Showing posts with label ASI. Show all posts
Showing posts with label ASI. Show all posts

Friday, September 10, 2021

ਵਿਜੀਲੈਂਸ ਨੇ 30,000 ਰੁਪਏ ਦੀ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਦਬੋਚਿਆ

10th September 2021 at 7:39 PM

ਮੰਗ 50 ਹਜ਼ਾਰ ਰੁ.ਦੀ ਕੀਤੀ ਸੀ ਸੌਦਾ 30 ਵਿੱਚ ਬਣਿਆ  

ਚੰਡੀਗੜ੍ਹ: 10 ਸਤੰਬਰ 2021: (GSB//ਪੰਜਾਬ ਸਕਰੀਨ)::  
ਰਿਸ਼ਵਤਖੋਰੀ ਕਰਦਿਆਂ ਰੰਗੇ ਹੱਥੀਂ ਫੜਿਆ ਜਾਣਾ ਹੁਣ ਆਮ ਜਿਹੀ ਗੱਲ ਹੋ ਗਈ ਹੈ। ਅਜਿਹੀ ਕੋਈ ਵੀ ਗ੍ਰਿਫਤਾਰੀ ਆਮ ਤੌਰ ਤੇ ਸਾਰਾ ਕੈਰੀਅਰ ਤਬਾਹ ਕਰ ਦੇਂਦੀ ਹੈ ਪਰ ਫਿਰ ਵੀ ਲੋਕ ਇਸ ਬੁਰਾਈ ਵਾਲੇ ਪਾਸਿਓਂ ਨਹੀਂ ਮੁੜਦੇ। ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਡੀ.ਐਸ.ਪੀ ਸਿਟੀ ਫਿਰੋਜਪੁਰ ਦੇ ਰੀਡਰ ਏ.ਐਸ.ਆਈ. ਗੁਰਲਾਭ ਸਿੰਘ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਏ.ਐਸ.ਆਈ. ਨੂੰ ਸ਼ਿਕਾਇਤਕਰਤਾ ਗੁਰਦਿਆਲ ਸਿੰਘ ਵਾਸੀ ਝੁੱਗੇ ਹਜ਼ਾਰਾ ਸਿੰਘ ਵਾਲਾ ਜਿਲਾ ਫਿਰੋਜਪੁਰ ਦੀ ਸ਼ਿਕਾਇਤ 'ਤੇ ਫ਼ੜਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਕਤ ਰੀਡਰ ਵਲੋਂ ਉਸ ਦੇ ਅਤੇ ਉਸਦੇ ਪਰਿਵਾਰਕ ਮੈਂਬਰਾਂ ਖਿਲਾਫ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਦਾਇਰ ਰਿੱਟ ਪਟੀਸ਼ਨ ਸਬੰਧੀ ਚਲ ਰਹੀ ਇੰਕੁਆਰੀ ਬਾਰੇ ਬਿਆਨ ਦਰਜ ਕਰਨ ਵਿਚ ਮੱਦਦ ਕਰਨ ਬਦਲੇ 50,000 ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਸੌਦਾ 30,000 ਵਿਚ ਤੈਅ ਹੋਇਆ ਹੈ।
ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਏ.ਐਸ.ਆਈ. ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ 'ਤੇ ਹੀ ਦਬੋਚ ਲਿਆ। ਉਨਾਂ ਦੱਸਿਆ ਕਿ ਦੋਸ਼ੀ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਫਿਰੋਜਪੁਰ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

ਰਾਖੀ ਬੰਪਰ ਦਾ ਪਹਿਲਾ ਇਨਾਮ ਪੰਜਾਬ ਪੁਲਿਸ ਦੇ ASI ਦੇ ਨਾਂਅ

 10th September 2021 at 5:20 PM

 2 ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਿਆ  

• ਜੇਤੂ ਨੇ ਇਨਾਮੀ ਰਾਸ਼ੀ ਲਈ ਦਸਤਾਵੇਜ਼ ਜਮ੍ਹਾਂ ਕਰਵਾਏ; 
• ਇਨਾਮੀ ਰਾਸ਼ੀ ਨਾਲ ਬੱਚਿਆਂ ਦੀ ਪੜ੍ਹਾਈ ਦਾ ਸੁਪਨਾ ਕਰੇਗਾ ਸਾਕਾਰ

