟਿਡ ਅਤੇ ਸਨਰੰਜੀਵਨ ਇਨਫਰਾਸਟਰੱਕਚਰ ਐਂਡ ਪ੍ਰਾਜੈਕਟ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰਾਂ/ਪ੍ਰਮੋਟਰਾਂ ਨੇ ਹੋਰਨਾਂ ਦੀ ਮਿਲੀਭੁਗਤ ਨਾਲ ਸਾਲ 2018-19 ਵਿੱਚ ਪਿੰਡ ਘੋਲੂਮਾਜਰਾ ਵਿਖੇ ਪੀ.ਏ.ਸੀ.ਐਲ. ਦੀ ਅਦਾਲਤ ਵੱਲੋਂ ਵਿਵਾਦਿਤ ਕਰਾਰ ਦਿੱਤੀ 115 ਵਿੱਘੇ ਜ਼ਮੀਨ 'ਤੇ ਬੇਲਾ ਵਿਸਟਾ-01 ਅਤੇ ਬੇਲਾ ਵਿਸਟਾ-02 ਨਾਮਕ ਦੋ ਕਲੋਨੀਆਂ ਤਿਆਰ ਕੀਤੀਆਂ ਸਨ। 

ਮੁਲਜ਼ਮ ਡਿਵੈਲਪਰਾਂ ਨੇ ਦੋਵਾਂ ਕਲੋਨੀਆਂ ਵਿੱਚ ਲੋਕਾਂ ਨੂੰ ਪਲਾਟ/ਮਕਾਨ ਵੇਚ ਕੇ ਮੋਟਾ ਪੈਸਾ ਕਮਾਇਆ ਜਿਸ ਕਰਕੇ ਵਿਜੀਲੈਂਸ ਬਿਊਰੋ ਵੱਲੋਂ ਉਕਤ ਮੁਕੱਦਮੇ ਵਿੱਚ ਇਨ੍ਹਾਂ ਕੰਪਨੀਆਂ ਦੇ ਪ੍ਰਮੋਟਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੀ.ਏ.ਸੀ.ਐਲ. ਲਿਮਟਿਡ ਦੀਆਂ ਜਾਇਦਾਦਾਂ ਨੂੰ ਵੇਚਣ ਅਤੇ ਇਸ ਵਿਕਰੀ ਨਾਲ ਇਕੱਤਰ ਕੀਤੀ ਰਾਸ਼ੀ ਇਸ ਕੰਪਨੀ ਵੱਲੋਂ ਪੇਸ਼ ਕੀਤੀ ਸਮੂਹਿਕ ਨਿਵੇਸ਼ ਯੋਜਨਾ ਵਿੱਚ ਆਪਣੀ ਮਿਹਨਤ ਦੀ ਕਮਾਈ ਲਗਾਉਣ ਵਾਲੇ ਨਿਵੇਸ਼ਕਾਂ ਨੂੰ ਵਾਪਸ ਕਰਨ ਸਬੰਧੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜਸਟਿਸ (ਸੇਵਾਮੁਕਤ) ਆਰ.ਐਮ. ਲੋਢਾ ਦੀ ਪ੍ਰਧਾਨਗੀ ਹੇਠ ਕਮੇਟੀ ਦਾ ਗਠਨ ਕੀਤਾ ਗਿਆ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਮੁਲਜ਼ਮ ਦਾ ਟਰਾਂਜ਼ਿਟ ਰਿਮਾਂਡ ਲੈ ਲਿਆ ਗਿਆ ਹੈ ਅਤੇ ਉਸ ਨੂੰ ਪੰਜਾਬ ਦੀ ਸਬੰਧਤ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਪਰ ਇਹ ਸੁਆਲ ਤਾਂ ਹੁਣ ਵੀ ਰਹਿਣਗੇ ਹੀ ਕਿ ਜਦੋਂ ਅਜਿਹੇ ਲੋਕ ਕਿਸੇ ਨ ਕਿਸੇ ਦੀ ਮਿਲੀਭੁਗਤ ਨਾਲ ਸਰਕਾਰੀ ਜ਼ਮੀਨਾਂ ਤੇ ਜਾਂ ਨਿਜਿਜ਼ਮੀਣਾਂ ਤੇ ਕਬਜ਼ੇ ਕਰਦੇ ਹਨ ਉਦੋਂ ਸਰਕਾਰੀ ਤੰਤਰ ਕਿੱਥੇ ਹੁੰਦੇ ਹੈ? ਜਦੋਂ ਕਬਜ਼ਿਆਂ ਤੋਂ ਬਾਅਦ ਇਹਨਾਂ ਜ਼ਮੀਨਾਂ ਦੇ ਪਲਾਟ ਕੱਟੇ ਜਾਂਦੇ ਹਨ ਉਦੋਂ ਪ੍ਰਸ਼ਾਸਨ ਕਿਥੇ ਹੁੰਦਾ ਹੈ? ਜਦੋਂ ਇਹਨਾਂ ਜ਼ਮੀਨਾਂ ਤੇ ਬਿਨਾ ਨਿਯਮਾਂ ਦੀ ਪਾਲਣਾ ਦੇ ਫਲੈਟ ਬਣਾ ਬਣਾ ਵੇਚੇ ਜਾਂਦੇ ਹਨ ਉਦੋਂ ਕਿਥੇ ਸੁੱਤੀ ਹੁੰਦੀ ਹੈ ਸਰਕਾਰ? 

ਕੀ ਇਥੇ ਰੂਟੀਨ ਬਣ ਗਿਆ ਹੈ ਕਿ ਕਾਰਵਾਂ ਗੁਜ਼ਰ ਗਿਆ ਗੁਬਾਰ ਦੇਖਤੇ ਰਹੇ! ਹੁਣ ਵਿਜੀਲੈਂਸ ਨੂੰ ਚਾਹੀਦਾ ਹੈ ਕਿ ਬੜੀ ਸਖਤੀ ਨਾਲ ਦੋਸ਼ੀਆਂ ਦੇ ਨਾਲ ਨਾਲ ਇਹਨਾਂ ਮਚਲੇ ਬਣ ਕੇ ਵਿਚਰਦੇ ਲੋਕਾਂ ਨੂੰ ਵੀ ਮਿਸਾਲੀ ਸਜ਼ਾਵਾਂ ਦੇ ਰੂਬਰੂ ਕਰਾਵੇ।   ……


Wednesday, January 24, 2024

ਵਿਜੀਲੈਂਸ ਬਿਊਰੋ ਵੱਲੋਂ ਏ.ਆਈ.ਜੀ. ਮਾਲਵਿੰਦਰ ਸਿੰਘ ਸਿੱਧੂ ਦਾ ਸਾਥੀ ਗ੍ਰਿਫ਼ਤਾਰ

24th January 2024 at 4:44 PM

AIG ਦੇ ਕਰਿੰਦੇ ਬਲਵੀਰ ਸਿੰਘ ਦਾ 5 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ

ਚੰਡੀਗੜ੍ਹ: 24 ਜਨਵਰੀ 2024: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ ਬਿਊਰੋ)::

ਆਜ਼ਾਦੀ ਦੇ ਐਨੇ ਦਹਾਕਿਆਂ ਬਾਅਦ ਵੀ ਅਸੀਂ ਇੱਕ ਨੈਸ਼ਨਲ ਕਰੈਕਟਰ ਜਾਂ ਕੋਈ ਨੈਤਿਕਤਾ ਵਾਲਾ ਮਾਹੌਲ ਨਹੀਂ ਸਿਰਜ ਸਕੇ। ਵੱਡੀਆਂ ਵੱਡੀਆਂ ਤਨਖਾਹਾਂ ਅਤੇ ਵੱਡੇ ਵੱਡੇ ਅਹੁਦਿਆਂ ਵਾਲੇ ਲੋਕ ਵੀ ਰਿਸ਼ਵਤਖੋਰੀ, ਭ੍ਰਿਸ਼ਟਾਚਾਰ ਅਤੇ ਬਲੈਕਮੇਲਿੰਗ ਵਰਗੇ ਦਾਅ ਲੱਗਣ 'ਤੇ ਘੱਟ ਨਹੀਂ ਗੁਜ਼ਾਰਦੇ। ਪੰਜਾਬ ਸਰਕਾਰ ਵੱਲੋਂ ਜਾਰੀ ਜਾਣਕਾਰੀ ਮੁਤਾਬਿਕ ਹੁਣ ਮਾਮਲਾ ਸਾਹਮਣੇ ਆਇਆ ਹੈ ਇੱਕ ਬਲਵੀਰ ਸਿੰਘ ਦਾ ਜਿਹੜਾ ਕਿ ਏ ਆਈ ਜੀ ਦਾ ਕਰਿੰਦਾ ਸੀ ਪਰ ਭੇਦ ਖੁੱਲ੍ਹਣ 'ਤੇ ਗ੍ਰਿਫਤਾਰੀ ਤੋਂ ਬਚਦਾ ਚਲਾ ਆ ਰਿਹਾ ਸੀ।

ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਗ੍ਰਿਫਤਾਰੀ ਤੋਂ ਬਚਦੇ ਆ ਰਹੇ ਮੁਲਜ਼ਮ ਬਲਵੀਰ ਸਿੰਘ, ਵਾਸੀ ਪਿੰਡ ਆਲਮਪੁਰ, ਜ਼ਿਲ੍ਹਾ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਮੁਲਜ਼ਮ ਮਲਵਿੰਦਰ ਸਿੰਘ ਸਿੱਧੂ, ਏ.ਆਈ.ਜੀ., ਮਨੁੱਖੀ ਅਧਿਕਾਰ, ਪੰਜਾਬ ਪੰਜਾਬ ਦਾ ਕਰਿੰਦਾ ਸੀ। ਉਹ ਵਿਜੀਲੈਂਸ ਬਿਊਰੋ ਵੱਲੋਂ ਦਰਜ ਭ੍ਰਿਸ਼ਟਾਚਾਰ ਤੇ ਅਪਰਾਧਿਕ ਮੁਕੱਦਮੇ ਵਿੱਚ ਲੋੜੀਂਦਾ ਸੀ ਕਿਉਂਕਿ ਉਹ ਉਕਤ ਪੁਲਿਸ ਅਧਿਕਾਰੀ ਦੇ ਇਸ਼ਾਰੇ 'ਤੇ ਵੱਖ ਵੱਖ ਵਿਭਾਗਾਂ ਵਿੱਚ ਕਰਮਚਾਰੀਆਂ ਵਿਰੁੱਧ ਸ਼ਿਕਾਇਤਾਂ ਦਰਜ ਕਰਾਉਂਦਾ ਸੀ ਅਤੇ ਉਹਨਾਂ ਨੂੰ ਬਲੈਕਮੇਲ ਕਰਕੇ ਪੈਸੇ ਦੀ ਮੰਗ ਕਰਦਾ ਸੀ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਅਦਾਲਤ ਤੋਂ ਬਲਵੀਰ ਸਿੰਘ ਦਾ 5 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਤਾਂ ਜੋ ਉਸ ਵੱਲੋਂ ਆਪਣੇ ਕੋਲ ਰੱਖਿਆ ਹਥਿਆਰ ਬਰਾਮਦ ਕੀਤਾ ਜਾ ਸਕੇ ਅਤੇ ਨਾਲ ਹੀ ਇਸ ਮਾਮਲੇ ਵਿੱਚ ਹੋਰਨਾਂ ਵਿਅਕਤੀਆਂ ਦੀ ਸ਼ਮੂਲੀਅਤ ਦਾ ਪਤਾ ਲਗਾਇਆ ਜਾ ਸਕੇ।

ਵਧੇਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਬਿਊਰੋ ਨੇ ਵਿਜੀਲੈਂਸ ਜਾਂਚ ਦੇ ਆਧਾਰ 'ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈ.ਪੀ.ਸੀ. ਦੀਆਂ ਧਾਰਾਵਾਂ 384, 419, 420, 120-ਬੀ, 201 ਤਹਿਤ ਐਫ.ਆਈ.ਆਰ. ਨੰਬਰ 28, ਮਿਤੀ 30. 10. 2023 ਨੂੰ ਥਾਣਾ ਵਿਜੀਲੈਂਸ ਬਿਊਰੋ, ਉਡਣ ਦਸਤਾ-1, ਪੰਜਾਬ, ਐਸ.ਏ.ਐਸ.ਨਗਰ ਵਿਖੇ ਦਰਜ ਕੀਤੀ ਹੋਈ ਹੈ। ਉਕਤ ਏ.ਆਈ.ਜੀ.ਸਿੱਧੂ, ਉਸ ਦਾ ਸਹਿਯੋਗੀ ਬਲਵੀਰ ਸਿੰਘ ਅਤੇ ਹੋਰ ਮੁਲਜ਼ਮ ਇਸ ਮੁਕੱਦਮੇ ਵਿੱਚ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਉਕਤ ਕੇਸ ਵਿੱਚ ਏ.ਆਈ.ਜੀ. ਸਿੱਧੂ ਪਹਿਲਾਂ ਹੀ ਨਿਆਂਇਕ ਹਿਰਾਸਤ ਵਿੱਚ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਪਾਇਆ ਗਿਆ ਕਿ ਏ.ਆਈ.ਜੀ. ਸਿੱਧੂ ਨੇ ਆਪਣੇ ਆਪ ਨੂੰ ਆਈ.ਜੀ.ਪੀ., ਵਿਜੀਲੈਂਸ ਬਿਊਰੋ, ਪੰਜਾਬ ਵਜੋਂ ਗਲਤ ਪੇਸ਼ ਕਰਦਾ ਸੀ। ਜਦਕਿ ਇਹ ਪੁਲਿਸ ਅਧਿਕਾਰੀ 2017 ਤੋਂ ਬਾਅਦ ਕਦੇ ਵੀ ਵਿਜੀਲੈਂਸ ਬਿਊਰੋ, ਪੰਜਾਬ ਵਿੱਚ ਏ.ਆਈ.ਜੀ ਜਾਂ ਆਈ.ਜੀ. ਦੇ ਅਹੁਦਿਆਂ 'ਤੇ ਤਾਇਨਾਤ ਨਹੀਂ ਰਿਹਾ। ਉਕਤ ਮੁਲਜ਼ਮ ਬਲਵੀਰ ਸਿੰਘ ਅਤੇ ਹੋਰਨਾਂ ਨੇ ਮਿਲ ਕੇ ਸਰਕਾਰੀ ਮੁਲਾਜ਼ਮਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਨੀਆਂ ਸ਼ੁਰੂ ਕਰ ਦਿੱਤੀਆਂ, ਤਾਂ ਜੋ ਇਹ ਸ਼ਿਕਾਇਤਾਂ ਵਾਪਸ ਲੈਣ ਬਦਲੇ ਉਹਨਾਂ ਨੂੰ ਬਲੈਕਮੇਲ ਕੀਤਾ ਜਾ ਸਕੇ ਅਤੇ ਉਹਨਾਂ ਤੋਂ ਪੈਸੇ ਵਸੂਲੇ ਜਾ ਸਕਣ।

ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਏ.ਆਈ.ਜੀ. ਸਿੱਧੂ ਨੇ ਸਰਕਾਰੀ ਵਾਹਨ 'ਆਰਟੀਗਾ' (ਪੀ ਬੀ-65-ਏ ਡੀ-1905) ਦੀ ਦੁਰਵਰਤੋਂ ਕੀਤੀ ਸੀ ਅਤੇ ਵਾਹਨ ਦੇ ਤੇਲ ਤੇ ਹੋਰ ਖਰਚੇ ਸਰਕਾਰੀ ਖਾਤੇ ਵਿੱਚੋਂ ਖਰਚੇ ਗਏ ਸਨ। ਉਸਨੇ ਕਦੇ ਵੀ ਉਕਤ ਗੱਡੀ ਦੀ ਵਰਤੋਂ ਦਾ ਰਿਕਾਰਡ (ਲੌਗ-ਬੁੱਕ) ਨਹੀਂ ਰੱਖਿਆ ਜੋ ਸਰਕਾਰੀ ਸੰਪਤੀ ਦੀ ਦੁਰਵਰਤੋਂ ਦੇ ਬਰਾਬਰ ਮੰਨਿਆ ਜਾਂਦਾ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਮੁਲਜ਼ਮ ਬਲਵੀਰ ਸਿੰਘ ਨੇ ਏ.ਆਈ.ਜੀ. ਸਿੱਧੂ ਦੇ ਕਹਿਣ 'ਤੇ ਵੱਖ-ਵੱਖ ਵਿਭਾਗਾਂ ਵਿੱਚ ਅਨੁਸੂਚਿਤ ਜਾਤੀ ਅਤੇ ਸੁਤੰਤਰਤਾ ਸੈਨਾਨੀਆਂ ਦੇ ਕੋਟੇ ਤਹਿਤ ਭਰਤੀ ਕੀਤੇ ਹੋਏ ਮੁਲਾਜ਼ਮਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਵਾਈਆਂ ਸਨ ਤਾਂ ਜੋ ਉਨ੍ਹਾਂ ‘ਤੇ ਦਬਾਅ ਬਣਾ ਕੇ ਬਲੈਕਮੇਲ ਕੀਤਾ ਜਾ ਸਕੇ ਅਤੇ ਬਦਲੇ ਵਿੱਚ ਰਿਸ਼ਵਤ ਲਈ ਜਾ ਸਕੇ, ਜਿਸ ਨੂੰ ਬਾਅਦ ਵਿੱਚ ਉਹ, ਮਾਲਵਿੰਦਰ ਸਿੰਘ ਅਤੇ ਹੋਰ ਮੁਲਜ਼ਮ ਆਪਸ ਵਿੱਚ ਵੰਡ ਲੈਂਦੇ ਸਨ।

ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਅਜਿਹੀਆਂ ਗ੍ਰਿਫਤਾਰੀਆਂ ਕਈ ਵਾਰ ਹੋ ਵੀ ਚੁੱਕੀਆਂ ਹਨ।  ਜਿਹੇ ਮਾਮਲਿਆਂ ਵਿੱਚ ਸਜ਼ਾਵਾਂ ਦਾ ਰਿਕਾਰਡ ਵੀ ਕਾਫੀ ਰਿਹਾ ਹੈ। ਬਦਨਾਮੀ ਆਪਣੇ ਆਪ ਵਿੱਚ ਹੀ ਵੱਡੀ ਸਜ਼ਾ ਹੁੰਦੀ ਹੈ। ਇਸਦੇ ਬਾਵਜੂਦ ਅਜਿਹਾ ਰੁਝਾਨ ਘਟਣ ਦਾ ਨਾਮ ਨਹੀਂ ਲੈ ਰਿਹਾ। ਆਖਿਰ ਕਿਹੜੇ ਕਦਮ ਚੁੱਕੇ ਜਾਣ ਕਿ ਲੋਕਾਂ ਦਾ ਇੱਕ ਹਿੱਸਾ ਤਾਂ ਖੁਦ-ਬ-ਖੁਦ ਅਜਿਹੀਆਂ ਬੁਰਾਈਆਂ ਤੋਂ ਆਪਣੇ ਆਪ ਨੂੰ ਦੂਰ ਰੱਖੇ। 

Tuesday, December 05, 2023

ਵੇਰਕਾ ਮਿਲਕ ਪਲਾਂਟ ਦਾ ਮੈਨੇਜਰ ਰਿਸ਼ਵਤ ਲੈਂਦਾ ਕਾਬੂ

5th December 2023 at 7:00 PM

ਮੈਨੇਜਰ ਨੂੰ 50,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ  ਨੇ ਫੜ੍ਹਿਆ

ਚੰਡੀਗੜ੍ਹ: 5 ਦਸੰਬਰ 2023: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਬਿਊਰੋ):: 
ਅੱਜਕਲ੍ਹ ਤਨਖਾਹਾਂ ਵੀ ਬਹੁਤ ਚੰਗੀਆਂ ਹਨ। ਸਹੂਲਤਾਂ ਵੀ ਬਹੁਤ ਹਨ ਫਿਰ ਵੀ ਵੱਡੇ ਅਹੁਦਿਆਂ 'ਤੇ ਬੈਠੇ ਲੋਕ ਰਿਸ਼ਵਤਾਂ ਵਰਗੀਆਂ ਆਦਤਾਂ ਤੋਂ ਮੁਕਤ ਨਹੀਂ ਹੋ ਰਹੇ। ਬਹੁਤ ਸਾਰੇ ਕਾਨੂੰਨਾਂ ਦੇ ਬਾਵਜੂਦ ਰਿਸ਼ਵਤਖੋਰੀਜਾਰੀ ਹੈ। ਹੁਣ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਇੱਕ ਹੋਰ ਵੱਡੇ ਅਧਿਕਾਰੀ ਨੂੰ ਕਾਬੂ ਕੀਤਾ ਗਿਆ ਹੈ। ਅੱਜ ਮੰਗਲਵਾਰ ਨੂੰ ਮਿਲਕ ਪਲਾਂਟ ਮੁਹਾਲੀ ਵਿਖੇ ਤਾਇਨਾਤ ਮੈਨੇਜਰ (ਦੁੱਧ ਇਕੱਤਰਨ) ਮਨੋਜ ਕੁਮਾਰ ਸ੍ਰੀਵਾਸਤਵਾ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਥੇ ਜ਼ਿਕਰਯੋਗ ਹੈ ਕਿ ਵੇਰਕਾ ਮਿਲਕ ਪਲਾਂਟ ਪੰਜਾਬ ਵਿੱਚ ਦੁੱਧ ਦੀ ਮੰਗ ਪੂਰੀ ਕਰਨ ਵਾਲੇ ਵੱਡੇ ਅਦਾਰਿਆਂ ਵਿਚੋਂ ਇੱਕ ਹੈ। ਦੁੱਧ ਦੇ ਨਾਲਨਾਲ ਇਹ ਪਲਾਂਟ ਦਹੀਂ, ਲੱਸੀ, ਘਿਓ, ਮੱਖਣ, ਪਨੀਰ, ਕੇਕ ਅਤੇ ਪਿੰਨੀਆਂ ਵਰਗੇ ਬਹੁਤ ਸਾਰੇ ਉਤਪਾਦਨ ਬਣਾ ਬਣਾ ਕੇ ਵੀ ਵੇਚਦਾ ਹੈ। ਆਮ ਤੌਰ ਤੇ ਇਹ ਤਾਜ਼ੇ ਅਤੇ ਜ਼ਿਆਦਾ ਸੁਆਦੀ ਹੁੰਦੇ ਹਨ। ਇਸ  ਤਰ੍ਹਾਂ ਇਸ ਪਲਾਂਟ ਦਾ ਕਾਰੋਬਾਰ ਬਹੁਤ ਵੱਡੀ ਗਿਣਤੀ ਵਿਚ ਹੈ। ਇਸਦਾ ਨੈਟਵਰਕ ਵੀ ਪੰਜਾਬ ਦੇ ਸਾਰੇ ਸ਼ਿਹਰਾਂ ਦੀਆਂ ਗਲੀਂ ਤੱਕ ਫੈਲਿਆ ਹੋਇਆ ਹੈ। ਇਸਦੇ ਦੁੱਧ ਦੀਆਂ ਕਿਸਮਾਂ ਵੀ ਹਨ ਜਿਹੜੀਆਂ ਫੈਟ ਅਤੇ ਕੀਮਤਾਂ ਦੇ ਅਧਾਰ ਤੇ ਵੱਖੋ ਵੱਖ ਹਨ। ਏਨੇ ਵੱਡੇ ਅਦਾਰੇ ਦੇ ਬਾਵਜੂਦ ਇਥੇ ਰਿਸ਼ਵਤਖੋਰੀ ਅਤੇ ਹੋਰ ਅਜਿਹੀਆਂ ਹੀ ਬੇਨਿਯਮੀਆਂ ਬਾਰੇ ਗੱਲਾਂ ਅਕਸਰ ਉਠਦਿਆਂ ਹੀ ਰਹਿੰਦੀਆਂ ਹਨ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਕਰਮਚਾਰੀ ਵਿਰੁੱਧ ਇਹ ਕੇਸ ਸੁਖਬੀਰ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ, ਜੋ ਕਿ ਉਕਤ ਮਿਲਕ ਪਲਾਂਟ ਵਿੱਚ ਇੱਕ ਨਿੱਜੀ ਫਰਮ ਵੱਲੋਂ ਦੁੱਧ ਇਕੱਠਾ ਕਰਨ ਵਾਲੇ ਟੈਂਕਰਾਂ ਦੀ ਦੇਖ-ਭਾਲ ਕਰਦਾ ਹੈ।

ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਵੱਖ-ਵੱਖ ਥਾਵਾਂ ਤੋਂ ਦੁੱਧ ਇਕੱਠਾ ਕਰਨ ਲਈ ਜਾਂਦੇ ਉਸ ਦੇ ਟੈਂਕਰਾਂ ਨੂੰ ਵਧੀਆ ਰੂਟ ਅਲਾਟ ਕਰਨ ਬਦਲੇ ਰਾਜ ਦੇ ਸਹਿਕਾਰਤਾ ਵਿਭਾਗ ਦਾ ਉਕਤ ਮੁਲਾਜ਼ਮ ਉਸ ਤੋਂ 50,000 ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਉਕਤ ਮੈਨੇਜਰ ਇਸ ਸਬੰਧੀ ਪਹਿਲਾਂ ਹੀ 50,000 ਰੁਪਏ ਲੈ ਚੁੱਕਾ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੀ ਫਲਾਇੰਗ ਸਕੁਐਡ ਯੂਨਿਟ ਮੋਹਾਲੀ ਨੇ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਪੜਤਾਲ ਕਰਦਿਆਂ ਇੱਕ ਜਾਲ ਵਿਛਾਇਆ ਜਿਸ ਤਹਿਤ ਉਕਤ ਦੋਸ਼ੀ ਮੈਨੇਜਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

ਇਸ ਸਬੰਧੀ ਉਪਰੋਕਤ ਕਰਮਚਾਰੀ ਵਿਰੁੱਧ ਵਿਜੀਲੈਂਸ ਬਿਓਰੋ ਦੇ ਥਾਣਾ ਫਲਾਇੰਗ ਸਕੁਐਡ-1, ਪੰਜਾਬ, ਮੁਹਾਲੀ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਭਲਕੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਇਸ ਤੋਂ ਪਹਿਲਾਂ ਪਿਛਲੇ ਨਵੰਬਰ ਮਹੀਨੇ ਵਿੱਚ ਵੀ ਭ੍ਰਿਸ਼ਟਾਚਾਰ ਵਰਗਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਦੋਂ ਸੀਬੀਆਈ ਨੇ ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਡਿਪਟੀ ਮੈਨੇਜਰ ਆਸ਼ਿਮ ਕੁਮਾਰ ਸੇਨ ਨੂੰ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਇਕ ਠੇਕੇਦਾਰ ਨੂੰ ਉਸ ਦੇ ਕੰਮ  ਵਿਚ ਕਮੀਆਂ ਦੱਸ ਕੇ ਲਗਾਤਾਰ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਅਤੇ ਉਸ ਨੂੰ ਰਿਸ਼ਵਤ ਦੇਣ ਲਈ ਮਜਬੂਰ ਕਰ ਰਿਹਾ ਸੀ। ਆਸ਼ਿਮ ਸੇਨ ਠੇਕੇਦਾਰ ਤੋਂ 15 ਹਜ਼ਾਰ ਰੁਪਏ ਮਹੀਨਾ ਮੰਗ ਰਿਹਾ ਸੀ। ਅਜਿਹੇ ਕਿੰਨੇ ਮਾਮਲੇ ਹੋਰ ਹੋ ਸਕਦੇ ਹਨ ਇਸਦਾ ਅੰਦਾਜ਼ਾ ਲਾਉਣਾ ਵੀ ਕੋਈ ਔਖਾ ਨਹੀਂ। 

ਬਾਰ ਬਾਰ ਤੰਗ ਕੀਤੇ ਜਾਣ 'ਤੇ ਨਿਰਾਸ਼ ਹੋ ਕੇ ਠੇਕੇਦਾਰ ਨੇ ਸੀਬੀਆਈ ਨੂੰ ਸ਼ਿਕਾਇਤ ਕੀਤੀ। ਸੀਬੀਆਈ ਨੇ ਮੁਲਜ਼ਮਾਂ ਨੂੰ ਫੜਨ ਲਈ ਸ਼ੁੱਕਰਵਾਰ ਸ਼ਾਮ ਨੂੰ ਸੈਕਟਰ-35 ਸਥਿਤ ਹੋਟਲ ਮਾਇਆ ਵਿਚ ਜਾਲ ਵਿਛਾਇਆ। ਜਦੋਂ ਮੁਲਜ਼ਮ ਠੇਕੇਦਾਰ ਤੋਂ ਰਿਸ਼ਵਤ ਲੈਣ ਗਿਆ ਤਾਂ ਸੀਬੀਆਈ ਨੇ ਉਸ ਨੂੰ ਰਿਸ਼ਵਤ ਦੀ ਰਕਮ ਸਮੇਤ ਗ੍ਰਿਫ਼ਤਾਰ ਕਰ ਲਿਆ। ਉਸ ਸਮੇਂ ਉਹ ਠੇਕੇਦਾਰ ਤੋਂ 30 ਹਜ਼ਾਰ ਰੁਪਏ ਲੈ ਰਿਹਾ ਸੀ। ਸੀਬੀਆਈ ਨੇ ਮੁਲਜ਼ਮਾਂ ਨੂੰ ਉਸੇ ਸ਼ਾਮ  ਨੂੰ ਹੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮਾਂ ਨੂੰ ਬੁੜੈਲ ਜੇਲ੍ਹ ਭੇਜ ਦਿੱਤਾ। ਇਸ ਤਰ੍ਹਾਂ ਇਸ ਇਤਿਹਾਸ ਵਿਚ ਇੱਕ ਹੋਰ ਮਾਮਲਾ ਦਰਜ ਸ਼ਾਮਲ ਹੋ ਗਿਆ ਪਰ ਕੁਰੱਪਸ਼ਨ ਨੂੰ ਮੂਲੋਂ ਖਤਮ ਕਰਨਾ ਅਜੇ ਬਾਕੀ ਹੈ।

ਇਸੇ ਤਰ੍ਹਾਂ ਇਸੇ ਸਾਲ ਜੁਲਾਈ ਦੇ ਪਹਿਲੇ ਹਫਤੇ ਵੀ ਇੱਕ ਅਜੀਬ ਕਿਸਮ ਦਾ ਵਿਵਾਦ ਸਾਹਮਣੇ ਆਇਆ ਸੀ ਜਦੋਂ ਕਰੋੜਾਂ ਰੁਪਏ ਦੀ ਕੀਮਤ ਵਾਲਾ ਮਾਲ ਗਾਇਬ ਹੋਣ ਦਾ ਘਪਲਾ ਸਾਹਮਣੇ ਆਇਆ ਸੀ। ਇਸ ਮੱਲ ਵਿਚ ਮੁੱਖ ਤੌਰ ਤੇ ਦੁੱਧ ਅਤੇ ਘਿਓ ਸ਼ਾਮਲ ਸਨ। ਉਸ ਮੌਕੇ ਵੀ ਵਿਭਾਗ ਵਲੋਂ ਸਿਰਫ਼ 60,000 ਕਰੇਟ ਹੀ ਗਾਇਬ ਹੋਣ ਦੀ ਗੱਲ ਮੰਨੀ ਗਈ ਸੀ। 
 
ਮੋਹਾਲੀ ਦੇ ਵੇਰਕਾ ਮਿਲਕ ਪਲਾਂਟ 'ਚੋਂ ਘਪਲਾਬਾਜ਼ੀ ਦੀ ਖ਼ਬਰ ਸਾਹਮਣੇ ਆਉਣ ਵੇਲੇ ਵੀ ਇਸ ਮਾਮਲੇ ਦੀ ਕਾਫੀ ਚਰਚਾ ਹੋਈ ਸੀ। ਉਦੋਂ ਇਥੇ ਕਈ ਕਰੋੜ ਰੁਪਏ ਦੇ ਦੇਸੀ ਘਿਓ, ਦੁੱਧ ਅਤੇ ਕਰੇਟ ਗਾਇਬ  ਹੋਏ ਸਨ। ਵਿਭਾਗ ਵਲੋਂ ਸਿਰਫ਼ 60,000 ਕਰੇਟ ਹੀ ਗਾਇਬ ਹੋਣ ਦੀ ਗੱਲ ਮੰਨੀ ਜਾਂਦੀ ਰਹੀ ਜਦਕਿ ਖਬਰਾਂ ਵਿਚ ਇਹ ਘਪਲਾ ਵੱਡਾ ਸੀ। ਮੀਡੀਆ ਵਿੱਚ ਗਾਇਬ ਹੋਏ ਮਾਲ ਦੀ ਕੀਮਤ ਕਰੀਬ 1.25 ਕਰੋੜ ਰੁਪਏ ਦੇ ਕਰੀਬ ਦੱਸੀ ਗਈ ਸੀ।

ਮੀਡੀਆ ਵਿਚ ਇਸ ਬਾਰੇ ਕਾਫੀ ਕੁਝ ਆਉਂਦਾ ਰਿਹਾ। ਪਹਿਲਾਂ ਤਾਂ ਇਹ ਕਰੇਟ ਖ਼ਰਾਬ ਹੋਣ ਦੀ ਗੱਲ ਕਹਿ ਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇੰਨੀ ਵੱਡੀ ਗਿਣਤੀ ਵਿਚ ਕਰੇਟ ਖ਼ਰਾਬ ਹੋਣ ਅਤੇ ਉਨ੍ਹਾਂ ਦੀ ਰਹਿੰਦ-ਖੂੰਹਦ ਦਾ ਵੀ ਪਤਾ ਨਾ ਲੱਗਣ ਕਾਰਨ ਇਸ ਮਾਮਲੇ ਦੀ ਰਜਿਸਟਰਾਰ ਸਹਿਕਾਰੀ ਸਭਾ ਪੰਜਾਬ ਵਲੋਂ ਵੀ ਜਾਂਚ ਅਰੰਭੀ ਗਈ ਸੀ। 

ਇਹ ਮਾਮਲਾ ਦਰਅਸਲ ਮੁਲਾਜ਼ਮਾਂ ਦੀ ਸਾਵਧਾਨੀ ਦੇ ਸਿੱਟੇ ਵੱਜੋਂ ਸਾਹਮਣੇ ਆਇਆ ਸੀ। ਪੰਜਾਬ ਸਟੇਟ ਕਰਮਚਾਰੀ ਦਲ ਦੇ ਸਾਬਕਾ ਸਕੱਤਰ ਜਗਜੀਤ ਸਿੰਘ ਨੇ ਇਸ ਮਾਮਲੇ 'ਚ ਸ਼ਿਕਾਇਤ ਕੀਤੀ ਗਈ ਸੀ ਕਿ ਕਰੋੜਾਂ ਰੁਪਏ ਦੇ ਦੇਸੀ ਘਿਓ, ਦੁੱਧ ਅਤੇ ਕਰੇਟ ਪਲਾਂਟ ਵਿਚੋਂ ਗਾਇਬ ਸਨ। ਇਸ ਮਾਮਲੇ ਵਿਚ ਵੇਰਕਾ ਪਲਾਂਟ ਮੁਹਾਲੀ ਦੇ ਚਾਰ ਅਧਿਕਾਰੀਆਂ ਦੇ ਨਾਂ ਲਏ ਗਏ ਹਨ। ਇਸ ਮਾਮਲੇ ਵਿਚ ਪੰਜ ਵਿਅਕਤੀਆਂ ਨੂੰ ਮੁਅੱਤਲ ਵੀ ਕੀਤਾ ਗਿਆ ਸੀ, ਜਿਨ੍ਹਾਂ ਨੂੰ ਬਾਅਦ ਵਿਚ ਯੂਨੀਅਨ ਦੇ ਦਬਾਅ ਕਾਰਨ ਬਹਾਲ ਕਰ ਦਿਤਾ ਗਿਆ ਸੀ।

Thursday, October 21, 2021

ਵਿਜੀਲੈਂਸ ਨੇ 15,000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਦਬੋਚਿਆ

21st October 2021 at 7:23 PM

  1. ਪੁਲਿਸ ਚੌਂਕੀ ਸ਼ੰਕਰ, ਥਾਣਾ ਸਦਰ ਨਕੋਦਰ ਵਿੱਚ ਤਾਇਨਾਤ ਸੀ ASI

ਚੰਡੀਗੜ੍ਹ : 21  ਅਕਤੂਬਰ 2021: (ਪੰਜਾਬ ਸਕਰੀਨ ਬਿਊਰੋ)::vichch

ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪੁਲਿਸ ਚੌਂਕੀ ਸ਼ੰਕਰ, ਥਾਣਾ ਸਦਰ ਨਕੋਦਰ ਜਿਲਾ ਜਲੰਧਰ ਵਿਖੇ ਤਾਇਨਾਤ ਏ.ਐਸ.ਆਈ. ਸੰਤਾ ਸਿੰਘ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਏ.ਐਸ.ਆਈ. ਨੂੰ ਸ਼ਿਕਾਇਤਕਰਤਾ ਕੁਲਜੀਤ ਸਿੰਘ ਦੀ ਸ਼ਿਕਾਇਤ 'ਤੇ ਫ਼ੜਿਆ ਹੈ ਜੋ ਕਿ ਨਕੋਦਰ ਵਿਖੇ ਗੈਸ ਏਜੰਸੀ ਵਿਖੇ ਕੰਮ ਕਰਦਾ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਇਕ ਪੁਲਿਸ ਕੇਸ ਵਿਚ ਉਸ ਨੂੰ ਸ਼ਾਮਲ ਨਾ ਕਰਨ ਬਦਲੇ ਉਕਤ ਏ.ਐਸ.ਆਈ. ਵਲੋਂ 20,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਹੈ। ਸ਼ਿਕਾਇਤਰਕਤਾ ਨੇ ਅੱਗੇ ਦੱਸਿਆ ਕਿ ਉਹ ਮੁਲਜ਼ਮ  ਏ.ਐਸ.ਆਈ. ਨੂੰ ਪਹਿਲਾਂ ਹੀ 5,000 ਰੁਪਏ ਪਹਿਲੀ ਕਿਸ਼ਤ ਵਜੋਂ ਦੇ ਚੁੱਕਾ ਹੈ।

ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਏ.ਐਸ.ਆਈ. ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਦੂਜੀ ਕਿਸ਼ਤ ਦੇ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ 'ਤੇ ਹੀ ਦਬੋਚ ਲਿਆ।

ਉਨਾਂ ਦੱਸਿਆ ਕਿ ਦੋਸ਼ੀ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Friday, September 10, 2021

ਵਿਜੀਲੈਂਸ ਨੇ 30,000 ਰੁਪਏ ਦੀ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਦਬੋਚਿਆ

10th September 2021 at 7:39 PM

ਮੰਗ 50 ਹਜ਼ਾਰ ਰੁ.ਦੀ ਕੀਤੀ ਸੀ ਸੌਦਾ 30 ਵਿੱਚ ਬਣਿਆ  

ਚੰਡੀਗੜ੍ਹ: 10 ਸਤੰਬਰ 2021: (GSB//ਪੰਜਾਬ ਸਕਰੀਨ)::  
ਰਿਸ਼ਵਤਖੋਰੀ ਕਰਦਿਆਂ ਰੰਗੇ ਹੱਥੀਂ ਫੜਿਆ ਜਾਣਾ ਹੁਣ ਆਮ ਜਿਹੀ ਗੱਲ ਹੋ ਗਈ ਹੈ। ਅਜਿਹੀ ਕੋਈ ਵੀ ਗ੍ਰਿਫਤਾਰੀ ਆਮ ਤੌਰ ਤੇ ਸਾਰਾ ਕੈਰੀਅਰ ਤਬਾਹ ਕਰ ਦੇਂਦੀ ਹੈ ਪਰ ਫਿਰ ਵੀ ਲੋਕ ਇਸ ਬੁਰਾਈ ਵਾਲੇ ਪਾਸਿਓਂ ਨਹੀਂ ਮੁੜਦੇ। ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਡੀ.ਐਸ.ਪੀ ਸਿਟੀ ਫਿਰੋਜਪੁਰ ਦੇ ਰੀਡਰ ਏ.ਐਸ.ਆਈ. ਗੁਰਲਾਭ ਸਿੰਘ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਏ.ਐਸ.ਆਈ. ਨੂੰ ਸ਼ਿਕਾਇਤਕਰਤਾ ਗੁਰਦਿਆਲ ਸਿੰਘ ਵਾਸੀ ਝੁੱਗੇ ਹਜ਼ਾਰਾ ਸਿੰਘ ਵਾਲਾ ਜਿਲਾ ਫਿਰੋਜਪੁਰ ਦੀ ਸ਼ਿਕਾਇਤ 'ਤੇ ਫ਼ੜਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਕਤ ਰੀਡਰ ਵਲੋਂ ਉਸ ਦੇ ਅਤੇ ਉਸਦੇ ਪਰਿਵਾਰਕ ਮੈਂਬਰਾਂ ਖਿਲਾਫ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਦਾਇਰ ਰਿੱਟ ਪਟੀਸ਼ਨ ਸਬੰਧੀ ਚਲ ਰਹੀ ਇੰਕੁਆਰੀ ਬਾਰੇ ਬਿਆਨ ਦਰਜ ਕਰਨ ਵਿਚ ਮੱਦਦ ਕਰਨ ਬਦਲੇ 50,000 ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਸੌਦਾ 30,000 ਵਿਚ ਤੈਅ ਹੋਇਆ ਹੈ।
ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਏ.ਐਸ.ਆਈ. ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ 'ਤੇ ਹੀ ਦਬੋਚ ਲਿਆ। ਉਨਾਂ ਦੱਸਿਆ ਕਿ ਦੋਸ਼ੀ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਫਿਰੋਜਪੁਰ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Wednesday, July 21, 2021

ਵਿਜੀਲੈਂਸ ਨੇ ਸਿੱਖਿਆ ਵਿਭਾਗ ਦਾ ਕਰਮਚਾਰੀ ਰੰਗੇ ਹੱਥੀਂ ਦਬੋਚਿਆ

 21st July 2021 at 7:08 PM

 ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦਾ ਕਾਬੂ ਆਇਆ 

ਚੰਡੀਗੜ੍ਹ: 21 ਜੁਲਾਈ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ):: 

ਪੰਜਾਬ ਵਿਜੀਲੈਂਸ ਬਿਊਰੋ ਨੇ ਜ਼ਿਲਾ ਸਿੱਖਿਆ ਅਫਸਰ (ਪ੍ਰਾਇਮਰੀ) ਦੇ ਦਫਤਰ ਐਸ.ਏ.ਐਸ ਨਗਰ  ਵਿਖੇ ਤਾਇਨਾਤ ਜੂਨੀਅਰ ਸਹਾਇਕ ਪ੍ਰਿਤਪਾਲ ਸਿੰਘ ਨੂੰ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਕਮਰਚਾਰੀ ਨੂੰ ਸ਼ਿਕਾਇਤਕਰਤਾ ਕਰਮਜੀਤ ਸਿੰਘ, ਈ.ਟੀ.ਟੀ ਅਧਿਆਪਕ, ਜਿਲਾ ਐਸ.ਏ.ਐਸ ਨਗਰ ਦੀ ਸ਼ਿਕਾਇਤ 'ਤੇ ਕਾਬੂ ਕੀਤਾ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਮੁਅੱਤਲੀ ਸਮੇ ਦੌਰਾਨ ਭੱਤੇ ਦੇ ਬਕਾਏ ਦੀ ਅਦਾਇਗੀ ਕਰਨ ਬਦਲੇ ਉਕਤ ਕਮਰਚਾਰੀ ਵਲੋਂ ਕੁੱਲ ਬਕਾਏ ਦਾ 40 ਫੀਸਦੀ ਹਿੱਸਾ ਬਤੌਰ ਰਿਸ਼ਵਤ ਵਜੋਂ ਮੰਗ ਕੀਤੀ ਗਈ ਹੈ।

ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਜੂਨੀਅਰ ਸਹਾਇਕ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ 'ਤੇ ਹੀ ਦਬੋਚ ਲਿਆ। ਉਨਾਂ ਦੱਸਿਆ ਕਿ ਦੋਸ਼ੀ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਐਸ.ਏ.ਐਸ ਨਗਰ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Thursday, July 15, 2021

ਵਿਜੀਲੈਂਸ ਬਿਊਰੋ ਵੱਲੋਂ ਭਰਤੀ ਘੁਟਾਲੇ ਦਾ ਪਰਦਾਫਾਸ਼, 4 ਦੋਸ਼ੀ ਕਾਬੂ: ਬੀ.ਕੇ. ਉੱਪਲ

 Thursday: 15th July 2021 at 10:33 pm

50,000 ਰੁਪਏ ਦੀ ਰਿਸ਼ਵਤ ਦੀ ਰਕਮ ਵੀ ਬਰਾਮਦ ਕਰ ਲਈ 

*ਮਲਟੀਪਰਪਜ਼ ਹੈਲਥ ਵਰਕਰ ਅਤੇ  ਉਸਦਾ ਸਾਥੀ ਕਾਬੂ 

ਮੁੱਖ ਸਰਗਨਾ ਸੁਖਵੰਤ ਸਿੰਘ ਅਤੇ ਹਰਪਾਲ ਸਿੰਘ ਸਰਪੰਚ ਵੀ ਸ਼ਿਕੰਜੇ ਵਿੱਚ 

*ਅਗਵਾਕਾਰਾਂ ਅਤੇ ਲੁਟੇਰਿਆਂ ਦੇ ਗਿਰੋਹ ਦਾ ਸਰਗਣਾ ਡੌਮੀਨਿਕ ਸਹੋਤਾ ਨਿਕਲਿਆ 

*ਡੌਮੀਨਿਕ ਸਹੋਤਾ ਦਾ ਵਿਜੀਲੈਂਸ ਹਾਸਲ ਕਰੇਗੀ ਪੋ੍ਰਡਕਸ਼ਨ ਵਰੰਟ

ਚੰਡੀਗੜ੍ਹ: 15 ਜੁਲਾਈ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਕੁਰਪਟ ਅਨਸਰਾਂ ਦੇ ਖਿਲਾਫ  ਮੁਹਿੰਮ ਜਾਰੀ ਹੈ। ਆਏ ਦਿਨ ਫੜੋਫੜੀ ਵੀ ਹੁੰਦੀ ਹੈ। ਇਸਦੇ ਬਾਵਜੂਦ ਅਜਿਹੇ ਲੋਕ ਹਟਣ ਦਾ ਨਾਮ ਨਹੀਂ ਲੈਂਦੇ। ਹੁਣ ਨਵਾਂ ਮਾਮਲਾ ਸਾਹਮਣੇ ਆਇਆ ਹੈ ਪ੍ਰਾਇਮਰੀ ਹੈਲਥ ਸੈਂਟਰਾਂ ਵਿੱਚ ਚੱਲਦੀ ਰਿਸ਼ਵਤ ਦਾ। ਇਸ ਨਵੇਂ ਮਾਮਲੇ ਵਿੱਚ ਰਿਸ਼ਵਤ ਦੀ ਰਕਮ ਵੀ ਬਰਾਮਦ  ਅਤੇ ਦੋਸ਼ੀ ਵੀ ਕਾਬੂ ਕੀਤੇ ਗਏ ਹਨ। 

ਪੰਜਾਬ ਵਿਜੀਲੈਂਸ ਬਿਊਰੋ ਨੇ ਜਾਲ ਵਿਛਾ ਕੇ ਇੱਕ ਭਰਤੀ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ ਜਿਸ ਵਿੱਚ ਚਾਰ ਮੁਲਜ਼ਮਾਂ ਨੂੰ ਕਾਬੂ ਲਿਆ ਗਿਆ ਹੈ ਅਤੇ ਮੁਲਜ਼ਮਾਂ ਕੋਲੋਂ 50,000 ਰੁਪਏ ਦੀ ਰਿਸ਼ਵਤ ਦੀ ਰਕਮ ਵੀ ਬਰਾਮਦ ਕਰ ਲਈ ਹੈ। ਮੁਲਜ਼ਮ ਵਿੱਚ ਸ਼ਾਮਲ ਪਿਰਥੀਪਾਲ ਸਿੰਘ ਮਲਟੀਪਰਪਜ਼ ਹੈਲਥ (ਐਮ.ਪੀ.ਐੱਚ) ਵਰਕਰ, ਜੋ ਕਿ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਢੋਟੀਆਂ ਵਿਖੇ ਪ੍ਰਾਇਮਰੀ ਹੈਲਥ ਸੈਂਟਰ (ਪੀ.ਐੱਚ.ਸੀ.) ਤਾਇਨਾਤ ਹੈ ਅਤੇ  ਉਸ ਦੇ ਸਾਥੀਆਂ ਮਲਕੀਅਤ ਸਿੰਘ, ਪਿੰਡ ਵਰਪਾਲ, ਜ਼ਿਲ੍ਹਾ ਅੰਮ੍ਰਿਤਸਰ, ਸੁਖਵੰਤ ਸਿੰਘ ਲੁਧਿਆਣਾ ਅਤੇ ਹਰਪਾਲ ਸਿੰਘ ਸਰਪੰਚ ਪਿੰਡ ਕੱਦ ਗਿੱਲ, ਜ਼ਿਲ੍ਹਾ ਤਰਨ ਤਾਰਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਸ ਸਬੰਧੀ ਖੁਲਾਸਾ ਕਰਦਿਆਂ ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਡਾਇਰੈਕਟਰ-ਕਮ-ਡੀ.ਜੀ.ਪੀ. ਸ੍ਰੀ ਬੀ ਕੇ ਉੱਪਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਬਰਿੰਦਰਪਾਲ ਸਿੰਘ ਵਸਨੀਕ ਮੁਹੱਲਾ ਜਸਵੰਤ ਸਿੰਘ ਨਗਰ, ਤਰਨ ਤਾਰਨ ਨੇ ਦੋਸ਼ ਲਾਇਆ ਹੈ ਕਿ ਸ਼ੱਕੀ ਪਿਰਥੀਪਾਲ ਸਿੰਘ ਐਮਪੀਐਚ ਵਰਕਰ, ਪਿੰਡ ਢੋਟੀਆਂ ਜਿਲਾ ਤਰਨ ਤਾਰਨ ਉਸ ਨੂੰ ਜਾਣਦਾ ਸੀ ਅਤੇ ਉਸ ਨੂੰ (ਸ਼ਿਕਾਇਤਕਰਤਾ) ਸਰਕਾਰੀ ਨੌਕਰੀ ਵਿੱਚ ਭਰਤੀ ਕਰਵਾਉਣ ਦੀ ਪੇਸ਼ਕਸ਼ ਕੀਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਨੇ ਪੇਸ਼ਕਸ਼ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ, ਸਗੋਂ ਉਸਨੇ ਆਪਣੇ ਰਿਸ਼ਤੇਦਾਰ ਹਰਮਨਦੀਪ ਸਿੰਘ ਵਾਸੀ ਪਿੰਡ ਚੱਕ ਸਿਕੰਦਰ ਜ਼ਿਲ੍ਹਾ ਤਰਨ ਤਾਰਨ ਨੂੰ ਸਰਕਾਰੀ ਨੌਕਰੀ 'ਤੇ ਭਰਤੀ ਕਰਵਾਉਣ ਲਈ ਕਿਹਾ।

ਉਨਾਂ ਅੱਗੇ ਦੱਸਿਆ ਕਿ ਇਸ ਤੋਂ ਬਾਅਦ, ਪਿਰਥੀਪਾਲ ਸਿੰਘ ਸ਼ਿਕਾਇਤਕਰਤਾ ਬਰਿੰਦਰਪਾਲ ਸਿੰਘ ਨੂੰ ਮਲਕੀਤ ਸਿੰਘ ਕੋਲ ਲੈ ਗਿਆ, ਜਿਸ ਨੇ ਆਪਣੇ ਆਪ ਨੂੰ ਪਰਸੋਨਲ ਵਿਭਾਗ, ਪੰਜਾਬ ਦਾ ਇੱਕ ਮੁਲਾਜ਼ਮ ਦੱਸਿਆ। ਉਦੋਂ ਦੋਵੇਂ ਵਿਅਕਤੀਆਂ ਨੇ ਇਸ ਭਰਤੀ ਲਈ ਸ਼ਿਕਾਇਤਕਰਤਾ ਤੋਂ 3,50,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਅਤੇ ਪੇਸ਼ਗੀ ਰਿਸ਼ਵਤ ਵਜੋਂ  1,75,000 ਰੁਪਏ ਦੀ ਮੰਗ ਕੀਤੀ।

ਵਿਜੀਲੈਂਸ ਮੁਖੀ ਨੇ ਅੱਗੇ ਦੱਸਿਆ ਕਿ ਮੁਲਜ਼ਮ ਪਿਰਥੀਪਾਲ ਸਿੰਘ ਨੇ ਪਹਿਲਾਂ ਹੀ ਸ਼ਿਕਾਇਤਕਰਤਾ ਪਾਸੋਂ ਮਿਤੀ 05.07.2021 ਨੂੰ 10,000 ਰੁਪਏ ਦੀ ਰਿਸ਼ਵਤ ਲੈ ਲਈ ਸੀ। ਇਸ ਤੋਂ ਬਾਅਦ, ਸ਼ਿਕਾਇਤਕਰਤਾ ਨੂੰ ਪਿਰਥੀਪਾਲ ਸਿੰਘ ਦਾ ਫੋਨ ਆਇਆ, ਜਿਸ ਵਿੱਚ ਉਸਨੇ ਭਰਤੀ ਕਾਰਵਾਈ ਸ਼ੁਰੂ ਕਰਨ ਲਈ ਅਡਵਾਂਸ ਵਜੋਂ 1,75,000 ਰੁਪਏ ਦੀ ਮੰਗ ਕੀਤੀ। ਇਸ ਤੋਂ ਬਾਅਦ, ਦੋਸ਼ੀ ਪਿਰਥਪਾਲ ਸਿੰਘ ਨੇ ਸ਼ਿਕਾਇਤਕਰਤਾ ਨੂੰ ਕਿਹਾ ਕਿ ਜੇ ਉਸ ਕੋਲੋਂ ਪੂਰੀ ਰਕਮ ਦਾ ਪ੍ਰਬੰਧ ਨਹੀਂ ਹੈ ਤਾਂ ਉਹ ਇੱਕ ਲੱਖ ਰੁਪਏ ਜਾਂ ਸਿਰਫ 50,000 ਰੁਪਏ ਦੇਵੇ।

