Showing posts with label Peace. Show all posts
Showing posts with label Peace. Show all posts

Saturday, August 28, 2021

ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਵਾਲਿਆਂ ਵਿਰੁੱਧ ਹੁਣ ਹੋਰ ਸਖਤੀ

 Saturday:28th  August 2021 at 7:51 pm

  ਡੀ ਜੀ.ਪੀ. ਪੰਜਾਬ ਦੀ ਜ਼ਿਲਾ ਪੁਲਿਸ ਮੁਖੀਆਂ ਨੂੰ ਹਦਾਇਤ

ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ

ਸੀ.ਪੀਜ਼/ਐਸ.ਐਸ.ਪੀਜ਼ ਨੂੰ ਸੰਵੇਦਨਸ਼ੀਲ ਥਾਵਾਂ ਨੇੜੇ ਚੌਕਸੀ ਵਧਾਉਣ ਦੇ ਵੀ ਦਿੱਤੇ ਨਿਰਦੇਸ਼

ਡੀ.ਜੀ.ਪੀ. ਦਿਨਕਰ ਗੁਪਤਾ ਵੱਲੋਂ ਆਗਾਮੀ ਤਿਓਹਾਰਾਂ ਦੇ ਸੀਜ਼ਨ ਦੌਰਾਨ ਜਨਤਾ ਨੂੰ ਚੌਕਸ ਰਹਿਣ ਦੀ ਅਪੀਲ

ਕੋਈ ਵੀ ਸ਼ੱਕੀ ਜਾਂ ਲਾਵਾਰਿਸ ਚੀਜ਼ ਮਿਲਣ ’ਤੇ 112 ਜਾਂ 181 ’ਤੇ ਕਾਲ ਕਰਨ ਲਈ ਕਿਹਾ

ਡੀ.ਜੀ.ਪੀ. ਪੰਜਾਬ ਨੇ ਹਾਲ ਹੀ ਵਿੱਚ ਟਿਫ਼ਨ ਬੰਬ, ਹੈਂਡ ਗ੍ਰੇਨੇਡ ਅਤੇ ਪਿਸਤੌਲਾਂ ਬਰਾਮਦ ਹੋਣ ਦੇ ਮੱਦੇਨਜ਼ਰ ਸੂਬੇ ਦੇ ਸੁਰੱਖਿਆ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਸਾਰੇ ਫੀਲਡ ਅਧਿਕਾਰੀਆਂ ਨਾਲ ਕੀਤੀ ਉੱਚ ਪੱਧਰੀ ਮੀਟਿੰਗ
ਚੰਡੀਗੜ/ਜਲੰਧਰ: 28 ਅਗਸਤ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::
ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਅੱਜ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸੂਬੇ ਵਿੱਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਰੋਕਥਾਮ, ਇਹਤਿਆਤ ਅਤੇ ਸੁਰੱਖਿਆ ਦੇ ਲਿਹਾਜ਼ ਤੋਂ ਸਾਰੇ ਢੁੱਕਵੇਂ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ।
ਡੀਜੀਪੀ ਦਿਨਕਰ ਗੁਪਤਾ ਨੇ ਪੰਜਾਬ ਆਰਮਡ ਪੁਲਿਸ (ਪੀਏਪੀ) ਕੈਂਪਸ ਵਿੱਚ ਸੂਬਾ ਪੱਧਰੀ ਅਪਰਾਧ ਸਮੀਖਿਆ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ, “ਹਾਲਾਂਕਿ ਜ਼ਿਆਦਾਤਰ ਪੁਲਿਸ ਮੁਖੀਆਂ ਦੁਆਰਾ ਆਪਣੇ ਸਬੰਧਤ ਜ਼ਿਲਿਆਂ ਵਿੱਚ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ, ਪਰ ਇੰਟੈਲੀਜੈਂਟ ਅਤੇ ਸਮਾਰਟ ਪੁਲਿਸਿੰਗ ਜਿਸ ਵਿੱਚ ਤਕਨਾਲੋਜੀ ਅਤੇ ਟਰੇਡਕਰਾਫ਼ਟ ਦੀ ਵਰਤੋਂ ਸ਼ਾਮਲ ਹੈ, ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਦੀ ਲੋੜ ਹੈ।”  
ਇਹ ਮੀਟਿੰਗ ਹਾਲ ਹੀ ਵਿੱਚ ਰਾਜ ’ਚ ਗ੍ਰੇਨੇਡ ਅਤੇ ਆਰ.ਡੀ.ਐਕਸ. ਨਾਲ ਲੈਸ ਟਿਫਿਨ ਬਾਕਸ ਮਿਲਣ ਤੋਂ ਇਲਾਵਾ ਹੋਰ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਬਰਾਮਦਗੀ ਜਿਸ ਤੋਂ ਸਰਹੱਦੀ ਸੂਬੇ ਵਿੱਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਲਈ ਦੇਸ਼ ਵਿਰੋਧੀ ਅਨਸਰਾਂ ਵੱਲੋਂ ਕੀਤੀਆਂ ਜਾ ਰਹੀਆਂ ਵੱਡੀਆਂ ਕੋਸ਼ਿਸ਼ਾਂ ਦਾ ਸੰਕੇਤ ਮਿਲਦਾ ਹੈ, ਦੇ ਮੱਦੇਨਜ਼ਰ ਕੀਤੀ ਗਈ। ਮੀਟਿੰਗ ਵਿੱਚ ਰੇਲਵੇ ਦੇ ਵਿਸ਼ੇਸ਼ ਡੀਜੀਪੀ ਸੰਜੀਵ ਕਾਲੜਾ, ਏਡੀਜੀਪੀ ਅੰਦਰੂਨੀ ਸੁਰੱਖਿਆ ਆਰ.ਐਨ. ਢੋਕੇ ਅਤੇ ਏਡੀਜੀਪੀ ਇੰਟੈਲੀਜੈਂਸ ਵਰਿੰਦਰ ਕੁਮਾਰ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ।
ਡੀਜੀਪੀ ਨੇ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਆਗਿਆ ਨਾ ਦਿੱਤੀ ਜਾਵੇ ਅਤੇ ਜੇਕਰ ਕੋਈ ਵੀ ਵਿਅਕਤੀ ਹਿੰਸਕ ਗਤੀਵਿਧੀਆਂ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕਰਦਿਆਂ ਤੁਰੰਤ ਫੌਜਦਾਰੀ ਕੇਸ ਦਰਜ ਕੀਤੇ ਜਾਣ। ਉਨਾਂ ਨੇ ਰਾਜ ਵਿੱਚ ਕਾਨੂੰਨ ਵਿਵਸਥਾ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਵਿਅਕਤੀਆਂ ਅਤੇ ਸ਼ਰਾਰਤੀ ਅਨਸਰਾਂ ਨੂੰ  ਵੀ ਚਿਤਾਵਨੀ ਦਿੱਤੀ ਕਿ ਜੇਕਰ ਉਹ ਕਿਸੇ ਅਪਰਾਧਿਕ ਜਾਂ ਹਿੰਸਕ ਗਤੀਵਿਧੀਆਂ ਵਿੱਚ ਸ਼ਾਮਲ ਪਾਏ ਜਾਂਦੇ ਹਨ ਤਾਂ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਾਂ ਪਾਸਪੋਰਟ ਤਸਦੀਕ ਅਤੇ ਹੋਰ ਵਿਅਕਤੀਗਤ ਜਾਂਚ ਕਾਰਵਾਈਆਂ ਸਮੇਂ  ਉਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਆਗਾਮੀ ਤਿਓਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਡੀਜੀਪੀ ਦਿਨਕਰ ਗੁਪਤਾ ਨੇ ਸੀਪੀਜ਼/ਐਸਐਸਪੀਜ਼ ਨੂੰ ਸਾਰੇ ਸੰਵੇਦਨਸ਼ੀਲ ਸਥਾਨਾਂ ’ਤੇ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ।
ਉਨਾਂ ਜ਼ਿਲਾ ਪੁਲਿਸ ਮੁਖੀਆਂ ਨੂੰ ਸੁਸਾਇਟੀ ਦੇ ਮੈਂਬਰਾਂ ਨਾਲ ਮੀਟਿੰਗਾਂ ਕਰਕੇ ਉਨਾਂ ਨੂੰ ਟਿਫਿਨ ਬੰਬ ਅਤੇ ਹੋਰ ਖਤਰਿਆਂ ਬਾਰੇ ਜਾਗਰੂਕ ਕਰਨ ਲਈ ਕਿਹਾ ਤਾਂ ਜੋ ਉਹ ਸਪੀਕਰਾਂ ਰਾਹੀਂ ਸੂਚਨਾ ਦੇ ਕੇ ਹੋਰਨਾਂ ਨੂੰ ਵੀ ਚੌਕਸ ਰਹਿਣ ਬਾਰੇ ਜਾਗਰੂਕ ਕਰ ਸਕਣ। ਉਨਾਂ ਨੇ ਲੋਕਾਂ ਨੂੰ ਚੌਕਸ ਕਰਨ ਲਈ ਵੱਖ -ਵੱਖ ਜਨਤਕ ਸਥਾਨਾਂ ਜਿਵੇਂ ਕਿ ਬੱਸ ਸਟੈਂਡਾਂ ਅਤੇ ਰੇਲਵੇ ਸਟੇਸ਼ਨਾਂ ’ਤੇ ਪਬਲਿਕ ਐਡਰੈੱਸ ਸਿਸਟਮ ਦੀ ਵਰਤੋਂ ਕਰਨ ਦੀ ਵੀ ਸਲਾਹ ਦਿੱਤੀ ਅਤੇ ਲੋਕਾਂ ਨੂੰ ਇਹ ਦੱਸਣ ਲਈ ਕਿਹਾ ਕਿ ਜੇ ਕਿਸੇ ਨੂੰ ਕੋਈ ਸ਼ੱਕੀ ਚੀਜ਼ ਮਿਲਦੀ ਹੈ ਤਾਂ ਉਹ 112 ਜਾਂ 181 ਡਾਇਲ ਕਰਕੇ ਰਿਪੋਰਟ ਦੇਣ।
ਡੀਜੀਪੀ ਦਿਨਕਰ ਗੁਪਤਾ ਨੇ ਸੀਪੀਜ਼/ਐਸਐਸਪੀਜ਼ ਨੂੰ ਨਸ਼ਾ ਤਸਕਰਾਂ/ਸਪਲਾਇਰਾਂ ਵਿਰੁੱਧ ਆਪਣੀ ਕਾਰਵਾਈ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਤਾਂ ਜੋ ਨਸ਼ਿਆਂ ਦੀ ਸਪਲਾਈ ਲਾਈਨਾਂ ਬੇਅਸਰ ਰਹਿਣ।
ਉਨਾਂ ਨੇ ਸੀਪੀਜ਼/ਐਸਐਸਪੀਜ਼ ਨੂੰ ਅਪਰਾਧਿਕ ਗਤੀਵਿਧੀਆਂ ਦੀ ਰੋਕਥਾਮ ਲਈ ਪੁਲਿਸ ਨਾਕਿਆਂ ਦੀ ਪ੍ਰਭਾਵਸ਼ੀਲਤਾ ਵਧਾਉਣ ਦੇ ਨਿਰਦੇਸ਼ ਵੀ ਦਿੱਤੇ।
ਇਸ ਦੌਰਾਨ ਡੀਜੀਪੀ ਨੇ ਨਵ ਨਿਯੁਕਤ ਸੀਪੀਜ਼ ਅਤੇ ਐਸਐਸਪੀਜ਼ ਨਾਲ ਵੀ ਇਸ ਬਾਰੇ ਵਿਚਾਰਚਰਚਾ ਕੀਤੀ।

Monday, December 25, 2017

ਪਰਮਾਣੂ ਪਾਬੰਦੀ ਸੰਧੀ ਵਿੱਚ ਸ਼ਾਮਿਲ ਹੋਣ ਲਈ ਭਾਰਤ ਪਹਿਲਕਦਮੀ ਕਰੇ

Mon, Dec 25, 2017 at 5:40 PM
ਪਰਮਾਣੂ ਹਥਿਆਰ ਸੰਪਨ ਦੇਸ਼ਾਂ ਨੂੰ ਮਨਾਉਣ ਦੀ ਮੰਗ ਵੀ ਉਠਾਈ 
ਲੁਧਿਆਣਾ:25 ਦਸੰਬਰ 2017:(ਪੰਜਾਬ ਸਕਰੀਨ ਟੀਮ):: Click here to see more pics on FB
ਹੁਣ ਮੌਕਾ ਹੈ ਕਿ ਸਾਰੇ ਪਰਮਾਣੂ ਹਥਿਆਰ ਸੰਪਨ ਦੇਸ਼ ਪਰਮਾਣੂ ਹਥਿਆਰ ਪਾਬੰਦੀ ਸੰਧੀ ਵਿੱਚ ਸ਼ਾਮਲ ਹੋ ਕੇ ਇਹਨਾਂ ਅਤੀ ਮਾਰੂ ਹਥਿਆਰਾਂ ਨੂੰ ਸਮਾਪਤ ਕਰਨ ਦੇ ਲਈ ਉਚੇਚੇ ਕਦਮ ਚੁੱਕਣ ਤੇ ਵਿਸ਼ਵ ਨੂੰ ਘੋਰ  ਤਬਾਹੀ ਤੋਂ ਬਚਾਉਣ। ਇਹ ਗੱਲ ਅੱਜ ਇੱਥੇ ਪਰਮਾਣੂ ਹਥਿਆਰਾਂ ਨੂੰ ਸਮਾਪਤ ਕਰਨ ਦੇ ਲਈ ਕੌਮਾਂਤ੍ਰੀ ਮੁਹਿੰਮ,  ਆਈਕੈਨ  (931N) ਨੂੰ ਮਿਲੇ  ਨੋਬਲ ਪੁਰਸਕਾਰ ਦੇ ਸੰਦਰਭ ਵਿੱਚ ਆਯੋਜਿਤ ਸੈਮੀਨਾਰ ਵਿੱਚ ਬੋਲਦਿਆਂ ਇੰਟਰਨੈਸ਼ਨਲ ਫ਼ਿਜ਼ੀਸ਼ੀਅਨ ਫਾਰ ਦੀ ਪ੍ਰੀਵੈਨਸਨ ਆਫ ਨਿਊਕਲੀਅਰ ਵਾਰ (9PPNW) ਦੇ ਕੋਮਾਂਤ੍ਰੀ ਸਹਿ ਪਰਧਾਨ ਡਾ: ਅਰੁਣ ਮਿੱਤਰਾ ਨੇ ਕਹੀ। ਇਸ ਵਿਚਾਰ ਗੋਸ਼ਟੀ ਵਿੱਚ ਵੱਖ ਵੱਖ ਅਦਾਰਿਆਂ ਤੋਂ ਲੋਕ ਸ਼ਾਮਿਲ ਹੋਏ।  "ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ" ਦੇ 7 ਮੈਂਬਰੀ ਡੈਲੀਗੇਸ਼ਨ ਨੇ 10 ਦਸੰਬਰ 2017 ਨੂੰ ਨਾਰਵੇ ਦੀ ਰਾਜਧਾਨੀ ਉਸਲੋ ਵਿਖੇ "ਇੰਟਰਨੈਸਨਲ ਕੈਂਪੇਨ ਟੂ ਐਬਾਲਿਸ਼ ਨਿਊਕਲੀਅਰ ਵੈਪਨਜ਼"-ਆਈ ਕੈਨ  931N ਨੂੰ ਮਿਲੇ ਨੋਬਲ ਪੁਰਸਕਾਰ ਦੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਗਿਆ ਸੀ। ਇਸ ਵਿੱਚ ਇੰਟਰਨੈਸ਼ਨਲ ਫ਼ਿਜ਼ੀਸ਼ੀਅਨ ਫਾਰ ਦੀ ਪ੍ਰੀਵੈਨਸ਼ਨ ਆਫ ਨਿਊਕਲੀਅਰ ਵਾਰ-9PPNW  ਦੇ ਸਹਿ ਪਰਧਾਨ ਡਾ: ਅਰੁਣ ਮਿੱਤਰਾ ਅਤੇ ਆਈ ਡੀ ਪੀ ਡੀ ਦੇ ਪਰਧਾਨ ਡਾ: ਐਸ ਐਸ ਸੂਦਨ ਤੇ ਜਨਰਲ ਸਕੱਤਰ ਡਾ: ਸ਼ਕੀਲ ਉਰ ਰਹਿਮਾਨ ਦੇ ਨਾਲ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਗਏ ਮੈਂਬਰ ਸ਼ਾਮਿਲ ਸਨ। ਇਹ ਪੁਰਸਕਾਰ ਮਿਲਣ ਤੇ ਜਿੱਥੇ ਖੁਸ਼ੀ ਦਾ ਪਰਗਟਾਵਾ ਕੀਤਾ ਹੈ ਉਥੇ ਹੁਣ ਆਉਣ ਵਾਲਾ ਸਮਾਂ ਪਰਭਾਵੀ ਢੰਗ ਦੇ  ਉਹਨਾਂ 9 ਦੇਸ਼ਾਂ ਨੂੰ ਜਿਹਨਾਂ ਦੇ ਕੋਲ ਪਰਮਾਣੂ ਹਥਿਆਰ ਹਨ ਨੂੰ ਇਸ ਸੰਧੀ ਵਿੱਚ ਲਿਆਉਣ ਦਾ ਸਮਾਂ ਹੈ।  ਜ਼ਿਕਰਯੋਗ ਹੈ ਕਿ 931N ਦਾ  ਵਿਚਾਰ 9PPNW ਵਲੋਂ ਇੱਕ ਵਿਸ਼ਾਲ ਸਾਂਤੀ ਅਭਿਯਾਨ ਬਨਾਉਣ ਦੇ ਲਈ ਜਿਸ ਵਿੱਚ ਅਨੇਕਾਂ ਸੰਸਥਾਵਾਂ ਜੋ ਕਿ ਇਸ ਮੰਤਵ ਦੇ ਲਈ ਕੰਮ ਕਰ ਰਹੀਆਂ ਹਨ ਨੂੰ ਇੱਕਠਾ ਕਰ ਕੇ ਇੱਕ ਮੰਚ ਤੇ ਲਿਆਉਣਾ ਸੀ; ਵਲੋਂ ਦਿੱਤਾ ਗਿਆ। ਇਸ ਉਦਮ ਵਜੋਂ 23 ਅਪ੍ਰੈਲ 2007 ਨੂੰ   931N  ਦੀ ਰਸਮੀ ਸ਼ੁਰੂਆਤ ਹੋਈ । ਦਸ ਸਾਲ ਦੀਆਂ ਅਣਥਕ ਕੋਸ਼ਿਸ਼ਾਂ ਦੇ ਬਾਅਦ ਇਹ ਨਤੀਜਾ ਨਿਕਲਿਆ ਕਿ ਯੂ ਐਨ ਓ ਨੇ 7 ਜੁਲਾਈ 2017 ਨੂੰ ਪਰਮਾਣੂ ਹਥਿਆਰਾਂ ਤੇ ਪਾਬੰਦੀ ਸੰਧੀ 122 ਦੇ ਮੁਕਾਬਲੇ 1 ਵੋਟ ਦੇ ਫਰਕ ਦੇ ਨਾਲ ਪਾਸ ਕੀਤੀ। ਇਸਦੀ ਮਾਨਤਾ ਦਿੰਦੇ  ਹੋਏ 931N ਨੂੰ 2017 ਦਾ ਨੋਬਲ ਪੁਰਸਕਰ ਮਿਲਿਆ ਹੈ।
ਖੋਜਬੀਨ ਤੋਂ ਇਹ ਪਾਇਆ ਗਿਆ ਹੈ ਕਿ ਅਗਰ ਅੱਜ 100 ਪਰਮਾਣੂ ਹਥਿਆਰਾਂ ਦੀ ਵਰਤੋਂ ਦੇ ਨਾਲ ਇੱਕ ਸੀਮਿਤ ਯੁੱਧ ਵੀ ਹੋ ਜਾਏ ਤਾਂ ਵੀ 2 ਅਰਬ ਲੋਕਾਂ ਦਾ ਜੀਵਨ ਭੁੱਖਮਰੀ ਦੇ ਕਾਰਨ ਖਤਰੇ ਵਿੱਚ ਪੈ ਜਾਏਗਾ। ਇਹ ਜਾਨਣਾ ਜਰੂਰੀ ਹੈ ਕਿ ਅੱਜ ਦੁਨੀਆਂ ਵਿੱਚ 17000 ਦੇ ਕਰੀਬ ਪਰਮਾਣੂ ਹਥਿਆਰ ਮੌਜੂਦ ਹਨ। ਐਸੀ ਭਿਆਨਕ ਸਥਿਤੀ ਨਹੀਂ ਆਉਣ ਦੇਣੀ ਤੇ ਇਸਦੇ ਲਈ 931N ਨੇ ਅਣਥੱਕ ਕੋਸ਼ਿਸ਼ ਕੀਤੀ ਤੇ ਅਨੇਕਾਂ ਕੌਮਾਂਤ੍ਰੀ ਪੱਧਰ ਦੇ ਸਮਾਗਮ ਕਰਵਾਏ। ਇਸਦੇ ਸਦਕਾ ਹੀ ਇਹ ਸੰਧੀ ਪਾਸ ਹੋਈ ਹੈ। ਅੱਜ ਇਹ ਜ਼ਰੂਰੀ ਹੈ ਕਿ ਭਾਰਤੀ ਉਪ ਮਹਾਂਦੀਪ ਵਿੱਚ ਸਥਾਈ ਅਮਨ ਕਾਇਮ ਹੋਵੇ ਤੇ ਆਈ ਪੀ ਡੀ 94P4 ਇਸ ਲਈ  ਲਗਾਤਾਰ ਯਤਨਸ਼ੀਲ ਰਹੇਗੀ।

ਡਾ: ਐਨ ਐਸ ਬਾਵਾ ਨੇ ਬੋਲਦਿਆਂ ਕਿਹਾ ਕਿ ਭਾਰਤ ਦੀ ਇਸ ਸਮੇਂ ਵਿਸ਼ੇਸ਼ ਭੂਮਿਕਾ ਬਣਦੀ ਹੈ ਤੇ ਸਾਨੂੰ ਦੂਜੇ ਦੇਸ਼ਾਂ ਨੂੰ ਪਰਮਾਣੂ ਪਾਬੰਦੀ ਸੰਧੀ ਦੇ ਵਿੱਚ ਸ਼ਾਮਿਲ ਹੋਣ ਦੇ ਤਿਆਰ ਕਰਨ ਵਿੱਚ ਪਹਿਲ ਕਰਨੀ ਚਾਹੀਦੀ ਹੈ। ਉਹਨਾਂ ਹੀਰੋਸ਼ੀਮਾਂ ਬਾਰੇ ਆਪਣੇ ਵਿਚਾਰ ਵੀ ਦਿੱਤੇ।

ਐਮ ਐਸ ਭਾਟੀਆ-ਸਹਿ ਕਨਵੀਨਰ ਸੋਸ਼ਲ ਥਿੰਕਰਜ਼ ਫ਼ੋਰਮ  ਨੇ ਇਸ ਵਿਸ਼ੇ ਨੂੰ ਜਨ ਅੰਦੋਲਨ ਦੇ ਰੂਪ ਵਿੱਚ ਅੱਗੇ ਵਧਾਉਣ ਦੀ ਲੋੜ ਤੇ ਜੋਰ ਦਿੱਤਾ।
Click here to see more pics on FB

ਭਾਰਤ ਜਨ ਗਿਆਨ ਵਿਗਿਆਨ ਜੱਥਾ ਦੇ ਪਰਧਾਨ  ਸ: ਰਣਜੀਤ ਸਿੰਘ ਕੌਮੀ ਪੁਰਸਕਾਰ ਜੇਤੂ ਨੇ ਸਭ ਦਾ ਧੰਨਵਾਦ ਕੀਤਾ।

ਇਹਨਾ ਤੋਂ ਇਲਾਵਾ ਸਮਾਗਮ ਵਿੱਚ   ਸ਼ਾਮਿਲ ਸਨ ਡਾ: ਜਸਵਿਦਰ ਸਿੰਘ, ਡਾ: ਸ਼ਕਤੀ ਕੁਮਾਰ, ਡਾ: ਤੇਜਿੰਦਰ ਤੂਰ, ਡਾ: ਗੁਰਸ਼ਰਨ ਸਿੰਘ, ਨੂਜਵਾਨ ਵਿਦਿਆਰਥੀ ਆਗੂ ਦੀਪਕ ਕੁਮਾਰ, ਉਘੀ ਲੇਖਿਕਾ ਅਤੇ ਇਸਤ੍ਰੀ ਸਭਾ ਲੁਧਿਆਣਾ ਦੀ ਪਰਧਾਨ ਡਾ: ਗੁਰਚਰਨ ਕੋਚਰ, ਬਰਜਿੰਦਰ ਕੌਰ, ਮਿੱਤਰ ਸੈਨ ਮੀਤ, ਬੀ ਐਸ ਵਾਲੀਆ, ਗੁਰਨਾਮ ਗਿੱਲ, ਗੁਰਨਾਮ ਸਿੱਧੂ, ਅਵਤਾਰ ਛਿੱਬੜ, ਜਗਦੀਸ਼ ਬੌਬੀ, ਸਵਰੂਪ ਸਿੰਘ ਆਦਿ । ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ।

ਇਸ ਮੁਹਿੰਮ ਨਾਲ ਜੁੜਨ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਐਮ ਐਸ ਭਾਟੀਆ ਨਾਲ ਜੋ ਕਿ ਇਸ ਸੈਮੀਨਾਰ ਦੇ ਆਯੋਜਕ ਸੰਗਠਨ ਸੋਸ਼ਲ ਥਿੰਕਰਜ਼ ਫ਼ੋਰਮ ਦੇ ਸਹਿ ਕਨਵੀਨਰ ਵੀ ਹਨ ਅਤੇ ਗੰਭੀਰ ਕਲਮਕਾਰ ਵੀ:ਉਹਨਾਂ ਦਾ ਮੋਬਾਈਲ ਨੰਬਰ ਹੈ: 99884 91002

Monday, July 25, 2016

ਪੰਜਾਬ ’ਚ ਅਮਨ, ਸ਼ਾਂਤੀ ਅਤੇ ਭਾਈਚਾਰਾ ਭੰਗ ਨਹੀਂ ਹੋਣ ਦੇਵਾਂਗੇ

ਜਾਮਾ ਮਸਜਿਦ ਪੁੱਜੇ ਵੱਖ-ਵੱਖ ਧਾਰਮਿਕ ਅਤੇ ਸਿਆਸੀ ਨੁਮਾਇੰਦਿਆਂ ਵੱਲੋਂ ਭਰੋਸਾ 
ਲੁਧਿਆਣਾ: 25 ਜੁਲਾਈ  2016: (ਪੰਜਾਬ ਸਕਰੀਨ ਬਿਊਰੋ)::
ਉੱਪਰਲੀ ਫੋਟੋ ਵਿੱਚ ਜਾਮਾ ਮਸਜਿਦ ਲੁਧਿਆਣਾ ਵਿਖੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਨਾਲ ਮੁਲਾਕਾਤ ਦੇ ਦੌਰਾਨ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਹੀਰਾ ਸਿੰਘ ਗਾਬੜੀਆ, ਬਾਬਾ ਅਜੀਤ ਸਿੰਘ, ਜਿਲਾ ਭਾਜਪਾ ਦੇ ਉਪ ਪ੍ਰਧਾਨ ਸੰਜੇ ਕਪੂਰ, ਪੁਸ਼ਪਿੰਦਰ ਸਿੰਗਲ, ਮੌਲਾਨਾ ਉਸਮਾਨ ਰਹਿਮਾਨੀ ਅਤੇ ਰਵਿੰਦਰ ਵਰਮਾ।
ਹੇਠਲੀ ਤਸਵੀਰ ਵਿੱਚ  ਰਾਜ ਮੰਤਰੀ ਮਦਨ ਲਾਲ ਬੱਗਾ, ਪਿ੍ਰਤਪਾਲ ਸਿੰਘ, ਜਗਦੀਸ਼ ਬਜਾਜ, ਗੁਰਪ੍ਰੀਤ ਗੋਗੀ, ਮੇਅਰ ਹਰਚਰਣ ਸਿੰਘ ਗੋਹਲਵੜੀਆ, ਵਿਧਾਇਕ ਸਿਮਰਜੀਤ ਸਿੰਘ ਬੈਂਸ।
ਲੁਧਿਆਣਾ ਵਿੱਚ ਮੁਸਲਮਾਨ ਟਰੱਕ ਡਰਾਇਵਰਾਂ ਦੇ ਨਾਲ ਹੋਈ ਬਦਸਲੂਕੀ ਅਤੇ ਫਗਵਾੜਾ ’ਚ ਹੋਈ ਫਿਰਕੂ ਘਟਨਾ ਦੀ ਨਿੰਦਿਆ ਕਰਦੇ ਹੋਏ ਅੱਜ ਇੱਥੇ ਫੀਲਡਗੰਜ ਚੌਂਕ ਸਥਿਤ ਇਤਿਹਾਸਿਕ ਜਾਮਾ ਮਸਜਿਦ ਵਲੋਂ ਅਮਨ,  ਸ਼ਾਂਤੀ ਅਤੇ ਭਾਈਚਾਰਾ ਬਣਾਏ ਰੱਖਣ ਦੀ ਅਪੀਲ ਜਾਰੀ ਕੀਤੀ ਗਈ । ਇਸ ਮੌਕੇ ’ਤੇ ਸ਼ਹਿਰ ਦੇ ਵੱਖ-ਵੱਖ ਧਾਰਮਿਕ ਅਤੇ ਰਾਜਨੀਤੀਕ ਪਾਰਟੀਆਂ  ਦੇ ਨੁਮਾਇੰਦੀਆਂ ਨੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨਾਲ ਮੁਲਾਕਾਤ ਕਰ ਜਾਮਾ ਮਸਜਿਦ ਵਲੋਂ ਆਪਸੀ ਭਾਈਚਾਰੇ ਨੂੰ ਬਣਾਏ ਰੱਖਣ ਵਿੱਚ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕਰਦੇ ਹੋਏ ਭਰੋਸਾ ਦਵਾਇਆ ਕਿ ਪੰਜਾਬ  ਦੇ ਸਾਰੇ ਹਿੰਦੂ, ਸਿੱਖ, ਮੁਸਲਮਾਨ, ਈਸਾਈ ਅਤੇ ਦਲਿਤ ਭਾਈਚਾਰੇ ਦੇ ਲੋਕ ਕਿਸੇ ਵੀ ਸ਼ਰਾਰਤੀ ਤੱਤ  ਦੇ ਬਹਕਾਵੇ ’ਚ ਆ ਕੇ ਅਮਨ, ਸ਼ਾਂਤੀ ਅਤੇ ਆਪਸੀ ਭਾਈਚਾਰੇ ਨੂੰ ਭੰਗ ਨਹੀਂ ਹੋਣ ਦੇਣਗੇ।  ਸ਼ਾਹੀ ਇਮਾਮ ਨੇ ਕਿਹਾ ਕਿ ਲੁਧਿਆਣਾ ਅਤੇ ਪੂਰਾ ਪੰਜਾਬ ਆਪਸੀ ਭਾਈਚਾਰੇ ਦੀ ਜਿੰਦਾ ਮਿਸਾਲ ਹੈ, ਜਿਸ ਨੂੰ ਟੁੱਟਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਯਕੀਨ ਹੈ ਕਿ ਪੁਲਿਸ ਅਤੇ ਪ੍ਰਸ਼ਾਸਨ ਪੂਰੀ ਜਿੰਮੇਵਾਰੀ ਦੇ ਨਾਲ ਆਪਣਾ ਫਰਜ ਨਿਭਾਏਗੀ । ਇਸ ਮੌਕੇ ’ਤੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਹੀਰਾ ਸਿੰਘ  ਗਾਬੜੀਆ ,  ਨਗਰ ਨਿਗਮ ਲੁਧਿਆਣਾ  ਦੇ ਮੇਅਰ ਹਰਚਰਣ ਸਿੰਘ  ਗੋਹਲਵੜੀਆ, ਜਿਲਾ ਕਾਂਗਰਸ ਦੇ ਪ੍ਰਧਾਨ ਗੁਰਪ੍ਰੀਤ ਗੋਗੀ , ਰਾਜ ਮੰਤਰੀ  ਮਦਨ ਲਾਲ ਬੱਗਾ ,  ਟੀਮ ਇੰਸਾਫ ਦੇ ਮੁੱਖੀ ਅਤੇ ਵਿਧਾਇਕ ਸਿਮਰਨਜੀਤ ਸਿੰਘ  ਬੈਂਸ ,  ਗੁਰਦੁਆਰਾ ਦੁੱਖ ਨਿਵਾਰਣ ਦੇ ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ , ਗਿਆਨ ਸਥਲ ਮੰਦਰ ਦੇ ਪ੍ਰਧਾਨ ਜਗਦੀਸ਼ ਬਜਾਜ਼ , ਆਮ ਆਦਮੀ ਪਾਰਟੀ  ਦੇ ਲੁਧਿਆਣਾ ਆਬਰਜਵਰ ਅਮਰੀਸ਼ ਤਿਰਖਾ,  ਜਿਲਾ ਭਾਜਪਾ ਉਪ-ਪ੍ਰਧਾਨ ਪੁਸ਼ਪਿੰੰਦਰ ਸਿੰਗਲ ਅਤੇ ਸੰਜੈ ਕਪੂਰ ,  ਬਲਜਿੰਦਰ ਸਿੰਘ  ਬਿੰਦਰਾ , ਬਿਲਾਲ ਖਾਨ ,  ਬਬਲੂ ਕੁਰੈਸ਼ੀ ,  ਸਿਰਾਜ ਅਲੀ ,  ਮੁਹੰਮਦ  ਸਿਰਾਜ ,  ਨੌਸ਼ਾਦ ਅੰਸਾਰੀ  ,  ਮੁਹੰਮਦ  ਸਾਦ ਕੁਰੈਸ਼ੀ  ,  ਸੀਨੀਅਰ ਕਾਂਗਰਸੀ ਆਗੂ ਅਸ਼ੋਕ ਪਰਾਸ਼ਰ  ਪੱਪੀ ,  ਸੁਨਿਆਰ ਰਾਜਪੂਤ ਮਹਾਂਸਭਾ  ਦੇ ਪ੍ਰਧਾਨ ਰਵਿੰਦਰ ਵਰਮਾ ,  ਬਾਬਾ ਅਜੀਤ ਸਿੰਘ ਸਾਬਕਾ ਚੇਅਰਮੈਨ ਵਪਾਰ ਬੋਰਡ ਪੰਜਾਬ, ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਤੇ ਸ਼ਾਹੀ ਇਮਾਮ ਪੰਜਾਬ ਦੇ ਮੁੱਖ ਸਕੱਤਰ ਮੁਹੰਮਦ ਮੁਸਤਕੀਮ ਵਿਸ਼ੇਸ਼ ਰੂਪ ’ਚ ਜਾਮਾ ਮਸਜਿਦ ਲੁਧਿਆਣਾ ਵਿਖੇ ਮੌਜੂਦ ਸਨ।


Friday, April 22, 2016

ਜੇ ਮਾਤਾ ਚੰਦ ਕੌਰ ਦਾ ਕਤਲ ਨਾ ਹੁੰਦਾ ਤਾਂ ਹੋ ਜਾਣੀ ਸੀ ਫੇਰ ਏਕਤਾ

ਭੈਣੀ ਸਾਹਿਬ ਵਿੱਚ ਕਿਸੇ ਨੇ ਵੀ ਕਾਤਲਾਂ ਦਾ ਪਿੱਛਾ ਕਿਓਂ ਨਾ ਕੀਤਾ?
 ਠਾਕੁਰ ਦਲੀਪ ਸਿੰਘ ਦੇ ਪੈਰੋਕਾਰਾਂ ਵੱਲੋਂ ਉਠਾਏ ਗਏ ਕਈ ਅਹਿਮ ਸੁਆਲ
ਲੁਧਿਆਣਾ: 21 ਅਪ੍ਰੈਲ 2016: (ਪੰਜਾਬ ਸਕਰੀਨ ਬਿਊਰੋ):
ਸ੍ਰੀ ਭੈਣੀ ਸਾਹਿਬ ਵਿਖੇ ਮਾਤਾ ਚੰਦ ਕੌਰ ਦੇ ਵਹਿਸ਼ੀਆਨਾ ਕਤਲ ਤੋਂ ਬਾਅਦ ਦੋਵੇਂ ਨਾਮਧਾਰੀ ਗੁਟ ਸੜਕਾਂ ਤੇ ਉਤਰ ਆਏ ਹਨ।  ਕੁਝ ਦਿਨ ਪਹਿਲਾਂ ਠਾਕੁਰ ਉਦੈ ਸਿੰਘ ਦੇ ਪੈਰੋਕਾਰਾਂ ਨੇ ਰੋਸ ਮਾਰਚ ਕਢਿਆ ਸੀ ਅਤੇ ਹੁਣ ਠਾਕੁਰ ਦਲੀਪ ਸਿੰਘ ਦੇ ਪੈਰਿਕਾਰਾਂ ਨੇ ਸ਼ਾਂਤੀ ਮਾਰਚ ਕਢਿਆ ਹੈ। ਇਹਨਾਂ ਦੋਹਾਂ ਮਾਰਚਾਂ ਦਾ ਮਕਸਦ ਮਾਤਾ ਚੰਦ ਕੌਰ ਦੇ ਕਾਤਲਾਂ ਦੀ ਗ੍ਰਿਫਤਾਰੀ ਅਤੇ ਇਨਸਾਫ਼ ਦੀ ਮੰਗ ਨੂੰ ਹੋਰ ਉਭਾਰਨਾ ਹੈ। ਦੋਵੇਂ ਧੜੇ ਇਸ ਕਤਲ ਲਈ ਇੱਕ ਦੂਜੇ ਤੇ ਦੋਸ਼ ਲਾ ਰਹੇ ਹਨ। ਅੱਜ ਵਾਲੇ ਮਾਰਚ ਦੌਰਾਨ ਕੁਝ ਗੱਲਾਂ ਬੜੀ ਦਲੀਲ ਅਤੇ ਤਥਾਂ ਨਾਲ ਕੀਤੀਆਂ ਗਈਆਂ ਹਨ। 
ਸ੍ਰੀ ਭੈਣੀ ਸਾਹਿਬ ਨੂੰ ਸੀਲ ਕਰਨ ਅਤੇ ਕਈ ਹੋਰ ਅਹਿਮ ਮੰਗਾਂ ਨੂੰ ਲੈ ਕੇ ਠਾਕੁਰ ਦਲੀਪ ਸਿੰਘ ਦੇ ਪੈਰੋਕਾਰਾਂ ਵੱਲੋਂ ਅੱਜ ਲੁਧਿਆਣਾ ਵਿੱਚ ਵਿਸ਼ਾਲ ਸ਼ਾਂਤੀ ਮਾਰਚ ਕੀਤਾ ਗਿਆ। ਵਿਸ਼ਵਕਰਮਾ ਚੋਂਕ ਤੋਂ ਸ਼ੁਰੂ ਹੋ ਕੇ ਇਹ ਮਾਰਚ ਬੜੇ ਹੀ ਪੁਰਅਮਨ ਢੰਗ ਨਾਲ ਜਗਰਾਓਂ ਪੁਲ ਅਤੇ ਭਾਰਤ ਨਗਰ ਚੋਂਕ ਰਾਹੀਂ ਹੁੰਦਾ ਹੋਇਆ ਪਹਿਲਾਂ ਡੀਸੀ ਦਫਤਰ ਅਤੇ ਫਿਰ ਪੁਲਿਸ ਕਮਿਸ਼ਨਰ ਦਫਤਰ ਕੋਲ ਪਹੁੰਚਿਆ। ਭਾਰੀ ਸੁਰੱਖਿਆ ਫੋਰਸ ਦੀ ਮੌਜੂਦਗੀ ਵਿੱਚ ਇਹਨਾਂ ਪੈਰੋਕਾਰਾਂ ਨੂੰ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਪੂਰੇ ਇਨਸਾਫ਼ ਦਾ  ਭਰੋਸਾ ਦੁਆਇਆ। ਇਸ ਮਾਰਚ ਦੇ ਆਗੂਆਂ ਦਾ ਕਹਿਣਾ ਸੀ ਕਿ ਮਾਤਾ ਚੰਦ ਕੌਰ ਦੇ ਕਾਤਲ ਕਿਤਿਓਂ ਬਾਹਰੋਂ ਨਹੀਂ ਸਨ ਆਏ ਬਲਕਿ ਅੰਦਰੋਂ ਹੀ ਨਿਕਲੇ ਅਤੇ ਅੰਦਰ ਹੀ ਲੁਕ ਗਏ। ਇਹਨਾਂ ਆਗੂਆਂ ਨੇ ਸੁਆਲ ਵੀ ਕੀਤੇ ਕਿ ਜੇ ਦੋ ਹਮਲਾਵਰ ਬਾਹਰੋਂ ਆਏ ਸਨ ਤਾਂ ਅੰਦਰ ਮੌਜੂਦ ਭਾਰੀ ਸੁਰੱਖਿਆ ਗਾਰਦ ਨੇ ਆਧੁਨਿਕ ਹਥਿਆਰਾਂ ਦੇ ਹੋਣ ਦੇ ਬਾਵਜੂਦ ਉਹਨਾਂ ਨੂੰ ਫੜਨ ਲਈ ਉਹਨਾਂ ਦਾ ਪਿੱਛਾ ਕਿਓਂ ਨਹੀਂ ਕੀਤਾ।
ਇਸ ਮਕਸਦ ਦੇ ਪਰਚੇ ਸਾਰੇ ਮਾਰਚ ਦੌਰਾਨ ਵੀ ਥਾਂ ਥਾਂ ਵੰਡੇ ਗਏ। ਇੱਕ ਪਰਚੇ ਵਿੱਚ ਦਸ ਅਤੇ ਦੂਜੇ ਵਿੱਚ 11 ਨੁਕਤੇ ਉਠਾਏ ਗਏ  ਹਨ। ਨਾਮਧਾਰੀਆਂ ਦੇ ਇਸ ਧੜੇ ਨਾਲ ਸਬੰਧਤ ਸੂਤਰਾਂ ਨੇ ਦੱਸਿਆ ਕਿ ਪਹਿਲਾਂ ਵੀ ਦੋ ਵਾਰ ਸੰਨ 2006 ਅਤੇ 2009 ਵਿੱਚ ਇਸੇ ਤਰਾਂ ਸਥਿਤੀ ਨਾਜ਼ੁਕ ਬਣੀ ਸੀ ਪਰ ਮਾਤਾ ਚੰਦ ਕੌਰ ਨੇ ਦੂਰ ਅੰਦੇਸ਼ੀ ਅਤੇ ਸਿਆਣਪ ਨਾਲ ਸਾਰਾ ਮਾਮਲਾ ਨਜਿਠ ਕੇ ਏਕਤਾ ਕਰਵਾ ਦਿੱਤੀ ਸੀ। ਇਸ ਵਾਰ ਵੀ ਏਕਤਾ ਜਤਨਾਂ ਦੀ ਗੱਲ 23 ਮਾਰਚ 2016 ਨੂੰ ਜਦੋਂ ਮਾਤਾ ਜੀ ਨੇ ਆਪਣੇ ਮੂੰਹੋਂ ਕਢੀ ਤਾਂ ਉਹਨਾਂ ਨੂੰ ਦੋ ਪ੍ਰਭਾਵਸ਼ਾਲੀ ਸ਼ਖਸੀਅਤਾਂ ਨੇ ਮਾਤਾ ਜੀ ਨੂੰ ਕਾਫੀ ਬੁਰਾ ਭਲਾ ਕਿਹਾ ਅਤੇ ਗੰਭੀਰ ਨਤੀਜਿਆਂ ਦੀਆਂ ਧਮਕੀਆਂ ਵੀ ਦਿੱਤੀਆਂ।  ਇਸ ਤੇ ਮਾਤਾ ਜੀ ਨੇ ਦੋਹਾਂ ਨੂੰ ਸੰਗਤਾਂ ਦੀ ਅਦਾਲਤ ਵਿੱਚ ਬੇਨਕਾਬ ਕਰਨ ਦੀ ਗੱਲ ਕਹੀ ਤਾਂ ਦੋਹਾਂ ਵੱਲੋਂ ਮਾਤਾ ਜੀ ਨੂੰ ਲਾਂਭੇ ਕਰਨ ਦੀ ਸਾਜਿਸ਼ ਰਚੀ ਗਈ। ਇਹਨਾਂ ਸੂਤਰਾਂ ਨੇ ਦੱਸਿਆ ਕਿ ਮਿੱਥੇ ਹੋਏ ਪ੍ਰੋਗ੍ਰਾਮ ਮੁਤਾਬਿਕ ਮਾਤਾ ਜੀ ਨੇ 2-3 ਅਪ੍ਰੈਲ 2016 ਨੂੰ ਠਾਕੁਰ ਉਦੈ ਸਿੰਘ ਅਤੇ ਸੰਤ ਜਗਤਾਰ ਸਿੰਘ ਹੁਰਾਂ ਦੇ ਨਾਲ ਬੈੰਗਲੋਰ ਜਾਣਾ ਸੀ ਪਰ ਮਾਤਾ ਜੀ ਨੂੰ ਸਾਜਿਸ਼ ਤਹਿਤ ਦਿੱਲੀ ਤੋਂ ਹੀ ਵਾਪਿਸ ਭੈਣੀ ਸਾਹਿਬ ਭੇਜ ਦਿੱਤਾ ਗਿਆ। ਅਗਲੇ ਹੀ ਦਿੰਨ 4 ਅਪ੍ਰੈਲ ਨੂੰ ਮਾਤਾ ਜੀ ਦਾ ਕਤਲ ਕਰ ਦਿੱਤਾ ਗਿਆ। ਇਹਨਾਂ ਸੂਤਰਾਂ ਨੇ ਕਰਤਾਰ ਸਿੰਘ ਦੇ ਉਸ ਬਿਆਨ ਦਾ ਵੀ ਜ਼ਿਕਰ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਮਾਤਾ ਜੀ ਦਾ ਕਤਲ ਸਾਇਲੈਂਸਰ ਲੱਗੇ ਹਥਿਆਰ ਨਾਲ ਹੋਇਆ।  ਇਸ ਬਿਆਨ ਦਾ ਪੁਲਿਸ ਨੇ ਅਗਲੀ ਹੀ ਦਿਨ ਖੰਡਣ ਕਰ ਦਿੱਤਾ ਸੀ ਕਿ 9 ਐਮ ਐਮ ਵਾਲੀ ਇਸ ਹਥਿਆਰ ਨੂੰ ਸਾਇਲੈਂਸਰ ਲੱਗ ਹੀ ਨਹੀਂ ਸਕਦਾ। ਜਿਸ ਰਸਤੇ ਤੇ ਇਹ ਕਤਲ ਹੋਇਆ ਉਸ ਰਸਤੇ ਤੇ ਵੀ ਮਾਤਾ ਜੀ ਕਦੇ ਕਦਾਈ ਹੀ ਆਇਆ ਜਾਇਆ ਕਰਦੇ ਸਨ। ਇਸ ਲਈ ਅਜਿਹਾ ਕੌਣ ਸੀ ਜਿਸਨੂੰ ਇਹ ਪਤਾ ਸੀ ਕਿ ਅੱਜ ਮਾਤਾ ਜੀ ਇਸ ਰਸਤਿਓਂ ਹੀ ਲੰਘਣਗੇ। ਇਹਨਾਂ ਸੂਤਰਾਂ ਨੇ ਸਾਫ਼ ਕਿਹਾ ਕਿ ਕਤਲ ਤਾਂ ਭੈਣੀ ਸਾਹਿਬ ਦੇ  ਅੰਦਰ ਹੀ ਕੀਤਾ ਗਿਆ ਪਰ ਬਾਅਦ ਵਿੱਚ ਕਾਤਲਾਂ ਵਾਲੀ ਕਹਾਣੀ ਘੜ੍ਹ ਲਈ ਗਈ। ਅਜਿਹੇ ਕਈ ਮੁੱਦੇ ਇਸ ਮਾਰਚ ਵਿੱਚ ਉਠਾਏ ਗਏ। ਮਾਰਚ ਸ਼ਾਂਤ ਸੀ ਪਰ ਪਰਚੇ ਵੰਡੇ ਜਾ ਰਹੇ ਸਨ। ਸਧਾਰਨ ਚਲੇ ਚਲਦਾ ਇਹ ਮਾਰਚ ਕਈ ਵਾਰ ਤੇਜ਼ ਵੀ ਹੋ ਜਾਂਦਾ ਸੀ ਪਰ ਫਿਰ ਵੀ ਇਸ ਨੂੰ ਵਿਸ਼ਵਕਰਮਾ  ਚੋਂਕ ਤੋਂ ਜਗਰਾਓਂ ਪੁਲ ਚੜ੍ਹਦਿਆਂ ਚੜ੍ਹਦਿਆਂ  ਹੀ ਆਧਾ ਘੰਟਾ ਲੱਗ ਗਿਆ।  ਇਸਦਾ ਇੱਕ ਸਿਰ ਅਜੇ ਦੂਖ ਨਿਵਾਰਨ ਕੋਲ ਹੀ ਸੀ ਜਦਕਿ ਦੂਜਾ ਸਿਰ ਭਾਰਤ ਨਗਰ ਚੋਂਕ ਨੇੜੇ ਪੁੱਜ ਚੁੱਕਿਆ ਸੀ।
ਸਫੇਦ ਵਸਤਰਾਂ ਵਾਲੇ ਇਹਨਾਂ ਵਿਅਕਤੀਆਂ ਦੇ ਹੱਥਾਂ ਵਿਚ ਮਾਲਾ ਸੀ ਅਤੇ ਕਈਆਂ  ਨੇ ਸ਼ਕਤੀ ਦਾ ਪ੍ਰਤੀਕ ਭਗੌਤੀ ਵੀ ਫੜੀ ਹੋਈ ਸੀ। ਇਸ ਮਾਰਚ ਨੇ ਆਰੰਭ ਵੇਲੇ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਹਿ ਦੇ ਜੈਕਾਰੇ ਲਾਏ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਵੀ ਛੱਡੇ। ਕਮਿਸ਼ਨਰ ਦਫਤਰ ਪਹੁੰਚ ਕੇ ਰਾਜ ਕਰੇਗਾ ਖਾਲਸਾ ਦਾ ਨਾਅਰਾ ਵੀ ਸੁਣਾਈ ਦਿੱਤਾ। ਕੜਕਦੀ ਧੁੱਪ ਅਤੇ ਸਖਤ ਗਰਮੀ ਦੇ ਬਾਵਜੂਦ ਸੰਗਤ ਭਾਰੀ ਗਿਣਤੀ ਵਿੱਚ ਸ਼ਾਮਲ ਹੋਈ। ਬਜ਼ੁਰਗ ਅਵਸਥਾ ਵਾਲੇ ਵੀ ਪੂਰੇ ਜੋਸ਼ ਵਿੱਚ ਸਨ।  ਕਈ ਔਰਤਾਂ ਆਪਣੇ ਬੱਚਿਆਂ ਨੂੰ ਕੁੱਛੜ ਚੁੱਕ ਕੇ ਵੀ ਮਾਰਚ ਵਿੱਚ ਸ਼ਾਮਲ ਹੋਈਆਂ। ਜਲੰਧਰ ਤੋਂ ਸਕੂਲੀ ਬੱਚੇ ਵੀ ਵੱਡੀ ਗਿਣਤੀ ਵਿੱਚ ਆਏ ਹੋਏ ਸਨ। 

Monday, October 19, 2015

ਗੁੰਮਰਾਹਕੁੰਨ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਜਰੂਰਤ

Mon, Oct 19, 2015 at 3:05 PM
ਜ਼ਿਲੇ 'ਚ ਪਿੰਡਾਂ ਅਤੇ ਸ਼ਹਿਰਾਂ ਵਿਚ ਸਾਰੇ ਧਾਰਮਿਕ ਸਥਾਨਾਂ ਤੇ ਪੂਰਨ ਚੌਕਸੀ
ਸ਼੍ਰੀ ਮੁਕਤਸਰ ਸਾਹਿਬ: 19 ਅਕਤੂਬਰ 2015: (ਅਨਿਲ ਪਨਸੇਜਾ//ਪੰਜਾਬ ਸਕਰੀਨ): 
ਜ਼ਿਲਾ ਸ਼ਾਂਤੀ ਕਮੇਟੀ ਦੀ ਬੈਠਕ ਅੱਜ ਇੱਥੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਜੱਥੇਬੰਦੀਆਂ ਦੇ ਨੁੰਮਾਇੰਦਿਆਂ ਨੇ ਜ਼ਿਲੇ ਵਿਚ ਅਮਨ ਅਤੇ ਸਦਭਾਵਨਾ ਬਣਾਈ ਰੱਖਣ ਲਈ ਸਹਿਯੋਗ ਦਾ ਭਰੋਸਾ ਦਿੱਤਾ। 
    ਬੈਠਕ ਦੌਰਾਨ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਬਹੁਤ ਲੰਬੇ ਯਤਨਾਂ ਬਾਅਦ ਅਮਨ ਸਾਂਤੀ ਦਾ ਮਹੌਲ ਬਣਿਆ ਹੈ ਅਤੇ ਇਹ ਸਭ ਦੀ ਸਾਂਝੀ ਜਿੰਮੇਵਾਰੀ ਹੈ ਕਿ ਅਸੀਂ ਆਪਸੀ ਭਾਈਚਾਰੇ ਨੂੰ ਸੱਟ ਮਾਰਨ ਵਾਲੀਆਂ ਤਾਕਤਾਂ ਨੂੰ ਕਾਮਯਾਬ ਨਾ ਹੋਣ ਦੇਈਏ। ਉਨਾਂ ਨੇ ਕਿਹਾ ਕਿ ਸਾਨੂੰ ਸੁਚੇਤ ਹੋ ਕੇ ਵਰਤਮਾਨ ਹਾਲਾਤਾਂ ਦਾ ਟਾਕਰਾ ਕਰਦੇ ਹੋਏ ਆਪਸੀ ਸਦਭਾਵਨਾ ਬਣਾਈ ਰੱਖਣੀ ਹੈ। ਉਨਾਂ ਨੇ ਕਿਹਾ ਕਿ ਜ਼ਿਲੇ ਵਿਚ ਪਿੰਡਾਂ ਅਤੇ ਸ਼ਹਿਰਾਂ ਵਿਚ ਸਾਰੇ ਧਾਰਮਿਕ ਸਥਾਨਾਂ ਤੇ ਪੂਰਨ ਚੌਕਸੀ ਰੱਖੀ ਜਾਵੇ ਅਤੇ ਇਸ ਲਈ ਟੀਮਾਂ ਬਣਾ ਕੇ ਰਾਤਰੀ ਪਹਿਰਾ ਵੀ ਲਗਾਇਆ ਜਾਵੇ ਤਾਂ ਜੋ ਸ਼ਰਾਰਤੀ ਅਨਸਰਾਂ ਨੂੰ ਕੋਈ ਕੋਝੀ ਸਾਜ਼ਿਸ ਕਰਨ ਦਾ ਮੌਕਾ ਹੀ ਨਾ ਮਿਲੇ। ਇਸੇ ਤਰਾਂ ਉਨਾਂ ਨੇ ਧਾਰਮਿਕ ਸਥਾਨਾਂ ਤੇ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਦੀ ਅਪੀਲ ਵੀ ਕੀਤੀ। ਉਨਾਂ ਕਿਹਾ ਕਿ ਸਾਰੇ ਪਤਵੰਤੇ ਅਮਨ ਤੇ ਸਦਭਾਵਨਾਂ ਦਾ ਸੁਨੇਹਾ ਆਮ ਲੋਕਾਂ ਤੱਕ ਪੁੱਜਦਾ ਕਰਨ ਤਾਂ ਜੋ ਜ਼ਿਲੇ ਵਿਚ ਸਦਭਾਵਨਾ ਦਾ ਮਹੌਲ ਬਣਾਈ ਰੱਖਿਆ ਜਾ ਸਕੇ। ਇਸੇ ਤਰਾਂ ਉਨਾਂ ਨੇ ਕਿਹਾ ਕਿ ਧਾਰਮਿਕ ਸਥਾਨਾਂ ਦੇ ਸਪੀਕਰ ਦੀ ਗਲਤ ਵਰਤੋਂ ਨਾ ਹੋਣ ਦਿੱਤੀ ਜਾਵੇ। 
    ਸੋਸ਼ਲ ਮੀਡੀਆ ਰਾਹੀਂ ਫੈਲ ਰਹੀਆਂ ਅਫਵਾਹਾਂ ਤੋਂ ਸੂਚੇਤ ਹੋਣ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਇਕ ਜਿੰਮੇਵਾਰ ਨਾਗਰਿਕ ਵਜੋਂ ਅਜਿਹੀਆਂ ਅਫਵਾਹਾਂ ਦਾ ਪ੍ਰਸਾਰ ਨਹੀਂ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਅਜਿਹੀ ਅਫਵਾਹ ਮਿਲਦੀ ਹੈ ਤਾਂ ਕੋਈ ਵੀ ਜ਼ਿਲਾ ਪੁਲਿਸ ਦੇ ਕੰਟਰੋਲ ਰੂਮ ਤੇ ਫੋਨ ਕਰਕੇ ਉਸਦੀ ਪੁਸ਼ਟੀ ਕਰ ਸਕਦਾ ਹੈ ਜਾਂ ਝੂਠੀਆਂ ਅਫਵਾਹਾਂ ਸਬੰਧੀ ਜਾਣਕਾਰੀ ਦੇ ਸਕਦਾ ਹੈ। 
    ਬੈਠਕ ਵਿਚ ਐਸ.ਐਸ.ਪੀ. ਸ੍ਰੀ ਕੁਲਦੀਪ ਸਿੰਘ ਚਾਹਲ, ਏ.ਡੀ.ਸੀ. ਸ੍ਰੀ ਕੁਲਜੀਤ ਪਾਲ ਸਿੰਘ ਮਾਹੀ, ਐਸ.ਪੀ. ਸ੍ਰੀ ਐਨ.ਪੀ.ਐਸ. ਸਿੱਧੂ, ਐਸ.ਡੀ.ਐਮ. ਸ੍ਰੀ ਰਾਮ ਸਿੰਘ, ਸ਼ੋ੍ਰਮਣੀ ਅਕਾਲੀ ਦਲ ਤੋਂ ਚੇਅਰਮੈਨ ਸ: ਤਜਿੰਦਰ ਸਿੰਘ ਮਿੱਡੂਖੇੜਾ, ਭਾਰਤੀ ਜਨਤਾ ਪਾਰਟੀ ਤੋਂ ਸ੍ਰੀ ਰਵਿੰਦਰ ਕਟਾਰੀਆਂ, ਕਾਂਗਰਸ ਤੋਂ ਜ਼ਿਲਾ ਪ੍ਰਧਾਨ ਸ: ਗੁਰਮੀਤ ਸਿੰਘ ਖੁੱਡੀਆਂ, ਪੀ.ਪੀ.ਪੀ. ਤੋਂ ਸ: ਮਨਜੀਤ ਸਿੰਘ, ਬਸਪਾ ਤੋਂ ਸ੍ਰੀ ਮੰਦਰ ਸਿੰਘ, ਐਸ.ਜੀ.ਪੀ.ਸੀ. ਮੈਂਬਰ ਸ੍ਰੀ ਬਿੱਕਰ ਸਿੰਘ, ਨਗਰ ਕੌਂਸ਼ਲ ਪ੍ਰਧਾਨ ਸ: ਹਰਪਾਲ ਸਿੰਘ ਬੇਦੀ, ਸ੍ਰੀ ਬਿੰਦਰ ਗੋਣਆਣਾ, ਸ: ਦਲੀਪ ਸਿੰਘ, ਸਮਾਜ ਸੇਵੀ ਸੰਸਥਾਵਾਂ ਦੇ ਚੇਅਰਮੈਨ ਡਾ: ਨਰੇਸ਼ ਪਰੂਥੀ, ਸ੍ਰੀ ਵਰਿੰਦਰ ਢੋਸੀਵਾਲ, ਸਵਾਮੀ ਅਵਿਨਾਸ, ਸਵਾਮੀ ਸੁਖਦੇਵਾ ਨੰਦ, ਬਲਾਕ ਭੰਗੀਦਾਸ ਸ੍ਰੀ ਕੇਵਲ ਕੁਮਾਰ, ਸ੍ਰੀ ਮੰਗਤ ਕੁਮਾਰ, ਨਿਰੰਕਾਰੀ ਮਿਸ਼ਨ ਤੋਂ ਸ੍ਰੀ ਪੂਰਨ ਚੰਦ, ਦੁਸ਼ਹਿਰਾ ਕਮੇਟੀ ਤੋਂ ਰਿਖੀ ਰਾਮ, ਰਾਧਾ ਸਵਾਮੀ ਡੇਰੇ ਤੋਂ ਸ੍ਰੀ ਸਾਗਰ ਛਾਬੜਾ ਸਮੇਤ ਵੱਖ ਵੱਖ ਸਮਾਜਿਕ ਧਾਰਮਿਕ ਅਤੇ ਸਿਆਸੀ ਜੱਥੇਬੰਦੀਆਂ ਦੇ ਪਤਵੰਤੇ ਹਾਜਰ ਸਨ।