Showing posts with label Smt. Kailash Kaur. Show all posts
Showing posts with label Smt. Kailash Kaur. Show all posts

Sunday, October 13, 2024

ਨਵੇਂ ਚਾਨਣ ਦੀ ਨਾਇਕਾ ਸੀ ਕੈਲਾਸ਼ ਕੌਰ: ਡਾ. ਸਵਰਾਜਬੀਰ

 ਸ਼ਰਧਾਂਜਲੀ ਸਮਾਗਮ ਪਹੁੰਚੀਆਂ ਕਈ ਅਹਿਮ ਸ਼ਖਸੀਅਤਾਂ  


ਮੋਹਾਲੀ
: 13 ਅਕਤੂਬਰ 2024: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਡੈਸਕ)::

ਲੋਕਾਂ ਦੇ ਲੇਖੇ ਉਮਰਾਂ  ਲਾਉਣ ਵਾਲੇ ਗੁਰਸ਼ਰਨ ਭਾਅ ਜੀ ਦੇ ਵਡੇਰੇ ਪਰਿਵਾਰ ਨੇ ਅੱਜ ਫਿਰ ਇੱਕ ਤਰ੍ਹਾਂ ਨਾਲ ਇਹ ਅਹਿਦ ਦੁਹਰਾਇਆ ਕਿ ਗੁਰਸ਼ਰਨ ਭਾਅ ਜੀ ਵਾਲੇ ਕਾਫ਼ਿਲੇ ਦੀ ਸੋਚ 'ਤੇ ਫਿਰ ਦਦੇਨਾ ਜਾਰੀ ਰੱਖਿਆ ਜਾਏਗਾ। ਸਮਾਗਮ ਦੇ ਆਰੰਭ ਅਤੇ ਮੱਧ ਤੋਂ ਲੈ ਕੇ ਜਦੋਂ ਸਮਾਗਮ ਦਾ ਅਖੀਰ ਆਇਆ ਤਾਂ ਉਦੋਂ ਵੀ ਮੰਚ ਤੋਂ ਅਨੀਤਾ ਸ਼ਬਦੀਸ਼ ਦੀ ਸੁਚੇਤਕ ਰੰਗ ਮੰਚ ਵਾਲੀ ਟੀਮ ਨੇ ਇਹੀ ਯਾਦ ਕਰਾਇਆ ਕਿ ਮਸ਼ਾਲਾਂ ਬਾਲ ਕੇ ਚੱਲਣਾ ਜਦੋ ਤੱਕ ਰਾਤ ਬਾਕੀ ਹੈ। ਸਮਾਗਮ ਤੋਂ ਬਾਅਦ ਹਾਲ ਵਿੱਚੋਂ ਬਾਹਰ ਆ ਰਹੇ ਲੋਕ ਵੀ ਆਪੋ ਆਪਣੇ ਮੂੰਹ ਵਿੱਚ ਇਹੀ ਗੁਣਗੁਣਾ ਰਹੇ ਸਨ:ਮਸ਼ਾਲਾਂ ਬਾਲ ਕਾ ਚੱਲਣਾ ਜਦੋ ਤੱਕ ਰਾਤ ਬਾਕੀ ਹੈ। ਇਸਦਾ ਮੰਚਨ ਕਰਨ ਵਾਲੀ ਟੀਮ ਬਾਰੇ ਤੁਸੀਂ ਲੋਕ ਮੀਡੀਆ ਮੰਚ ਵਿੱਚ ਪੜ੍ਹ ਸਕਦੇ ਹੋ ਇੱਕ ਵੱਖਰੀ ਪੋਸਟ ਵਿੱਚ। ਫਿਲਹਾਲ ਮੁੜਦੇ ਹਾਂ ਸਮਾਗਮ ਦੀ ਰਿਪੋਰਟ ਵੱਲ। 

ਰੰਗਮੰਚ ਵਾਲੇ ਇਸ ਕਾਫ਼ਿਲੇ ਦੀ ਨਾਇਕਾ ਸ੍ਰੀਮਤੀ ਕੈਲਾਸ਼ ਕੌਰ ਦੀ ਯਾਦ 'ਚ ਅੱਜ ਐਮਰ ਮੋਹਾਲੀ ਵਿਖੇ ਬਹੁਤ ਹੀ ਅਰਥ ਭਰਪੂਰ ਅਤੇ ਨਿਵੇਕਲੇ ਅੰਦਾਜ਼ ਵਿਚ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਇਸ ਮੌਕੇ ਸਭ ਕੁਝ ਉਵੇਂ ਹੀ ਉਹਨਾਂ ਰਸਮਾਂ ਮੁਤਾਬਿਕ ਕੀਤਾ ਗਿਆ ਜਿਹਨਾਂ ਦੀਆਂ ਗੱਲਾਂ ਗੁਰਸ਼ਰਨ ਭਾਅ ਜੀ ਅਤੇ ਉਹਨਾਂ ਦੀ ਜੀਵਨ ਸਾਥਣ ਕਰਿਆ ਕਰਦੇ ਸਨ। ਪਰਿਵਾਰ ਨੇ ਇਸ ਕਾਫ਼ਿਲੇ ਦੀ ਨਾਇਕਾ ਸ਼੍ਰੀਮਤੀ ਕੈਲਾਸ਼ ਕੌਰ ਦੀ ਜ਼ਿੰਦਗੀ ਅਤੇ ਲਾਈਫ ਸਟਾਈਲ ਨਾਲ ਜੁੜੀਆਂ ਬਹੁਤ ਸਾਰੀਆਂ ਉਹ ਗੱਲਾਂ ਵੀ ਸਾਂਝੀਆਂ ਕੀਤੀਆਂ ਜਿਹਨਾਂ ਬਾਰੇ ਉਹਨਾਂ ਦੇ ਪ੍ਰਸੰਸਕਾਂ ਦੀ ਬਹੁ ਗਿਣਤੀ ਨਹੀਂ ਸੀ ਜਾਣਦੀ। ਇਹੀ ਗੱਲਾਂ ਦੱਸਦੀਆਂ  ਸਨ 