ਇਸ ਤੋਂ ਇਲਾਵਾ, ਬੀ.ਕੇ. ਉੱਪਲ ਨੇ ਖੁਲਾਸਾ ਕੀਤਾ ਕਿ ਸ਼ਿਕਾਇਤਕਰਤਾ ਆਪਣੇ ਰਿਸ਼ਤੇਦਾਰ ਨੂੰ ਰਿਸ਼ਵਤ ਦੇ ਕੇ ਸਰਕਾਰੀ ਨੌਕਰੀ ਵਿਚ ਭਰਤੀ ਨਹੀਂ ਕਰਵਾਉਣਾ ਚਾਹੁੰਦਾ ਸੀ, ਪਰ ਉਹ ਇਸ ਸਾਰੇ ਘੁਟਾਲੇ ਦਾ ਪਰਦਾਫਾਸ਼ ਕਰਨਾ ਚਾਹੁੰਦਾ ਸੀ। ਇਸ ਲਈ ਸ਼ਿਕਾਇਤਕਰਤਾ ਨੇ ਅੰਮ੍ਰਿਤਸਰ ਦੇ ਵਿਜੀਲੈਂਸ ਬਿਊਰੋ ਰੇਂਜ ਵਿੱਚ ਸੰਪਰਕ ਕੀਤਾ ਅਤੇ ਦੱਸਿਆ ਕਿ ਮੁਲਜ਼ਮ ਪਿਰਥੀਪਾਲ ਸਿੰਘ ਅਤੇ ਮਲਕੀਅਤ ਸਿੰਘ ਉਸ ਕੋਲੋਂ 50,000 ਰੁਪਏ ਦੀ ਹੋਰ ਕਿਸ਼ਤ ਦੀ ਮੰਗ ਕਰ ਰਹੇ ਹਨ।

ਇਸ ਤੋਂ ਬਾਅਦ ਹਰਜਿੰਦਰ ਸਿੰਘ, ਡੀਐਸਪੀ ਵਿਜੀਲੈਂਸ ਬਿਊਰੋ ਯੂਨਿਟ ਤਰਨ ਤਾਰਨ ਨੇ ਜਾਲ ਵਿਛਾ ਕੇ ਐਮਪੀਐਚ ਵਰਕਰ ਪ੍ਰਿਥੀਪਾਲ ਸਿੰਘ ਅਤੇ ਮਲਕੀਅਤ ਸਿੰਘ ਨੂੰ ਦੋ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਪਾਸੋਂ ਦੂਜੀ ਕਿਸ਼ਤ ਵਜੋਂ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਉਕਤ ਮੁਲਜ਼ਮਾਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਕੇਸ ਦਰਜ਼ ਕਰ ਲਿਆ ਗਿਆ ਹੈ।

ਉਨਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ ਦੋਸ਼ੀ ਪ੍ਰਿਥੀਪਾਲ ਸਿੰਘ ਐਮਪੀਐਚ ਵਰਕਰ ਅਤੇ ਉਸਦੇ ਸਾਥੀ ਮਲਕੀਅਤ ਸਿੰਘ ਵਾਸੀ ਪਿੰਡ ਵਰਪਾਲ, ਜ਼ਿਲ੍ਹਾ ਅੰਮ੍ਰਿਤਸਰ ਨੇ ਖੁਲਾਸਾ ਕੀਤਾ ਹੈ ਕਿ ਇਸ ਸਮੇਂ ਲੁਧਿਆਣਾ ਰਹਿ ਰਿਹਾ ਸੁਖਵੰਤ ਸਿੰਘ ਉਥੋਂ ਹੀ ਕੰਮ ਕਰ ਰਿਹਾ ਹੈ ਜੋ ਉਨ੍ਹਾਂ ਦੇ ਗਿਰੋਹ ਦਾ ਮੁਖੀ ਹੈ ਅਤੇ ਆਮ ਲੋਕਾਂ ਤੋਂ ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ ਭਰਤੀ ਦੇ ਨਾਂਅ `ਤੇ ਧੋਖੇ ਨਾਲ ਪੈਸੇ ਠੱਗਦਾ ਹੈ।

ਇਸ ਤੋਂ ਇਲਾਵਾ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਸ਼ਿਕਾਇਤਰਤਾ ਤੋਂ ਉਸਦੇ ਰਿਸ਼ਤੇਦਾਰ ਨੂੰ ਪੀ.ਐਸ.ਪੀ.ਸੀ.ਐਲ. ਵਿੱਚ ਹੈਲਪਰ ਵਜੋਂ ਭਰਤੀ ਕਰਾਉਣ ਲਈ 3.5 ਲੱਖ ਰੁਪਏ ਲਏ ਹਨ ਅਤੇ ਇਸ ਰਾਸ਼ੀ ਵਿਚੋਂ ਉਸ ਦੇ ਸਾਥੀ ਸੁਖਵੰਤ ਸਿੰਘ 3 ਲੱਖ ਰੁਪਏ ਜਦਕਿ ਪ੍ਰਿਥੀਪਾਲ ਸਿੰਘ ਅਤੇ ਮਲਕੀਅਤ ਸਿੰਘ ਨੂੰ 25-25 ਹਜ਼ਾਰ ਰੁਪਏ ਮਿਲੇ।

ਉਸਨੇ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਮਲਕੀਅਤ ਸਿੰਘ ਅਤੇ ਮੁੱਖ ਸਰਗਨੇ ਸੁਖਵੰਤ ਸਿੰਘ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮੱਲੀਆਂ ਦੇ ਵਸਨੀਕ ਹਰਪ੍ਰੀਤ ਸਿੰਘ ਤੋਂ ਲੁਧਿਆਣਾ ਵਿਖੇ ਪੀ.ਐਸ.ਪੀ.ਸੀ.ਐਲ. ਵਿੱਚ ਹੈਲਪਰ ਭਰਤੀ ਕਰਾਉਣ ਦੇ ਨਾਂਅ `ਤੇ 1.50 ਲੱਖ ਦੀ ਠੱਗੀ ਮਾਰੀ ਸੀ। ਮਲਕੀਅਤ ਸਿੰਘ ਨੇ ਅੱਗੇ ਇਹ ਖੁਲਾਸਾ ਕੀਤਾ ਕਿ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਕੱਦ ਗਿੱਲ ਦਾ ਸਰਪੰਚ ਹਰਪਾਲ ਸਿੰਘ ਵੀ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਉਕਤ ਕਿੰਗਪਿਨ ਦੇ ਏਜੰਟ ਵਜੋਂ ਕੰਮ ਕਰ ਰਿਹਾ ਹੈ।

ਸ੍ਰੀ ਉੱਪਲ ਨੇ ਅੱਗੇ ਦੱਸਿਆ ਕਿ ਮਲਕੀਅਤ ਸਿੰਘ ਨੇ ਤਫ਼ਤੀਸ਼ ਦੌਰਾਨ ਇਹ ਵੀ ਖੁਲਾਸਾ ਕੀਤਾ ਹੈ ਕਿ ਸਾਲ 2019 ਵਿੱਚ ਉਸਨੇ ਡੌਮੀਨਿਕ ਸਹੋਤਾ, ਜਿਸਨੇ ਖੁਦ ਦੀ ਪਹਿਚਾਣ ਬੀ.ਐਸ.ਐਫ. ਦੇ ਸਹਾਇਕ ਕਮਾਂਡੈਂਟ ਵਜੋਂ ਦੱਸੀ ਸੀ, ਜ਼ਰੀਏ 4 ਵਿਅਕਤੀਆਂ ਦੀ ਲਿਖਤੀ ਅਤੇ ਮੈਡੀਕਲ ਪ੍ਰੀਖਿਆ ਪਾਸ ਕਰਵਾ ਕੇ ਉਨ੍ਹਾਂ ਨੂੰ ਬੀਐਸਐਫ ਵਿੱਚ ਭਰਤੀ ਕਰਵਾਇਆ ਸੀ। ਇਸ ਕੇਸ ਵਿੱਚ ਉਨ੍ਹਾਂ ਨੇ ਹਰੇਕ ਵਿਅਕਤੀ ਕੋਲੋਂ 2,80,000 ਰੁਪਏ ਲਏ ਸਨ ਅਤੇ ਡੌਮੀਨਿਕ ਸਹੋਤਾ ਨੇ ਹਰੇਕ ਵਿਅਕਤੀ ਪਿੱਛੇ 2.5 ਲੱਖ ਰੁਪਏ ਰੱਖੇ ਸਨ ਅਤੇ ਹਰੇਕ ਵਿਅਕਤੀ ਪਿੱਛੇ 30,000 ਰੁਪਏੇ ਮਲਕੀਅਤ ਸਿੰਘ ਨੂੰ ਦਿੱਤੇ।

ਉਨ੍ਹਾਂ ਅੱਗੇ ਦੱਸਿਆ ਕਿ ਡੌਮੀਨਿਕ ਸਹੋਤਾ ਜਨਵਰੀ, 2021 ਵਿਚ ਮੁਹਾਲੀ ਪੁਲਿਸ ਵੱਲੋਂ ਬੇਨਕਾਬ ਕੀਤੇ ਗਏ ਅਗਵਾਕਾਰਾਂ ਅਤੇ ਲੁਟੇਰਿਆਂ ਦੇ ਗਿਰੋਹ ਦਾ ਕਿੰਗਪਿਨ ਹੈ, ਜਿਸ ਨੇ ਖੁਦ ਨੂੰ ਕੌਮੀ ਜਾਂਚ ਏਜੰਸੀ, ਬੀਐਸਐਫ ਅਤੇ ਹੋਰ ਉੱਚ ਸੁਰੱਖਿਆ ਏਜੰਸੀਆਂ ਦੇ ਇੱਕ ਅਧਿਕਾਰੀ ਵਜੋਂ ਪੇਸ਼ ਕੀਤਾ ਸੀ।

ਇਸ ਸਬੰਧ ਵਿੱਚ ਇਸ ਗਿਰੋਹ ਖ਼ਿਲਾਫ਼ ਪੁਲਿਸ ਥਾਣਾ ਫੇਜ਼ -1, ਮੁਹਾਲੀ ਵਿਖੇ ਧਾਰਾ 364-ਏ, 34 ਆਈਪੀਸੀ ਅਤੇ 25/54/59 ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ 3 ਗੈਰ ਕਾਨੂੰਨੀ 32 ਬੋਰ ਦੇ ਹਥਿਆਰ, ਇੱਕ ਦੇਸੀ ਪਿਸਤੌਲ, ਗੋਲੀ ਸਿੱਕਾ, ਫਰਜ਼ੀ ਆਈਡੀ ਕਾਰਡ, ਵਰਦੀਆਂ, ਲੈਪਟਾਪ, 4 ਵਾਹਨ ਅਤੇ 25 ਲੱਖ ਰੁਪਏ ਦੀ ਲੁੱਟ ਦਾ ਪੈਸਾ ਬਰਾਮਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਸ ਗਿਰੋਹ ਦੇ ਕਿੰਗਪਿਨ ਡੌਮੀਨਿਕ ਸਹੋਤਾ, ਜਿਸ ਨੇ ਖੁਦ ਨੂੰ  ਬੀ.ਐਸ.ਐਫ. ਦਾ ਸਹਾਇਕ ਕਮਾਂਡੈਂਟ ਅਤੇ ਉਸ ਦੇ ਪਿਤਾ ਗੋਵਿੰਦਰ ਸਿੰਘ, ਜਿਸਨੇ ਖੁਦ ਨੂੰ ਬੀਐਸਐਫ ਦਾ ਇੰਸਪੈਕਟਰ ਦੱਸਿਆ ਸੀ, ਉਸਦੇ ਭਰਾ ਮੁਖਤਿਆਰ ਸਿੰਘ ਉਰਫ਼ ਪੀਟਰ, ਅਮਨਦੀਪ ਸਿੰਘ, ਰਾਜਵੀਰ ਸਿੰਘ ਅਤੇ ਯੋਧਵੀਰ ਸਿੰਘ ਨੂੰ ਵੀ ਮੁਹਾਲੀ ਪੁਲਿਸ ਨੇ ਕਾਬੂ ਕੀਤਾ ਸੀ ਅਤੇ ਉਹ ਇਸ ਸਮੇਂ ਉਕਤ ਮਾਮਲੇ ਵਿਚ ਰੋਪੜ ਜੇਲ੍ਹ ਵਿਚ ਬੰਦ ਹਨ।

ਹੋਰ ਪੁੱਛਗਿੱਛ ਵਿਚ ਇਹ ਸਾਹਮਣੇ ਆਇਆ ਹੈ ਕਿ ਡੌਮੀਨਿਕ ਸਹੋਤਾ ਅਤੇ ਹੋਰਨਾਂ ਖਿਲਾਫ਼ ਇਸ ਤੋਂ ਪਹਿਲਾਂ ਪੁਲਿਸ ਥਾਣਾ ਐਨ.ਆਰ.ਆਈ. ਅੰਮ੍ਰਿਤਸਰ ਵਿਖੇ ਆਈ.ਪੀ.ਸੀ. ਦੀ ਧਾਰਾ 420, 406, 120-ਬੀ ਤਹਿਤ ਐਫਆਈਆਰ ਨੰ. 7/16 ਅਤੇ ਪੁਲਿਸ ਥਾਣਾ ਫਤਿਹਗੜ੍ਹ ਚੂੜੀਆਂ, ਬਟਾਲਾ ਵਿਖੇ ਆਈ.ਪੀ.ਸੀ. ਦੀ ਧਾਰਾ 420 ਤਹਿਤ ਐਫਆਈਆਰ ਨੰਬਰ 129 ਮਿਤੀ 25.12.2020 ਦਰਜ ਹਨ। ਸ੍ਰੀ ਉੱਪਲ ਨੇ ਕਿਹਾ ਕਿ ਉਕਤ ਕੇਸ ਵਿੱਚ ਡੌਮੀਨਿਕ ਸਹੋਤਾ ਦਾ ਪੋ੍ਰਡਕਸ਼ਨ ਵਾਰੰਟ ਹਾਸਲ ਕੀਤਾ ਜਾਵੇਗਾ।

ਇਸ ਲਈ ਉਪਰੋਕਤ ਮੁਲਜ਼ਮ ਮਲਕੀਅਤ ਸਿੰਘ ਅਤੇ ਪ੍ਰਿਥੀਪਾਲ ਸਿੰਘ ਵੱਲੋਂ ਕੀਤੇ ਗਏ ਖੁਲਾਸਿਆਂ ਦੇ ਮੱਦੇਨਜ਼ਰ ਉਕਤ ਕੇਸ ਵਿੱਚ ਸੁਖਵੰਤ ਸਿੰਘ ਅਤੇ ਹਰਪਾਲ ਸਿੰਘ ਸਰਪੰਚ ਨੂੰ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਉਪਰੋਕਤ ਪਿੰਡ ਮੱਲੀਆਂ ਦਾ ਹਰਪ੍ਰੀਤ ਸਿੰਘ, ਜਿਸ ਤੋਂ ਇਸ ਗਿਰੋਹ ਨੇ ਪੀਐਸਪੀਸੀਐਲ ਵਿੱਚ ਹੈਲਪਰ ਵਜੋਂ ਭਰਤੀ ਕਰਨ ਦੇ ਬਹਾਨੇ 1.50 ਲੱਖ ਰੁਪਏ ਠੱਗ ਲਏ ਸਨ, ਸਮੇਤ ਸਰਕਾਰੀ ਨੌਕਰੀ ਲੈਣ ਦੇ ਛੇ ਹੋਰ ਇਛੁੱਕ ਵਿਅਕਤੀ ਕਿੰਗਪਿਨ ਸੁਖਵੰਤ ਸਿੰਘ ਦੀ ਥਾਂ `ਤੇ ਹੀ ਮੌਜੂਦ ਸਨ। ਇਸ ਤੋਂ ਇਲਾਵਾ, ਸਰਕਾਰੀ ਨੌਕਰੀ ਲੈਣ ਦੇ ਇਛੁੱਕ ਛੇ ਹੋਰ ਵਿਅਕਤੀਆਂ ਨੇ ਵਿਜੀਲੈਂਸ ਬਿਊਰੋ ਦੇ ਸਾਹਮਣੇ ਦਰਜ ਆਪਣੇ ਬਿਆਨਾਂ ਵਿੱਚ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨਾਲ ਵੀ ਉਕਤ ਮੁਲਜ਼ਮ ਸੁਖਵੰਤ ਸਿੰਘ ਨੇ ਠੱਗੀ ਮਾਰ ਲੈਣੀ ਸੀ ਕਿਉਂਕਿ ਉਹ ਸਰਕਾਰੀ ਨੌਕਰੀ ਲੈਣ ਦੇ ਇਛੁੱਕ ਇਨ੍ਹਾਂ ਛੇ ਵਿਅਕਤੀਆਂ ਉਤੇ ਵੀ ਪੀਐਸਪੀਸੀਐਲ ਵਿੱਚ ਹੈਲਪਰ ਦੀ ਨੌਕਰੀ ਦੇ ਬਦਲੇ ਨਿਰਧਾਰਤ ਰਾਸ਼ੀ ਤੁਰੰਤ ਜਮ੍ਹਾ ਕਰਨ ਲਈ ਦਬਾਅ ਪਾ ਰਿਹਾ ਸੀ।

ਗ੍ਰਿਫਤਾਰ ਕੀਤੇ ਗਏ ਉਕਤ ਮੁਲਜ਼ਮ ਸੁਖਵੰਤ ਸਿੰਘ ਅਤੇ ਹਰਪਾਲ ਸਿੰਘ ਸਰਪੰਚ ਦੀ ਜਾਂਚ ਅਤੇ ਪੁੱਛਗਿੱਛ ਚੱਲ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋਣ ਦੀ ਉਮੀਦ ਹੈ। ਇਸ ਸਬੰਧ ਵਿਚ ਪੁਲਿਸ ਥਾਣਾ ਵਿਜੀਲੈਂਸ ਬਿਊਰੋ, ਅੰਮ੍ਰਿਤਸਰ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਤੇ ਆਈ.ਪੀ.ਸੀ. ਦੀ ਧਾਰਾ 420/120-ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ।