Showing posts with label Corruption. Show all posts
Showing posts with label Corruption. Show all posts

Tuesday, December 05, 2023

ਵੇਰਕਾ ਮਿਲਕ ਪਲਾਂਟ ਦਾ ਮੈਨੇਜਰ ਰਿਸ਼ਵਤ ਲੈਂਦਾ ਕਾਬੂ

5th December 2023 at 7:00 PM

ਮੈਨੇਜਰ ਨੂੰ 50,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ  ਨੇ ਫੜ੍ਹਿਆ

ਚੰਡੀਗੜ੍ਹ: 5 ਦਸੰਬਰ 2023: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਬਿਊਰੋ):: 
ਅੱਜਕਲ੍ਹ ਤਨਖਾਹਾਂ ਵੀ ਬਹੁਤ ਚੰਗੀਆਂ ਹਨ। ਸਹੂਲਤਾਂ ਵੀ ਬਹੁਤ ਹਨ ਫਿਰ ਵੀ ਵੱਡੇ ਅਹੁਦਿਆਂ 'ਤੇ ਬੈਠੇ ਲੋਕ ਰਿਸ਼ਵਤਾਂ ਵਰਗੀਆਂ ਆਦਤਾਂ ਤੋਂ ਮੁਕਤ ਨਹੀਂ ਹੋ ਰਹੇ। ਬਹੁਤ ਸਾਰੇ ਕਾਨੂੰਨਾਂ ਦੇ ਬਾਵਜੂਦ ਰਿਸ਼ਵਤਖੋਰੀਜਾਰੀ ਹੈ। ਹੁਣ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਇੱਕ ਹੋਰ ਵੱਡੇ ਅਧਿਕਾਰੀ ਨੂੰ ਕਾਬੂ ਕੀਤਾ ਗਿਆ ਹੈ। ਅੱਜ ਮੰਗਲਵਾਰ ਨੂੰ ਮਿਲਕ ਪਲਾਂਟ ਮੁਹਾਲੀ ਵਿਖੇ ਤਾਇਨਾਤ ਮੈਨੇਜਰ (ਦੁੱਧ ਇਕੱਤਰਨ) ਮਨੋਜ ਕੁਮਾਰ ਸ੍ਰੀਵਾਸਤਵਾ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਥੇ ਜ਼ਿਕਰਯੋਗ ਹੈ ਕਿ ਵੇਰਕਾ ਮਿਲਕ ਪਲਾਂਟ ਪੰਜਾਬ ਵਿੱਚ ਦੁੱਧ ਦੀ ਮੰਗ ਪੂਰੀ ਕਰਨ ਵਾਲੇ ਵੱਡੇ ਅਦਾਰਿਆਂ ਵਿਚੋਂ ਇੱਕ ਹੈ। ਦੁੱਧ ਦੇ ਨਾਲਨਾਲ ਇਹ ਪਲਾਂਟ ਦਹੀਂ, ਲੱਸੀ, ਘਿਓ, ਮੱਖਣ, ਪਨੀਰ, ਕੇਕ ਅਤੇ ਪਿੰਨੀਆਂ ਵਰਗੇ ਬਹੁਤ ਸਾਰੇ ਉਤਪਾਦਨ ਬਣਾ ਬਣਾ ਕੇ ਵੀ ਵੇਚਦਾ ਹੈ। ਆਮ ਤੌਰ ਤੇ ਇਹ ਤਾਜ਼ੇ ਅਤੇ ਜ਼ਿਆਦਾ ਸੁਆਦੀ ਹੁੰਦੇ ਹਨ। ਇਸ  ਤਰ੍ਹਾਂ ਇਸ ਪਲਾਂਟ ਦਾ ਕਾਰੋਬਾਰ ਬਹੁਤ ਵੱਡੀ ਗਿਣਤੀ ਵਿਚ ਹੈ। ਇਸਦਾ ਨੈਟਵਰਕ ਵੀ ਪੰਜਾਬ ਦੇ ਸਾਰੇ ਸ਼ਿਹਰਾਂ ਦੀਆਂ ਗਲੀਂ ਤੱਕ ਫੈਲਿਆ ਹੋਇਆ ਹੈ। ਇਸਦੇ ਦੁੱਧ ਦੀਆਂ ਕਿਸਮਾਂ ਵੀ ਹਨ ਜਿਹੜੀਆਂ ਫੈਟ ਅਤੇ ਕੀਮਤਾਂ ਦੇ ਅਧਾਰ ਤੇ ਵੱਖੋ ਵੱਖ ਹਨ। ਏਨੇ ਵੱਡੇ ਅਦਾਰੇ ਦੇ ਬਾਵਜੂਦ ਇਥੇ ਰਿਸ਼ਵਤਖੋਰੀ ਅਤੇ ਹੋਰ ਅਜਿਹੀਆਂ ਹੀ ਬੇਨਿਯਮੀਆਂ ਬਾਰੇ ਗੱਲਾਂ ਅਕਸਰ ਉਠਦਿਆਂ ਹੀ ਰਹਿੰਦੀਆਂ ਹਨ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਕਰਮਚਾਰੀ ਵਿਰੁੱਧ ਇਹ ਕੇਸ ਸੁਖਬੀਰ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ, ਜੋ ਕਿ ਉਕਤ ਮਿਲਕ ਪਲਾਂਟ ਵਿੱਚ ਇੱਕ ਨਿੱਜੀ ਫਰਮ ਵੱਲੋਂ ਦੁੱਧ ਇਕੱਠਾ ਕਰਨ ਵਾਲੇ ਟੈਂਕਰਾਂ ਦੀ ਦੇਖ-ਭਾਲ ਕਰਦਾ ਹੈ।

ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਵੱਖ-ਵੱਖ ਥਾਵਾਂ ਤੋਂ ਦੁੱਧ ਇਕੱਠਾ ਕਰਨ ਲਈ ਜਾਂਦੇ ਉਸ ਦੇ ਟੈਂਕਰਾਂ ਨੂੰ ਵਧੀਆ ਰੂਟ ਅਲਾਟ ਕਰਨ ਬਦਲੇ ਰਾਜ ਦੇ ਸਹਿਕਾਰਤਾ ਵਿਭਾਗ ਦਾ ਉਕਤ ਮੁਲਾਜ਼ਮ ਉਸ ਤੋਂ 50,000 ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਉਕਤ ਮੈਨੇਜਰ ਇਸ ਸਬੰਧੀ ਪਹਿਲਾਂ ਹੀ 50,000 ਰੁਪਏ ਲੈ ਚੁੱਕਾ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੀ ਫਲਾਇੰਗ ਸਕੁਐਡ ਯੂਨਿਟ ਮੋਹਾਲੀ ਨੇ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਪੜਤਾਲ ਕਰਦਿਆਂ ਇੱਕ ਜਾਲ ਵਿਛਾਇਆ ਜਿਸ ਤਹਿਤ ਉਕਤ ਦੋਸ਼ੀ ਮੈਨੇਜਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

ਇਸ ਸਬੰਧੀ ਉਪਰੋਕਤ ਕਰਮਚਾਰੀ ਵਿਰੁੱਧ ਵਿਜੀਲੈਂਸ ਬਿਓਰੋ ਦੇ ਥਾਣਾ ਫਲਾਇੰਗ ਸਕੁਐਡ-1, ਪੰਜਾਬ, ਮੁਹਾਲੀ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਭਲਕੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਇਸ ਤੋਂ ਪਹਿਲਾਂ ਪਿਛਲੇ ਨਵੰਬਰ ਮਹੀਨੇ ਵਿੱਚ ਵੀ ਭ੍ਰਿਸ਼ਟਾਚਾਰ ਵਰਗਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਦੋਂ ਸੀਬੀਆਈ ਨੇ ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਡਿਪਟੀ ਮੈਨੇਜਰ ਆਸ਼ਿਮ ਕੁਮਾਰ ਸੇਨ ਨੂੰ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਇਕ ਠੇਕੇਦਾਰ ਨੂੰ ਉਸ ਦੇ ਕੰਮ  ਵਿਚ ਕਮੀਆਂ ਦੱਸ ਕੇ ਲਗਾਤਾਰ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਅਤੇ ਉਸ ਨੂੰ ਰਿਸ਼ਵਤ ਦੇਣ ਲਈ ਮਜਬੂਰ ਕਰ ਰਿਹਾ ਸੀ। ਆਸ਼ਿਮ ਸੇਨ ਠੇਕੇਦਾਰ ਤੋਂ 15 ਹਜ਼ਾਰ ਰੁਪਏ ਮਹੀਨਾ ਮੰਗ ਰਿਹਾ ਸੀ। ਅਜਿਹੇ ਕਿੰਨੇ ਮਾਮਲੇ ਹੋਰ ਹੋ ਸਕਦੇ ਹਨ ਇਸਦਾ ਅੰਦਾਜ਼ਾ ਲਾਉਣਾ ਵੀ ਕੋਈ ਔਖਾ ਨਹੀਂ। 

ਬਾਰ ਬਾਰ ਤੰਗ ਕੀਤੇ ਜਾਣ 'ਤੇ ਨਿਰਾਸ਼ ਹੋ ਕੇ ਠੇਕੇਦਾਰ ਨੇ ਸੀਬੀਆਈ ਨੂੰ ਸ਼ਿਕਾਇਤ ਕੀਤੀ। ਸੀਬੀਆਈ ਨੇ ਮੁਲਜ਼ਮਾਂ ਨੂੰ ਫੜਨ ਲਈ ਸ਼ੁੱਕਰਵਾਰ ਸ਼ਾਮ ਨੂੰ ਸੈਕਟਰ-35 ਸਥਿਤ ਹੋਟਲ ਮਾਇਆ ਵਿਚ ਜਾਲ ਵਿਛਾਇਆ। ਜਦੋਂ ਮੁਲਜ਼ਮ ਠੇਕੇਦਾਰ ਤੋਂ ਰਿਸ਼ਵਤ ਲੈਣ ਗਿਆ ਤਾਂ ਸੀਬੀਆਈ ਨੇ ਉਸ ਨੂੰ ਰਿਸ਼ਵਤ ਦੀ ਰਕਮ ਸਮੇਤ ਗ੍ਰਿਫ਼ਤਾਰ ਕਰ ਲਿਆ। ਉਸ ਸਮੇਂ ਉਹ ਠੇਕੇਦਾਰ ਤੋਂ 30 ਹਜ਼ਾਰ ਰੁਪਏ ਲੈ ਰਿਹਾ ਸੀ। ਸੀਬੀਆਈ ਨੇ ਮੁਲਜ਼ਮਾਂ ਨੂੰ ਉਸੇ ਸ਼ਾਮ  ਨੂੰ ਹੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮਾਂ ਨੂੰ ਬੁੜੈਲ ਜੇਲ੍ਹ ਭੇਜ ਦਿੱਤਾ। ਇਸ ਤਰ੍ਹਾਂ ਇਸ ਇਤਿਹਾਸ ਵਿਚ ਇੱਕ ਹੋਰ ਮਾਮਲਾ ਦਰਜ ਸ਼ਾਮਲ ਹੋ ਗਿਆ ਪਰ ਕੁਰੱਪਸ਼ਨ ਨੂੰ ਮੂਲੋਂ ਖਤਮ ਕਰਨਾ ਅਜੇ ਬਾਕੀ ਹੈ।