ਚੰਡੀਗੜ੍ਹ: 10 ਸਤੰਬਰ 2021: (ਪੰਜਾਬ ਸਕਰੀਨ ਬਿਊਰੋ)::
ਮਿਹਨਤਾਂ ਮੁਸ਼ੱਕਤਾਂ ਕਰਦਿਆਂ ਉਮਰਾਂ ਗੁਜ਼ਰ ਜਾਂਦੀਆਂ ਹਨ ਪਰ ਘਰਾਂ ਦੀਆਂ ਆਰਥਿਕ ਤੰਗੀਆਂ ਨਹੀਂ ਮੁੱਕਦੀਆਂ ਤੇ ਨਾ ਹੀ ਸਾਰੀਆਂ ਜ਼ਿੰਮੇਵਾਰੀਆਂ ਚੱਜ ਨਾਲ ਪੂਰੀਆਂ ਹੁੰਦੀਆਂ ਹਨ। ਜ਼ਿੰਦਗੀ ਦੀ ਉਡਾਣ ਦੇ ਸੁਪਨੇ ਤਾਂ ਬਸ ਸੁਪਨੇ ਬਣ ਕੇ ਹੀ ਰਹਿ ਜਾਂਦੇ ਹਨ। ਬੜਾ ਕੁਜਸ ਸੋਚਿਆ ਹੁੰਦਾ ਹੈ ਇਹ ਕਰਾਂਗੇ--ਉਹ ਕਰਾਂਗੇ ਪਰ ਹੁੰਦਾ ਕੁਝ ਵੀ ਨਹੀਂ। ਉਮਰਾਂ ਦੀ ਰੇਤ ਹੱਥਾਂ ਚੋਂ ਕਿਰਦੀ ਕਿਰਦੀ ਇੱਕ ਦਿਨ ਪੂਰੀ ਤਰ੍ਹਾਂ ਕਿਰ ਜਾਂਦੀ ਹੈ। ਜ਼ਿੰਦਗੀ ਮੁੱਕ ਜਾਂਦੀ ਹੈ। ਪਰਿਵਾਰ ਵਿੱਚ ਜਿਹੜੇ ਬਾਕੀ ਬਚਦੇ ਹਨ ਉਹ ਵੀ ਹਰ ਕੇ ਬਹਿ ਜਾਂਦੇ ਹਨ। ਭਾਣਾ ਮੰਨੇ ਬਿਨ ਕੋਈ ਚਾਰਾ ਨਹੀਂ ਬਚਦਾ। ਅਜਿਹੀ ਹਾਲਤ ਵਿੱਚ ਅਗਲੇ ਜਨਮ ਦੀਆਂ ਗੱਲਾਂ ਬੜੀਆਂ ਚੰਗੀਆਂ ਲੱਗਣ ਲੱਗਦੀਆਂ ਹੈ ਉਹ ਜਨਮ ਜਿਹੜਾ ਸਾਡੇ ਚੋਂ ਕਿਸੇ ਨੇ ਨਹੀਂ ਦੇਖਿਆ ਹੁੰਦਾ। ਉਸ ਜਨਮ ਦੀ ਗੱਲ ਤਸੱਲੀ ਦੇਣ ਲੱਗਦੀ ਹੈ। ਪਰ ਜੇ ਇਸੇ ਜਨਮ ਵਿੱਚ ਹੀ ਲਾਟਰੀ ਨਿਕਲ ਆਈ ਹੋਵੇ ਤਾਂ ਕਿੰਝ ਮਹਿਸੂਸ ਹੋਵੇ। ਲਾਟਰੀ ਦੇ ਪੈਸਿਆਂ ਨਾਲ ਬਹੁਤ ਸਾਰੇ ਸੁਪਨੇ ਸਾਕਾਰ ਹੋਣ ਦੀ ਸੰਭਾਵਨਾ ਲੱਗਣ ਲੱਗਦੀ ਹੈ। ਤੇ ਗੁਰਮੀਤ ਸਿੰਘ ਦੀ ਸੱਚੀਂ ਮੁੱਚੀਂ ਲਾਟਰੀ ਨਿਕਲ ਆਈ ਹੈ ਉਹ ਵੀ ਪੂਰੇ ਦੋ ਕਰੋੜ ਰੁਪਏ ਦੀ।  

ਪੰਜਾਬ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਗੁਰਮੀਤ ਸਿੰਘ ਨੇ ਪੰਜਾਬ ਸਟੇਟ ਡੀਅਰ ਰਾਖੀ ਬੰਪਰ 2021 ਦਾ ਪਹਿਲਾ ਇਨਾਮ ਜਿੱਤਿਆ ਹੈ। ਲਾਟਰੀਜ਼ ਵਿਭਾਗ ਨੇ 26 ਅਗਸਤ ਨੂੰ ਰਾਖੀ ਬੰਪਰ ਦੇ ਨਤੀਜੇ ਐਲਾਨੇ ਸਨ ਅਤੇ 2 ਕਰੋੜ ਰੁਪਏ ਦਾ ਪਹਿਲਾ ਇਨਾਮ ਟਿਕਟ ਨੰ. ਬੀ -946267 ’ਤੇ ਨਿਕਲਿਆ ਸੀ।

ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਗੁਰਮੀਤ ਸਿੰਘ ਨੇ ਐਸ.ਏ.ਐਸ. ਨਗਰ ਜ਼ਿਲ੍ਹੇ ਦੇ ਨਯਾਗਾਉਂ ਤੋਂ ਟਿਕਟ ਖਰੀਦੀ ਸੀ।

ਇਨਾਮੀ ਰਾਸ਼ੀ ਲੈਣ ਲਈ ਇੱਥੇ ਸਟੇਟ ਲਾਟਰੀਜ਼ ਵਿਭਾਗ ਨੂੰ ਟਿਕਟ ਅਤੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਾਉਣ ਤੋਂ ਬਾਅਦ, ਜੇਤੂ ਨੇ ਕਿਹਾ ਕਿ ਇਹ ਰਾਸ਼ੀ ਉਹ ਆਪਣੇ ਬੱਚਿਆਂ ਦੀ ਪੜ੍ਹਾਈ 'ਤੇ ਖਰਚ ਕਰੇਗਾ ਕਿਉਂਕਿ ਉਹ ਉਨ੍ਹਾਂ ਨੂੰ ਬਿਹਤਰੀਨ ਸਿੱਖਿਆ ਪ੍ਰਦਾਨ ਕਰਨਾ ਚਾਹੁੰਦਾ ਹੈ।

ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਨੇ ਖੁਸ਼ਨਸੀਬ ਜੇਤੂ ਨੂੰ ਭਰੋਸਾ ਦਿੱਤਾ ਕਿ ਇਨਾਮੀ ਰਾਸ਼ੀ ਜਲਦੀ ਉਸ ਦੇ ਖਾਤੇ ਵਿੱਚ ਪਾ ਦਿੱਤੀ ਜਾਵੇਗੀ।
ਜੇ ਤੁਹਾਡੀ ਵੀ ਦੋ ਕਰੋੜ ਰੁਪਏ ਵਾਲੀ ਲਾਟਰੀ ਨਿਕਲ ਆਏ ਤਾਂ ਭਲਾ ਕੀ ਕੀ ਕਰੋਂਗੇ। ਆਪਣੇ ਵਿਚਾਰ ਜ਼ਰੂਰ ਭੇਜਣਾ। ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ।