Tuesday, December 05, 2023

ਵੇਰਕਾ ਮਿਲਕ ਪਲਾਂਟ ਦਾ ਮੈਨੇਜਰ ਰਿਸ਼ਵਤ ਲੈਂਦਾ ਕਾਬੂ

5th December 2023 at 7:00 PM

ਮੈਨੇਜਰ ਨੂੰ 50,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ  ਨੇ ਫੜ੍ਹਿਆ

ਚੰਡੀਗੜ੍ਹ: 5 ਦਸੰਬਰ 2023: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਬਿਊਰੋ):: 
ਅੱਜਕਲ੍ਹ ਤਨਖਾਹਾਂ ਵੀ ਬਹੁਤ ਚੰਗੀਆਂ ਹਨ। ਸਹੂਲਤਾਂ ਵੀ ਬਹੁਤ ਹਨ ਫਿਰ ਵੀ ਵੱਡੇ ਅਹੁਦਿਆਂ 'ਤੇ ਬੈਠੇ ਲੋਕ ਰਿਸ਼ਵਤਾਂ ਵਰਗੀਆਂ ਆਦਤਾਂ ਤੋਂ ਮੁਕਤ ਨਹੀਂ ਹੋ ਰਹੇ। ਬਹੁਤ ਸਾਰੇ ਕਾਨੂੰਨਾਂ ਦੇ ਬਾਵਜੂਦ ਰਿਸ਼ਵਤਖੋਰੀਜਾਰੀ ਹੈ। ਹੁਣ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਇੱਕ ਹੋਰ ਵੱਡੇ ਅਧਿਕਾਰੀ ਨੂੰ ਕਾਬੂ ਕੀਤਾ ਗਿਆ ਹੈ। ਅੱਜ ਮੰਗਲਵਾਰ ਨੂੰ ਮਿਲਕ ਪਲਾਂਟ ਮੁਹਾਲੀ ਵਿਖੇ ਤਾਇਨਾਤ ਮੈਨੇਜਰ (ਦੁੱਧ ਇਕੱਤਰਨ) ਮਨੋਜ ਕੁਮਾਰ ਸ੍ਰੀਵਾਸਤਵਾ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਥੇ ਜ਼ਿਕਰਯੋਗ ਹੈ ਕਿ ਵੇਰਕਾ ਮਿਲਕ ਪਲਾਂਟ ਪੰਜਾਬ ਵਿੱਚ ਦੁੱਧ ਦੀ ਮੰਗ ਪੂਰੀ ਕਰਨ ਵਾਲੇ ਵੱਡੇ ਅਦਾਰਿਆਂ ਵਿਚੋਂ ਇੱਕ ਹੈ। ਦੁੱਧ ਦੇ ਨਾਲਨਾਲ ਇਹ ਪਲਾਂਟ ਦਹੀਂ, ਲੱਸੀ, ਘਿਓ, ਮੱਖਣ, ਪਨੀਰ, ਕੇਕ ਅਤੇ ਪਿੰਨੀਆਂ ਵਰਗੇ ਬਹੁਤ ਸਾਰੇ ਉਤਪਾਦਨ ਬਣਾ ਬਣਾ ਕੇ ਵੀ ਵੇਚਦਾ ਹੈ। ਆਮ ਤੌਰ ਤੇ ਇਹ ਤਾਜ਼ੇ ਅਤੇ ਜ਼ਿਆਦਾ ਸੁਆਦੀ ਹੁੰਦੇ ਹਨ। ਇਸ  ਤਰ੍ਹਾਂ ਇਸ ਪਲਾਂਟ ਦਾ ਕਾਰੋਬਾਰ ਬਹੁਤ ਵੱਡੀ ਗਿਣਤੀ ਵਿਚ ਹੈ। ਇਸਦਾ ਨੈਟਵਰਕ ਵੀ ਪੰਜਾਬ ਦੇ ਸਾਰੇ ਸ਼ਿਹਰਾਂ ਦੀਆਂ ਗਲੀਂ ਤੱਕ ਫੈਲਿਆ ਹੋਇਆ ਹੈ। ਇਸਦੇ ਦੁੱਧ ਦੀਆਂ ਕਿਸਮਾਂ ਵੀ ਹਨ ਜਿਹੜੀਆਂ ਫੈਟ ਅਤੇ ਕੀਮਤਾਂ ਦੇ ਅਧਾਰ ਤੇ ਵੱਖੋ ਵੱਖ ਹਨ। ਏਨੇ ਵੱਡੇ ਅਦਾਰੇ ਦੇ ਬਾਵਜੂਦ ਇਥੇ ਰਿਸ਼ਵਤਖੋਰੀ ਅਤੇ ਹੋਰ ਅਜਿਹੀਆਂ ਹੀ ਬੇਨਿਯਮੀਆਂ ਬਾਰੇ ਗੱਲਾਂ ਅਕਸਰ ਉਠਦਿਆਂ ਹੀ ਰਹਿੰਦੀਆਂ ਹਨ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਕਰਮਚਾਰੀ ਵਿਰੁੱਧ ਇਹ ਕੇਸ ਸੁਖਬੀਰ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ, ਜੋ ਕਿ ਉਕਤ ਮਿਲਕ ਪਲਾਂਟ ਵਿੱਚ ਇੱਕ ਨਿੱਜੀ ਫਰਮ ਵੱਲੋਂ ਦੁੱਧ ਇਕੱਠਾ ਕਰਨ ਵਾਲੇ ਟੈਂਕਰਾਂ ਦੀ ਦੇਖ-ਭਾਲ ਕਰਦਾ ਹੈ।

ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਵੱਖ-ਵੱਖ ਥਾਵਾਂ ਤੋਂ ਦੁੱਧ ਇਕੱਠਾ ਕਰਨ ਲਈ ਜਾਂਦੇ ਉਸ ਦੇ ਟੈਂਕਰਾਂ ਨੂੰ ਵਧੀਆ ਰੂਟ ਅਲਾਟ ਕਰਨ ਬਦਲੇ ਰਾਜ ਦੇ ਸਹਿਕਾਰਤਾ ਵਿਭਾਗ ਦਾ ਉਕਤ ਮੁਲਾਜ਼ਮ ਉਸ ਤੋਂ 50,000 ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਉਕਤ ਮੈਨੇਜਰ ਇਸ ਸਬੰਧੀ ਪਹਿਲਾਂ ਹੀ 50,000 ਰੁਪਏ ਲੈ ਚੁੱਕਾ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੀ ਫਲਾਇੰਗ ਸਕੁਐਡ ਯੂਨਿਟ ਮੋਹਾਲੀ ਨੇ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਪੜਤਾਲ ਕਰਦਿਆਂ ਇੱਕ ਜਾਲ ਵਿਛਾਇਆ ਜਿਸ ਤਹਿਤ ਉਕਤ ਦੋਸ਼ੀ ਮੈਨੇਜਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

ਇਸ ਸਬੰਧੀ ਉਪਰੋਕਤ ਕਰਮਚਾਰੀ ਵਿਰੁੱਧ ਵਿਜੀਲੈਂਸ ਬਿਓਰੋ ਦੇ ਥਾਣਾ ਫਲਾਇੰਗ ਸਕੁਐਡ-1, ਪੰਜਾਬ, ਮੁਹਾਲੀ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਭਲਕੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਇਸ ਤੋਂ ਪਹਿਲਾਂ ਪਿਛਲੇ ਨਵੰਬਰ ਮਹੀਨੇ ਵਿੱਚ ਵੀ ਭ੍ਰਿਸ਼ਟਾਚਾਰ ਵਰਗਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਦੋਂ ਸੀਬੀਆਈ ਨੇ ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਡਿਪਟੀ ਮੈਨੇਜਰ ਆਸ਼ਿਮ ਕੁਮਾਰ ਸੇਨ ਨੂੰ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਇਕ ਠੇਕੇਦਾਰ ਨੂੰ ਉਸ ਦੇ ਕੰਮ  ਵਿਚ ਕਮੀਆਂ ਦੱਸ ਕੇ ਲਗਾਤਾਰ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਅਤੇ ਉਸ ਨੂੰ ਰਿਸ਼ਵਤ ਦੇਣ ਲਈ ਮਜਬੂਰ ਕਰ ਰਿਹਾ ਸੀ। ਆਸ਼ਿਮ ਸੇਨ ਠੇਕੇਦਾਰ ਤੋਂ 15 ਹਜ਼ਾਰ ਰੁਪਏ ਮਹੀਨਾ ਮੰਗ ਰਿਹਾ ਸੀ। ਅਜਿਹੇ ਕਿੰਨੇ ਮਾਮਲੇ ਹੋਰ ਹੋ ਸਕਦੇ ਹਨ ਇਸਦਾ ਅੰਦਾਜ਼ਾ ਲਾਉਣਾ ਵੀ ਕੋਈ ਔਖਾ ਨਹੀਂ। 

ਬਾਰ ਬਾਰ ਤੰਗ ਕੀਤੇ ਜਾਣ 'ਤੇ ਨਿਰਾਸ਼ ਹੋ ਕੇ ਠੇਕੇਦਾਰ ਨੇ ਸੀਬੀਆਈ ਨੂੰ ਸ਼ਿਕਾਇਤ ਕੀਤੀ। ਸੀਬੀਆਈ ਨੇ ਮੁਲਜ਼ਮਾਂ ਨੂੰ ਫੜਨ ਲਈ ਸ਼ੁੱਕਰਵਾਰ ਸ਼ਾਮ ਨੂੰ ਸੈਕਟਰ-35 ਸਥਿਤ ਹੋਟਲ ਮਾਇਆ ਵਿਚ ਜਾਲ ਵਿਛਾਇਆ। ਜਦੋਂ ਮੁਲਜ਼ਮ ਠੇਕੇਦਾਰ ਤੋਂ ਰਿਸ਼ਵਤ ਲੈਣ ਗਿਆ ਤਾਂ ਸੀਬੀਆਈ ਨੇ ਉਸ ਨੂੰ ਰਿਸ਼ਵਤ ਦੀ ਰਕਮ ਸਮੇਤ ਗ੍ਰਿਫ਼ਤਾਰ ਕਰ ਲਿਆ। ਉਸ ਸਮੇਂ ਉਹ ਠੇਕੇਦਾਰ ਤੋਂ 30 ਹਜ਼ਾਰ ਰੁਪਏ ਲੈ ਰਿਹਾ ਸੀ। ਸੀਬੀਆਈ ਨੇ ਮੁਲਜ਼ਮਾਂ ਨੂੰ ਉਸੇ ਸ਼ਾਮ  ਨੂੰ ਹੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮਾਂ ਨੂੰ ਬੁੜੈਲ ਜੇਲ੍ਹ ਭੇਜ ਦਿੱਤਾ। ਇਸ ਤਰ੍ਹਾਂ ਇਸ ਇਤਿਹਾਸ ਵਿਚ ਇੱਕ ਹੋਰ ਮਾਮਲਾ ਦਰਜ ਸ਼ਾਮਲ ਹੋ ਗਿਆ ਪਰ ਕੁਰੱਪਸ਼ਨ ਨੂੰ ਮੂਲੋਂ ਖਤਮ ਕਰਨਾ ਅਜੇ ਬਾਕੀ ਹੈ।

ਇਸੇ ਤਰ੍ਹਾਂ ਇਸੇ ਸਾਲ ਜੁਲਾਈ ਦੇ ਪਹਿਲੇ ਹਫਤੇ ਵੀ ਇੱਕ ਅਜੀਬ ਕਿਸਮ ਦਾ ਵਿਵਾਦ ਸਾਹਮਣੇ ਆਇਆ ਸੀ ਜਦੋਂ ਕਰੋੜਾਂ ਰੁਪਏ ਦੀ ਕੀਮਤ ਵਾਲਾ ਮਾਲ ਗਾਇਬ ਹੋਣ ਦਾ ਘਪਲਾ ਸਾਹਮਣੇ ਆਇਆ ਸੀ। ਇਸ ਮੱਲ ਵਿਚ ਮੁੱਖ ਤੌਰ ਤੇ ਦੁੱਧ ਅਤੇ ਘਿਓ ਸ਼ਾਮਲ ਸਨ। ਉਸ ਮੌਕੇ ਵੀ ਵਿਭਾਗ ਵਲੋਂ ਸਿਰਫ਼ 60,000 ਕਰੇਟ ਹੀ ਗਾਇਬ ਹੋਣ ਦੀ ਗੱਲ ਮੰਨੀ ਗਈ ਸੀ। 
 
ਮੋਹਾਲੀ ਦੇ ਵੇਰਕਾ ਮਿਲਕ ਪਲਾਂਟ 'ਚੋਂ ਘਪਲਾਬਾਜ਼ੀ ਦੀ ਖ਼ਬਰ ਸਾਹਮਣੇ ਆਉਣ ਵੇਲੇ ਵੀ ਇਸ ਮਾਮਲੇ ਦੀ ਕਾਫੀ ਚਰਚਾ ਹੋਈ ਸੀ। ਉਦੋਂ ਇਥੇ ਕਈ ਕਰੋੜ ਰੁਪਏ ਦੇ ਦੇਸੀ ਘਿਓ, ਦੁੱਧ ਅਤੇ ਕਰੇਟ ਗਾਇਬ  ਹੋਏ ਸਨ। ਵਿਭਾਗ ਵਲੋਂ ਸਿਰਫ਼ 60,000 ਕਰੇਟ ਹੀ ਗਾਇਬ ਹੋਣ ਦੀ ਗੱਲ ਮੰਨੀ ਜਾਂਦੀ ਰਹੀ ਜਦਕਿ ਖਬਰਾਂ ਵਿਚ ਇਹ ਘਪਲਾ ਵੱਡਾ ਸੀ। ਮੀਡੀਆ ਵਿੱਚ ਗਾਇਬ ਹੋਏ ਮਾਲ ਦੀ ਕੀਮਤ ਕਰੀਬ 1.25 ਕਰੋੜ ਰੁਪਏ ਦੇ ਕਰੀਬ ਦੱਸੀ ਗਈ ਸੀ।

ਮੀਡੀਆ ਵਿਚ ਇਸ ਬਾਰੇ ਕਾਫੀ ਕੁਝ ਆਉਂਦਾ ਰਿਹਾ। ਪਹਿਲਾਂ ਤਾਂ ਇਹ ਕਰੇਟ ਖ਼ਰਾਬ ਹੋਣ ਦੀ ਗੱਲ ਕਹਿ ਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇੰਨੀ ਵੱਡੀ ਗਿਣਤੀ ਵਿਚ ਕਰੇਟ ਖ਼ਰਾਬ ਹੋਣ ਅਤੇ ਉਨ੍ਹਾਂ ਦੀ ਰਹਿੰਦ-ਖੂੰਹਦ ਦਾ ਵੀ ਪਤਾ ਨਾ ਲੱਗਣ ਕਾਰਨ ਇਸ ਮਾਮਲੇ ਦੀ ਰਜਿਸਟਰਾਰ ਸਹਿਕਾਰੀ ਸਭਾ ਪੰਜਾਬ ਵਲੋਂ ਵੀ ਜਾਂਚ ਅਰੰਭੀ ਗਈ ਸੀ। 

ਇਹ ਮਾਮਲਾ ਦਰਅਸਲ ਮੁਲਾਜ਼ਮਾਂ ਦੀ ਸਾਵਧਾਨੀ ਦੇ ਸਿੱਟੇ ਵੱਜੋਂ ਸਾਹਮਣੇ ਆਇਆ ਸੀ। ਪੰਜਾਬ ਸਟੇਟ ਕਰਮਚਾਰੀ ਦਲ ਦੇ ਸਾਬਕਾ ਸਕੱਤਰ ਜਗਜੀਤ ਸਿੰਘ ਨੇ ਇਸ ਮਾਮਲੇ 'ਚ ਸ਼ਿਕਾਇਤ ਕੀਤੀ ਗਈ ਸੀ ਕਿ ਕਰੋੜਾਂ ਰੁਪਏ ਦੇ ਦੇਸੀ ਘਿਓ, ਦੁੱਧ ਅਤੇ ਕਰੇਟ ਪਲਾਂਟ ਵਿਚੋਂ ਗਾਇਬ ਸਨ। ਇਸ ਮਾਮਲੇ ਵਿਚ ਵੇਰਕਾ ਪਲਾਂਟ ਮੁਹਾਲੀ ਦੇ ਚਾਰ ਅਧਿਕਾਰੀਆਂ ਦੇ ਨਾਂ ਲਏ ਗਏ ਹਨ। ਇਸ ਮਾਮਲੇ ਵਿਚ ਪੰਜ ਵਿਅਕਤੀਆਂ ਨੂੰ ਮੁਅੱਤਲ ਵੀ ਕੀਤਾ ਗਿਆ ਸੀ, ਜਿਨ੍ਹਾਂ ਨੂੰ ਬਾਅਦ ਵਿਚ ਯੂਨੀਅਨ ਦੇ ਦਬਾਅ ਕਾਰਨ ਬਹਾਲ ਕਰ ਦਿਤਾ ਗਿਆ ਸੀ।

No comments: