ਪੰਜਾਬ ਨਾਲ ਵਧੀਕੀਆਂ ਵਿਰੁੱਧ ਰੋਸ ਇੱਕ ਵਾਰ ਫੇਰ ਜ਼ੋਰ ਫੜੇਗਾ?
![]() |
| ਅਸਤੀਫਿਆਂ ਦੀ ਝੜੀ |
ਹੋਰ ਗੱਲਾਂ ਸਭ ਪਿੱਛੋਂ ਨੇ ਪੰਜਾਬ ਪਿਆਰਾ ਪਹਿਲਾਂ ਹੈ। ਇਹ ਪੰਜਾਬ ਦਹਾਕਿਆਂ ਤੋਂ ਬੇਇਨਸਾਫੀਆਂ ਦਾ ਸ਼ਿਕਾਰ ਹੈ, ਸ਼ੋਸ਼ਣ ਦਾ ਸ਼ਿਕਾਰ ਹੈ, ਲੁੱਟ ਦਾ ਸ਼ਿਕਾਰ ਅਤੇ ਭਰਮਾਂ ਭੁਲੇਖਿਆਂ ਵਾਲੀ ਸਿਆਸਤ ਦਾ ਵੀ ਸ਼ਿਕਾਰ ਹੈ। ਇਹ ਸਿਆਸਤ ਵੱਖ ਵੱਖ ਝੰਡਿਆਂ ਹੇਠ ਵੱਖ ਨਾਵਾਂ ਨਾਲ ਕੀਤੀ ਜਾਂਦੀ ਰਹੀ ਹੈ। ਕਦੇ ਏ ਕੇ ਸੰਤਾਲੀਆਂ ਫੜ੍ਹ ਕੇ, ਕਦੇ ਵਰਦੀਆਂ ਪਾ ਕੇ, ਕਦੇ ਚੋਲੇ ਪਾ ਕੇ ਤੇ ਕਦੇ ਸੈਕੂਲਰਿਜ਼ਮ ਵਾਲੇ ਨਾਅਰੇ ਲਾ ਕੇ। ਤਾਣੀ ਉਲਝੀ ਪਈ ਸੀ। ਭੰਬਲਭੂਸੇ ਦੀ ਧੁੰਦ ਨੇ ਹਰ ਇੱਕ ਦੇ ਦਿਲ ਅਤੇ ਦਿਮਾਗ ਤੱਕ ਪਸਾਰਾ ਕਰ ਲਿਆ ਸੀ। ਲੋਕਾਂ ਨੂੰ ਕੁਝ ਵੀ ਥਹੁ ਪਤਾ ਨਹੀਂ ਸੀ ਲੱਗਣ ਦਿੱਤਾ ਜਾਂਦਾ ਕਿ ਕੀ ਠੀਕ ਹੈ ਅਤੇ ਕੀ ਗਲਤ? ਅਜਿਹੀ ਹਾਲਤ ਵਿੱਚ ਨਵਜੋਤ ਸਿੱਧੂ ਵੱਲੋਂ ਪੰਜਾਬ ਦਾ ਏਜੰਡਾ ਲੈ ਕੇ ਆਉਣਾ ਕਿਸੇ ਦੈਵੀ ਕ੍ਰਿਸ਼ਮੇ ਵਾਂਗ ਸੀ ਜਿਸਤੇ ਇਤਬਾਰ ਜਿਹਾ ਨਹੀਂ ਸੀ ਆਉਂਦਾ। ਕੀ ਹੁਣ ਪੰਜਾਬ ਏਜੰਡੇ ਤੇ ਕੁਝ ਚੰਗਾ ਹੁੰਦਾ ਦੇਖਣ ਦੇ ਚਾਹਵਾਨ ਨਵਜੋਤ ਸਿੱਧੂ ਦੇ ਅਸਤੀਫੇ ਨੂੰ ਕੁਰਬਾਨੀ ਵਾਂਗ ਲੈਂਦਿਆਂ ਪੰਜਾਬ ਏਜੰਡੇ ਨੂੰ ਉਭਾਰਨ ਲਈ ਪੂਰਾ ਜ਼ੋਰ ਲਾਉਣਗੇ? ਕੀ ਪੰਜਾਬ ਨਾਲ ਵਧੀਕੀਆਂ ਵਿਰੁੱਧ ਰੋਸ ਇੱਕ ਵਾਰ ਫੇਰ ਜ਼ੋਰ ਫੜੇਗਾ? ਕੀ ਅਸਤੀਫੇ ਤੋਂ ਬਾਅਦ ਨਵਜੋਤ ਸਿੱਧੂ ਟੀਮ ਕੋਲ ਖੁੱਲ੍ਹ ਕੇ ਆਪਣਾ ਪੱਖ ਰੱਖਣ ਦੇ ਮੌਕੇ ਹੋਰ ਵੱਧ ਗਏ ਹਨ?
