Saturday: 5th October 2024 at 07:00 AM
ਜਲਦੀ ਹੀ ਹੋਣਗੇ ਸ੍ਰੀ ਮਤੀ ਕੈਲਾਸ਼ ਕੌਰ ਜੀ ਦੀ ਯਾਦ ਵਿੱਚ ਵਿਸ਼ੇਸ਼ ਸਮਾਗਮ
ਜਦੋਂ ਇੰਟਰਨੈਟ ਵੀ ਨਹੀਂ ਸੀ ਹੁੰਦਾ, ਜਦੋਂ ਮੋਬਾਈਲ ਫੋਨ ਵੀ ਅਜੇ ਅਣਦਿੱਸਦੇ ਜਾਦੂ ਵਾਂਗ ਸਨ, ਜਦੋਂ ਚਿੱਠੀਆਂ ਦੀ ਸੈਂਸਰਸ਼ਿਪ ਵੀ ਜ਼ੋਰਾਂ ਤੇ ਸੀ ਅਤੇ ਲੋਕ ਆਗੂਆਂ ਦਾ ਪਿਛਾ ਕਰਨ ਵਾਲਾ ਖੁਫੀਆਂ ਟੀਮਾਂ ਦਾ ਨੈਟਵਰਕ ਵੀ ਮਜਬੂਤੀ ਨਾਲ ਫੈਲ ਚੁੱਕਿਆ ਸੀ ਉਦੋਂ ਵੀ ਸਾਡੇ ਹਰਮਨ ਪਿਆਰੇ ਅਤੇ ਸਰਗਰਮ ਲੋਕ ਆਗੂ ਅਮੋਲਕ ਸਿੰਘ ਸੰਗਰਾਮੀ ਸਾਥੀਆਂ ਦੇ ਹਰ ਦੁੱਖ ਸੁੱਖ ਦਾ ਪਤਾ ਰੱਖਦੇ ਸਨ। ਅੱਜ ਵੀ ਉਹਨਾਂ ਦਾ ਇਹ ਸਿਲਸਿਲਾ ਜਾਰੀ ਹੈ। ਹਰ ਸੁਖ ਖਬਰ ਸਾਡੇ ਹਲਕਿਆਂ ਵਿੱਚ ਅਮੋਲਕ ਸਿੰਘ ਹੁਰਾਂ ਦੇ ਕੈਂਪ ਵਿੱਚੋਂ ਹੈ। ਉਹਨਾਂ ਇਸ ਮਕਸਦ ਲਈ ਸੋਸ਼ਲ ਮੀਡੀਆ ਦੀ ਤਕਨੀਕ ਅਤੇ ਸਹੂਲਤ ਦੀ ਵਰਤੋਂ ਵੀ ਬਹੁਤ ਸੁਚੱਜੇ ਢੰਗ ਨਾਲ ਕੀਤੀ ਹੈ। ਹੁਣ ਉਹਨਾਂ ਵੱਲੋਂ ਖਬਰ ਸਾਂਝੀ ਕੀਤੀ ਗਈ ਹੈ।
ਉਹਨਾਂ ਸੋਸ਼ਲ ਮੀਡੀਆ ਤੇ ਦਸਿਆ ਹੈ: ਭਰੇ ਮਨ ਨਾਲ ਇਹ ਦੁਖਦਾਈ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਅਨੇਕਾਂ ਧੀਆਂ ਪੁੱਤਰਾਂ ਦੀ ਸਤਿਕਾਰਤ ਮਾਂ, ਗੁਰਸ਼ਰਨ ਭਾਅ ਜੀ ਦੇ ਜੀਵਨ ਸਾਥਣ ਸ੍ਰੀ ਮਤੀ ਕੈਲਾਸ਼ ਕੌਰ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਯਾਦ ਕਰਾਇਆ ਕਿ ਮਿਹਨਤਕਸ਼ ਲੋਕਾਂ ਦੀ ਜ਼ਿੰਦਗੀ 'ਚ ਖੂਬਸੂਰਤ ਰੰਗ ਭਰਨ ਲਈ ਉਹਨਾਂ ਦੀ ਅਮਿੱਟ ਦੇਣ ਕਿਸੇ ਵੀ ਜਾਣਕਾਰੀ ਦੀ ਮੁਥਾਜ ਨਹੀਂ ਰਹੀ।
ਅੱਜ ਮਤਲਬ ਪੰਜ ਅਕਤੂਬਰ 2024 ਨੂੰ ਹੀ ਦਿੱਲੀ ਵਿਖੇ ਦਿਨੇ 11 ਵਜੇ ਦੇ ਕਰੀਬ ਦਿੱਤੀ ਜਾਏਗੀ ਉਹਨਾਂ ਨੂੰ ਸਨਮਾਨ ਭਰੀ ਅੰਤਿਮ ਵਿਦਾਇਗੀ। ਪ੍ਰੋਗਰਾਮ ਵੀ ਉਲੀਕੇ ਜਾ ਰਹੇ ਹਨ।
ਉਹਨਾਂ ਦੀਆਂ ਯਾਦਾਂ ਅਤੇ ਪ੍ਰੇਰਨਾਦਾਇਕ ਜੀਵਨ ਸਬੰਧੀ ਸਮਾਗਮ ਬਾਰੇ ਪਰਿਵਾਰ ਵੱਲੋਂ ਬਾਅਦ ਵਿਚ ਸੂਚਿਤ ਕੀਤਾ ਜਾਏਗਾ।
ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਅਤੇ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਸਮੇਤ ਪੰਜਾਬ ਦੀਆਂ ਅਨੇਕਾਂ ਹੀ ਲੋਕ-ਪੱਖੀ ਸੰਸਥਾਵਾਂ ਅਤੇ ਸ਼ਖਸ਼ੀਅਤਾਂ ਨੇ ਪਰਿਵਾਰ, ਸਾਕ ਸਬੰਧੀਆਂ ਅਤੇ ਸੰਗੀ ਸਾਥੀਆਂ ਨਾਲ ਦੁੱਖ ਸਾਂਝਾ ਕੀਤਾ ਹੈ।
ਇਸ ਤਰ੍ਹਾਂ ਅੰਤਿਮ ਵਿਦਾਇਗੀ ਵੇਲੇ ਵੀ ਉਹਨਾਂ ਦੇ ਮਾਣਮੱਤੇ ਜੀਵਨ ਸਫ਼ਰ ਨੂੰ ਲੋਕ ਪੱਖੀ ਅੰਦਾਜ਼ ਨਾਲ ਸਿਜਦਾ ਕੀਤਾ ਜਾ ਰਿਹਾ ਹੈ। ਉਹਨਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਗੁਰਸ਼ਰਨ ਭਾਅ ਜੀ ਨਾਲ ਉਹਨਾਂ ਦੇ ਸਾਥ ਦੀਆਂ ਉਹਨਾਂ ਯਾਦਾਂ ਦਾ ਖਜ਼ਾਨਾ ਵੀ ਬਹੁਤ ਵੱਡਾ ਹੈ ਜਿਹੜੀ ਉਸ ਦੌਰ ਨਾਲ ਸਬੰਧਿਤ ਰਹੀਆਂ ਹਨ ਜਦੋਂ ਪੰਜਾਬ ਇੱਕ ਸੰਤਾਪ ਵਿੱਚੋਂ ਲੰਘ ਰਿਹਾ ਸੀ। ਉਦੋਂ ਵੀ ਇਸ ਸੰਗਰਾਮੀ ਸ਼ਖ਼ਸੀਅਤ ਨੇ ਬਹੁਤ ਯਾਦਗਾਰੀ ਭੂਮਿਕਾ ਨਿਭਾਈ ਸੀ।
ਗੁਜ਼ਰੇ ਜ਼ਮਾਨੇ ਦੇ ਉਹਨਾਂ ਹਨੇਰੇ ਰਾਹਾਂ ਵਿੱਚ ਜਦੋਂ ਗੁਰਸ਼ਰਨ ਭਾਅ ਜੀ ਖਤਰੇ ਉਠਾ ਕੇ ਚਾਨਣ ਵੰਡ ਰਹੇ ਸਨ, ਮਸ਼ਾਲਾਂ ਜਗਾ ਰਹੇ ਸਨ ਅਤੇ ਸੱਚ ਦੀ ਆਵਾਜ਼ ਬੁਲੰਦ ਕਰ ਰਹੇ ਸਨ ਉਸ ਵੇਲੇ ਵੀ ਸ਼੍ਰੀਮਤੀ ਕੈਲਾਸ਼ ਕੌਰ ਨੇ ਨੇ ਬੜੀ ਦ੍ਰਿੜਤਾ ਵਾਲਾ ਰੋਲ ਨਿਭਾਇਆ ਸੀ। ਗੋਲੀਆਂ ਅਤੇ ਬੰਬ ਧਮਾਕਿਆਂ ਦਾ ਸਾਹਮਣਾ ਰੰਗਮੰਚ ਦੀ ਕਲਾ ਨਾਲ ਕੀਤਾ ਸੀ।
ਚੇਤੇ ਰਹੇ ਕਿ ਇਹ ਕੋਈ ਸਟੇਜ ਤੇ ਖੇਡਿਆ ਜਾ ਰਿਹਾ ਨਾਟਕ ਨਹੀਂ ਸੀ। ਇਹ ਪੰਜਾਬ ਦੀਆਂ ਗਲੀਆਂ ਅਤੇ ਮੁਹੱਲਿਆਂ ਵਿੱਚ ਸੱਚਮੁੱਚ ਦੀ ਜੰਗ ਸੀ ਜਿਸ ਨੂੰ ਇਸ ਇਸ ਬਹਾਦਰ ਪਰਿਵਾਰ ਨੇ ਬੜੀ ਬਹਾਦਰੀ ਨਾਲ ਲੜਿਆ ਸੀ। ਸਿਰਫ ਖੁਦ ਹੀ ਨਹੀਂ ਸੀ ਲੜਿਆ ਬਲਕਿ ਆਪਣੇ ਵਰਗੇ ਕਈ ਹੋਰ ਬਹਾਦਰ ਪਰਿਵਾਰ ਵੀ ਤਿਆਰ ਕੀਤੇ ਸਨ।
ਇਸ ਪਰਿਵਾਰ ਨੇ ਸਿਰਫ ਫਿਰਕਾਪ੍ਰਸਤੀ ਦਾ ਵਿਰੋਧ ਨਹੀਂ ਸੀ ਕੀਤਾ ਬਲਕਿ ਸਰਕਾਰੀ ਜਬਰ ਨੂੰ ਵੀ ਬੜੀ ਬਹਾਦਰੀ ਨਾਲ ਬੇਨਕਾਬ ਕੀਤਾ ਸੀ। ਉਸ ਇਤਿਹਾਸਿਕ ਦੌਰ ਦੀ ਇਸ ਇਤਿਹਾਸਿਕ ਸ਼ਖ਼ਸੀਅਤ ਨੂੰ ਸੱਚੇ ਦਿਲੋਂ ਸਦਾ ਸਭਨਾਂ ਦਾ ਇਖਲਾਕੀ ਫਰਜ਼ ਵੀ ਬਣਦਾ ਹੈ।
No comments:
Post a Comment