ਇਸੇ ਤਰ੍ਹਾਂ ਇਸੇ ਸਾਲ ਜੁਲਾਈ ਦੇ ਪਹਿਲੇ ਹਫਤੇ ਵੀ ਇੱਕ ਅਜੀਬ ਕਿਸਮ ਦਾ ਵਿਵਾਦ ਸਾਹਮਣੇ ਆਇਆ ਸੀ ਜਦੋਂ ਕਰੋੜਾਂ ਰੁਪਏ ਦੀ ਕੀਮਤ ਵਾਲਾ ਮਾਲ ਗਾਇਬ ਹੋਣ ਦਾ ਘਪਲਾ ਸਾਹਮਣੇ ਆਇਆ ਸੀ। ਇਸ ਮੱਲ ਵਿਚ ਮੁੱਖ ਤੌਰ ਤੇ ਦੁੱਧ ਅਤੇ ਘਿਓ ਸ਼ਾਮਲ ਸਨ। ਉਸ ਮੌਕੇ ਵੀ ਵਿਭਾਗ ਵਲੋਂ ਸਿਰਫ਼ 60,000 ਕਰੇਟ ਹੀ ਗਾਇਬ ਹੋਣ ਦੀ ਗੱਲ ਮੰਨੀ ਗਈ ਸੀ। 
 
ਮੋਹਾਲੀ ਦੇ ਵੇਰਕਾ ਮਿਲਕ ਪਲਾਂਟ 'ਚੋਂ ਘਪਲਾਬਾਜ਼ੀ ਦੀ ਖ਼ਬਰ ਸਾਹਮਣੇ ਆਉਣ ਵੇਲੇ ਵੀ ਇਸ ਮਾਮਲੇ ਦੀ ਕਾਫੀ ਚਰਚਾ ਹੋਈ ਸੀ। ਉਦੋਂ ਇਥੇ ਕਈ ਕਰੋੜ ਰੁਪਏ ਦੇ ਦੇਸੀ ਘਿਓ, ਦੁੱਧ ਅਤੇ ਕਰੇਟ ਗਾਇਬ  ਹੋਏ ਸਨ। ਵਿਭਾਗ ਵਲੋਂ ਸਿਰਫ਼ 60,000 ਕਰੇਟ ਹੀ ਗਾਇਬ ਹੋਣ ਦੀ ਗੱਲ ਮੰਨੀ ਜਾਂਦੀ ਰਹੀ ਜਦਕਿ ਖਬਰਾਂ ਵਿਚ ਇਹ ਘਪਲਾ ਵੱਡਾ ਸੀ। ਮੀਡੀਆ ਵਿੱਚ ਗਾਇਬ ਹੋਏ ਮਾਲ ਦੀ ਕੀਮਤ ਕਰੀਬ 1.25 ਕਰੋੜ ਰੁਪਏ ਦੇ ਕਰੀਬ ਦੱਸੀ ਗਈ ਸੀ।

ਮੀਡੀਆ ਵਿਚ ਇਸ ਬਾਰੇ ਕਾਫੀ ਕੁਝ ਆਉਂਦਾ ਰਿਹਾ। ਪਹਿਲਾਂ ਤਾਂ ਇਹ ਕਰੇਟ ਖ਼ਰਾਬ ਹੋਣ ਦੀ ਗੱਲ ਕਹਿ ਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇੰਨੀ ਵੱਡੀ ਗਿਣਤੀ ਵਿਚ ਕਰੇਟ ਖ਼ਰਾਬ ਹੋਣ ਅਤੇ ਉਨ੍ਹਾਂ ਦੀ ਰਹਿੰਦ-ਖੂੰਹਦ ਦਾ ਵੀ ਪਤਾ ਨਾ ਲੱਗਣ ਕਾਰਨ ਇਸ ਮਾਮਲੇ ਦੀ ਰਜਿਸਟਰਾਰ ਸਹਿਕਾਰੀ ਸਭਾ ਪੰਜਾਬ ਵਲੋਂ ਵੀ ਜਾਂਚ ਅਰੰਭੀ ਗਈ ਸੀ। 

ਇਹ ਮਾਮਲਾ ਦਰਅਸਲ ਮੁਲਾਜ਼ਮਾਂ ਦੀ ਸਾਵਧਾਨੀ ਦੇ ਸਿੱਟੇ ਵੱਜੋਂ ਸਾਹਮਣੇ ਆਇਆ ਸੀ। ਪੰਜਾਬ ਸਟੇਟ ਕਰਮਚਾਰੀ ਦਲ ਦੇ ਸਾਬਕਾ ਸਕੱਤਰ ਜਗਜੀਤ ਸਿੰਘ ਨੇ ਇਸ ਮਾਮਲੇ 'ਚ ਸ਼ਿਕਾਇਤ ਕੀਤੀ ਗਈ ਸੀ ਕਿ ਕਰੋੜਾਂ ਰੁਪਏ ਦੇ ਦੇਸੀ ਘਿਓ, ਦੁੱਧ ਅਤੇ ਕਰੇਟ ਪਲਾਂਟ ਵਿਚੋਂ ਗਾਇਬ ਸਨ। ਇਸ ਮਾਮਲੇ ਵਿਚ ਵੇਰਕਾ ਪਲਾਂਟ ਮੁਹਾਲੀ ਦੇ ਚਾਰ ਅਧਿਕਾਰੀਆਂ ਦੇ ਨਾਂ ਲਏ ਗਏ ਹਨ। ਇਸ ਮਾਮਲੇ ਵਿਚ ਪੰਜ ਵਿਅਕਤੀਆਂ ਨੂੰ ਮੁਅੱਤਲ ਵੀ ਕੀਤਾ ਗਿਆ ਸੀ, ਜਿਨ੍ਹਾਂ ਨੂੰ ਬਾਅਦ ਵਿਚ ਯੂਨੀਅਨ ਦੇ ਦਬਾਅ ਕਾਰਨ ਬਹਾਲ ਕਰ ਦਿਤਾ ਗਿਆ ਸੀ।

Saturday, October 30, 2021

ਜ਼ਮੀਨਾਂ ਵੇਚਣ ਦੇ ਵੱਡੇ ਸਕੈਂਡਲ ਦਾ ਪਰਦਾਫਾਸ਼ ਮੋਹਾਲੀ ਪ੍ਰੈਸ ਕਲੱਬ ਵਿੱਚ

ਸ਼ਹੀਦ ਕਾਂਸ਼ੀ ਰਾਮ ਮੜੋਲੀ ਜੀ ਦੀਆਂ ਯਾਦਗਾਰਾਂ ਨੂੰ ਬਚਾਉਣ ਲਈ ਅਪੀਲ
ਗਦਰ ਪਾਰਟੀ ਦੇ ਖ਼ਜ਼ਾਨਚੀ ਸਨ ਸ਼ਹੀਦ ਕਾਸ਼ੀ ਰਾਮ ਮੜੋਲੀ

ਮੋਹਾਲੀ
: 30 ਅਕਤੂਬਰ 2021:(ਗੁਰਜੀਤ ਬਿੱਲਾ//ਪੰਜਾਬ ਸਕਰੀਨ):: 

ਸਮਾਜ ਸੇਵੀ ਸੰਸਥਾ ਪੰਜਾਬ ਅਗੇਸਟ ਕੁਰੱਪਸ਼ਨ ਦੇ ਅਹੁਦੇਦਾਰ ਸਤਨਾਮ ਦਾਊਂ ਨੇ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਗਦਰ ਪਾਰਟੀ ਦੇ ਖ਼ਜ਼ਾਨਚੀ ਸ਼ਹੀਦ ਕਾਂਸ਼ੀ ਰਾਮ ਮੜੋਲੀ ਜੀ ਦੀਆਂ ਯਾਦਗਾਰਾਂ ਨੂੰ ਬਚਾਉਣ ਲਈ ਮੁੱਖ ਮੰਤਰੀ ਨੂੰ ਅਪੀਲ ਕੀਤੀ। 

ਉਹਨਾਂ ਕਿਹਾ ਕਿ ਮੁੱਖ ਮੰਤਰੀ ਦੇ ਪਿਤਾ ਸ. ਹਰਸ਼ਾ ਸਿੰਘ, ਸ਼ਹੀਦਾਂ ਦੀਆਂ ਯਾਦਗਾਰਾਂ ਕਾਇਮ ਕਰਨ ਵਿੱਚ ਲੱਗੇ ਰਹੇ ਸਨ। ਭਾਰਤ ਦੀ ਆਜ਼ਾਦੀ ਲਹਿਰ ਵਿੱਚ ਗਦਰੀ ਬਾਬਿਆਂ ਦਾ ਵੱਡਾ ਰੋਲ ਸੀ। ਇਹਨਾਂ ਗਦਰੀ ਬਾਬਿਆਂ ਵਿੱਚੋਂ ਪੰਡਿਤ ਕਾਂਸ਼ੀ ਰਾਮ ਜੀ ਜੋ ਕਿ ਮੋਰਿੰਡਾ ਨੇੜਲੇ ਮੜੌਲੀ ਕਲਾਂ ਪਿੰਡ ਦੇ ਜੰਮਪਲ ਸਨ। ਪੰਡਿਤ ਕਾਂਸ਼ੀ ਰਾਮ ਜੀ ਨੇ ਲਾਲਾ ਹਰਦਿਆਲ, ਬਾਬਾ ਸੋਹਣ ਸਿੰਘ ਭਕਨਾਂ (ਕਾਮਾਗਾਟਾਮਾਰੂ ਸਾਕਾ) ਅਤੇ ਪਰਮਾਨੰਦ ਜੀ ਨਾਲ ਮਿਲ ਕੇ ਹਿੰਦੀ ਪੇਸੈਫਿਕ ਨਾਮ ਦੀ ਇੱਕ ਸੰਸਥਾ ਕਾਇਮ ਕੀਤੀ ਸੀ ਅਤੇ ਬਾਅਦ ਵਿੱਚ ਇਸ ਸੰਸਥਾ ਨੇ ਕਨੇਡਾ ਅਤੇ ਅਮਰੀਕਾ ਵਿੱਚ ਕਾਇਮ ਹੋਈਆਂ ਕਈ ਹੋਰ ਐਸੋਸੀਏਸ਼ਨਾਂ ਨੂੰ ਨਾਲ ਲੈ ਕੇ 21 ਅਪ੍ਰੈਲ 1913 ਨੂੰ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ ਸੀ। ਜਿਸ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਜਨਰਲ ਸਕੱਤਰ ਲਾਲਾ ਹਰਦਿਆਲ ਅਤੇ ਖਜਾਨਚੀ ਪੰਡਿਤ ਕਾਂਸ਼ੀ ਰਾਮ ਮੜੌਲੀ ਚੁਣੇ ਗਏ ਸ਼ਨ। ਗਦਰ ਪਾਰਟੀ ਨੇ ਬਾਅਦ ਵਿੱਚ ਅੰਗਰੇਜ਼ਾਂ ਦੀ ਗੁਲਾਮੀ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਅਤੇ ਭਾਰਤ ਦੀ ਆਜ਼ਾਦੀ ਵਿੱਚ ਵੱਡਾ ਯੋਗਦਾਨ ਪਾਇਆ ਸੀ। ਅੰਗਰੇਜ਼ੀ ਹਕੂਮਤ ਖਿਲਾਫ ਗਤੀਵਿਧੀਆਂ ਕਰਨ ਕਾਰਨ ਪੰਡਿਤ ਕਾਂਸ਼ੀ ਰਾਮ ਨੂੰ ਅੰਗਰੇਜ਼ ਹਕੂਮਤ ਨੇ 27 ਮਾਰਚ 1915 ਨੂੰ ਲਹੌਰ ਜੇਲ੍ਹ ਵਿੱਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਸੀ।  

ਸ਼ਹੀਦ ਕਾਂਸ਼ੀ ਰਾਮ ਜੀ ਦੀ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਪਾਏ ਵੱਡਮੁੱਲੇ ਯੋਗਦਾਨ ਅਤੇ ਮੋਹਾਲੀ ਇਲਾਕੇ ਦੇ ਹੋਣ ਕਾਰਨ  ਇਲਾਕੇ ਦੇ ਲੋਕਾਂ ਅਤੇ ਉਸ ਸਮੇਂ ਦੇ ਐੱਮ.ਐੱਲ.ਏ. ਸ਼ਮਸ਼ੇਰ ਸਿੰਘ ਜੋਸ਼ ,  ਮੌਜੂਦਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੇ ਪਿਤਾ ਸ. ਹਰਸ਼ਾ ਸਿੰਘ ਜੋ ਉਸ ਸਮੇਂ ਸਰਪੰਚ ਪਿੰਡ ਭਜੌਲੀ ਸ਼ਨ, ਸ. ਨਾਨਕ ਸਿੰਘ ਸਰਪੰਚ ਖਾਨਪੁਰ,  ਪਿੰਡ ਭਾਗੋ ਮਾਜਰਾ ਅਤੇ ਇਲਾਕੇ ਦੇ ਹੋਰ ਲੋਕਾਂ ਨੇ 'ਨੈਸ਼ਨਲ ਐਜੂਕੇਸ਼ਨ ਸੋਸਾਇਟੀ' ਖਰੜ ਰਜਿਸਟਰਡ ਨੰਬਰ 121 ਨੂੰ 17 ਜੁਲਾਈ 1973 ਵਿੱਚ ਰਜਿਸਟਰ ਕਰਵਾ ਕੇ ਗਦਰੀ ਸ਼ਹੀਦ ਕਾਂਸੀ ਰਾਮ ਜੀ ਦੀ ਯਾਦ ਨੂੰ ਅਮਰ ਕਰਨ ਲਈ ਇਲਾਕੇ ਵਿੱਚ ਵੱਡੀਆਂ ਸਿੱਖਿਆ ਸੰਸਥਾਵਾਂ ਬਣਾਉਣ ਲਈ ਪਹਿਲ ਕੀਤੀ ਗਈ ਸੀ। 'ਨੈਸ਼ਨਲ ਐਜੂਕੇਸ਼ਨ ਸੋਸਾਇਟੀ' ਰਜਿਸਟਰ ਕਰਵਾਉਣ ਵੇਲੇ ਉਸ ਸਮੇਂ ਦੇ ਐਮ.ਐੱਲ.ਏ ਸ ਸਮਸ਼ੇਰ ਸਿੰਘ ਜੋਸ਼ ਸਨ ਨੂੰ ਪ੍ਰਧਾਨ , ਮੌਜੂਦਾ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੇ ਪਿਤਾ ਸ. ਹਰਸ਼ਾ ਸਿੰਘ ਨੂੰ ਐਗਜੈਕਟਿਵ ਮੈਂਬਰ ਅਤੇ ਪਿੰਡ ਖਾਨਪੁਰ ਦੇ ਸਰਪੰਚ ਸ. ਨਾਨਕ ਸਿੰਘ ਨੂੰ ਮੈਂਬਰ ਬਣਾਇਆ ਗਿਆ ਸੀ।

ਉਸ ਰਜਿਸਟਰਡ  ਸੰਸਥਾ ਵੱਲੋਂ ਉਸ ਸਮੇਂ ਸ਼ਹੀਦ ਕਾਂਸ਼ੀ ਰਾਮ ਜੀ ਨੂੰ ਸਮਰਪਿਤ ਸਿੱਖਿਆ ਸੰਸਥਾਵਾਂ ਬਣਾਉਣ ਲਈ 20 ਕਿੱਲੇ ਜ਼ਮੀਨ ਪਿੰਡ ਭਾਗੋਮਾਜਰਾ ਨੇ ਸ਼ਰਤਾਂ ਅਧੀਨ ਦਾਨ ਵਿੱਚ ਅਤੇ  17 ਕਿੱਲੇ ਜ਼ਮੀਨ ਸਰਪੰਚ ਨਾਨਕ ਸਿੰਘ ਪਿੰਡ ਖਾਨਪੁਰ ਨੇ ਦਿੱਤੀ ਸੀ। ਇਸ ਤੋਂ ਇਲਾਵਾ ਕ੍ਰਿਸ਼ਚਨ ਸਕੂਲ ਖਰੜ ਦੇ ਸਾਹਮਣੇ ਮਹਿੰਗੇ ਭਾਅ ਦੀ ਜਮੀਨ ਜਿਸ ਵਿੱਚ ਇੱਕ ਅੰਗਰੇਜ ਪ੍ਰਿੰਸੀਪਲ ਦੀ ਕੋਠੀ ਅਤੇ ਵਿਦਿਆਰਥੀਆਂ ਦੇ ਰਹਿਣ ਲਈ ਇੱਕ ਹੋਸਟਲ ਵੀ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਲਾਂਡਰਾਂ ਰੋਡ ਤੇ ਇੱਕ ਸਕੂਲ ਬਣਾਉਣ ਲਈ ਜ਼ਮੀਨ ਵੀ ਦਿੱਤੀ ਗਈ ਸੀ ਉਹ ਸਕੂਲ ਦਹਾਕਿਆਂ ਤੋਂ ਬੰਦ ਹੈ। ਇਹਨਾਂ ਜਮੀਨਾਂ ਵਿੱਚ  ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ ਅਤੇ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਫਿਜੀਕਲ ਐਜੂਕੇਸ਼ਨ ਕਾਲਜ ਜੋ ਕਿ ਉੱਤਰੀ ਭਾਰਤ ਵਿੱਚ ਮਸ਼ਹੂਰ ਫਿਜੀਕਲ ਐਜੂਕੇਸ਼ਨ ਸੀ ਆਦਿ ਸਥਾਪਤ ਕੀਤੇ ਗਏ ਸ਼ਨ।

ਹੁਣ ਰਾਜਧਾਨੀ ਦੇ ਨੇੜੇ ਹੋਣ ਕਾਰਨ ਇਸ ਇਲਾਕੇ ਵਿੱਚ ਜਮੀਨਾਂ ਦੀਆਂ ਕੀਮਤਾਂ ਪ੍ਰਾਪਰਟੀ ਬੂਮ ਕਰਕੇ ਆਸਮਾਨ ਨੂੰ ਛੋਹ ਰਹੀਆਂ ਹਨ ਜਿਸ ਕਰਕੇ ਵੱਡੇ ਬਿਲਡਰਾਂ ਦੀਆਂ ਲਾਲਚੀ ਨਜਰਾਂ ਇਹਨਾਂ ਕੀਮਤੀ ਜਮੀਨਾਂ ਤੇ ਹਨ। ਜਿਸ ਕਾਰਨ ਟਰੱਸਟ ਪ੍ਰਬੰਧਕਾਂ ਨੇ ਜਮੀਨਾਂ ਦਾ ਕੁੱਝ ਹਿੱਸਾ ਸੰਨ 2003 ਵਿੱਚ  4 ਲੱਖ 66 ਹਜਾਰ ਰੁਪਏ ਵਿੱਚ ਨੀਲਾਮ ਕੀਤਾ, ਫਿਰ ਸਾਲ 2011 ਵਿੱਚ ਕੁੱਝ ਜਮੀਨ ਵੇਚੀ ਗਈ। ਹੁਣ ਸਾਲ 2008 ਤੋਂ ਲੈ ਕੇ ਜੂਨ 2021 ਤੱਕ ਲਗਭਗ 53 ਇੰਤਕਾਲ ਕਰਵਾਏ ਗਏ ਜਿਸ ਵਿੱਚੋਂ 40 ਤੋਂ ਵੱਧ ਸੌਦੇ ਸਿਰਫ ਇੱਕ ਨਾਮੀ ਬਿਲਡਰ  ਪ੍ਰਵੀਨ ਕੁਮਾਰ ਪੁੱਤਰ ਅਮਰ ਚੰਦ ਦੇ ਨਾਮ ਕਰਵਾ ਕੇ ਰਜਿਸਟਰੀਆਂ ਅਤੇ ਇੰਤਕਾਲ ਕਰਵਾਏ ਗਏ ਜਿਸ ਕਾਰਨ ਇਹ ਵੀ ਸ਼ੱਕ ਹੈ ਕਿ ਬਾਕੀ ਜਮੀਨਾਂ ਦੇ ਗੁਪਤ ਸੋਦੇ ਵੀ ਹੋਏ ਹੋਣਗੇ।

ਇਸ ਤੋਂ ਇਲਾਵਾ ਟਰੱਸਟ ਵੱਲੋਂ ਹੋਰ ਵੀ ਵੱਡੇ ਘੋਟਾਲੇ ਕਰਨ ਦਾ ਸ਼ੱਕ ਹੈ ਕਿਉਂ ਕਿ ਟਰੱਸਟ ਵੱਲੋਂ ਆਰ ਟੀ ਆਈ ਰਾਹੀਂ ਜਾਣਕਾਰੀ ਦੇਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਸੀ ਪਰ ਸੂਚਨਾ ਕਮਿਸ਼ਨ ਦਾ ਦਬਾਓ ਪੈਣ ਤੇ ਗਲਤ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਗਈ।  ਜਾਣਕਾਰੀ ਵਿੱਚ ਕਿਹਾ ਗਿਆ ਕਿ ਟਰੱਸਟ ਅਤੇ ਕਾਲਜ ਦੇ ਨਾਮ ਤੇ ਕੋਈ ਵੀ ਜਮੀਨ ਨਹੀਂ ਹੈ ਅਤੇ ਨਾ ਹੀ ਕੋਈ ਜਮੀਨ ਵੇਚੀ ਗਈ ਹੈ ਅਤੇ ਨਾ ਹੀ ਕਿਸੇ ਵੀ ਜਮੀਨਾਂ ਦੇ ਪੈਸੇ ਲਏ ਗਏ ਹਨ ਜਦੋਂ ਕੇ ਸਾਡੇ ਕੋਲ ਵੇਚੀਆਂ ਜਮੀਨਾਂ ਦਾ ਅਤੇ ਵੇਚੀਆਂ ਜਮੀਨਾਂ ਦੀ ਕੀਮਤ ਲੈਣ ਦਾ ਸਰਕਾਰੀ ਰਿਕਾਰਡ ਮੌਜੂਦ ਹੈ ਜਿਸ ਤੋਂ ਵੱਡੇ ਘਪਲੇ ਦੀ ਬੂ ਆਉਂਦੀ ਹੈ। 

ਹੁਣ ਦੋਵੇਂ ਯਾਦਗਾਰੀ ਕਾਲਜ ਬੰਦ ਹੋਣ ਕਿਨਾਰੇ ਹਨ ਲਾਲਚ ਕਾਰਨ ਇਨ੍ਹਾਂ ਯਾਦਗਾਰੀ ਕਾਲਜਾਂ ਦੀਆਂ ਜਮੀਨਾਂ ਲਗਾਤਾਰ ਹੋ ਰਹੇ ਘਪਲਿਆਂ ਕਾਰਨ ਬਿਲਡਰਾਂ ਕੋਲ ਵਿਕ ਰਹੀਆਂ ਹਨ ਅਤੇ ਟਰੱਸਟੀ ਇੱਕ ਸਕੂਲ ਪਹਿਲਾ ਹੀ ਬੰਦ ਕਰ ਚੁੱਕੇ ਹਨ ਅਤੇ ਹੁਣ ਕਾਲਜਾਂ ਦਾ ਭਵਿੱਖ ਵੀ ਧੁੰਦਲਾ ਹੈ।