![]() |
| ਮਾਲਵਿੰਦਰ ਸਿੰਘ ਮਾਲੀ |
ਇਸ ਲਈ ਆਰੰਭ ਵਿਚ ਹੀ ਰੌਲਾ ਰੱਪਾ ਪਾ ਕੇ ਮਾਲਵਿੰਦਰ ਸਿੰਘ ਮਾਲੀ ਅਤੇ ਡਾਕਟਰ ਪਿਆਰਾ ਲਾਲ ਗਰਗ ਨੂੰ ਨਵਜੋਤ ਸਿੱਧੂ ਤੋਂ ਅਲਗ ਕਰਨ ਦੀਆਂ ਕੋਸ਼ਿਸ਼ਾਂ ਇੱਕ ਸੁਚੇਤ ਸਾਜ਼ਿਸ਼ ਸੀ। ਗੱਲ ਉਦੋਂ ਹੀ ਵਿਗਾੜੀ ਜਾਣ ਲੱਗ ਪਈ ਸੀ ਪਰ ਮਾਲੀ ਹੁਰਾਂ ਨੇ ਇਸ ਅਖੌਤੀ ਜਿਹੇ ਅਹੁਦੇ ਦਾ ਤਿਆਗ ਕਰ ਕੇ ਇਹਨਾਂ ਸਾਜ਼ਿਸ਼ਾਂ ਨੂੰ ਵੀ ਨਾਕਾਮ ਬਣਾ ਦਿੱਤਾ।
ਇਸ ਗੱਲ ਦਾ ਸ਼ੱਕ ਉਦੋਂ ਹੀ ਖੜਾ ਹੋ ਗਿਆ ਸੀ ਕਿ ਹੁਣ ਉਸ ਨਾਅਰੇ ਦਾ ਕਿ ਬਣੇਗਾ ਜੋ ਮਾਲੀ ਹੁਣੀਂ ਗੁਣਗੁਣਾਉਣ ਵਾਂਗੂੰ ਆਪਣੀਆਂ ਲਿਖਤਾਂ ਵਿੱਚ ਵਰਤਿਆ ਕਰਦੇ ਸਨ--ਹੋਰ ਗੱਲਾਂ ਸਭ ਪਿੱਛੋਂ ਨੇ ਪੰਜਾਬ ਪਿਆਰਾ ਪਹਿਲਾਂ ਹੈ। ਅਸਲ ਵਿਚ ਇਸ ਸਤਰ ਨੂੰ ਪੜ੍ਹਦਿਆਂ ਹੀ ਗੁਣਗੁਣਾਉਣ ਦਾ ਦਿਲ ਕਰਨ ਲੱਗ ਪੈਂਦਾ ਹੈ ਸ਼ਾਇਦ ਇਸ ਕਰਕੇ ਕਿ ਇਹ ਦਿਲ ਵਾਲੇ ਦਰਦ ਦੇ ਨੇੜੇ ਹੈ। ਪੰਜਾਬ ਨਾਲ ਹੋਈਆਂ ਵਧੀਕੀਆਂ ਦੀ ਗੱਲ ਕਰਦੀ ਹੈ ਇਹ ਸਤਰ।
ਨਵਜੋਤ ਸਿੱਧੂ ਨੇ ਮੁੱਖ ਮੰਤਰੀ ਦੀ ਕੁਰਸੀ ਵਾਲਾ ਮੋਹ ਵੀ ਤਿਆਗ ਦਿੱਤਾ। ਚਰਨਜੀਤ ਚੰਨੀ ਹੁਣਾਂ ਦੀ ਸਰਕਾਰ ਵੀ ਬਣ ਗਈ। ਪਰ ਜਦੋਂ ਨਵੇਂ ਮੰਤਰੀਮੰਡਲ ਦਾ ਗਠਨ ਹੋਇਆ ਤਾਂ ਪੰਜਾਬ ਨਾਲ ਜੁੜੇ ਲੋਕਾਂ ਦੇ ਕੰਨ ਖੜੇ ਹੋਣੇ ਸ਼ੁਰੂ ਹੋ ਗਏ। ਜਿਸ ਦਿਨ ਨਵੇਂ ਮੰਤਰੀ ਆਪਣੇ ਆਪੋ ਆਪਣੇ ਅਹੁਦਿਆਂ ਦਾ ਚਾਰਜ ਲੈ ਰਹੇ ਸਨ ਉਸ ਦਿਨ ਅਚਾਨਕ ਨਵਜੋਤ ਸਿੱਧੂ ਵੱਲੋਂ ਪੰਜਾਬ ਕਾਂਗਰਸ ਤੋਂ ਅਸਤੀਫਾ ਦੇਣ ਦੀ ਖਬਰ ਕਿਸੇ ਧਮਾਕੇ ਵਾਂਗ ਆਈ। ਆਰੰਭ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਹੁਰਾਂ ਨੇ ਇਹੀ ਕਿਹਾ ਕਿ ਉਹਨਾਂ ਨੂੰ ਇਸ ਅਸਤੀਫੇ ਦਾ ਕੁਝ ਵੀ ਪਤਾ ਨਹੀਂ। ਮੀਡੀਆ ਲਈ ਮੁੱਖ ਮੰਤਰੀ ਦੀ ਇਹ ਅਗਿਆਨਤਾ ਵੀ ਇੱਕ ਖਬਰ ਬਣੀ।
ਛੇਤੀ ਹੀ ਹੋਰ ਵੀ ਬਹੁਤ ਕੁਝ ਸਾਹਮਣੇ ਆਉਣ ਲੱਗਿਆ। ਬਹੁਤ ਕੁਝ ਸਪਸ਼ਟ ਵੀ ਹੋਣ ਲੱਗ ਪਿਆ ਸੀ ਪਾਰ ਬੜਾ ਕੁਝ ਅਜੇ ਵੀ ਓਹਲੇ ਜਿਹੇ ਵਿੱਚ ਸੀ। ਇਸ ਨੂੰ ਸਮਝਣ ਲਈ ਚੰਗਾ ਹੋਵੇ ਜੇ ਤੁਸੀਂ ਪਾਲੀ ਭੁਪਿੰਦਰ ਸਿੰਘ ਹੁਰਾਂ ਦੀ ਇੱਕ ਲਿਖਤ ਪੜ੍ਹ ਲਓ। ਇਹ ਲਿਖਤ ਉਹਨਾਂ ਨੇ ਨਵਜੋਤ ਸਿੱਧੂ ਦੇ ਅਸਤੀਫੇ ਵਾਲੇ ਦਿਨ ਹੀ ਅਰਥਾਤ 28 ਸਤੰਬਰ 2021 ਨੂੰ ਹੀ ਬਾਅਦ ਦੁਪਹਿਰ ਚਾਰ ਵੱਜ ਕੇ 28 ਮਿੰਟਾਂ ਤੇ ਆਪਣੇ ਫੇਸਬੁੱਕ ਪੇਜ ਤੇ ਪੋਸਟ ਕੀਤੀ। ਲਓ ਪਹਿਲਾਂ ਇਹ ਲਿਖਤ ਪੜ੍ਹੋ ਜਿਹੜੀ ਬੜੇ ਸੰਖੇਪ ਵਿਚ ਸਭ ਕੁਝ ਸਮਝਾ ਰਹੀ ਹੈ। ਪਾਲੀ ਜੀ ਲਿਖਦੇ ਹਨ:
![]() |
| ਪਾਲੀ ਭੁਪਿੰਦਰ ਸਿੰਘ |
ਤੁਸੀਂ ਸਿੱਧੂ ਨੂੰ ਭਾਵੇਂ ਵਿਵਾਦੀ ਕਹੋ ਭਾਵੇਂ ਸੀ. ਐਮ. ਦੀ ਕੁਰਸੀ ਦਾ ਭੁੱਖਾ ਪਰ ਉਸਨੇ ਉਹੀ ਕੀਤਾ ਜਿਸ ਲਈ ਉਸਨੇ ਲੜਾਈ ਸ਼ੁਰੂ ਕੀਤੀ ਸੀ। ਪੈਂਦਾ ਹੈ ਰੌਲਾ ਪੈਣ ਦਿਓ। ਟੁੱਟਦੇ ਨੇ ਰਾਜਨੀਤੀ ਦੇ ਸਲੀਕੇ ਤਾਂ ਟੁੱਟਣ ਦਿਓ। ਕੌਣ ਕੁਰਸੀ ਦਾ ਭੁੱਖਾ ਨਹੀਂ ਇੱਥੇ! ਹਰੇਕ ਦੇ ਮੂੰਹ ਨੂੰ ਖੂਨ ਲੱਗਾ ਹੋਇਆ ਹੈ। ਤੇ ਚੁੱਪ ਰਹਿ ਕੇ ਰਾਜਨੀਤੀ ਕਰਨ ਵਾਲਿਆਂ ਨੇ ਬੜੀਆਂ ਪੂਰੀਆਂ ਪਾ ਦਿੱਤੀਆਂ ਜੋ ਅਸੀਂ ਸਿੱਧੂ ਦੇ ਰੌਲੇ ਤੇ ਰੌਲਾ ਪਾਈਏ।
ਜੇ ਤੁਸੀਂ ਸੋਚਦੇ ਹੋ ਕਿ ਸਿੱਧੂ ਨੂੰ ਰਾਜਨੀਤੀ ਨਹੀਂ ਕਰਨੀ ਆਉਂਦੀ ਤਾਂ ਮੈਂ ਕਹਾਂਗਾ, ਇਹੀ ਸਿੱਧੂ ਦੀ ਸਭ ਤੋਂ ਵਧੀਆ ਗੱਲ ਹੈ। (28th September 2021 at 04:28 PM)




No comments:
Post a Comment