Sunday, October 13, 2024

ਨਵੇਂ ਚਾਨਣ ਦੀ ਨਾਇਕਾ ਸੀ ਕੈਲਾਸ਼ ਕੌਰ: ਡਾ. ਸਵਰਾਜਬੀਰ

 ਸ਼ਰਧਾਂਜਲੀ ਸਮਾਗਮ ਪਹੁੰਚੀਆਂ ਕਈ ਅਹਿਮ ਸ਼ਖਸੀਅਤਾਂ  


ਮੋਹਾਲੀ
: 13 ਅਕਤੂਬਰ 2024: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਡੈਸਕ)::

ਲੋਕਾਂ ਦੇ ਲੇਖੇ ਉਮਰਾਂ  ਲਾਉਣ ਵਾਲੇ ਗੁਰਸ਼ਰਨ ਭਾਅ ਜੀ ਦੇ ਵਡੇਰੇ ਪਰਿਵਾਰ ਨੇ ਅੱਜ ਫਿਰ ਇੱਕ ਤਰ੍ਹਾਂ ਨਾਲ ਇਹ ਅਹਿਦ ਦੁਹਰਾਇਆ ਕਿ ਗੁਰਸ਼ਰਨ ਭਾਅ ਜੀ ਵਾਲੇ ਕਾਫ਼ਿਲੇ ਦੀ ਸੋਚ 'ਤੇ ਫਿਰ ਦਦੇਨਾ ਜਾਰੀ ਰੱਖਿਆ ਜਾਏਗਾ। ਸਮਾਗਮ ਦੇ ਆਰੰਭ ਅਤੇ ਮੱਧ ਤੋਂ ਲੈ ਕੇ ਜਦੋਂ ਸਮਾਗਮ ਦਾ ਅਖੀਰ ਆਇਆ ਤਾਂ ਉਦੋਂ ਵੀ ਮੰਚ ਤੋਂ ਅਨੀਤਾ ਸ਼ਬਦੀਸ਼ ਦੀ ਸੁਚੇਤਕ ਰੰਗ ਮੰਚ ਵਾਲੀ ਟੀਮ ਨੇ ਇਹੀ ਯਾਦ ਕਰਾਇਆ ਕਿ ਮਸ਼ਾਲਾਂ ਬਾਲ ਕੇ ਚੱਲਣਾ ਜਦੋ ਤੱਕ ਰਾਤ ਬਾਕੀ ਹੈ। ਸਮਾਗਮ ਤੋਂ ਬਾਅਦ ਹਾਲ ਵਿੱਚੋਂ ਬਾਹਰ ਆ ਰਹੇ ਲੋਕ ਵੀ ਆਪੋ ਆਪਣੇ ਮੂੰਹ ਵਿੱਚ ਇਹੀ ਗੁਣਗੁਣਾ ਰਹੇ ਸਨ:ਮਸ਼ਾਲਾਂ ਬਾਲ ਕਾ ਚੱਲਣਾ ਜਦੋ ਤੱਕ ਰਾਤ ਬਾਕੀ ਹੈ। ਇਸਦਾ ਮੰਚਨ ਕਰਨ ਵਾਲੀ ਟੀਮ ਬਾਰੇ ਤੁਸੀਂ ਲੋਕ ਮੀਡੀਆ ਮੰਚ ਵਿੱਚ ਪੜ੍ਹ ਸਕਦੇ ਹੋ ਇੱਕ ਵੱਖਰੀ ਪੋਸਟ ਵਿੱਚ। ਫਿਲਹਾਲ ਮੁੜਦੇ ਹਾਂ ਸਮਾਗਮ ਦੀ ਰਿਪੋਰਟ ਵੱਲ। 

ਰੰਗਮੰਚ ਵਾਲੇ ਇਸ ਕਾਫ਼ਿਲੇ ਦੀ ਨਾਇਕਾ ਸ੍ਰੀਮਤੀ ਕੈਲਾਸ਼ ਕੌਰ ਦੀ ਯਾਦ 'ਚ ਅੱਜ ਐਮਰ ਮੋਹਾਲੀ ਵਿਖੇ ਬਹੁਤ ਹੀ ਅਰਥ ਭਰਪੂਰ ਅਤੇ ਨਿਵੇਕਲੇ ਅੰਦਾਜ਼ ਵਿਚ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਇਸ ਮੌਕੇ ਸਭ ਕੁਝ ਉਵੇਂ ਹੀ ਉਹਨਾਂ ਰਸਮਾਂ ਮੁਤਾਬਿਕ ਕੀਤਾ ਗਿਆ ਜਿਹਨਾਂ ਦੀਆਂ ਗੱਲਾਂ ਗੁਰਸ਼ਰਨ ਭਾਅ ਜੀ ਅਤੇ ਉਹਨਾਂ ਦੀ ਜੀਵਨ ਸਾਥਣ ਕਰਿਆ ਕਰਦੇ ਸਨ। ਪਰਿਵਾਰ ਨੇ ਇਸ ਕਾਫ਼ਿਲੇ ਦੀ ਨਾਇਕਾ ਸ਼੍ਰੀਮਤੀ ਕੈਲਾਸ਼ ਕੌਰ ਦੀ ਜ਼ਿੰਦਗੀ ਅਤੇ ਲਾਈਫ ਸਟਾਈਲ ਨਾਲ ਜੁੜੀਆਂ ਬਹੁਤ ਸਾਰੀਆਂ ਉਹ ਗੱਲਾਂ ਵੀ ਸਾਂਝੀਆਂ ਕੀਤੀਆਂ ਜਿਹਨਾਂ ਬਾਰੇ ਉਹਨਾਂ ਦੇ ਪ੍ਰਸੰਸਕਾਂ ਦੀ ਬਹੁ ਗਿਣਤੀ ਨਹੀਂ ਸੀ ਜਾਣਦੀ। ਇਹੀ ਗੱਲਾਂ ਦੱਸਦੀਆਂ  ਸਨ 

ਸਮਾਗਮ ਦਾ ਆਗਾਜ਼ ਸ੍ਰੀ ਮਤੀ ਕੈਲਾਸ਼ ਕੌਰ ਦੀ ਦੋਹਤੀ ਨਾਦੀਆ ਸਿੰਘ ਬੁੱਕੂ ਦਾ ਇੰਗਲੈਂਡ ਤੋਂ ਭੇਜਿਆ ਬਹੁਤ ਹੀ ਭਾਵੁਕ ਅਤੇ ਮੁੱਲਵਾਨ ਲਿਖਤੀ ਸੁਨੇਹਾ ਡਾ. ਨਵਸ਼ਰਨ ਵੱਲੋਂ ਪੜ੍ਹਕੇ ਸੁਣਾਇਆ ਗਿਆ। ਨਾਦੀਆ ਨੇ ਆਪਣੀ ਨਾਨੀ ਦੀਆਂ ਯਾਦਾਂ ਦੀ ਪਟਾਰੀ ਸਾਂਝੀ ਕਰਦਿਆਂ ਲਿਖ ਭੇਜਿਆ ਕਿ ਉਹ ਮੇਰੀ ਨਾਨੀ, ਅਧਿਆਪਕ , ਜਮਾਤੀ ਅਤੇ ਆਲੋਚਕ ਸੀ।

ਸ਼ਰਧਾਂਜਲੀ ਸਮਾਗਮ ਵਿੱਚ ਬੋਲਦਿਆਂ ਨਾਮਵਰ ਵਿਦਵਾਨ ਲੇਖਕ, ਨਾਟਕਕਾਰ ਅਤੇ ਕਵੀ ਡਾ. ਸਵਰਾਜਬੀਰ ਨੇ ਕਿਹਾ ਕਿ ਪੰਜਾਬੀ ਰੰਗਮੰਚ,ਸਾਡੇ ਸਮਾਜ ਅਤੇ ਭਵਿੱਖ਼ ਲਈ ਨਵੇਂ ਚਾਨਣ ਦੀ ਨਾਇਕਾ ਹੈ ਸ੍ਰੀ ਮਤੀ ਕੈਲਾਸ਼ ਕੌਰ।

ਉਹਨਾਂ ਕਿਹਾ ਕਿ ਕੈਲਾਸ਼ ਕੌਰ ਨੇ ਸ਼੍ਰੋਮਣੀ ਨਾਟਕਕਾਰ ਗੁਰਸ਼ਰਨ ਸਿੰਘ ਦੀ ਬਹੁ-ਪੱਖੀ ਸ਼ਖ਼ਸੀਅਤ ਦੀ ਸਿਰਜਣਾ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਉਹਨਾਂ ਕਿਹਾ ਕਿ ਔਰਤਾਂ ਨੂੰ ਹਰ ਖੇਤਰ ਵਿਚ ਪਹਿਲ ਕਦਮੀ ਕਰਕੇ ਪ੍ਰਮੁੱਖ ਸਥਾਨ ਮੱਲਣ ਲਈ ਕੈਲਾਸ਼ ਕੌਰ ਦੀ ਅਮਿੱਟ ਦੇਣ ਨੂੰ ਆਉਣ ਵਾਲੀਆਂ ਪੀੜ੍ਹੀਆਂ ਸਿਜਦਾ ਕਰਨਗੀਆਂ ਅਤੇ ਪ੍ਰੇਰਨਾ ਲੈ ਕੇ ਆਪਣੇ ਜੀਵਨ ਸਫ਼ਰ ਦੇ ਨਵੇਂ ਰਾਹ ਬਣਾਉਣਗੀਆਂ।

ਡਾ. ਸਵਰਾਜਬੀਰ ਨੇ ਕਿਹਾ ਕਿ ਸਾਨੂੰ ਸਵੈ ਚਿੰਤਨ ਦੀ ਲੋੜ ਹੈ ਕਿ ਅਸੀਂ ਸ੍ਰੀ ਮਤੀ ਕੈਲਾਸ਼ ਕੌਰ ਬਾਰੇ ਜਿਹੜਾ ਸੰਵਾਦ ਅੱਜ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਕਰ ਰਹੇ ਹਾਂ ਉਹਨਾਂ ਦੇ ਜਿਉਂਦੇ ਜੀਅ ਕਿਉਂ ਨਹੀਂ ਕਰ ਸਕੇ।

ਗੁਰਸ਼ਰਨ ਭਾਅ ਜੀ ਦੇ ਹੱਥੀਂ ਲਾਏ ਬੂਟੇ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ), ਲੋਕ ਕਲਾ ਸਲਾਮ ਕਾਫ਼ਲਾ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਤਿੰਨੇ ਸੰਸਥਾਵਾਂ ਦੇ ਪ੍ਰਤੀਨਿਧ ਅਮੋਲਕ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਹੈ ਕਿ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਲੱਗਦਾ ਮੇਲਾ ਗ਼ਦਰੀ ਬਾਬਿਆਂ ਦਾ ਅਤੇ ਪਲਸ ਮੰਚ ਦੀਆਂ ਸਰਗਰਮੀਆਂ ਵਿਚ ਸ੍ਰੀ ਮਤੀ ਕੈਲਾਸ਼ ਕੌਰ ਦੀ ਸੋਚ ਅਤੇ ਅਮਲ ਦੀ ਸਪਿਰਟ ਧੜਕਦੀ ਹੈ।

ਉਹਨਾਂ ਕਿਹਾ ਕਿ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲੇ ਦੀ ਮੈਂਬਰ ਸ੍ਰੀਮਤੀ ਕੈਲਾਸ਼ ਕੌਰ ਦਾ ਕੁੱਸਾ ਵਿਖੇ ਗੁਰਸ਼ਰਨ ਸਿੰਘ ਦੇ ਇਨਕਲਾਬੀ ਜਨਤਕ ਸਨਮਾਨ ਮੌਕੇ ਹਾਜ਼ਰ ਹੋ ਕੇ ਆਪਣੇ ਲੋਕਾਂ ਤੋਂ ਪ੍ਰਾਪਤ ਅਦਬ ਨੂੰ ਇਉਂ ਮਸਤਕ ਨਾਲ਼ ਲਾਇਆ ਕਿ ਇਸਤੋਂ ਵੱਡਾ ਭਾਰਤ ਰਤਨ ਕਿਹੜਾ ਹੋ ਸਕਦਾ ਹੈ।

ਉਹਨਾਂ ਅਹਿਦ ਕੀਤਾ ਕਿ ਇਹ ਸੰਸਥਾਵਾਂ ਕੈਲਾਸ਼ ਕੌਰ ਦੀ ਕਹਿਣੀ ਅਤੇ ਕਰਨੀ ਵਿਚਲੀ ਇਕਸੁਰਤਾ ਨੂੰ ਇਹ ਸੰਸਥਾਵਾਂ ਸਦਾ ਬੁਲੰਦ ਰੱਖਣਗੀਆਂ।

ਕੈਲਾਸ਼ ਕੌਰ ਦੀ ਧੀ ਨਾਮਵਰ ਵਿਦਵਾਨ ਲੇਖਕ, ਸਮਾਜਿਕ ਅਤੇ ਜਮਹੂਰੀ ਕਾਰਕੁਨ ਡਾ. ਨਵਸ਼ਰਨ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸਾਡੀ ਮਾਂ ਇੱਕ ਬੇਹਤਰੀਨ ਰੰਗ ਮੰਚ ਦੀ ਬਿਹਤਰੀਨ ਅਦਾਕਾਰਾ ਦੇ ਨਾਲ ਨਾਲ ਬਹੁਤ ਹੀ ਗੁਣਵੰਤੀ ਸ਼ਖ਼ਸੀਅਤ ਸੀ।

ਉਹਨਾਂ ਕਿਹਾ ਕਿ ਜੇਕਰ ਸਾਡੇ ਮਾਪਿਆਂ ਨੇ ਆਪਣੇ ਸਮਾਜ ਪ੍ਰਤੀ ਫ਼ਰਜ਼ ਅਦਾ ਕੀਤੇ ਤਾਂ ਲੋਕਾਂ ਨੇ ਸਾਡੇ ਰੰਗ ਮੰਚ ਅਤੇ ਪਰਿਵਾਰ ਨੂੰ ਐਨੀ ਨਿੱਘੀ ਮੁਹੱਬਤ ਦਿੱਤੀ ਜਿਸਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।

ਸਮਾਗਮ ਦੇ ਸਿਖ਼ਰ ਤੇ ਸੁਚੇਤਕ ਰੰਗ ਮੰਚ ਮੋਹਾਲੀ ਵੱਲੋਂ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਬਹੁਤ ਹੀ ਪ੍ਰਭਾਵਸ਼ਾਲੀ ਅੰਦਾਜ਼ ਵਿਚ ਮਸ਼ਾਲਾਂ ਬਾਲ ਕੇ ਚੱਲਣਾ ਕੋਰਿਓਗਰਾਫੀ ਪੇਸ਼ ਕੀਤੀ ਗਈ।

ਸਮਾਗਮ ਮੌਕੇ ਗੁਰਸ਼ਰਨ ਸਿੰਘ, ਪ੍ਰੋ. ਰਣਧੀਰ ਸਿੰਘ ਹੋਰਾਂ ਦੇ ਪਰਿਵਾਰ,ਸਾਕ ਸਬੰਧੀਆਂ ਸਮੇਤ ਕਿਰਤੀ ਕਿਸਾਨ ਯੂਨੀਅਨ ਦੇ ਰਮਿੰਦਰ ਪਟਿਆਲਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਨੌਜਵਾਨ ਭਾਰਤ ਸਭਾ ਲਲਕਾਰ ਦੇ ਪੁਸ਼ਪਿੰਦਰ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਨਰਲ ਸਕੱਤਰ ਜਗਮੋਹਣ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰੋ. ਜਗਮੋਹਣ ਸਿੰਘ ਵੀ ਆਪੋ ਆਪਣੇ ਸਾਥੀਆਂ ਸਮੇਤ ਮੌਜੂਦ ਰਹੇ। 

ਇਸੇ ਤਰ੍ਹਾਂ ਦੂਰ ਦੁਰਾਡਿਓਂ ਵੀ ਬਹੁਤ ਸਾਰੇ ਲੋਕ ਨੁਮਾਇੰਦੇ ਪੁੱਜੇ ਹੋਏ ਸਨ। ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਦੇ ਜਸਪਾਲ ਜੱਸੀ ਅਤੇ ਪਾਵੇਲ ਕੁੱਸਾ  ਸੀ ਪੀ ਆਈ ਐੱਮ ਐੱਲ ਨਿਊ ਡੈਮੋਕਰੇਸੀ ਦੇ ਦਰਸ਼ਨ ਖਟਕੜ, ਇਨਕਲਾਬੀ ਕੇਂਦਰ ਦੇ ਕੰਵਲਜੀਤ ਖੰਨਾ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਰਾਜਿੰਦਰ ਸਿੰਘ ਭਦੌੜ, ਅਰਵਿੰਦਰ ਕੌਰ ਕਾਕੜਾ ਦੀ ਮੌਜੂਦਗੀ ਵੀ ਇਸ ਸਮਾਗਮ ਮੌਕੇ ਇਸ ਇਨਕਲਾਬੀ ਪਰਿਵਾਰ ਦੀਆਂ ਯਾਦਾਂ ਨੂੰ ਹੋਰ ਵੀ ਅਹਿਮ ਬਣਾਉਂਦੀ ਰਹੀ। 

ਅਜਾਇਬ ਸਿੰਘ ਟਿਵਾਣਾ, ਪ੍ਰੋ ਜਗਤਾਰ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਾਥੀ,  ਆਰ ਐਮ ਪੀ ਆਈ ਦੇ ਪ੍ਰੋ. ਜੈਪਾਲ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਪੰਜਾਬ  ਖੇਤ ਮਜ਼ਦੂਰ ਯੂਨੀਅਨ ਦੇ ਲਛਮਣ ਸਿੰਘ ਸੇਵੇਵਾਲਾ, ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਅਸ਼ਵਨੀ ਘੁੱਟਦਾ,  ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਦੇ ਹਰਕੇਸ਼ ਚੌਧਰੀ ਅਤੇ ਸਾਥੀ ਹਾਜ਼ਰ ਸਨ।

ਪੰਜਾਬੀ ਟ੍ਰਿਬਿਊਨ ਦੇ ਚਰਨਜੀਤ ਭੁੱਲਰ ਅਤੇ ਜਸਵੀਰ ਸਮਰ, ਭਾਰਤੀ ਕਮਿਊਨਿਸਟ ਪਾਰਟੀ ਦੇ ਦੇਵੀ ਦਿਆਲ ਸ਼ਰਮਾ,ਗੁਰਪ੍ਰੀਤ ਭੰਗੂ,ਸਾਹਿਤ ਚਿੰਤਨ ਚੰਡੀਗੜ੍ਹ ਦੇ ਕਨਵੀਨਰ ਸਰਦਾਰਾ ਸਿੰਘ ਚੀਮਾ,ਤੇਰਾ ਸਿੰਘ ਚੰਨ ਦਾ ਪਰਿਵਾਰ, ਪ੍ਰਗਤੀਸ਼ੀਲ ਲੇਖਕ ਸੰਘ ਦੇ ਡਾ. ਸੁਖਦੇਵ ਸਿਰਸਾ ਅਤੇ ਡਾ.ਕੁਲਦੀਪ ਦੀਪ, ਡਾ. ਸਤੀਸ਼ ਵਰਮਾ, ਦਲਜੀਤ ਅਮੀ, ਸ਼ਬਦੀਸ਼,ਅਨੀਤਾ ਸ਼ਬਦੀਸ਼, ਸੁਸ਼ੀਲ ਦੋਸਾਂਝ, ਮਜ਼ਦੂਰ ਆਗੂ ਹਰਜਿੰਦਰ ਸਿੰਘ,ਅਤੇ ਕਿਸਾਨਾਂ ਦੇ ਬਹੁਤ ਸਾਰੇ ਆਗੂ ਮੌਜੂਦ ਰਹੇ। 

ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਤੋਂ ਪਹੁੰਚੀ ਹੋਈ ਬਜ਼ੁਰਗ ਆਗੂ ਸੁਰਿੰਦਰ ਕੋਛੜ ਨੇ ਇੱਕ ਇੱਕ ਛੋਟੇ ਵੱਡੇ ਵਰਕਰ ਦਾ ਹਾਲ ਚਾਲ ਵੀ ਪੁੱਛਿਆ ਅਤੇ ਉਹਨਾਂ ਨੂੰ ਇਸ ਵਾਰ ਹੋ ਰਹੇ ਗ਼ਦਰੀ ਬਾਬਿਆਂ ਦੇ ਮੇਲੇ ਵਿਚ ਆਉਂਦਾ ਦਾ ਸੱਦਾ ਵੀ ਦਿਤਾ।.ਤਾਕੀਦ ਵੀ ਕੀਤੀ। ਸ਼੍ਰੀਮਤੀ ਕੋਛੜ ਨਾਲ ਤਸਵੀਰਾਂ ਖਿਚਵਾਉਣ ਵਾਲਿਆਂ ਦੀ ਕਤਾਰ ਵੀ ਕਾਫੀ ਲੰਮੀ ਸੀ। 

ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ ਜਿਸਨੇ ਇਨਕਲਾਬੀ ਰਵਾਇਤਾਂ ਅਤੇ ਪ੍ਰੰਪਰਾਵਾਂ ਨੂੰ ਹੋਰ ਮਜ਼ਬੂਤ ਕੀਤਾ। ਇਸ ਸ਼ਰਧਾਂਜਲੀ ਸਮਾਗਮ ਦੇ ਬਹਾਨੇ ਬਹੁਤ ਸਾਰੇ ਅਜਿਹੇ ਸੱਜਣ ਵੀ ਇੱਕ ਦੂਜੇ ਨੂੰ ਮਿਲੇ ਜਿਹਨਾਂ ਨੂੰ ਆਪਸ ਵਿਚ ਮਿਲੀਆਂ ਹੋ ਗਿਆ ਸੀ। 

No comments: