Showing posts with label Resign. Show all posts
Showing posts with label Resign. Show all posts

Tuesday, September 28, 2021

ਨਵਜੋਤ ਸਿੱਧੂ ਦੇ ਅਸਤੀਫੇ ਮਗਰੋਂ ਤੇਜ਼ੀ ਨਾਲ ਉਭਰੇਗਾ ਏਜੰਡਾ ਪੰਜਾਬ?

ਪੰਜਾਬ ਨਾਲ ਵਧੀਕੀਆਂ ਵਿਰੁੱਧ ਰੋਸ ਇੱਕ ਵਾਰ ਫੇਰ ਜ਼ੋਰ ਫੜੇਗਾ?

ਅਸਤੀਫਿਆਂ ਦੀ ਝੜੀ 

ਚੰਡੀਗੜ੍ਹ: 28 ਸਤੰਬਰ 2021: (ਪੰਜਾਬ ਸਕਰੀਨ ਬਿਊਰੋ)::

ਹੋਰ ਗੱਲਾਂ ਸਭ ਪਿੱਛੋਂ ਨੇ ਪੰਜਾਬ ਪਿਆਰਾ ਪਹਿਲਾਂ ਹੈ। ਇਹ ਪੰਜਾਬ ਦਹਾਕਿਆਂ ਤੋਂ ਬੇਇਨਸਾਫੀਆਂ ਦਾ ਸ਼ਿਕਾਰ ਹੈ, ਸ਼ੋਸ਼ਣ ਦਾ ਸ਼ਿਕਾਰ ਹੈ, ਲੁੱਟ ਦਾ ਸ਼ਿਕਾਰ ਅਤੇ ਭਰਮਾਂ ਭੁਲੇਖਿਆਂ ਵਾਲੀ ਸਿਆਸਤ ਦਾ ਵੀ ਸ਼ਿਕਾਰ ਹੈ। ਇਹ ਸਿਆਸਤ ਵੱਖ ਵੱਖ ਝੰਡਿਆਂ ਹੇਠ ਵੱਖ ਨਾਵਾਂ ਨਾਲ ਕੀਤੀ ਜਾਂਦੀ ਰਹੀ ਹੈ। ਕਦੇ ਏ ਕੇ ਸੰਤਾਲੀਆਂ ਫੜ੍ਹ ਕੇ, ਕਦੇ ਵਰਦੀਆਂ ਪਾ ਕੇ, ਕਦੇ ਚੋਲੇ ਪਾ ਕੇ ਤੇ ਕਦੇ ਸੈਕੂਲਰਿਜ਼ਮ ਵਾਲੇ ਨਾਅਰੇ ਲਾ ਕੇ। ਤਾਣੀ ਉਲਝੀ ਪਈ ਸੀ। ਭੰਬਲਭੂਸੇ ਦੀ ਧੁੰਦ ਨੇ ਹਰ ਇੱਕ ਦੇ ਦਿਲ ਅਤੇ ਦਿਮਾਗ ਤੱਕ ਪਸਾਰਾ ਕਰ ਲਿਆ ਸੀ। ਲੋਕਾਂ ਨੂੰ ਕੁਝ ਵੀ ਥਹੁ ਪਤਾ ਨਹੀਂ ਸੀ ਲੱਗਣ ਦਿੱਤਾ ਜਾਂਦਾ ਕਿ ਕੀ ਠੀਕ ਹੈ ਅਤੇ ਕੀ ਗਲਤ? ਅਜਿਹੀ ਹਾਲਤ ਵਿੱਚ ਨਵਜੋਤ ਸਿੱਧੂ ਵੱਲੋਂ ਪੰਜਾਬ ਦਾ ਏਜੰਡਾ ਲੈ ਕੇ ਆਉਣਾ ਕਿਸੇ ਦੈਵੀ ਕ੍ਰਿਸ਼ਮੇ ਵਾਂਗ ਸੀ ਜਿਸਤੇ ਇਤਬਾਰ ਜਿਹਾ ਨਹੀਂ ਸੀ ਆਉਂਦਾ। ਕੀ ਹੁਣ ਪੰਜਾਬ ਏਜੰਡੇ ਤੇ ਕੁਝ ਚੰਗਾ ਹੁੰਦਾ ਦੇਖਣ ਦੇ ਚਾਹਵਾਨ ਨਵਜੋਤ ਸਿੱਧੂ ਦੇ ਅਸਤੀਫੇ ਨੂੰ ਕੁਰਬਾਨੀ ਵਾਂਗ ਲੈਂਦਿਆਂ ਪੰਜਾਬ ਏਜੰਡੇ ਨੂੰ ਉਭਾਰਨ ਲਈ ਪੂਰਾ ਜ਼ੋਰ ਲਾਉਣਗੇ? ਕੀ ਪੰਜਾਬ ਨਾਲ ਵਧੀਕੀਆਂ ਵਿਰੁੱਧ ਰੋਸ ਇੱਕ ਵਾਰ ਫੇਰ ਜ਼ੋਰ ਫੜੇਗਾ? ਕੀ ਅਸਤੀਫੇ ਤੋਂ ਬਾਅਦ ਨਵਜੋਤ ਸਿੱਧੂ ਟੀਮ ਕੋਲ ਖੁੱਲ੍ਹ ਕੇ ਆਪਣਾ ਪੱਖ ਰੱਖਣ ਦੇ ਮੌਕੇ ਹੋਰ ਵੱਧ ਗਏ ਹਨ? 

ਮਾਲਵਿੰਦਰ ਸਿੰਘ ਮਾਲੀ 
ਦਹਾਕਿਆਂ ਤੋਂ ਲਤਾੜੇ ਜਾ ਰਹੇ ਪੰਜਾਬ ਨਾਲ ਇਨਸਾਫ ਦੀ ਗੱਲ ਤੇ ਯਕੀਨ ਹੀ ਨਹੀਂ ਸੀ ਆਉਂਦਾ। ਦਿਲ ਦਿਮਾਗ ਵਿਛਕ ਕਈ ਤਰ੍ਹਾਂ ਦੇ ਸੁਆਲ ਉੱਠਦੇ। ਪਰ ਜਿੰਨਾ ਕੁ ਨਵਜੋਤ ਸਿੱਧੂ ਨੂੰ ਇਸ ਗੱਲ ਤੇ ਵਿਸ਼ਵਾਸ ਸੀ ਉਸਤੋਂ ਵੱਧ ਭਰੋਸਾ ਉਸਦੇ ਸਭ ਤੋਂ ਵੱਧ ਤਜਰਬੇਕਾਰ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਵੀ ਸੀ। 

ਇਸ ਲਈ ਆਰੰਭ ਵਿਚ ਹੀ ਰੌਲਾ ਰੱਪਾ ਪਾ ਕੇ ਮਾਲਵਿੰਦਰ ਸਿੰਘ ਮਾਲੀ ਅਤੇ ਡਾਕਟਰ ਪਿਆਰਾ ਲਾਲ ਗਰਗ ਨੂੰ ਨਵਜੋਤ ਸਿੱਧੂ ਤੋਂ ਅਲਗ ਕਰਨ ਦੀਆਂ ਕੋਸ਼ਿਸ਼ਾਂ ਇੱਕ ਸੁਚੇਤ ਸਾਜ਼ਿਸ਼ ਸੀ। ਗੱਲ ਉਦੋਂ ਹੀ ਵਿਗਾੜੀ ਜਾਣ ਲੱਗ ਪਈ ਸੀ ਪਰ ਮਾਲੀ ਹੁਰਾਂ ਨੇ ਇਸ ਅਖੌਤੀ ਜਿਹੇ ਅਹੁਦੇ ਦਾ ਤਿਆਗ ਕਰ ਕੇ ਇਹਨਾਂ ਸਾਜ਼ਿਸ਼ਾਂ ਨੂੰ ਵੀ ਨਾਕਾਮ ਬਣਾ ਦਿੱਤਾ। 

ਇਸ ਗੱਲ ਦਾ ਸ਼ੱਕ ਉਦੋਂ ਹੀ ਖੜਾ ਹੋ ਗਿਆ ਸੀ ਕਿ ਹੁਣ ਉਸ ਨਾਅਰੇ ਦਾ ਕਿ ਬਣੇਗਾ ਜੋ ਮਾਲੀ ਹੁਣੀਂ ਗੁਣਗੁਣਾਉਣ ਵਾਂਗੂੰ ਆਪਣੀਆਂ ਲਿਖਤਾਂ ਵਿੱਚ ਵਰਤਿਆ ਕਰਦੇ ਸਨ--ਹੋਰ ਗੱਲਾਂ ਸਭ ਪਿੱਛੋਂ ਨੇ ਪੰਜਾਬ ਪਿਆਰਾ ਪਹਿਲਾਂ ਹੈ। ਅਸਲ ਵਿਚ ਇਸ ਸਤਰ ਨੂੰ ਪੜ੍ਹਦਿਆਂ ਹੀ ਗੁਣਗੁਣਾਉਣ ਦਾ ਦਿਲ ਕਰਨ ਲੱਗ ਪੈਂਦਾ ਹੈ ਸ਼ਾਇਦ ਇਸ ਕਰਕੇ ਕਿ ਇਹ ਦਿਲ ਵਾਲੇ ਦਰਦ ਦੇ ਨੇੜੇ ਹੈ। ਪੰਜਾਬ ਨਾਲ ਹੋਈਆਂ ਵਧੀਕੀਆਂ ਦੀ ਗੱਲ ਕਰਦੀ ਹੈ ਇਹ ਸਤਰ। 

ਨਵਜੋਤ ਸਿੱਧੂ ਨੇ ਮੁੱਖ ਮੰਤਰੀ ਦੀ ਕੁਰਸੀ ਵਾਲਾ ਮੋਹ ਵੀ ਤਿਆਗ ਦਿੱਤਾ। ਚਰਨਜੀਤ ਚੰਨੀ ਹੁਣਾਂ ਦੀ ਸਰਕਾਰ ਵੀ ਬਣ ਗਈ। ਪਰ ਜਦੋਂ ਨਵੇਂ ਮੰਤਰੀਮੰਡਲ ਦਾ ਗਠਨ ਹੋਇਆ ਤਾਂ ਪੰਜਾਬ ਨਾਲ ਜੁੜੇ ਲੋਕਾਂ ਦੇ ਕੰਨ ਖੜੇ ਹੋਣੇ ਸ਼ੁਰੂ ਹੋ ਗਏ। ਜਿਸ ਦਿਨ ਨਵੇਂ ਮੰਤਰੀ ਆਪਣੇ ਆਪੋ ਆਪਣੇ ਅਹੁਦਿਆਂ ਦਾ ਚਾਰਜ ਲੈ ਰਹੇ ਸਨ ਉਸ ਦਿਨ ਅਚਾਨਕ ਨਵਜੋਤ ਸਿੱਧੂ ਵੱਲੋਂ ਪੰਜਾਬ ਕਾਂਗਰਸ ਤੋਂ ਅਸਤੀਫਾ ਦੇਣ ਦੀ ਖਬਰ ਕਿਸੇ ਧਮਾਕੇ ਵਾਂਗ ਆਈ। ਆਰੰਭ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਹੁਰਾਂ ਨੇ ਇਹੀ ਕਿਹਾ ਕਿ ਉਹਨਾਂ ਨੂੰ ਇਸ ਅਸਤੀਫੇ ਦਾ ਕੁਝ ਵੀ ਪਤਾ ਨਹੀਂ। ਮੀਡੀਆ ਲਈ ਮੁੱਖ ਮੰਤਰੀ ਦੀ ਇਹ ਅਗਿਆਨਤਾ ਵੀ ਇੱਕ ਖਬਰ ਬਣੀ। 

ਛੇਤੀ ਹੀ ਹੋਰ ਵੀ ਬਹੁਤ ਕੁਝ ਸਾਹਮਣੇ ਆਉਣ ਲੱਗਿਆ। ਬਹੁਤ ਕੁਝ ਸਪਸ਼ਟ ਵੀ ਹੋਣ ਲੱਗ ਪਿਆ ਸੀ ਪਾਰ ਬੜਾ ਕੁਝ ਅਜੇ ਵੀ ਓਹਲੇ ਜਿਹੇ ਵਿੱਚ ਸੀ। ਇਸ ਨੂੰ ਸਮਝਣ ਲਈ ਚੰਗਾ ਹੋਵੇ ਜੇ ਤੁਸੀਂ ਪਾਲੀ ਭੁਪਿੰਦਰ ਸਿੰਘ ਹੁਰਾਂ ਦੀ ਇੱਕ ਲਿਖਤ ਪੜ੍ਹ ਲਓ। ਇਹ ਲਿਖਤ ਉਹਨਾਂ ਨੇ ਨਵਜੋਤ ਸਿੱਧੂ ਦੇ ਅਸਤੀਫੇ ਵਾਲੇ ਦਿਨ ਹੀ ਅਰਥਾਤ 28 ਸਤੰਬਰ 2021 ਨੂੰ ਹੀ ਬਾਅਦ ਦੁਪਹਿਰ ਚਾਰ ਵੱਜ ਕੇ 28 ਮਿੰਟਾਂ ਤੇ ਆਪਣੇ ਫੇਸਬੁੱਕ ਪੇਜ ਤੇ ਪੋਸਟ ਕੀਤੀ। ਲਓ ਪਹਿਲਾਂ ਇਹ ਲਿਖਤ ਪੜ੍ਹੋ ਜਿਹੜੀ ਬੜੇ ਸੰਖੇਪ ਵਿਚ ਸਭ ਕੁਝ ਸਮਝਾ ਰਹੀ ਹੈ। ਪਾਲੀ ਜੀ ਲਿਖਦੇ ਹਨ:

ਪਾਲੀ ਭੁਪਿੰਦਰ ਸਿੰਘ 
ਮੈਨੂੰ ਨਵਜੋਤ ਸਿੰਘ ਸਿੱਧੂ ਹੁਰਾਂ ਦੇ ਅਸਤੀਫ਼ੇ ਦੀ ਭੋਰਾ ਹੈਰਾਨੀ ਨਹੀਂ ਹੋਈ। ਮੈਨੂੰ ਨਹੀਂ ਪਤਾ ਕਿ ਇਹ ਮੂਰਖਤਾ ਕਿਸ ਨੇ ਕੀਤੀ ਪਰ ਸੁਮੇਧ ਸੈਣੀ ਦੇ ਵਕੀਲ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਲਾਉਣਾ ਸ਼ਰੇਆਮ ਬੇਅਦਬੀ ਕਾਂਡ ਕਾਰਨ ਲੱਗੇ ਸਿੱਖਾਂ ਦੇ ਫੱਟਾਂ 'ਤੇ ਲੂਣ ਭੁੱਕਣ ਵਾਲੀ ਗੱਲ ਸੀ। ਡੀ ਜੀ ਪੀ ਲਾਏ ਗਏ ਇਕਬਾਲਪ੍ਰੀਤ ਸਹੋਤਾ ਉੱਤੇ ਵੀ ਇਲਜ਼ਾਮ ਹੈ ਕਿ ਉਨ੍ਹਾਂ ਨੇ ਬਰਗਾੜੀ ਕਾਂਡ ਵੇਲੇ ਦੋ ਸਿੱਖ ਨੌਜਵਾਨਾਂ ਨੂੰ ਆਪਣੇ ਸਾਹਮਣੇ ਬੈਠ ਕੇ ਕੁੱਟਵਾਇਆ ਤੇ ਸਾਰੇ ਕਾਂਡ ਨੂੰ ਉਲਟਾ ਸਿੱਖਾਂ ਦੇ ਹੀ ਸਿਰ ਮੜ੍ਹਨ ਦੀ ਕੋਸ਼ਿਸ਼ ਕੀਤੀ। ਰਾਣਾ ਗੁਰਜੀਤ ਦਾ ਭ੍ਰਿਸ਼ਟਾਚਾਰ ਵੀ ਜੱਗ-ਜਾਹਰ ਸੀ। ਇਸਦੇ ਬਾਵਜੂਦ ਵੀ ਉਸਨੂੰ ਮੰਤਰੀ-ਮੰਡਲ ਵਿੱਚ ਲਿਆ ਗਿਆ। ਹੁਣ ਸਿੱਧੂ ਕੀ ਕਰਦਾ!  ਜਿਨ੍ਹਾਂ ਦਾਅਵਿਆਂ ਨਾਲ ਉਸਨੇ ਰੌਲਾ ਪਾ ਕੇ ਕੈਪਟਨ ਦੀ ਕੁਰਸੀ ਖੋਹੀ ਉਨ੍ਹਾਂ ਵਿੱਚੋਂ ਤਾਂ ਇੱਕ ਵੀ ਕਾਂਗਰਸ ਦਾ ਏਜੰਡਾ ਨਹੀਂ ਸੀ ਦਿੱਸਦਾ! ਸਿਰਫ਼ ਕੈਪਟਨ ਨੂੰ ਲਾਹੁਣਾ ਉਸਦਾ ਮਕਸਦ ਨਹੀਂ ਸੀ। ਬਿਜਲੀ ਸਮਝੌਤੇ, ਦਰਜਨ ਭਰ ਦੇ ਕਰੀਬ ਮਾਫੀਆ, ਚਿੱਟਾ, ਬੇਅਦਬੀ ਕਾਂਡ ਅਤੇ ਕੈਪਟਨ-ਬਾਦਲ ਮਿਲੀ-ਭੁਗਤ ਇਹੋ ਜਿਹੇ ਕਿੰਨੇ ਮੁੱਦੇ ਸਿੱਧੂ ਚੁੱਕ ਰਿਹਾ ਸੀ ਪਰ ਦਿੱਲੀ ਤਾਂ ਦਲਿਤ ਸੀ ਐਮ ਬਣਾ ਕੇ ਹੀ ਪੰਜਾਬ ਦੇ ਸਾਰੇ ਮੁੱਦੇ ਭੁੱਲ ਚੱਲੀ ਸੀ। ਹੁਣ ਸਿੱਧੂ ਕਿਹੜਾ ਦਾਅਵਾ ਲੈ ਕੇ ਪੰਜਾਬ ਦੇ ਲੋਕਾਂ ਕੋਲ ਜਾਂਦਾ?

ਤੁਸੀਂ ਸਿੱਧੂ ਨੂੰ ਭਾਵੇਂ ਵਿਵਾਦੀ ਕਹੋ ਭਾਵੇਂ ਸੀ. ਐਮ. ਦੀ ਕੁਰਸੀ ਦਾ ਭੁੱਖਾ ਪਰ ਉਸਨੇ ਉਹੀ ਕੀਤਾ ਜਿਸ ਲਈ ਉਸਨੇ ਲੜਾਈ ਸ਼ੁਰੂ ਕੀਤੀ ਸੀ। ਪੈਂਦਾ ਹੈ ਰੌਲਾ ਪੈਣ ਦਿਓ। ਟੁੱਟਦੇ ਨੇ ਰਾਜਨੀਤੀ ਦੇ ਸਲੀਕੇ ਤਾਂ ਟੁੱਟਣ ਦਿਓ। ਕੌਣ ਕੁਰਸੀ ਦਾ ਭੁੱਖਾ ਨਹੀਂ ਇੱਥੇ! ਹਰੇਕ ਦੇ ਮੂੰਹ ਨੂੰ ਖੂਨ ਲੱਗਾ ਹੋਇਆ ਹੈ। ਤੇ ਚੁੱਪ ਰਹਿ ਕੇ ਰਾਜਨੀਤੀ ਕਰਨ ਵਾਲਿਆਂ ਨੇ ਬੜੀਆਂ ਪੂਰੀਆਂ ਪਾ ਦਿੱਤੀਆਂ ਜੋ ਅਸੀਂ ਸਿੱਧੂ ਦੇ ਰੌਲੇ ਤੇ ਰੌਲਾ ਪਾਈਏ।  

ਜੇ ਤੁਸੀਂ ਸੋਚਦੇ ਹੋ ਕਿ ਸਿੱਧੂ ਨੂੰ ਰਾਜਨੀਤੀ ਨਹੀਂ ਕਰਨੀ ਆਉਂਦੀ ਤਾਂ ਮੈਂ ਕਹਾਂਗਾ, ਇਹੀ ਸਿੱਧੂ ਦੀ ਸਭ ਤੋਂ ਵਧੀਆ ਗੱਲ ਹੈ। (28th September 2021 at 04:28 PM)



Monday, July 15, 2019

ਨਵਜੋਤ ਸਿੰਘ ਸਿੱਧੂ ਨੇ ਆਪਣਾ ਅਸਤੀਫਾ ਕੈਪਟਨ ਨੂੰ ਵੀ ਭੇਜਿਆ

ਅਸਤੀਫਾ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ਗਾਹ 'ਤੇ ਡਲਿਵਰ ਹੋਇਆ 
ਚੰਡੀਗੜ੍ਹ: 15 ਜੁਲਾਈ 2019: (ਪੰਜਾਬ ਸਕਰੀਨ ਬਿਊਰੋ):: 
ਆਪਣੇ ਸਿਆਸੀ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਏ ਹੋਏ ਬਹੁ ਚਰਚਿਤ ਆਗੂ ਨਵਜੋਤ ਸਿੰਘ ਸਿੱਧੂ ਨੇ ਹੁਣ ਆਪਣਾ ਅਸਤੀਫ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ 10 ਜੂਨ ਵਾਲੇ ਦਿਨ ਉਹਨਾਂ ਇਹ ਅਸਤੀਫਾ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜਿਆ ਸੀ। ਆਪਣੇ ਇਸ ਅਸਤੀਫੇ ਦੀ ਜਾਣਕਾਰੀ ਵੀ ਉਹਨਾਂ 14 ਜੁਲਾਈ ਵਾਲੇ ਦਿਨ ਟਵਿੱਟਰ 'ਤੇ ਦਿੱਤੀ ਸੀ। ਇਸ ਜਾਣਕਾਰੀ ਦੇ ਨਾਲ ਉਹਨਾਂ ਆਪਣੇ ਇਸ ਅਸਤੀਫੇ ਦੀ ਫੋਟੋ ਵੀ ਟਵਿੱਟਰ 'ਤੇ ਪੋਸਟ ਕੀਤੀ ਸੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸੌਂਪੇ ਇਸ ਅਸਤੀਫੇ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਮੀਡੀਆ ਦੇ ਇੱਕ ਵੱਡੇ ਹਿੱਸੇ ਵਿੱਚ ਉਹਨਾਂ ਦੇ ਇਸ ਅਸਤੀਫੇ ਨੂੰ ਉਹਨਾਂ ਦੇ ਸਿਆਸੀ ਵਿਰੋਧੀਆਂ ਨੇ ਇੱਕ ਸਿਆਸੀ ਡਰਾਮਾ ਦੱਸਿਆ। ਅਸਤੀਫੇ ਨੂੰ ਡਰਾਮਾ ਦੱਸਣ ਦੇ ਨਾਲ ਹੀ ਉਹਨਾਂ ਦੇ ਵਿਰੋਧੀਆਂ ਨੇ ਇਹ ਮੰਗ ਵੀ ਕੀਤੀ ਸੀ ਕਿ ਉਹ ਆਪਣਾ ਅਸਤੀਫਾ ਕੈਪਟਨ ਸਾਹਿਬ ਨੂੰ ਭੇਜਣ। ਅਜਿਹੀਆਂ ਬਿਆਨਬਾਜ਼ੀਆਂ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਆਪਣਾ ਅਸਤੀਫਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੂੰ ਵੀ ਭੇਜ ਦਿੱਤਾ। ਇਸ ਨਵੇਂ ਘਟਨਾਕ੍ਰਮ ਸੰਬੰਧੀ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਦਿੱਤੀ ਹੈ। ਸਿੱਧੂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਭੇਜਿਆ ਹੈ। ਦੱਸਣਯੋਗ ਹੈ ਕਿ ਬੀਤੀ 10 ਜੂਨ ਨੂੰ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕੈਬਨਿਟ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ਸੀ ਅਤੇ ਇਸ ਸੰਬੰਧੀ ਖ਼ੁਲਾਸਾ ਉਨ੍ਹਾਂ ਨੇ 14 ਜੁਲਾਈ ਨੂੰ ਐਤਵਾਰ ਵਾਲੇ ਦਿਨ ਕੀਤਾ ਸੀ। ਇਸ ਅਸਤੀਫੇ ਨਾਲ ਉਹਨਾਂ ਦੇ ਸਿਆਸੀ ਵਿਰੋਧੀਆਂ ਵਿੱਚ ਤਿੱਖਾ ਪ੍ਰਤੀਕਰਮ ਹੋਇਆ ਅਤੇ ਉਹਨਾਂ ਨੇ ਇਸ ਅਸਤੀਫੇ ਨੂੰ ਇੱਕ ਡਰਾਮਾ ਆਖ ਕੇ ਪ੍ਰਚਾਰਿਆ। 
ਹੁਣ ਜਦੋਂ ਕਿ ਇਹ ਅਸਤੀਫਾ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੂੰ ਵੀ ਭੇਜ ਦਿੱਤਾ ਗਿਆ ਹੈ ਤਾਂ ਦੇਖਣਾ ਹੈ ਕਿ ਅਸਤੀਫੇ ਨੂੰ ਡਰਾਮਾ ਦੱਸਣ  ਹੁਣ ਕੀ ਆਖਦੇ ਹਨ। 

Thursday, September 01, 2016

ਖਤਰੇ ਦੀ ਘੰਟੀ ਹੈ ਗੋਆ ਵਿੱਚ ਸੰਘ ਦੇ 400 ਸਵੈਮ ਸੇਵਕਾਂ ਦਾ ਅਸਤੀਫਾ

ਸੱਤਾ ਦੀਆਂ ਬਦਲਦੀਆਂ ਨੀਤੀਆਂ ਕਾਰਨ ਲਗਾਤਾਰ ਬੇਚੈਨ ਹੈ ਕੇਡਰ 
ਪਣਜੀ: 1 ਸਤੰਬਰ 2016: (ਪੰਜਾਬ ਸਕਰੀਨ ਬਿਊਰੋ): 
ਸਵਦੇਸ਼ੀ ਤੋਂ ਵਿਦੇਸ਼ੀ ਅਤੇ ਗਰੀਬ ਜਨ ਸਾਧਾਰਨ ਤੋਂ ਅੰਬਾਨੀਆਂ-ਅਡਾਨੀਆਂ ਵੱਲ ਝੁਕਦਿਆਂ ਚਲੀਆਂ ਜਾ ਰਹੀਆਂ ਨੀਤੀਆਂ ਉਹਨਾਂ ਲੋਕਾਂ ਦੇ ਦਿਮਾਗਾਂ ਵਿੱਚ ਖਲਬਲੀ ਮਚਾ ਰਹੀਆਂ ਹਨ ਜਿਹੜੇ ਹੁਣ ਤੱਕ ਸਮਝਦੇ ਆ ਰਹੇ ਕਿ ਸਾਡੀ ਤਾਕਤ ਆਉਂਦਿਆਂ ਹੀ ਸਾਡੇ ਸੁਪਨਿਆਂ ਵਾਲਾ ਭਾਰਤ ਸਭ ਦੇ ਸਾਹਮਣੇ ਆ ਜਾਵੇਗਾ। ਅੰਦਰਖਾਤੇ ਸੁਲਘ ਰਹੀ ਬੇਚੈਨੀ ਕਿਸੇ ਧਮਾਕੇ ਵਾਂਗ ਸਾਹਮਣੇ ਆਉਣ ਦੀ ਤਿਆਰੀ ਵਿੱਚ ਹੈ।  ਸ਼ੁਰੂਆਤ ਹੋਈ ਹੈ ਰਾਸ਼ਟਰੀ ਸਵੈਮ ਸੇਵਕ ਸੰਘ ਦੇ 400 ਤੋਂ ਵੱਧ ਸਵੈਮ ਸੇਵਕਾਂ ਵੱਲੋਂ ਦਿੱਤੇ ਗਏ ਸਮੂਹਿਕ ਅਸਤੀਫੇ ਨਾਲ। 
ਸੁਭਾਸ਼ ਵੇਲਿੰਗਟਰ ਨੂੰ ਆਰ ਐੱਸ ਐੱਸ ਦੇ ਸੂਬਾ ਮੁਖੀ ਦੇ ਅਹੁਦੇ ਤੋਂ ਹਟਾਉਣ ਮਗਰੋਂ ਸੰਘ ਵਿੱਚ ਬਗਾਵਤ ਹੋ ਗਈ ਹੈ ਅਤੇ ਸੰਘ ਦੇ 400 ਤੋਂ ਵੱਧ ਸਵੈਮ ਸੇਵਕਾਂ ਨੇ ਇਕੱਠਿਆਂ ਅਸਤੀਫੇ ਦੇਣ ਦਾ ਐਲਾਨ ਕਰ ਦਿੱਤਾ। ਅਸਤੀਫਾ ਦੇਣ ਵਾਲੇ ਵਰਕਰਾਂ 'ਚ ਸੰਘ ਦੇ ਜ਼ਿਲ੍ਹਾ, ਉਪ ਜ਼ਿਲ੍ਹਾ ਅਤੇ ਸ਼ਾਖਾ ਮੁਖੀ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਵੇਲਿੰਗਕਰ ਨੂੰ ਗੋਆ ਦੀ ਭਾਜਪਾ ਸਰਕਾਰ ਵਿਰੁੱਧ ਕੰਮ ਕਰਨ ਦੇ ਦੋਸ਼ ਵਿੱਚ ਹਟਾ ਦਿੱਤਾ ਗਿਆ ਸੀ। ਆਰ ਐੱਸ ਐੱਸ ਦੇ ਆਲ ਇੰਡੀਆ ਪ੍ਰਚਾਰ ਪ੍ਰਮੁੱਖ ਮਨਮੋਹਨ ਵੇਦ ਨੇ ਬੁੱਧਵਾਰ ਨੂੰ ਵੇਲਿੰਗਟਰ ਦੀ ਬਰਖਾਸਤਗੀ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਉਨ੍ਹਾ ਨੂੰ ਫੌਰੀ ਤੌਰ 'ਤੇ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਉਹ ਸਿਆਸੀ ਸਰਗਰਮੀਆਂ 'ਚ ਸ਼ਾਮਲ ਹੋਣਾ ਚਾਹੁੰਦੇ ਸਨ, ਪਰ ਸੰਘ ਆਗੂ ਹੋਣ ਨਾਤੇ ਉਹ ਅਜਿਹਾ ਨਹੀਂ ਕਰ ਸਕਦੇ।
ਇਸ ਫੈਸਲੇ ਮਗਰੋਂ ਪਣਜੀ ਨੇੜੇ ਇਕ ਸਕੂਲ ਵਿੱਚ 6 ਘੰਟੇ ਤੱਕ ਚੱਲੀ ਮੈਰਾਥਨ ਮੀਟਿੰਗ ਮਗਰੋਂ 400 ਕਾਰਕੁਨਾਂ ਨੇ ਇਕੱਠਿਆਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਮੀਟਿੰਗ ਮਗਰੋਂ ਸੰਘ ਦੇ ਕੋਂਕਣ ਖੇਤਰ ਦੇ ਦੱਖਣੀ ਜ਼ਿਲ੍ਹਾ ਮੁਖੀ ਰਾਮਦਾਸ ਸਰਾਫ ਨੇ ਕਿਹਾ ਕਿ ਮੀਟਿੰਗ ਵਿਚ ਸੰਘ ਦੇ ਜ਼ਿਲ੍ਹਾ ਯੂਨਿਟਾਂ, ਉਪ ਜ਼ਿਲ੍ਹਾ ਯੂਨਿਟਾਂ ਅਤੇ ਸ਼ਾਖਾ ਦੇ ਅਹੁਦੇਦਾਰਾਂ ਨੇ ਅਸਤੀਫੇ ਦੇਣ ਦਾ ਫੈਸਲਾ ਕੀਤਾ। ਉਸ ਨੇ ਕਿਹਾ ਕਿ ਜਦੋਂ ਤੱਕ ਵੇਲਿੰਗਟਰ ਦੀ ਬਰਖਾਸਤੀ ਬਾਰੇ ਫੈਸਲਾ ਵਾਪਸ ਨਹੀਂ ਲਿਆ ਜਾਂਦਾ, ਉਦੋਂ ਤੱਕ ਸਵੈਮ ਸੇਵਕ ਸੰਘ ਲਈ ਕੰਮ ਨਹੀਂ ਕਰਨਗੇ।
ਮੀਟਿੰਗ 'ਚ ਕਿਹਾ ਗਿਆ ਕਿ ਸੰਘ ਅਤੇ ਭਾਜਪਾ ਦੇ ਵੱਡੇ ਆਗੂਆਂ ਨਾਲ ਰੱਖਿਆ ਮੰਤਰੀ ਮਨੋਹਰ ਪਰਿੱਕਰ ਨੇ ਵੇਲਿੰਗਟਰ ਨੂੰ ਹਟਾਉਣ ਦੀ ਸਾਜ਼ਿਸ਼ ਰਚੀ। ਸੁਭਾਸ਼ ਵੇਲਿੰਗਟਰ ਭਾਰਤ ਭਾਸ਼ਾ ਸੁਰੱਖਿਆ ਮੰਚ ਸੰਗਠਨ ਦੇ ਕਨਵੀਨਰ ਹਨ। ਇਹ ਸੰਗਠਨ ਖੇਤਰੀ ਭਾਸ਼ਾਵਾਂ ਦੀ ਸਰਪ੍ਰਸਤੀ ਲਈ ਕੰਮ ਕਰਦਾ ਹੈ।
ਵੇਲਿੰਗਟਰ ਨੇ ਭਾਜਪਾ ਦੀ ਸੂਬਾ ਸਰਕਾਰ 'ਤੇ ਦੋਸ਼ ਲਾਇਆ ਸੀ ਕਿ ਉਹ ਕੋਂਕਣੀ ਅਤੇ ਮਰਾਠੀ ਵਰਗੀਆਂ ਖੇਤਰੀ ਭਾਸ਼ਾਵਾਂ ਦੀ ਥਾਂ ਅੰਗਰੇਜ਼ੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਵੇਲਿੰਗਟਰ 'ਤੇ 20 ਅਗਸਤ ਨੂੰ ਸੂਬੇ ਦੇ ਦੌਰੇ 'ਤੇ ਆਏ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਕਾਲੇ ਝੰਡੇ ਦਿਖਾਉਣ ਦਾ ਦੋਸ਼ ਵੀ ਲੱਗਾ ਸੀ। ਵੇਲਿੰਗਟਰ ਨੇ ਕਿਹਾ ਸੀ ਕਿ ਮਨੋਹਰ ਪਰਿੱਕਰ ਅਤੇ ਪਾਰਸੇਕਰ ਦੀ ਅਗਵਾਈ ਵਾਲੀਆਂ ਭਾਜਪਾ ਸਰਕਾਰਾਂ ਨੇ ਸਿੱਖਿਆ ਦੇ ਮਾਧਿਅਮ ਦੇ ਮਾਮਲੇ 'ਚ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾ ਚਿਤਾਵਨੀ ਦਿੱਤੀ ਕਿ ਭਾਜਪਾ ਇਸੇ ਕਾਰਨ 2017 ਦੀਆਂ ਵਿਧਾਨ ਸਭਾ ਚੋਣਾਂ ਹਾਰ ਸਕਦੀ ਹੈ। ਉਨ੍ਹਾ ਭਾਜਪਾ ਵਿਰੁੱਧ ਨਵੀਂ ਖੇਤਰੀ ਸਿਆਸੀ ਪਾਰਟੀ ਬਣਾਉਣ ਦੀ ਚਿਤਾਵਨੀ ਦਿੱਤੀ ਸੀ। ਤਕਰੀਬਨ ਤਕਰੀਬਨ ਇਹੀ ਹਾਲਤ ਭਾਰਤੀ ਜਨਤਾ ਪਾਰਟੀ ਦੇ ਹੇਠਲੇ, ਗਰੀਬ  ਅਤੇ ਮੱਧ ਵਰਗੀ ਕੇਡਰ ਦੀ ਵੀ ਹੈ ਜਿਹੜਾ ਅੰਦਰੋਂ ਅੰਦਰਿ ਬੇਹੱਦ ਦੁਖੀ ਹੈ ਕਿਓਂਕਿ ਲਗਾਤਾਰ ਵੱਧ ਰਹੀ ਮਹਿੰਗਾਈ ਨੇ ਇਸ ਵਰਗ ਦਾ ਜਿਊਣਾ ਹਰਾਮ ਕਰ ਦਿੱਤਾ ਹੈ।  

Monday, July 25, 2016

ਪੰਜਾਬ 'ਚ ਮੌਜੂਦਾ ਪਾਣੀ 13 ਐੱਮ ਏ ਐੱਫ ਹੀ ਹੈ--ਕੈਪਟਨ ਅਮਰਿੰਦਰ ਸਿੰਘ

ਸੂਬੇ ਦੇ ਸਾਰੇ ਪਾਰਟੀ ਵਿਧਾਇਕ ਦੇਣਗੇ ਵਿਧਾਨ ਸਭਾ ਤੋਂ ਅਸਤੀਫੇ
ਜਲੰਧਰ: 24 ਜੁਲਾਈ 2016: (ਪੰਜਾਬ ਸਕਰੀਨ ਬਿਊਰੋ):
ਸੁਪਰੀਮ ਕੋਰਟ ਵੱਲੋਂ ਐੱਸ ਵਾਈ ਐੱਲ ਨਹਿਰ ਦੇ ਮੁੱਦੇ 'ਤੇ ਪੰਜਾਬ ਖਿਲਾਫ ਫੈਸਲਾ ਦੇਣ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਪਹਿਲਕਦਮੀ 'ਤੇ ਸੂਬੇ ਦੇ ਸਾਰੇ ਪਾਰਟੀ ਵਿਧਾਇਕ ਵਿਧਾਨ ਸਭਾ ਤੋਂ ਅਸਤੀਫੇ ਦੇ ਦੇਣਗੇ। ਉਨ੍ਹਾ ਸਪੱਸ਼ਟ ਕੀਤਾ ਕਿ ਅਸੀਂ ਸੁਪਰੀਮ ਕੋਰਟ ਦਾ ਆਦਰ ਕਰਦੇ ਹਾਂ, ਪਰ ਸਾਡਾ ਪੰਜਾਬ ਪ੍ਰਤੀ ਵੀ ਫਰਜ਼ ਬਣਦਾ ਹੈ ਅਤੇ ਅਸੀਂ ਆਪਣੇ ਪਾਣੀਆਂ ਦੀ ਰਾਖੀ ਲਈ ਵਿਧਾਨਿਕ ਤੇ ਸੰਵਿਧਾਨਿਕ ਰਸਤੇ ਲੱਭਾਂਗੇ। ਨਹੀਂ ਤਾਂ ਮਾਲਵਾ ਖੇਤਰ ਦੀ 10 ਲੱਖ ਏਕੜ ਤੋਂ ਵੱਧ ਜ਼ਮੀਨ ਸੁੱਕ ਜਾਵੇਗੀ, ਲੋਕਾਂ ਕੋਲ ਪੀਣ ਵਾਸਤੇ ਵੀ ਪਾਣੀ ਨਹੀਂ ਬਚੇਗਾ। ਪ੍ਰੈੱਸ ਕਾਨਫਰੰਸ ਦੌਰਾਨ ਫੈਸਲੇ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਜੇ ਐੱਸ ਵਾਈ ਐੱਲ ਦੇ ਨਿਰਮਾਣ 'ਤੇ ਸੁਪਰੀਮ ਕੋਰਟ ਦਾ ਫੈਸਲਾ ਪੰਜਾਬ ਖਿਲਾਫ ਜਾਂਦਾ ਹੈ ਅਤੇ ਉਹ ਨਹਿਰ ਦੇ ਨਿਰਮਾਣ ਦਾ ਆਦੇਸ਼ ਦਿੰਦਾ ਹੈ, ਤਾਂ ਪੰਜਾਬ ਕੋਲ ਕੋਈ ਬਦਲ ਨਹੀਂ ਬਾਕੀ ਰਹੇਗਾ। ਉਨ੍ਹਾ ਕਿਹਾ ਕਿ ਇਹ ਸਭ ਕੁਝ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਮੇਂ ਸਿਰ ਕਾਰਵਾਈ ਨਾ ਕਰਨ ਕਰਕੇ ਹੋਵੇਗਾ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਨ੍ਹਾ ਵੱਲੋਂ ਪਾਰਲੀਮੈਂਟ ਤੋਂ ਅਸਤੀਫਾ ਦੇਣ ਸਮੇਤ ਪਾਰਟੀ ਵਿਧਾਇਕ ਆਪਣੇ ਅਸਤੀਫੇ ਦੇਣ ਤੋਂ ਬਾਅਦ ਕਾਂਗਰਸ ਪਾਰਟੀ ਲੋਕਾਂ 'ਚ ਜਾਵੇਗੀ ਅਤੇ ਸਮਰਥਨ ਤੇ ਵੋਟ ਮੰਗੇਗੀ। ਅਸੀਂ 2017 'ਚ ਸਰਕਾਰ ਬਣਾਉਣ ਤੋਂ ਬਾਅਦ ਆਪਣੇ ਪਾਣੀਆਂ ਦੀ ਰਾਖੀ ਲਈ ਕਾਨੂੰਨੀ ਤੇ ਸੰਵਿਧਾਨਿਕ ਰਸਤੇ ਬਣਾਵਾਂਗੇ, ਜਿਵੇਂ ਅਸੀਂ 2004 'ਚ ਆਪਣੇ ਪਾਣੀਆਂ ਦੀ ਰਾਖੀ ਕੀਤੀ ਸੀ ਅਤੇ ਅਸੀਂ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ 2004 ਬਣਾਇਆ ਸੀ।
ਉਨ੍ਹਾ ਕਿਹਾ ਕਿ ਜਾਂ ਤਾਂ ਬਾਦਲ ਦੀ ਸੋਚ ਇਮਾਨਦਾਰ ਨਹੀਂ ਹੈ ਜਾਂ ਫਿਰ ਉਨ੍ਹਾ ਦਾ ਇਰਾਦਾ ਸਪੱਸ਼ਟ ਨਹੀਂ, ਜਿਸ ਕਰਕੇ ਉਨ੍ਹਾਂ ਨੇ ਐੱਸ ਵਾਈ ਐਲ ਦੇ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਸੰਕਲਪ 'ਤੇ ਰਾਜਪਾਲ ਕੋਲ ਮਨਜ਼ੂਰੀ ਲੈਣ 'ਤੇ ਮਹੱਤਵਪੂਰਨ ਸਮਾਂ ਖਰਾਬ ਕਰ ਦਿੱਤਾ, ਜਿਸ ਨੇ ਹਰਿਆਣਾ ਨੂੰ ਸੁਪਰੀਮ ਕੋਰਟ ਜਾਣ ਲਈ ਕਾਫੀ ਸਮਾਂ ਦੇ ਦਿੱਤਾ।
ਪ੍ਰੈੱਸ ਕਾਨਫਰੰਸ ਦੌਰਾਨ ਮੌਜੂਦ ਜਲੰਧਰ ਤੋਂ ਐੱਮ ਪੀ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਉਹ ਵੀ ਕੈਪਟਨ ਅਮਰਿੰਦਰ ਤੇ ਪਾਰਟੀ ਵਿਧਾਇਕਾਂ ਸਮੇਤ ਆਪਣਾ ਅਸਤੀਫਾ ਦੇ ਦੇਣਗੇ। ਪਾਣੀਆਂ ਦੀ ਜੰਗ ਕਰੇਗੀ ਚੋਣਾਂ ਵਿੱਚ ਜਿੱਤ ਹਾਰ ਦਾ ਫੈਸਲਾ 
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਹਮੇਸ਼ਾ ਸਰਕਾਰ ਨਾਲ ਖੜ੍ਹੀ ਹੈ, ਪਰ ਉਨ੍ਹਾ ਇਹ ਵੀ ਚੇਤਾਵਨੀ ਦਿੱਤੀ ਕਿ ਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਈ ਚਲਾਕੀ ਕਰਦੇ ਹਨ ਤਾਂ ਪੰਜਾਬ ਦਾ ਸ਼ਾਂਤਮਈ ਮਹੌਲ ਵਿਗੜ ਸਕਦਾ ਹੈ।
ਉਨ੍ਹਾ ਕਿਹਾ ਕਿ ਉਹ ਜਾਣਦੇ ਹਨ ਕਿ ਬਾਦਲ ਆਪਣੀ ਸ਼ੈਤਾਨੀਆਂ ਤੋਂ ਬਾਜ ਨਹੀਂ ਆਉਣਗੇ ਅਤੇ ਆਪਣੇ ਹਿੱਤਾਂ ਦੀ ਰਾਖੀ ਖਾਤਿਰ ਪੰਜਾਬ ਨੂੰ ਮਾੜੇ ਹਲਾਤਾਂ 'ਚ ਧਕੇਲਣ ਲਈ ਇਕ ਮਿੰਟ ਵੀ ਨਹੀਂ ਸੋਚਣਗੇ, ਪਰ ਉਹ ਤੇ ਉਨ੍ਹਾ ਦੀ ਪਾਰਟੀ ਬਾਦਲ ਨੂੰ ਅਜਿਹਾ ਨਹੀਂ ਹੋਣ ਦੇਵੇਗੀ। ਹਮੇਸ਼ਾ ਹਰ ਮੁੱਦੇ ਦੇ ਹੱਲ ਲਈ ਸੰਵਿਧਾਨਿਕ ਤੇ ਕਾਨੂੰਨੀ ਤਰੀਕੇ ਹੁੰਦੇ ਹਨ ਅਤੇ ਅਸੀਂ ਇਨ੍ਹਾਂ ਦਾ ਇਸਤੇਮਾਲ ਕਰਾਂਗੇ, ਜਿਨ੍ਹਾਂ ਨੂੰ ਬਾਦਲ ਨੇ ਖਰਾਬ ਕਰ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸਿਰਫ ਕਾਂਗਰਸ ਪਾਰਟੀ ਹੀ ਪੰਜਾਬ ਦੇ ਪਾਣੀਆਂ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ।
2004 'ਚ ਕਾਂਗਰਸ ਸਰਕਾਰ ਨੇ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ ਬਣਾਇਆ ਸੀ ਤੇ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ ਸੀ। ਉਸ ਕਾਨੂੰਨ ਰਾਹੀਂ ਹੀ ਪੰਜਾਬ ਬੀਤੇ 12 ਸਾਲਾਂ ਤੋਂ ਆਪਣੇ ਪਾਣੀਆਂ ਨੂੰ ਬਚਾ ਰਿਹਾ ਹੈ ਤੇ ਹੁਣ ਬਾਦਲ ਦੀ ਜ਼ਿੰਮੇਵਾਰੀ ਬਣਦੀ ਸੀ, ਜਿਸ 'ਚ ਉਹ ਫੇਲ੍ਹ ਰਹੇ। ਕਿਵੇਂ ਉਨ੍ਹਾ ਦੇ ਮੁੱਖ ਮੰਤਰੀ ਰਹਿੰਦਿਆਂ ਪੰਜਾਬ ਦਾ ਕੇਸ ਕਮਜ਼ੋਰ ਹੋ ਗਿਆ ਤੇ ਸਾਨੂੰ ਸੁਪਰੀਮ ਕੋਰਟ 'ਚ ਵੱਡਾ ਨੁਕਸਾਨ ਸਹਿਣਾ ਪੈ ਰਿਹਾ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬਾਦਲ ਦਾ ਐੱਸ ਵਾਈ ਐੱਲ 'ਤੇ ਪੱਖ ਹਮੇਸ਼ਾ ਤੋਂ ਢਿੱਲਾ ਤੇ ਅਸਪੱਸ਼ਟ ਰਿਹਾ ਹੈ, ਜਿਨ੍ਹਾਂ ਨੇ ਪਹਿਲਾਂ 1978 'ਚ ਆਪਣੇ ਹਰਿਆਣਾ ਦੇ ਸਮਾਨ ਅਹੁਦੇਦਾਰ ਦੇਵੀ ਲਾਲ ਤੋਂ 2 ਕਰੋੜ ਰੁਪਏ ਮਨਜ਼ੂਰ ਕਰ ਲਏ ਸਨ ਅਤੇ ਜਿਨ੍ਹਾਂ ਨਾਲ ਉਨ੍ਹਾ ਭਾਈਚਾਰਕ ਸਾਂਝ ਹੋਣ ਦਾ ਮਾਣ ਨਾਲ ਦਾਅਵਾ ਕੀਤਾ ਸੀ। ਹੁਣ ਐੱਸ ਵਾਈ ਐੱਲ ਲਈ ਕਾਂਗਰਸ ਦਾ ਸਮਰਥਨ ਮਿਲਣ ਤੋਂ ਬਾਅਦ ਉਨ੍ਹਾ ਬਿੱਲ ਰਾਜਪਾਲ ਕੋਲ ਭੇਜਣ 'ਚ ਮਹੱਤਵਪੂਰਨ ਚਾਰ ਦਿਨ ਖਰਾਬ ਕਰ ਦਿੱਤੇ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਇਥੋਂ ਤੱਕ ਕਿ ਕੇਂਦਰ 'ਚ ਭਾਜਪਾ ਅਗਵਾਈ ਵਾਲੀ ਐੱਨ ਡੀ ਏ ਸਰਕਾਰ, ਜਿਸ ਦਾ ਅਕਾਲੀ ਦਲ ਇਕ ਹਿੱਸਾ ਹੈ ਤੇ ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਕੈਬਨਿਟ ਮੰਤਰੀ ਹੈ, ਨੇ ਵੀ ਆਪਣੇ ਅਟਾਰਨੀ ਜਨਰਲ ਮੁਕਲ ਰੋਹਤਗੀ ਰਾਹੀਂ ਹਰਿਆਣਾ ਸਰਕਾਰ ਦਾ ਸਮਰਥਨ ਕੀਤਾ ਅਤੇ ਐੱਸ ਵਾਈ ਐੱਲ ਦੇ ਨਿਰਮਾਣ ਦਾ ਪੱਖ ਲਿਆ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਇਸ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਇਸ 'ਚ ਸਭ ਤੋਂ ਜ਼ਿਆਦਾ ਸ਼ੱਕੀ ਭੂਮਿਕਾ ਨਿਭਾਈ ਹੈ, ਜਿਨ੍ਹਾ 24 ਘੰਟਿਆਂ ਦੇ ਅੰਦਰ ਆਪਣਾ ਪੱਖ ਤੇ ਬਿਆਨ ਬਦਲ ਲਿਆ ਸੀ। ਜਿਨ੍ਹਾ ਪੰਜਾਬ 'ਚ ਕਿਹਾ ਸੀ ਕਿ ਪੰਜਾਬ ਆਪਣੇ ਪਾਣੀ ਨੂੰ ਵੰਡ ਸਕਦਾ ਤੇ ਐੱਸ.