Showing posts with label Border. Show all posts
Showing posts with label Border. Show all posts

Saturday, October 12, 2024

ਰੰਗ ਕਰਮੀ ਕੈਲਾਸ਼ ਕੌਰ ਦੀਆਂ ਅਸਥੀਆਂ ਹੁਸੈਨੀਵਾਲਾ ਵਿਖੇ ਜਲ ਪ੍ਰਵਾਹ

ਕਲਮ, ਕਲਾ ਅਤੇ ਲੋਕ ਸੰਗਰਾਮ ਦੇ ਪਰਿਵਾਰ ਵੱਲੋਂ ਸਿਜਦਾ 


ਹੁਸੈਨੀਵਾਲਾ
: (ਫਿਰੋਜ਼ਪੁਰ): 12 ਅਕਤੂਬਰ 2024: (ਹਰਮੀਤ ਵਿਦਿਆਰਥੀ//ਪੰਜਾਬ ਸਕਰੀਨ ਡੈਸਕ)::

ਇਨਕਲਾਬੀ ਪੰਜਾਬੀ ਰੰਗ ਮੰਚ ਦੀ ਜਾਣੀ- ਪਹਿਚਾਣੀ ਸ਼ਖ਼ਸੀਅਤ, ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦੀ ਮੋਢੀ ਅਦਾਕਾਰਾ ਅਤੇ ਪੰਜਾਬੀ ਰੰਗਮੰਚ ਦੇ ਵਿਹੜੇ ਦਾ ਕੁੜੀਆਂ ਦੀ ਆਮਦ ਲਈ ਸਪਾਟ ਦੁਆਰ ਖੋਲ੍ਹਣ ਦੀ ਭੂਮਿਕਾ ਅਦਾ ਕਰਨ ਵਾਲ਼ੀ ਸ੍ਰੀ ਮਤੀ ਕੈਲਾਸ਼ ਕੌਰ ਦੀਆਂ ਅਸਥੀਆਂ ਉਹਨਾਂ ਦੇ ਵਡੇਰੇ ਪਰਿਵਾਰ ਵੱਲੋਂ ਅੱਜ ਹੁਸੈਨੀਵਾਲਾ ਵਿਖੇ ਮਾਣ ਸਨਮਾਨ ਅਤੇ ਨਾਅਰਿਆਂ ਦੀ ਗੂੰਜ ਨਾਲ਼ ਜਲ ਪ੍ਰਵਾਹ ਕੀਤੀਆਂ ਗਈਆਂ।

ਵਡੇਰੇ ਪਰਿਵਾਰ ਦੇ ਕਾਫ਼ਲੇ ਚੰਡੀਗੜ੍ਹ ਸਮੇਤ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ ਹੁਸੈਨੀਵਾਲਾ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀ ਯਾਦਗਾਰ ਤੇ ਇਕੱਠੇ ਹੋਏ। 

ਇਸ ਤੋਂ ਪਹਿਲਾਂ ਸ਼ਬਦ ਸੱਭਿਆਚਾਰ ਦੇ ਪਸਾਰ ਲਈ ਯਤਨਸ਼ੀਲ ਸੰਸਥਾ ਕਲਾਪੀਠ (ਰਜਿ:) ਫ਼ਿਰੋਜ਼ਪੁਰ ਦੇ ਅਹੁਦੇਦਾਰਾਂ ਨੇ ਗੁਰਦੁਆਰਾ ਸਾਰਾਗੜ੍ਹੀ ਵਿਖੇ ਮਾਤਾ ਕੈਲਾਸ਼ ਕੌਰ ਦੀਆਂ ਅਸਥੀਆਂ ਅਤੇ ਉਹਨਾਂ ਨੂੰ ਜਲ ਪ੍ਰਵਾਹ ਕਰਨ ਪੰਜਾਬ ਭਰ ਵਿੱਚੋਂ ਆਏ ਕਾਫ਼ਲਿਆਂ ਨੂੰ ਜੀ ਆਇਆਂ ਨੂੰ ਕਿਹਾ।

ਉਹਨਾਂ ਕਾਫ਼ਲਿਆਂ ਨੇ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਕਿਹਾ ਕਿ ਅੱਜ ਅਸੀਂ ਉਹਨਾਂ ਦੀ ਸੋਚ ਦਾ ਚਿਰਾਗ਼ ਰੰਗ ਮੰਚ ਤੇ ਬਲ਼ਦਾ ਰੱਖਣ ਵਾਲ਼ੀ ਸ਼ਖ਼ਸੀਅਤ ਕੈਲਾਸ਼ ਕੌਰ ਨੂੰ ਸਿਜਦਾ ਕਰਦੇ ਹੋਏ ਉਸ ਰੰਗ ਮੰਚ ਦੀ ਰੌਸ਼ਨੀ ਘਰ ਘਰ ਲਿਜਾਣ ਦਾ ਅਹਿਦ ਕਰਦੇ ਹਾਂ। 

ਇਸ ਮੌਕੇ ਨਾਟਕਕਾਰ ਕੇਵਲ ਧਾਲੀਵਾਲ ਨੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੰਗ ਮੰਚ ਦਾ ਵਿਹੜਾ ਇੱਕ ਵਾਰ ਸੱਖਣਾ ਹੋ ਗਿਆ ਜਿਸਨੂੰ ਭਰਨ ਲਈ ਸਾਨੂੰ ਹੌਸਲੇ ਨਾਲ ਸਫ਼ਰ ਜਾਰੀ ਰੱਖਣ ਦੀ ਲੋੜ ਹੈ।

ਸ੍ਰੀਮਤੀ ਕੈਲਾਸ਼ ਕੌਰ ਦੀ ਧੀ ਅਤੇ ਰੰਗ ਕਰਮੀ ਡਾ. ਅਰੀਤ ਨੇ ਕਿਹਾ ਕਿ ਉਹ ਸਿਰਫ਼ ਸਾਡੀ ਹੀ ਮਾਂ ਨਹੀਂ ਸੀ ਉਹ ਭਾਈ ਲਾਲੋਆਂ ਦੇ ਪਰਿਵਾਰ ਦਾ ਜੀਅ ਸੀ ਜਿਸਨੇ ਸਾਡੇ ਸਮਿਆਂ ਦੇ ਮਲਕ ਭਾਗੋਆਂ ਤੋਂ ਭਾਈ ਲਾਲੋਆਂ ਦੀ ਮੁਕਤੀ ਲਈ ਰੰਗ ਮੰਚ ਰਾਹੀਂ ਵਿਸ਼ੇਸ਼ ਕਰਕੇ ਆਵਾਜ਼ ਉਠਾਈ ਅਤੇ ਗੁਰਸ਼ਰਨ ਭਾਅ ਜੀ ਦੇ ਨਾਲ ਜਮਹੂਰੀ ਲਹਿਰ ਵਿੱਚ ਵੀ ਡਟਕੇ ਸਾਥ ਦਿੱਤਾ।

ਨਾਮਵਰ ਕਵੀ ਗੁਰਤੇਜ ਕੋਹਾਰਵਾਲਾ ਨੇ ਖ਼ੂਬਸੂਰਤ ,ਬਾਮੌਕਾ ਅਤੇ ਅਰਥਭਰਪੂਰ ਸ਼ੇਅਰਾਂ ਨਾਲ਼ ਸ਼ਿੰਗਾਰੇ ਬੋਲਾਂ ਨਾਲ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਹਰ ਮੋੜ ਤੇ ਕਲਮ ਅਤੇ ਕਲਾ ਨੇ ਲੋਕ ਸਰੋਕਾਰਾਂ ਦੀ ਬਾਤ ਪਾਈ ਹੈ ਇਸ ਕਾਫ਼ਲੇ ਵਿਚ ਸ੍ਰੀ ਮਤੀ ਕੈਲਾਸ਼ ਕੌਰ ਦਾ ਨਾਮ ਚੰਨ ਸੂਰਜ ਵਾਂਗ ਰੌਸ਼ਨੀ ਵੰਡਦਾ ਰਹੇਗਾ।

ਪਰਿਵਾਰ ਦੀ ਤਰਫ਼ੋਂ ਇਸ ਮੌਕੇ ਪਰਿਵਾਰ ਦੇ ਮੈਂਬਰਾਂ ਦੀ ਹੈਸੀਅਤ ਵਿਚ ਹੀ ਜੁੜੇ ਸਮੂਹ ਸਾਹਿਤ ਕਲਾ, ਲੋਕ ਪੱਖੀ ਜੱਥੇਬੰਦੀਆਂ ਦੇ ਆਗੂਆਂ ਅਤੇ ਕਾਰਕੁਨਾਂ ਦਾ ਧੰਨਵਾਦ ਕਰਦਿਆਂ ਅਮੋਲਕ ਸਿੰਘ ਨੇ ਕਿਹਾ ਕਿ ਸ੍ਰੀ ਮਤੀ ਕੈਲਾਸ਼ ਕੌਰ ਅਜੇਹੇ ਰੰਗ ਮੰਚ ਦੀ ਸਿਰਮੌਰ ਸਖਸ਼ੀਅਤ ਹੈ ਜਿਸਨੇ ਲੋਕ ਲਹਿਰਾਂ ਦੀ ਫਸਲ ਬੀਜਣ ਅਤੇ ਪਾਲਣ ਵਿਚ ਲਾ ਮਿਸਾਲ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਤਪਦੇ ਮਾਰੂਥਲਾਂ ਦੀ ਸਿਦਕਵਾਨ ਮੁਸਾਫ਼ਿਰ ਨੇ ਧਰਤੀ ਦੀ ਪਿਆਸ ਬੁਝਾਉਣ ਲਈ ਰੰਗਮੰਚ ਦੀ ਬਰਸਾਤ ਕੀਤੀ।

ਉਹਨਾਂ ਕਿਹਾ ਕਿ ਭਵਿੱਖ਼ ਚੁਣੌਤੀਆਂ ਭਰਿਆ ਹੈ ਇਸ ਸਫ਼ਰ ਤੇ ਪਲ ਪਲ ਉਹਨਾਂ ਦੀ ਯਾਦ ਆਏਗੀ ਸਾਡੇ ਕਾਫ਼ਲੇ ਦਾ ਪਰਿਵਾਰ ਹਮੇਸ਼ਾ ਉਹਨਾਂ ਦੇ ਵਿਚਾਰਾਂ ਦੀ ਲੋਅ ਵਿੱਚ ਤੁਰਦਾ ਰਹੇਗਾ।

ਇਸ ਉਪਰੰਤ ਹੁਸੈਨੀਵਾਲਾ ਬਾਰਡਰ ਤੇ ਸਤਲੁਜ ਦਰਿਆ ਵਿੱਚ ਅਸਥੀਆਂ ਨੂੰ ਆਕਾਸ਼ ਗੂੰਜਾਊ ਨਾਅਰਿਆਂ ਨਾਲ਼ ਜਲ ਪ੍ਰਵਾਹ ਕੀਤਾ ਗਿਆ।

ਇਸ ਮੌਕੇ ਕਈ ਸ਼ਖਸੀਅਤਾਂ ਸ਼ਾਮਿਲ ਹੋਈਆਂ। ਡਾ. ਨਵਸ਼ਰਨ, ਡਾ. ਅਤੁਲ, ਪ੍ਰਿਯਾ ਲੀਨ, ਨੀਲਾਕਸੀ, ਰੋਮਿਲਾ ਸਿੰਘ,ਸਰਦਾਰਾ ਸਿੰਘ ਚੀਮਾ, ਅਨੀਤਾ ਸ਼ਬਦੀਸ਼ , ਸੁਭਾਸ਼  ਬਿੱਟੂ ਮਾਨਸਾ, ਸ਼ਬਦੀਸ਼, ਹਰਮੀਤ ਵਿਦਿਆਰਥੀ, ਜੋਰਾ ਸਿੰਘ ਨਸਰਾਲੀ, ਹਰਿੰਦਰ ਬਿੰਦੂ, ਜਸਬੀਰ ਨੱਤ, ਪਾਵੇਲ ਕੁੱਸਾ,  ਸੁਖਦਰਸ਼ਨ ਨੱਤ, ਕੁਲਦੀਪ ਕੌਰ ਕੁੱਸਾ, ਕ੍ਰਿਸ਼ਨ ਦਿਆਲ ਕੁੱਸਾ, ਸੁਖਦੇਵ ਸਿੰਘ ਕੋਕਰੀ ਕਲਾਂ, ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ , ਸੁਮੀਤ ਅੰਮ੍ਰਿਤਸਰ ਅਤੇ ਰੰਗ ਕਰਮੀ ਸਾਜਨ ਕੋਹਿਨੂਰ,ਪ੍ਰੋ. ਕੁਲਦੀਪ , ਸੁਖਜਿੰਦਰ, ਸੁਰਿੰਦਰ ਕੰਬੋਜ, ਡਾ. ਜਗਦੀਪ ਸੰਧੂ ਅਤੇ ਸੁਖਦੇਵ ਭੱਟੀ ਆਦਿ ਸ਼ਖਸ਼ੀਅਤਾਂ ਸ਼ਾਮਲ ਸਨ।

ਲੋਕਪੱਖੀ ਸੋਚ ਵਾਲਿਆਂ ਵੱਲੋਂ ਇਹ ਇੱਕ ਅਜਿਹਾ ਆਯੋਜਨ ਸੀ ਜਿਹੜਾ ਉਹਨਾਂ ਦੀ ਕਥਨੀ ਅਤੇ ਕਰਨੀ ਵਿਚਲੀ ਏਕਤਾ ਅਤੇ ਸਮਾਨਤਾ ਨੂੰ ਸਾਬਿਤ ਵੀ ਕਰਦਾ ਸੀ।  ਆਖ਼ਿਰੀ ਸਾਹਾਂ ਤੀਕ ਲੋਕਾਂ ਨਾਲ ਨਿਭਣ ਅਤੇ ਨਿਭਾਉਣ ਦੇ ਵਾਅਦੇ ਅਤੇ ਸੰਕਲਪ ਨੂੰ ਯਾਦ ਕਰਵਾਉਂਦਾ ਇਹ ਆਯੋਜਨ ਸੱਚਮੁੱਚ ਯਾਦਗਾਰੀ ਸੀ। 

Wednesday, June 02, 2021

ਇੱਕ ਹਜ਼ਾਰ ਦੇ ਜੱਥੇ ਨੇ ਦਿੱਲੀ ਮੋਰਚੇ ਲਈ ਕੂਚ ਕੀਤੇ

2nd  June 2021 at 1:41 PM

ਲੁਧਿਆਣੇ ਦੇ 5 ਬਲਾਕਾਂ ‘ਚੋਂ ਬੀ ਕੇ ਯੂ ਡਕੌਦਾ ਵੱਲੋਂ ਜ਼ਬਰਦਸਤ ਹੰਭਲਾ 


ਲੁਧਿਆਣਾ
: 2 ਜੂਨ 2021: (ਜਸਵੰਤ ਜੀਰਖ//ਪੰਜਾਬ ਸਕਰੀਨ)::

ਅੱਜ ਲੁਧਿਆਣਾ ਜ਼ਿਲ੍ਹੇ ਦੇ ਪੰਜ ਬਲਾਕਾਂ ਜਗਰਾਓਂ, ਸਿੱਧਵਾਂ ਬੇਟ,ਹੰਬੜਾਂ, ਰਾਏਕੋਟ, ਸੁਧਾਰ ਵਿੱਚੋਂ, ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲ ਪੁਰਾ ਅਤੇ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਇਕ ਹਜ਼ਾਰ ਕਿਸਾਨਾਂ-ਮਜ਼ਦੂਰਾਂ ਦਾ ਕਾਫ਼ਲਾ ਸੰਯੁਕਤ ਕਿਸਾਨ ਮੋਰਚੇ ਦੀ ਹਮਾਇਤ ਵਿੱਚ ਦਿੱਲੀ ਲਈ ਰਵਾਨਾ ਹੋਇਆ। ਇਸ ਕਾਫ਼ਲੇ ਦੇ ਲੁਧਿਆਣਾ ਪੁੱਜਣ ਤੇ ਵੇਰਕਾ ਮਿਲਕ ਪਲਾਂਟ ਲਾਗੇ ਲੁਧਿਆਣੇ ਦੀਆਂ ਜਨਤਕ ਜਮਹੂਰੀ ਜੱਥੇਬੰਦੀਆਂ ਨੇ ਨਿੱਘਾ ਸੁਆਗਤ ਕੀਤਾ ਜਿਹਨਾਂ ਵਿੱਚ , ਇਨਕਲਾਬੀ ਕੇਂਦਰ ਪੰਜਾਬ, ਤਰਕਸ਼ੀਲ ਸੁਸਾਇਟੀ ਪੰਜਾਬ, ਜਮਹੂਰੀ ਅਧਿਕਾਰ ਸਭਾ ਪੰਜਾਬ, ਮਹਾਂ ਸਭਾ ਲੁਧਿਆਣਾ ਦੇ ਕਾਰਕੁੰਨ ਸ਼ਾਮਲ ਸਨ। ਇਨ੍ਹਾਂ ਕਾਰਕੁਨਾਂ ਵਿੱਚ ਜਸਵੰਤ ਜੀਰਖ, ਸਤੀਸ਼ ਸੱਚਦੇਵਾ, ਹਰਜਿੰਦਰ ਕੌਰ, ਬਲਵਿੰਦਰ ਸਿੰਘ ਲਾਲ ਬਾਗ਼, ਕਰਤਾਰ ਸਿੰਘ ਪੀਏਯੂ, ਮਾਸਟਰ ਸੁਰਜੀਤ ਸਿੰਘ, ਸੁਬੇਗ ਸਿੰਘ ਫ਼ੌਜੀ, ਟੇਕ ਚੰਦ ਕਾਲੀਆ, ਪ੍ਰਿੰਸੀਪਲ ਅਜਮੇਰ ਦਾਖਾ, ਨਵਦੀਪ ਸਿੰਘ  ਸ਼ਾਮਲ ਸਨ ਜਿਹਨਾਂ ਨੇ ਕਿਸਾਨੀ ਝੰਡਿਆਂ ਨਾਲ ਨਾਹਰੇ ਮਾਰਦਿਆਂ ਕਾਫ਼ਲੇ ਨੂੰ ਜੀ ਆਇਆਂ ਕਿਹਾ। ਬੀ ਕੇ ਯੂ (ਡਕੌਦਾ) ਦੇ ਬਲਾਕ ਪ੍ਰਧਨ ਸੁਖਮਿੰਦਰ ਸਿੰਘ ਹੰਬੜਾਂ, ਸਰਵਜੀਤ ਗਿੱਲ ਸੁਧਾਰ, ਰਣਧੀਰ ਸਿੰਘ ਉੱਪਲ ਰਾਏਕੋਟ, ਜਗਤਾਰ ਸਿੰਘ ਦੇਹੜਕਾ, ਗੁਰਪ੍ਰੀਤ ਸਿੰਘ ਸਿੱਧਵਾਂ ਆਪਣੇ ਆਪਣੇ ਬਲਾਕਾਂ ਦੇ ਕਾਫਲਿਆਂ ਦੀ ਅਗਵਾਈ ਕਰ ਰਹੇ ਸਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲ ਪੁਰਾ ਨੇ ਸਵਾਗਤ ਕਰਤਾ ਜੱਥੇਬੰਦੀਆਂ ਦੇ ਕਾਰਕੁਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਾਫ਼ਲਾ ਲੰਮਾਂ ਸਮਾਂ ਦਿੱਲੀ ਸੰਯੁਕਤ ਮੋਰਚੇ ਵਿੱਚ ਆਪਣੀ ਜ਼ੁਮੇਵਾਰੀ ਨਿਭਾਉਂਦਿਆਂ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ, ਬਿੱਜਲੀ ਬਿੱਲ 2020 ਆਦਿ ਵਾਪਸ ਲੈਣ ਲਈ ਅਤੇ ਮੋਰਚੇ ਦੀ ਚੜ੍ਹਦੀ ਕਲਾ ਲਈ ਕੰਮ ਕਰੇਗਾ। ਮਹਿੰਦਰ ਸਿੰਘ ਕਮਾਲ ਪੁਰਾ ਵੱਲੋਂ ਧੰਨਵਾਦ ਕਰਦੇ ਸਮੇਂ ਉਥੇ ਦਾ ਮਾਹੌਲ ਬਹੁਤ ਜਜ਼ਬਾਤੀ ਜਿਹਾ ਹੋ ਗਿਆ। ਇਹ ਇਕੱਠ ਅਤੇ ਇਹ ਜੱਥਾ ਇਸ ਗੱਲ ਦਾ ਨਵਾਂ ਸਬੂਤ ਸੀ ਕਿ ਕਿਸਾਨ ਮੋਰਚਾ ਪੂਰੀ ਤਰ੍ਹਾਂ ਚੜ੍ਹਦੀਕਲਾ ਵਿਚ ਹੈ। 

Monday, October 03, 2016

ਜੰਗ ਦੀ ਮੁਸੀਬਤ ਮਗਰੋਂ ਸੀਪੀਆਈ ਨੇ ਫੜੀ ਭੰਬਲਭੂਸੇ ਪਏ ਲੋਕਾਂ ਦੀ ਬਾਂਹ

ਸੂਬਾ ਸਕੱਤਰ ਅਰਸ਼ੀ ਵੱਲੋਂ ਸਰਹੱਦੀ ਪਿੰਡਾਂ ਦਾ ਦੌਰਾ ਸਰਗਰਮ ਸ਼ੁਰੂ 
ਫਾਜ਼ਿਲਕਾ: 2 ਅਕਤੂਬਰ 2016: (ਪੰਜਾਬ ਸਕਰੀਨ ਬਿਊਰੋ): 
ਸਿਆਸੀ ਚਾਲਬਾਜ਼ੀਆਂ ਅਤੇ ਜੰਗ ਦੇ ਜਨੂੰਨ ਨੂੰ ਭੜਕਾ ਰਹੀਆਂ ਲੋਕ ਵਿਰੋਧੀ ਤਾਕਤਾਂ ਦੀਆਂ ਸਰਗਰਮੀਆਂ ਤੋਂ ਐਨ ਪਾਸੇ ਹਟ ਕੇ ਸੀਪੀਆਈ ਨੇ ਉਹਨਾਂ ਲੋਕਾਂ ਦੀ ਸਾਰ ਲੈਣੀ ਸ਼ੁਰੂ ਕਰ ਦਿੱਤੀ ਹੈ ਜਿਹਨਾਂ ਨੂੰ ਜੰਗ ਲੱਗਣ ਤੋਂ ਪਹਿਲਾਂ ਹੀ ਘਰੋਂ ਬੇਘਰ ਹੋਣਾ ਪੈ ਰਿਹਾ ਹੈ। ਇਸ ਮਕਸਦ ਲਈ ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਖੁਦ ਸਰਹੱਦੀ ਇਲਾਕਿਆਂ ਦਾ ਦੌਰਾ ਕਰ ਰਹੇ ਹਨ। 
ਤਾਜ਼ਾ ਰਿਪੋਰਟਾਂ ਮੁਤਾਬਿਕ ਭਾਰਤ-ਪਾਕਿ ਸਰਹੱਦ 'ਤੇ ਬਣੇ ਦਹਿਸ਼ਤੀ ਮਾਹੌਲ ਅਤੇ ਸਰਕਾਰ ਦੇ ਹੁਕਮਾਂ ਤਹਿਤ ਆਪਣਾ ਘਰ ਬਾਰ ਛੱਡ ਕੇ ਘਰ ਤੋਂ ਬੇਘਰ ਹੋਏ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਸਾਰ ਲੈਣ ਲਈ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਸਰਹੱਦੀ ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਵੱਖ-ਵੱਖ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ। ਸ੍ਰੀ ਅਰਸ਼ੀ ਨਾਲ ਸੀ ਪੀ ਆਈ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਕੱਤਰ ਹੰਸ ਰਾਜ ਗੋਲਡਨ, ਪੰਜਾਬ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਢੰਡੀਆਂ, ਬਲਾਕ ਜਲਾਲਾਬਾਦ ਦੇ ਕ੍ਰਮਵਾਰ ਪ੍ਰਧਾਨ/ਸਕੱਤਰ ਕਿਸਾਨ ਆਗੂ ਕ੍ਰਿਸ਼ਨ ਧਰਮੂਵਾਲਾ, ਦਰਸ਼ਨ ਲੱਖੇ ਕੜਾਈਆਂ, ਸੀ ਪੀ ਆਈ ਬਲਾਕ ਜਲਾਲਾਬਾਦ ਦੇ ਸਕੱਤਰ ਛਿੰਦਰ ਮਹਾਲਮ, ਜ਼ਿਲ੍ਹਾ ਕੌਂਸਲ ਮੈਂਬਰ ਦਰਸ਼ਨ ਲਾਧੂਕਾ, ਏ ਆਈ ਐੱਸ ਐਫ਼ ਦੇ ਜ਼ਿਲ੍ਹਾ ਸਕੱਤਰ ਸੁਖਦੇਵ ਧਰਮੂਵਾਲਾ, ਕਰਨੈਲ ਬੱਘੇਕਾ, ਮੁਖਤਿਆਰ ਕਮਰੇਵਾਲਾ ਅਤੇ ਰਾਜੂ ਛੱਪੜੀਵਾਲਾ ਹਾਜ਼ਰ ਸਨ। ਸ੍ਰੀ ਹਰਦੇਵ ਅਰਸ਼ੀ ਨੇ ਪਾਰਟੀ ਸਾਥੀਆਂ ਨਾਲ ਸਭ ਤੋਂ ਪਹਿਲਾਂ ਸਥਾਨਕ ਲੜਕੀਆਂ ਦੇ ਸਰਕਾਰੀ ਕਾਲਜ ਵਿਖੇ ਬਣੇ ਕੈਂਪ ਵਿੱਚ ਪਹੁੰਚ ਕੇ ਲੋਕਾਂ ਦਾ ਹਾਲ ਪੁੱਛਿਆ ਅਤੇ ਉਨ੍ਹਾਂ ਨੂੰ ਸਮੂਹ ਪਾਰਟੀ ਆਗੂਆਂ ਵੱਲੋਂ ਵਿਸ਼ਵਾਸ ਦਿਵਾਇਆ ਕਿ ਪਾਰਟੀ ਇਸ ਔਖੀ ਘੜੀ ਮੌਕੇ ਹਮੇਸ਼ਾ ਲੋਕਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ। ਇਸ ਨਾਲ ਜਿੱਥੇ ਬਾਕੀ ਸਿਆਸੀ ਧਿਰਾਂ ਵੀ ਇਸ ਪਾਸੇ ਤੁਰੀਆਂ ਹਨ ਉੱਥੇ ਸਮਾਜਿਕ ਜੱਥੇਬੰਦੀਆਂ ਵੀ ਘਰ ਬਾਰ ਛੱਡ ਕੇ ਆਏ ਲੋਕਾਂ ਨੂੰ ਹਰ ਸੰਭਵ ਸਹਾਇਤਾ ਦੀ  ਆ ਰਹੀਆਂ ਹਨ। 
ਅੱਜ ਜ਼ਿਲ੍ਹਾ ਫਾਜ਼ਿਲਕਾ ਦੇ ਦਰਜਨਾਂ ਸਰਹੱਦੀ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਲੋਕਾਂ ਦੀਆਂ ਮੁਸ਼ਿਕਲਾਂ ਸੁਣੀਆਂ ਗਈਆਂ। ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਸਰਹੱਦੀ 6 ਜ਼ਿਲ੍ਹਿਆਂ ਦੇ ਸੀਮਾ ਲਾਗਲੇ 987 ਪਿੰਡਾਂ ਦੇ ਲੋਕਾਂ ਨੂੰ ਉਜਾੜ ਕੇ ਕੈਂਪਾਂ ਵਿਚ ਰੱਖਣ ਅਤੇ ਉਹਨਾਂ ਦੀ ਤਿਆਰ ਹੋਈ ਫਸਲ ਕੁਦਰਤ ਹਵਾਲੇ ਕਰ ਦੇਣਾ ਚਿੰਤਾ ਦਾ ਵਿਸ਼ਾ ਹੈ। ਸਰਹੱਦੀ ਲੋਕਾਂ ਨੂੰ ਇੰਜ ਵਾਰ-ਵਾਰ ਉਜਾੜਿਆ ਗਿਆ ਹੈ, ਅਤੇ ਫੋਕੇ ਇਕਰਾਰਾਂ, ਲਾਰਿਆਂ ਤੋਂ ਸਿਵਾ ਉਹਨਾਂ ਦੀ ਬਾਂਹ ਨਹੀਂ ਫੜੀ ਗਈ।
ਸੀਪੀਆਈ ਦੀ ਇਸ ਪਹਿਲਕਦਮੀ ਨੇ ਇੱਕ ਤਰਾਂ ਨਾਲ ਸਮਾਜਿਕ ਸੰਗਠਨਾਂ ਅਤੇ ਸਿਆਸੀ ਧਿਰਾਂ ਨੂੰ ਇੱਕ ਵਾਰ ਫਿਰ ਰਾਹ ਦਿਖਾਇਆ ਹੈ। ਚੋਣਾਂ ਲਈ ਸਰਗਰਮ ਧਿਰਾਂ ਵੀ ਹੁਣ ਵੋਟਾਂ ਦੀ ਗੱਲ ਛੱਡ ਕੇ ਲੋਕਾਂ ਦੇ ਦੁੱਖ ਦਰਦ ਸੁਣ  ਰਹੀਆਂ ਹਨ। ਇਸ ਉਪਰੰਤ ਉਹਨਾਂ ਸਰਹੱਦੀ ਪਿੰਡ ਢਾਣੀ ਨੱਥਾ ਸਿੰਘ, ਜੋਧਾਂ ਭੈਣੀ, ਗਰੀਬਾ ਸਾਂਦੜ, ਫੱਤੂਵਾਲਾ, ਗੋਲੇਵਾਲਾ, ਟਾਹਲੀਵਾਲਾ ਹਿਠਾੜ ਅਤੇ ਲਾਧੂਕਾ ਪਿੰਡ 'ਚ ਪਹੁੰਚ ਕੇ ਸਰਹੱਦੀ ਪਿੰਡਾਂ ਦੇ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਸੁਣੀਆ। ਬਿਨਾ ਕਿਸੇ ਕਸੂਰ ਦੇ ਜੰਗਬਾਜ਼ਾਂ ਦੀਆਂ ਕਰਤੂਤਾਂ ਦਾ ਸ਼ਿਕਾਰ ਹੋਏ ਲੋਕਾਂ ਦੇ ਦੁੱਖ ਨੂੰ ਸੀਪੀਆਈ ਨੇ ਨੇੜਿਓਂ ਹ ਕੇ ਦੇਖਿਆ ਸੁਣਿਆ। 
ਸਰਹੱਦੀ ਪਿੰਡਾਂ ਦੇ ਆਪਣੇ ਇਸ ਵਿਸ਼ੇਸ਼ ਦੌਰੇ ਦੌਰਾਨ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਹਰਦੇਵ ਅਰਸ਼ੀ ਅਤੇ ਹੰਸਰਾਜ ਗੋਲਡਨ ਨੇ ਕਿਹਾ ਕਿ ਪਾਰਟੀ ਦਹਿਸ਼ਤਗਰਦੀ ਫੈਲਾਉਣ ਵਾਲਿਆਂ ਦੇ ਸਖਤ ਖ਼ਿਲਾਫ਼ ਹੈ। ਉਹਨਾਂ ਪਾਕਿਸਤਾਨੀ ਹਕੂਮਤ ਨੂੰ ਵੀ ਤਾੜਨਾ ਕੀਤੀ ਕਿ ਪਾਕਿਸਤਾਨ ਨੂੰ ਹਰ ਹਾਲਤ ਵਿੱਚ ਅੱਤਵਾਦ 'ਤੇ ਕਾਬੂ ਪਾਉਣਾ ਹੋਵੇਗਾ, ਕਿਉਂਕਿ ਇਸ ਅੱਤਵਾਦ ਨਾਲ ਦੋਵਾਂ ਦੇਸ਼ਾਂ ਦੇ ਆਮ ਲੋਕਾਂ ਦਾ ਹੀ ਨੁਕਸਾਨ ਹੋ ਰਿਹਾ ਹੈ, ਜਦਕਿ ਦੋਵਾਂ ਦੇਸ਼ਾਂ ਦੇ ਆਮ ਲੋਕ ਸ਼ਾਂਤੀ ਚਾਹੁੰਦੇ ਹਨ। ਕਮਿਊਨਿਸਟ ਆਗੂਆਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਆਮ ਲੋਕਾਂ ਅੱਗੇ ਤਾਂ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਹੋਰ ਸੈਂਕੜੇ ਮੁਸੀਬਤਾਂ ਮੂੰਹ ਅੱਡੀ ਖੜੀਆਂ ਹਨ।
ਸਰਹੱਦੀ ਪਿੰਡਾਂ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਰਸ਼ੀ ਅਤੇ ਸ੍ਰੀ ਗੋਲਡਨ ਨੇ ਕਿਹਾ ਕਿ ਪਾਕਿ-ਭਾਰਤ ਸਰਹੱਦ 'ਤੇ ਦਹਿਸ਼ਤੀ ਮਾਹੌਲ ਨਾਲ ਘਰ ਛੱਡਣ ਨਾਲ ਲੋਕਾਂ ਦੇ ਹੋਏ ਘਰੇਲੂ ਅਤੇ ਫ਼ਸਲੀ ਨੁਕਸਾਨ ਦਾ ਸਰਕਾਰ ਵੱਲੋਂ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਕੰਡਿਆਲੀ ਤਾਰ ਤੋਂ ਪਾਰ ਪੱਕੀ ਫ਼ਸਲ ਨੂੰ ਸਰਕਾਰ ਕਟਵਾਉਣ ਦਾ ਪ੍ਰਬੰਧ ਕਰੇ ਅਤੇ ਪੱਕ ਰਹੀ ਫ਼ਸਲ ਦੀ ਦੇਖਭਾਲ ਲਈ ਕੰਡਿਆਲੀ ਤਾਰ ਤੋਂ ਪਾਰ ਜਾਣ ਲਈ ਕਿਸਾਨਾਂ ਦੀ ਸੁਰੱਖਿਆ ਯਕੀਨੀ ਬਣਾ ਕੇ ਦੇਖਭਾਲ ਕਰਨ ਦੀ ਇਜ਼ਾਜਤ ਦਿੱਤੀ ਜਾਵੇ। 

Thursday, October 10, 2013

ਨਸ਼ਿਆਂ ਦੀ ਸਮਗਲਿੰਗ ਜਾਰੀ

ਬੀਐਸਐਫ ਵੱਲੋਂ ਇੱਕ ਹੋਰ ਸਫਲਤਾ-26 ਕਿਲੋ ਹੈਰੋਇਨ ਫੜੀ 
ਅੰਮ੍ਰਿਤਸਰ: 10 ਅਕਤੂਬਰ 2013: (ਕਿੰਗ//ਪੰਜਾਬ ਸਕਰੀਨ): ਅੱਜ ਨਸ਼ੀਲੀਆਂ ਵਸਤਾਂ ਦੀ ਸਮਗਲਿੰਗ ਰੋਕਣ ਦੇ ਮਾਮਲੇ ਵਿੱਚ ਇੱਕ ਹੋਰ ਸਫਲਤਾ ਆਪਣੇ ਨਾਮ ਦਰਜ ਕਰਦਿਆਂ ਬੀ.ਐਸ.ਐਫ. ਨੇ ਬੀ.ਓ.ਪੀ. ਰਾਜਾਤਾਲ ਨੇੜਿਓਂ ਪਾਕਿਸਤਾਨ ਤੋਂ ਆਈ 26 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਐਕਸ਼ਨ ਦੇ ਦੌਰਾਨ ਦੋ ਮੋਬਾਈਲ ਫੋਨ, ਸਿਮ ਕਾਰਡ ਅਤੇ ਪਾਕਿਸਤਾਨੀ ਸਿਗਰੇਟਾਂ ਵੀ ਮਿਲੀਆਂ ਹਨ।
ਇਸ ਬਾਰੇ ਜਾਣਕਾਰੀ ਦੇਂਦਿਆਂ ਬੀ.ਐਸ.ਐਫ. ਦੇ ਖਾਸਾ ਹੈਡਕੁਆਰਟਰ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਡੀ.ਆਈ.ਜੀ. ਸ੍ਰੀ ਐਮ. ਫਾਰੂਕੀ ਨੇ ਦੱਸਿਆ ਕਿ 9-10 ਅਕਤੂਬਰ ਦੇ ਦਰਮਿਆਨੀ ਰਾਤ ਨੂੰ ਬੀ.ਓ.ਪੀ. ਰਾਜਾਤਾਲ ਵਿਖੇ ਤਾਇਨਾਤ ਬੀ.ਐਸ. ਐਫ ਦੇ ਜਵਾਨਾਂ ਨੇ ਕੰਡਿਆਲੀ ਤਾਰ ਦੇ ਦੋਵੇਂ ਪਾਸੇ ਹਲਚਲ ਦੇਖੀ। ਦੋਵੇਂ ਪਾਸੇ ਸਮਗਲਰਾਂ ਦੀ ਹਲਚਲ ਦੇਖ ਕੇ ਜਵਾਨਾਂ ਨੇ ਇਨ੍ਹਾਂ ਨੂੰ ਵੰਗਾਰਿਆ ਪਰ ਉਹ ਇਸਦੇ ਬਾਵਜੂਦ ਲਗਾਤਾਰ ਅੱਗੇ ਵੱਧ ਰਹੇ ਸਨ। ਸਿੱਟੇ ਵਜੋਂ ਬੀ.ਐਸ.ਐਫ. ਦੇ ਜਵਾਨਾਂ ਨੇ ਗੋਲੀਆਂ ਚਲਾਈਆਂ ਅਤੇ ਮਗਰੋਂ ਇਹ ਸਮਗਲਰ ਪਾਕਿਸਤਾਨ ਵਾਲੇ ਪਾਸੇ ਵਾਪਸ ਭੱਜ ਗਏ। ਜਦੋਂ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ ਗਈ ਤਾਂ ਇਥੋਂ ਪਲਾਸਟਿਕ ਦੀ ਇਕ 13 ਫੁੱਟ ਲੰਬੀ ਪਾਈਪ ਬਰਾਮਦ ਹੋਈ, ਜਿਸ ਵਿਚ 23 ਕਿਲੋ ਹੈਰੋਇਨ ਦੇ 23 ਪੈਕੇਟ ਸਨ। ਇਸ ਤੋਂ ਇਲਾਵਾ ਇਕ ਮੋਬਾਈਲ ਫੋਨ ਅਤੇ ਪਾਕਿਸਤਾਨੀ ਸਿਮ ਕਾਰਡ ਵੀ ਇਸੇ ਥਾਂ ਤੋਂ ਮਿਲਿਆ। ਸਵੇਰ ਸਮੇਂ ਜਦੋਂ ਮੀਡ ਇਸ ਘਟਨਾ ਵਾਲੀ ਥਾਂ ਦੀ ਜਾਂਚ ਪੜਤਾਲ ਕੀਤੀ ਗਈ ਤਾਂ ਉਥੋਂ ਤਿੰਨ ਪੈਕੇਟ ਹੈਰੋਇਨ ਦੇ ਹੋਰ ਅਤੇ ਇਕ ਭਾਰਤੀ ਨੋਕੀਆ ਮੋਬਾਈਲ ਅਤੇ ਭਾਰਤੀ ਸਿਮ ਕਾਰਡ ਵੀ ਬਰਾਮਦ ਹੋਇਆ। ਕੰਡਿਆਲੀ ਤਾਰ ਕੋਲੋਂ ਹੀ ਪਾਕਿਸਤਾਨੀ ਸਿਗਰੇਟਾਂ ਦੀ ਇਕ ਡੱਬੀ ਵੀ ਬਰਾਮਦ ਹੋਈ ਹੈ, ਜੋ ਸ਼ਾਇਦ ਉਸ ਵੇਲੇ ਪਾਕਿਸਤਾਨੀ ਸਮਗਲਰਾਂ ਵਲੋਂ ਵਰਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਬੀਤੀ ਰਾਤ 130 ਕਰੋੜ ਰੁਪਏ ਦੇ ਅੰਤਰਰਾਸ਼ਟਰੀ ਮੁੱਲ ਦੀ 26 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਪ੍ਰਾਪਤ ਹੋਏ ਮੋਬਾਈਲ ਫੋਨ ਵਿਚ ਜਿਹੜਾ ਪਾਕਿਸਤਾਨੀ ਸਿਮ ਕਾਰਡ ਸੀ, ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਸਿਮ ਕਾਰਡ ਦੀ ਜਾਂਚ ਪੜਤਾਲ ਦੌਰਾਨ ਇਹਨਾਂ ਸਮਗਲਰਾਂ ਦੇ ਹੋਰਨਾਂ ਸੰਪਰਕ ਸੂਤਰਾਂ ਦਾ ਵੀ ਪਤਾ ਲੱਗਣ ਦੀ ਸੰਭਾਵਨਾ ਹੈ। 

Thursday, August 08, 2013

ਆਈ ਡੀ ਪੀ ਡੀ ਨੇ ਵੀ ਕੀਤੀ ਪਾਕਿਸਤਾਨੀ ਕਰਤੂਤ ਦੀ ਨਿਖੇਧੀ

Thu, Aug 8, 2013 at 4:04 PM
ਪਰਮਾਣੂ ਅਸਤਰ ਵਰਤਣ ਨਾਲ ਮਾਰੇ ਜਾ ਸਕਦੇ ਨੇ 1.2 ਕਰੋੜ ਲੋਕ
                            ਫਾਈਲ ਫੋਟੋ 
ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ ਨੇ ਪਾਕਿਸਤਾਨੀਆਂ ਵਲੋਂ ਭਾਰਤੀ ਸੈਨਿਕਾਂ ਦੀ ਹੱਤਿਆ ਦੀ ਨਿਖੇਧੀ ਕੀਤੀ ਹੈ। ਇਸਦੇ ਕਾਰਨ ਦੋਨਾਂ ਦੇਸ਼ਾਂ ਵਿਚਾਲੇ ਤਣਾਅ ਵੱਧ ਗਿਆ ਹੈ ਜਿਹੜਾ ਕਿ ਖਿੱਤੇ ਵਿੱਚ ਅਮਨ ਅਤੇ ਵਿਕਾਸ ਦੇ ਲਈ ਹਾਨੀਕਾਰਕ ਹੈ। ਦੋਨੋ ਦੇਸ਼ਾਂ ਕੋਲ ਪਰਮਾਣੂ ਹਥਿਆਰ ਹਨ। ਤਣਾਅ ਵਧਣ ਦੀ ਸੂਰਤ ਵਿੱਚ ਇਹਨਾਂ ਦੇ ਵਰਤੇ ਜਾਣ ਦਾ ਖਤਰਾ ਵੱਧ ਜਾਏਗਾ। ਅਧਿੱਅਨ ਦੇ ਮੁਤਾਬਿਕ ਦੋਨਾਂ ਦੇਸ਼ਾ ਵਲੋਂ ਪਰਮਾਣੂ ਅਸਤਰ ਵਰਤਣ ਦੇ ਨਾਲ 1.2 ਕਰੋੜ ਲੋਕ ਮਾਰੇ ਜਾ ਸਕਦੇ ਹਨ। ਅਸੀਂ ਪਹਿਲਾਂ ਹੀਰੋਸ਼ੀਮਾ ਤੇ ਨਾਗਾਸਾਕੀ ਤੇ ਇਹਨਾਂ ਬੰਬਾਂ ਦੁਆਰਾ ਹੋਈ ਤਬਾਹੀ ਦੇਖ ਚੁਕੇ ਹਾਂ। ਆਈ ਦੀ ਪੀ ਦੀ ਦੇ ਪ੍ਰਧਾਨ ਡਾ ਐਲ ਐਸ ਚਾਵਲਾ ਜਨਰਲ ਸਕੱਤਰ ਡਾ ਅਰੁਣ ਮਿੱਤਰਾ ਨੇ ਮੀਡੀਆ ਨੂੰ ਦੱਸਿਆ ਕੀ ਮਾਮਲਾ ਬਹੁਤ ਹੈ। 
ਆਈ ਡੀ ਪੀ ਡੀ ਦਾ ਡੈਲੀਗੇਸ਼ਨ ਖ਼ੁਦ ਹੀਰੋਸ਼ੀਮਾਂ ਦੇ ਅਜਾਇਬਘਰ ਵਿੱਚ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਨੂੰ ਦੇਖ ਕੇ ਆਇਆ ਹੈ। ਇਸ ਲਈ ਅਸੀਂ ਅਪੀਲ ਕਰਦੇ ਹਾਂ ਕਿ ਪਾਕਿਸਤਾਨ ਨੂੰ ਇੰਝ ਦੀਆਂ ਘਟਨਾਵਾਂ ਨਾ ਹੋਣ ਨੂੰ ਰੋਕਣ ਦੇ ਲਈ ਸਖ਼ਤ਼ ਕਦਮ ਚੁੱਕਣੇ ਲੋੜੀਂਦੇ ਹਨ। ਨਾਲ ਹੀ ਦੋਨਾਂ ਦੇਸ਼ਾਂ ਨੂੰ ਕੂਟਨੀਤਿਕ ਗੱਲਬਾਤ ਰਾਹੀਂ ਹਾਲਾਤ ਸੁਖਾਵੇਂ ਬਨਾਉਣ ਦੇ ਉਦਮ ਕਰਨੇ ਚਾਹੀਦੇ ਹਨ ਅਤੇ ਵਿਸ਼ਵਾਸ ਮਜ਼ਬੂਤ ਕਰਨ ਦੇ ਲਈ ਲੋਕਾਂ ਦਾ ਆਉਣ ਜਾਣ ਅਸਾਨ ਬਨਾਣਾ ਚਾਹੀਦਾ ਹੈ।