ਸਮਾਗਮ ਦਾ ਆਗਾਜ਼ ਸ੍ਰੀ ਮਤੀ ਕੈਲਾਸ਼ ਕੌਰ ਦੀ ਦੋਹਤੀ ਨਾਦੀਆ ਸਿੰਘ ਬੁੱਕੂ ਦਾ ਇੰਗਲੈਂਡ ਤੋਂ ਭੇਜਿਆ ਬਹੁਤ ਹੀ ਭਾਵੁਕ ਅਤੇ ਮੁੱਲਵਾਨ ਲਿਖਤੀ ਸੁਨੇਹਾ ਡਾ. ਨਵਸ਼ਰਨ ਵੱਲੋਂ ਪੜ੍ਹਕੇ ਸੁਣਾਇਆ ਗਿਆ। ਨਾਦੀਆ ਨੇ ਆਪਣੀ ਨਾਨੀ ਦੀਆਂ ਯਾਦਾਂ ਦੀ ਪਟਾਰੀ ਸਾਂਝੀ ਕਰਦਿਆਂ ਲਿਖ ਭੇਜਿਆ ਕਿ ਉਹ ਮੇਰੀ ਨਾਨੀ, ਅਧਿਆਪਕ , ਜਮਾਤੀ ਅਤੇ ਆਲੋਚਕ ਸੀ।

ਸ਼ਰਧਾਂਜਲੀ ਸਮਾਗਮ ਵਿੱਚ ਬੋਲਦਿਆਂ ਨਾਮਵਰ ਵਿਦਵਾਨ ਲੇਖਕ, ਨਾਟਕਕਾਰ ਅਤੇ ਕਵੀ ਡਾ. ਸਵਰਾਜਬੀਰ ਨੇ ਕਿਹਾ ਕਿ ਪੰਜਾਬੀ ਰੰਗਮੰਚ,ਸਾਡੇ ਸਮਾਜ ਅਤੇ ਭਵਿੱਖ਼ ਲਈ ਨਵੇਂ ਚਾਨਣ ਦੀ ਨਾਇਕਾ ਹੈ ਸ੍ਰੀ ਮਤੀ ਕੈਲਾਸ਼ ਕੌਰ।

ਉਹਨਾਂ ਕਿਹਾ ਕਿ ਕੈਲਾਸ਼ ਕੌਰ ਨੇ ਸ਼੍ਰੋਮਣੀ ਨਾਟਕਕਾਰ ਗੁਰਸ਼ਰਨ ਸਿੰਘ ਦੀ ਬਹੁ-ਪੱਖੀ ਸ਼ਖ਼ਸੀਅਤ ਦੀ ਸਿਰਜਣਾ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਉਹਨਾਂ ਕਿਹਾ ਕਿ ਔਰਤਾਂ ਨੂੰ ਹਰ ਖੇਤਰ ਵਿਚ ਪਹਿਲ ਕਦਮੀ ਕਰਕੇ ਪ੍ਰਮੁੱਖ ਸਥਾਨ ਮੱਲਣ ਲਈ ਕੈਲਾਸ਼ ਕੌਰ ਦੀ ਅਮਿੱਟ ਦੇਣ ਨੂੰ ਆਉਣ ਵਾਲੀਆਂ ਪੀੜ੍ਹੀਆਂ ਸਿਜਦਾ ਕਰਨਗੀਆਂ ਅਤੇ ਪ੍ਰੇਰਨਾ ਲੈ ਕੇ ਆਪਣੇ ਜੀਵਨ ਸਫ਼ਰ ਦੇ ਨਵੇਂ ਰਾਹ ਬਣਾਉਣਗੀਆਂ।

ਡਾ. ਸਵਰਾਜਬੀਰ ਨੇ ਕਿਹਾ ਕਿ ਸਾਨੂੰ ਸਵੈ ਚਿੰਤਨ ਦੀ ਲੋੜ ਹੈ ਕਿ ਅਸੀਂ ਸ੍ਰੀ ਮਤੀ ਕੈਲਾਸ਼ ਕੌਰ ਬਾਰੇ ਜਿਹੜਾ ਸੰਵਾਦ ਅੱਜ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਕਰ ਰਹੇ ਹਾਂ ਉਹਨਾਂ ਦੇ ਜਿਉਂਦੇ ਜੀਅ ਕਿਉਂ ਨਹੀਂ ਕਰ ਸਕੇ।

ਗੁਰਸ਼ਰਨ ਭਾਅ ਜੀ ਦੇ ਹੱਥੀਂ ਲਾਏ ਬੂਟੇ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ), ਲੋਕ ਕਲਾ ਸਲਾਮ ਕਾਫ਼ਲਾ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਤਿੰਨੇ ਸੰਸਥਾਵਾਂ ਦੇ ਪ੍ਰਤੀਨਿਧ ਅਮੋਲਕ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਹੈ ਕਿ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਲੱਗਦਾ ਮੇਲਾ ਗ਼ਦਰੀ ਬਾਬਿਆਂ ਦਾ ਅਤੇ ਪਲਸ ਮੰਚ ਦੀਆਂ ਸਰਗਰਮੀਆਂ ਵਿਚ ਸ੍ਰੀ ਮਤੀ ਕੈਲਾਸ਼ ਕੌਰ ਦੀ ਸੋਚ ਅਤੇ ਅਮਲ ਦੀ ਸਪਿਰਟ ਧੜਕਦੀ ਹੈ।

ਉਹਨਾਂ ਕਿਹਾ ਕਿ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲੇ ਦੀ ਮੈਂਬਰ ਸ੍ਰੀਮਤੀ ਕੈਲਾਸ਼ ਕੌਰ ਦਾ ਕੁੱਸਾ ਵਿਖੇ ਗੁਰਸ਼ਰਨ ਸਿੰਘ ਦੇ ਇਨਕਲਾਬੀ ਜਨਤਕ ਸਨਮਾਨ ਮੌਕੇ ਹਾਜ਼ਰ ਹੋ ਕੇ ਆਪਣੇ ਲੋਕਾਂ ਤੋਂ ਪ੍ਰਾਪਤ ਅਦਬ ਨੂੰ ਇਉਂ ਮਸਤਕ ਨਾਲ਼ ਲਾਇਆ ਕਿ ਇਸਤੋਂ ਵੱਡਾ ਭਾਰਤ ਰਤਨ ਕਿਹੜਾ ਹੋ ਸਕਦਾ ਹੈ।

ਉਹਨਾਂ ਅਹਿਦ ਕੀਤਾ ਕਿ ਇਹ ਸੰਸਥਾਵਾਂ ਕੈਲਾਸ਼ ਕੌਰ ਦੀ ਕਹਿਣੀ ਅਤੇ ਕਰਨੀ ਵਿਚਲੀ ਇਕਸੁਰਤਾ ਨੂੰ ਇਹ ਸੰਸਥਾਵਾਂ ਸਦਾ ਬੁਲੰਦ ਰੱਖਣਗੀਆਂ।

ਕੈਲਾਸ਼ ਕੌਰ ਦੀ ਧੀ ਨਾਮਵਰ ਵਿਦਵਾਨ ਲੇਖਕ, ਸਮਾਜਿਕ ਅਤੇ ਜਮਹੂਰੀ ਕਾਰਕੁਨ ਡਾ. ਨਵਸ਼ਰਨ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਾਡੀ ਮਾਂ ਇੱਕ ਬੇਹਤਰੀਨ ਰੰਗ ਮੰਚ ਦੀ ਬਿਹਤਰੀਨ ਅਦਾਕਾਰਾ ਦੇ ਨਾਲ ਨਾਲ ਬਹੁਤ ਹੀ ਗੁਣਵੰਤੀ ਸ਼ਖ਼ਸੀਅਤ ਸੀ।

ਉਹਨਾਂ ਕਿਹਾ ਕਿ ਜੇਕਰ ਸਾਡੇ ਮਾਪਿਆਂ ਨੇ ਆਪਣੇ ਸਮਾਜ ਪ੍ਰਤੀ ਫ਼ਰਜ਼ ਅਦਾ ਕੀਤੇ ਤਾਂ ਲੋਕਾਂ ਨੇ ਸਾਡੇ ਰੰਗ ਮੰਚ ਅਤੇ ਪਰਿਵਾਰ ਨੂੰ ਐਨੀ ਨਿੱਘੀ ਮੁਹੱਬਤ ਦਿੱਤੀ ਜਿਸਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।

ਸਮਾਗਮ ਦੇ ਸਿਖ਼ਰ ਤੇ ਸੁਚੇਤਕ ਰੰਗ ਮੰਚ ਮੋਹਾਲੀ ਵੱਲੋਂ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਬਹੁਤ ਹੀ ਪ੍ਰਭਾਵਸ਼ਾਲੀ ਅੰਦਾਜ਼ ਵਿਚ ਮਸ਼ਾਲਾਂ ਬਾਲ ਕੇ ਚੱਲਣਾ ਕੋਰਿਓਗਰਾਫੀ ਪੇਸ਼ ਕੀਤੀ ਗਈ।

ਸਮਾਗਮ ਮੌਕੇ ਗੁਰਸ਼ਰਨ ਸਿੰਘ, ਪ੍ਰੋ. ਰਣਧੀਰ ਸਿੰਘ ਹੋਰਾਂ ਦੇ ਪਰਿਵਾਰ,ਸਾਕ ਸਬੰਧੀਆਂ ਸਮੇਤ ਕਿਰਤੀ ਕਿਸਾਨ ਯੂਨੀਅਨ ਦੇ ਰਮਿੰਦਰ ਪਟਿਆਲਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਨੌਜਵਾਨ ਭਾਰਤ ਸਭਾ ਲਲਕਾਰ ਦੇ ਪੁਸ਼ਪਿੰਦਰ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਨਰਲ ਸਕੱਤਰ ਜਗਮੋਹਣ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰੋ. ਜਗਮੋਹਣ ਸਿੰਘ ਵੀ ਆਪੋ ਆਪਣੇ ਸਾਥੀਆਂ ਸਮੇਤ ਮੌਜੂਦ ਰਹੇ। 

ਇਸੇ ਤਰ੍ਹਾਂ ਦੂਰ ਦੁਰਾਡਿਓਂ ਵੀ ਬਹੁਤ ਸਾਰੇ ਲੋਕ ਨੁਮਾਇੰਦੇ ਪੁੱਜੇ ਹੋਏ ਸਨ। ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਦੇ ਜਸਪਾਲ ਜੱਸੀ ਅਤੇ ਪਾਵੇਲ ਕੁੱਸਾ  ਸੀ ਪੀ ਆਈ ਐੱਮ ਐੱਲ ਨਿਊ ਡੈਮੋਕਰੇਸੀ ਦੇ ਦਰਸ਼ਨ ਖਟਕੜ, ਇਨਕਲਾਬੀ ਕੇਂਦਰ ਦੇ ਕੰਵਲਜੀਤ ਖੰਨਾ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਰਾਜਿੰਦਰ ਸਿੰਘ ਭਦੌੜ, ਅਰਵਿੰਦਰ ਕੌਰ ਕਾਕੜਾ ਦੀ ਮੌਜੂਦਗੀ ਵੀ ਇਸ ਸਮਾਗਮ ਮੌਕੇ ਇਸ ਇਨਕਲਾਬੀ ਪਰਿਵਾਰ ਦੀਆਂ ਯਾਦਾਂ ਨੂੰ ਹੋਰ ਵੀ ਅਹਿਮ ਬਣਾਉਂਦੀ ਰਹੀ। 

ਅਜਾਇਬ ਸਿੰਘ ਟਿਵਾਣਾ, ਪ੍ਰੋ ਜਗਤਾਰ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਾਥੀ,  ਆਰ ਐਮ ਪੀ ਆਈ ਦੇ ਪ੍ਰੋ. ਜੈਪਾਲ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਪੰਜਾਬ  ਖੇਤ ਮਜ਼ਦੂਰ ਯੂਨੀਅਨ ਦੇ ਲਛਮਣ ਸਿੰਘ ਸੇਵੇਵਾਲਾ, ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਅਸ਼ਵਨੀ ਘੁੱਟਦਾ,  ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਦੇ ਹਰਕੇਸ਼ ਚੌਧਰੀ ਅਤੇ ਸਾਥੀ ਹਾਜ਼ਰ ਸਨ।

ਪੰਜਾਬੀ ਟ੍ਰਿਬਿਊਨ ਦੇ ਚਰਨਜੀਤ ਭੁੱਲਰ ਅਤੇ ਜਸਵੀਰ ਸਮਰ, ਭਾਰਤੀ ਕਮਿਊਨਿਸਟ ਪਾਰਟੀ ਦੇ ਦੇਵੀ ਦਿਆਲ ਸ਼ਰਮਾ,ਗੁਰਪ੍ਰੀਤ ਭੰਗੂ,ਸਾਹਿਤ ਚਿੰਤਨ ਚੰਡੀਗੜ੍ਹ ਦੇ ਕਨਵੀਨਰ ਸਰਦਾਰਾ ਸਿੰਘ ਚੀਮਾ,ਤੇਰਾ ਸਿੰਘ ਚੰਨ ਦਾ ਪਰਿਵਾਰ, ਪ੍ਰਗਤੀਸ਼ੀਲ ਲੇਖਕ ਸੰਘ ਦੇ ਡਾ. ਸੁਖਦੇਵ ਸਿਰਸਾ ਅਤੇ ਡਾ.ਕੁਲਦੀਪ ਦੀਪ, ਡਾ. ਸਤੀਸ਼ ਵਰਮਾ, ਦਲਜੀਤ ਅਮੀ, ਸ਼ਬਦੀਸ਼,ਅਨੀਤਾ ਸ਼ਬਦੀਸ਼, ਸੁਸ਼ੀਲ ਦੋਸਾਂਝ, ਮਜ਼ਦੂਰ ਆਗੂ ਹਰਜਿੰਦਰ ਸਿੰਘ,ਅਤੇ ਕਿਸਾਨਾਂ ਦੇ ਬਹੁਤ ਸਾਰੇ ਆਗੂ ਮੌਜੂਦ ਰਹੇ। 

ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਤੋਂ ਪਹੁੰਚੀ ਹੋਈ ਬਜ਼ੁਰਗ ਆਗੂ ਸੁਰਿੰਦਰ ਕੋਛੜ ਨੇ ਇੱਕ ਇੱਕ ਛੋਟੇ ਵੱਡੇ ਵਰਕਰ ਦਾ ਹਾਲ ਚਾਲ ਵੀ ਪੁੱਛਿਆ ਅਤੇ ਉਹਨਾਂ ਨੂੰ ਇਸ ਵਾਰ ਹੋ ਰਹੇ ਗ਼ਦਰੀ ਬਾਬਿਆਂ ਦੇ ਮੇਲੇ ਵਿਚ ਆਉਂਦਾ ਦਾ ਸੱਦਾ ਵੀ ਦਿਤਾ।.ਤਾਕੀਦ ਵੀ ਕੀਤੀ। ਸ਼੍ਰੀਮਤੀ ਕੋਛੜ ਨਾਲ ਤਸਵੀਰਾਂ ਖਿਚਵਾਉਣ ਵਾਲਿਆਂ ਦੀ ਕਤਾਰ ਵੀ ਕਾਫੀ ਲੰਮੀ ਸੀ। 

ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ ਜਿਸਨੇ ਇਨਕਲਾਬੀ ਰਵਾਇਤਾਂ ਅਤੇ ਪ੍ਰੰਪਰਾਵਾਂ ਨੂੰ ਹੋਰ ਮਜ਼ਬੂਤ ਕੀਤਾ। ਇਸ ਸ਼ਰਧਾਂਜਲੀ ਸਮਾਗਮ ਦੇ ਬਹਾਨੇ ਬਹੁਤ ਸਾਰੇ ਅਜਿਹੇ ਸੱਜਣ ਵੀ ਇੱਕ ਦੂਜੇ ਨੂੰ ਮਿਲੇ ਜਿਹਨਾਂ ਨੂੰ ਆਪਸ ਵਿਚ ਮਿਲੀਆਂ ਹੋ ਗਿਆ ਸੀ। 

Saturday, October 12, 2024

ਰੰਗ ਕਰਮੀ ਕੈਲਾਸ਼ ਕੌਰ ਦੀਆਂ ਅਸਥੀਆਂ ਹੁਸੈਨੀਵਾਲਾ ਵਿਖੇ ਜਲ ਪ੍ਰਵਾਹ

ਕਲਮ, ਕਲਾ ਅਤੇ ਲੋਕ ਸੰਗਰਾਮ ਦੇ ਪਰਿਵਾਰ ਵੱਲੋਂ ਸਿਜਦਾ 


ਹੁਸੈਨੀਵਾਲਾ
: (ਫਿਰੋਜ਼ਪੁਰ): 12 ਅਕਤੂਬਰ 2024: (ਹਰਮੀਤ ਵਿਦਿਆਰਥੀ//ਪੰਜਾਬ ਸਕਰੀਨ ਡੈਸਕ)::

ਇਨਕਲਾਬੀ ਪੰਜਾਬੀ ਰੰਗ ਮੰਚ ਦੀ ਜਾਣੀ- ਪਹਿਚਾਣੀ ਸ਼ਖ਼ਸੀਅਤ, ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦੀ ਮੋਢੀ ਅਦਾਕਾਰਾ ਅਤੇ ਪੰਜਾਬੀ ਰੰਗਮੰਚ ਦੇ ਵਿਹੜੇ ਦਾ ਕੁੜੀਆਂ ਦੀ ਆਮਦ ਲਈ ਸਪਾਟ ਦੁਆਰ ਖੋਲ੍ਹਣ ਦੀ ਭੂਮਿਕਾ ਅਦਾ ਕਰਨ ਵਾਲ਼ੀ ਸ੍ਰੀ ਮਤੀ ਕੈਲਾਸ਼ ਕੌਰ ਦੀਆਂ ਅਸਥੀਆਂ ਉਹਨਾਂ ਦੇ ਵਡੇਰੇ ਪਰਿਵਾਰ ਵੱਲੋਂ ਅੱਜ ਹੁਸੈਨੀਵਾਲਾ ਵਿਖੇ ਮਾਣ ਸਨਮਾਨ ਅਤੇ ਨਾਅਰਿਆਂ ਦੀ ਗੂੰਜ ਨਾਲ਼ ਜਲ ਪ੍ਰਵਾਹ ਕੀਤੀਆਂ ਗਈਆਂ।

ਵਡੇਰੇ ਪਰਿਵਾਰ ਦੇ ਕਾਫ਼ਲੇ ਚੰਡੀਗੜ੍ਹ ਸਮੇਤ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਹੁਸੈਨੀਵਾਲਾ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਯਾਦਗਾਰ ਤੇ ਇਕੱਠੇ ਹੋਏ। 

ਇਸ ਤੋਂ ਪਹਿਲਾਂ ਸ਼ਬਦ ਸੱਭਿਆਚਾਰ ਦੇ ਪਸਾਰ ਲਈ ਯਤਨਸ਼ੀਲ ਸੰਸਥਾ ਕਲਾਪੀਠ (ਰਜਿ:) ਫ਼ਿਰੋਜ਼ਪੁਰ ਦੇ ਅਹੁਦੇਦਾਰਾਂ ਨੇ ਗੁਰਦੁਆਰਾ ਸਾਰਾਗੜ੍ਹੀ ਵਿਖੇ ਮਾਤਾ ਕੈਲਾਸ਼ ਕੌਰ ਦੀਆਂ ਅਸਥੀਆਂ ਅਤੇ ਉਹਨਾਂ ਨੂੰ ਜਲ ਪ੍ਰਵਾਹ ਕਰਨ ਪੰਜਾਬ ਭਰ ਵਿੱਚੋਂ ਆਏ ਕਾਫ਼ਲਿਆਂ ਨੂੰ ਜੀ ਆਇਆਂ ਨੂੰ ਕਿਹਾ।

ਉਹਨਾਂ ਕਾਫ਼ਲਿਆਂ ਨੇ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਕਿਹਾ ਕਿ ਅੱਜ ਅਸੀਂ ਉਹਨਾਂ ਦੀ ਸੋਚ ਦਾ ਚਿਰਾਗ਼ ਰੰਗ ਮੰਚ ਤੇ ਬਲ਼ਦਾ ਰੱਖਣ ਵਾਲ਼ੀ ਸ਼ਖ਼ਸੀਅਤ ਕੈਲਾਸ਼ ਕੌਰ ਨੂੰ ਸਿਜਦਾ ਕਰਦੇ ਹੋਏ ਉਸ ਰੰਗ ਮੰਚ ਦੀ ਰੌਸ਼ਨੀ ਘਰ ਘਰ ਲਿਜਾਣ ਦਾ ਅਹਿਦ ਕਰਦੇ ਹਾਂ। 

ਇਸ ਮੌਕੇ ਨਾਟਕਕਾਰ ਕੇਵਲ ਧਾਲੀਵਾਲ ਨੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੰਗ ਮੰਚ ਦਾ ਵਿਹੜਾ ਇੱਕ ਵਾਰ ਸੱਖਣਾ ਹੋ ਗਿਆ ਜਿਸਨੂੰ ਭਰਨ ਲਈ ਸਾਨੂੰ ਹੌਸਲੇ ਨਾਲ ਸਫ਼ਰ ਜਾਰੀ ਰੱਖਣ ਦੀ ਲੋੜ ਹੈ।

ਸ੍ਰੀਮਤੀ ਕੈਲਾਸ਼ ਕੌਰ ਦੀ ਧੀ ਅਤੇ ਰੰਗ ਕਰਮੀ ਡਾ. ਅਰੀਤ ਨੇ ਕਿਹਾ ਕਿ ਉਹ ਸਿਰਫ਼ ਸਾਡੀ ਹੀ ਮਾਂ ਨਹੀਂ ਸੀ ਉਹ ਭਾਈ ਲਾਲੋਆਂ ਦੇ ਪਰਿਵਾਰ ਦਾ ਜੀਅ ਸੀ ਜਿਸਨੇ ਸਾਡੇ ਸਮਿਆਂ ਦੇ ਮਲਕ ਭਾਗੋਆਂ ਤੋਂ ਭਾਈ ਲਾਲੋਆਂ ਦੀ ਮੁਕਤੀ ਲਈ ਰੰਗ ਮੰਚ ਰਾਹੀਂ ਵਿਸ਼ੇਸ਼ ਕਰਕੇ ਆਵਾਜ਼ ਉਠਾਈ ਅਤੇ ਗੁਰਸ਼ਰਨ ਭਾਅ ਜੀ ਦੇ ਨਾਲ ਜਮਹੂਰੀ ਲਹਿਰ ਵਿੱਚ ਵੀ ਡਟਕੇ ਸਾਥ ਦਿੱਤਾ।

ਨਾਮਵਰ ਕਵੀ ਗੁਰਤੇਜ ਕੋਹਾਰਵਾਲਾ ਨੇ ਖ਼ੂਬਸੂਰਤ ,ਬਾਮੌਕਾ ਅਤੇ ਅਰਥਭਰਪੂਰ ਸ਼ੇਅਰਾਂ ਨਾਲ਼ ਸ਼ਿੰਗਾਰੇ ਬੋਲਾਂ ਨਾਲ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਹਰ ਮੋੜ ਤੇ ਕਲਮ ਅਤੇ ਕਲਾ ਨੇ ਲੋਕ ਸਰੋਕਾਰਾਂ ਦੀ ਬਾਤ ਪਾਈ ਹੈ ਇਸ ਕਾਫ਼ਲੇ ਵਿਚ ਸ੍ਰੀ ਮਤੀ ਕੈਲਾਸ਼ ਕੌਰ ਦਾ ਨਾਮ ਚੰਨ ਸੂਰਜ ਵਾਂਗ ਰੌਸ਼ਨੀ ਵੰਡਦਾ ਰਹੇਗਾ।

ਪਰਿਵਾਰ ਦੀ ਤਰਫ਼ੋਂ ਇਸ ਮੌਕੇ ਪਰਿਵਾਰ ਦੇ ਮੈਂਬਰਾਂ ਦੀ ਹੈਸੀਅਤ ਵਿਚ ਹੀ ਜੁੜੇ ਸਮੂਹ ਸਾਹਿਤ ਕਲਾ, ਲੋਕ ਪੱਖੀ ਜੱਥੇਬੰਦੀਆਂ ਦੇ ਆਗੂਆਂ ਅਤੇ ਕਾਰਕੁਨਾਂ ਦਾ ਧੰਨਵਾਦ ਕਰਦਿਆਂ ਅਮੋਲਕ ਸਿੰਘ ਨੇ ਕਿਹਾ ਕਿ ਸ੍ਰੀ ਮਤੀ ਕੈਲਾਸ਼ ਕੌਰ ਅਜੇਹੇ ਰੰਗ ਮੰਚ ਦੀ ਸਿਰਮੌਰ ਸਖਸ਼ੀਅਤ ਹੈ ਜਿਸਨੇ ਲੋਕ ਲਹਿਰਾਂ ਦੀ ਫਸਲ ਬੀਜਣ ਅਤੇ ਪਾਲਣ ਵਿਚ ਲਾ ਮਿਸਾਲ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਤਪਦੇ ਮਾਰੂਥਲਾਂ ਦੀ ਸਿਦਕਵਾਨ ਮੁਸਾਫ਼ਿਰ ਨੇ ਧਰਤੀ ਦੀ ਪਿਆਸ ਬੁਝਾਉਣ ਲਈ ਰੰਗਮੰਚ ਦੀ ਬਰਸਾਤ ਕੀਤੀ।

ਉਹਨਾਂ ਕਿਹਾ ਕਿ ਭਵਿੱਖ਼ ਚੁਣੌਤੀਆਂ ਭਰਿਆ ਹੈ ਇਸ ਸਫ਼ਰ ਤੇ ਪਲ ਪਲ ਉਹਨਾਂ ਦੀ ਯਾਦ ਆਏਗੀ ਸਾਡੇ ਕਾਫ਼ਲੇ ਦਾ ਪਰਿਵਾਰ ਹਮੇਸ਼ਾ ਉਹਨਾਂ ਦੇ ਵਿਚਾਰਾਂ ਦੀ ਲੋਅ ਵਿੱਚ ਤੁਰਦਾ ਰਹੇਗਾ।

ਇਸ ਉਪਰੰਤ ਹੁਸੈਨੀਵਾਲਾ ਬਾਰਡਰ ਤੇ ਸਤਲੁਜ ਦਰਿਆ ਵਿੱਚ ਅਸਥੀਆਂ ਨੂੰ ਆਕਾਸ਼ ਗੂੰਜਾਊ ਨਾਅਰਿਆਂ ਨਾਲ਼ ਜਲ ਪ੍ਰਵਾਹ ਕੀਤਾ ਗਿਆ।

ਇਸ ਮੌਕੇ ਕਈ ਸ਼ਖਸੀਅਤਾਂ ਸ਼ਾਮਿਲ ਹੋਈਆਂ। ਡਾ. ਨਵਸ਼ਰਨ, ਡਾ. ਅਤੁਲ, ਪ੍ਰਿਯਾ ਲੀਨ, ਨੀਲਾਕਸੀ, ਰੋਮਿਲਾ ਸਿੰਘ,ਸਰਦਾਰਾ ਸਿੰਘ ਚੀਮਾ, ਅਨੀਤਾ ਸ਼ਬਦੀਸ਼ , ਸੁਭਾਸ਼  ਬਿੱਟੂ ਮਾਨਸਾ, ਸ਼ਬਦੀਸ਼, ਹਰਮੀਤ ਵਿਦਿਆਰਥੀ, ਜੋਰਾ ਸਿੰਘ ਨਸਰਾਲੀ, ਹਰਿੰਦਰ ਬਿੰਦੂ, ਜਸਬੀਰ ਨੱਤ, ਪਾਵੇਲ ਕੁੱਸਾ,  ਸੁਖਦਰਸ਼ਨ ਨੱਤ, ਕੁਲਦੀਪ ਕੌਰ ਕੁੱਸਾ, ਕ੍ਰਿਸ਼ਨ ਦਿਆਲ ਕੁੱਸਾ, ਸੁਖਦੇਵ ਸਿੰਘ ਕੋਕਰੀ ਕਲਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ , ਸੁਮੀਤ ਅੰਮ੍ਰਿਤਸਰ ਅਤੇ ਰੰਗ ਕਰਮੀ ਸਾਜਨ ਕੋਹਿਨੂਰ,ਪ੍ਰੋ. ਕੁਲਦੀਪ , ਸੁਖਜਿੰਦਰ, ਸੁਰਿੰਦਰ ਕੰਬੋਜ, ਡਾ. ਜਗਦੀਪ ਸੰਧੂ ਅਤੇ ਸੁਖਦੇਵ ਭੱਟੀ ਆਦਿ ਸ਼ਖਸ਼ੀਅਤਾਂ ਸ਼ਾਮਲ ਸਨ।

ਲੋਕਪੱਖੀ ਸੋਚ ਵਾਲਿਆਂ ਵੱਲੋਂ ਇਹ ਇੱਕ ਅਜਿਹਾ ਆਯੋਜਨ ਸੀ ਜਿਹੜਾ ਉਹਨਾਂ ਦੀ ਕਥਨੀ ਅਤੇ ਕਰਨੀ ਵਿਚਲੀ ਏਕਤਾ ਅਤੇ ਸਮਾਨਤਾ ਨੂੰ ਸਾਬਿਤ ਵੀ ਕਰਦਾ ਸੀ।  ਆਖ਼ਿਰੀ ਸਾਹਾਂ ਤੀਕ ਲੋਕਾਂ ਨਾਲ ਨਿਭਣ ਅਤੇ ਨਿਭਾਉਣ ਦੇ ਵਾਅਦੇ ਅਤੇ ਸੰਕਲਪ ਨੂੰ ਯਾਦ ਕਰਵਾਉਂਦਾ ਇਹ ਆਯੋਜਨ ਸੱਚਮੁੱਚ ਯਾਦਗਾਰੀ ਸੀ। 

Saturday, October 05, 2024

ਗੁਰਸ਼ਰਨ ਭਾਅ ਜੀ ਦੀ ਜੀਵਨ ਸਾਥਣ ਨੂੰ ਅੰਤਿਮ ਵਿਦਾਇਗੀ ਅੱਜ 11 ਵਜੇ

 Saturday: 5th October 2024 at 07:00 AM 

ਜਲਦੀ ਹੀ ਹੋਣਗੇ ਸ੍ਰੀ ਮਤੀ ਕੈਲਾਸ਼ ਕੌਰ ਜੀ ਦੀ ਯਾਦ ਵਿੱਚ ਵਿਸ਼ੇਸ਼ ਸਮਾਗਮ 


ਚੰਡੀਗੜ੍ਹ: 5 ਅਕਤੂਬਰ 2024: (ਪੰਜਾਬ ਸਕਰੀਨ ਡੈਸਕ)::

ਜਦੋਂ ਇੰਟਰਨੈਟ ਵੀ ਨਹੀਂ ਸੀ ਹੁੰਦਾ, ਜਦੋਂ ਮੋਬਾਈਲ ਫੋਨ ਵੀ ਅਜੇ ਅਣਦਿੱਸਦੇ ਜਾਦੂ ਵਾਂਗ ਸਨ, ਜਦੋਂ ਚਿੱਠੀਆਂ ਦੀ ਸੈਂਸਰਸ਼ਿਪ ਵੀ ਜ਼ੋਰਾਂ ਤੇ ਸੀ ਅਤੇ ਲੋਕ ਆਗੂਆਂ ਦਾ ਪਿਛਾ ਕਰਨ ਵਾਲਾ ਖੁਫੀਆਂ ਟੀਮਾਂ ਦਾ ਨੈਟਵਰਕ ਵੀ ਮਜਬੂਤੀ ਨਾਲ ਫੈਲ ਚੁੱਕਿਆ ਸੀ ਉਦੋਂ ਵੀ ਸਾਡੇ ਹਰਮਨ ਪਿਆਰੇ ਅਤੇ ਸਰਗਰਮ ਲੋਕ ਆਗੂ ਅਮੋਲਕ ਸਿੰਘ ਸੰਗਰਾਮੀ ਸਾਥੀਆਂ ਦੇ ਹਰ ਦੁੱਖ ਸੁੱਖ ਦਾ ਪਤਾ ਰੱਖਦੇ ਸਨ। ਅੱਜ ਵੀ ਉਹਨਾਂ ਦਾ ਇਹ ਸਿਲਸਿਲਾ ਜਾਰੀ ਹੈ। ਹਰ ਸੁਖ  ਖਬਰ ਸਾਡੇ ਹਲਕਿਆਂ ਵਿੱਚ ਅਮੋਲਕ ਸਿੰਘ ਹੁਰਾਂ ਦੇ ਕੈਂਪ ਵਿੱਚੋਂ ਹੈ। ਉਹਨਾਂ ਇਸ ਮਕਸਦ ਲਈ ਸੋਸ਼ਲ ਮੀਡੀਆ ਦੀ ਤਕਨੀਕ ਅਤੇ ਸਹੂਲਤ ਦੀ ਵਰਤੋਂ ਵੀ ਬਹੁਤ ਸੁਚੱਜੇ ਢੰਗ ਨਾਲ ਕੀਤੀ ਹੈ। ਹੁਣ ਉਹਨਾਂ ਵੱਲੋਂ  ਖਬਰ ਸਾਂਝੀ ਕੀਤੀ ਗਈ ਹੈ।  

ਉਹਨਾਂ ਸੋਸ਼ਲ ਮੀਡੀਆ ਤੇ ਦਸਿਆ ਹੈ: ਭਰੇ ਮਨ ਨਾਲ ਇਹ ਦੁਖਦਾਈ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਅਨੇਕਾਂ ਧੀਆਂ ਪੁੱਤਰਾਂ ਦੀ ਸਤਿਕਾਰਤ ਮਾਂ, ਗੁਰਸ਼ਰਨ ਭਾਅ ਜੀ ਦੇ ਜੀਵਨ ਸਾਥਣ ਸ੍ਰੀ ਮਤੀ ਕੈਲਾਸ਼ ਕੌਰ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਯਾਦ ਕਰਾਇਆ ਕਿ ਮਿਹਨਤਕਸ਼ ਲੋਕਾਂ ਦੀ ਜ਼ਿੰਦਗੀ 'ਚ ਖੂਬਸੂਰਤ ਰੰਗ ਭਰਨ ਲਈ ਉਹਨਾਂ ਦੀ ਅਮਿੱਟ ਦੇਣ ਕਿਸੇ ਵੀ ਜਾਣਕਾਰੀ ਦੀ ਮੁਥਾਜ ਨਹੀਂ ਰਹੀ। 

ਅੱਜ ਮਤਲਬ ਪੰਜ ਅਕਤੂਬਰ 2024 ਨੂੰ ਹੀ ਦਿੱਲੀ ਵਿਖੇ ਦਿਨੇ 11 ਵਜੇ ਦੇ ਕਰੀਬ ਦਿੱਤੀ ਜਾਏਗੀ ਉਹਨਾਂ ਨੂੰ ਸਨਮਾਨ ਭਰੀ ਅੰਤਿਮ ਵਿਦਾਇਗੀ।  ਪ੍ਰੋਗਰਾਮ ਵੀ ਉਲੀਕੇ ਜਾ ਰਹੇ ਹਨ। 

ਉਹਨਾਂ ਦੀਆਂ ਯਾਦਾਂ ਅਤੇ ਪ੍ਰੇਰਨਾਦਾਇਕ ਜੀਵਨ ਸਬੰਧੀ ਸਮਾਗਮ ਬਾਰੇ ਪਰਿਵਾਰ ਵੱਲੋਂ ਬਾਅਦ ਵਿਚ ਸੂਚਿਤ ਕੀਤਾ ਜਾਏਗਾ।

ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਅਤੇ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਸਮੇਤ ਪੰਜਾਬ ਦੀਆਂ ਅਨੇਕਾਂ ਹੀ ਲੋਕ-ਪੱਖੀ ਸੰਸਥਾਵਾਂ ਅਤੇ ਸ਼ਖਸ਼ੀਅਤਾਂ ਨੇ ਪਰਿਵਾਰ, ਸਾਕ ਸਬੰਧੀਆਂ ਅਤੇ ਸੰਗੀ ਸਾਥੀਆਂ ਨਾਲ ਦੁੱਖ ਸਾਂਝਾ ਕੀਤਾ ਹੈ।

ਇਸ ਤਰ੍ਹਾਂ ਅੰਤਿਮ ਵਿਦਾਇਗੀ ਵੇਲੇ ਵੀ ਉਹਨਾਂ ਦੇ ਮਾਣਮੱਤੇ ਜੀਵਨ ਸਫ਼ਰ ਨੂੰ ਲੋਕ ਪੱਖੀ ਅੰਦਾਜ਼ ਨਾਲ ਸਿਜਦਾ ਕੀਤਾ ਜਾ ਰਿਹਾ ਹੈ। ਉਹਨਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਗੁਰਸ਼ਰਨ ਭਾਅ ਜੀ ਨਾਲ ਉਹਨਾਂ ਦੇ ਸਾਥ ਦੀਆਂ ਉਹਨਾਂ  ਯਾਦਾਂ ਦਾ ਖਜ਼ਾਨਾ ਵੀ ਬਹੁਤ ਵੱਡਾ ਹੈ ਜਿਹੜੀ ਉਸ ਦੌਰ ਨਾਲ ਸਬੰਧਿਤ ਰਹੀਆਂ ਹਨ ਜਦੋਂ ਪੰਜਾਬ ਇੱਕ ਸੰਤਾਪ ਵਿੱਚੋਂ ਲੰਘ ਰਿਹਾ ਸੀ। ਉਦੋਂ ਵੀ ਇਸ ਸੰਗਰਾਮੀ ਸ਼ਖ਼ਸੀਅਤ ਨੇ ਬਹੁਤ ਯਾਦਗਾਰੀ ਭੂਮਿਕਾ ਨਿਭਾਈ ਸੀ। 

ਗੁਜ਼ਰੇ ਜ਼ਮਾਨੇ ਦੇ ਉਹਨਾਂ ਹਨੇਰੇ ਰਾਹਾਂ ਵਿੱਚ ਜਦੋਂ ਗੁਰਸ਼ਰਨ ਭਾਅ ਜੀ ਖਤਰੇ ਉਠਾ ਕੇ ਚਾਨਣ ਵੰਡ ਰਹੇ ਸਨ, ਮਸ਼ਾਲਾਂ ਜਗਾ ਰਹੇ ਸਨ ਅਤੇ ਸੱਚ ਦੀ ਆਵਾਜ਼ ਬੁਲੰਦ ਕਰ ਰਹੇ ਸਨ ਉਸ ਵੇਲੇ ਵੀ ਸ਼੍ਰੀਮਤੀ ਕੈਲਾਸ਼ ਕੌਰ ਨੇ ਨੇ ਬੜੀ ਦ੍ਰਿੜਤਾ ਵਾਲਾ ਰੋਲ ਨਿਭਾਇਆ ਸੀ। ਗੋਲੀਆਂ ਅਤੇ ਬੰਬ ਧਮਾਕਿਆਂ ਦਾ ਸਾਹਮਣਾ ਰੰਗਮੰਚ ਦੀ ਕਲਾ ਨਾਲ ਕੀਤਾ ਸੀ। 

ਚੇਤੇ ਰਹੇ ਕਿ ਇਹ ਕੋਈ ਸਟੇਜ ਤੇ ਖੇਡਿਆ ਜਾ ਰਿਹਾ ਨਾਟਕ ਨਹੀਂ ਸੀ। ਇਹ ਪੰਜਾਬ ਦੀਆਂ ਗਲੀਆਂ ਅਤੇ ਮੁਹੱਲਿਆਂ ਵਿੱਚ ਸੱਚਮੁੱਚ ਦੀ ਜੰਗ ਸੀ ਜਿਸ ਨੂੰ ਇਸ ਇਸ ਬਹਾਦਰ ਪਰਿਵਾਰ ਨੇ ਬੜੀ ਬਹਾਦਰੀ ਨਾਲ ਲੜਿਆ ਸੀ। ਸਿਰਫ ਖੁਦ ਹੀ ਨਹੀਂ ਸੀ ਲੜਿਆ ਬਲਕਿ ਆਪਣੇ ਵਰਗੇ ਕਈ ਹੋਰ ਬਹਾਦਰ ਪਰਿਵਾਰ ਵੀ ਤਿਆਰ ਕੀਤੇ ਸਨ। 

ਇਸ ਪਰਿਵਾਰ ਨੇ ਸਿਰਫ ਫਿਰਕਾਪ੍ਰਸਤੀ ਦਾ ਵਿਰੋਧ ਨਹੀਂ ਸੀ ਕੀਤਾ ਬਲਕਿ ਸਰਕਾਰੀ ਜਬਰ ਨੂੰ ਵੀ ਬੜੀ ਬਹਾਦਰੀ ਨਾਲ ਬੇਨਕਾਬ ਕੀਤਾ ਸੀ। ਉਸ ਇਤਿਹਾਸਿਕ ਦੌਰ ਦੀ ਇਸ ਇਤਿਹਾਸਿਕ ਸ਼ਖ਼ਸੀਅਤ ਨੂੰ ਸੱਚੇ ਦਿਲੋਂ  ਸਦਾ ਸਭਨਾਂ ਦਾ ਇਖਲਾਕੀ ਫਰਜ਼ ਵੀ ਬਣਦਾ ਹੈ।