ਵਾਈ ਐੱਲ ਦਾ ਨਿਰਮਾਣ ਨਹੀਂ ਹੋਣਾ ਚਾਹੀਦਾ ਹੈ, ਪਰ ਜਦੋਂ ਉਹ ਉਸੇ ਦਿਨ ਦਿੱਲੀ ਪਹੁੰਚੇ, ਤਾਂ ਕਿਹਾ ਐੱਸ.ਵਾਈ.ਐਲ ਦਾ ਨਿਰਮਾਣ ਹੋਣਾ ਚਾਹੀਦਾ ਹੈ ਅਤੇ ਪੰਜਾਬ, ਹਰਿਆਣਾ ਤੇ ਦਿੱਲੀ ਸਾਰੇ ਸੂਬਿਆਂ ਨੂੰ ਪਾਣੀ ਮਿਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾ ਦੀ ਲੀਗਲ ਕੌਂਸਲ ਨੇ ਵੀ ਸੁਪਰੀਮ ਕੋਰਟ 'ਚ ਹਰਿਆਣਾ ਦਾ ਸਮਰਥਨ ਕੀਤਾ, ਇਹ ਸਭ ਕੁਝ ਆਨ ਰਿਕਾਰਡ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਦਾ ਐੱਸ ਵਾਈ ਐੱਲ 'ਤੇ ਨਾ ਸਿਰਫ ਸਪੱਸ਼ਟ ਪੱਖ ਹੈ, ਬਲਕਿ ਪੰਜਾਬ ਕੋਲ ਹਰਿਆਣਾ ਨਾਲ ਸਾਂਝਾ ਕਰਨ ਲਈ ਵਾਧੂ ਪਾਣੀ ਨਹੀਂ ਹੈ।
ਅਸੀਂ ਕਦੇ ਵੀ ਆਪਣੇ ਪੱਖ ਨੂੰ ਨਹੀਂ ਭੁੱਲੇ ਤੇ ਨਾ ਹੀ ਅਸੀਂ ਭਵਿੱਖ 'ਚ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦਾ ਸਮਾਂ ਆਉਣ 'ਤੇ ਅਜਿਹਾ ਭੁੱਲਾਂਗੇ ਅਤੇ ਅਸੀਂ ਸਾਰਿਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਜੇ ਸੁਪਰੀਮ ਕੋਰਟ ਪੰਜਾਬ ਦੇ ਹਿੱਤਾਂ ਖਿਲਾਫ ਫੈਸਲਾ ਲੈਂਦੀ ਹੈ, ਤਾਂ ਅਸੀਂ ਸਾਰੇ ਆਪਣੇ ਵਿਧਾਇਕ ਅਹੁਦਿਆਂ ਤੋਂ ਅਸਤੀਫਾ ਦੇ ਦਿਆਂਗੇ ਤੇ ਲੋਕਾਂ ਦੀ ਅਦਾਲਤ 'ਚ ਜਾਵਾਂਗੇ ਅਤੇ ਉਸ ਗਲਤੀ ਨੂੰ ਸਹੀ ਕਰਨ ਦਾ ਰਸਤਾ ਲੱਭਾਂਗੇ, ਤਾਂ ਜੋ ਪੰਜਾਬ ਦੇ ਪਾਣੀਆਂ ਨੂੰ ਸੰਵਿਧਾਨਕ ਤੇ ਕਾਨੂੰਨੀ ਤਰੀਕਿਆਂ ਰਾਹੀਂ ਬਚਾਇਆ ਜਾ ਸਕੇ। 
ਕੈਪਟਨ ਅਮਰਿੰਦਰ ਨੇ ਸੁਪਰੀਮ ਕੋਰਟ ਦੇ ਜੱਜਾਂ ਖਾਸ ਕਰਕੇ ਭਾਰਤ ਦੇ ਚੀਫ ਜਸਟਿਸ ਨੂੰ ਆਪਣੀ ਅਪੀਲ ਨੂੰ ਦੁਹਰਾਇਆ ਕਿ ਉਹ ਆਖਰੀ ਫੈਸਲਾ ਦੇਣ ਤੋਂ ਪਹਿਲਾਂ ਪਾਣੀ ਦਾ ਤਾਜ਼ਾ ਪੱਧਰ ਦੇਖਣ, ਨਾ ਕਿ ਦਹਾਕਿਆਂ ਪਹਿਲਾਂ ਕੀਤੇ ਗਏ ਅਨੁਮਾਨਾਂ 'ਤੇ ਜਾਣ।
ਉਨ੍ਹਾ ਕਿਹਾ ਕਿ ਇਰਾਡੀ ਪੈਨਲ ਨੇ 18 ਮਿਲੀਅਨ ਏਕੜ ਫੀਟ (ਐੱਮ ਏ ਐੱਫ) ਪਾਣੀ ਮੌਜੂਦ ਹੋਣ ਦੀ ਗਲਤ ਰਿਪੋਰਟ ਦਿੱਤੀ ਹੈ, ਕਿਉਂਕਿ ਏਨਾ ਪਾਣੀ ਪੰਜਾਬ 'ਚ ਕਦੇ ਨਹੀਂ ਆਇਆ। ਉਨ੍ਹਾ ਸਪੱਸ਼ਟ ਕੀਤਾ ਕਿ ਜਦੋਂ ਇਹ ਅਨੁਮਾਨ ਲਗਾਏ ਗਏ ਸਨ, ਪੰਜਾਬ 'ਚ ਉਦੋਂ ਹੜ੍ਹ ਆਇਆ ਹੋਇਆ ਸੀ ਤੇ ਪਾਣੀ ਦਾ ਪੱਧਰ ਬਹੁਤ ਉੱਪਰ ਸੀ, ਜਦਕਿ ਅਸਲੀਅਤ 'ਚ ਪੰਜਾਬ 'ਚ ਮੌਜੂਦਾ ਪਾਣੀ 13 ਐੱਮ ਏ ਐੱਫ ਹੀ ਹੈ। ਇਸ ਤੋਂ ਇਲਾਵਾ ਇਹ ਵੀ ਧਿਆਨ ਦੇਣ ਦੀ ਲੋੜ ਹੈ ਕਿ ਗਲੋਬਲ ਵਾਰਮਿੰਗ ਕਾਰਨ ਗਲੇਸ਼ੀਅਰ ਪਿਘਲ ਰਹੇ ਹਨ ਤੇ ਪਹਾੜਾਂ 'ਤੇ ਘੱਟ ਬਰਫ ਡਿੱਗ ਰਹੀ ਹੈ। ਆਉਂਦਿਆਂ ਦਿਨਾਂ 'ਚ ਖੇਤੀ ਤਾਂ ਦੂਰ ਦੀ ਗੱਲ, ਸਾਡੇ ਕੋਲ ਪੀਣ ਲਈ ਵੀ ਲੋੜੀਂਦਾ ਪਾਣੀ ਨਹੀਂ ਹੋਵੇਗਾ। 