ਗਦਰੀ ਬਾਬਿਆਂ ਦੇ ਵਾਰਸਾਂ ਅਤੇ ਇਲਾਕੇ ਦੇ ਲੋਕਾਂ ਦੀ ਅਣਗਹਿਲੀ ਕਾਰਨ ਇਹ ਵੱਡਾ ਘੋਟਾਲਾ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਨਹੀਂ ਆ ਸਕਿਆ। ਮੌਜੂਦਾ ਮੁੱਖ ਮੰਤਰੀ ਵੀ ਇਸ ਘੋਟਾਲੇ ਨੂੰ ਸਮੇਂ ਸਿਰ ਰੋਕ ਸਕਦੇ ਹਨ ਕਿਉਂਕਿ  ਲੰਬਾ ਸਮਾਂ ਐਮ ਐਲ ਏ ਵੀ ਰਹੇ ਹਨ ਉਹਨਾਂ ਦਾ ਘਰ ਵੀ ਇਹਨਾਂ ਯਾਦਗਾਰਾਂ ਦੇ ਨੇੜੇ ਹੈ, ਉਹਨਾਂ ਦੇ ਪਿਤਾ ਜੀ ਦਾ ਇਹਨਾਂ ਯਾਦਗਾਰਾਂ ਨੂੰ ਬਣਾਉਣ ਵਿੱਚ ਅਹਿਮ ਯੋਗਦਾਨ ਰਿਹਾ ਹੈ ਅਤੇ ਮੋਜੂਦਾ ਟਰੱਸਟੀ ਉਹਨਾਂ ਦੇ ਗਵਾਂਢੀ ਵੀ ਹਨ ਪਰ ਅਜਿਹਾ ਨਹੀਂ ਹੋ ਸਕਿਆ।  

ਇਸ ਸਬੰਧੀ ਜਿਲ੍ਹਾ ਪ੍ਰਸ਼ਾਸਨ ਅਤੇ ਮੁੱਖ ਮੰਤਰੀ ਪੰਜਾਬ ਨੂੰ ਮਿਤੀ 13 ਜੂਨ 2021 ਨੂੰ ਸ਼ਿਕਾਇਤ ਕੀਤੀ ਗਈ ਸੀ ਅਤੇ ਮੁੜ ਰਿਮਾਇੰਡਰ ਵੀ ਈਮੇਲ ਕੀਤਾ ਗਿਆ ਸੀ ਅਤੇ ਮੁੱਖ ਮੰਤਰੀ ਦੇ ਪਰਿਵਾਰ ਤੱਕ ਇਹ ਗੱਲ ਪਹੁੰਚਾ ਦਿੱਤੀ ਗਈ ਸੀ ਜਿਸ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਪ੍ਰੈਸ ਕਾਨਫਰੰਸ ਵਿੱਚ ਹਾਜਰ ਨੁਮਾਇੰਦਿਆਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਇਸ ਦਾ ਗੰਭੀਰ ਨੋਟਿਸ ਲੈਣਾ ਬਣਦਾ ਹੈ ਅਤੇ ਯਾਦਗਾਰਾਂ ਨੂੰ ਬਚਾਉਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਜਾਂ ਯਾਦਗਾਰਾਂ ਨੂੰ ਸਰਕਾਰੀ ਕੰਟਰੋਲ ਵਿੱਚ ਲੈ ਕੇ ਇਲਾਕੇ ਦੇ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਲਈ ਸਸਤੀ ਵਿੱਦਿਆ ਦਾ ਕੇਂਦਰ ਇਹਨਾਂ ਯਾਦਗਾਰਾਂ ਨੂੰ ਬਣਾ ਕੇ ਸ਼ਹੀਦ ਕਾਂਸੀ ਰਾਮ ਜੀ ਸਮਰਪਿਤ ਰੱਖਣਾ ਚਾਹੀਦਾ ਹੈ ਨਹੀਂ ਤਾਂ ਭਵਿੱਖ ਵਿੱਚ ਇਤਿਹਾਸ ਮਾਫ ਨਹੀਂ ਕਰੇਗਾ।

ਹਾਜ਼ਰ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਅਗੇਂਸਟ ਕੁਰੱਪਸ਼ਨ ਦੀ ਬੇਨਤੀ ਤੇ ਹਾਈਕੋਰਟ ਦੇ ਮਸ਼ਹੂਰ ਅਤੇ ਸੀਨੀਅਰ ਵਕੀਲ ਸ੍ਰੀ ਆਰ.ਐੱਸ. ਬੈਂਸ ਇਸ ਕੇਸ ਦੀ ਕਨੂੰਨੀ ਪੈਰਵੀ ਵੀ ਕਰਨਗੇ ਅਤੇ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ  ਵਿਖੇ ਗਦਰੀ ਬਾਬਿਆਂ ਦੇ ਮਨਾਏ ਜਾ ਰਹੇ ਮੇਲੇ ਵਿੱਚ ਇਸ ਸਬੰਧੀ ਵੱਡੇ ਪੱਧਰ ਤੇ ਆਵਾਜ ਵੀ ਉਠਾਈ ਜਾਵੇਗੀ।

ਇਸ ਮੌਕੇ ਉਨ੍ਹਾਂ ਨਾਲ ਵਕੀਲ ਆਰ ਐਸ ਬੈਂਸ ਹਾਈਕੋਰਟ ਚੰਡੀਗੜ੍ਹ, ਡਾਕਟਰ ਦਲੇਰ ਸਿੰਘ ਮੁਲਤਾਨੀ, ਅਮਰੀਕ ਸਿੰਘ, ਡਾਕਟਰ ਪੂਨਮ ਸ਼ਰਮਾ ਅਮਿਤ ਵਰਮਾ, ਰਜੀਵ ਦੀਵਾਨ ਤੇਜੰਦਰ ਸਿੱਧੂ ਆਦਿ ਵੀ ਹਾਜਰ ਸਨ।