Thursday, September 03, 2015

ਏਅਰ ਇੰਡੀਆ: 30 ਸੀਨੀਅਰ ਡਰੀਮਲਾਈਨਰ ਪਾਈਲਟਾਂ ਵੱਲੋਂ ਅਸਤੀਫਾ

ਟਰੇਨਿੰਗ 'ਤੇ 15 ਕਰੋੜ ਰੁਪਏ ਖਰਚ ਕੇ ਵੀ ਨਹੀਂ ਭਰਿਆ ਗਿਆ ਸੀ ਬਾਂਡ
ਨਵੀਂ ਦਿੱਲੀ: 3 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):
ਵਿਕਾਸ ਦੇ ਅਸਮਾਨ ਛੂਹੰਦੇ ਵਾਅਦਿਆਂ ਅਤੇ ਵੱਖ ਸਕੀਮਾਂ ਦੇ ਪ੍ਰਚਾਰ ਉੱਤੇ ਕਰੋੜਾਂ ਰੁਪਏ ਦੇ ਖਰਚਿਆਂ ਦੌਰਾਨ ਇੱਕ ਮੰਦਭਾਗੀ ਖਬਰ ਆ ਰਹੀ ਹੈ।ਵਿੱਤੀ ਸੰਕਟ 'ਚ ਫਸੀ ਏਅਰ ਇੰਡੀਆ ਲਈ ਹੁਣ ਨਵੀਆਂ ਮੁਸ਼ਕਲਾਂ ਖੜੀਆਂ ਹੋ ਗਈਆਂ ਹਨ। ਇਕ ਰਿਪੋਰਟ ਅਨੁਸਾਰ ਕੰਪਨੀ ਦੇ 120 ਵਿਚੋਂ 30 ਸੀਨੀਅਰ ਬੋਇੰਗ 787 ਡਰੀਮਲਾਈਨਰ ਪਾਈਲਟਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਕੰਪਨੀ 'ਚ ਹੜਕੰਪ ਮੱਚ ਗਿਆ ਹੈ। ਰਿਪੋਰਟ ਅਨੁਸਾਰ ਤਿੰਨ ਸਾਲ ਪਹਿਲਾਂ ਇਨ੍ਹਾਂ ਪਾਈਲਟਾਂ ਦੀ ਸਿਖਲਾਈ 'ਚ 15 ਕਰੋੜ ਰੁਪਏ ਖਰਚ ਕੀਤੇ ਗਏ ਸਨ। ਇਹ ਪਾਈਲਟ ਬਿਨਾਂ ਕਿਸੇ ਸੁਰੱਖਿਆ ਬਾਂਡ ਤੇ ਕੰਟਰੈਕਟ ਜ਼ਿੰਮੇਵਾਰੀ ਤੋਂ ਨੌਕਰੀ ਛੱਡਣ ਲਈ ਆਜ਼ਾਦ ਸਨ। ਇਨ੍ਹਾਂ ਪਾਈਲਟਾਂ ਨੇ ਭਵਿੱਖ 'ਚ ਦੂਸਰੀ ਕੰਪਨੀਆਂ 'ਚ ਬਿਹਤਰ ਪੇਸ਼ੇ ਦੀ ਸੰਭਾਵਨਾਵਾਂ ਨੂੰ ਦੇਖਦੇ ਹੋਏ ਅਸਤੀਫ਼ਾ ਦਿੱਤਾ। ਅਸਤੀਫ਼ਾ ਦੇਣ ਵਾਲੇ ਪਾਈਲਟ ਸੀਨੀਅਰ ਕੋ-ਪਾਈਲਟ ਹਨ ਤੇ ਉਨ੍ਹਾਂ ਨੂੰ 4 ਹਜ਼ਾਰ ਘੰਟੇ ਦੀ ਔਸਤ ਉਡਾਣ ਦਾ ਤਜਰਬਾ ਹੈ। ਇਸ ਨਾਲ ਇੱਕ ਗੰਭੀਰ ਸਥਿਤੀ ਪੈਦਾ ਹੋ ਗਈ ਹੈ। 
ਅਸਤੀਫਾ ਦੇਣ ਵਾਲੇ ਪਾਇਲਟ ਕਾਫੀ ਮਹਤਵਪੂਰਣ ਗਿਣਤੀ ਵਿੱਚ ਹਨ। ਇਹ ਸੰਖਿਆ ਕੁਲ ਪਾਇਲਟਸ ਦਾ ਇੱਕ ਚੌਥਾਈ ਬਣਦੀ ਹੈ। ਇਹ ਅਸਤੀਫੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ਼ ਦੇਸ਼ ਵਿਆਪੀ ਹੜਤਾਲ ਤੋਂ ਐਨ ਇੱਕ ਦਿਨ ਪਹਿਲਾਂ ਆਏ। 
ਅਸਲ ਵਿੱਚ ਏਅਰ ਇੰਡੀਆਂ ਨੇ ਮਧ ਅਗਸਤ ਵਿੱਚ ਵੀ ਕਿਹਾ ਸੀ ਕਿ 15 ਕਰੋੜ ਰੁਪਏ  ਖਰਚ ਕੇ ਟਰੇਂਡ ਕੀਤੇ ਗਏ ਇਹਨਾਂ ਪਾਈਲਟਾਂ ਨਾਲ ਬਾਕਾਇਦਾ ਐਗਰੀਮੈਂਟ ਜਾਂ ਕਾਂਟਰੈਕਟ ਕਰ ਲਿਆ ਜਾਣਾ ਚਾਹਿਦਾ ਹੈ ਪਰ ਇਹਨਾਂ ਚੇਤਾਵਨੀ ਭਰੀਆਂ ਸਲਾਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਠੇਕੇਦਾਰੀ ਦੇ ਵਧ ਰਹੇ ਰੁਝਾਨਾਂ ਨੇ ਵਰਕਰਾਂ//ਅਫਸਰਾਂ ਨਾਲ ਅਜਿਹੇ ਸਮਝੌਤਿਆਂ ਨੂੰ ਕਾਫੀ ਦੇਰ ਤੋਂ ਦਰਕਿਨਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਸੁਣਿਆ ਜਾ ਰਿਹਾ ਹੈ ਕਿ ਭਵਿੱਖ ਵਿੱਚ ਉਹਨਾਂ ਨੂੰ ਹੀ ਟ੍ਰੇਨਿੰਗ ਦਿੱਤੀ ਜਾਏਗੀ ਜਿਹੜੇ ਬਾਕਾਇਦਾ ਕਾਂਟਰੈਕਟ ਜਾਂ ਬਾਂਡ ਭਰਨ ਲਈ ਤਿਆਰ ਹੋਣਗੇ। ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਕਿਤੇ ਇਸਦਾ ਵੀ ਨਿਜੀਕਰਣ ਕੀਤੇ ਜਾਣ ਦੀ ਤਿਆਰੀ ਤਾਂ ਨਹੀਂ?